੨੨ ਚੇਤ ੨੦੧੬ ਬਿਕ੍ਰਮੀ ਮਨੀ ਸਿੰਘ ਦੇ ਘਰ ਪਿੰਡ ਸਿਧਵਾ ਜ਼ਿਲਾ ਅੰਮ੍ਰਿਤਸਰ
ਠਾਕਰ ਅਬਿਨਾਸ਼ੀ ਹਰਿ ਹਰਿ ਕਾਹਨ, ਮੋਹਨ ਮਾਧਵ ਅਖਵਾਇੰਦਾ। ਨਿਰਗੁਣ ਰੂਪ ਸ੍ਰੀ ਭਗਵਾਨ, ਨਿਰਗੁਣ ਦੀਪਕ ਜੋਤ ਜਗਾਇੰਦਾ। ਨਿਰਗੁਣ ਸ਼ਬਦ ਸ਼ਬਦ ਨਿਸ਼ਾਨ, ਨਿਰਗੁਣ ਦਾਤਾ ਆਪ ਝੁਲਾਇੰਦਾ। ਨਿਰਗੁਣ ਖੇਲੇ ਖੇਲ ਮਹਾਨ, ਸਤਿ ਪੁਰਖ ਵੇਸ ਵਟਾਇੰਦਾ। ਨਿਰਗੁਣ ਵਸਿਆ ਸਚ ਮਕਾਨ, ਦਰ ਘਰ ਸਾਚਾ ਇਕ ਸੁਹਾਇੰਦਾ। ਪਾਰਬ੍ਰਹਮ ਪ੍ਰਭ ਸਚ ਸੁਲਤਾਨ, ਸ਼ਾਹ ਸੁਲਤਾਨਾ ਨਾਉਂ ਧਰਾਇੰਦਾ। ਲੋਕਮਾਤ ਵੇਖੇ ਮਾਰ ਧਿਆਨ, ਹਰਿਜਨ ਸਾਚੇ ਵੇਖ ਵਖਾਇੰਦਾ। ਜੁਗਾ ਜੁਗੰਤਰ ਦੇਵੇ ਦਾਨ, ਨਾਮ ਭਿਛਿਆ ਝੋਲੀ ਪਾਇੰਦਾ। ਆਤਮ ਅੰਤਰ ਇਕ ਗਿਆਨ, ਏਕਾ ਬ੍ਰਹਮ ਵਖਾਇੰਦਾ। ਸਤਿ ਸਰੂਪ ਗੁਣ ਨਿਧਾਨ, ਸਤਿ ਸਤਿਵਾਦੀ ਮੇਲ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਵੇਖ ਵਖਾਇੰਦਾ। ਭਗਤਨ ਹਰਿ ਹਰਿ ਰੱਤਿਆ, ਰੂਪ ਰੰਗ ਅਪਾਰ। ਏਕਾ ਦੇਵੇ ਸਾਚੀ ਸਤਿਆ, ਸਤਿ ਸੰਤੋਖੀ ਧਾਰ ਚਰਨ ਕਵਲ ਬੰਧਾਏ ਨਤਿਆ, ਨਾਤਾ ਜੋੜ ਵਿਚ ਸੰਸਾਰ। ਸ਼ਬਦ ਜਣਾਏ ਸਾਚੀ ਕਥਿਆ, ਕਥਨੀ ਕਥਾ ਨਾ ਪਾਏ ਸਾਰ। ਸਤਿਗੁਰ ਚੜ੍ਹਾਏ ਸਾਚੇ ਰਥਿਆ, ਰਥ ਰਥਵਾਹੀ ਆਪ ਨਿਰੰਕਾਰ। ਪਾਰ ਕਿਨਾਰਾ ਏਕਾ ਰੱਖਿਆ, ਨਾ ਡੋਬੇ ਵਿਚ ਮੰਝਧਾਰ। ਰਾਹ ਸਾਚਾ ਏਕਾ ਦੱਸਿਆ, ਭਵਜਲ ਉਤਰੇ ਪਾਰ। ਪੁਰਖ ਅਕਾਲਾ ਦੀਨ ਦਿਆਲਾ, ਆਦਿ ਨਿਰੰਜਣ ਗੁਰ ਗੋਪਾਲਾ ਜਨ ਭਗਤ ਦਵਾਰੇ ਫਿਰੇ ਨੱਸਿਆ, ਲੋਕਮਾਤ ਲੈ ਅਵਤਾਰ। ਜੋਤ ਸਰੂਪੀ ਸ਼ਾਹੋ ਭੂਪੀ ਬਿਨ ਰੰਗ ਰੂਪੀ ਹਰਿਜਨ ਮੰਦਰ ਅੰਦਰ ਆਪੇ ਵਸਿਆ, ਨਿਰਗੁਣ ਜੋਤ ਕਰ ਉਜਿਆਰ। ਕੋਟਨ ਕੋਟ ਕਰੇ ਕਰਾਏ ਪਰਕਾਸ਼ ਰਵ ਸੱਸਿਆ, ਮੇਟ ਮਿਟਾਏ ਅੰਧ ਅੰਧਿਆਰ। ਆਤਮ ਸੇਜਾ ਬਹਿ ਬਹਿ ਹੱਸਿਆ, ਕਰੇ ਕਰਾਏ ਸਚ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਉਭਾਰ। ਹਰਿ ਸੱਜਣ ਹਰਿ ਏਕ ਹੈ, ਏਕਾ ਰੰਗ ਸਮਾਏ। ਗੁਰ ਸਤਿਗੁਰ ਸਾਚੀ ਟੇਕ ਹੈ, ਬੁਧ ਬਿਬੇਕ ਜਣਾਏ। ਆਪਣੇ ਨੇਤਰ ਆਪੇ ਪੇਖ ਹੈ, ਗੁਰਮੁਖ ਸਾਚੇ ਲਏ ਉਠਾਏ। ਆਦਿ ਜੁਗਾਦਿ ਸ਼ਬਦ ਬ੍ਰਹਿਮਾਦ ਏਕਉਂਕਾਰਾ ਲਿਖਣਹਾਰਾ ਲੇਖ ਹੈ, ਬ੍ਰਹਮਾ ਵਿਸ਼ਨ ਸ਼ਿਵ ਰਹੇ ਸੇਵ ਕਮਾਏ। ਪੁਰਖ ਅਗੰਮਾ ਨਾ ਮਰੇ ਨਾ ਕਦੇ ਜੰਮਾ ਅਬਿਨਾਸ਼ੀ ਕਰਤਾ ਦਰ ਦਰਵੇਸ ਹੈ, ਜੁਗਾ ਜੁਗੰਤਰ ਫੇਰਾ ਪਾਏ। ਸਚ ਸੁਲਤਾਨਾ ਹਰਿ ਮਿਹਰਵਾਨਾ ਦੋ ਜਹਾਨਾਂ ਨਰ ਨਰੇਸ਼ ਹੈ, ਨਰ ਨਰਾਇਣ ਨਾਉਂ ਰਖਾਏ। ਲੇਖਾ ਜਾਣੇ ਧਾਰੀ ਕੇਸ ਹੈ, ਮੂੰਡ ਮੁੰਡਾਏ ਲਏ ਤਰਾਏ। ਆਪਣੀ ਕਰਨੀ ਕਰਤਾ ਆਪੇ ਰਿਹਾ ਵੇਖ ਹੈ, ਆਪ ਆਪਣੀ ਖੇਲ ਖਿਲਾਏ। ਆਪੇ ਜਾਣੇ ਆਪਣਾ ਭੇਖ ਹੈ, ਵੇਦ ਕਤੇਬ ਭੇਵ ਨਾ ਰਾਏ। ਆਪੇ ਵਸਿਆ ਸਚ ਮਹੱਲ ਉਚ ਅਟੱਲ ਸਾਚੇ ਦੇਸ ਹੈ, ਸਚਖੰਡ ਦਵਾਰਾ ਇਕ ਸੁਹਾਏ। ਖੇਲੇ ਖੇਲ ਗਵਰਧਨ ਧਾਰੀ ਰਿਖੀ ਕੇਸ ਹੈ, ਭੇਵ ਅਭੇਦਾ ਭੇਵ ਛੁਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਭਗਤੀ ਮੇਲ ਮਿਲਾਏ। ਭਗਤਨ ਭਗਤੀ ਮੇਲਿਆ, ਕਰ ਕਿਰਪਾ ਅਪਾਰ। ਜਗਤ ਵਿਚੋਲਾ ਸੱਜਣ ਸੁਹੇਲਿਆ, ਦੇਵੇ ਨਾਮ ਅਧਾਰ। ਆਪਣਾ ਨਾਮ ਹਰੀ ਹਰਿ ਖੇਲਿਆ, ਨਿਰਗੁਣ ਜੋਤੀ ਨੂਰ ਉਜਿਆਰ। ਘਰ ਬਣੇ ਸੱਜਣ ਸੁਹੇਲਿਆ, ਦਿਵਸ ਰੈਣ ਕਰੇ ਪਿਆਰ। ਰੰਗੇ ਰੰਗ ਗੁਰੂ ਗੁਰ ਚੇਲਿਆ, ਰੰਗਣਹਾਰ ਆਪ ਕਰਤਾਰ। ਆਪੇ ਵਸੇ ਰੰਗ ਨਵੇਲਿਆ, ਘਟ ਘਟ ਬੈਠਾ ਕਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਭਗਤੀ ਭਰੇ ਭੰਡਾਰ। ਭਗਤ ਭੰਡਾਰਾ ਆਪੇ ਭਰ, ਆਪੇ ਵਸਤ ਟਿਕਾਈਆ। ਨਾਮ ਨਿਧਾਨਾ ਅੱਗੇ ਧਰ, ਆਪਣੀ ਬੂਝ ਬੁਝਾਈਆ। ਸ਼ਬਦ ਫੜਾਏ ਸਾਚਾ ਲੜ, ਨਾ ਮਰੇ ਨਾ ਜਾਈਆ। ਕਾਇਆ ਮੰਦਰ ਆਪੇ ਵੜ, ਹਰਿਜਨ ਲਏ ਜਗਾਈਆ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਨਾ ਕੋਇ ਰਖਾਈਆ। ਦਰਸ ਦਿਖਾਏ ਅੱਗੇ ਖੜ, ਨੂਰੋ ਨੂਰ ਨੂਰ ਰੁਸ਼ਨਾਈਆ। ਸ਼ਬਦ ਅਗੰਮੀ ਆਪੇ ਪੜ੍ਹ, ਆਪਣਾ ਢੋਲਾ ਨਾਮ ਸੁਣਾਈਆ। ਜਨ ਭਗਤ ਲਗਾਏ ਸਾਚੀ ਜੜ੍ਹ, ਅੰਮ੍ਰਿਤ ਨੀਰ ਆਪ ਚਵਾਈਆ। ਜਗਤ ਵਿਕਾਰਾ ਜਾਏ ਸੜ, ਜਿਸ ਜਨ ਇਛਿਆ ਪੂਰ ਕਰਾਈਆ। ਕਰੇ ਪਰਕਾਸ਼ ਬਹੱਤਰ ਨੜ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸਭਾਈਆ। ਹਰਿਜਨ ਹਰਿ ਹਰਿ ਪਾਇਆ, ਆਦਿ ਜੁਗਾਦਿ ਸਮਾਏ। ਜੁਗ ਜੁਗ ਵਿਛੜੇ ਮੇਲ ਮਿਲਾਇਆ, ਭਾਂਡਾ ਭਰਮ ਭੰਨਾਏ। ਸਚ ਨਿਸ਼ਾਨਾ ਇਕ ਰਖਾਇਆ, ਏਕਾ ਰਿਹਾ ਝੁਲਾਏ। ਵਰਨ ਗੋਤ ਨਾ ਕੋਈ ਜਣਾਇਆ, ਊਚ ਨੀਚ ਨਾ ਕੋਈ ਵਖਾਏ। ਪਾਰਬ੍ਰਹਮ ਬ੍ਰਹਮ ਨਜ਼ਰੀ ਆਇਆ, ਸ੍ਵਯੰ ਰੂਪ ਅਖਵਾਏ। ਦੋਏ ਦੋਏ ਜਹਾਨਾਂ ਵੇਖ ਵਖਾਇਆ, ਦੋ ਦੋ ਧਾਰ ਵਖਾਏ। ਤੀਜੇ ਲੋਇਣ ਇਕ ਖੁਲ੍ਹਾਇਆ, ਗਿਆਨ ਨੇਤਰ ਇਕ ਵਖਾਏ। ਚੌਥੇ ਪਦ ਡੇਰਾ ਲਾਇਆ, ਹਰਿਜਨ ਸਾਚੇ ਲਏ ਮਿਲਾਏ। ਪੰਚਮ ਧੁਨ ਸ਼ਬਦ ਅਨਾਦੀ ਗਾਇਆ, ਆਪ ਆਪਣਾ ਰਾਗ ਅਲਾਏ। ਸਾਚੇ ਮੰਦਰ ਇਕ ਸੁਹਾਇਆ, ਹਰਿਜਨ ਵੱਜੀ ਸਚ ਵਧਾਏ। ਪੀਆ ਪ੍ਰੀਤਮ ਸਾਚਾ ਪਾਇਆ, ਪਰਮ ਪੁਰਖ ਸਰਨਾਏ। ਕੂੜਾ ਨਾਤਾ ਤੋੜ ਤੁੜਾਇਆ, ਭੁਲੀ ਸਰਬ ਲੁਕਾਏ। ਕਾਇਆ ਚੋਲੀ ਰੰਗਣ ਨਾਮ ਚੜ੍ਹਾਇਆ, ਉਤਰ ਕਦੇ ਨਾ ਜਾਏ। ਕੰਚਨ ਗੜ੍ਹ ਸੁਹਾਇਆ, ਮਹੱਲ ਅਟੱਲ ਵੇਖ ਵਖਾਏ। ਹਰਿਜਨ ਵਿਰਲੇ ਉਪਰ ਚੜ੍ਹ ਦਰਸ਼ਨ ਪਾਇਆ, ਆਪਣਾ ਕੁੰਡਾ ਆਪ ਖੁਲ੍ਹਾਏ। ਬੰਕ ਦਵਾਰੀ ਬੈਠਾ ਆਸਣ ਲਾਇਆ, ਘਰ ਘਰ ਵਿਚ ਕਰੇ ਰੁਸ਼ਨਾਏ। ਸਤਿ ਸਰੂਪ ਆਪ ਸਮਾਇਆ, ਸਤਿ ਸਤਿਵਾਦੀ ਆਪ ਅਖਵਾਏ। ਆਦਿ ਜੁਗਾਦੀ ਜਨ ਭਗਤਾਂ ਲਏ ਤਰਾਇਆ, ਧੁਰ ਦੀ ਬਾਣ ਹਰਿ ਰਘੁਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਆਪ ਕਰਾਏ। ਭਗਤੀ ਹਰਿਜਨ ਜਾਣਿਆ, ਭਗਵਨ ਰੂਪ ਕਰਤਾਰ। ਨਿਰਗੁਣ ਸਰਗੁਣ ਆਪ ਪਛਾਨਿਆ, ਕਰ ਕਿਰਪਾ ਵਿਚ ਸੰਸਾਰ। ਖੇਲੇ ਖੇਲ ਸ੍ਰੀ ਭਗਵਾਨਿਆ, ਜੁਗਾਂ ਜੁਗੰਤਰ ਸਾਚੀ ਕਾਰ। ਆਪੇ ਜਾਣੇ ਆਪਣੀ ਅਕੱਥ ਕਹਾਣੀਆ, ਨਾ ਕੋਈ ਲੇਖਾ ਲਿਖੇ ਵਿਚ ਸੰਸਾਰ। ਸਮਰਥ ਪੁਰਖ ਹਰਿ ਸੁਲਤਾਨਿਆ, ਅਗੰਮ ਅਥਾਹ ਬੇਪਰਵਾਹ ਬੇਐਬ ਪਰਵਰਦਿਗਾਰ। ਜਨ ਭਗਤਾਂ ਦੇਵੇ ਨਾਮ ਨਿਸ਼ਾਨੀਆ, ਨਾਮ ਜੈਕਾਰਾ ਏਕਉਂਕਾਰ। ਸ਼ਾਹੋ ਭੂਪ ਵਡ ਦਾਤਾ ਦਾਨੀਆ, ਭਗਤੀ ਭਰੇ ਭੰਡਾਰ। ਤੋੜੇ ਮਾਣਾ ਮਾਨ ਅਭਿਮਾਨਿਆ, ਦੂਈ ਦਵੈਤੀ ਕਰੇ ਖ਼ਵਾਰ। ਪੰਚ ਵਿਕਾਰਾ ਮੇਟੇ ਜਗਤ ਸ਼ੈਤਾਨਿਆ, ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਠੰਡਾ ਪਾਣੀਆ, ਬੂੰਦ ਸਵਾਂਤੀ ਨਿਝਰ ਧਾਰ। ਅਨਹਦ ਸ਼ਬਦ ਸੁਣਾਏ ਸਾਚੀ ਬਾਣੀਆਂ, ਸ਼ਬਦ ਸਾਰ ਕਰ ਤਿਆਰ। ਲੇਖਾ ਜਾਣੇ ਆਵਣ ਜਾਣਿਆ ਲੱਖ ਚੁਰਾਸੀ ਖੇਲ ਅਪਾਰ। ਹਰਿਜਨ ਬਣਾਏ ਚਤੁਰ ਸੁਘੜ ਸਿਆਣਿਆ, ਮੂਰਖ ਮੂੜ੍ਹੇ ਲਏ ਉਭਾਰ। ਹਰਿਭਗਤ ਹਰਿਜਨ ਗੁਰਮੁਖ ਗੁਰਸਿਖ ਪ੍ਰਭ ਸਾਚੇ ਦੀ ਸਾਚੀ ਰਾਣੀਆ, ਥਿਰ ਘਰ ਵਸੇ ਸਚ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭਗਤਨ ਪਾਏ ਸਾਰ। ਭਗਤਨ ਸਾਰ ਸਮਾਲਦਾ, ਏਕਾ ਏਕਉਂਕਾਰ। ਜੁਗਾ ਜੁਗੰਤਰ ਖੇਲ ਪੁਰਖ ਅਕਾਲ ਦਾ, ਜੂਨੀ ਰਹਿਤ ਕਰੇ ਪਿਆਰ। ਸੰਤ ਸੁਹੇਲੇ ਆਪੇ ਭਾਲਦਾ, ਸਿਰ ਹੱਥ ਰੱਖ ਕਰਤਾਰ। ਹੋਏ ਵਾਲੀ ਦੋ ਜਹਾਨ ਦਾ, ਦਿਵਸ ਰੈਣ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਏ ਸਾਰ। ਸਾਰ ਸਮਾਲਣ ਆਦਿ ਨਿਰੰਜਣ, ਗੁਰ ਏਕੋ ਅਵਤਾਰਿਆ। ਦੀਨ ਦਿਆਲਣ ਦਰਦ ਦੁੱਖ ਭੈ ਭੰਜਣ, ਨਾਮ ਬਿਬੇਕੋ ਇਕ ਉਚਾਰਿਆ। ਸਰਬ ਪ੍ਰਿਤਪਾਲਣ ਹੋਏ ਰਖਵਾਲਣ, ਤੀਨ ਲੋਕ ਪਸਰ ਪਸਾਰਿਆ। ਤਖ਼ਤ ਸੁਲਤਾਨਣ ਹਰਿ ਭਗਵਾਨਣ, ਲੋਆਂ ਪੁਰੀਆਂ ਦਏ ਸਹਾਰਿਆ। ਨਾਮ ਨਿਸ਼ਾਨਣ ਭਗਤ ਵਖਾਨਣ, ਮਾਤਲੋਕ ਕਰੇ ਉਜਿਆਰਿਆ। ਬ੍ਰਹਮ ਗਿਆਨਣ ਹਰਿਜਨ ਦਾਨਣ, ਦੇਵਣਹਾਰ ਵਡ ਭੰਡਾਰਿਆ। ਹੋਏ ਜਾਮਨ ਮੇਟੇ ਕਾਮਨ, ਸਚ ਸੁੱਚ ਕਰੇ ਵਰਤਾਰਿਆ। ਗੋਪੀ ਕਾਨ੍ਹਣ ਦੇਵੇ ਮਾਨਣ, ਸਖਾ ਸਖਾਈ ਮੰਗਲ ਗਾ ਰਿਹਾ। ਨਾਮ ਵਖਾਨਣ ਰਾਮ ਪਛਾਨਣ, ਰੂਪ ਅਨੂਪ ਆਪ ਦਰਸਾ ਰਿਹਾ। ਦੀਨ ਈਮਾਨਣ ਸ਼ਰਅ ਕਲਾਮਨ, ਸ਼ਰੀਅਤ ਇਕ ਸਮਝਾ ਰਿਹਾ। ਨਾਮ ਸਤਿ ਪਰਧਾਨਣ ਵੇਖ ਵਖਾਨਣ, ਗੁਰਸਿਖਾਂ ਮੁਖ ਰਖਾ ਰਿਹਾ। ਵੇਦ ਕਤੇਬ ਭੇਵ ਨਾ ਜਾਨਣ, ਪਾਰਬ੍ਰਹਮ ਪੁਰਖ ਸੁਲਤਾਨਣ, ਅਛਲ ਅਛੱਲ ਛਲ ਕਰਾ ਰਿਹਾ। ਜੁਗਾ ਜੁਗੰਤਰ ਜੋਤ ਸਰੂਪੀ ਦੇਵੇ ਚਾਨਣ, ਜੋਤ ਨਿਰੰਜਣ ਮੇਲ ਮਿਲਾ ਰਿਹਾ। ਗੁਰਮਤ ਵਿਰਲਾ ਬਣੇ ਸਵਾਲਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤੀ ਦੇਵੇ ਸਾਚਾ ਵਰ, ਭਗਤਨ ਮੀਤਾ ਆਪ ਅਖਵਾ ਰਿਹਾ। ਭਗਤਨ ਮੀਤਾ ਹਰਿ ਭਗਵੰਤ, ਭਗਵਨ ਰੂਪ ਸਮਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਕਾਰ ਕਮਾਇੰਦਾ। ਏਕਾ ਥਾਨ ਥਨੰਤਰ ਹਰਿ ਸੁਹੰਤ, ਅਗੰਮ ਅਗੰਮੜਾ ਵੇਖ ਵਖਾਇੰਦਾ। ਆਪ ਬਣਾਏ ਆਪਣੀ ਬਣਤ, ਬਨ ਬਨਵਾਰੀ ਵੇਸ ਵਟਾਇੰਦਾ। ਲੋਕਮਾਤ ਜਨ ਭਗਤ ਦਵਾਰੇ ਆਏ ਮੰਗਤ, ਆਪ ਆਪਣੀ ਸੇਵ ਕਮਾਇੰਦਾ। ਆਪੇ ਹੋਏ ਭੁੱਖਾ ਨੰਗਤ, ਭਗਤ ਭੰਡਾਰਾ ਆਪ ਭਰਾਇੰਦਾ। ਸਾਚੇ ਮੰਦਰ ਆਪੇ ਲੰਘਦਾ, ਆਪ ਆਪਣਾ ਕੁੰਡਾ ਲਾਇੰਦਾ। ਖੇਲੇ ਖੇਲ ਸੂਰੇ ਸਰਬੰਗ ਦਾ, ਨਾਮ ਸ਼ਸਤਰ ਹੱਥ ਚਮਕਾਇੰਦਾ। ਮਾਣੇ ਰਸ ਆਪ ਆਤਮ ਸੇਜ ਪਲੰਘ ਦਾ, ਸਚ ਸਿੰਘਾਸਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਭਗਤ ਭਗਵਾਨ ਵੇਖ ਵਖਾਇੰਦਾ । ਭਗਤ ਭਗਵਾਨ ਏਕਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਭਗਤ ਭਗਵਾਨ ਨਾਰੀ ਨਰ, ਹਰੀ ਹਰਿ ਨਾਉਂ ਧਰਾਈਆ। ਭਗਤ ਭਗਵਾਨ ਏਕਾ ਸਰ, ਸਰ ਸਰੋਵਰ ਰਹੇ ਨਹਾਈਆ। ਭਗਤ ਭਗਵਾਨ ਏਕਾ ਵਿਦਿਆ ਰਹੇ ਪੜ੍ਹ, ਏਕਾ ਕਰੇ ਪੜ੍ਹਾਈਆ। ਭਗਤ ਭਗਵਾਨ ਅੰਦਰ ਜਾਏ ਵੜ, ਅੰਦਰ ਬਾਹਰ ਆਪ ਅਖਵਾਈਆ। ਭਗਤ ਭਗਵਾਨ ਅਗਨੀ ਹਵਨ ਨਾ ਜਾਇਣ ਸੜ, ਮੜੀ ਗੋਰ ਨਾ ਕੋਇ ਦਬਾਈਆ। ਭਗਤ ਭਗਵਾਨ ਲਾਏ ਜੜ੍ਹ, ਨਾ ਸਕੇ ਕੋਈ ਉਖੜਾਈਆ। ਭਗਤ ਭਗਵਾਨ ਜੁਗਾ ਜੁਗੰਤਰ ਰਹੇ ਲੜ, ਸ਼ਬਦੀ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰ, ਹਰਿ ਸੱਜਣ ਵੇਖ ਵਖਾਈਆ। ਹਰਿ ਸੱਜਣ ਵੇਖੇ ਹਰਿ ਹਰਿ ਨੈਣ, ਨੇਤਰ ਨੈਣ ਇਕ ਉਘਾੜਿਆ। ਆਪ ਚੁਕਾਏ ਲਹਿਣ ਦੇਣ, ਪਿਛਲਾ ਲੇਖਾ ਆਪੇ ਪਾੜਿਆ। ਪਾਰਬ੍ਰਹਮ ਪ੍ਰਭ ਮਾਤ ਪਿਤ ਭਾਈ ਭੈਣ, ਸਾਕ ਸੈਣ ਆਪ ਅਖਵਾ ਰਿਹਾ। ਨਾਤਾ ਤੋੜੇ ਜੂਠੇ ਝੂਠੇ ਕਲਜੁਗ ਵਹਿਣ, ਕੂੜੀ ਕਿਰਿਆ ਮੂਲ ਚੁਕਾ ਰਿਹਾ। ਤਨ ਬਸਤਰ ਪਹਿਨਾਏ ਸਾਚਾ ਗਹਿਣ, ਨਾਮ ਦੁਸ਼ਾਲਾ ਸੀਸ ਟਿਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਬੰਧਨ ਨਾਮ ਬਨਾ ਲਿਆ। ਮਨ ਬੰਧਨ ਹਰਿ ਨਾਮ ਡੋਰ, ਸਤਿਗੁਰ ਆਪ ਰਖਾਈਆ। ਗੁਰਮੁਖਾਂ ਬੰਨ੍ਹੇ ਪੰਜੇ ਚੋਰ, ਚੋਰ ਚੋਰੀ ਆਪ ਕਮਾਈਆ। ਆਸਾ ਤ੍ਰਿਸਨਾ ਕਰ ਦੇਵੇ ਹੋੜ, ਜੂਠ ਝੂਠ ਨਾ ਘੋੜ ਦੌੜਾਈਆ। ਹਉਮੇ ਹੰਗਤਾ ਦੇਵੇ ਹੋੜ, ਭੈ ਭਿਆਨਕ ਰੂਪ ਵਟਾਈਆ। ਹਰਿਜਨ ਸੁਰਤੀ ਗੁਰ ਗੁਰ ਸ਼ਬਦ ਦੇਵੇ ਜੋੜ, ਨਰ ਹਰਿ ਵੱਡੀ ਵਡਿਆਈਆ। ਸਚ ਦਵਾਰੇ ਜਾਏ ਬੌਹੜ, ਆਪ ਆਪਣਾ ਰੂਪ ਵਟਾਈਆ। ਵੇਖੇ ਫਲ ਮਿਠਾ ਕੌੜ, ਲੱਖ ਚੁਰਾਸੀ ਫੋਲ ਫੁਲਾਈਆ। ਧੁਰ ਦਰਗਾਹੀ ਆਇਆ ਦੌੜ, ਲੋਕਮਾਤ ਕਰੇ ਰੁਸ਼ਨਾਈਆ। ਦੋ ਜਹਾਨਾਂ ਲਾਇਆ ਏਕਾ ਪੌੜ੍ਹ, ਸੋ ਪੁਰਖ ਨਿਰੰਜਣ ਡੰਡਾ ਇਕ ਵਖਾਈਆ। ਗੁਰਮੁਖਾਂ ਵਰ ਪਾਇਆ ਜੇਹਾ ਲੋੜ, ਅੰਤਰ ਆਤਮ ਹਰਿ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਵਸਿਆ, ਸਤਿਗੁਰ ਦੀਨ ਦਿਆਲ। ਆਦਿ ਜੁਗਾਦੀ ਫਿਰੇ ਨੱਸਿਆ, ਗੋਬਿੰਦ ਗੁਰ ਗੁਰ ਗੋਪਾਲ। ਆਪਣੇ ਅਸਵ ਘੋੜੇ ਤੰਗ ਆਪੇ ਕਸਿਆ, ਆਪੇ ਚਲੇ ਆਪਣੀ ਚਾਲ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠਾਂ ਝੱਸਿਆ, ਮੇਲ ਮਿਲਾਏ ਜੋਤ ਅਕਾਲ। ਸ਼ਬਦ ਤੀਰ ਨਿਰਾਲਾ ਏਕਾ ਕਸਿਆ, ਆਪੇ ਘਾਲੇ ਆਪਣੀ ਘਾਲ। ਜਿਸ ਜਨ ਹਿਰਦੇ ਅੰਦਰ ਵਸਿਆ, ਫਲ ਲਗਾਏ ਕਾਇਆ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਸੰਤ ਸੁਹੇਲੇ ਆਪੇ ਲਏ ਭਾਲ। ਭਾਲਣਹਾਰ ਪੁਰਖ ਸਮਰਥ, ਅਭੁੱਲ ਗੁਰ ਵਡਿਆਈਆ। ਹਰਿਜਨ ਰਾਖੇ ਦੇ ਕਰ ਹੱਥ, ਅਮੁਲ ਅਮੁਲ ਆਪ ਅਖਵਾਈਆ। ਜਗਤ ਵਿਕਾਰਾ ਕਰੇ ਸੱਥ, ਸ੍ਰਿਸ਼ਟ ਸਬਾਈ ਮੂਲ ਚੁਕਾਈਆ। ਲੱਖ ਚੁਰਾਸੀ ਪਾਏ ਨੱਥ, ਘਟ ਘਟ ਫੋਲ ਫੁਲਾਈਆ। ਹਰਿਜਨ ਦੇਵੇ ਆਪਣਾ ਰਸ, ਸ਼ਬਦ ਘੋੜਾ ਰਿਹਾ ਦੌੜਾਈਆ। ਜਗਤ ਦਵਾਰੇ ਆਪੇ ਟੱਪ, ਦਸਵਾਂ ਮੇਲ ਮਿਲਾਈਆ। ਮੇਲ ਮਿਲਾਵਾ ਕਮਲਾਪਤਿ, ਕਵਲ ਨੈਣ ਦਰਸਾਈਆ। ਨਾ ਕੋਈ ਹੱਡ ਮਾਸ ਨਾੜੀ ਦਿਸੇ ਰੱਤ, ਪੰਜ ਤੱਤ ਨਾ ਕੋਇ ਵਖਾਈਆ। ਜਾਨਣਹਾਰਾ ਗਤ ਮਿਤ, ਮੀਤ ਮੁਰਾਰਾ ਆਪ ਅਖਵਾਈਆ। ਆਪੇ ਜਾਣੇ ਆਪਣੀ ਵਾਰ ਥਿਤ, ਜੋਤਸ ਵਿਦਿਆ ਨਾ ਕੋਇ ਵਡਿਆਈਆ। ਜਨ ਭਗਤਾਂ ਕਰੇ ਹਿਤ, ਨਿਤ ਨਵਿਤ ਜੋਗ ਜੁਗਤ ਆਪ ਬਣਾਈਆ। ਆਪੇ ਮਾਤ ਆਪੇ ਪਿਤ, ਹਰਿਜਨ ਸਾਚੇ ਗੋਦ ਉਠਾਈਆ। ਆਪਣਾ ਲੇਖਾ ਦੇਵੇ ਲਿਖ, ਨਾ ਸਕੇ ਕੋਇ ਮਿਟਾਈਆ। ਜਿਸ ਜਨ ਚਰਨ ਪ੍ਰੀਤੀ ਬਖ਼ਸ਼ੇ ਭਿਖ, ਦੂਜਾ ਦਰ ਨਾ ਮੰਗਣ ਜਾਈਆ। ਮਾਣ ਵਡਿਆਈ ਮੁਨ ਰਿਖ, ਗੁਰਸਿਖ ਉਤਮ ਆਪ ਜਣਾਈਆ। ਸਾਚੀ ਸਿਖਿਆ ਏਕਾ ਸਿਖ, ਸਿਖ ਵਿਚਾਰ ਸਮਾਈਆ। ਜਗਤ ਤ੍ਰਿਸਨਾ ਮੇਟੇ ਤ੍ਰਿਖ, ਤ੍ਰਿਸਨਾ ਆਪ ਬੁਝਾਈਆ। ਨੇਤਰ ਲੋਚਣ ਆਪਣੇ ਪੇਖ, ਨੈਣ ਨੈਣ ਬਿਗਸਾਈਆ। ਜਿਸ ਜਨ ਕੱਢੇ ਭਰਮ ਭੁਲੇਖ, ਭਰਮ ਗੜ੍ਹ ਤੁੜਾਈਆ। ਕੌਸਤਕ ਮਣੀਆ ਮਸਤਕ ਲਾਏ ਰੇਖ, ਦਿਵਸ ਰੈਣ ਕਰੇ ਰੁਸ਼ਨਾਈਆ। ਆਪੇ ਸੋਵਣਹਾਰਾ ਬਾਸ਼ਕ ਸ਼ੇਜ, ਵਿਸ਼ਨੂੰ ਰੂਪ ਵਟਾਈਆ। ਅਕਾਲ ਪੁਰਖ ਕਰ ਸਦ ਆਦੇਸ਼, ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਅੰਤਮ ਖੇਲੇ ਖੇਲ ਮਾਝੇ ਦੇਸ, ਆਪ ਆਪਣੀ ਕਲ ਵਰਤਾਈਆ। ਜੋਤੀ ਜਾਮਾ ਧਰਿਆ ਭੇਸ, ਨਿਹਕਲੰਕ ਵੱਜੀ ਵਧਾਈਆ। ਬਾਲ ਬਾਲਾ ਅੱਲੜ ਵਰੇਸ, ਜਵਾਨੀ ਲਏ ਅੰਗੜਾਈਆ। ਪਕੜ ਉਠਾਏ ਨਰ ਨਰੇਸ਼, ਸੋਇਆ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਆਪੇ ਰਿਹਾ ਵੇਖ, ਇਸ਼ਟ ਦ੍ਰਿਸ਼ਟ ਇਕ ਜਣਾਈਆ। ਦਾਤਾ ਦਾਨੀ ਦਸ ਦਸਮੇਸ਼, ਦਰ ਦਰ ਵੇਖ ਵਖਾਈਆ। ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਗਣਪਤ ਭੁੱਲ ਨਾ ਰਾਈਆ। ਕਰੋੜ ਤੇਤੀਸਾ ਕਰ ਕਰ ਆਦੇਸ਼, ਸੁਰਪਤ ਰਾਜ ਇੰਦ ਸੀਸ ਝੁਕਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਜੋਤ ਨੂਰ ਨੁਰਾਨਾ ਹੋ ਪਰਵੇਸ਼, ਨਰ ਨਰਾਇਣ ਨਾਉਂ ਧਰਾਈਆ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਸੰਬਲ ਨਗਰੀ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਘਰ ਸਾਚਾ ਦਏ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਪ ਰੰਗ ਨਾ ਕੋਇ ਵਖਾਈਆ।
