Granth 08 Likhat 141: 15 Savan 2016 Bikarmi Pind Gole Wala Jila Ferozepur

੧੫ ਸਾਵਣ ੨੦੧੬ ਬਿਕ੍ਰਮੀ ਪਿੰਡ ਗੋਲੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਗੁਰ ਪ੍ਰਸਾਦਿ ਹਰਿ ਹਰਿ ਪਾਇਆ, ਘਰ ਸਾਚੇ ਵੱਜੀ ਵਧਾਈਆ। ਸਤਿ ਪੁਰਖ ਨਿਰੰਜਣ ਜੋਤ ਜਗਾਇਆ, ਨਿਰਗੁਣ ਆਪਣੀ ਰਚਨ ਰਚਾਈਆ। ਸਚਖੰਡ ਦੁਵਾਰਾ ਇਕ ਸੁਹਾਇਆ, ਸੋਭਾਵੰਤ ਵੱਡੀ ਵਡਿਆਈਆ। ਸਚ ਸਿੰਘਾਸਣ ਆਸਣ ਲਾਇਆ, ਪੁਰਖ ਅਬਿਨਾਸ਼ੀ ਖੇਲ ਖਲਾਈਆ। ਜੋਤ ਪਰਕਾਸ਼ਣ ਨਾਉਂ ਧਰਾਇਆ, ਅਕਲ ਕਲਾ ਬੇਪਰਵਾਹੀਆ। ਪ੍ਰਿਥਮੀ ਅਕਾਸ਼ਣ ਡੇਰਾ ਲਾਇਆ, ਭੇਵ ਅਭੇਦਾ ਭੇਵ ਛੁਪਾਈਆ। ਲੋਆਂ ਪੁਰੀਆਂ ਬੰਧਨ ਪਾਇਆ, ਰਵ ਸਸ ਰਿਹਾ ਚਮਕਾਈਆ। ਮੰਡਲ ਮੰਡਪ ਆਪ ਸੁਹਾਇਆ, ਧਰਤ ਧਵਲ ਵਡਿਆਈਆ। ਲੱਖ ਚੁਰਾਸੀ ਜੰਤ ਉਪਾਇਆ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਰਗੁਣ ਜੋਤੀ ਦੀਪ ਜਗਾਇਆ, ਘਟ ਮੰਦਰ ਕਰ ਰੁਸ਼ਨਾਈਆ। ਆਦਿ ਜੁਗਾਦੀ ਵੇਸ ਵਟਾਇਆ, ਗੁਰ ਗੁਰ ਰੂਪ ਵਟਾਈਆ। ਮੰਤਰ ਸ਼ਬਦ ਅਨਾਦੀ ਇਕ ਸੁਣਾਇਆ, ਆਪ ਆਪਣਾ ਆਪੇ ਗਾਈਆ। ਹਰਿ ਬਾਣੀ ਹਰਿ ਭੇਵ ਖੁਲ੍ਹਾਇਆ, ਹਰਿ ਨਾਮਾ ਨਾਮ ਜਪਾਈਆ। ਮਹਿਮਾ ਗਣਤ ਗਣੀ ਨਾ ਜਾਇਆ, ਆਦਿ ਪੁਰਖ ਵੱਡੀ ਵਡਿਆਈਆ। ਕਥਨੀ ਕਥਾ ਕਥ ਆਪ ਸੁਣਾਇਆ, ਆਪਣੀ ਕਰੇ ਸਿਫ਼ਤ ਸਾਲਾਹੀਆ। ਆਪਣਾ ਬੇੜਾ ਆਪ ਚਲਾਇਆ, ਏਕਾ ਚੱਪੂ ਨਾਮ ਵੰਝ ਮੁਹਾਣਾ ਇਕ ਰਖਾਈਆ। ਭਵ ਸਾਗਰ ਆਰ ਪਾਰ ਤਰਾਇਆ, ਕਾਇਆ ਗਾਗਰ ਕਾਚੀ ਮਾਟੀ ਸੋਭਾ ਪਾਈਆ। ਗੁਰਮੁਖ ਸੱਜਣ ਲਏ ਜਗਾਇਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਧੁਨ ਉਪਜਾਇਆ, ਅਨਹਦ ਸੇਵ ਕਮਾਈਆ । ਸਾਚਾ ਮੰਗਲ ਆਪੇ ਗਾਇਆ, ਸੁਨਣਹਾਰ ਆਪ ਹੋ ਜਾਈਆ। ਗੁਰਸਿਖਾਂ ਕਾਇਆ ਖੇੜਾ ਡੇਰਾ ਲਾਇਆ, ਪੰਚਾਂ ਡੇਰਾ ਦੇਵੇ ਢਾਹੀਆ। ਨਗਰ ਖੇੜਾ ਆਪ ਵਸਾਇਆ, ਕੰਚਨ ਗੜ੍ਹ ਉਪਾਈਆ। ਜੋਤੀ ਸ਼ਬਦੀ ਜੋੜ ਜੁੜਾਇਆ, ਜੁੜਿਆ ਜੋੜ ਏਕਾ ਥਾਈਂਆ। ਦਸਮ ਦੁਵਾਰੀ ਡੇਰਾ ਲਾਇਆ, ਮਹੱਲ ਅਟੱਲ ਉਚ ਮੁਨਾਰ ਏਕਾ ਏਕ ਸੁਹਾਈਆ। ਗੁਰ ਪੂਰੇ ਸਤਿਗੁਰ ਰਾਹ ਜਣਾਇਆ, ਰਸਨਾ ਗਾਇਆ ਬੇਪਰਵਾਹੀਆ। ਪੁਰਖ ਅਕਾਲ ਦਇਆ ਕਮਾਇਆ, ਪਾਰਬ੍ਰਹਮ ਹੋਏ ਸਹਾਈਆ। ਜੂਨੀ ਰਹਿਤ ਵੇਸ ਵਟਾਇਆ, ਵੇਸ ਅਵੱਲਾ ਆਪ ਕਰਾਈਆ। ਸਾਚੀ ਨਾਦ ਤੂਰਤ ਰਿਹਾ ਵਜਾਇਆ, ਗੁਰਮੁਖ ਸੱਜਣ ਆਪ ਉਠਾਈਆ। ਆਸਾ ਮਨਸਾ ਪੂਰਤ ਨਾਉਂ ਧਰਾਇਆ, ਪੂਰੀ ਇਛਿਆ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਦਰ ਵੇਖੇ ਸਾਚਾ ਘਰ, ਘਰ ਸਾਚੇ ਦਰਸ਼ਨ ਪਾਇਆ। ਗੁਰ ਕਿਰਪਾ ਹਰਿ ਜਾਣਿਆ, ਸਤਿਗੁਰ ਗਹਿਰ ਗੰਭੀਰ। ਤੁਟਾ ਮਾਨ ਅਭਿਮਾਨਿਆ, ਠਾਂਡਾ ਸਾਂਤਕ ਸਤਿ ਸਰੀਰ। ਘਰ ਮੰਦਰ ਅੰਦਰ ਇਕ ਪਛਾਣਿਆ, ਦੂਈ ਦਵੈਤੀ ਹਉਮੇ ਨਿਕਲੀ ਪੀੜ, ਅਨਹਦ ਸੁਣੀ ਸਾਚੀ ਬਾਣੀਆ, ਦੂਈ ਦਵੈਤੀ ਪਰਦਾ ਚੀਰ। ਗਾਵਣਹਾਰਾ ਅਕੱਥ ਕਹਾਣੀਆ, ਗਾਏ ਰਾਗ ਇਕ ਅਕਸੀਰ। ਮਾਰੇ ਤੀਰ ਸੱਚਾ ਨਿਸ਼ਾਨੀਆ, ਸ਼ਾਹ ਸੁਲਤਾਨ ਵਡ ਪੀਰਨ ਪੀਰ। ਗੁਰਮੁਖਾਂ ਦੇਵੇ ਨਾਮ ਨਿਸ਼ਾਨੀਆ, ਅੰਤਰ ਮੰਤਰ ਸਾਚੀ ਧੀਰ। ਜੋਧਾ ਸੂਰਬੀਰ ਬਲੀ ਬਲਵਾਨੀਆ, ਗੁਰਮੁਖ ਚੋਟੀ ਚਾੜ੍ਹੇ ਇਕ ਅਖ਼ੀਰ। ਦੇਵਣਹਾਰਾ ਪਦ ਨਿਰਬਾਣੀਆ, ਲੱਖ ਚੁਰਾਸੀ ਕੱਟੇ ਜ਼ੰਜੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਸਤਿਗੁਰ ਦਾਤਾ ਗੁਣੀ ਗਹੀਰ। ਗੁਰ ਕਿਰਪਾ ਹਰਿ ਮੇਲਿਆ, ਪਾਰਬ੍ਰਹਮ ਕਰਤਾਰ। ਸਤਿਗੁਰ ਪਾਇਆ ਸੱਜਣ ਸੁਹੇਲਿਆ, ਸੋਹਿਆ ਬੰਕ ਦਵਾਰ। ਏਕਾ ਘਰ ਵਸੇ ਗੁਰੂ ਗੁਰ ਚੇਲਿਆ, ਗੁਰ ਚੇਲਾ ਮੇਲਾ ਨਾਰੀ ਕੰਤ ਭਤਾਰ। ਆਪੇ ਜਾਣੇ ਸਾਚਾ ਵੇਲਿਆ, ਆਦਿ ਅੰਤ ਲੈ ਅਵਤਾਰ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਦਿਸ ਨਾ ਆਏ ਵਿਚ ਸੰਸਾਰ। ਜਨ ਭਗਤਾਂ ਧਰਮ ਰਾਏ ਦੀ ਕੱਟੀ ਜੇਲ੍ਹਿਆ, ਲੱਖ ਚੁਰਾਸੀ ਗੇੜ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਲਏ ਉਭਾਰ। ਸਤਿਗੁਰ ਸਾਚੇ ਹੱਟ ਹੈ, ਹਰਿ ਹਰਿ ਆਪ ਖੁਲ੍ਹਾਇਆ। ਗੁਰਮੁਖ ਵਿਰਲਾ ਲਾਹਾ ਲਏ ਖੱਟ ਹੈ, ਦੂਸਰ ਹੱਥ ਕਿਸੇ ਨਾ ਆਇਆ। ਵਸਣਹਾਰਾ ਘਟ ਘਟ ਹੈ, ਘਟ ਮੰਦਰ ਬੈਠਾ ਆਸਣ ਲਾਇਆ। ਖੇਲੇ ਖੇਲ ਬਾਜ਼ੀਗਰ ਨਟ ਹੈ, ਨੱਟ ਨਟੂਆ ਸਵਾਂਗ ਵਰਤਾਇਆ। ਕਿਸੇ ਹੱਥ ਨਾ ਆਏ ਤੀਰਥ ਤੱਟ ਹੈ, ਅਠਸਠ ਭੌਂਦੀ ਫਿਰੇ ਲੋਕਾਇਆ। ਜਿਸ ਜਨ ਹਿਰਦੇ ਅੰਦਰ ਜਾਏ ਵਸ ਹੈ, ਬੰਦ ਤਾਕੀ ਦਏ ਖੁਲ੍ਹਾਇਆ। ਕੋਟਨ ਕਰੇ ਪਰਕਾਸ਼ ਰਵ ਸਸ ਹੈ, ਜੋਤੀ ਨੂਰ ਕਰ ਰੁਸ਼ਨਾਇਆ। ਦਰਸ ਦਖਾਏ ਹੱਸ ਹੱਸ ਹੈ, ਨਿਰਗੁਣ ਸਰਗੁਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਜਣ ਸਾਚਾ ਹਰਿ ਹਰਿ ਪਾਇਆ। ਗੁਰ ਕਿਰਪਾ ਹਰਿ ਲੇਖਿਆ, ਆਦਿ ਨਿਰੰਜਣ ਮੀਤ। ਲਿਖਣਹਾਰਾ ਸਾਚਾ ਲੇਖਿਆ, ਆਦਿ ਜੁਗਾਦੀ ਪਰਖੇ ਨੀਤ। ਕੱਢਣਹਾਰਾ ਭਰਮ ਭੁਲੇਖਿਆ, ਕਾਇਆ ਮੰਦਰ ਵਖਾਏ ਦੇਹੁਰਾ ਸਚ ਮਸੀਤ। ਸਤਿ ਪੁਰਖ ਨਿਰੰਜਣ ਸਦਾ ਅਦੇਸਿਆ, ਨਿਰਗੁਣ ਬੈਠਾ ਰਹੇ ਅਤੀਤ। ਜੁਗ ਜੁਗ ਲੋਕਮਾਤ ਕਰੇ ਵੇਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸਿਆ ਹਰਿ ਹਰਿ ਚੀਤ। ਗੁਰ ਕਿਰਪਾ ਹਰਿ ਗਾਇਆ, ਰਸਨਾ ਜਿਹਵਾ ਨਾਉਂ। ਸਤਿ ਪੁਰਖ ਨਿਰੰਜਣ ਇਕ ਮਨਾਇਆ, ਮੇਲ ਮਿਲਾਵਾ ਨੇਹਚਲ ਸਾਚੇ ਥਾਉਂ। ਬੰਕ ਦੁਵਾਰਾ ਇਕ ਸੁਹਾਇਆ, ਪਾਇਆ ਪੁਰਖ ਅਗੰਮ ਅਥਾਹੋ। ਜੂਠਾ ਝੂਠਾ ਮੋਹ ਚੁਕਾਇਆ, ਸਤਿਗੁਰ ਪੂਰਾ ਪਕੜਣਹਾਰਾ ਬਾਹੋਂ। ਏਕਾ ਮੰਤਰ ਨਾਮ ਦ੍ਰਿੜਾਇਆ, ਦੇਵਣਹਾਰਾ ਠੰਡੀ ਛਾਉਂ। ਏਥੇ ਓਥੇ ਹੋਏ ਸਹਾਇਆ, ਦੋ ਜਹਾਨੀ ਕਰੇ ਨਿਆਉਂ। ਫੜ ਕਾਗੋਂ ਹੰਸ ਬਣਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਸਾਚੇ ਘਰ, ਘਰ ਸਾਚਾ ਇਕ ਸੁਹਾਇਆ। ਗੁਰ ਪ੍ਰਸਾਦੀ ਹਰਿ ਹਰਿ ਬੁਝਿਆ, ਦੀਨਾ ਬੰਧਪ ਦੀਨ ਦਿਆਲ। ਆਦਿ ਜੁਗਾਦੀ ਭੇਵ ਰੱਖੇ ਗੁਝਿਆ, ਪਾਰਬ੍ਰਹਮ ਗੁਰ ਗੋਪਾਲ। ਜਨ ਭਗਤਾਂ ਉਪਰ ਆਪੇ ਤੁਠਿਆ, ਦੇਵੇ ਨਾਮ ਸੱਚਾ ਧਨ ਮਾਲ। ਝੂਠ ਵਿਕਾਰਾ ਫੜ ਫੜ ਕੁੱਠਿਆ, ਖ਼ਾਲੀ ਕਰੇ ਸੱਚੀ ਧਰਮਸਾਲ। ਅੰਮ੍ਰਿਤ ਦੇਵੇ ਆਤਮ ਘੁੱਟਿਆ, ਪਕੜ ਉਠਾਏ ਸਾਚੇ ਲਾਲ। ਆਵਣ ਜਾਵਣ ਗੁਰਸਿਖ ਛੁੱਟਿਆ, ਲੱਖ ਚੁਰਾਸੀ ਤੁਟਾ ਜੰਜਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਭਾਲ। ਗੁਰ ਪ੍ਰਸਾਦੀ ਹਰਿ ਮੰਦਰ ਪਾਇਆ, ਅਨਹਦ ਵਾਜਾ ਰਾਗ ਅਲਾਈਆ। ਤਾਲ ਤਲਵਾੜਾ ਇਕ ਵਜਾਇਆ, ਸਚ ਦੁਵਾਰਾ ਸੋਭਾ ਪਾਈਆ। ਸਾਚੀ ਸਖੀਆਂ ਮੰਗਲ ਗਾਇਆ, ਵਾਹ ਵਾ ਗੋਬਿੰਦ ਵੱਜੀ ਵਧਾਈਆ। ਰੰਗ ਰੰਗੀਲਾ ਮੋਹਨ ਮਾਧਵ ਏਕਾ ਪਾਇਆ, ਏਕਾ ਰੁੱਤ ਸੁਹਾਈਆ। ਦਾਨਾ ਬੀਨਾ ਨਜ਼ਰੀ ਆਇਆ, ਦਾਤਾ ਦਾਨੀ ਵਡ ਵਡਿਆਈਆ। ਤਿੰਨਾਂ ਲੋਕਾਂ ਡੇਰਾ ਢਾਹਿਆ, ਚੌਥੇ ਘਰ ਕਰੇ ਕੁੜਮਾਈਆ। ਸਾਚੇ ਸੰਤਾਂ ਮੇਲ ਮਿਲਾਇਆ, ਮੇਲ ਵਿਛੋੜਾ ਆਪਣੇ ਹੱਥ ਰਖਾਈਆ। ਕਾਗਦ ਕਲਮ ਨਾ ਲੇਖ ਲਿਖਾਇਆ, ਚਾਰੇ ਵੇਦ ਰਹੇ ਕੁਰਲਾਈਆ। ਬ੍ਰਹਮਾ ਵੇਤਾ ਭੇਵ ਨਾ ਆਇਆ, ਵਿਸ਼ਨੂੰ ਸ਼ੰਕਰ ਸਾਰ ਨਾ ਪਾਈਆ। ਪੁਰਖ ਅਬਿਨਾਸ਼ੀ ਖੇਲ ਰਚਾਇਆ, ਆਦਿ ਜੁਗਾਦਿ ਵੱਡੀ ਵਡਿਆਈਆ। ਗੁਰਮੁਖ ਸਾਚੇ ਲਏ ਜਗਾਇਆ, ਏਕਾ ਮੰਤਰ ਨਾਮ ਦ੍ਰਿੜਾਈਆ। ਆਤਮ ਅੰਤਰ ਵੇਖ ਵਖਾਇਆ। ਨਿਜ ਨੇਤਰ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲੇ ਦਰ, ਦਰ ਸਾਚੇ ਸੋਭਾ ਪਾਈਆ । ਗੁਰ ਕਿਰਪਾ ਹਰਿ ਪਾਇਆ, ਮਿਟਿਆ ਜਗਤ ਅੰਧੇਰਾ। ਏਕਾ ਦੂਜਾ ਭੌ ਚੁਕਾਇਆ, ਸਤਿਗੁਰ ਵਸਿਆ ਨੇਰਨ ਨੇਰਾ। ਘਰ ਮੰਦਰ ਇਕ ਸੁਹਾਇਆ, ਪੁਰਖ ਅਬਿਨਾਸ਼ੀ ਪਾਇਆ ਫੇਰਾ। ਜੋਤੀ ਦੀਪਕ ਇਕ ਜਗਾਇਆ, ਆਪ ਕਰ ਕਰ ਆਪਣੀ ਮਿਹਰਾ। ਸਚ ਸਿੰਘਾਸਣ ਆਸਣ ਲਾਇਆ, ਆਪੇ ਗੁਰੂ ਆਪੇ ਚੇਰਾ। ਘੜਣ ਭੰਨਣਹਾਰ ਆਪ ਅਖਵਾਇਆ, ਆਪੇ ਕਰੇ ਹੱਕ ਨਬੇੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚਾ ਵਰ, ਸ਼ਬਦੀ ਸ਼ਬਦ ਫੜਾਏ ਲੜ, ਏਕਾ ਰੰਗ ਰੰਗਾਏ ਦਇਆ ਕਮਾਏ, ਭੇਵ ਚੁਕਾਏ ਸੰਞ ਸਵੇਰਾ। ਸੰਝ ਸਵੇਰ ਸਚ ਪਰਭਾਤ, ਗੁਰਮੁਖਾਂ ਇਕ ਜਣਾਈਆ। ਮਿਟੇ ਰੈਣ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਈਆ। ਜਿਸ ਜਨ ਬਖ਼ਸ਼ੇ ਨਾਮ ਦਾਤ, ਨਾਮ ਭੰਡਾਰਾ ਆਪ ਵਰਤਾਈਆ। ਉਤਮ ਗੁਰਸਿਖ ਹੋਈ ਜ਼ਾਤ, ਵਰਨ ਬਰਨ ਨਾ ਕੋਇ ਰਖਾਈਆ। ਸਤਿਗੁਰ ਪੂਰਾ ਅੰਤਮ ਪੁੱਛੇ ਵਾਤ, ਨੇਤਰ ਹਰਨ ਫਰਨ ਖੁਲ੍ਹਾਈਆ। ਦੁਰਮਤ ਮੈਲ ਦੇਵੇ ਕਾਟ, ਨਿਰਮਲ ਨਿਰਮਲ ਨਿਰਮਲ ਆਪ ਸਮਾਈਆ। ਵਣਜ ਕਰਾਏ ਸਾਚੇ ਹਾਟ, ਚੌਦਾਂ ਲੋਕਾਂ ਹੱਥ ਨਾ ਆਈਆ। ਹਰਿਜਨ ਮੇਲਾ ਆਤਮ ਖਾਟ, ਸਚ ਸੁਹੰਜਣੀ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਨਾਮ ਭਿਖਿਆ ਭਿਛਿਆ ਝੋਲੀ ਪਾਈਆ। ਨਾਮ ਭਿਛਿਆ ਝੋਲੀ ਪਾ, ਹਰਿਜਨ ਭੰਡਾਰ ਭਰਾਇਆ। ਜਗਤ ਇਛਿਆ ਪੂਰ ਕਰਾ, ਸੰਸਾ ਰੋਗ ਚੁਕਾਇਆ। ਦਹਿ ਦਿਸ਼ਾ ਹੋਏ ਆਪ ਸਹਾ, ਸਿਰ ਆਪਣਾ ਹੱਥ ਟਿਕਾਇਆ। ਕਲਜੁਗ ਅੰਤਮ ਗੁਰਮੁਖ ਆਪਣਾ ਹਿੱਸਾ ਰਹੇ ਵੰਡਾ, ਮਨਮੁੱਖ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਰ ਗੁਰ ਸਤਿਗੁਰ ਨਾਉਂ ਧਰਾਇਆ।