Granth 08 Likhat 140: 15 Savan 2016 Bikarmi Arjan Singh de Ghar Pind Pippli Jila Ferozepur

੧੫ ਸਾਵਣ ੨੦੧੬ ਬਿਕ੍ਰਮੀ ਅਰਜਨ ਸਿੰਘ ਦੇ ਘਰ ਪਿੰਡ ਪਿਪਲੀ ਜ਼ਿਲਾ ਫ਼ਿਰੋਜ਼ਪੁਰ

ਅਸੰਖ ਅਸੰਖਾ ਹਰਿ ਗੁਣ ਨਿਰੰਕਾਰ, ਅਸੰਖ ਅਸੰਖ ਨਾ ਗਣਤ ਗਣਾਈਆ। ਆਪਣੀ ਪਾਵੇ ਆਪੇ ਸਾਰ, ਆਪਣੀ ਜੋਤ ਕਰ ਰੁਸ਼ਨਾਈਆ। ਧਾਮ ਅਗੰਮੜੇ ਬੈਠ ਨਿਰੰਕਾਰ, ਜੋਤੀ ਨੂਰ ਡਗਮਗਾਈਆ। ਸਾਚਾ ਮੰਦਰ ਬੰਕ ਦੁਵਾਰ, ਆਪਣਾ ਆਪ ਸੁਹਾਈਆ। ਆਪਣੀ ਕਿਰਪਾ ਆਪੇ ਧਾਰ, ਆਪਣੀ ਕਿਰਣ ਇਕ ਉਪਜਾਈਆ। ਆਪਣੇ ਅੰਦਰੋਂ ਕਰੀ ਬਾਹਰ, ਬ੍ਰਹਿਮੰਡ ਖੰਡ ਲੋਆਂ ਪੁਰੀਆਂ ਰਚਨ ਰਚਾਈਆ। ਏਕਾ ਕਿਰਨ ਵੰਡੇ ਵੰਡ, ਤ੍ਰੈ ਤ੍ਰੈ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਸੰਖ ਗੁਣ ਆਪ ਅਖਵਾਈਆ। ਏਕਾ ਕਿਰਨ ਤ੍ਰੈ ਤ੍ਰੈ ਧਾਰ, ਹਰਿ ਸਾਚੀ ਵੰਡ ਵੰਡਾਇੰਦਾ। ਨੂਰੀ ਨੂਰ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਏਕਾ ਵਿਸ਼ਨੂੰ ਕਰੇ ਪਿਆਰ, ਇਕ ਬ੍ਰਹਮਾ ਵਿਚ ਵਸਾਇੰਦਾ। ਏਕਾ ਸ਼ਿਵ ਦਏ ਅਧਾਰ, ਏਕਾ ਰੰਗ ਰੰਗਾਇੰਦਾ। ਇਕ ਕਿਰਨ ਕਿਰਨ ਕਿਰਨ ਆਕਾਰ, ਆਪਣਾ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਸੰਖ ਗੁਣ ਆਪ ਅਖਵਾਇੰਦਾ। ਇਕ ਕਿਰਨ ਹਰਿ ਵੰਡ ਵੰਡਾਏ, ਵਡ ਵੱਡੀ ਵਡਿਆਈਆ। ਇਕ ਇਕ ਇਕ ਤਿੰਨੇ ਏਕੇ ਸੰਗ ਰਲਾਏ, ਇਕ ਸਦ ਇਕ ਦਸ ਇਕ ਕਰੇ ਕੁੜਮਾਈਆ। ਆਪੇ ਜਾਣੇ ਆਪਣੀ ਹੱਦ, ਬ੍ਰਹਿਮਾਦ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਕਿਰਨ ਇਕ ਸੌ ਗਿਆਰਵਾਂ ਹਿੱਸਾ ਦਏ ਵੰਡ, ਰਵ ਸਸ ਦਏ ਰੁਸ਼ਨਾਈਆ। ਦੂਜਾ ਖੇਲੇ ਖੇਲ ਬ੍ਰਹਿਮੰਡ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਸੰਖ ਗੁਣ ਇਕ ਅਖਵਾਈਆ। ਇਕ ਇਕ ਇਕ ਖੇਲ ਨਿਰਾਲਾ, ਏਕਾ ਇਕ ਇਕ ਨਾਲ ਰਲਾਈਆ। ਤੀਜਾ ਏਕਾ ਕਰ ਨਿਰਾਲਾ, ਆਪਣੀ ਬਣਤ ਬਣਾਈਆ। ਤਿੰਨੇ ਲੋਕ ਗਗਨ ਥਾਲਾ, ਸਾਚੀ ਬਣਤ ਬਣਾਈਆ। ਏਕਾ ਸ਼ਕਤੀ ਜੋਤ ਜਵਾਲਾ, ਆਦਿ ਆਦਿ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਿਮੰਡ ਆਪਣੀ ਵੰਡ ਵੰਡਾਈਆ। ਦੂਜਾ ਏਕਾ ਕਰ ਤਿਆਰ, ਦੋਹਾਂ ਮੇਲ ਮਿਲਾਇੰਦਾ। ਏਕਾ ਕਿਰਨ ਗਿਆਰਵੀਂ ਧਾਰ, ਲੱਖ ਚੁਰਾਸੀ ਰਚਨ ਰਚਾਇੰਦਾ। ਨਿਰਗੁਣ ਨੂਰ ਕਰ ਆਕਾਰ, ਘਟ ਘਟ ਅੰਦਰ ਡੇਰਾ ਲਾਹਿੰਦਾ। ਦੇਵਣਹਾਰ ਸਰਬ ਸੰਸਾਰ, ਰਾਜ਼ਕ ਰਹੀਮ ਆਪ ਅਖਵਾਇੰਦਾ। ਆਪੇ ਉਤਪਤ ਕਰੇ ਆਪਣੀ ਧਾਰ, ਆਪ ਆਪਣੀ ਬਣਤ ਬਣਾਇੰਦਾ। ਆਪੇ ਅੰਤਮ ਲਏ ਸ਼ੰਘਾਰ, ਆਪਣਾ ਲੇਖਾ ਆਪ ਚੁਕਾਇੰਦਾ। ਦੋਏ ਏਕੇ ਕਰ ਪਿਆਰ, ਏਕਾ ਏਕੇ ਨਾਲ ਜੁੜਾਇੰਦਾ। ਏਕਾ ਕਿਰਨ ਹੋਈ ਉਜਿਆਰ, ਰਵ ਸਸ ਦਏ ਆਧਾਰ, ਲੱਖ ਚੁਰਾਸੀ ਜੋਤ ਜਗਾਇੰਦਾ। ਤੀਜਾ ਏਕਾ ਨਿਰਗੁਣ ਰੂਪ, ਹਰਿ ਹਰਿ ਆਪਣੇ ਹੱਥ ਰਖਾਈਆ । ਅਬਿਨਾਸ਼ੀ ਕਰਤਾ ਸਤਿ ਸਰੂਪ, ਪੰਚਮ ਪੰਚਮ ਵੱਡੀ ਵਡਿਆਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਤੁਠ, ਰਵ ਸਸ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਨ ਆਪਣੇ ਹੱਥ ਰਖਾਈਆ। ਤੀਜਾ ਏਕਾ ਤਿਖੀ ਧਾਰ, ਏਕਓਅੰਕਾਰ ਉਪਜਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਆਦਿ ਜੁਗਾਦਿ ਕਰਾਇੰਦਾ। ਪੰਜ ਤੱਤ ਕਰ ਪਿਆਰ, ਆਪ ਆਪਣਾ ਆਸਣ ਲਾਇੰਦਾ। ਨਾਉਂ ਧਰ ਗੁਰ ਅਵਤਾਰ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਸੰਖ ਗੁਣ ਅਸੰਖ ਅਸੰਖਾ, ਆਪ ਉਪਜਾਇੰਦਾ। ਇਕ ਇਕ ਇਕ, ਏਕਾ ਰੰਗ ਰੰਗਾਇਆ। ਏਕਾ ਰਵ ਸਸ ਮੇਟੇ ਤ੍ਰਿਖ, ਇਕ ਲੱਖ ਚੁਰਾਸੀ ਫੇਰਾ ਪਾਇਆ। ਇਕ ਆਪਣਾ ਲੇਖਾ ਆਪੇ ਲਿਖ, ਆਪੇ ਵੇਖ ਵਖਾਇਆ। ਏਕਾ ਧਾਰੇ ਸਾਚਾ ਭੇਖ, ਬ੍ਰਹਮਾ ਵਿਸ਼ਨ ਸ਼ਿਵ ਲਏ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਸਮਾਇਆ। ਏਕਾ ਕਿਰਨ ਹਰਿ ਕਰਤਾਰ, ਆਪਣੀ ਆਪ ਆਪ ਉਪਜਾਈਆ। ਤ੍ਰੈ ਤ੍ਰੈ ਖੇਲ ਖੇਲੇ ਅਪਾਰ, ਤਿੰਨਾਂ ਮੇਲਾ ਸਹਿਜ ਸੁਭਾਈਆ। ਜੇਰਜ ਅੰਡ ਕਰੇ ਪਿਆਰ, ਉਤਭੁਜ ਸੇਹਤਜ ਆਸਣ ਲਾਈਆ। ਗੁਰ ਰੂਪ ਆਪ ਕਰਤਾਰ, ਆਪਣੀ ਜੋਤ ਕਰੇ ਰੁਸ਼ਨਾਈਆ। ਨਾ ਕੋਈ ਦੀਸੇ ਹੋਰ ਪਸਾਰ, ਨਾ ਕੋਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਰਨੀ ਕਿਰਨ ਉਪਜਾਈਆ। ਇਕ ਇਕ ਇਕ ਗਿਆਰਾਂ, ਏਕਾ ਰੰਗ ਰੰਗਾਇਆ। ਕਲਜੁਗ ਅੰਤਮ ਮੀਤ ਮੁਰਾਰਾ, ਲੋਕਮਾਤੀ ਵੇਸ ਵਟਾਇਆ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਬ੍ਰਹਮਾ ਵਿਸ਼ਨ ਸ਼ਿਵ ਬੰਨ੍ਹ ਵਖਾਇਆ। ਲੱਖ ਚੁਰਾਸੀ ਮਾਰੇ ਮਾਰਾ, ਏਕਾ ਖੰਡਾ ਹੱਥ ਉਠਾਇਆ। ਗੁਰਮੁਖਾਂ ਕਰੇ ਸਚ ਪਿਆਰਾ, ਇਕ ਸੌ ਗਿਆਰਾਂ ਦਿਵਸ ਸਾਚਾ ਜਾਪ ਜਪਾਇਆ। ਛੱਤੀ ਜੁਗ ਨਾ ਪਾਏ ਕੋਈ ਪਾਰਾਵਾਰਾ, ਗੁਰ ਪੀਰ ਸਾਧ ਸੰਤ ਔਲੀਏ ਪੀਰ, ਸ਼ੇਖ਼ ਮੁਲਾਂ ਸਾਰੇ ਗਏ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇਆ। ਏਕਾ ਕਿਰਨ ਨਿਰਗੁਣ ਧਾਰ, ਇਕ ਗਿਆਰਾਂ ਵੰਡ ਵੰਡਾਈਆ । ਆਪਣੇ ਅੰਦਰੋਂ ਆਈ ਬਾਹਰ, ਦਰ ਦੁਵਾਰਾ ਆਪ ਤਜਾਈਆ। ਅਸੰਖ ਗੁਣ ਬੈਠ ਨਿਰੰਕਾਰ, ਖੇਲੇ ਖੇਲ ਬੇਪਰਵਾਹੀਆ। ਏਕਾ ਵੰਡੀ ਤਿੰਨ ਪਿਆਰ, ਤੀਜਾ ਹਿੱਸਾ ਆਪ ਰਖਾਈਆ। ਦੂਜਾ ਕੁਦਰਤ ਕਾਦਰ ਬਣਿਆ ਸਾਚਾ ਯਾਰ, ਕਾਦਰ ਕੁਦਰਤ ਵਿਚ ਸਮਾਈਆ। ਆਪੇ ਕਰੇ ਰਵ ਸਸ ਉਜਿਆਰ, ਆਪਣੀ ਕਰਨੀ ਨੂਰ ਰੁਸ਼ਨਾਈਆ। ਆਪੇ ਸਾਹਿਬ ਸੱਜਣ ਸਤਿਗੁਰ ਸਾਚਾ ਮੀਤ ਮੁਰਾਰ, ਲੋਕਮਾਤ ਵੇਖ ਵਖਾਈਆ। ਆਪੇ ਸਭ ਤੋਂ ਵਸਿਆ ਬਾਹਰ, ਭੇਵ ਅਭੇਦਾ ਭੇਵ ਛੁਪਾਈਆ। ਜੋ ਉਪਜੇ ਸੋ ਲਏ ਸੰਘਾਰ, ਥਿਰ ਕੋਇ ਰਹਿਣ ਨਾ ਪਾਈਆ। ਜੁਗਾ ਜੁਗੰਤ ਸਾਧ ਸੰਤ ਗੁਰ ਅਵਤਾਰ ਆਪਣੇ ਅੰਦਰ ਲਏ ਵਾੜ, ਆਪ ਆਪਣਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਗੁਰ ਪੀਰ ਅਵਤਾਰ ਸਾਧ ਸੰਤ, ਹਰਿ ਆਪਣੇ ਅੰਦਰ ਆਪ ਟਿਕਾਇੰਦਾ। ਜੁਗਾ ਜੁਗੰਤਰ ਕਰ ਪਿਆਰ, ਲੋਕਮਾਤ ਧਰਾਇੰਦਾ। ਸ਼ਬਦ ਸਰੂਪੀ ਕਰ ਜੈਕਾਰ, ਸਾਚਾ ਨਾਮ ਸੁਣਾਇੰਦਾ। ਲਾਏ ਮਾਰਗ ਅਗੰਮ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਖੇਲਣਹਾਰੋ ਨਰ ਨਿਰੰਕਾਰੋ, ਨਿਰਗੁਣ ਨੂਰ ਸਰਬ ਗੁਣਵੰਤਿਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰੋ, ਜੋਤੀ ਨੂਰ ਨੂਰ ਉਜਿਆਰੋ, ਘਰ ਸਾਚੇ ਸੋਭਾਵੰਤਿਆ। ਅਕਲ ਕਲ ਕਲ ਆਪੇ ਧਾਰੋ, ਜਲ ਥਲ ਮਹੀਅਲ ਰਿਹਾ ਪਸਾਰੋ, ਰੂਪ ਰੰਗ ਨਾ ਕੋਇ ਵਖੰਤਿਆ। ਵਸੇ ਨੇਹਚਲ ਧਾਮ ਨਿਆਰੋ, ਆਦਿ ਨਿਰੰਜਣ ਬ੍ਰਹਮ ਪਸਾਰੋ, ਪਾਰਬ੍ਰਹਮ ਸ੍ਰੀ ਭਗਵੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹੰਤਿਆ। ਭਗਵਨ ਭੈ ਭੰਜਣ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਨਰਾਇਣ ਸੱਜਣ, ਅਕਾਲ ਪੁਰਖ ਬੇਪਰਵਾਹੀਆ। ਜੂਨੀ ਰਹਿਤ ਘੜਣ ਭੰਨਣ, ਸਮਰਥ ਪੁਰਖ ਅਖਵਾਈਆ। ਆਦਿ ਜੁਗਾਦਿ ਏਕਾ ਸੱਜਣ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਨੂਰ ਦਰਸਾਈਆ। ਅਲੱਖ ਅਲੱਖਣਾ ਅਗੰਮ ਅਗੰਮੜਾ, ਅਨਭਵ ਪਰਕਾਸ਼ ਸਮਾਈਆ। ਸਦ ਵਸੇ ਵੱਖਰਾ ਹੱਡ ਮਾਸ ਨਾੜੀ ਨਾ ਚੰਮੜਾ, ਤੱਤ ਰੱਤ ਨਾ ਕੋਇ ਵਖਾਈਆ। ਜੁਗਾ ਜੁਗੰਤ ਹੋਏ ਪਰਤੱਖਣਾ, ਪੱਲੇ ਨਾ ਕੋਈ ਪੈਸਾ ਦਮੜਾ, ਮਹਿਮਾ ਅਗਣਤ ਗਣੀ ਨਾ ਜਾਈਆ। ਦੋਵਾਂ ਹੱਥੀਂ ਫਿਰੇ ਸੱਖਣਾ, ਮਾਤ ਪਿਤ ਨਾ ਕੋਇ ਅੰਮੀ ਅੰਮੜਾ, ਸਾਕ ਸੱਜਣ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਲਿਖਾਈਆ। ਲਿਖਣਹਾਰਾ ਹਰਿ ਨਿਰੰਕਾਰ, ਏਕਓਅੰਕਾਰ ਅਕਲ ਕਲਾ ਅਖਵਾਇੰਦਾ। ਜੋਤ ਉਜਿਆਰ ਖੇਲ ਅਪਾਰ, ਸਚਖੰਡ ਦਵਾਰ ਸੋਭਾਵੰਤ ਸੋਭਾ ਪਾਇੰਦਾ। ਸੁੱਤ ਦੁਲਾਰ ਸ਼ਬਦ ਜੈਕਾਰ, ਏਕਾ ਨਾਅਰਾ ਨਾਮ ਨਾਮਾ ਸਤਿ ਲਗਾਇੰਦਾ। ਸਚਖੰਡ ਦਰਬਾਰ ਧਰਮ ਅਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਇਕ ਸੁਹਾਇੰਦਾ। ਦਰ ਸੁਹਾਵਣਾ ਰਾਗ ਅਲ੍ਹਾਵਣਾ, ਹਰਿ ਮੰਦਰ ਸੋਭਾ ਪਾਈਆ। ਸਚ ਸਿੰਘਾਸਣ ਆਸਣ ਲਾਵਣਾ, ਜੋਤ ਪਰਕਾਸ਼ਣ ਖੇਲ ਖਲਾਵਣਾ, ਨੂਰੋ ਨੂਰ ਡਗਮਗਾਈਆ। ਦੀਪਕ ਜੋਤੀ ਇਕ ਜਗਾਵਣਾ, ਆਪ ਆਪਣਾ ਮੇਲ ਮਿਲਾਵਣਾ, ਘਰ ਮੇਲਾ ਸਹਿਜ ਸੁਭਾਈਆ। ਸਾਚਾ ਬੰਕ ਸੁਹਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ। ਘਰ ਉਪਜਾਇਆ ਹਰਿ ਰਘੁਰਾਇਆ, ਖੰਡ ਸਚ ਸਚ ਵੱਡੀ ਵਡਿਆਈਆ। ਸਚ ਸਮਾਇਆ ਦਿਸ ਨਾ ਆਇਆ, ਸਚ ਕਹਿਣਾ ਕਹਿਣ ਨਾ ਕੋਇ ਜਾਈਆ। ਸ਼ਬਦ ਅਲਾਇਆ ਮੰਗਲ ਗਾਇਆ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਆਪਣਾ ਕਰ ਹਰਿ ਪਸਾਰਾ, ਹਰਿ ਨਿਰੰਕਾਰਾ ਆਪੇ ਆਪ ਵੇਖ ਵਖਾਇੰਦਾ। ਕਰਨੀ ਕਰਤਾ ਕਰ ਉਜਿਆਰਾ, ਕਰਨਾ ਕਰਤਾ ਕਰਨੀ ਕਰਤਾ ਆਪ ਕਮਾਇੰਦਾ। ਆਪੇ ਬੰਨ੍ਹੇ ਆਪਣੀ ਧਾਰਾ, ਆਪੇ ਵੇਖ ਵਖਾਇੰਦਾ। ਆਪੇ ਉਤਪਤ ਕਰੇ ਕਰਾਏ ਸਰਬ ਸੰਸਾਰਾ, ਆਪ ਆਪਣੀ ਖੇਲ ਖਲਾਇੰਦਾ। ਆਪੇ ਮੇਟੇ ਕੂੜ ਪਸਾਰਾ, ਤ੍ਰੈਗੁਣ ਡੇਰਾ ਆਪੇ ਢਾਹਿੰਦਾ। ਆਪੇ ਬ੍ਰਹਮਾ ਵਿਸ਼ਨ ਕਰਾਏ ਅੰਤ ਕਿਨਾਰਾ, ਆਪੇ ਜੋਤੀ ਨੂਰ ਧਰਾਇੰਦਾ। ਕਲਜੁਗ ਅੰਤਮ ਜੋਤ ਉਜਿਆਰਾ, ਏਕਓਅੰਕਾਰਾ, ਆਪ ਅਖਵਾਇੰਦਾ। ਵੇਦ ਕਤੇਬਾਂ ਵਸੇ ਬਾਹਰਾ, ਖਾਣੀ ਬਾਣੀ ਮੁਖ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣੇ ਸੋਭਾ ਪਾਇੰਦਾ। ਦਰ ਸੋਭਾ ਪਾਏ ਸੋਭਾਵੰਤ, ਗੁਣਵੰਤ ਗੁਣ ਜਣਾਈਆ। ਦਰ ਮੰਦਰ ਅੰਦਰ ਸਾਚੀ ਬਣਤ, ਨਿਰਗੁਣ ਆਪਣੀ ਆਪ ਉਪਜਾਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਈਆ। ਨਿਹਕਲੰਕ ਹਰਿ ਨਿਰੰਕਾਰ, ਭੇਵ ਕਿਸੇ ਨਾ ਪਾਇਆ। ਚਾਰੇ ਜੁਗ ਬਣ ਲਿਖਾਰ, ਆਪਣਾ ਆਪਣਾ ਲੇਖਾ ਗਏ ਲਿਖਾਇਆ। ਸਾਧ ਸੰਤ ਗੁਰ ਸਤਿਗੁਰ ਰਹੇ ਪੁਕਾਰ, ਨਿਹਕਲੰਕ ਤੇਰਾ ਨਾਂ ਧਿਆਇਆ। ਕਲਜੁਗ ਅੰਤਮ ਔਣਾ ਵਿਚ ਸੰਸਾਰ, ਭੇਵ ਅਭੇਦਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਨਿਰਗੁਣ ਜੋਤੀ ਦੀਪਕ ਬਾਲ, ਗੁਰਮੁਖਾਂ ਰਿਹਾ ਜਗਾਈਆ। ਇਕ ਵਖਾਏ ਸਾਚੀ ਧਰਮਸਾਲ, ਚਰਨ ਦੁਵਾਰਾ ਵਡ ਵਡਿਆਈਆ। ਆਪੇ ਪਰਖੇ ਸਾਚੇ ਲਾਲ, ਨਾਮ ਕਸਵਟੀ ਹੱਥ ਉਠਾਈਆ। ਲੇਖੇ ਲਾਏ ਕਾਚੀ ਮਾਟੀ ਝੂਠੀ ਖਾਲ, ਰੱਤ ਤੱਤ ਬ੍ਰਹਮ ਮਤ ਆਪ ਉਪਜਾਈਆ। ਅਬਿਨਾਸ਼ੀ ਕਰਤਾ ਧਰਨੀ ਧਰਤਾ ਧਰਤ ਧਵਲ ਉਪਰ ਗੁਰਮੁਖ ਸਾਜਣ ਲਏ ਭਾਲ, ਲੱਖ ਚੁਰਾਸੀ ਫੋਲ ਫੁਲਾਈਆ। ਸ਼ਬਦ ਸ਼ਬਦੀ ਬਣ ਦਲਾਲ, ਵਣਜ ਕਰਾਏ ਨਾਮ ਸੱਚਾ ਧਨ ਮਾਲ, ਸਚ ਖ਼ਜ਼ੀਨਾ ਇਕ ਲੁਟਾਈਆ। ਗੁਰਸਿਖ ਸ਼ਾਹ ਬਣਿਆ ਕੰਗਾਲ, ਅਤੋਟ ਅਤੁਟ ਭੰਡਾਰ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਤਰਾਈਆ। ਤਾਰਨਹਾਰਾ ਏਕਾ ਗੁਰ, ਏਕਾ ਏਕਓਅੰਕਾਰਿਆ। ਗੁਰਮੁਖ ਸਾਜਣ ਸਾਚੇ ਚੜ੍ਹਾਏ ਘੋੜ, ਸਾਚਾ ਘੋੜਾ ਇਕ ਵਖਾ ਰਿਹਾ। ਕਲਜੁਗ ਅੰਤਮ ਗਿਆ ਬੌਹੜ, ਆਪ ਆਪਣਾ ਵੇਸ ਵਟਾ ਲਿਆ। ਲੱਖ ਚੁਰਾਸੀ ਵੇਖ ਮਿੱਠਾ ਕੌੜ, ਕਲਜੁਗ ਰੀਠਾ ਕੌੜਾ ਭੰਨ ਵਖਾ ਲਿਆ। ਗੁਰਮੁਖਾਂ ਅੰਤਰ ਆਤਮ ਲੱਗੀ ਔੜ, ਦੇ ਦਰਸ ਤ੍ਰਿਖਾ ਬੁਝਾ ਲਿਆ। ਸਤਿਗੁਰ ਪੂਰਾ ਗਿਆ ਬੌਹੜ, ਭਾਂਡਾ ਭਰਮ ਗੜ੍ਹ ਭਨਾ ਲਿਆ। ਗੁਰਮੁਖ ਫੜਨਾ ਏਕਾ ਪੌੜ, ਚੌਥੇ ਪਦ ਚੌਥੇ ਘਰ ਸੋਹੰ ਡੰਡਾ ਏਕਾ ਲਾ ਲਿਆ। ਅੱਧ ਵਿਚ ਨਾ ਜਾਣਾ ਅੜ, ਗੁਰ ਪੂਰੇ ਸਿਰ ਆਪਣਾ ਹੱਥ ਟਿਕਾ ਲਿਆ। ਸ਼ਬਦ ਸਰੂਪੀ ਲਏ ਫੜ, ਸਤਿਗੁਰ ਵਿਚੋਲਾ ਸ਼ਬਦ ਰਖਾ ਲਿਆ। ਸੱਸੇ ਉਪਰ ਹੋੜਾ ਧਰ, ਨਿਰਗੁਣ ਸਰਗੁਣ ਨਾਉਂ ਧਰਾ ਲਿਆ। ਹੰ ਬ੍ਰਹਮ ਲਾਏ ਲੜ, ਆਪਣਾ ਪੱਲੂ ਆਪ ਫੜਾ ਲਿਆ। ਪੁਰਖ ਅਬਿਨਾਸ਼ੀ ਸਾਚੇ ਘੋੜੇ ਰਿਹਾ ਚੜ੍ਹ, ਸਚ ਸਿੰਘਾਸਣ ਆਸਣ ਲਾ ਲਿਆ। ਗੁਰਮੁਖ ਨਾਰੀ ਲਏ ਵਰ, ਕੰਤ ਕੰਤੂਹਲਾ ਫੇਰਾ ਪਾ ਲਿਆ। ਸਾਚੀ ਡੋਲੀ ਚੁੱਕੇ ਬਣ ਕਹਾਰ, ਆਪਣੇ ਕੰਧ ਉਠਾ ਲਿਆ। ਤਿੰਨਾਂ ਲੋਕਾਂ ਕਰੇ ਪਾਰ, ਸਾਚੇ ਮਾਰਗ ਆਪੇ ਪਾ ਲਿਆ। ਆਦਿ ਸ਼ਕਤ ਪਾਣੀ ਦਏ ਵਾਰ, ਅੰਮ੍ਰਿਤ ਸਾਚਾ ਹੱਥ ਉਠਾ ਲਿਆ। ਸਚਖੰਡ ਦੁਵਾਰੇ ਕਰ ਪਿਆਰ, ਗੁਰਮੁਖ ਸਾਚਾ ਆਪ ਬਹਾ ਲਿਆ। ਲੱਖ ਚੁਰਾਸੀ ਘੁੰਗਟ ਦਏ ਉਤਾਰ, ਆਪਣਾ ਮੁਖੜਾ ਆਪ ਵਖਾ ਲਿਆ। ਕਰੇ ਕਰਾਏ ਸਚ ਪਿਆਰ, ਅੰਗੀਕਾਰ ਅੰਗ ਲਗਾ ਲਿਆ। ਸਾਚੀ ਸੇਜਾ ਪੁਰਖ ਕਰਤਾਰ, ਨਿਰਗੁਣ ਆਪਣੀ ਆਪ ਸੁਹਾ ਲਿਆ। ਸੰਤ ਦੁਲਾਰਾ ਦਏ ਅਧਾਰ, ਸਾਚੀ ਸੇਜਾ ਆਪ ਸਵਾ ਲਿਆ। ਏਕਾ ਸੇਜਾ ਸੁੱਤੇ ਪੈਰ ਪਸਾਰ, ਦੂਸਰ ਫੇਰ ਨਾ ਕਿਸੇ ਉਠਾ ਲਿਆ। ਜੁਗ ਜੁਗ ਬੰਨ੍ਹੇ ਆਪਣੀ ਧਾਰ, ਭਗਤਾਂ ਆਪ ਜਗਾ ਲਿਆ। ਸ਼ਬਦ ਸੁਨੇਹੜਾ ਦੇਵੇ ਆਪਣੀ ਵਾਰ, ਸਾਚਾ ਹੁਕਮ ਸੁਣਾ ਲਿਆ। ਲੋਕਮਾਤ ਜਾਣਾ ਵਿਚ ਸੰਸਾਰ, ਭਗਤੀ ਮਾਰਗ ਇਕ ਵਖਾ ਲਿਆ। ਮੈਂ ਆਵਾਂ ਕਿਰਪਾ ਧਾਰ, ਗੁਰ ਸਤਿਗੁਰ ਰੂਪ ਵਟਾ ਲਿਆ। ਕਲਜੁਗ ਅੰਤਮ ਵੇਖ ਵਿਚਾਰ, ਨਿਰਗੁਣ ਸਾਚਾ ਖੇਲ ਖਿਲਾ ਲਿਆ। ਗੁਰਮੁਖ ਸਾਜਣ ਲਾਏ ਪਾਰ, ਆਪਣੇ ਬੇੜੇ ਆਪ ਚੜ੍ਹਾ ਲਿਆ। ਕੋਏ ਨਾ ਡੋਬੇ ਵਿਚ ਮੰਝਧਾਰ, ਭਵ ਸਾਗਰ ਪਾਰ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾ ਲਿਆ। ਗੁਰਮੁਖ ਨਾਰੀ ਕੰਤ ਪਿਆਰੀ, ਨੇਤਰ ਨੈਣ ਸ਼ਿੰਗਾਰਿਆ। ਦਿਵਸ ਰੈਣ ਰਹੀ ਪੁਕਾਰੀ, ਘਰ ਆ ਸਾਜਣ ਮੀਤ ਮੁਰਾਰਿਆ। ਧੁਰਦਰਗਾਹੀ ਲੱਗੀ ਯਾਰੀ, ਜਗਤ ਵਿਛੋੜਾ ਕਿਉਂ ਪਾ ਲਿਆ। ਮੈਂ ਭੁੱਲੀ ਅਵਗੁਣਹਾਰੀ, ਤੇਰਾ ਗੁਣ ਨਾ ਜਣਾ ਲਿਆ। ਤੂੰ ਸ਼ਾਹੋ ਸੱਚਾ ਬਖ਼ਸ਼ਣਹਾਰੀ, ਹਉਂ ਖ਼ਾਕੀ ਖ਼ਾਕ ਰਮਾ ਲਿਆ। ਬਿਨ ਤੇਰੇ ਦਰਸ਼ਨ ਹੋਏ ਖ਼ੁਵਾਰੀ, ਲੱਖ ਚੁਰਾਸੀ ਭਰਮ ਭੁਲਾ ਲਿਆ। ਤੇਰੀ ਸੇਜ਼ਾ ਇਕ ਪਿਆਰੀ, ਦੂਜਾ ਰਸ ਨਾ ਕੋਇ ਵਖਾ ਲਿਆ। ਤੇਰਾ ਸ਼ਬਦ ਸੱਚੀ ਧਾਰੀ, ਸਾਚਾ ਮੰਗਲ ਗਾ ਲਿਆ। ਪਾ ਗਲਵਕੜੀ ਅੰਤਮ ਵਾਰੀ, ਕਲਜੁਗ ਮਾਇਆ ਮੋਹ ਝੂਠਾ ਧੰਦਾ ਤੋੜ ਤੁੜਾ ਲਿਆ। ਤੇਰੀ ਡਿਗੀ ਤੇਰੇ ਚਰਨ ਦੁਵਾਰੀ, ਤੇਰਾ ਆਸਰਾ ਇਕ ਤਕਾ ਲਿਆ। ਛੱਤੀ ਜੁਗ ਰਹੀ ਕੁਵਾਰੀ, ਕੰਤ ਸੁਹਾਗ ਨਾ ਕੋਇ ਹੰਢਾ ਲਿਆ। ਕਲਜੁਗ ਅੰਤਮ ਆਈ ਵਾਰੀ, ਸੋਹਣਾ ਸੀਸ ਮਾਤ ਗੁੰਦਾ ਲਿਆ। ਸਾਚਾ ਕਰਿਆ ਇਕ ਵਿਹਾਰੀ, ਹਰਿ ਹਰਿ ਸਗਨ ਮਨਾ ਲਿਆ। ਸੋਹੰ ਸ਼ਬਦ ਮਿਲਿਆ ਦਾਜ ਭਰੀ ਪਟਾਰੀ, ਆਪਣੇ ਸੰਗ ਉਠਾ ਲਿਆ। ਜਾਂਞੀ ਲਾੜਾ ਆਏ ਕਰ ਤਿਆਰੀ, ਸੋਹਣਾ ਘੋੜਾ ਵਾਂਗ ਗੁਦਾ ਲਿਆ। ਗੁਰ ਗੁਰਮੁਖ ਨਾਰੀ ਮਹਿੰਦੀ ਲਾਏ ਹੱਥੀਂ ਅਪਾਰੀ, ਲਾਲ ਰੰਗਨ ਰੰਗ ਰੰਗਾ ਲਿਆ। ਸੂਹੇ ਬਸਤਰ ਸੂਹਾ ਵੇਸ, ਤਿੰਨਾਂ ਲੋਕਾਂ ਕਰੇ ਵਿਚਾਰੀ, ਕੰਚਨ ਰੂਪ ਆਪ ਵਟਾ ਲਿਆ। ਆਦਿ ਜੁਗਾਦਿ ਜੁਗ ਜੁਗ ਨੇਤਰ ਰੋ ਰੋ ਕਰੇ ਗਿਰਿਆਜ਼ਾਰੀ, ਪੇਈਆ ਘਰ ਨਾ ਕਿਸੇ ਵਸਾ ਲਿਆ। ਫੜਿਆ ਲੜ ਚੌਥੇ ਜੁਗ ਪਾਰਬ੍ਰਹਮ ਅਬਿਨਾਸ਼ੀ ਕਰਤੇ ਹਰਿ ਨਿਰੰਕਾਰੀ, ਆਪਣਾ ਪੱਲੂ ਆਪ ਬੰਨ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਨਣਹਾਰ ਜਗਤ ਪੁਕਾਰਾ, ਗੁਰਮੁਖ ਸਾਚੇ ਵੇਖ ਵਖਾ ਲਿਆ। ਸੁਣੀ ਪੁਕਾਰ ਦਾਤਾਰ ਪ੍ਰਭ, ਸਚਖੰਡ ਲਏ ਅੰਗੜਾਈਆ। ਸੰਤ ਸੁਹੇਲੇ ਗੁਰਮੁਖ ਸਾਚੇ ਲਏ ਲੱਭ, ਹਰਿ ਵੱਡਾ ਵਡ ਵਡਿਆਈਆ। ਪਹਿਲਾ ਅੰਮ੍ਰਿਤ ਚੋਵੇ ਨੱਭ, ਉਲਟਾ ਕਵਲ ਖੁਲ੍ਹਾਈਆ। ਪੰਜ ਵਿਕਾਰਾ ਦੇਵੇ ਦੱਬ, ਮੋਹ ਵਿਕਾਰ ਰਹਿਣ ਨਾ ਪਾਈਆ। ਤੀਜਾ ਨੇਤਰ ਨਾ ਝੱਲੇ ਤਾਬ, ਨੂਰੋ ਨੂਰ ਰੁਸ਼ਨਾਈਆ। ਚੌਥੇ ਘਰ ਆਬਹਯਾਤ, ਦੋ ਦੋਆਬ ਮੇਲ ਮਿਲਾਈਆ। ਪੰਚਮ ਮੀਤਾ ਸ਼ਾਹ ਨਵਾਬ, ਸ਼ਾਹ ਸਵਾਰ ਖੇਲ ਖਲਾਈਆ। ਚਰਨ ਘੋੜੇ ਦੇ ਰਕਾਬ, ਲੋਕਮਾਤ ਉਠ ਧਾਈਆ। ਪਰਵਰਦਿਗਾਰਾ ਹੱਕ ਜਨਾਬ, ਹੱਕ ਹਕੀਕਤ ਵੇਖ ਵਖਾਈਆ। ਨਾ ਕੋਈ ਪੁੰਨ ਜਾਣੇ ਸਵਾਬ, ਪਤਿਤ ਪਾਪੀ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਈਆ। ਉਠਿਆ ਹਰਿ ਹਰਿ ਸ਼ਾਹ ਸੁਲਤਾਨਾ, ਘਰ ਸਾਚੇ ਸੋਭਾ ਪਾਇੰਦਾ। ਨਿਰਗੁਣ ਹੱਥੀਂ ਬੱਧਾ ਗਾਨਾ, ਸਾਚਾ ਚੀਰਾ ਸੀਸ ਟਿਕਾਇੰਦਾ। ਹੱਥ ਵਿਚ ਫੜਿਆ ਸ਼ਬਦ ਨਿਸ਼ਾਨਾ, ਤੀਰ ਕਮਾਨਾ ਇਕ ਰਖਾਇੰਦਾ। ਜਾਂਞੀ ਲਾੜੇ ਰਵ ਸਸ ਭਾਨਾ, ਬ੍ਰਹਮਾ ਵਿਸ਼ਨ ਸ਼ਿਵ ਸੰਗ ਰਲਾਇੰਦਾ। ਸੁਰਪਤ ਬਣਿਆ ਲਾਗੀ ਖੇਲ ਮਹਾਨਾ, ਆਪਣੀ ਝੋਲੀ ਅੱਗੇ ਡਾਹਿੰਦਾ। ਕਰੋੜ ਤੇਤੀਸਾ ਸਖੀਆਂ ਮੰਗਲ ਗਾਣਾ, ਵਾਹ ਵਾ ਰਾਗ ਅਲਾਇੰਦਾ। ਗਣ ਗੰਧਰਬ ਤਾਲ ਵਜਾਣਾ, ਕਿਨਰ ਜਛਪ ਆਪ ਨਚਾਇੰਦਾ। ਖੇਲੇ ਖੇਲ ਸ੍ਰੀ ਭਗਵਾਨਾ, ਆਪ ਆਪਣੀ ਖੇਲ ਖਲਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਆਪ ਆਪਣਾ ਬਲ ਧਰਾਇੰਦਾ। ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਣਾ, ਚਰਨ ਚਰਨੋਦਕ ਇਕ ਵਖਾਇੰਦਾ। ਲੋਕਮਾਤ ਆਇਆ ਵਾਲੀ ਦੋ ਜਹਾਨਾਂ, ਕਲਜੁਗ ਅੰਤਮ ਵੇਸ ਵਟਾਇੰਦਾ। ਗੁਰਮੁਖ ਨਾਰੀ ਕਰੇ ਪਰਵਾਨਾ, ਆਪ ਆਪਣੀ ਦਇਆ ਕਮਾਇੰਦਾ। ਸ਼ਬਦ ਸੁਣਾਏ ਸਚ ਤਰਾਨਾ, ਸਾਚਾ ਹੁਕਮ ਸੁਣਾਇੰਦਾ। ਤੇਰਾ ਕੰਤ ਆਦਿ ਅੰਤ ਇਕ ਭਗਵਾਨਾ, ਤੇਰੀ ਸੇਜ ਹੰਢਾਇੰਦਾ। ਲੱਖ ਚੁਰਾਸੀ ਭਰਮ ਭੁਲਾਣਾ, ਝੂਠੀ ਕਿਰਿਆ ਵਿਚ ਫਸਾਇੰਦਾ। ਸ਼ਾਹੋ ਭੂਪ ਹਰਿ ਵਡ ਸੁਲਤਾਨਾ, ਰਾਜ ਰਾਜਾਨਾ ਇਕ ਅਖਵਾਇੰਦਾ। ਗੁਰਮੁਖ ਰਾਣੀ ਮਿਲਿਆ ਸਾਚਾ ਹਾਣੀ, ਸਤਿਗੁਰ ਸਾਚਾ ਇਕ ਅਖਵਾਇੰਦਾ। ਅੰਮ੍ਰਿਤ ਦੇਵੇ ਠੰਡਾ ਪਾਣੀ, ਜਗਤ ਤ੍ਰਿਸ਼ਨਾ ਭੁੱਖ ਗਵਾਇੰਦਾ। ਲੱਖ ਚੁਰਾਸੀ ਤੁੱਟੇ ਕਾਣੀ, ਫੰਦਨ ਫੰਦ ਕਟਾਇੰਦਾ। ਸੋਹੰ ਅੱਖਰ ਪੜ੍ਹਾਏ ਬਾਣੀ, ਬ੍ਰਹਮ ਪਾਰਬ੍ਰਹਮ ਆਪ ਹੋ ਜਾਇੰਦਾ। ਗੁਰਮੁਖ ਤੇਰੀ ਨਾਮ ਨਿਸ਼ਾਨੀ, ਲੋਕਮਾਤ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਵਰ ਘਰ ਸਾਚਾ ਪਾਇਆ, ਪਾਇਆ ਕੰਤ ਕੰਤੂਹਲ। ਏਕਾ ਦੂਜਾ ਭੌ ਗਵਾਇਆ, ਫਲ ਫੁਲਵਾੜੀ ਗਈ ਫੂਲ। ਤੀਜਾ ਨੇਤਰ ਨੈਣ ਇਕ ਖੁਲ੍ਹਾਇਆ, ਸਚ ਸਿੰਘਾਸਣ ਦਰਸ਼ਨ ਪਾਇਆ, ਨਾ ਪਾਵਾ ਨਾ ਦਿਸੇ ਚੂਲ। ਚੌਥੇ ਪਦ ਡੇਰਾ ਲਾਇਆ, ਹਰਿ ਮਿਲਿਆ ਸਾਚਾ ਕੰਤ ਕੰਤੂਹਲ। ਪੰਚਮ ਮੇਲਾ ਆਪ ਕਰਾਇਆ, ਪਿਛਲਾ ਲਹਿਣਾ ਗਿਆ ਭੂਲ, ਸਾਚੇ ਮੰਦਰ ਡੇਰਾ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੋਲੇ ਪੂਰੇ ਤੋਲ। ਗੁਰਮੁਖ ਸਾਜਣ ਮੀਤੜਾ, ਮਿਲਿਆ ਪਾਰਬ੍ਰਹਮ ਕਰਤਾਰ। ਘਰ ਵਸਿਆ ਇਕ ਅਨਡੀਠੜਾ, ਮਹੱਲ ਅਟੱਲ ਉਚ ਮੁਨਾਰ। ਸਤਿਗੁਰ ਪਾਇਆ ਠੰਡਾ ਸੀਤੜਾ, ਨਾਤਾ ਛੁੱਟਾ ਦੁੱਖ ਸੰਸਾਰ। ਗੁਰਮੁਖ ਗੁਰਸਿਖ ਗਾਓ ਸੋਹੰ ਸੁਹਾਗੀ ਗੀਤੜਾ, ਜਨਮ ਕਰਮ ਧਰਮ ਵਰਨ ਬਰਨ ਤਰਨੀ ਤਰਨ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਕਰੇ ਆਪ ਪਸਾਰ।