Granth 08 Likhat 118: Pahili Savan 2016 Bikarmi Jethuwal

ਪਹਿਲੀ ਸਾਵਣ ੨੦੧੬ ਬਿਕ੍ਰਮੀ ਜੇਠੂਵਾਲ

ਨਿਰਗੁਣ ਧਾਰ ਹਰਿ ਨਿਰੰਕਾਰ, ਨੂਰੋ ਨੂਰ ਜੋਤ ਸਮਾਈਆ। ਆਦਿ ਨਿਰੰਜਣ ਖੇਲ ਅਪਾਰ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਕੋਇ ਨਾ ਪਾਈਆ। ਆਦਿ ਜੁਗਾਦੀ ਖੇਲ ਅਪਾਰ, ਖੇਲੇ ਖੇਲ ਬੇਪਰਵਾਹੀਆ। ਕਮਲਾਪਾਤੀ ਹੋ ਉਜਿਆਰ, ਏਕਾ ਏਕ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਰਖਾਈਆ। ਨਿਰਗੁਣ ਨੂਰ ਪੁਰਖ ਅਕਾਲਾ, ਏਕਾ ਏਕੰਕਾਰਿਆ। ਆਦਿ ਜੁਗਾਦੀ ਹੋ ਉਜਾਲਾ, ਆਪ ਆਪਣਾ ਰੂਪ ਵਟਾ ਰਿਹਾ। ਸਾਚਾ ਮੰਦਰ ਸੱਚੀ ਧਰਮਸਾਲਾ, ਥਿਰ ਘਰ ਸਾਚਾ ਇਕ ਸੁਹਾ ਰਿਹਾ। ਆਪਣਾ ਦੀਪਕ ਆਪੇ ਬਾਲਾ, ਆਪ ਆਪਣਾ ਦਰ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਰਖਾ ਲਿਆ। ਆਦਿ ਜੁਗਾਦੀ ਪੁਰਖ ਕਰਤਾਰ, ਏਕਾ ਰੰਗ ਸਮਾਇਆ। ਆਪੇ ਗੁਪਤ  ਆਪੇ ਜਾਹਿਰ, ਅੰਦਰ ਬਾਹਰ ਆਪ ਹੋ ਜਾਇਆ। ਆਪੇ ਜੋਤੀ ਨੂਰ ਉਜਿਆਰ, ਨੂਰੋ ਨੂਰ ਡਗਮਗਾਇਆ। ਆਪੇ ਸ਼ਬਦ ਜੈ ਜੈ ਜੈਕਾਰ, ਧੁਨ ਅਨਾਦੀ ਆਪ ਸੁਣਾਇਆ। ਆਪੇ ਬੋਧ ਅਗਾਧੀ ਭਰ ਭੰਡਾਰ, ਆਪੇ ਵੇਖ ਵਖਾਇਆ। ਆਪੇ ਬਣ ਹਰਿ ਵਣਜਾਰ, ਆਪ ਆਪਣਾ ਵਣਜ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਵਟਾਇਆ। ਨਿਰਗੁਣ ਰੂਪ ਅਕਾਲ ਮੂਰਤ, ਏਕਾ ਏਕ ਅਖਵਾਇੰਦਾ। ਸ਼ਬਦ ਅਨਾਦੀ ਸਾਚੀ ਤੂਰਤ, ਜੁਗਾ ਜੁਗੰਤਰ ਇਕ ਵਜਾਇੰਦਾ। ਆਪੇ ਵਸੇ ਨੇੜੇ ਦੂਰਤ, ਦਰ ਦੁਵਾਰਾ ਆਪ ਸੁਹਾਇੰਦਾ। ਆਪੇ ਦਾਤਾ ਹਾਜ਼ਰ ਹਜ਼ੂਰਤ, ਹਰਿ ਹਰੀ ਹਰਿ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਪ੍ਰਗਟਾਇੰਦਾ। ਆਪਣਾ ਨਾਉਂ ਰੱਖ, ਆਪਣੇ ਹੱਥ ਰੱਖੇ ਵਡਿਆਈਆ। ਅਜੂਨੀ ਰਹਿਤ ਹੋ ਪ੍ਰਤੱਖ, ਆਪਣੀ ਕਲ ਵਰਤਾਈਆ। ਆਪੇ ਲੇਖਾ ਜਾਣੇ ਅਲੱਖਣਾ ਅਲੱਖ, ਅਗੰਮ ਅਗੰਮ ਵੱਡੀ ਵਡਿਆਈਆ। ਆਪੇ ਕਰੇ ਆਪਣਾ ਪੱਖ, ਆਪ ਆਪਣਾ ਸੰਗ ਨਿਭਾਈਆ। ਆਪਣੇ ਮੰਦਰ ਆਪੇ ਵਸ, ਆਪੇ ਆਸਣ ਲਾਈਆ। ਆਪਣੀ ਸੇਜਾ ਆਪੇ ਹੱਸ, ਨਾਰੀ ਕੰਤ ਆਪ ਹੋ ਜਾਈਆ। ਆਪਣੇ ਹਿਰਦੇ ਅੰਦਰ ਆਪੇ ਵਸ, ਆਪ ਆਪਣਾ ਬੀਜ ਬਿਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਆਪ ਚਲਾਈਆ। ਨਿਰਗੁਣ ਧਾਰ ਧੁਰ ਦਰਬਾਰ, ਹਰਿ ਸਾਚੀ ਸਚ ਚਲਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਲੇਖਾ ਲੇਖ ਨਾ ਕੋਈ ਲਿਖਾਈਆ। ਅਬਿਨਾਸ਼ੀ ਕਰਤਾ ਹੋ ਤਿਆਰ, ਪੁਰਖ ਪੁਰਖੋਤਮ ਵਡ ਵਡਿਆਈਆ। ਅਗੰਮ ਅਲੱਖ ਅਗੋਚਰ ਬੇਐਬ ਬੇਐਬ ਪਰਵਰਦਿਗਾਰ, ਨੂਰੋ ਨੂਰ ਡਗਮਗਾਈਆ । ਥਿਰ ਘਰ ਸਾਚਾ ਮੰਦਰ ਕਰ ਤਿਆਰ, ਅੰਦਰ ਬੈਠਾ ਬੇਪਰਵਾਹੀਆ। ਆਦਿ ਜੁਗਾਦੀ ਏਕੰਕਾਰ, ਅਕਲ ਕਲਾ ਵਰਤਾਈਆ। ਪਿਤਾ ਪੂਤ ਨਾ ਕੋਈ ਦੁਲਾਰ, ਭਾਈ ਭੈਣ ਨਾ ਕੋਈ ਅਖਵਾਈਆ। ਸ਼ਬਦ ਅਗੰਮੀ ਇਕ ਜੈਕਾਰ, ਏਕਾ ਨਾਅਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਵਡ ਵਡਿਆਈਆ। ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਆਪੇ ਵਸੇ ਆਪਣੇ ਥਾਂ, ਸਚਖੰਡ ਦੁਵਾਰਾ ਇਕ ਉਪਾਇਆ। ਛੱਪਰ ਛੰਨ ਨਾ ਲਿਆ ਕੋਈ ਛੁਹਾ, ਚਾਰ ਦੀਵਾਰ ਨਾ ਕੋਈ ਬਣਾਇਆ। ਦੀਵਾ ਬਾਤੀ ਨਾ ਲਿਆ ਕੋਈ ਜਗਾ, ਜੋਤੀ ਨੂਰ ਡਗਮਗਾਇਆ। ਕਮਲਾਪਾਤੀ ਆਪ ਅਖਵਾ, ਆਪ ਆਪਣਾ ਬੰਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਏਕਾ ਆਪਣਾ ਨਾਮ ਵਡਿਆਇਆ। ਨਾਮ ਵਡਿਆਈ ਪੁਰਖ ਅਕਾਲ, ਏਕਾ ਏਕ ਅਖਵਾਈਆ। ਜੁਗਾ ਜੁਗੰਤਰ ਦੀਨ ਦਿਆਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਵਜਾਏ ਸਾਚਾ ਤਾਲ, ਧੁਨ ਆਪਣੇ ਹੱਥ ਰਖਾਈਆ। ਸਚਖੰਡ ਦੁਵਾਰੇ ਸ਼ਾਹ ਕੰਗਾਲ, ਥਿਰ ਘਰ ਸਾਚੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਵੱਡੀ ਵਡਿਆਈਆ। ਨਿਰਾਕਾਰ ਪੁਰਖ ਅਬਿਨਾਸ਼ੀ, ਆਪਣਾ ਰੰਗ ਰੰਗਾਇੰਦਾ। ਖੇਲੇ ਖੇਲ ਸ਼ਾਹੋ ਸ਼ਾਬਾਸ਼ੀ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਆਪਣੇ ਮੰਡਲ ਪਾਵੇ ਰਾਸੀ, ਨਾ ਕੋਈ ਦੂਸਰ ਸੰਗ ਰਲਾਇੰਦਾ। ਨਾ ਕੋਈ ਪ੍ਰਿਥਮੀ ਨਾ ਕੋਈ ਅਕਾਸ਼ੀ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਰਵ ਸਸ ਨਾ ਕੋਈ ਪ੍ਰਕਾਸ਼ੀ, ਨਾ ਕੋਈ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਰਗੁਣ ਨੂਰੋ ਨੂਰ ਡਗਮਗਾਇੰਦਾ। ਨੂਰ ਉਜਾਲਾ ਹਰਿ ਗੋਪਾਲਾ, ਜੋਤੀ ਜੋਤ ਕਰੇ ਰੁਸ਼ਨਾਈਆ। ਖੇਲੇ ਖੇਲ ਦੀਨ ਦਿਆਲਾ, ਦਇਆਨਿਧ ਵੱਡੀ ਵਡਿਆਈਆ। ਆਪੇ ਚਲੇ ਆਪਣੀ ਚਾਲਾ, ਚਾਲ ਅਵੱਲੜੀ ਇਕ ਰਖਾਈਆ। ਸਾਚੇ ਮੰਦਰ ਬੈਠ ਸੱਚੀ ਧਰਮਸਾਲਾ, ਸਚਖੰਡ ਦੁਵਾਰਾ ਇਕ ਸੁਹਾਈਆ। ਆਪਣੀ ਕਰੇ ਆਪ ਪ੍ਰਿਤਪਾਲਾ, ਪ੍ਰਿਤਪਾਲਕ ਵਡ ਵਡਿਆਈਆ। ਆਪਣਾ ਫਲ ਲਗਾਏ ਡਾਲ੍ਹਾ, ਫੁੱਲ ਫੁਲਵਾੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਹਰਿ ਹਰਿ ਧਾਰ, ਹਰਿ ਹਰਿ ਆਪ ਉਪਜਾਇੰਦਾ। ਅਗੰਮ ਅਗੰਮੜੀ ਕਰੇ ਕਾਰ, ਅਗੰਮੜੇ ਧਾਮ ਸੁਹਾਇੰਦਾ। ਹੱਡ ਮਾਸ ਨਾੜੀ ਚੰਮੜੇ ਨਾ ਕੋਈ ਪਿਆਰ, ਪੰਜ ਤੱਤ ਨਾ ਕੋਈ ਵਖਾਇੰਦਾ। ਮਾਤ ਪਿਤ ਨਾ ਅੰਮੜੀ ਕੋਈ ਦੁਲਾਰ, ਭੈਣ ਭਾਈ ਨਾ ਕੋਈ ਅਖਵਾਇੰਦਾ। ਪ੍ਰਿਥਮੀ ਅਕਾਸ਼ ਨਾ ਕੋਈ ਸਹਾਰ, ਪੁਰੀਆਂ ਲੋਆਂ ਨਾ ਰਚਨ ਰਚਾਇੰਦਾ। ਗਗਨ ਮੰਡਲ ਨਾ ਕੋਈ ਪਿਆਰ, ਧਰਤ ਧਵਲ ਨਾ ਕੋਈ ਸੁਹਾਇੰਦਾ। ਜੰਗਲ ਜੂਹ ਨਾ ਕੋਈ ਪਹਾੜ, ਸਮੁੰਦ ਸਾਗਰ ਨਾ ਕੋਈ ਰਖਾਇੰਦਾ। ਲੱਖ ਚੁਰਾਸੀ ਨਾ ਕੋਈ ਉਜਿਆਰ, ਮਨ ਮਤ ਬੁੱਧ ਨਾ ਕੋਇ ਰਖਾਇੰਦਾ। ਤੀਰਥ ਤੱਟ ਨਾ ਕੋਈ ਕਿਨਾਰ, ਚੌਦਾਂ ਹੱਟ ਨਾ ਕੋਈ ਖੁਲ੍ਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਪਿਆਰ, ਸ਼ੰਕਰ ਸੰਗ ਨਾ ਕੋਈ ਨਿਭਾਇੰਦਾ। ਕਰੋੜ ਤੇਤੀਸ ਨਾ ਕੋਈ ਅਧਾਰ, ਗਣ ਗੰਧਰਬ ਨਾ ਕੋਈ ਰਖਾਇੰਦਾ। ਸ਼ਾਹ ਸੁਲਤਾਨ ਨਾ ਕੋਈ ਦਰ ਦਰਬਾਨ, ਰਾਜ ਰਾਜਾਨ ਨਾ ਕੋਈ ਅਖਵਾਇੰਦਾ। ਨਾ ਕੋਈ ਦੇਵਣਹਾਰ ਫ਼ਰਮਾਣ, ਨਾ ਕੋਈ ਨਿਉਂ ਨਿਉਂ ਸੀਸ ਝੁਕਾਇੰਦਾ। ਬੱਤੀ ਦੰਦ ਕੋਈ ਨਾ ਗਾਇਣ, ਰਸਨਾ ਜਿਹਵਾ ਨਾ ਕੋਈ ਹਲਾਇੰਦਾ। ਗੁਰ ਪੀਰ ਅਵਤਾਰ ਨਾ ਕੋਈ ਨਿਸ਼ਾਨ, ਸਾਧ ਸੰਤ ਨਾ ਕੋਈ ਦਿਸਾਇੰਦਾ। ਆਦਿ ਜੁਗਾਦੀ ਏਕੰਕਾਰ ਨਿਰਗੁਣ ਰੂਪ ਸ੍ਰੀ ਭਗਵਾਨ, ਨਿਰਾਕਾਰ ਆਪ ਅਖਵਾਇੰਦਾ। ਆਪੇ ਵਸੇ ਸਾਚੇ ਮੰਦਰ ਸਚ ਮਕਾਨ, ਸਚ ਸਿੰਘਾਸਣ ਆਸਣ ਲਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਪਰਮ ਪੁਰਖ ਆਪ ਅਖਵਾਇੰਦਾ। ਆਪੇ ਹੋਏ ਜਾਣੀ ਜਾਣ, ਜਾਨਣਹਾਰ ਨਾਉਂ ਧਰਾਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਵੇਦ ਕਤੇਬ ਭੇਵ ਨਾ ਪਾਇੰਦਾ। ਲੇਖਾ ਜਾਣੇ ਨਾ ਅੰਜੀਲ ਕੁਰਾਨ, ਮੂਸਾ ਈਸਾ ਨਾ ਕੋਈ ਸਦਾਇੰਦਾ। ਖਾਣੀ ਬਾਣੀ ਨਾ ਕੋਈ ਕਲਿਆਣ, ਛੱਤੀ ਰਾਗ ਨਾ ਕੋਈ ਸੁਣਾਇੰਦਾ। ਨਾ ਕੋਈ ਪੂਜਾ ਨਾ ਅਸ਼ਨਾਨ, ਤੀਰਥ ਤੱਟ ਨਾ ਕੋਈ ਵਖਾਇੰਦਾ। ਨਾ ਕੋਈ ਗਿਆਨ ਨਾ ਕੋਈ ਧਿਆਨ, ਇਸ਼ਟ ਦੇਵ ਨਾ ਕੋਈ ਦ੍ਰਿੜਾਇੰਦਾ। ਨਾ ਕੋਈ ਗੁਰੂਦੁਵਾਰ ਵਸੇ ਮਕਾਨ, ਮੰਦਰ ਮਸਜਿਦ ਸ਼ਿਵਦੁਵਾਲਾ, ਮੱਠ ਨਾ ਕੋਈ ਰਹਾਇੰਦਾ। ਆਦਿ ਜੁਗਾਦੀ ਪੁਰਖ ਸੁਲਤਾਨ, ਨਿਰਗੁਣ ਜੋਤ ਡਗਮਗਾਇੰਦਾ। ਖੇਲੇ ਖੇਲ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਹਰਿ ਬ੍ਰਹਿਮਾਦੀ, ਹਰਿ ਹਰਿ ਆਪ ਅਖਵਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਏਕਾ ਏਕੰਕਾਰਿਆ। ਆਪੇ ਪਿਤਾ ਆਪੇ ਮਾਤਾ, ਸੁੱਤ ਦੁਲਾਰਾ ਆਪ ਅਖਵਾ ਰਿਹਾ। ਆਪੇ ਜਾਣੇ ਆਪਣੀ ਉਤਮ ਜ਼ਾਤਾ, ਵਰਨ ਗੋਤ ਨਾ ਕੋਈ ਬਣਾ ਰਿਹਾ। ਬੈਠਾ ਰਹੇ ਇਕ ਇਕਾਂਤਾ, ਅਡੋਲ ਆਪ ਅਕਾਲ ਅਖਵਾ ਰਿਹਾ। ਖੇਲੇ ਖੇਲ ਬਹੁ ਬਹੁ ਭਾਂਤਾ, ਹਰਿ ਕਾ ਭੇਵ ਕੋਈ ਨਾ ਪਾ ਰਿਹਾ। ਆਪੇ ਪੁੱਛੇ ਆਪਣੀ ਵਾਤਾ, ਆਪ ਆਪਣਾ ਮੇਲ ਮਿਲਾ ਰਿਹਾ। ਆਪੇ ਦੇਵਣਹਾਰਾ ਦਾਤਾ, ਆਪਣੀ ਝੋਲੀ ਆਪ ਭਰਾ ਰਿਹਾ। ਆਪੇ ਜਾਣੇ ਸਚ ਸੁਗਾਤਾ, ਸਚ ਭੰਡਾਰ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਏਕਾ ਏਕੰਕਾਰਾ ਖੇਲ ਖਿਲਾ ਰਿਹਾ। ਏਕੰਕਾਰਾ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਪੁਰਖ ਅਬਿਨਾਸ਼ੀ ਬੈਠਾ ਇਕ ਇਕੱਲਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਸਚ ਸਿੰਘਾਸਣ ਆਸਣ ਮੱਲਾ, ਸਚਖੰਡ ਦੁਵਾਰਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸ਼ਾਹੋ ਭੂਪ, ਸਤਿ ਸਰੂਪ ਆਪ ਆਪਣਾ ਨਾਉਂ ਧਰਾਇੰਦਾ। ਆਪਣਾ ਨਾਉਂ ਰੱਖ ਨਿਰੰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਥਿਰ ਘਰ ਮੰਦਰ ਸੋਹੇ ਮੰਦਰ ਸਚ ਦੁਵਾਰ, ਹਰਿ ਬੈਠਾ ਬੇਪਰਵਾਹੀਆ। ਰਾਓ ਰੰਕ ਨਾ ਕੋਈ ਵਿਚਾਰ, ਰਾਜ ਰਾਜਾਨ ਨਾ ਕੋਈ ਵਡਿਆਈਆ। ਸ਼ਾਹ ਸੁਲਤਾਨ ਨਾ ਕੋਈ ਸਿਕਦਾਰ, ਦਰ ਭਿਖਾਰੀ ਨਾ ਕੋਈ ਵਖਾਈਆ। ਨਾ ਕੋਈ ਕਰੇ ਹਾਹਾਕਾਰ, ਨੇਤਰ ਨੀਰ ਨਾ ਕੋਈ ਵਹਾਈਆ। ਨਾ ਕੋਈ ਰੋਵੇ ਜ਼ਾਰੋ ਜ਼ਾਰ, ਹੰਸ ਮੁਖ ਨਾ ਕੋਈ ਸਲਾਹੀਆ। ਨਾ ਕੋਈ ਦਿਸੇ ਕਾਗੀ ਡਾਰ, ਨਾ ਕੋਈ ਕੂੰਜ ਰਹੀ ਕੁਰਲਾਈਆ। ਨਾ ਕੋਈ ਬਗਲਾ ਬਪ ਕਰੇ ਪੁਕਾਰ, ਨਾ ਕੋਈ ਹੰਸਾ ਮੋਤੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰ ਖੇਲ ਕਰ, ਕਰਨੀ ਕਰਤਾ ਆਪਣੀ ਕਰੇ ਵਡਿਆਈਆ। ਹਰਿ ਵਡਿਆਈ ਪੁਰਖ ਸਮਰਥ, ਆਪਣੀ ਆਪ ਕਰਾਇੰਦਾ। ਆਦਿ ਜੁਗਾਦੀ ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਆਪ ਨਿਭਾਏ ਆਪਣਾ ਸਾਥ, ਸਗਲਾ ਸਾਥੀ ਆਪ ਹੋ ਜਾਇੰਦਾ। ਆਪੇ ਜਾਣੇ ਆਪਣੀ ਗਾਥ, ਕਥਾ ਅਕਥ ਕਥ ਨਾ ਕੋਈ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸਚ ਦੁਵਾਰੇ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਸਾਚਾ ਬੇੜਾ ਆਪੇ ਬੰਨ੍ਹ, ਹਰਿ ਸਾਚੀ ਬਣਤ ਬਣਾਈਆ। ਲੋਆਂ ਪੁਰੀਆਂ ਦੇਵੇ ਥੰਮ, ਸ਼ਬਦ ਡੋਰੀ ਇਕ ਬੰਧਾਈਆ। ਸੇਵਾ ਲਾਏ ਸੂਰਜ ਚੰਨ, ਰਵ ਸਸ ਕਰੇ ਰੁਸ਼ਨਾਈਆ। ਆਪੇ ਵਿਸ਼ਨੂੰ ਲਏ ਜੰਮ, ਆਪੇ ਕਵਲਾ ਮੁਖ ਖਿਲਾਈਆ। ਆਪ ਬ੍ਰਹਮਾ ਵੇਤਾ ਰਾਗ ਸੁਣਾਏ ਕੰਨ, ਚਾਰੇ ਵੇਦਾਂ ਕਰੇ ਪੜ੍ਹਾਈਆ। ਆਪੇ ਸ਼ੰਕਰ ਦੇਵਣਹਾਰਾ ਡੰਨ, ਬਾਸ਼ਕ ਤਸ਼ਕਾ ਗਲ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਕਾਰ, ਸਾਕਾਰ ਆਪ ਹੋ ਜਾਈਆ। ਸਾਕਾਰ ਪੁਰਖ ਸਲਤਾਨ, ਨਿਰਗੁਣ ਜੋਤੀ ਜੋਤ ਜਗਾਇੰਦਾ। ਆਪੇ ਵਿਸ਼ਨੂੰ ਵਿਸ਼ਵ ਰੂਪ ਭਗਵਾਨ, ਵਾਸਦੇਵ ਨਾਮ ਧਰਾਇੰਦਾ। ਆਪੇ ਆਤਮਕ ਆਤਮ ਅੰਤਰ ਬ੍ਰਹਮ ਗਿਆਨ, ਪਾਰਬ੍ਰਹਮ ਪ੍ਰਭ ਅਖਵਾਇੰਦਾ। ਆਪੇ ਸ਼ਬਦ ਮੰਤਰ ਬਣ ਗਿਆਨ, ਗੁਣ ਨਿਧਾਨ ਵੇਸ ਵਟਾਇੰਦਾ। ਆਪੇ ਵੇਖੇ ਤ੍ਰੈਗੁਣ ਤੇਰਾ ਸਚ ਮਕਾਨ, ਪੰਜ ਤੱਤ ਨਾਤਾ ਜੋੜ ਜੁੜਾਇੰਦਾ। ਆਪੇ ਖੇਲੇ ਖੇਲ ਮਹਾਨ, ਮਨ ਮਤ ਬੁੱਧ ਸੰਗ ਰਲਾਇੰਦਾ। ਨੌ ਦੁਵਾਰੇ ਖੋਲ੍ਹ ਦੁਕਾਨ, ਆਪਣਾ ਬੰਧਨ ਆਪੇ ਪਾਇੰਦਾ। ਆਪੇ ਕਰਿਆ ਬੰਦ ਮਕਾਨ, ਘਰ ਘਰ ਵਿਚ ਆਪ ਟਿਕਾਇੰਦਾ। ਅੰਮ੍ਰਿਤ ਸਾਚਾ ਪੀਣ ਖਾਣ, ਸਰ ਸਰੋਵਰ ਇਕ ਭਰਾਇੰਦਾ। ਜੋਤ ਨਿਰੰਜਣ ਜਗੇ ਮਹਾਨ, ਸਾਚਾ ਦੀਪਕ ਆਪ ਜਗਾਇੰਦਾ । ਅਨਹਦ ਨਾਮ ਸੱਚੀ ਧੁਨਕਾਨ, ਨਾਦ ਅਨਾਦੀ ਨਾਦ ਵਜਾਇੰਦਾ। ਪੰਚਮ ਮੀਤਾ ਹੋ ਪਰਧਾਨ, ਪੰਚਮ ਮੁਖ ਸਲਾਹਿੰਦਾ। ਸਾਚੇ ਮੰਦਰ ਹੋ ਪ੍ਰਧਾਨ, ਆਪ ਆਪਣਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਕਾਰ, ਸਾਕਾਰ ਵੇਸ ਵਟਾਇੰਦਾ। ਨਿਰਗੁਣ ਸਰਗੁਣ ਏਕਾ ਧਾਰ, ਸਤਿਗੁਰ ਬਣਤ ਬਣਾਈਆ। ਸ਼ਬਦ ਅਗੰਮੀ ਕਰ ਪਿਆਰ, ਅੰਦਰ ਮੰਦਰ ਵੇਖ ਵਖਾਇਆ। ਆਦਿ ਨਿਰੰਜਣ ਖੇਲ ਅਪਾਰ, ਜੋਤ ਨਿਰੰਜਣ ਸੇਵਾ ਲਾਇੰਦਾ। ਦਰਦ ਦੁੱਖ ਭੈ ਭੰਜਣ ਖ਼ਬਰਦਾਰ, ਨਾ ਮਰੇ ਨਾ ਜਾਈਆ। ਲੱਖ ਚੁਰਾਸੀ ਕਰ ਤਿਆਰ, ਸਾਚੀ ਹਾਟੀ ਆਪ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਰਗੁਣ ਮੇਲਾ ਸਰਗੁਣ ਚੇਲਾ, ਘਰ ਸਾਚੇ ਵੱਜੀ ਵਧਾਈਆ । ਏਕਾ ਵਸੇ ਧਾਮ ਇਕੱਲਾ, ਘਰ ਬੈਠਾ ਬੇਪਰਵਾਹੀਆ। ਪੰਚਮ ਮੀਤਾ ਸੱਜਣ ਸੁਹੇਲਾ, ਏਕਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੀ ਵਡਿਆਈਆ। ਨਿਰਗੁਣ ਵਡਿਆਈ ਆਪਣੇ ਰੱਖ ਹੱਥ, ਹਰਿ ਸਾਚੇ ਵਡ ਵਡਿਆਇੰਦਾ। ਸਰਗੁਣ ਦੇਵੇ ਸਾਚੀ ਵੱਥ, ਸਾਚਾ ਬੀਜ ਬਿਜਾਇੰਦਾ। ਦੋਹਾਂ ਵਿਚੋਲਾ ਪੁਰਖ ਸਮਰਥ, ਪਾਰਬ੍ਰਹਮ ਅਖਵਾਇੰਦਾ। ਬ੍ਰਹਮ ਬ੍ਰਹਮ ਪਾਏ ਨੱਥ, ਦਿਸ ਕਿਸੇ ਨਾ ਆਇੰਦਾ। ਸ਼ਬਦ ਜਣਾਈ ਅਕਥਨਾ ਅਕੱਥ, ਏਕਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਕਾਇਆ ਮੰਦਰ ਡੂੰਘੀ ਕੰਦਰ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਨਿਰਗੁਣ ਧਾਰ ਨਿਰਾਕਾਰ ਇਕ ਇਕੱਲਾ ਕਰ ਪਿਆਰ, ਘਟ ਘਟ ਡੇਰਾ ਲਾਇੰਦਾ। ਘਟ ਘਟ ਅੰਦਰ ਆਪੇ ਵਸ, ਆਪਣਾ ਰਾਹ ਬੁਝਾਇੰਦਾ। ਆਪਣੀ ਜੋਤ ਕਰ ਪ੍ਰਕਾਸ਼, ਆਪੇ ਵੇਖ ਵਿਖਾਇੰਦਾ। ਆਪੇ ਪਾਵਣਹਾਰਾ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਆਪੇ ਲੇਖਾ ਜਾਣੇ ਦਸ ਦਸ ਮਾਸ, ਮਾਤ ਗਰਭ ਲੇਖ ਚੁਕਾਇੰਦਾ। ਆਪੇ ਨਿਝ ਘਰ ਸਾਚੇ ਰੱਖੇ ਵਾਸ, ਆਤਮ ਬ੍ਰਹਮ ਆਪ ਅਖਵਾਇੰਦਾ। ਆਪੇ ਵਸੇ ਵਿਚ ਪ੍ਰਭਾਸ, ਫੁੱਲ ਫਲਵਾੜੀ ਆਪ ਲਗਾਇੰਦਾ। ਆਪੇ ਜਾਣੇ ਪ੍ਰਿਥਮੀ ਅਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਾਚੇ ਦਰ, ਸਰਗੁਣ ਸਾਚਾ ਵੇਖ ਵਖਾਇੰਦਾ। ਸਰਗੁਣ ਤੇਰਾ ਸਾਚਾ ਰੂਪ, ਤ੍ਰੈਗੁਣ ਮਾਇਆ ਮੇਲ ਮਿਲਾਇਆ। ਪੰਜ ਤੱਤ ਵਸੇ ਚਾਰੇ ਕੂਟ, ਦੋ ਜਹਾਨਾਂ ਫੇਰੀ ਪਾਇਆ। ਅਬਿਨਾਸ਼ੀ ਕਰਤਾ ਗਿਆ ਤੁਠ, ਆਪ ਆਪਣਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਅਵਤਾਰ, ਏਕਾ ਏਕ ਅਖਵਾਇਆ। ਲੱਖ ਚੁਰਾਸੀ ਬੰਨ੍ਹੇ ਧਾਰ, ਹਰਿ ਹਰਿ ਬਣਤ ਬਣਾਈਆ। ਮਾਨਸ ਮਨੁੱਖ ਕਰ ਤਿਆਰ, ਆਪਣੀ ਬੂਝ ਬੁਝਾਈਆ। ਏਕਾ ਦੀਪਕ ਆਪੇ ਬਾਲ, ਆਪਣੀ ਕਰੇ ਆਪ ਕੁੜਮਾਈਆ। ਆਪਣਾ ਬਣੇ ਮੀਤ ਮੁਰਾਰ, ਆਪਣਾ ਸੱਜਣ ਆਪ ਅਖਵਾਈਆ। ਆਪਣੀ ਰੀਤ ਚਲੇ ਸੰਸਾਰ, ਸਾਚੀ ਰੀਤ ਇਕ ਵਡਿਆਈਆ। ਹਸਤ ਕੀਟ ਏਕਾ ਧਾਰ, ਊਚ ਨੀਚ ਨਾ ਕੋਈ ਵਖਾਈਆ। ਪਤਿਤ ਪੁਨੀਤ ਕਰੇ ਪਿਆਰ, ਪਤਿਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਨਿਰੰਜਣ ਵਡ ਵਡਿਆਈਆ। ਅਲੱਖ ਨਿਰੰਜਣ ਅਗੰਮ ਅਥਾਹ, ਆਪਣਾ ਖੇਲ ਖਿਲਾਇੰਦਾ। ਸਰਗੁਣ ਸਾਚਾ ਮੇਲ ਮਿਲਾ, ਮੇਲ ਮਿਲਾਵਾ ਆਪ ਕਰਾਇੰਦਾ। ਨਿਰਗੁਣ ਦੀਵਾ ਆਪ ਜਗਾ, ਕਮਲਾਪਾਤੀ ਵੇਖ ਵਖਾਇੰਦਾ। ਸਾਚੇ ਮੰਦਰ ਖੋਲ੍ਹ ਤਾਕੀ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਏਕਾ ਬੰਧਨ ਬੰਧ ਬੰਧਾਇੰਦਾ। ਬੰਧਨਹਾਰਾ ਸ਼ਬਦ ਡੋਰ, ਸ਼ਬਦੀ ਸ਼ਬਦ ਵੱਡੀ ਵਡਿਆਈਆ। ਵਸਣਹਾਰ ਅੰਧ ਘੋਰ, ਅੰਧ ਘੋਰ ਆਸਣ ਲਾਈਆ। ਰੱਖਣਹਾਰਾ ਪੰਜ ਚੋਰ, ਪੰਜਾਂ ਚੋਰਾਂ ਕਰੇ ਲੜਾਈਆ। ਚਾੜ੍ਹਣਹਾਰਾ ਸਾਚੇ ਘੋੜ, ਸਾਚਾ ਅਸਵ ਇਕ ਰਖਾਈਆ। ਦੋ ਜਹਾਨਾਂ ਰਿਹਾ ਦੌੜ, ਹਰਿ ਸਾਚੇ ਵਡ ਵਡਿਆਈਆ। ਆਦਿ ਜੁਗਾਦਿ ਲੱਖ ਚੁਰਾਸੀ ਵੇਖੇ ਮਿੱਠਾ ਕੌੜ, ਘਟ ਘਟ ਅੰਦਰ ਖੋਜ ਖੁਜਾਈਆ। ਆਪ ਲਗਾਏ ਦੋ ਜਹਾਨੀ ਏਕਾ ਪੌੜ, ਦਰਗਹਿ ਸਾਚੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਖੇਲ ਕਰ, ਖੇਲੇ ਖੇਲ ਥਾਉਂ ਥਾਈਂਆ। ਪੁਰਖ ਅਬਿਨਾਸ਼ੀ ਸਾਚੀ ਧਾਰ, ਆਪਣੀ ਆਪ ਚਲਾਇੰਦਾ। ਜੁਗਾ ਜੁਗੰਤਰ ਲੈ ਅਵਤਾਰ, ਏਕਾ ਗੁਰ ਅਖਵਾਇੰਦਾ। ਜਨ ਭਗਤਾਂ ਸੁੱਤਾ ਕਰ ਪਿਆਰ, ਸਾਚੇ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਖ ਵਖਾਇੰਦਾ। ਜੁਗਾ ਜੁਗੰਤਰ ਵੇਖਣਹਾਰ, ਹਰਿ ਵੱਡੀ ਵਡਿਆਈਆ। ਨਿਰਗੁਣ ਰੂਪ ਆਪਣਾ ਧਰ, ਸਰਗੁਣ ਮੇਲਾ ਸਹਿਜ ਸੁਭਾਈਆ। ਆਪਣਾ ਮੇਲਾ ਆਪੇ ਕਰ, ਆਪੇ ਮੇਲ ਮਿਲਾਈਆ। ਆਪਣਾ ਭਾਣਾ ਆਪੇ ਜ਼ਰ, ਆਪੇ ਭਾਣਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਬੇਪਰਵਾਹੀਆ। ਸਤਿਜੁਗ ਸਾਚਾ ਉਤਰਿਆ ਪਾਰ, ਤ੍ਰੇਤਾ ਤੇਰਾ ਮੀਤ ਮੁਰਾਰ, ਤ੍ਰੈਗੁਣ ਮੇਲਾ ਵੇਖ ਵਖਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਲੋਕਮਾਤ ਡੇਰਾ ਲਾਇਆ। ਸਾਚੀ ਸਿਖਿਆ ਇਕ ਵਿਚਾਰ, ਏਕਾ ਰੰਗ ਰੰਗਾਇਆ। ਏਕਾ ਘਰ ਇਕ ਦਰਬਾਰ, ਏਕਾ ਬੰਕ ਸੁਹਾਇਆ। ਏਕਾ ਸ਼ਾਹ ਇਕ ਦਰਬਾਰ, ਰਾਜ ਰਾਜਾਨ ਇਕ ਅਖਵਾਇਆ। ਏਕ ਗੀਤਾ ਕਰ ਪਿਆਰ, ਸੀਤਾ ਸੁਰਤੀ ਲਏ ਪ੍ਰਨਾਇਆ। ਏਕਾ ਤੋੜੇ ਗੜ੍ਹ ਹੰਕਾਰ, ਲੰਕਾ ਗੜ੍ਹ ਤੁੜਾਇਆ। ਭਗਤ ਵਛਲ ਕਰ ਪਿਆਰ, ਭਗਤਨ ਮੀਤਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤ੍ਰੀਆ ਵੇਸ ਕਰ, ਤ੍ਰੈਗੁਣ ਖੇਲ ਖਲਾਇਆ। ਖੇਲੇ ਖੇਲ ਪੁਰਖ ਕਰਤਾਰਾ, ਪੁਰਖ ਪੁਰਖੋਤਮ ਵਡ ਵਡਿਆਈਆ। ਵੇਦ ਵਿਆਸਾ ਬਣ ਲਿਖਾਰਾ, ਪੁਰਾਨ ਅਠਾਰਾਂ ਗਿਆ ਗਾਈਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰਾ, ਨਾਮ ਬੰਸਰੀ ਇਕ ਵਜਾਈਆ। ਗੀਤਾ ਗਿਆਨ ਕਰ ਪਿਆਰਾ, ਅਰਜਨ ਇਕ ਸਮਝਾਈਆ। ਬਿਪਰ ਸੁਦਾਮਾ ਕਰ ਪਿਆਰਾ, ਦਰੋਪਦ ਲਾਜ ਰਖਾਈਆ। ਤੋੜਣਹਾਰਾ ਗੜ੍ਹ ਹੰਕਾਰਾ, ਹੰਕਾਰੀ ਗੜ੍ਹ ਤੁੜਾਈਆ। ਅੰਤਮ ਕਰਿਆ ਪਾਰ ਕਿਨਾਰਾ, ਆਪ ਆਪਣਾ ਕਲ ਵਰਤਾਈਆ। ਕਲਜੁਗ ਕੂੜਾ ਕਰ ਪਿਆਰਾ, ਕੂੜਾ ਡੰਕ ਵਜਾਈਆ। ਚਾਰੋਂ ਕੁੰਟ ਧੁੰਧੂਕਾਰਾ, ਵੇਖੇ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਆਪ ਆਪਣੀ ਕਲ ਵਰਤਾਈਆ। ਈਸਾ ਮੂਸਾ ਕਰ ਪਿਆਰਾ, ਅੰਜੀਲਾਂ ਕੁਰਾਨਾਂ ਦਏ ਵਡਿਆਈਆ। ਸੰਗ ਮੁਹੰਮਦ ਚਾਰ ਯਾਰਾ, ਏਕਾ ਕਲਮਾ ਰਿਹਾ ਪੜ੍ਹਾਈਆ। ਬੇਐਬ ਖ਼ੁਦਾਈ ਪਰਵਰਦਿਗਾਰਾ, ਅੱਲਾ ਹੂ ਹੂ ਨਾਅਰਾ ਲਾਈਆ। ਨਾਨਕ ਲੇਖਾ ਧੁਰ ਦਰਬਾਰਾ, ਹਰਿ ਸਾਚਾ ਰਿਹਾ ਜਣਾਈਆ। ਪ੍ਰਗਟ ਹੋਇਆ ਨਿਰਾਧਾਰਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਪਾਇਆ ਵਰ ਪੁਰਖ ਕਰਤਾਰਾ, ਨਾ ਮਰੇ ਨਾ ਜਾਈਆ। ਮਿਲਿਆ ਮੇਲ ਮੀਤ ਮੁਰਾਰਾ, ਵਿਛੜ ਕਦੇ ਨਾ ਜਾਈਆ। ਥਿਰ ਘਰ ਸੋਹਿਆ ਸਚ ਦੁਵਾਰਾ, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਅੰਦਰ ਬਾਹਰ ਕਰੇ ਰੁਸ਼ਨਾਈਆ। ਨਿਰਗੁਣ ਨਿਰਗੁਣ ਢਹਿ ਪਿਆ ਦੁਵਾਰਾ, ਨਾਨਕ ਏਕਾ ਮੰਗ ਮੰਗਾਈਆ। ਲੱਖ ਚੁਰਾਸੀ ਕਰੇ ਪਿਆਰਾ, ਸਾਚਾ ਹੱਟ ਖੁਲ੍ਹਾਈਆ। ਲੱਖ ਚੁਰਾਸੀ ਉਤਰੇ ਪਾਰਾ, ਜੋ ਜਨ ਰਸਨਾ ਗਾਈਆ। ਕਲਜੁਗ ਕੂੜਾ ਹੋਏ ਉਜਿਆਰਾ, ਧੂਆਂਧਾਰ ਸਰਬ ਕਰਾਈਆ। ਨਾ ਕੋਈ ਦਿਸੇ ਕਿਸੇ ਸਹਾਰਾ, ਹਿੰਦੂ ਮੁਸਲਮ ਸਿਖ ਨਾ ਕੋਈ ਸਹਾਈਆ। ਏਕਾ ਜੋਤੀ ਦਸ ਅਵਤਾਰਾ, ਗੋਬਿੰਦ ਵੱਜੀ ਵਧਾਈਆ। ਖੜਗ ਖੰਡਾ ਤੇਜ ਕਟਾਰਾ, ਤਨ ਗਾਤਰੇ ਨਾਮ ਲਟਕਾਈਆ। ਸਾਚਾ ਬਸਤਰ ਅਪਰ ਅਪਾਰਾ, ਤਨ ਸ਼ਸਤਰ ਆਪ ਸਜਾਈਆ। ਸੀਸ ਜਗਦੀਸ਼ ਸੋਹੇ ਦਸਤਾਰਾ, ਕਲਗੀ ਤੋੜਾ ਆਪ ਟਿਕਾਈਆ। ਪੰਚਮ ਮੀਤਾ ਪੰਚ ਪਿਆਰਾ, ਪੰਚਮ ਪੰਚਮ ਕਰੇ ਕੁੜਮਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਅੰਮਿਉਂ ਰਸ ਮੁਖ ਚੁਆਈਆ। ਆਪ ਲੰਘਾਏ ਏਕਾ ਧਾਰਾ, ਏਕਾ ਵਾਰ ਕਰਾਈਆ। ਨਾਮ ਖੰਡਾ ਤੇਜ ਕਟਾਰਾ, ਆਰ ਪਾਰ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,  ਗੁਰਮੁਖ ਸਾਚੇ ਕਰ ਤਿਆਰਾ, ਸਾਚੀ ਬਣਤ ਬਣਾਈਆ। ਆਪੇ ਢਹਿ ਪਿਆ ਦੁਵਾਰਾ, ਆਪਣੀ ਝੋਲੀ ਅੱਗੇ ਡਾਹੀਆ। ਗੁਰ ਚੇਲਾ ਸੋਹੇ ਇਕ ਦੁਵਾਰਾ, ਏਕਾ ਘਰ ਵੱਜੇ ਵਧਾਈਆ । ਤੇਰਾ ਮੇਰਾ ਰੂਪ ਅਪਾਰਾ, ਭੇਵ ਅਭੇਵ ਰਹੇ ਨਾ ਰਾਈਆ। ਵਹਿਗੁਰੂ ਫਤਿਹ ਬੋਲ ਜੈਕਾਰਾ, ਪੁਰਖ ਅਕਾਲ ਇਕ ਮਨਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਖੇਲੇ ਖੇਲ ਬੇਪਰਵਾਹੀਆ। ਮੇਲ ਮਿਲਾਵਾ ਸੁੱਤ ਦੁਲਾਰਾ, ਗੋਬਿੰਦ ਨਾਉਂ ਵਡ ਵਡਿਆਈਆ। ਸਿੰਘ ਰੂਪ ਆਪ ਕਰਤਾਰਾ, ਸਿੰਘ ਸਿੰਘ ਵੇਖ ਵਖਾਈਆ। ਚਾਰ ਕੁੰਟ ਖੇਲ ਅਪਾਰਾ, ਦਹਿ ਦਿਸ਼ਾ ਫੇਰੀ ਪਾਈਆ। ਕਲਜੁਗ ਕੂੜਾ ਰਿਹਾ ਲਲਕਾਰਾ, ਆਪਣਾ ਬਲ ਵਖਾਈਆ। ਆਪੇ ਮੰਗੇ ਬਣ ਭਿਖਾਰਾ, ਦਰ ਬੈਠਾ ਅਲੱਖ ਜਗਾਈਆ। ਗੋਬਿੰਦ ਤੇਰਾ ਸਚ ਦੁਵਾਰਾ, ਖ਼ਾਲੀ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪੇ ਰਿਹਾ ਰਚਾਈਆ। ਗੋਬਿੰਦ ਜੋਧਾ ਸੂਰਬੀਰ ਬਲਕਾਰ, ਏਕਾ ਸ਼ਬਦ ਸੁਣਾਇੰਦਾ। ਕਲਜੁਗ ਤੇਰੀ ਆਏ ਵਾਰ, ਏਕਾ ਢਈਆ ਵਿਚ ਰਖਾਇੰਦਾ। ਕੋਈ ਨਾ ਪਾਵੇ ਤੇਰੀ ਸਾਰ, ਤੇਰਾ ਭੇਵ ਆਪਣੇ ਵਿਚ ਛੁਪਾਇੰਦਾ। ਚਾਰ ਲੱਖ ਬੱਤੀ ਹਜ਼ਾਰ ਗਏ ਹਾਰ, ਲੇਖਾ ਲਿਖਿਆ ਆਪ ਮਿਟਾਇੰਦਾ। ਮਾਰਨਹਾਰਾ ਸਾਚੀ ਮਾਰ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਲੇਖਾ ਚੁੱਕੇ ਵਿਚ ਸੰਸਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ, ਪਾਰਬ੍ਰਹਮ ਭੇਵ ਨਾ ਆਇੰਦਾ। ਕਲਜੁਗ ਕੂਕੇ ਦਏ ਦੁਹਾਈ, ਨੇਤਰ ਨੀਰ ਵਹਾਇਆ। ਵੇਲੇ ਅੰਤ ਨਾ ਕੋਈ ਸਹਾਈ, ਸੰਗ ਮੁਹੰਮਦ ਨਾ ਕੋਈ ਰਖਾਇਆ। ਅੱਲਾ ਰਾਣੀ ਬੈਠੀ ਮੁਖ ਸ਼ਰਮਾਈ, ਚੌਦਾਂ ਚੌਦਾਂ ਵੇਸ ਵਟਾਇਆ। ਚੌਦਾਂ ਤਬਕਾਂ ਪਏ ਲੜਾਈ, ਨਾ ਕੋਈ ਧੀਰਜ ਧੀਰ ਧਰਾਇਆ। ਮੁਲਾਂ ਸ਼ੇਖ਼ ਮੁਸਾਇਕ ਕੁਤਬ ਗੌਂਸ ਨਾ ਕੋਈ ਸਹਾਇਆ। ਨਾ ਕੋਈ ਦੀਸੇ ਨੇਰਨ ਨੇਰ, ਪੀਰਨ ਪੀਰ ਨਾ ਕੋਈ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸ਼ਬਦ ਬੋਲਾ ਸਾਚਾ ਤੋਲਾ, ਏਕਾ ਢੋਲਾ ਆਪੇ ਗਾਇਆ। ਕਲਜੁਗ ਤੇਰਾ ਸਾਚਾ ਪੰਧ, ਹਰਿ ਸਾਚੇ ਆਪ ਮੁਕਾਵਣਾ। ਗੋਬਿੰਦ ਗਾਇਆ ਸਾਚਾ ਛੰਦ, ਹਰਿ ਸਾਚੇ ਪੂਰ ਕਰਾਵਣਾ, ਆਪਣੇ ਘਰ ਪ੍ਰਗਟ ਹੋਏ ਆਪੇ ਨੰਦ, ਆਪ ਆਪਣਾ ਕਰਮ ਕਮਾਵਣਾ। ਤੇਰਾ ਕੱਟੇ ਬੰਦ ਬੰਦ, ਨਾਮ ਖੰਡਾ ਹੱਥ ਰਖਾਵਣਾ। ਮੇਟ ਮਿਟਾਏ ਭੇਖ ਪਖੰਡ, ਜੂਠ ਝੂਠ ਰਹਿਣ ਨਾ ਪਾਵਣਾ। ਆਪੇ ਵੰਡੇ ਸਾਚੀ ਵੰਡ, ਸਾਚਾ ਤੋਲਾ ਆਪ ਅਖਵਾਵਣਾ। ਖੇਲੇ ਖੇਲ ਵਿਚ ਬ੍ਰਹਿਮੰਡ, ਲੋਕਮਾਤ ਵੇਸ ਵਟਾਵਣਾ। ਪਾਵੇ ਸਾਰ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਵਣਾ। ਮਨਮੁਖ ਮੇਟੇ ਨਾਰ ਦੁਹਾਗਣ ਰੰਡ, ਵਿਭਚਾਰ ਨਾ ਕੋਈ ਜਣਾਵਣਾ। ਜਨ ਭਗਤਾਂ ਆਤਮ ਪਾਏ ਠੰਡ, ਅੰਮ੍ਰਿਤ ਆਤਮ ਜਾਮ ਪਿਆਵਣਾ। ਨੰਗੀ ਹੋਏ ਨਾ ਕਦੇ ਕੰਡ, ਸਿਰ ਆਪਣਾ ਹੱਥ ਟਿਕਾਵਣਾ। ਸੋ ਪੁਰਖ ਨਿਰੰਜਣ ਸਾਚਾ ਨਾਮ ਵੰਡ, ਹੰ ਬ੍ਰਹਮ ਇਕ ਰਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਤਿ ਸੰਤੋਖੀ ਇਕ ਗਿਆਨ, ਅੰਦਰ ਮੰਦਰ ਖੋਲ੍ਹ ਦੁਕਾਨ, ਇਕ ਵਣਜ ਨਾਮ ਵਣਜਾਰਾ, ਸਾਚੇ ਹੱਟ ਵਿਕਾਵਣਾ। ਕਲਜੁਗ ਉਠ ਉਠ ਬਲ ਧਾਰ, ਦੋਏ ਜੋੜ ਕਰੇ ਨਿਮਸਕਾਰਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਤੇਰਾ ਦਰ ਸੋਹੇ ਅੰਤਮ ਵਾਰਾ। ਲੱਖ ਚੁਰਾਸੀ ਜਾਏ ਹਾਰ, ਸਾਧ ਸੰਤ ਨਾ ਦਿਸੇ ਸਹਾਰਾ। ਨਾਰੀ ਕੰਤ ਨਾ ਕੋਈ ਪਿਆਰ, ਭੈਣ ਭਾਈ ਨਾ ਕੋਈ ਸਹਾਰਾ। ਪੰਜ ਤੱਤ ਵਿਕਾਰਾ ਹੋਏ ਉਜਿਆਰ, ਕਾਮ ਕਰੋਧ ਲੋਭ ਮੋਹ ਹੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਅੰਤਮ ਆਪੇ ਸਾਰਾ। ਕਲਜੁਗ ਤੇਰਾ ਅੰਤਮ ਰੰਗ, ਹਰਿ ਹਰਿ ਵੇਖ ਵਖਾਵਣਾ। ਪ੍ਰਗਟ ਹੋਏ ਸੂਰਾ ਸਰਬੰਗ, ਪੁਰਖ ਅਬਿਨਾਸ਼ੀ ਖੇਲ ਖਿਲਾਵਣਾ। ਨਾਮ ਵਜਾਏ ਸਚ ਮਰਦੰਗ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਉਠਾਵਣਾ। ਲੋਆਂ ਪੁਰੀਆਂ ਆਪੇ ਲੰਘ, ਲੋਕਮਾਤ ਫੇਰਾ ਪਾਵਣਾ। ਗੋਬਿੰਦ ਵਿਛਾਈ ਸੇਜ ਪਲੰਘ, ਹਰਿ ਸਾਚੇ ਆਸਣ ਲਾਵਣਾ। ਆਪੇ ਧਾਰ ਵਹਾਏ ਗੰਗ, ਆਪੇ ਮੇਟ ਮਿਟਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਰੂਪ ਤੇਰੇ ਦਰ, ਤੇਰਾ ਹਰਿ ਸੁਹਾਵਣਾ। ਕਲਜੁਗ ਤੇਰਾ ਕੂੜ ਪਰਧਾਨ, ਕੂੜਾ ਡੰਕ ਵਜਾਇੰਦਾ। ਰਾਜ ਰਾਜਾਨ ਨਾ ਦਿਸੇ ਕੋਈ ਸ਼ਾਹ ਸੁਲਤਾਨ, ਸਚ ਸੁੱਚ ਨਾ ਕੋਈ ਜਣਾਇੰਦਾ। ਗੁਰ ਕਾ ਮੰਤਰ ਨਾ ਕੋਈ ਗਾਇਣ, ਹਰਿ ਹਿਰਦੇ ਨਾ ਕੋਈ ਵਸਾਇੰਦਾ। ਸਾਚਾ ਰਾਗ ਨਾ ਸੁਨਣ ਕਾਨ, ਨਾਮ ਨਿਧਾਨਾ ਨਾ ਕੋਈ ਵਿਖਾਇੰਦਾ। ਅੰਮ੍ਰਿਤ ਆਤਮ ਨਾ ਮਿਲੇ ਪੀਣ ਖਾਣ, ਰਸ ਮਿੱਠਾ ਕੋਈ ਨਾ ਪਾਇੰਦਾ। ਕਿਸੇ ਨਾ ਵਸਿਆ ਕਾਇਆ ਮੰਦਰ ਸਚ ਮਕਾਨ, ਨੌ ਦੁਵਾਰੇ ਖ਼ਾਲੀ ਸਰਬ ਵਿਖਾਇੰਦਾ। ਕਲਜੁਗ ਤੇਰੀ ਜਗਤ ਦੁਕਾਨ, ਹਰਿ ਸਾਚਾ ਫੋਲ ਫੁਲਾਇੰਦਾ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਲੇਖਾ ਕੋਈ ਰਹਿਣ ਨਾ ਪਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣੀ ਦਇਆ ਕਮਾਇੰਦਾ। ਦੇਵੇ ਨਾਮ ਰਾਮ ਸੱਚੀ ਧੁਨਕਾਨ, ਧੁਨ ਧੁਨੀ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਨਿਸ਼ਾਨ ਹਰਿ ਮਿਹਰਵਾਨ, ਏਕਾ ਏਕ ਵਖਾਇੰਦਾ। ਕਲਜੁਗ ਤੇਰਾ ਅੰਤ ਨਿਸ਼ਾਨ, ਚਾਰ ਕੁੰਟ ਵਿਭਚਾਰਿਆ। ਜੂਠ ਝੂਠ ਹੋਏ ਪਰਧਾਨ, ਸਚ ਸਚ ਸਚ ਜਣਾ ਰਿਹਾ। ਚਾਰੋਂ ਕੁੰਟ ਸੁੰਞ ਮਸਾਣ, ਦਹਿ ਦਿਸ਼ਾ ਹਰਿ ਕਾ ਨਾਮ ਨਾ ਕੋਈ ਗਾ ਰਿਹਾ। ਰਵ ਸਸ ਮੁਖ ਸ਼ਰਮਾਣ, ਤੇਜ ਬਲ ਨਾ ਕੋਈ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ, ਆਪ ਆਪਣੀ ਰਚਨ ਰਚਾ ਰਿਹਾ। ਕਲਜੁਗ ਤੇਰਾ ਅੰਤਮ ਔਣਾ, ਹਰਿ ਸਾਚਾ ਸਚ ਸੁਣਾਇੰਦਾ। ਪੁਰਖ ਅਬਿਨਾਸ਼ੀ ਜਾਮਾ ਪੌਣਾ, ਆਪ ਆਪਣਾ ਨਾਉਂ ਧਰਾਇੰਦਾ। ਨਿਹਕਲੰਕਾ ਨਾਉਂ ਰਖੌਣਾ, ਜਾਗਰਤ ਜੋਤ ਇਕ ਜਗਾਇੰਦਾ। ਗੋਬਿੰਦ ਸਾਚਾ ਸੰਗ ਨਿਭੌਣਾ, ਸ਼ਬਦੀ ਡੰਕ ਵਜਾਇੰਦਾ। ਸੰਬਲ ਨਗਰੀ ਧਾਮ ਸਹੌਣਾ, ਆਪ ਆਪਣਾ ਆਸਣ ਲਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਸੀਸ ਤਾਜ ਨਾ ਕੋਈ ਰਖਾਇੰਦਾ। ਏਕਾ ਢੋਲਾ ਸਾਚਾ ਗੌਣਾ, ਸੋਹੰ ਸ਼ਬਦ ਚਲਾਇੰਦਾ। ਰਾਮ ਕ੍ਰਿਸ਼ਨ ਏਕਾ ਦਰ ਬਹੌਣਾ, ਏਕਾ ਦਰ ਸੁਹਾਇੰਦਾ। ਈਸਾ ਮੂਸਾ ਮੇਲ ਮਿਲੌਣਾ, ਸੰਗ ਮੁਹੰਮਦ ਜੋੜ ਜੁੜਾਇੰਦਾ। ਨਾਨਕ ਨਿਰਗੁਣ ਧਾਰ ਚਲੌਣਾ, ਗੁਰ ਗੋਬਿੰਦ ਖੇਲ ਖਿਲਾਇੰਦਾ। ਫਤਿਹ ਡੰਕਾ ਇਕ ਵਜੌਣਾ, ਰਾਓ ਰੰਕਾਂ ਆਪ ਸਮਝਾਇੰਦਾ। ਚਾਰ ਵਰਨਾਂ ਏਕਾ ਧਾਮ ਬਹੌਣਾ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ। ਜੋਤੀ ਜਾਮਾ ਹਰਿ ਕਰਤਾਰ, ਆਪਣਾ ਆਪ ਉਪਾਇੰਦਾ। ਪ੍ਰਗਟ ਹੋ ਵਿਚ ਸੰਸਾਰ, ਸੋਹੰ ਢੋਲਾ ਗਾਇੰਦਾ। ਗੁਰਮੁਖ ਸਾਜਣ ਲਏ ਉਭਾਰ, ਆਪ ਆਪਣਾ ਮੇਲ ਮਿਲਾਇੰਦਾ । ਬੰਦ ਤਾਕੀ ਖੋਲ੍ਹ  ਕਿਵਾੜ, ਸਾਚੇ ਮੰਦਰ ਦਰਸ ਦਖਾਇੰਦਾ। ਸਤਾਰਾਂ ਹਾੜੀ ਬਾਕੀ ਚੁੱਕੇ ਵਿਚ ਸੰਸਾਰ, ਖ਼ਾਕੀ ਖ਼ਾਕ ਨਾ ਕੋਈ ਸਮਝਾਇੰਦਾ। ਸ਼ਬਦ ਰਾਕੀ ਕਰ ਤਿਆਰ, ਲੋਕਮਾਤ ਆਪ ਸੁਹਾਇੰਦਾ। ਸੋਲਾਂ ਕਲੀਆਂ ਆਸਣ ਪਾਇਆ ਸਿਰਜਣਹਾਰ, ਚਾਰੇ ਰਾਸਾਂ ਹੱਥ ਉਠਾਇੰਦਾ। ਗੁਰਮੁਖਾਂ ਲਹਿਣਾ ਦੇਣਾ ਬਾਕੀ ਚੁਕਾਏ ਆਪ ਕਰਤਾਰ, ਪੂਰਬ ਲਹਿਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਖੇ ਅੰਤ ਨਿਸ਼ਾਨ, ਸਤਿਜੁਗ ਸਾਚਾ ਮਾਰਗ ਲਾਇੰਦਾ। ਗੁਰਮੁਖ ਨੇਤਰ ਸਤਿਗੁਰ ਪੇਖਿਆ, ਵਿਸਰਿਆ ਸੰਸਾਰ। ਜ਼ਾਹਿਰਾ ਜ਼ਹੂਰ ਹਾਜ਼ਰ ਹਜ਼ੂਰ ਸਤਿਗੁਰ ਵੇਖਿਆ, ਮਿਲਿਆ ਮੀਤ ਮੁਰਾਰ। ਦੋ ਜਹਾਨਾਂ ਚੁੱਕਿਆ ਲੇਖਿਆ, ਭਵ ਸਾਗਰ ਉਤਰੇ ਪਾਰ। ਲੇਖੇ ਲੱਗੇ ਮੁੱਛ ਦਾੜ੍ਹੀ ਕੇਸਿਆ, ਜਿਸ ਜਨ ਚਰਨ ਕਰੀ ਨਿਮਸਕਾਰ। ਏਥੇ ਓਥੇ ਮਿਟਾਏ ਭਰਮ ਭੁਲੇਖਿਆ, ਸੁਹਾਏ ਸਚਖੰਡ ਦੁਵਾਰ। ਗੁਰਮੁਖਾਂ ਲਿਖਣਹਾਰਾ ਲੇਖਿਆ, ਕਲਜੁਗ ਅੰਤਮ ਗੁਰਮੁਖਾਂ ਬਣੇ ਦਰ ਭਿਖਾਰ। ਧੁਰ ਮਸਤਕ ਲਾਈ ਸਾਚੀ ਮੇਖਿਆ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਸ਼ਨ ਦੇਵੇ ਅੱਗੇ ਖੜ੍ਹ, ਨਿਰਗੁਣ ਸਰਗੁਣ ਰੂਪ ਆਪ ਕਰਤਾਰ। ਦਸਮ ਦੁਵਾਰਾ ਸਚ ਟਿਕਾਣਾ, ਸਤਿਗੁਰ ਸਾਚੇ ਆਪ ਬਣਾਇਆ। ਉਪਰ ਬੈਠ ਸ਼ਾਹ ਸੁਲਤਾਨ ਸਾਚਾ ਰਾਣਾ, ਸਤਿ ਸਰੂਪੀ ਨਜ਼ਰੀ ਆਇਆ। ਗੁਰਮੁਖ ਵੇਖੇ ਚਤੁਰ ਸੁਜਾਣਾ, ਆਪ ਆਪਣੀ ਦਇਆ ਕਮਾਇਆ। ਆਵਣ ਜਾਵਣ ਚੁੱਕੇ ਜਮ ਕੀ ਕਾਣਾ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਮਾਰਗ ਆਪੇ ਲਾਇਆ। ਸਚ ਤਖਤ ਬੈਠ ਸੁਲਤਾਨ, ਹਰਿ ਘਰ ਸਾਚਾ ਆਪ ਸੁਹਾਇੰਦਾ। ਕਲਜੁਗ ਅੰਤਮ ਹੋਇਆ ਪ੍ਰਧਾਨ, ਜੋਤੀ ਜਾਮਾ ਭੇਖ ਵਟਾਇੰਦਾ। ਗੁਰਮੁਖਾਂ ਦੇਵੇ ਨਾਮ ਨਿਧਾਨ, ਸੋਹੰ ਜਾਮ ਪਿਆਲਾ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਜੋਤੀ ਨੂਰ ਨੂਰ ਉਜਿਆਰ, ਦੇਵੇ ਦਰਸ ਮਿਟੇ ਹਰਸ ਸਰਬ ਸੰਸਾਰ, ਜੋ ਜਨ ਨੇਤਰ ਦਰਸ਼ਨ ਪਾਇੰਦਾ।