Granth 08 Likhat 115: 28 Harh 2016 Bikarmi Bishan Singh de Ghar Gurgaon

੨੮ ਹਾੜ ੨੦੧੬ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ

ਰਾਮ ਨਾਮ ਅਨਮੋਲ, ਗੁਰ ਗੁਰਮੁਖਾਂ ਹੱਟ ਵਿਕਾਇੰਦਾ। ਆਪਣੇ ਕੰਡੇ ਆਪੇ ਤੋਲ, ਪੂਰਾ ਤੋਲ ਇਕ ਕਰਾਇੰਦਾ। ਆਦਿ ਜੁਗਾਦਿ ਜੁਗਾਦੀ ਜੁਗ ਅਡੋਲ, ਏਕਾ ਏਕ ਅਖਵਾਇੰਦਾ। ਸਚ ਭੰਡਾਰਾ ਸਾਚਾ ਖੋਲ੍ਹ, ਸਚ ਸਚ ਵਰਤਾਇੰਦਾ। ਸੋ ਪੁਰਖ ਨਿਰੰਜਣ ਏਕਾ ਅੱਖਰ ਬੋਲ, ਹੰ ਬ੍ਰਹਮ ਰੂਪ ਵਟਾਇੰਦਾ। ਵਸਣਹਾਰਾ ਸਦਾ ਕੋਲ, ਦਰ ਮੰਦਰ ਘਰ ਸੁਹਾਇੰਦਾ। ਆਪਣੀ ਫੁਲਵਾੜੀ ਆਪੇ ਮੌਲ, ਰੁੱਤ ਬਸੰਤ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਣਜ ਵਣਜਾਰਾ ਇਕ ਅਖਵਾਇੰਦਾ। ਰਾਮ ਨਾਮ ਸਾਚੀ ਦਾਤ, ਹਰਿਜਨ ਹੱਥ ਵਡਿਆਈਆ। ਦੇਵਣਹਾਰ ਪੁਰਖ ਅਬਿਨਾਸ਼, ਪੂਰਨ ਆਸ ਕਰਾਈਆ। ਸਾਚਾ ਲੇਖਾ ਸਵਾਸ ਸਵਾਸ, ਗੁਰ ਸਤਿਗੁਰ ਗਣਤ ਗਣਾਈਆ। ਪੂਰਬ ਲਹਿਣਾ ਧੁਰ ਧਰਵਾਸ, ਧਰ ਧਰਨੀ ਧਰਤ ਚੁਕਾਈਆ। ਲੇਖਾ ਲਿਖੇ ਪ੍ਰਿਥਮੀ ਅਕਾਸ਼, ਆਤਮ ਨਿਵਾਸ ਸਹਿਜ ਸੁਖਦਾਈਆ । ਕਰੇ ਕਰਾਏ ਪੂਰੀ ਆਸ, ਆਪ ਆਪਣੀ ਦਇਆ ਕਮਾਈਆ। ਸਦਾ ਸੁਹੇਲਾ ਵਸੇ ਪਾਸ, ਸਦ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਏਕਾ ਰਾਸ, ਮੰਡਲ ਇਕ ਸੁਹਾਈਆ। ਰਾਮ ਨਾਮ ਕਰ ਪ੍ਰਕਾਸ਼, ਪੁਰਖ ਪੁਰਖੋਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸਤ ਏਕਾ ਹੱਟ ਵਖਾਈਆ । ਰਾਮ ਨਾਮ ਨਿਰਗੁਣ ਧਾਰ, ਨਿਰਗੁਣ ਆਪ ਉਪਜਾਇੰਦਾ। ਰਾਮ ਨਾਮ ਸਰਬ ਗੁਣ ਸਾਰ, ਸਰਗੁਣ ਵਿਚ ਟਿਕਾਇੰਦਾ। ਰਾਮ ਨਾਮ ਵਣਜ ਵਪਾਰ, ਲੱਖ ਚੁਰਾਸੀ ਆਪ ਕਰਾਇੰਦਾ। ਰਾਮ ਨਾਮ ਜਗਤ ਉਰਧਾਰ, ਹਰਿ ਹਿਰਦੇ ਵਿਚ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਤਰ ਰਾਮ ਨਾਮ ਆਪ ਉਪਾਇੰਦਾ। ਰਾਮ ਨਾਮ ਸ਼ਬਦ ਸੰਦੇਸ਼, ਸਤਿਗੁਰ ਪੁਰਖ ਸੁਣਾਇੰਦਾ। ਰਾਮ ਨਾਮ ਘਟ ਘਟ ਪ੍ਰਵੇਸ, ਪਰਮ ਪੁਰਖ ਅਖਵਾਇੰਦਾ। ਰਾਮ ਨਾਮ ਨਰ ਨਰੇਸ਼, ਨਰ ਨਰਾਇਣ ਆਪ ਅਖਵਾਇੰਦਾ। ਰਾਮ ਨਾਮ ਅਵੱਲੜਾ ਵੇਸ, ਜੁਗ ਜੁਗ ਆਪ ਵਟਾਇੰਦਾ। ਸੋ ਪੁਰਖ ਨਿਰੰਜਣ ਕਰੇ ਆਦੇਸ਼, ਹੰ ਬ੍ਰਹਮ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਜਾਇੰਦਾ। ਰਾਮ ਨਾਮ ਨਾਮ ਨਿਰੰਕਾਰ, ਨਿਰਗੁਣ ਨਾਉਂ ਧਰਾਇਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸ਼ਬਦ ਸ਼ਬਦੀ ਵੇਸ ਵਟਾਇਆ। ਰੂਪ ਰੰਗ ਰੰਗ ਰੂਪ ਤੇ ਵਸਿਆ ਬਾਹਰ, ਲੇਖਾ ਲੇਖ ਨਾ ਕੋਈ ਜਣਾਇਆ। ਸਾਚਾ ਭੂਪ ਸੱਚੀ ਸਰਕਾਰ, ਸਚ ਸੁਲਤਾਨ ਗੁਣ ਨਿਧਾਨ ਸ਼ਬਦ ਅਖਵਾਇਆ। ਖੇਲੇ ਖੇਲ ਖੇਲ ਮਹਾਨ, ਮਿਹਰਬਾਨ ਭੇਵ ਨਾ ਰਾਇਆ। ਆਦਿ ਜੁਗਾਦੀ ਨੌਜੁਵਾਨ, ਨਾ ਮਰੇ ਨਾ ਜਾਇਆ। ਭੇਖਾਧਾਰੀ ਦੋ ਜਹਾਨ, ਜੁਗਾ ਜੁਗੰਤਰ ਵੇਖ ਵਖਾਇਆ। ਨਾਮ ਨਾਮਾ ਤੀਰ ਕਮਾਨ, ਖੰਡਾ ਖੜਗ ਆਪ ਉਠਾਇਆ। ਸੋ ਪੁਰਖ ਨਿਰੰਜਣ ਮਾਰੇ ਇਕ ਨਿਸ਼ਾਨ, ਹੰ ਬ੍ਰਹਮ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਆਪਣਾ ਨਾਮ ਦ੍ਰਿੜਾਇਆ। ਰਾਮ ਨਾਮ ਨਾਮ ਵਡਿਆਈ, ਹਰਿ ਸੱਚਾ ਵਡ ਵਡਿਆਇੰਦਾ। ਰਾਮ ਨਾਮ ਨਾਮ ਕੁੜਮਾਈ, ਹਰਿ ਸਤਿਗੁਰ ਆਪ ਕਰਾਇੰਦਾ। ਰਾਮ ਨਾਮ ਵੱਜੇ ਵਧਾਈ, ਗੁਰ ਸਤਿਗੁਰ ਵੇਖ ਵਖਾਇੰਦਾ। ਰਾਮ ਨਾਮ ਮੇਲ ਮਿਲਾਵਾ ਸਹਿਜ ਸੁਭਾਈ, ਘਰ ਮੰਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਖੇਲ ਕਰ, ਹੰ ਬ੍ਰਹਮ ਮੇਲ ਮਿਲਾਇੰਦਾ। ਰਾਮ ਨਾਮ ਨਾਮ ਗੁਣ ਨਿਧਾਨ, ਭੇਵ ਅਭੇਦ ਛੁਪਾਇਆ। ਪੁਰਖ ਅਬਿਨਾਸ਼ੀ ਚਤੁਰ ਸੁਜਾਨ, ਆਪ ਆਪਣਾ ਖੇਲ ਖਿਲਾਇਆ। ਭੇਵ ਨਾ ਪਾਇਣ ਵੇਦ ਪੁਰਾਨ, ਕੋਟ ਕੋਟਾਂ ਰਹੇ ਗਾਇਆ। ਖਾਣੀ ਬਾਣੀ ਨਾ ਕਰੇ ਪਛਾਣ, ਲੱਖ ਚੁਰਾਸੀ ਮੁਖ ਭੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਰਾਮ ਨਾਮ ਆਪੇ ਧਰ, ਧਰਤ ਧਵਲ ਸੁਹਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ, ਹਰਿਜਨ ਵੇਖ ਵਖਾਇੰਦਾ। ਚਰਨ ਧੂੜ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਇੰਦਾ। ਲੱਖ ਚੁਰਾਸੀ ਚੁਕਾਏ ਡਰ, ਆਪਣਾ ਰੰਗ ਰੰਗਾਇੰਦਾ। ਆਪੇ ਦੇਵੇ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸੋਹੰ ਅੱਖਰ ਪੜ੍ਹ, ਏਕਾ ਰਾਗ ਅਲਾਇੰਦਾ। ਤੋੜ ਤੁੜਾਏ ਹੰਕਾਰੀ ਗੜ੍ਹ, ਗੜ੍ਹ ਹੰਕਾਰ ਰਹਿਣ ਨਾ ਪਾਇੰਦਾ। ਜਗਤ ਵਿਕਾਰਾ ਆਪੇ ਫੜ, ਆਪੇ ਮਾਰ ਮੁਕਾਇੰਦਾ। ਸ਼ਬਦ ਸਰੂਪੀ ਸਤਿਗੁਰ ਫੜਾਏ ਲੜ, ਗੁਰਮੁਖ ਰਾਮ ਨਾਮ ਫੜਾਇੰਦਾ। ਅੰਦਰ ਮੰਦਰ ਸਾਚੇ ਵੜ, ਘਰ ਸਾਚਾ ਆਪ ਸੁਹਾਇੰਦਾ। ਪੌੜੀ ਪੌੜੀ ਜਾਏ ਚੜ੍ਹ, ਚੌਥਾ ਡੰਡਾ ਹੱਥ ਰਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤੱਤ ਨਾ ਕੋਈ ਉਪਾਇੰਦਾ। ਨਿਰਗੁਣ ਸਰਗੁਣ ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਇੰਦਾ। ਆਪਣਾ ਨਾਉਂ ਆਪੇ ਰੱਖ, ਆਪੇ ਵੇਖ ਵਖਾਈਆ। ਆਪੇ ਨਿਰਗੁਣ ਹੋ ਪ੍ਰਤੱਖ, ਸਰਗੁਣ ਰੂਪ ਵਟਾਈਆ। ਆਪ ਆਪਣਾ ਆਪ ਕਰੇ ਵੱਖ, ਅੰਗੀਕਾਰ ਆਪ ਅਖਵਾਈਆ। ਆਪੇ ਖੇਲੇ ਚਾਰ ਕੂਟ ਉਤਰ ਪੂਰਬ ਪੱਛਮ ਦੱਖਣ ਵੱਖ, ਦਹਿ ਦਿਸ਼ਾ ਆਪ ਹੋ ਜਾਈਆ। ਆਪੇ ਨਾਉਂ ਧਰਾਏ ਅਲੱਖਣਾ ਅਲੱਖ, ਅਗੰਮ ਅਗੋਚਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਮ ਆਪੇ ਵਣਜ ਕਰਾਈਆ। ਰਾਮ ਨਾਮ ਸਚ ਵਪਾਰ, ਹਰਿ ਸਤਿਗੁਰ ਆਪ ਕਰਾਇੰਦਾ। ਕਾਗ਼ਜ਼ ਕਲਮ ਨਾ ਪਾਏ ਸਾਰ, ਮਸ ਮੁੱਖ ਸ਼ਰਮਾਇੰਦਾ। ਅਠਾਰਾਂ ਭਾਰ ਰੋਣਾ ਜ਼ਾਰੋ ਜ਼ਾਰ, ਪਤ ਡਾਲ੍ਹੀ ਦਿਸ ਨਾ ਆਇੰਦਾ। ਬ੍ਰਹਮਾ ਵੇਤਾ ਹਾਹਾਕਾਰ, ਵੇਦ ਵਿਆਸਾ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਨਾਮ ਆਪਣਾ ਆਪ ਆਪ ਵਰਤਾਇੰਦਾ। ਵਡ ਵਡਿਆਈ ਹਰਿ ਹਰਿ ਨਾਉਂ, ਲਿਖਿਆ ਲੇਖ ਨਾ ਜਾਣਿਆ। ਨਾ ਕੋਈ ਨਗਰ ਨਾ ਕੋਈ ਗਾਉਂ, ਨਾ ਦਿਸੇ ਕੋਈ ਟਿਕਾਨਿਆ। ਨਾ ਕੋਈ ਖੇੜਾ ਨਾ ਗਰਾਉਂ, ਨਾ ਕੋਈ ਜਾਣੇ ਹਰਿ ਹਰਿ ਭਾਣਿਆ। ਖੇਲੇ ਖੇਲ ਅਗੰਮ ਅਥਾਹੋ, ਜੁਗ ਜੁਗ ਹੋਏ ਮਾਤ ਪ੍ਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪੇ ਪਕੜੇ ਬਾਹੋਂ, ਧੁਰ ਮਸਤਕ ਲੇਖ ਪਛਾਣਿਆ। ਧੁਰ ਮਸਤਕ ਲੇਖਾ ਰਾਮ ਨਾਮ, ਰਤਨ ਅਮੋਲਕ ਹੀਰਾ ਲਾਲ। ਕਰਨੀ ਕਰਤਾ ਪੂਰਾ ਕਰੇ ਕਾਮ, ਆਦਿ ਜੁਗਾਦੀ ਦੀਨ ਦਿਆਲ। ਸ਼ਬਦ ਅਨਾਦੀ ਸਾਚੀ ਤੂਰ, ਨਾਦ ਤੂਰਤ ਵਜਾਏ ਸੱਚੀ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਬ੍ਰਹਿਮਾਦੀ ਏਕਾ ਨਾਮ ਆਦਿ ਜੁਗਾਦੀ, ਜੁਗ ਜੁਗ ਚਲੇ ਚਲਾਏ ਆਪਣੀ ਚਾਲ। ਆਦਿ ਜੁਗਾਦੀ ਹਰਿ ਕਾ ਨਾਮ, ਹਰਿ ਹਰਿ ਆਪ ਧਰਾਇਆ। ਜੁਗ ਜੁਗ ਪੂਰਨ ਕਰੇ ਕਾਮ, ਕਾਰਜ ਕਰਦਾ ਆਇਆ। ਜਗਤ ਮੇਟੇ ਅੰਧੇਰੀ ਸ਼ਾਮ, ਸਾਚਾ ਚੰਦ ਚੜ੍ਹਾਇਆ। ਜਨ ਭਗਤਾਂ ਪਿਆਏ ਏਕਾ ਜਾਮ, ਤ੍ਰਿਸ਼ਨਾ ਤ੍ਰਿਖਾ ਮਿਟਾਇਆ। ਸਾਚਾ ਪੱਲੇ ਬੰਨੇ ਦਾਮ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਨਾਮ ਇਕ ਸਲਾਹਿਆ। ਰਾਮ ਨਾਮ ਸਿਫ਼ਤ ਸਲਾਹੋ, ਸਾਗਰ ਸਿੰਧ ਸੰਸਾਰਿਆ। ਹਰਿਜਨ ਬਣੇ ਆਪ ਮਲਾਹੋ, ਬੇੜਾ ਕਰੇ ਪਾਰ ਕਿਨਾਰਿਆ। ਵੇਖ ਵਖਾਏ ਥਾਉਂ ਥਾਉਂ, ਦਹਿ ਦਿਸ਼ਾ ਪਾਵੇ ਸਾਰਿਆ। ਪਕੜ ਉਠਾਏ ਫੜ ਫੜ ਬਾਹੋਂ, ਆਪ ਆਪਣੀ ਸੇਵ ਕਮਾ ਰਿਹਾ। ਕਲਜੁਗ ਕਰੇ ਸਚ ਨਿਆਉਂ, ਕੂੜੀ ਕਿਰਿਆ ਵੇਖ ਵਖਾ ਰਿਹਾ। ਸੋਹੰ ਜਪਾਏ ਸਾਚਾ ਨਾਉਂ, ਸੋ ਪੁਰਖ ਨਿਰੰਜਣ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਨਾਮ ਨਾਮ ਅਦੇਸ, ਜਨ ਭਗਤਾਂ ਦੇਵੇ ਸਚ ਸੰਦੇਸ਼, ਸ਼ਬਦ ਸੁਨੇਹੁੜਾ ਇਕ ਸੁਣਾ ਰਿਹਾ। ਸ਼ਬਦ ਸੁਨੇਹੁੜਾ ਧੁਰ ਦਰਬਾਰ, ਗੁਰ ਸਤਿਗੁਰ ਆਪ ਜਣਾਈਆ। ਪਤਿਪਰਮੇਸ਼ਵਰ ਕਰ ਪਿਆਰ, ਗੁਰਮੁਖ ਗੁਰ ਵੇਖ ਵਖਾਈਆ। ਦੀਵਾ ਬਾਤੀ ਕਮਲਾਪਾਤੀ ਕਰ ਕਰ ਉਜਿਆਰ, ਅੰਧੇਰੀ ਰਾਤੀ ਮੇਟ ਮਿਟਾਈਆ। ਬੂੰਦ ਸਵਾਂਤੀ  ਠੰਡੀ ਠਾਰ, ਆਪਣਾ ਨਾਉਂ ਪਿਆਈਆ। ਧੁਨ ਅਨਾਦ ਸ਼ਬਦ ਜੈਕਾਰ, ਸੋਹੰ ਸਚ ਪੜ੍ਹਾਈਆ। ਮੋਹਣ ਮਾਧਵ ਮਾਧੀ ਰੂਪ ਅਪਾਰ, ਨਿਰਭੈ ਰੂਪ ਇਕ ਦਰਸਾਈਆ। ਆਦਿ ਜੁਗਾਦੀ ਸਾਚੀ ਕਾਰ, ਜੁਗ ਜੁਗ ਵੇਸ ਵਟਾਈਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਇਕ ਇਕੱਲਾ ਖ਼ਬਰਦਾਰ, ਦੂਜੀ ਕੁਦਰਤ ਵਿਚ ਸਮਾਈਆ। ਤਿਨ੍ਹਾਂ ਲੋਕਾਂ ਕਰ ਵਿਚਾਰ, ਚੌਥੇ ਘਰ ਕਰੇ ਕੁੜਮਾਈਆ। ਪੰਚਮ ਸੋਹੇ ਬੰਕ ਦੁਵਾਰ, ਛੇਵਾਂ ਛੱਪਰ ਨਾ ਕੋਈ ਸੁਹਾਈਆ। ਸਤਵਾਂ ਸਤਿ ਪੁਰਖ ਨਿਰੰਜਣ ਮੀਤ ਮੁਰਾਰ, ਸਾਂਤਕ ਸਤਿ ਸਤਿ ਵਰਤਾਈਆ । ਅਠਵਾਂ ਤੱਤਾਂ ਅੱਠਾਂ ਵਸਿਆ ਬਾਹਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨੌ ਦੁਵਾਰ ਨਾ ਕੋਈ ਕਿਵਾੜ, ਨੌ ਨੌ ਨਾ ਕੋਈ ਵਡਿਆਈਆ। ਦਸਮ ਦੁਵਾਰੀ ਖੋਲ੍ਹ ਕਿਵਾੜ, ਆਪ ਆਪਣਾ ਰੂਪ ਵਟਾਈਆ। ਇਕ ਗਿਆਰਾਂ ਕਰ ਪਿਆਰ, ਦਸ ਦਸ ਵੱਜੇ ਵਧਾਈਆ। ਲੇਖਾ ਜਾਣੇ ਗਿਆਰਾਂ ਹਾੜ, ਵਦੀ ਸੁਦੀ ਨਾ ਲੇਖ ਜਣਾਈਆ। ਜਗਤ ਬਿਕ੍ਰਮੀ ਨਾ ਕੋਈ ਪਿਆਰ, ਨਾ ਈਸਵੀ ਕਰੇ ਕੁੜਮਾਈਆ। ਪੁਰਖ ਅਗੰਮਾ ਖੇਲ ਅਪਾਰ, ਆਪ ਅਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਾ ਰੂਪ ਆਪੇ ਧਰ, ਰਾੜਾ ਰਾੜ ਸਰਬ ਮਿਟਾਈਆ। ਇਕ ਇਕ ਇਕ ਅਕਾਰ, ਏਕਾ ਏਕ ਰੰਗ ਰੰਗਾਇਆ। ਦਸਮ ਦੁਵਾਰੀ ਵਿਚ ਸੰਸਾਰ, ਮਾਨਸ ਮਨੁੱਖ ਖੇਲ ਖਲਾਇਆ। ਏਕਾ ਏਕ ਆਏ ਜਾਏ ਬਾਹਰ, ਆਵਤ ਜਾਵਤ ਦਿਸ ਨਾ ਆਇਆ, ਏਕਾ ਨਿਰਗੁਣ ਨਿਰਗੁਣ ਧਾਰ, ਏਕਾ ਸਰਗੁਣ ਸਰਗੁਣ ਮੇਲ ਮਿਲਾਇਆ । ਏਕਾ ਏਕ ਸਰਗੁਣ ਛੁਟਿਆ ਸੰਸਾਰ, ਏਕਾ ਏਕ ਨਿਰਗੁਣ ਵਿਚ ਟਿਕਾਇਆ। ਅਭੇਵ ਅਭੇਦਾ ਭੇਵ ਕਰਤਾਰ, ਹਰਿ ਕਾ ਰੂਪ ਆਪ ਹੋ ਜਾਇਆ। ੜਾੜਾ ਲੇਖ ਨਾ ਜਾਣੇ ਜੀਵ ਗਵਾਰ, ਬ੍ਰਹਮਾ ਵੇਤਾ ਭੇਵ ਨਾ ਰਾਇਆ। ਪੁਰਖ ਅਬਿਨਾਸ਼ੀ ਹੋ ਉਜਿਆਰ, ਆਪ ਆਪਣਾ ਰੰਗ ਰੰਗਾਇਆ। ਕਲਜੁਗ ਅੰਤਮ ਹਰਿ ਨਿਰੰਕਾਰ, ਦੀਵਾ ਬਾਤੀ ਇਕ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕ ਜੁੜਿਆ ਜੋੜਾ, ਜੋੜੀ ਜੋੜ ਆਪ ਜੁੜਾਇਆ। ਇਕ ਹਰਿ ਇਕ ਨਰ, ਇਕ ਇਕ ਨਾਲ ਬੰਧਾਈਆ। ਇਕ ਗੁਰ ਇਕ ਅਵਤਾਰ ਏਕਾ ਘਰ ਕਰੇ ਕੁੜਮਾਈਆ। ਏਕਾ ਗੁਰਮੁਖ ਲਏ ਵਰ, ਏਕਾ ਘਰ ਵੱਜੇ ਵਧਾਈਆ। ਏਕਾ ਗੁਰਸਿਖ ਪੱਲਾ ਲਏ ਫੜ, ਏਕਾ ਸਤਿਗੁਰ ਰੂਪ ਵਟਾਈਆ। ਏਕਾ ਇਕ ਅੱਖਰ ਲਏ ਪੜ੍ਹ, ਏਕਾ ਕਰੇ ਨਾਉਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕ ਬਣ ਗਿਆਰਾਂ, ਲੇਖਾ ਜਾਣੇ ਹਾੜ ਗਿਆਰਾਂ, ਯਾਰ ਯਾਰਾਂ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਜੁਗ ਜਗਤ ਜੁਗਤ ਆਪਣੇ ਹੱਥ ਰਖਾਈਆ।