Granth 07 Likhat 089: 5 Kattak 2015 Bikarmi Mehar Singh de Ghar Calcutta

੫ ਕੱਤਕ ੨੦੧੫ ਬਿਕਰਮੀ ਮੇਹਰ ਸਿੰਘ ਦੇ ਘਰ ਕਲਕਤਾ

ਅਲੱਖ ਗੁਰਦੇਵ ਨਮੋ ਸਤਿ, ਨਮੋ ਨਮੋ ਨਿਮਸਕਾਰ। ਪਾਰਬ੍ਰਹਮ ਬ੍ਰਹਮ ਉਤਪਤ, ਬ੍ਰਹਮਾ ਵਿਸ਼ਨ ਸ਼ਿਵ ਅਧਾਰ। ਨਾਮ ਬੀਜੇ ਸਾਚੇ ਵਤ, ਲੱਖ ਚੁਰਾਸੀ ਵੇਖ ਗੁਲਜ਼ਾਰ। ਏਕਾ ਦਾਤ ਕਮਲਾਪਤ, ਇਸ਼ਟ ਦੇਵ ਸ੍ਰਿਸ਼ਟ ਸੰਸਾਰ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਅਪਾਰ। ਆਦਿ ਸ਼ਕਤ ਜੋਤ ਭਵਾਨੀ, ਅਸ਼ਟਭੁਜ ਬੌਰਾਇਆ। ਨਾਮ ਸ਼ਕਤ ਚੰਡ ਨਿਧਾਨੀ, ਖੰਡ ਬਹਿਮੰਡ ਫਿਰਾਇਆ। ਗਦਾ ਚੱਕਰ ਤੀਰ ਨਿਸ਼ਾਨੀ, ਸੰਖ ਨਾਮ ਵਜਾਇਆ। ਆਦਿ ਜੁਗਾਦੀ ਖੇਲੇ ਦੋ ਜਹਾਨੀ, ਜੁਗ ਜੁਗ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਨਿਰਗੁਣ ਜੋਤ ਜੋਤ ਉਜਿਆਰ, ਨਿਰਾਕਾਰ ਸਮਾਈਆ। ਸਰਗੁਣ ਨਿਰਗੁਣ ਖੇਲ ਅਪਾਰ, ਭੇਵ ਕੋਈ ਨਾ ਪਾਈਆ। ਚੰਡ ਪ੍ਰਚੰਡ ਖੇਲ ਬ੍ਰਹਿਮੰਡ ਲੋਕਮਾਤ ਪਸਾਰ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਖੜਗ ਖੰਡਾ ਤੇਜ ਕਟਾਰ, ਉਪਰ ਸ਼ਾਹ ਰਗ ਮਾਰੇ ਮਾਰ, ਧਰਤ ਧਵਲ ਵਡਿਆਈਆ। ਸੀਸ ਪੱਗ ਧਰਨੀ ਧਾਰ, ਜਗਤ ਜੁਗ ਮਿਟੇ ਸੰਸਾਰ, ਭਗਵਤ ਭਗਵਤੀ ਨਾਮ ਵਡਿਆਈਆ। ਅਗਨੀ ਅੱਗ ਮੁਖ ਅੰਗਿਆਰ, ਤ੍ਰੈ ਤ੍ਰੈ ਲੋਆਂ ਰਹੀ ਸਾੜ, ਜਵਾਲਾ ਜੋਤ ਰੁਸ਼ਨਾਈਆ। ਸਿੰਘ ਸ਼ੇਰ ਹਰਿ ਅਸਵਾਰ, ਰੂਪ ਅਨੂਪ ਸਰਗੁਣ ਧਾਰ, ਨਾਰੀ ਨਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਸ਼ਕਤ ਆਦਿ ਇਸ਼ਟ ਆਪ ਆਪਣਾ ਵੇਖ ਵਖਾਈਆ। ਆਦਿ ਰੂਪ ਅਨਭਵ ਪ੍ਰਕਾਸ਼, ਨੂਰੋ ਨੂਰ ਸਮਾਨਿਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਧਰਤ ਧਵਲ ਵੇਖ ਵਿਖਾਨਿਆ। ਲੱਖ ਚੁਰਾਸੀ ਲੇਖਾ ਵੇਖੇ ਹੱਡ ਨਾੜੀ ਮਾਸ, ਰਕਤ ਬੂੰਦ ਫੋਲ ਫੁਲਾਨਿਆ। ਭੇਵ ਖੁਲ੍ਹਾਏ ਪਵਨ ਸਵਾਸ, ਰਸਨਾ ਜਿਹਵਾ ਖੋਜ ਖੁਜਾਨਿਆ। ਆਪ ਆਪਣੀ ਪਾਵੇ ਰਾਸ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਹੋਏ ਪ੍ਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਕਤ ਰਕਤ ਵੇਸ ਵਟਾਨਿਆ। ਸ਼ਕਤ ਰਕਤ ਹਰਿ ਹਰਿ, ਸਰਗੁਣ ਰੂਪ ਸਮਾਈਆ। ਸਰਗੁਣ ਖੇਲ ਵਿਚ ਸੰਸਾਰ, ਨਿਰਗੁਣ ਮੁਖ ਛੁਪਾਈਆ। ਸ਼ਸਤਰ ਧੁਜ ਅਪਰ ਅਪਾਰ, ਬਸਤਰ ਤਨ ਸਜਾਈਆ। ਮਹੱਲ ਅਟੱਲ ਉਚ ਮਿਨਾਰ, ਬੈਠਾ ਬੇਪਰਵਾਹੀਆ। ਜਲ ਥਲ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ ਸਾਗਰ ਸਿੰਧ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਹਰਿ ਭਗਵੰਤ, ਆਪ ਆਪਣੀ ਜੋਤ ਜਗਾਈਆ। ਜਾਗਰਤ ਜੋਤ ਡਗਮਗਾ, ਨੈਣਾਂ ਨੈਣ ਸ਼ਿੰਗਾਰਿਆ। ਬਾਤੀ ਦੀਵਾ ਇਕ ਟਿਕਾ, ਅਗਿਆਨ ਅੰਧੇਰ ਮਿਟਾ ਲਿਆ। ਅੰਮ੍ਰਿਤ ਆਤਮ ਬੂੰਦ ਸਵਾਂਤੀ ਇਕ ਪਿਆ, ਤ੍ਰਿਸ਼ਨਾ ਭੁੱਖ ਗਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਜਗਤ ਪੂਜਾ, ਭੇਵ ਚੁਕਾਏ ਏਕਾ ਦੂਜਾ, ਨੈਣ ਖੁਲ੍ਹਾਏ ਹਰਿਜਨ ਤੀਜਾ, ਚੌਥੇ ਪਦ ਮਿਲਾ ਰਿਹਾ। ਚੌਥੇ ਪਦ ਭਗਤ ਵਡਿਆਈ, ਭਗਵਾਨ ਮੇਲ ਮਿਲਾਇਆ। ਪੰਚਮ ਘਰ ਸਹਿਜ ਸੁਖਦਾਈ, ਹਰਿ ਹਰਿ ਮੰਗਲ ਗਾਇਆ। ਛੇਵੇਂ ਛੱਪਰ ਛੰਨ ਨਾ ਕੋਈ ਵਿਖਾਈ, ਨਿਰਗੁਣ ਸਰਗੁਣ ਵਿਚ ਸਮਾਇਆ। ਸਤਵੇਂ ਸਤਿ ਪੁਰਖ ਨਿਰੰਜਣ ਅਬਿਨਾਸ਼ੀ ਕਰਤਾ ਅਕਾਲ ਮੂਰਤ ਅਜੂਨੀ ਰਹਿਤ, ਆਦਿ ਸ਼ਕਤ ਇਕ ਪ੍ਰਕਾਸ਼ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਇਆ। ਜਗਤ ਪੁਸਤਕ ਪੂਜਾ ਪਾਠ, ਗਿਆਨ ਧਿਆਨ ਵਡਿਆਈਆ। ਸ੍ਰਿਸ਼ਟ ਸਬਾਈ ਨਾਤਾ ਅਠਸਾਠ, ਤੀਰਥ ਤੱਟ ਵੇਖ ਵਖਾਈਆ। ਚਾਰੋਂ ਕੁੰਟ ਗਊ ਘਾਟ, ਗਾਵਤ ਗਾਵਤ ਰੈਣ ਵਹਾਈਆ। ਨੌਂ ਖੰਡ ਜਗਤ ਹਾਟ, ਲੱਖ ਚੁਰਾਸੀ ਰਹੀ ਖੁਲ੍ਹਾਈਆ। ਤ੍ਰੈਲੋਕ ਆਨ ਬਾਟ, ਆਵਣ ਜਾਵਣ ਰਚਨ ਰਚਾਈਆ। ਬਿਨ ਹਰਿ ਸਾਚੇ ਨਾ ਕੋਈ ਚੁਕਾਏ ਲਹਿਣਾ ਦੇਣਾ ਮਸਤਕ ਮਾਥ, ਜੋਤ ਲਿਲਾਟ ਨਾ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਸਖਾ ਸੁਹੇਲਾ ਸਦਾ ਸੁਹੇਲਾ ਸਾਥ, ਵਿਛੜ ਕਦੇ ਨਾ ਜਾਈਆ। ਆਦਿ ਜੁਗਾਦਿ ਜੁਗ ਜੁਗ ਗੁਰਮੁਖਾਂ ਹਰਿ ਭਗਤਾਂ ਹਰਿਜਨਾਂ ਦੇਵੇ ਨਾਮ ਦਾਤ, ਆਪ ਆਪਣੀ ਬੂਝ ਬੁਝਾਈਆ। ਚਰਨ ਕਵਲ ਉਪਰ ਧਵਲ ਰਾਖ, ਪਰਮ ਪੁਰਖ ਦਇਆ ਕਮਾਈਆ। ਆਪ ਬੰਧਾਏ ਸੱਚਾ ਨਾਤ, ਸਚ ਸੁੱਚ ਸਚ ਸਮਗਰੀ ਝੋਲੀ ਪਾਈਆ। ਅੰਦਰ ਮੰਦਰ ਆਪੇ ਖੋਲ੍ਹੇ ਤਾਕ, ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਦਰ ਘਰ ਹਰਿ ਮੰਦਰ ਅੰਦਰ ਵੜ, ਉਪਰ ਚੋਟੀ ਚੜ੍ਹ, ਮਹੱਲ ਅਟੱਲ ਦਸਮ ਦਵਾਰ ਹਰਿ ਨਿਰੰਕਾਰ ਜੋਤ ਅਗੰਮ ਅਪਾਰ, ਸਤਿ ਸਰੂਪ ਸ਼ਾਹੋ ਭੂਪ ਮੇਲ ਮਿਲਾਈਆ।