੧੧ ਸਾਵਣ ੨੦੧੬ ਬਿਕ੍ਰਮੀ ਪਿੰਡ ਭੂੰਡਰ
ਹਰਿ ਸਤਿਗੁਰ ਸੱਚਾ ਦੀਨ ਦਿਆਲ, ਬੇਅੰਤ ਬੇਅੰਤ ਬੇਅੰਤਿਆ। ਲੋਕਮਾਤ ਬਣ ਦਲਾਲ, ਗੁਰਮੁਖ ਤਾਰੇ ਸਾਚੇ ਸੰਤਿਆ। ਜਗਤ ਜੁਗ ਅਵੱਲੜੀ ਚਾਲ, ਖੇਲੇ ਖੇਲ ਸ੍ਰੀ ਭਗਵੰਤਿਆ। ਜਨ ਭਗਤਾਂ ਦੇਵੇ ਨਾਮ ਸੱਚਾ ਧਨ ਮਾਲ, ਆਪ ਆਪਣੀ ਦਇਆ ਕਮੰਤਿਆ। ਗੁਰਸਿਖ ਸਾਜਣ ਘਾਲਣ ਸਾਚੀ ਘਾਲ, ਏਕਾ ਭਗਤੀ ਨਾਮ ਦ੍ਰਿੜੰਤਿਆ। ਫਲ ਲਗਾਵੇ ਕਾਇਆ ਡਾਲ੍ਹ, ਅੰਮ੍ਰਿਤ ਮੇਵਾ ਇਕ ਖੁਵੰਤਿਆ। ਤੋੜਨਹਾਰਾ ਜਗਤ ਜੰਜਾਲ, ਸਿਰ ਸਮਰਥ ਹੱਥ ਰਖੰਤਿਆ। ਦਿਵਸ ਰੈਣ ਕਰੇ ਪ੍ਰਿਤਪਾਲ, ਨੇੜੇ ਦੂਰ ਵੇਖ ਵਖੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲੰਤਿਆ। ਮੇਲਣਹਾਰਾ ਸਰਬ ਜੀਅ ਦਾਤਾ, ਪਾਰਬ੍ਰਹਮ ਗੁਰ ਕਰਤਾਰਿਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਨਾਤਾ, ਚਰਨ ਪ੍ਰੀਤੀ ਇਕ ਵਖਾ ਰਿਹਾ। ਸਦਾ ਸਹਾਈ ਪਿਤਾ ਮਾਤਾ, ਪੂਤ ਸਪੂਤਾ ਗਲੇ ਲਗਾ ਰਿਹਾ। ਦੇਵਣਹਾਰਾ ਸਾਚੀ ਦਾਤਾ, ਨਾਮ ਵਸਤ ਝੋਲੀ ਪਾ ਰਿਹਾ। ਮੇਟੇ ਰੈਣ ਅੰਧੇਰੀ ਰਾਤਾ, ਜਗ ਬੰਧਨ ਤੋੜ ਤੁੜਾ ਰਿਹਾ। ਰਸਨਾ ਗਾਈ ਹਰਿ ਹਰਿ ਗਾਥਾ, ਗੋਬਿੰਦ ਮੇਲਾ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਹਰਿਜਨ ਸੱਚਾ ਦਾਸਨ ਦਾਸ, ਸੇਵਕ ਸੇਵ ਵੱਡੀ ਵਡਿਆਈਆ। ਹਰਿ ਹਰਿ ਹਿਰਦੇ ਰੱਖ ਵਾਸ, ਨਿਜ ਆਤਮ ਬ੍ਰਹਮ ਜਣਾਈਆ। ਜੋਤੀ ਨੂਰ ਨੂਰ ਪ੍ਰਕਾਸ਼, ਦੀਵਾ ਬਾਤੀ ਇਕ ਜਗਾਈਆ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਰਹੇ ਗਾਈਆ। ਪਾਵੇ ਸਾਰ ਪ੍ਰਿਥਮੀ ਅਕਾਸ਼, ਪਤਿਤ ਪਾਵਣ ਵਡ ਵਡਿਆਈਆ। ਹਰਿਜਨ ਨਾ ਹੋਏ ਕਦੇ ਉਦਾਸ, ਆਦਿ ਜੁਗਾਦੀ ਵੇਖ ਵਖਾਈਆ। ਸੰਤਨ ਮੀਤਾ ਦਾਸੀ ਦਾਸ, ਸੇਵਕ ਸੇਵਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਲੇਖਾ ਰਿਹਾ ਚੁਕਾਈਆ। ਗੁਰਮੁਖ ਲੇਖਾ ਹਰਿ ਚੁਕੌਣਾ, ਆਪਣੀ ਦਇਆ ਕਮਾਇੰਦਾ। ਪੂਰਬ ਲਹਿਣਾ ਝੋਲੀ ਪੌਣਾ, ਨੇਤਰ ਨੈਣਾਂ ਦਰਸ ਦਖਾਇੰਦਾ। ਆਤਮ ਮਧ ਜਾਮ ਪਿਔਣਾ, ਏਕਾ ਰਸ ਵਖਾਇੰਦਾ। ਸ਼ਬਦ ਸੁਰ ਤਾਲ ਵਜੌਣਾ, ਏਕਾ ਰਾਗ ਅਲਾਇੰਦਾ। ਕਾਗ ਹੰਸ ਆਪ ਬਣੌਣਾ, ਏਕਾ ਮੋਤੀ ਚੋਗ ਵਖਾਇੰਦਾ। ਪਿਛਲਾ ਦਾਗ਼ ਆਪੇ ਲਾਹੌਣਾ, ਸਾਚੇ ਮਾਰਗ ਆਪੇ ਪਾਇੰਦਾ। ਚਰਨ ਧੂੜੀ ਮਜਨ ਮਾਘ ਆਪ ਕਰੌਣਾ, ਦਰ ਘਰ ਸਾਚੇ ਫੇਰਾ ਪਾਇੰਦਾ। ਜਗਤ ਤ੍ਰਿਸ਼ਨਾ ਅੱਗ ਬੁਝੌਣਾ, ਸਾਂਤਕ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਵੇਖਣਹਾਰਾ ਹਰਿ ਭਗਵਾਨ, ਆਦਿ ਜੁਗਾਦਿ ਵੱਡੀ ਵਡਿਆਈਆ। ਜੁਗਾ ਜੁਗੰਤਰ ਵੇਖੇ ਮਾਰ ਧਿਆਨ, ਕਲਜੁਗ ਅੰਤਮ ਦਾਤਾ ਬੇਪਰਵਾਹੀਆ। ਏਕਾ ਦੇਵੇ ਧੁਰ ਫ਼ਰਮਾਣ, ਸਾਚੀ ਸਿਖਿਆ ਨਾਮ ਪੜ੍ਹਾਈਆ। ਸੋਹੰ ਮੰਤਰ ਕਰ ਪਰਧਾਨ, ਚਤੁਰ ਸੁਜਾਣ ਜਗਤ ਤਰਾਈਆ। ਨਾਰੀ ਪੁਰਖ ਸਾਰੇ ਗਾਣ, ਪੁਰਖ ਪੁਰਖੋਤਮ ਮੇਲ ਮਿਲਾਈਆ। ਸਾਚਾ ਮੰਦਰ ਵੇਖ ਮਕਾਨ, ਕੰਚਨ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਅੰਦਰ ਵੜ, ਆਪਣੀ ਸਦਾ ਆਪ ਲਗਾਈਆ। ਉਚੀ ਸਦਾ ਦੇਵੇ ਬਾਂਗ, ਏਕਾ ਨਾਅਰਾ ਲਾਇੰਦਾ। ਇਕ ਸੁਣਾਏ ਸਾਚਾ ਰਾਗ, ਏਕਾ ਕਲਮਾ ਆਪ ਸੁਣਾਇੰਦਾ। ਸੋ ਪੁਰਖ ਨਿਰੰਜਣ ਮਾਰੇ ਵਾਜ, ਹੰ ਬ੍ਰਹਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਚ ਮਹੱਲ ਅਟੱਲ ਮੁਨਾਰ, ਗੁਰਮੁਖ ਸੱਜਣ ਪਾਏ ਸਾਰ, ਗੀਤ ਗੋਬਿੰਦ ਇਕ ਅਲਾਇੰਦਾ। ਗੀਤ ਗੋਬਿੰਦ ਸੱਚੀ ਧੁਨਕਾਰ, ਗੁਰ ਪੂਰੇ ਹੱਥ ਰਖਾਈਆ। ਆਪ ਆਪਣੀ ਕਿਰਪਾ ਧਾਰ, ਗੁਰਮੁਖਾਂ ਝੋਲੀ ਰਿਹਾ ਭਰਾਈਆ। ਸਾਚੀ ਸਿਖਿਆ ਵਿਚ ਸੰਸਾਰ, ਗੁਰਮਤ ਇਕ ਸਮਝਾਈਆ। ਚਰਨ ਪ੍ਰੀਤੀ ਭਗਤ ਅਧਾਰ, ਜਗਤ ਜੁਗਤ ਵਡਿਆਈਆ। ਦੇਵੇ ਦਰਸ ਅਗੰਮ ਅਪਾਰ, ਆਪ ਆਪਣਾ ਵੇਸ ਵਟਾਈਆ। ਗੁਰਮੁਖ ਸੱਜਣ ਜਾਏ ਤਾਰ, ਕਲਜੁਗ ਤਾਰੇ ਫੜ ਫੜ ਬਾਹੀਂਆ। ਨੇਤਰ ਲੋਚਣ ਨੈਣ ਦਿਸ ਨਾ ਆਏ ਵਿਚ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਦਰ, ਘਰ ਸਾਚਾ ਵਡ ਵਡਿਆਈਆ। ਗੁਰਮੁਖ ਨਾਮ ਭੰਡਾਰਾ ਵੰਡ, ਗੁਰ ਸਤਿਗੁਰ ਦਇਆ ਕਮਾਇੰਦਾ। ਪੱਲੇ ਬੰਨ੍ਹੇ ਨਾਮ ਗੰਢ, ਸਚ ਖ਼ਜ਼ਾਨਾ ਇਕ ਵਖਾਇੰਦਾ। ਨੰਗੀ ਹੋਵੇ ਨਾ ਮਾਤ ਕੰਡ, ਸਿਰ ਆਪਣਾ ਹੱਥ ਟਿਕਾਇੰਦਾ। ਭੇਖ ਪਖੰਡਾ ਦੇਵੇ ਦੰਡ, ਨਾਮ ਖੰਡਾ ਚੰਡ ਪ੍ਰਚੰਡ ਹੱਥ ਉਠਾਇੰਦਾ। ਪਾਵੇ ਸਾਰ ਵਿਚ ਵਰਭੰਡ, ਬ੍ਰਹਿਮੰਡ ਖੋਜ ਖੁਜਾਇੰਦਾ। ਲੱਖ ਚੁਰਾਸੀ ਖੰਡ ਖੰਡ, ਧੀਰਜ ਧੀਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖ਼ੁਸ਼ੀ ਕਰਾਏ ਬੰਦ ਬੰਦ, ਏਕਾ ਨਾਮ ਤਾਰ ਸਤਾਰ ਹਿਲਾਇੰਦਾ। ਨਾਮ ਸਤਾਰ ਸਾਚੀ ਸੁਰ, ਗੁਰਮੁਖ ਕਾਇਆ ਆਪ ਹਿਲਾਈਆ। ਗੁਰ ਚਰਨ ਪ੍ਰੀਤੀ ਗਿਆ ਜੁੜ, ਮੇਲ ਮਿਲਿਆ ਸਹਿਜ ਸੁਭਾਈਆ। ਲੇਖਾ ਸਤਿਗੁਰ ਜਾਣੇ ਧੁਰ, ਦੂਸਰ ਹੋਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਨਿਭਾਈਆ। ਸਗਲਾ ਸੰਗ ਆਸਾ ਮਨਸਾ ਪੂਰ, ਗੁਰਮਤੀ ਮਤ ਦ੍ਰਿੜਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਾਚੀ ਸਿਖਿਆ ਸਿਖ ਸਮਝਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ, ਮਸਤਕ ਟਿੱਕਾ ਜੋਤ ਲਲਾਟੀ ਡਗਮਗਾਇੰਦਾ। ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹ, ਜਗਤ ਲਲਾਰੀ ਨਾ ਕੋਇ ਚੜ੍ਹਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਦਾਤਾ ਦਾਨੀ ਸੂਰ, ਸੂਰਬੀਰ ਆਪ ਅਖਵਾਇੰਦਾ। ਸਰਬ ਕਲ ਆਪੇ ਭਰਪੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਦੇਵੇ ਵਰ, ਤਨ ਗਹਿਣਾ ਬਸਤਰ ਪਹਿਨਾਇੰਦਾ। ਤਨ ਬਸਤਰ ਸ਼ਬਦ ਅਪਾਰ, ਗੁਰਮੁਖ ਗੁਰ ਪਾਇਆ। ਗੁਰ ਮੀਤਾ ਸੱਜਣ ਮੁਰਾਰ, ਧੁਰ ਲੇਖਾ ਵੇਖ ਵਖਾਇਆ। ਲੋਕਮਾਤ ਕਰੇ ਪਿਆਰ, ਘਰ ਮੰਦਰ ਇਕ ਸੁਹਾਇਆ। ਇਕ ਇਕੱਲਾ ਲਏ ਉਭਾਰ, ਏਕਾ ਬੰਸ ਸੁਹਾਇਆ। ਜੀਵਾਂ ਜੰਤਾਂ ਮਾਰੇ ਮਾਰ, ਮਾਰਨਹਾਰਾ ਬੇਪਰਵਾਹਿਆ। ਘਨਕ ਪੁਰ ਵਾਸੀ ਹੋ ਤਿਆਰ, ਨਿਰਗੁਣ ਜੋਤੀ ਆਪਣੀ ਆਪ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਰ ਆਤਮ ਵੇਖੇ ਮਾਰ ਧਿਆਨ, ਆਪ ਆਪਣੀ ਦਇਆ ਕਮਾਇਆ। ਦਇਆਨਿਧ ਗਹਿਰ ਗੁਣ ਸਾਗਰ, ਗੁਰ ਗੁਰ ਨਾਉਂ ਧਰਾਈਆ। ਗੁਰਮੁਖਾਂ ਕਰਾਏ ਨਾਮ ਵਣਜ ਬਣ ਸੌਦਾਗਰ, ਸਾਚਾ ਹੱਟ ਖੁਲ੍ਹਾਈਆ। ਭਾਗ ਲਗਾਏ ਕਾਇਆ ਗਾਗਰ, ਰਤਨ ਅਮੋਲਕ ਹੀਰਾ ਵਿਚ ਰਖਾਈਆ। ਨਿਰਮਲ ਕਰਮ ਕਰੇ ਉਜਾਗਰ, ਜਿਸ ਜਨ ਬਖ਼ਸ਼ੇ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਪਾਵੇ ਹਿੱਸਾ, ਬ੍ਰਹਿਮੰਡ ਖੰਡ ਆਪਣੀ ਵੰਡ ਆਪੇ ਰਿਹਾ ਵੰਡਾਈਆ।
