੨੩ ਚੇਤ ੨੦੧੬ ਬਿਕ੍ਰਮੀ ਪਿੰਡ ਨਾਰਲਾ
ਹਰਿਜਨ ਨਾਮ ਪਿਆਸ, ਏਕਾ ਏਕ ਰਖਾਈਆ। ਗੁਰ ਗੁਰ ਪੂਰੀ ਕਰੇ ਆਸ, ਹਰਿ ਗੋਬਿੰਦ ਵਡ ਵਡਿਆਈਆ। ਮਾਨਸ ਜਨਮ ਕਰੇ ਰਾਸ, ਨਾਮ ਅਮੋਲਕ ਝੋਲੀ ਪਾਈਆ। ਰਸਨਾ ਜੇਹਵਾ ਸਵਾਸ ਸਵਾਸ, ਦਿਵਸ ਰੈਣ ਜਣਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼, ਹਰਿਜਨ ਕਾਇਆ ਮੰਦਰ ਆਪ ਸੁਹਾਈਆ। ਸਾਚੇ ਮੰਡਲ ਪਾਵੇ ਰਾਸ, ਦਿਵਸ ਰੈਣ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰਿਖਾ ਤ੍ਰਿਸਨਾ ਆਪ ਬੁਝਾਈਆ। ਹਰਿਜਨ ਨਾਮ ਅਧਾਰ, ਗੁਰ ਸਤਿਗੁਰ ਆਪ ਕਰਾਇੰਦਾ। ਚਰਨ ਪ੍ਰੀਤੀ ਬਖ਼ਸ਼ ਪਿਆਰ, ਏਕਾ ਮਾਰਗ ਲਾਇੰਦਾ। ਏਕਾ ਸ਼ਬਦ ਇਕ ਧੁਨਕਾਰ, ਏਕਾ ਅਨਹਦ ਤਾਲ ਵਜਾਇੰਦਾ। ਏਕਾ ਅੰਮ੍ਰਿਤ ਆਤਮ ਠੰਡੀ ਠਾਰ, ਭਰ ਪਿਆਲਾ ਆਪ ਪਿਆਇੰਦਾ। ਦੀਨ ਦਿਆਲਾ ਨਰ ਨਿਰੰਕਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸ਼ਬਦ ਵਿਚੋਲਾ ਵਿਚ ਸੰਸਾਰ, ਆਪ ਆਪਣੀ ਬਣਤ ਬਣਾਇੰਦਾ। ਜੁਗ ਜੁਗ ਲੈ ਮਾਤ ਅਵਤਾਰ, ਹਰਿਜਨ ਸਾਚੇ ਆਪ ਤਰਾਇੰਦਾ। ਕਲਜੁਗ ਅੰਤਮ ਪਾਵੇ ਸਾਰ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਵੇਖ ਵਖਾਇੰਦਾ। ਹਰਿ ਸੱਜਣ ਸ਼ਾਹੋ ਭੂਪ, ਸਤਿ ਪੁਰਖ ਅਖਵਾਈਆ। ਗੁਰਮੁਖ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਏਕਾ ਦੇਵੇ ਨਾਮ ਅਨੂਠ, ਰਸ ਮਿਠਾ ਇਕ ਵਖਾਈਆ। ਲਹਿਣਾ ਦੇਣ ਚੁਕਾਏ ਜੂਠ ਝੂਠ, ਪੰਜ ਤੱਤ ਨਾ ਕੋਇ ਹਲਕਾਈਆ। ਪੰਜ ਵਿਕਾਰਾ ਕੱਢੇ ਕੁੱਟ, ਨਾਮ ਖੰਡਾ ਹੱਥ ਉਠਾਈਆ। ਜਿਸ ਜਨ ਦੇਵੇ ਅੰਮ੍ਰਿਤ ਆਤਮ ਸਾਚਾ ਘੁੱਟ, ਆਸਾ ਤ੍ਰਿਸਨਾ ਪੂਰ ਕਰਾਈਆ। ਨਾਮ ਭੰਡਾਰਾ ਸਦਾ ਅਖੁੱਟ, ਸਤਿਗੁਰ ਪੂਰਾ ਆਪ ਵਰਤਾਈਆ। ਤਨ ਨਗਾਰੇ ਲਾਏ ਚੋਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਂਆ। ਥਾਨ ਸੁਹੰਜਣਾ ਪੁਰਖ ਅਥਾਹ, ਆਪੇ ਵੇਖ ਵਖਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਹਰਿਜਨ ਸਾਚੇ ਆਪ ਤਰਾਇੰਦਾ। ਆਪ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਕਾਇਆ ਨਗਰ ਖੇੜਾ ਵੇਖੇ ਸਚ ਗਰਾਂ, ਘਰ ਘਰ ਵਿਚ ਆਪ ਸੁਹਾਇੰਦਾ। ਨਿਰਗੁਣ ਬਾਤੀ ਦੀਪਕ ਇਕ ਟਿਕਾ, ਜੋਤੀ ਜੋਤ ਡਗਮਗਾਇੰਦਾ। ਦਿਵਸ ਰੈਣ ਕਰੇ ਰੁਸ਼ਨਾ, ਅੰਧ ਅੰਧੇਰ ਗਵਾਇੰਦਾ। ਆਪ ਆਪਣੀ ਬੂਝ ਬੁਝਾ, ਸਵੱਛ ਸਰੂਪੀ ਦਰਸ ਦਿਖਾਇੰਦਾ। ਏਕਾ ਦੂਜਾ ਭਓ ਚੁਕਾ, ਤੀਜਾ ਲੋਚਣ ਆਪ ਖੁਲ੍ਹਾਇੰਦਾ। ਚੌਥੇ ਘਰ ਲਏ ਮਿਲਾ, ਚੌਥਾ ਪਦ ਆਪ ਸੁਹਾਇੰਦਾ। ਪੰਚਮ ਮੀਤਾ ਆਪ ਅਖਵਾ, ਪੰਚਮ ਮੋਹ ਚੁਕਾਇੰਦਾ। ਹਰਿਜਨ ਸਾਚੇ ਲਏ ਤਰਾ, ਤਾਰਨਹਾਰ ਭੇਵ ਨਾ ਆਇੰਦਾ। ਕਲਜੁਗ ਅੰਤਮ ਵੇਸ ਵਟਾ, ਲੋਕਮਾਤ ਫੇਰਾ ਪਾਇੰਦਾ। ਸ਼ਬਦ ਅਗੰਮੀ ਡੰਕ ਵਜਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਲੱਖ ਚੁਰਾਸੀ ਰਿਹਾ ਉਠਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਰਾਜ ਰਜਾਨਾਂ ਸ਼ਾਹ ਸੁਲਤਾਨਾਂ ਦਏ ਹਲਾ, ਕਲਜੁਗ ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਵੇਖ ਵਖਾਇੰਦਾ। ਗੁਰਮੁਖ ਸਾਜਣ ਮੀਤੜਾ, ਹਰਿ ਹਰਿ ਨਾਮ ਰੰਗਾਇਆ। ਰੰਗਣਹਾਰਾ ਕਾਇਆ ਚੀਥੜਾ, ਲੋਕਮਾਤ ਵੇਖ ਵਖਾਇਆ। ਸਦ ਵਸੇ ਧਾਮ ਅਨਡੀਠੜਾ, ਅਲੱਖ ਅਗੰਮ ਨਾਉਂ ਧਰਾਇਆ। ਆਦਿ ਜੁਗਾਦੀ ਸਾਚਾ ਮੀਤੜਾ, ਪੁਰਖ ਅਬਿਨਾਸ਼ੀ ਆਪ ਅਖਵਾਇਆ। ਜੁਗਾ ਜੁਗੰਤਰ ਆਪ ਸੁਣਾਏ ਆਪਣਾ ਗੀਤੜਾ, ਅੱਖਰ ਵੱਖਰ ਨਾਮ ਦ੍ਰਿੜਾਇਆ। ਸਾਚਾ ਦੇਹੁਰਾ ਗੁਰੂਦਵਾਰ ਮੰਦਰ ਮਸੀਤੜਾ, ਗੁਰਸਿਖ ਤੇਰੀ ਕਾਇਆ ਹੱਟ ਵਖਾਇਆ। ਨਿਰਗੁਣ ਬੈਠਾ ਇਕ ਅਤੀਤੜਾ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਮੇਲ ਮਿਲਾਇਆ ਸ਼ਾਹ ਸ਼ਾਬਾਸ਼, ਆਪਣੀ ਦਇਆ ਕਮਾਈਆ। ਜਨ ਭਗਤਾਂ ਪੂਰੀ ਕਰੇ ਆਸ, ਪੂਰਨ ਬ੍ਰਹਮ ਜਣਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਰਭਾਸ, ਜਲ ਥਲ ਮਹੀਅਲ ਵੇਖ ਵਖਾਈਆ। ਲੇਖੇ ਲਾਏ ਰਸਨ ਸਵਾਸ, ਜੋ ਜਨ ਰਹੇ ਗਾਈਆ। ਆਦਿ ਅੰਤ ਨਾ ਹੋਏ ਵਿਨਾਸ, ਸਮਰਥ ਪੁਰਖ ਹੱਥ ਵਡਿਆਈਆ। ਜਨ ਭਗਤਾਂ ਹੋਏ ਦਾਸੀ ਦਾਸ, ਜੁਗ ਜੁਗ ਆਪਣੀ ਸੇਵ ਕਮਾਈਆ। ਲੱਖ ਚੁਰਾਸੀ ਕਰੇ ਬੰਦ ਖਲਾਸ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਥਿਰ ਘਰ ਸਾਚਾ ਕੋਇ ਨਾ ਜਾਏ ਨਿਰਾਸ, ਪੁਰਖ ਅਕਾਲ ਜਿਸ ਜਨ ਓਟ ਤਕਾਈਆ। ਨਿਜ ਘਰ ਆਤਮ ਰੱਖੇ ਵਾਸ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਡਿਆਈਆ। ਨਾਮ ਵਡਿਆਈ ਸ਼ਬਦ ਭੰਡਾਰ, ਗੁਰ ਸਤਿਗੁਰ ਆਪ ਵਰਤਾਇੰਦਾ। ਆਦਿ ਜੁਗਾਦੀ ਲੈ ਅਵਤਾਰ, ਗੁਰ ਗੁਰ ਨਾਉਂ ਰਖਾਇੰਦਾ। ਸਾਧਾਂ ਸੰਤਾਂ ਕਰ ਪਿਆਰ, ਆਪ ਆਪਣਾ ਰੂਪ ਦਰਸਾਇੰਦਾ। ਭਗਤ ਭਗਤੀ ਇਕ ਅਧਾਰ, ਏਕਾ ਮਾਰਗ ਲਾਇੰਦਾ। ਜੋਗ ਜੁਗਤ ਹੱਥ ਕਰਤਾਰ, ਜਿਉਂ ਭਾਵੇ ਤਿਉਂ ਰਾਹ ਚਲਾਇੰਦਾ। ਲੱਖ ਚੁਰਾਸੀ ਪਸਰ ਪਸਾਰ, ਘਟ ਘਟ ਵੇਖ ਵਖਾਇੰਦਾ। ਇਕ ਅਕੱਲਾ ਏਕਉਂਕਾਰ, ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਸ਼ਬਦ ਸਰੂਪੀ ਸਤਿ ਜੈਕਾਰ, ਸਤਿ ਸਤਿਵਾਦੀ ਆਪੇ ਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਅਧਾਰ, ਆਪ ਆਪਣੀ ਕਲ ਵਰਤਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਭੇਵ ਕੋਇ ਨਾ ਪਾਇੰਦਾ। ਭਗਤਨ ਮੀਤਾ ਹਰਿ ਗਿਰਧਾਰ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਲੇਖਾ ਲੇਖ ਨਾ ਕੋਇ ਜਣਾਇੰਦਾ। ਰਵ ਸਸ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਧਰਤ ਧਵਲ ਹਰਿ ਹੋ ਉਜਿਆਰ, ਜੋਤੀ ਜਾਮਾ ਭੇਖ ਵਟਾਇੰਦਾ। ਨਾਮ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਉਠਾਇੰਦਾ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਫੋਲ ਫੋਲਾਇੰਦਾ। ਗੁਰਮੁਖ ਵਿਰਲੇ ਲੱਖ ਚੁਰਾਸੀ ਵਿਚੋਂ ਲਏ ਉਭਾਰ, ਜਿਸ ਜਨ ਆਪਣਾ ਰੂਪ ਦਰਸਾਇੰਦਾ। ਕੰਤ ਕੰਤੂਹਲਾ ਕਰ ਪਿਆਰ, ਆਤਮ ਸੇਜਾ ਵੇਖ ਵਖਾਇੰਦਾ । ਸ਼ਬਦ ਝੂਲਾ ਅਪਰ ਅਪਾਰ, ਦੋ ਜਹਾਨਾਂ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪੂਰੀ ਆਸਾ ਆਪ ਕਰਾਇੰਦਾ। ਆਸਾ ਮਨਸਾ ਹਰਿ ਹਰਿ ਪੂਰ, ਹਰਿਜਨ ਲੇਖ ਚੁਕਾਇੰਦਾ। ਦਿਵਸ ਰੈਣ ਹਾਜ਼ਰ ਹਜ਼ੂਰ, ਦੂਰ ਨੇੜ ਨਾ ਕੋਇ ਰਖਾਇੰਦਾ। ਸ਼ਬਦ ਅਗੰਮੀ ਨਾਦੀ ਤੂਰ, ਧੁਨ ਆਤਮਕ ਆਪ ਵਜਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਸਮਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ, ਦੁਰਮਤ ਮੈਲ ਗਵਾਇੰਦਾ। ਕਾਇਆ ਚੋਲੀ ਰੰਗਣ ਚਾੜ੍ਹੇ ਗੂੜ, ਜਗਤ ਲਲਾਰੀ ਨਾ ਕੋਇ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਇੰਦਾ। ਸੱਜਣ ਮੀਤਾ ਹਰਿ ਨਿਰੰਕਾਰ, ਆਦਿ ਜੁਗਾਦਿ ਅਖਵਾਇਆ। ਭਗਤ ਸੁਹੇਲੇ ਲਾਏ ਪਾਰ, ਭਵ ਸਾਗਰ ਪਾਰ ਕਰਾਇਆ। ਭਰਮੇ ਭੁੱਲਾ ਭਰਮ ਸੰਸਾਰ, ਭਾਂਡਾ ਭਰਮ ਨਾ ਕੋਇ ਭੰਨਾਇਆ। ਵਰਨ ਬਰਨ ਰਹੇ ਹਾਰ, ਹਰਿ ਕਾ ਰੂਪ ਦਿਸ ਨਾ ਆਇਆ। ਨਰ ਨਾਰੀ ਰੋਵੇ ਜ਼ਾਰੋ ਜ਼ਾਰ, ਨਰ ਨਰਾਇਣ ਮੁਖ ਛੁਪਾਇਆ। ਨੌ ਖੰਡ ਪ੍ਰਿਥਮੀ ਧੂੰਆਂਧਾਰ, ਸਾਚਾ ਚੰਦ ਨਾ ਕੋਇ ਵਖਾਇਆ। ਸ਼ਾਹ ਸੁਲਤਾਨਾ ਇਕ ਹੰਕਾਰ, ਗ਼ਰੀਬ ਨਿਮਾਣਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰ ਪੁਰਖ ਸਮਰਥ, ਨਾਥ ਅਨਾਥਾਂ ਆਪ ਤਰਾਈਆ। ਸ਼ਬਦ ਜਣਾਈ ਏਕਾ ਅਕੱਥ, ਮਹਿਮਾ ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਤੇਰਾ ਵੇਖੇ ਕੂੜ ਕੁੜਿਆਰਾ ਰਥ, ਚਾਰੋਂ ਕੁੰਟ ਅਗਨੀ ਲਾਈਆ। ਲੱਖ ਚੁਰਾਸੀ ਪਾਈ ਨੱਥ, ਦਹਿ ਦਿਸ਼ਾ ਰਿਹਾ ਫਿਰਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਆਤਮ ਅੰਤਰ ਲਿਵ ਨਾ ਕੋਇ ਲਾਈਆ। ਨਹਾ ਨਹਾ ਥੱਕੇ ਅਠਸਠ, ਹਉਮੇ ਰੋਗ ਨਾ ਕੋਇ ਗਵਾਈਆ। ਸੂਰਜ ਦੇਵਤਾ ਪਾਣੀ ਰਹੇ ਝੱਟ, ਆਤਮ ਤ੍ਰਿਸਨ ਨਾ ਕੋਇ ਬੁਝਾਈਆ। ਹਰਿ ਕਾ ਨਾਮ ਵਿਕਾਇਆ ਹੱਟੋ ਹੱਟ, ਕਰਤਾ ਕੀਮਤ ਨਾ ਕੋਇ ਰਖਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਨੂਰ ਉਜਿਆਰ, ਹਰਿ ਸਾਚਾ ਸਚ ਕਰਾਇੰਦਾ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਆਪ ਆਪਣਾ ਰੂਪ ਵਟਾਇੰਦਾ। ਅਬਿਨਾਸ਼ੀ ਕਰਤਾ ਖੇਲ ਨਿਆਰ, ਭੇਵ ਕੋਇ ਨਾ ਪਾਇੰਦਾ। ਆਦਿ ਨਿਰੰਜਣ ਹੋ ਤਿਆਰ, ਜੋਤ ਨਿਰੰਜਣ ਵੇਖ ਵਖਾਇੰਦਾ। ਬ੍ਰਹਮ ਬ੍ਰਹਮ ਪ੍ਰਭ ਪਾਏ ਸਾਰ, ਆਪ ਆਪਣਾ ਰੰਗ ਰੰਗਾਇੰਦਾ। ਮਨ ਮਤ ਬੁਧ ਦਏ ਅਧਾਰ, ਏਕਾ ਰੂਪ ਦ੍ਰਿੜਾਇੰਦਾ। ਚੌਦਾਂ ਹੱਟਾਂ ਵੇਖ ਕਿਵਾੜ, ਚੌਦਾਂ ਤਬਕ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਦਰ ਸੁਹਾਇੰਦਾ। ਦਰ ਦਵਾਰਾ ਆਪ ਸੁਹਾ, ਹਰਿ ਸੱਜਣ ਆਪ ਤਰਾਈਆ। ਨਾਮ ਨਿਧਾਨਾ ਝੋਲੀ ਪਾ, ਤ੍ਰਿਸਨਾ ਭੁੱਖ ਗਵਾਈਆ। ਸ਼ਬਦ ਨਿਸ਼ਾਨਾ ਇਕ ਵਖਾ, ਸਾਚਾ ਧਾਮ ਸੁਹਾਈਆ। ਦਾਤਾ ਦਾਨੀ ਦਾਨ ਝੋਲੀ ਪਾ, ਸਤਿ ਭੰਡਾਰਾ ਰਿਹਾ ਭਰਾਈਆ। ਗੋਪੀ ਕਾਹਨਾ ਵੇਸ ਵਟਾ, ਰਾਮ ਰਾਮਾ ਰੂਪ ਸਮਾਈਆ। ਨਾਮ ਸਤਿ ਇਕ ਦ੍ਰਿੜਾ, ਨਿਰਗੁਣ ਜੋਤ ਰੁਸ਼ਨਾਈਆ। ਨਾਨਕ ਗੋਬਿੰਦ ਮੇਲਾ ਸਹਿਜ ਸਭਾ, ਗੁਰਮੁਖਾਂ ਰਿਹਾ ਕਰਾਈਆ। ਕਲਜੁਗ ਮਾਇਆ ਪੜਦਾ ਆਪੇ ਪਾ, ਆਪੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਉਠਾਈਆ। ਗੁਰਸਿਖ ਉਠਾਇਆ ਬਾਲ ਨਿਧਾਨ, ਗੁਰ ਪੂਰਾ ਵੇਖ ਵਖਾਇੰਦਾ। ਏਕਾ ਰਾਗ ਸੁਣਾਏ ਕਾਨ, ਏਕਾ ਅੱਖਰ ਆਪ ਅਲਾਇੰਦਾ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਹੰ ਬ੍ਰਹਮ ਆਪ ਜਣਾਇੰਦਾ। ਦੋਹਾਂ ਵਿਚੋਲਾ ਸ੍ਰੀ ਭਗਵਾਨ, ਦੂਸਰ ਕੋਇ ਨਾ ਸੰਗ ਰਖਾਇੰਦਾ। ਚਾਰ ਵਰਨਾਂ ਇਕ ਗਿਆਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੇਟ ਮਿਟਾਇੰਦਾ। ਏਕਾ ਪੁਰਖ ਇਕ ਸੁਲਤਾਨ, ਸ਼ਾਹੋ ਭੂਪ ਇਕ ਅਖਵਾਇੰਦਾ। ਏਕਾ ਰੂਪ ਸ੍ਰੀ ਭਗਵਾਨ, ਘਟ ਘਟ ਏਕਾ ਆਸਣ ਲਾਇੰਦਾ। ਸਤਿਗੁਰ ਦਾਤਾ ਸਦ ਮਿਹਰਵਾਨ, ਆਪ ਆਪਣੀ ਦਇਆ ਕਮਾਇੰਦਾ। ਭਗਤ ਭਗਵੰਤ ਭਗਤੀ ਲਏ ਪਛਾਣ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ।
