Granth 07 Likhat 143: 22 Maghar 2015 Bikarmi Mehar Singh de Ghar Pind Shekhpura Jila Ambala

੨੨ ਮੱਘਰ ੨੦੧੫ ਬਿਕ੍ਰਮੀ ਮਿਹਰ ਸਿੰਘ ਦੇ ਘਰ ਪਿੰਡ ਸ਼ੇਖ਼ਪੁਰਾ ਜ਼ਿਲਾ ਅੰਬਾਲਾ

ਨਿਰਗੁਣ ਰੂਪ ਅਪਾਰ, ਹਰਿ ਹਰਿ ਹਰਿ ਨਿਰੰਕਾਰਿਆ। ਆਦਿ ਜੁਗਾਦੀ ਇਕ ਅਵਤਾਰ, ਏਕਾ ਏਕ ਅਖਵਾ ਰਿਹਾ। ਕਲਜੁਗ ਅੰਤਮ ਵੇਖ ਵਿਚਾਰ, ਜੁਗ ਚੌਥੇ ਭੇਵ ਖੁਲ੍ਹਾ ਰਿਹਾ। ਸੁਤ ਦੁਲਾਰ ਕਰੇ ਪਿਆਰ, ਗੋਬਿੰਦ ਨਾਉਂ ਧਰਾਇਆ। ਗੋਬਿੰਦ ਮੀਤਾ ਵਿਚ ਸੰਸਾਰ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਨਾਨਕ ਗੋਬਿੰਦ ਏਕਾ ਧਾਰ, ਨਿਰਗੁਣ ਜੋਤ ਜਗਾਈਆ। ਗੋਬਿੰਦ ਸਾਚਾ ਸੁਤ ਦੁਲਾਰ, ਅਬਿਨਾਸ਼ੀ ਅਚੁੱਤ ਆਪ ਉਪਾਈਆ। ਕਾਇਆ ਸੁਹਾਏ ਸਾਚੀ ਰੁੱਤ, ਪੰਜ ਤਤ ਕਰੇ ਕੁੜਮਾਈਆ। ਪੰਚ ਵਿਕਾਰਾ ਕੱਢੇ ਕੁੱਟ, ਏਕਾ ਰੰਗ ਰੰਗਾਈਆ। ਅੰਮ੍ਰਿਤ ਪਿਆਏ ਸਾਚਾ ਘੁੱਟ, ਦੂਈ ਦਵੈਤੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਸਾਚਾ ਵਰ, ਆਪੇ ਲੇਖ ਲਿਖਾਈਆ। ਲੇਖਾ ਲਿਖਿਆ ਗੁਰ ਗੋਬਿੰਦ, ਹਰਿ ਸਾਚੇ ਸਚ ਜਣਾਈਆ। ਮੇਟਣਹਾਰਾ ਸਗਲੀ ਚਿੰਦ, ਏਕਾ ਬੂਝ ਬੁਝਾਈਆ। ਆਪ ਉਪਾਏ ਆਪਣੀ ਬਿੰਦ, ਆਪੇ ਲੇਖੇ ਲਾਈਆ। ਦਾਤਾ ਦਾਨੀ ਗਹਿਰ ਗੰਭੀਰ ਸਾਗਰ ਸਿੰਧ, ਦੂਈ ਦਵੈਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਜੋਤ ਜਗਾਈਆ। ਲਿਖਿਆ ਲੇਖਾ ਹਰਿ ਦਵਾਰ, ਹਰਿ ਸਾਚਾ ਲੇਖ ਲਿਖਾਇੰਦਾ। ਗੋਬਿੰਦ ਗੁਰ ਭੇਖ ਅਪਾਰ, ਭੇਵ ਕੋਇ ਨਾ ਪਾਇੰਦਾ। ਸਾਚਾ ਬੰਕ ਸਚ ਦਵਾਰ, ਦਰ ਇਕ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਆਦਿ ਅੰਤ ਆਪ ਹੋ ਜਾਇੰਦਾ। ਸਾਚਾ ਕੰਤ ਨਾਰ ਭਤਾਰ, ਸਾਚੀ ਸੇਜ ਸੁਹਾਇੰਦਾ। ਰੁੱਤ ਬਸੰਤ ਅਪਰ ਅਪਾਰ, ਕਾਇਆ ਚੋਲੀ ਰੰਗ ਚੜ੍ਹਾਇੰਦਾ। ਆਪੇ ਮੰਗਤਾ ਬਣ ਭਿਖਾਰ, ਆਪਣੀ ਭਿਛਿਆ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦਿਤਾ ਸਾਚਾ ਵਰ, ਏਕਾ ਸ਼ਬਦ ਜਣਾਇੰਦਾ। ਸ਼ਬਦ ਜਣਾਈ ਸਚ ਗਿਆਨ, ਆਪਣੀ ਬੂਝ ਬੁਝਾਇੰਦਾ। ਨੇਤਰ ਗੋਬਿੰਦ ਇਕ ਧਿਆਨ, ਆਪੇ ਵੇਖ ਵਖਾਇੰਦਾ। ਸਤਿ ਸਰੂਪ ਸ੍ਰੀ ਭਗਵਾਨ, ਦੂਸਰ ਦਰ ਨਾ ਕੋਈ ਵਖਾਇੰਦਾ। ਖੇਲੇ ਖੇਲ ਦੋ ਜਹਾਨ, ਜੁਗ ਜੁਗ ਵੇਸ ਵਟਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਆਸਣ ਲਾਇੰਦਾ। ਏਕਾ ਰਾਗ ਇਕ ਧੁਨਕਾਨ, ਏਕਾ ਰਾਗ ਸੁਣਾਇੰਦਾ। ਏਕਾ ਲੇਖਾ ਲਿਖੇ ਮਹਾਨ, ਏਕਾ ਮੇਟ ਮਿਟਾਇੰਦਾ। ਅਠ ਤੀਸ ਹੋ ਪ੍ਰਧਾਨ, ਆਪਣਾ ਭੇਵ ਖੁਲ੍ਹਾਇੰਦਾ। ਤ੍ਰੈਗੁਣ ਤੇਰਾ ਮਿਟੇ ਨਿਸ਼ਾਨ, ਅੰਤਮ ਮੇਟ ਮਿਟਾਇੰਦਾ। ਅੱਠਾਂ ਤੱਤਾਂ ਹੋ ਪ੍ਰਧਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਹੰਸਰ ਵੇਖ ਵਖਾਇੰਦਾ। ਜਗਤ ਸਹੰਸਰ ਹਰਿ ਹਰਿ ਤੀਨ, ਆਪਣਾ ਰੂਪ ਉਪਾਇੰਦਾ। ਆਪ ਚੁਕਾਏ ਆਪਣੇ ਲਹਿਣਾ ਦੇਣ, ਲੇਖਾ ਆਪਣਾ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਸਾਕ ਸੱਜਣ ਸੈਣ, ਧਿਆਨਾ ਧਿਆਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖ ਵਖਾਇੰਦਾ। ਗੁਰ ਗੋਬਿੰਦ ਲੇਖ ਲਿਖਾ, ਹਰਿ ਸਾਚੇ ਆਪ ਲਿਖਾਇਆ। ਦਾਤਾ ਦਾਨੀ ਬੇਪਰਵਾਹ, ਆਪ ਆਪਣੇ ਰੂਪ ਸਮਾਇਆ। ਆਪੇ ਜਾਣੇ ਆਪਣਾ ਨਾਂ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਠ ਤੀਸ ਦੰਦ ਬਤੀਸ, ਸਹੰਸ ਸਹੰਸਰ ਵੇਖ ਵਖਾਇਆ। ਪੰਜ ਤਤ ਹਰਿ ਬਲਵਾਨਾ, ਜੋਤੀ ਜੋਤ ਜਗਾਇੰਦਾ। ਤ੍ਰੈਗੁਣ ਤੇਰਾ ਸ਼ਬਦ ਨਿਸ਼ਾਨਾ, ਸ਼ਬਦੀ ਤੀਰ ਰਖਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਏਕਾ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹੰਸਰ ਅਠੱਤੀ ਵੇਖੇ ਕਲਜੁਗ ਵਾ ਤੱਤੀ, ਆਪਣੇ ਲੇਖੇ ਆਪੇ ਲਾਇੰਦਾ। ਵਾ ਤੱਤੀ ਅਗਨੀ ਅੱਗ, ਕਲਜੁਗ ਆਪ ਚਲਾਈਆ। ਪਾਰਬ੍ਰਹਮ ਸੂਰਾ ਸਰਬੱਗ, ਆਪੇ ਵੇਖ ਵਖਾਈਆ। ਜੁਗਾ ਜੁਗੰਤਰ ਬੰਨ੍ਹੇ ਤਗ, ਸਾਚਾ ਸ਼ਬਦ ਤਨ ਪਾਈਆ। ਆਪੇ ਹੰਸ ਆਪੇ ਕਗ, ਕਾਗ ਹੰਸ ਆਪ ਹੋ ਜਾਈਆ। ਆਪਣੀ ਜੋਤੀ ਆਪੇ ਰਿਹਾ ਜਗ, ਅਕਾਸ਼ ਪ੍ਰਕਾਸ਼ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੰਤਾਂ ਵੇਖ ਵਖਾਈਆ। ਸੰਤਨ ਮੀਤਾ ਹਰਿ ਹਰਿ ਦਾਤਾ, ਏਕਾ ਰੂਪ ਸਮਾਇੰਦਾ। ਸ਼ਬਦੀ ਸ਼ਬਦ ਸ਼ਬਦ ਸੁਲਤਾਨਾ, ਪਾਰਬ੍ਰਹਮ ਰੂਪ ਵਟਾਇੰਦਾ। ਰਾਜ ਰਾਜਾਨਾਂ ਹਰਿ ਭਗਵਾਨਾ, ਸਚ ਸਿੰਘਾਸਣ ਡੇਰਾ ਲਾਇੰਦਾ। ਜੋਤੀ ਜੋਤ ਮਹਾਨਾ, ਏਕਾ ਨੂਰ ਡਗਮਗਾਇੰਦਾ। ਪਰਮ ਪੁਰਖ ਪੁਰਖ ਸੁਲਤਾਨਾ, ਆਦਿ ਨਿਰੰਜਣ ਨਾਉਂ ਧਰਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਆਪ ਆਪਣੀ ਬਣਤ ਬਣਾਇੰਦਾ। ਸਾਚੇ ਘਰ ਹੋ ਪ੍ਰਧਾਨਾ, ਆਪ ਆਪਣਾ ਮਤਾ ਪਕਾਇੰਦਾ। ਬਸਤਰ ਸ਼ਸਤਰ ਇਕ ਸੁਹਾਨਾ, ਜਗਤ ਨੇਤਰ ਦਿਸ ਨਾ ਆਇੰਦਾ। ਉਠੇ ਜੋਧਾ ਨੌਜਵਾਨਾ, ਗੁਰ ਗੋਬਿੰਦ ਨਾਉਂ ਰਖਾਇੰਦਾ। ਸ਼ਬਦ ਸ਼ਬਦੀ ਹੋ ਪ੍ਰਧਾਨਾ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਏਕਾ ਵਰ, ਵਰ ਦਾਤਾ ਆਪ ਅਖਵਾਇੰਦਾ। ਦਰ ਦਵਾਰਾ ਆਪੇ ਖੋਲ੍ਹ, ਆਪਣਾ ਵੇਖ ਵਖਾਇੰਦਾ। ਆਪਣਾ ਜੈਕਾਰਾ ਆਪੇ ਬੋਲ, ਆਪੇ ਸ਼ਬਦ ਸੁਣਾਇੰਦਾ। ਆਪਣਾ ਕਰੇ ਆਪੇ ਖੇਲ, ਭੇਖਾਧਾਰੀ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਚਿੱਟੇ ਘੋੜੇ ਸ਼ਾਹ ਅਸਵਾਰ, ਏਕਾ ਏਕ ਅਖਵਾਇਆ। ਜੋਤੀ ਨੂਰ ਕਰ ਉਜਿਆਰ, ਰੂਪ ਅਨੂਪ ਆਪ ਦਰਸਾਇਆ । ਸ਼ਬਦ ਅਸਵ ਚਿੱਟਾ ਘੋੜਾ, ਚਾਰੇ ਦਿਸ਼ਾ ਵੇਖ ਵਖਾਇਆ। ਸੋਲਾਂ ਕਲੀਆਂ ਕਰ ਸ਼ਿੰਗਾਰ, ਨਿਰਗੁਣ ਜੋਤੀ ਆਸਣ ਲਾਇਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਪੁਰੀਆਂ ਲੋਆਂ ਆਪ ਫਿਰਾਇਆ। ਬ੍ਰਹਮਾ ਸ਼ਿਵ ਦਏ ਹੁਲਾਰ, ਕਰੋੜ ਤੇਤੀਸਾ ਲਏ ਉਠਾਇਆ। ਸੁਰਪਤ ਰਾਜਾ ਇੰਦ ਕਰੇ ਪੁਕਾਰ, ਵੇਲਾ ਅੰਤਮ ਆਇਆ। ਲੱਖ ਚੁਰਾਸੀ ਪਾਏ ਸਾਰ, ਨੌਂ ਖੰਡ ਪ੍ਰਿਥਮੀ ਸੇਵਾ ਲਾਇਆ। ਸੱਤਾਂ ਦੀਪਾਂ ਕਰ ਪਿਆਰ, ਆਪ ਆਪਣਾ ਭੇਖ ਵਟਾਇਆ। ਨੀਲੀ ਧਾਰੋਂ ਆਏ ਬਾਹਰ, ਪਹਿਲਾ ਪੌੜਾ ਇਕ ਉਠਾਇਆ। ਚੌਥੇ ਜੁਗ ਹੋ ਤਿਆਰ, ਲੋਕਮਾਤ ਚਰਨ ਛੁਹਾਇਆ। ਅਠ ਤੀਸ ਏਕਾ ਧਾਰ, ਦੰਦ ਬਤੀਸ ਏਕਾ ਗਾਇਆ। ਰਾਗ ਛਤੀਸ ਕਰ ਉਜਿਆਰ, ਜਗਤ ਹਦੀਸ ਇਕ ਸੁਣਾਇਆ। ਪੀਸਣ ਪੀਸ ਰਿਹਾ ਸੰਸਾਰ, ਮਾਇਆ ਚੱਕੀ ਆਪ ਚਲਾਇਆ। ਖੇਲੇ ਖੇਲ ਜਗਤ ਜਗਦੀਸ਼, ਏਕੰਕਾਰ ਨਿਰੰਕਾਰ ਵੇਖ ਵਖਾਇਆ। ਖੜਗ ਖੰਡਾ ਤੇਜ ਕਟਾਰ, ਏਕਾ ਨਾਮ ਹੱਥ ਉਠਾਇਆ। ਹਰਿ ਮੰਦਰ ਪਾਵਣਹਾਰਾ ਸਾਰ, ਜੇਰਜ ਅੰਡਾਂ ਫੋਲ ਫੁਲਾਇਆ। ਉਤਭੁਜ ਸੇਤਜ ਰਿਹਾ ਵਿਚਾਰ, ਵੇਖਣਹਾਰਾ ਦਿਸ ਨਾ ਆਇਆ। ਕਲਜੁਗ ਅੰਤਮ ਲਏ ਅਵਤਾਰ, ਜੋਤੀ ਨੂਰ ਕਰੇ ਰੁਸ਼ਨਾਇਆ। ਸਾਚਾ ਘੋੜਾ ਬ੍ਰਹਮ ਵਿਚਾਰ, ਪਾਰਬ੍ਰਹਮ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਕਰ, ਗੁਰ ਗੋਬਿੰਦ ਸੰਗ ਰਖਾਇਆ। ਗੋਬਿੰਦ ਗੁਰ ਵਡ ਬਲਵਾਨਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਦੋ ਜਹਾਨਾ, ਆਪ ਆਪਣਾ ਵੇਸ ਵਟਾਇੰਦਾ। ਏਕਾ ਚਿੱਲਾ ਏਕਾ ਤੀਰ ਕਮਾਨਾ, ਏਕਾ ਏਕ ਉਠਾਇੰਦਾ। ਗੁਰਮੁਖਾਂ ਦੇਵੇ ਨਾਮ ਨਿਧਾਨਾ, ਮਨਮੁਖਾਂ ਡੇਰਾ ਢਾਹਿੰਦਾ। ਸੰਮਤ ਸੰਮਤੀ ਹੋ ਪ੍ਰਧਾਨਾ, ਆਪ ਆਪਣਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦ ਰੰਗ ਰੰਗਾਇੰਦਾ। ਸਤਿਗੁਰ ਸਾਚਾ ਸ਼ਾਹੋ ਭੂਪ, ਹਰੀ ਹਰਿ ਆਪ ਅਖਵਾਇੰਦਾ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਕਲਜੁਗ ਪਸਾਰਾ ਮੇਟੇ ਝੂਠ ਜੂਠ, ਸਚ ਸੁੱਚ ਵਰਤਾਇੰਦਾ। ਸੰਤ ਸੁਹੇਲਾ ਆਪੇ ਜਾਏ ਤੁਠ, ਆਪ ਆਪਣਾ ਰੂਪ ਦਰਸਾਇੰਦਾ। ਗੁਰਮੁਖ ਲੁਕਿਆ ਰਹੇ ਨਾ ਕਿਸੇ ਗੁੱਠ, ਨੌਂ ਖੰਡ ਪ੍ਰਿਥਮੀ ਆਪ ਉਠਾਇੰਦਾ। ਗੁਰਮੁਖ ਹੱਥ ਫੜਾਏ ਲੱਠ, ਦਰ ਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਇੰਦਾ। ਕਲਜੁਗ ਕਰਤਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਖੇਲੇ ਖੇਲ ਅਗੰਮ ਅਪਾਰ, ਭੇਵ ਕਿਸੇ ਨਾ ਪਾਇਆ। ਜੋਤੀ ਨੂਰ ਕਰ ਉਜਿਆਰ, ਲੋਕਮਾਤ ਵੇਖ ਵਖਾਇਆ। ਗੋਬਿੰਦ ਮੀਤਾ ਸਚ ਸਿਕਦਾਰ, ਸ਼ਾਹ ਸੁਲਤਾਨਾ ਨਾਉਂ ਰਖਾਇਆ। ਪਾਰਬ੍ਰਹਮ ਭੇਵ ਨਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਕਲਜੁਗ ਅੰਤਮ ਹਰਿ ਹਰਿ ਅੰਕਾ, ਏਕਾ ਨਾਮ ਧਿਆਇੰਦਾ। ਆਪ ਉਠਾਏ ਰਾਓ ਰੰਕਾ, ਸ਼ਾਹ ਸੁਲਤਾਨਾਂ ਆਪ ਹਿਲਾਇੰਦਾ। ਗੁਰਮੁਖਾਂ ਸੁਹਾਏ ਦਵਾਰ ਬੰਕਾ, ਦਰ ਦਵਾਰਾ ਵੇਖ ਵਖਾਇੰਦਾ। ਪ੍ਰਗਟ ਹੋਏ ਵਾਸੀ ਪੁਰੀ ਘਨਕਾ, ਘਨਕ ਪੁਰ ਵਾਸੀ ਵੇਖ ਵਖਾਇੰਦਾ। ਖੇਲੇ ਖੇਲ ਬਾਰ ਅਨਕਾ, ਅਨਕ ਕਲ ਹੋ ਜਾਇੰਦਾ। ਗੁਰਮੁਖ ਸਾਚੇ ਗਲ ਲਗਾਏ ਜਿਉਂ ਜਨਕਾ, ਜਨ ਜਨਨੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਹਰਿ ਸਮਰਥ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਨਾਉਂ ਧਰਾਇਆ । ਲੱਖ ਚੁਰਾਸੀ ਆਪੇ ਮਥ, ਆਪੇ ਲਏ ਉਪਾਇਆ। ਆਪ ਚਲਾਏ ਆਪਣੀ ਗਥ, ਆਪਣਾ ਨਾਮ ਦ੍ਰਿੜਾਇਆ। ਲਹਿਣਾ ਦੇਣਾ ਚੁਕਾਏ ਸਾਢੇ ਤਿੰਨ ਤਿੰਨ ਹੱਥ, ਕਲਜੁਗ ਅੰਤਮ ਵੇਖ ਵਖਾਇਆ। ਆਪਣੀ ਗੇੜਣਹਾਰਾ ਲੱਠ, ਭਾਣਾ ਆਪਣਾ ਆਪਣੇ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਵੇਸ ਵਟਾਇਆ। ਘਰ ਸਾਚਾ ਹਰਿ ਹਰਿ ਵੇਸ, ਏਕਾ ਏਕੰਕਾਰਿਆ। ਪੁਰਖ ਅਬਿਨਾਸ਼ੀ ਦਰ ਦਰਵੇਸ਼, ਦਰ ਦਵਾਰ ਇਕ ਸੁਹਾ ਰਿਹਾ। ਦੋ ਜਹਾਨਾਂ ਨਰ ਨਰੇਸ਼, ਨਿਰਗੁਣ ਖੇਲ ਅਪਾਰਿਆ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਮੂੰਡ ਮੁੰਡਾਏ ਨਾ ਕੋਈ ਰਖਾ ਰਿਹਾ। ਸ਼ਬਦੀ ਸ਼ਬਦ ਦਸ ਦਸਮੇਸ਼, ਦਹਿ ਦਿਸ਼ਾ ਫੇਰੀ ਪਾ ਲਿਆ। ਵੇਖ ਵਖਾਏ ਗਣਪਤ ਗਣੇਸ਼, ਬ੍ਰਹਮਾ ਵਿਸ਼ਨ ਸ਼ਿਵ ਉਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾ ਲਿਆ। ਆਪਣਾ ਰੰਗ ਆਪੇ ਰੰਗ, ਹਰਿ ਸਾਚਾ ਵੇਖ ਵਖਾਇੰਦਾ। ਆਪਣੇ ਬੈਠ ਆਪ ਪਲੰਘ, ਆਪਣੀ ਸੇਜਾ ਆਪ ਹੰਢਾਇੰਦਾ। ਆਪਣੀ ਭਿਛਿਆ ਆਪੇ ਮੰਗ, ਆਪਣੀ ਝੋਲੀ ਪਾਇੰਦਾ। ਲੱਖ ਚੁਰਾਸੀ ਤੇਰੀ ਕੰਧ, ਜਗਤ ਧਾਰਾ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਤਾ ਦਾਨੀ ਸੂਰਾ ਸਰਬੱਗ, ਗੁਰਮੁਖਾਂ ਵਸੇ ਅੰਗ ਸੰਗ, ਸਗਲਾ ਸੰਗ ਨਿਭਾਇੰਦਾ। ਸਤਿਗੁਰ ਪੁਰਖ ਦਿਆਲ, ਸਰਬ ਸਹਿਜ ਸੁਖਦਾਇਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਆਦਿ ਜੁਗਾਦੀ ਵੇਖ ਵਖਾਇਆ। ਗੁਰਮੁਖ ਸਾਜਣ ਸਾਚੇ ਲਾਲ, ਆਪ ਆਪਣੀ ਗੋਦ ਉਠਾਇਆ। ਦੇਵਣਹਾਰਾ ਨਾਮ ਧਨ ਮਾਲ, ਤਨ ਖ਼ਜ਼ਾਨਾ ਆਪ ਭਰਾਇਆ। ਤੋੜਣਹਾਰਾ ਜਗਤ ਜੰਜਾਲ, ਲੋਕਮਾਤ ਵੇਸ ਵਟਾਇਆ। ਅੰਤ ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਜਨ ਹਰਿ ਹਰਿ ਰਸਨਾ ਗਾਇਆ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਘਰ ਬੈਠਾ ਆਸਣ ਲਾਇਆ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਜੋ ਜਨ ਸਰਨਾਈ ਆਇਆ। ਅਨਹਦ ਵਜਾਏ ਏਕਾ ਤਾਲ, ਨੇਤਰ ਨੈਣ ਜੋ ਦਰਸ਼ਨ ਪਾਇਆ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਮੇਵਾ ਇਕ ਲਗਾਇਆ। ਦੋ ਜਹਾਨਾਂ ਬਣ ਦਲਾਲ, ਲੱਖ ਚੁਰਾਸੀ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ਼ਰੀਬ ਨਿਮਾਣੇ ਲਏ ਤਰਾਇਆ। ਸਤਿਗੁਰ ਪੂਰਾ ਹਰਿ ਸਮਰਥ, ਏਕਾ ਏਕ ਅਖਵਾਇੰਦਾ। ਗੁਰਮੁਖ ਸਾਚੇ ਲਏ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਦੇਵੇ ਨਾਮ ਏਕਾ ਵੱਥ, ਏਕਾ ਬੂਝ ਬੁਝਾਇੰਦਾ। ਚਾਰ ਵਰਨ ਚੜ੍ਹਾਏ ਏਕਾ ਰਥ, ਊਚ ਨੀਚ ਨਾ ਕੋਈ ਰਖਾਇੰਦਾ। ਪੰਚ ਵਿਕਾਰਾ ਦੇਵੇ ਮਥ, ਸ਼ਬਦ ਖੰਡਾ ਇਕ ਉਠਾਇੰਦਾ। ਪੱਲੇ ਬੰਨ੍ਹੇ ਨਾਮ ਗੱਠ, ਚੋਰ ਯਾਰ ਲੁੱਟ ਨਾ ਕੋਈ ਲੈ ਜਾਇੰਦਾ। ਸਤਿ ਸੰਤੋਖੀ ਧੀਰਜ ਦੇਵੇ ਸਤਿ, ਬ੍ਰਹਮ ਮਤ ਇਕ ਸਮਝਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਰੰਗਾਇੰਦਾ। ਚਰਨ ਕਵਲ ਬੰਧਾਏ ਸਾਚਾ ਨੱਤ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਨਾ ਕੋਈ ਪਰਖੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਈ ਰਖਾਇੰਦਾ। ਸ੍ਰਿਸ਼ਟ ਸਬਾਈ ਪੁੱਛੇ ਵਾਤ, ਆਪ ਆਪਣਾ ਸੰਗ ਰਖਾਇੰਦਾ। ਆਪੇ ਪਿਤਾ ਆਪੇ ਮਾਤ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਏਕਾ ਬ੍ਰਹਮ ਵਖਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਰੂਪ ਸਮਾਇਆ। ਜਨ ਭਗਤਾਂ ਦਏ ਜੀਆ ਦਾਨ, ਏਕਾ ਨਾਮ ਝੋਲੀ ਪਾਇਆ। ਸ਼ਬਦੀ ਸ਼ਬਦ ਸ਼ਬਦ ਬਿਬਾਨ, ਗੁਰਮੁਖ ਸਾਚੇ ਆਪ ਚੜਾਇਆ। ਦੋ ਜਹਾਨ ਵਿਖਾਏ ਇਕ ਉਡਾਨ, ਲੋਆਂ ਪੁਰੀਆਂ ਪਾਰ ਕਰਾਇਆ। ਆਪੇ ਸੁਰਤੀ ਆਪੇ ਕਾਹਨ, ਸੀਤਾ ਰਾਮ ਆਪ ਹੋ ਜਾਇਆ। ਆਪੇ ਲੰਕਾ ਗੜ੍ਹ ਤੋੜ ਮਕਾਨ, ਮਨ ਰਾਵਣ ਰਹੇ ਨਾ ਰਾਇਆ। ਆਪੇ ਮਾਰੇ ਤੀਰ ਨਿਸ਼ਾਨ, ਸ਼ਬਦ ਨਿਸ਼ਾਨਾ ਇਕ ਵਖਾਇਆ। ਆਪੇ ਨਾਨਕ ਹੋ ਪ੍ਰਧਾਨ, ਮੰਤਰ ਨਾਮ ਰਸਨ ਦ੍ਰਿੜਾਇਆ। ਆਪੇ ਗੋਬਿੰਦ ਨੌਜਵਾਨ, ਅੰਮ੍ਰਿਤ ਆਤਮ ਜਾਮ ਪਿਆਇਆ। ਆਪੇ ਖੇਲੇ ਖੇਲ ਜਹਾਨ, ਦੋ ਜਹਾਨਾਂ ਵੇਸ ਵਟਾਇਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਨਿਹਕਲੰਕਾ ਨਾਉਂ ਰਖਾਇਆ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣੇ ਸੰਗ ਸਮਾਇਆ । ਦੇਵੇ ਨਾਮ ਦਾਨੀ ਦਾਨ, ਹਰਿਜਨ ਸਾਚੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਜਗਾਇਆ। ਸਤਿਗੁਰ ਪੁਰਖ ਹਰਿ ਅਬਿਨਾਸ਼, ਏਕਾ ਏਕੰਕਾਰਿਆ। ਜੁਗ ਜੁਗ ਖੇਲੇ ਖੇਲ ਤਮਾਸ਼, ਆਪ ਆਪਣਾ ਲਏ ਅਵਤਾਰਿਆ। ਆਪਣੇ ਮੰਡਲ ਮੰਡਪ ਪਾਵੇ ਰਾਸ, ਆਪ ਆਪਣਾ ਖੇਲ ਖਿਲਾ ਰਿਹਾ। ਆਪੇ ਵੇਖ ਵਖਾਏ ਗਰਭ ਵਾਸ, ਆਪ ਆਪਣਾ ਬਿਰਧ ਵਖਾ ਰਿਹਾ। ਆਪੇ ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਗਾ ਰਿਹਾ। ਆਪੇ ਪੂਰਨ ਕਰਨਹਾਰਾ ਆਸ, ਪਾਰਬ੍ਰਹਮ ਨਾਉਂ ਧਰਾ ਰਿਹਾ। ਜਨ ਭਗਤਾਂ ਸਦ ਵਸੇ ਪਾਸ, ਜਗਤ ਵਿਛੋੜਾ ਫੰਦ ਕਟਾ ਰਿਹਾ। ਹੋਏ ਸਹਾਈ ਪ੍ਰਿਥਮੀ ਅਕਾਸ਼, ਗਗਨ ਪਾਤਾਲਾ ਡੇਰਾ ਲਾ ਰਿਹਾ। ਗੁਰਮੁਖ ਸਾਚਾ ਨਾ ਹੋਏ ਨਿਰਾਸ, ਇਛਿਆ ਭਿਛਿਆ ਝੋਲੀ ਪਾ ਰਿਹਾ। ਨਿਝ ਘਰ ਆਤਮ ਰੱਖੇ ਵਾਸ, ਘਰ ਘਰ ਵਿਚ ਡੇਰਾ ਲਾ ਰਿਹਾ। ਆਦਿ ਨਿਰੰਜਣ ਸਰਬ ਗੁਣਤਾਸ, ਸਤਿ ਪੁਰਖ ਰੂਪ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦੇਵੇ ਨਾਮ ਵਰ, ਸ਼ਬਦ ਗਿਆਨ ਇਕ ਦ੍ਰਿੜਾ ਰਿਹਾ। ਨਾਮ ਸ਼ਬਦ ਸਾਚੀ ਦਾਤ, ਹਰਿ ਹਰਿਜਨ ਝੋਲੀ ਪਾਈਆ। ਲੋਕਮਾਤ ਵਡ ਕਰਾਮਾਤ, ਏਕਾ ਬੂਝ ਬੁਝਾਈਆ। ਮਿਟੇ ਰੈਣ ਅੰਧੇਰੀ ਰਾਤ, ਕੂੜੀ ਕਿਰਿਆ ਰਹਿਣ ਨਾ ਪਾਈਆ। ਦਰਸ ਦਿਖਾਏ ਇਕ ਇਕਾਂਤ, ਸਵਛ ਸਰੂਪੀ ਵੇਸ ਵਟਾਈਆ। ਨਾਤਾ ਤੋੜੇ ਭੈਣ ਭਰਾਤ, ਸਾਕ ਸੱਜਣ ਸੈਣ ਨਾ ਕੋਈ ਦਿਖਾਈਆ। ਹਰ ਘਟ ਅੰਦਰ ਵੇਖੇ ਮਾਰ ਝਾਤ, ਮੰਦਰ ਬੈਠਾ ਬੇਪਰਵਾਹੀਆ। ਜਿਸ ਜਨ ਖੋਲ੍ਹੇ ਆਪਣਾ ਤਾਕ, ਆਪਣਾ ਮੁਖ ਵਖਾਈਆ। ਲੇਖਾ ਜਾਣੇ ਭਵਿਖਤ ਵਾਕ, ਭਰਮੇ ਭੁੱਲੀ ਸਰਬ ਲੋਕਾਈਆ। ਮਾਟੀ ਮਿਲਾਏ ਖ਼ਾਕੀ ਖ਼ਾਕ, ਅੰਤਮ ਖ਼ਾਕ ਰਹੇ ਸਮਾਈਆ। ਕਾਇਆ ਚੋਲਾ ਜਾਏ ਪਾਟ, ਥਿਰ ਕੋਇ ਰਹਿਣ ਨਾ ਪਾਈਆ। ਗੁਰਮੁਖ ਵਿਰਲਾ ਚੜ੍ਹੇ ਔਖੇ ਘਾਟ, ਸਤਿਗੁਰ ਪੂਰਾ ਜਿਸ ਚੜ੍ਹਾਈਆ। ਪੰਜ ਤਤ ਤੇਰੀ ਨੇੜੇ ਵਾਟ, ਬੈਠੀ ਪੰਧ ਮੁਕਾਈਆ। ਚੌਦਾਂ ਲੋਕ ਵਿਕੇ ਨਾ ਕਿਸੇ ਹਾਟ, ਕਰਤੇ ਕੀਮਤ ਨਾ ਕੋਈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵਣਹਾਰਾ ਨਾਮ ਵਰ, ਸ਼ਬਦ ਸ਼ਬਦੀ ਆਪ ਵਰਤਾਈਆ। ਸ਼ਬਦ ਭੰਡਾਰ ਡੂੰਘਾ ਸਾਗਰ, ਹਰਿ ਹਰਿ ਆਪ ਵਰਤਾਇੰਦਾ। ਜਨ ਭਗਤਾਂ ਕਰੇ ਨਿਰਮਲ ਕਰਮ ਉਜਾਗਰ, ਆਪ ਆਪਣਾ ਰੰਗ ਰੰਗਾਇੰਦਾ । ਵੇਖ ਵਖਾਏ ਕਾਇਆ ਗਾਗਰ, ਦੂਈ ਦਵੈਤੀ ਪਰਦਾ ਲਾਹਿੰਦਾ। ਰੱਤੀ ਨਾਮ ਰਤਨ ਰਤਨਾਗਰ, ਘਰ ਸਾਚੇ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਮੰਗੀ ਮੰਗ ਹਰਿ ਦਵਾਰ, ਹਰਿਜਨ ਝੋਲੀ ਆਪ ਭਰਾਈਆ। ਦੇਵੇ ਦਰਸ ਅਗੰਮ ਅਪਾਰ, ਨੇਤਰ ਲੋਚਣ ਆਪ ਖੁਲ੍ਹਾਈਆ। ਸ਼ਬਦੀ ਧੁਨ ਸੱਚੀ ਧੁਨਕਾਰ, ਘਰ ਸਾਚੇ ਆਪ ਸੁਣਾਈਆ। ਮਹੱਲ ਅਟੱਲ ਉਚ ਮੀਨਾਰ, ਦੀਪਕ ਜੋਤੀ ਇਕ ਜਗਾਈਆ। ਨੂਰ ਇਲਾਹੀ ਬੇਐਬ ਪਰਵਰਦਿਗਾਰ, ਹੱਕ ਹਕੀਕਤ ਵੇਖ ਵਖਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਮੁਕਾਮੇ ਹੱਕ ਆਪ ਖ਼ੁਦਾਈਆ। ਨੂਰ ਇਲਾਹੀ ਮੀਤ ਮੁਰਾਰ, ਨੂਰੋ ਨੂਰ ਦਰਸਾਈਆ । ਰਾਮ ਰੂਪ ਆਪ ਕਰਤਾਰ, ਕਰਨੀ ਕਰਤਾ ਕਿਰਤ ਕਮਾਈਆ। ਸਾਵਲ ਸੁੰਦਰ ਹੋ ਤਿਆਰ, ਕਵਲ ਨੈਣ ਰਿਹਾ ਮਟਕਾਈਆ। ਬਾਸ਼ਕ ਸੇਜਾ ਸਚ ਸ਼ਿੰਗਾਰ, ਸਾਂਗੋ ਪਾਂਗ ਹੰਢਾਈਆ। ਵਿਸ਼ਨੂੰ ਵੰਸੀ ਖੇਲ ਨਿਆਰ, ਵੇਸ ਅਨੇਕ ਧਰਾਈਆ। ਬ੍ਰਹਮ ਵੇਤਾ ਰਿਹਾ ਵਿਚਾਰ, ਅੱਠੇ ਨੈਣ ਉਠਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਪਾਏ ਹਾਰ, ਹੱਥ ਤ੍ਰਸੂਲ ਉਠਾਈਆ। ਸੁਰਪਤ ਰਾਜਾ ਇੰਦ ਰਿਹਾ ਪੁਕਾਰ, ਆਤਮ ਅੰਤਰ ਇਕ ਲਿਵ ਲਾਈਆ। ਮਨ ਮਤ ਨਾਰ ਹੋਈ ਵਿਭਚਾਰ, ਮੱਥੇ ਟਿੱਕਾ ਕਾਲੀ ਸ਼ਾਹੀਆ। ਜੂਠ ਝੂਠ ਹੋਏ ਖ਼ਵਾਰ, ਕੂੜੀ ਕਿਰਿਆ ਕਲ ਕਮਾਈਆ। ਮਾਇਆ ਮਮਤਾ ਲੋਭ ਹੰਕਾਰ, ਕਾਮ ਕਰੋਧ ਅਗਨ ਲਗਾਈਆ। ਇਕ ਤ੍ਰਿਸ਼ਨਾ ਬਣ ਭਿਖਾਰ, ਘਰ ਘਰ ਬੈਠੀ ਅਲੱਖ ਜਗਾਈਆ। ਗੁਰਮੁਖ ਵਿਰਲਾ ਗੁਰ ਸ਼ਬਦ ਕਰੇ ਪਿਆਰ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਨਾਮ ਵਰ, ਵਡ ਦਾਤਾ ਆਪ ਅਖਵਾਈਆ। ਚਾਰ ਵਰਨਾਂ ਇਕ ਗਿਆਨ, ਇਕ ਨਾਮ ਦ੍ਰਿੜਾਇਆ। ਏਕਾ ਸ਼ਬਦ ਇਕ ਬਿਬਾਣ, ਏਕਾ ਰਿਹਾ ਚੜ੍ਹਾਇਆ। ਏਕਾ ਪੁਰਖ ਇਕ ਸੁਲਤਾਨ, ਮਿਹਰਬਾਨ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਦਰ ਸੁਹੰਜਣਾ ਇਕ ਵਖਾਇਆ। ਦਰ ਸੁਹੰਜਣਾ ਪੁਰਖ ਅਬਿਨਾਸ਼, ਹਰਿਜਨ ਆਪ ਦਰਸਾਇੰਦਾ। ਪੂਰੀ ਕਰਨਹਾਰਾ ਆਸ, ਪਰਮ ਪੁਰਖ ਆਪ ਅਖਵਾਇੰਦਾ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਹੋਏ ਦਾਸੀ ਦਾਸ, ਸੇਵਕ ਸੇਵ ਆਪ ਕਮਾਇੰਦਾ। ਨਿਝ ਆਤਮ ਨਿਝ ਘਰ ਰੱਖੇ ਵਾਸ, ਘਰ ਸਾਚਾ ਇਕ ਸੁਹਾਇੰਦਾ। ਹਰਿਜਨ ਹਰਿ ਪੁਰਾਨੀ ਹਰਿ ਗਾਏ ਰਸਨ ਸਵਾਸ, ਲੇਖਾ ਲੇਖੇ ਆਪਣੇ ਪਾਇੰਦਾ। ਲਹਿਣਾ ਦੇਣਾ ਦਸ ਦਸ ਮਾਸ, ਗਰਭ ਵਾਸ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਸਾਚਾ ਵਰ, ਨਾਮ ਨਿਧਾਨ ਝੋਲੀ ਪਾਇੰਦਾ।