ਪਹਿਲੀ ਅੱਸੂ ੨੦੧੬ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਸ਼ਬਦ
ਹਰਿ ਪ੍ਰਗਟਿਓ ਮਿਹਰਵਾਨ, ਪਾਰਬ੍ਰਹਮ ਬੇਅੰਤ ਬੇਅੰਤ ਬੇਅੰਤ ਵੱਡੀ ਵਡਿਆਈਆ। ਏਕੰਕਾਰਾ ਨਿਰੰਕਾਰਾ ਜੋਧਾ ਸੂਰ ਬਲੀ ਬਲਵਾਨ, ਆਦਿ ਅੰਤ ਜੁਗਾ ਜੁਗੰਤ ਆਪਣੀ ਖੇਲ ਖਲਾਈਆ। ਨਿਰਗੁਣ ਨੂਰ ਜੋਤ ਮਹਾਨ, ਸਤਿ ਸਰੂਪ ਅਨੂਪ ਕਰੇ ਰੁਸ਼ਨਾਈਆ। ਆਦਿ ਨਿਰੰਜਣ ਹੋ ਮਿਹਰਵਾਨ, ਗੁਣ ਨਿਧਾਨ ਦਇਆ ਕਮਾਈਆ। ਥਿਰ ਘਰ ਸਾਚੇ ਮੰਦਰ ਬੈਠ ਮਕਾਨ, ਸਚਖੰਡ ਦੁਵਾਰਾ ਸੋਭਾ ਪਾਈਆ। ਆਪਣਾ ਘਰ ਕਰ ਪਰਵਾਨ, ਆਪੇ ਦੇਵੇ ਸਾਚਾ ਦਾਨ, ਦਾਤਾ ਦਾਨੀ ਆਪ ਅਖਵਾਈਆ। ਆਪੇ ਪੁਰਖ ਆਪ ਸੁਲਤਾਨ, ਆਪੇ ਰਾਜ ਆਪ ਰਾਜਾਨ, ਸ਼ਾਹੋ ਭੂਪ ਨਾਮ ਧਰਾਈਆ। ਆਪੇ ਪੁਰਖ ਅਕਾਲ ਆਪ ਸੁਲਤਾਨ ਵਾਲੀ ਦੋ ਜਹਾਨ, ਅਜੂਨੀ ਰਹਿਤ ਆਪ ਹੋ ਜਾਈਆ। ਆਪੇ ਕਾਲ ਮਹਾਂਕਾਲ ਨਾ ਕੋਈ ਦਿਸੇ ਨਿਸ਼ਾਨ, ਸਚ ਨਿਸ਼ਾਨਾ ਆਪ ਉਠਾਈਆ। ਆਪੇ ਨੂਰ ਆਪੇ ਭਾਨ, ਪ੍ਰਕਾਸ਼ ਪ੍ਰਕਾਸ਼ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨੂਰ ਕਰੇ ਰੁਸ਼ਨਾਈਆ। ਹਰਿ ਪ੍ਰਗਟਿਓ ਗੋਬਿੰਦ, ਨਿਰਗੁਣ ਰੂਪ ਅਪਾਰਿਆ। ਹਰਿ ਪਾਰਬ੍ਰਹਮ ਬਖ਼ਸ਼ਿੰਦ, ਜੋਤੀ ਜੋਤ ਉਜਿਆਰਿਆ। ਹਰਿ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਆਪ ਸਮਾ ਰਿਹਾ। ਹਰਿ ਸਾਗਰ ਹਰਿ ਸਿੰਧ, ਹਰਿ ਡੂੰਘੀ ਧਾਰ ਵਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾ ਰਿਹਾ। ਪ੍ਰਗਟਿਆ ਹਰਿ ਸੁਲਤਾਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਧਾ ਸੂਰ ਬਲੀ ਬਲਵਾਨ, ਦੋ ਜਹਾਨਾਂ ਵੇਖ ਵਖਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਆਪ ਆਪਣਾ ਬਲ ਧਰਾਈਆ। ਆਪੇ ਆਪਣੇ ਘਰ ਹੋ ਪ੍ਰਧਾਨ, ਆਪਣੀ ਅਲੱਖ ਆਪ ਜਗਾਈਆ। ਅਲੱਖ ਨਿਰੰਜਣ ਖੇਲ ਮਹਾਨ, ਅਗੰਮ ਅਗੰਮੜੀ ਕਾਰ ਕਮਾਈਆ। ਆਪੇ ਨਾਰੀ ਕੰਤ ਭਤਾਰ, ਸਾਚੀ ਸੇਜ ਆਪ ਹੰਢਾਈਆ। ਆਪੇ ਆਪਣਾ ਕਰ ਸ਼ਿੰਗਾਰ, ਸ਼ਬਦ ਭੂਸ਼ਨ ਆਪੇ ਪਾਈਆ। ਆਪੇ ਕੰਗਨ ਕਰ ਤਿਆਰ, ਆਪੇ ਵੇਖ ਵਖਾਈਆ। ਆਪੇ ਜੋਰੂ ਜੋਬਨ ਨਾਰ ਮੁਟਿਆਰ, ਆਪੇ ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਪੇ ਨਿਰਗੁਣ ਕੰਤ ਭਤਾਰ, ਕੰਤ ਕੰਤੂਹਲਾ ਨਾਉਂ ਧਰਾਈਆ। ਆਪੇ ਆਪਣਾ ਕਰ ਵਿਹਾਰ, ਆਪ ਆਪਣਾ ਸਗਨ ਮਨਾਈਆ। ਆਪੇ ਵਿਚੋਲਾ ਫੇਰੇ ਮਾਰੇ ਵਾਰੋ ਵਾਰ, ਆਵੇ ਜਾਵੇ ਬੇਪਰਵਾਹੀਆ। ਆਪੇ ਗੋਲਾ ਬਣੇ ਦਰ ਦਰਬਾਰ, ਦਰ ਦਰਵੇਸ਼ ਅਲੱਖ ਜਗਾਈਆ। ਆਪੇ ਆਦਿ ਨਿਰੰਜਣ ਬਣ ਭਿਖਾਰ, ਦਰ ਆਪਣਾ ਰੰਗ ਰੰਗਾਈਆ। ਆਪੇ ਦੇਵਣਹਾਰ ਭੰਡਾਰ, ਦਾਤਾ ਦਾਨੀ ਆਪ ਹੋ ਜਾਈਆ। ਆਪੇ ਸੋਭਾਵੰਤੀ ਹੋਈ ਨਾਰ, ਰੂਪ ਅਨੂਪਾ ਆਪ ਦਰਸਾਈਆ। ਆਪੇ ਸਾਜਣ ਮੀਤਾ ਖ਼ਬਰਦਾਰ, ਆਪਣੀ ਆਪ ਲਏ ਅੰਗੜਾਈਆ। ਆਪੇ ਕੰਠ ਪਾਏ ਆਪਣਾ ਹਾਰ, ਆਪਣੀ ਜੜਤ ਆਪ ਜੜਾਈਆ। ਆਪੇ ਦੂਲ੍ਹਾ ਹੋ ਤਿਆਰ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ। ਆਪੇ ਨਾਰੀ ਨਰ ਵਿਚਾਰ, ਆਪੇ ਜੋੜੀ ਜੋੜ ਜੁੜਾਈਆ। ਆਪੇ ਘਾੜਣ ਘੜੇ ਅਪਰ ਅਪਾਰ, ਸਚ ਸੁਨਿਆਰ ਭੇਵ ਨਾ ਰਾਈਆ। ਆਪੇ ਪਰਖ ਪਰਖੇ ਪਰਖਣਹਾਰ, ਵਡ ਸ਼ਰਾਫ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਘਰ ਕਰੇ ਰੁਸ਼ਨਾਈਆ। ਪ੍ਰਗਟਿਆ ਹਰਿ ਨਿਰੰਕਾਰ, ਭੇਵ ਅਭੇਦ ਖੁਲ੍ਹਾਇੰਦਾ। ਰੂਪ ਰੰਗ ਰੰਗ ਕਰਤਾਰ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਨਿਰਗੁਣ ਨਿਰਗੁਣ ਭਰ ਭੰਡਾਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਰਈਅਤ ਨਿਰਗੁਣ ਸਿਕਦਾਰ, ਨਿਰਗੁਣ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਪ੍ਰਗਟਿਆ ਹਰਿ ਹਰਿ ਦਾਤਾ, ਆਪਣੀ ਦਇਆ ਕਮਾਈਆ। ਆਪੇ ਮਾਤ ਪਿਤ ਧਰ ਨਿਸ਼ਾਨ, ਸੁੱਤ ਦੁਲਾਰਾ ਆਪ ਹੋ ਜਾਈਆ। ਆਪੇ ਦਾਈ ਦਾਇਆ ਬਣ ਨਿਧਾਨ, ਆਪ ਆਪਣੀ ਰੁੱਤ ਸੁਹਾਈਆ। ਆਪੇ ਖਾਟ ਸਚ ਪਲੰਘ ਵਛਾਏ ਦੋ ਜਹਾਨ, ਪਾਵਾ ਚੂਲ ਨਾ ਕੋਈ ਰਖਾਈਆ। ਆਪੇ ਬਸਤਰ ਭੂਸ਼ਨ ਵੇਖੇ ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਈ ਵਖਾਈਆ। ਆਪੇ ਕਰਿਆ ਆਪਣਾ ਪੀਣ ਖਾਣ, ਆਪ ਆਪਣੀ ਤ੍ਰਿਪਤ ਕਰਾਈਆ। ਆਪੇ ਹੋਇਆ ਗੁਣ ਨਿਧਾਨ, ਗੁਣਵੰਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਈਆ। ਪ੍ਰਗਟਿਆ ਹਰਿ ਹਰਿ ਅਭੁੱਲ, ਭੇਵ ਕੋਈ ਨਾ ਪਾਇੰਦਾ। ਆਪ ਆਪਣੀ ਉਪਾਏ ਕੁਲ, ਆਪ ਆਪਣਾ ਵੇਸ ਰਖਾਇੰਦਾ। ਸਾਚੇ ਮੰਦਰ ਆਪੇ ਪਾਇਆ ਆਪਣਾ ਮੁਲ, ਆਪ ਆਪਣਾ ਹੱਟ ਖੁਲ੍ਹਾਇੰਦਾ। ਆਪਣੇ ਕੰਡੇ ਆਪੇ ਤੋਲ, ਤੋਲਣਹਾਰਾ ਆਪ ਹੋ ਜਾਇੰਦਾ। ਆਪਣਾ ਮੰਦਰ ਆਪੇ ਖੋਲ੍ਹ, ਆਪੇ ਆਸਣ ਲਾਇੰਦਾ। ਨਾ ਕੋਈ ਦੂਸਰ ਦਿਸੇ ਕੋਲ, ਨਾ ਕੋਈ ਸੰਗ ਰਖਾਇੰਦਾ। ਨਾ ਕੋਈ ਨਾਰ ਭਤਾਰ ਕਰੇ ਚੋਲ੍ਹ, ਸੇਜਾ ਸੇਜ ਨਾ ਕੋਈ ਹੰਢਾਇੰਦਾ। ਨਾ ਕੋਈ ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਮੇਘ ਨਾ ਕੋਈ ਝਿਰਾਇੰਦਾ। ਏਕਾ ਨੂਰ ਇਲਾਹੀ ਅਵਲ, ਨੂਰ ਇਲਾਹੀ ਆਪ ਅਖਵਾਇੰਦਾ। ਆਪਣੇ ਅੰਦਰ ਆਪੇ ਮਵਲ, ਆਪਣੀ ਬਹਾਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਰਖਾਇੰਦਾ। ਪ੍ਰਗਟਿਆ ਹਰਿ ਨਰਾਇਣ, ਨਿਰਗੁਣ ਨੂਰ ਨੂਰ ਉਪਾਇਆ। ਕੋਟਨ ਕੋਟ ਤ੍ਰਲੋਕੀ ਵਖਾਏ ਏਕਾ ਨੈਣਾ, ਹਰਿ ਕਾ ਨੇਤਰ ਭੇਵ ਨਾ ਰਾਇਆ। ਕੋਟਨ ਕੋਟ ਬ੍ਰਹਿਮੰਡ ਖੰਡ ਪ੍ਰਭ ਅਬਿਨਾਸ਼ੀ ਚਰਨਾਂ ਹੇਠ ਦਬੌਣਾ, ਆਪ ਆਪਣੀ ਕਲ ਵਰਤਾਈਆ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਰਸਨਾ ਜਿਹਵਾ ਗੌਣਾ, ਹਰਿ ਕਾ ਰੂਪ ਨਾ ਕੋਈ ਵਖਾਈਆ। ਕੋਟਨ ਕੋਟ ਰਵ ਸਸ ਦਿਵਸ ਰੈਣ ਰੈਣ ਦਿਵਸ ਆਦਿ ਜੁਗਾਦਿ ਚੱਕਰ ਵਰਤੀ ਭਵਣ, ਭੌਂਦਿਆਂ ਭੌਂਦਿਆਂ ਗਣਤ ਨਾ ਆਈਆ। ਗਗਨ ਮੰਡਲ ਸੰਖ ਅਸੰਖਾ ਰਾਹ ਤਕਾਇਣ, ਹਰਿ ਕਾ ਨੇਤਰ ਕਿਸੇ ਨਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਦਏ ਦਰਸਾਇਆ, ਹਰਿ ਕਾ ਰੂਪ ਅਗੰਮ ਅਪਾਰ, ਹਰਿ ਆਪਣੇ ਵਿਚ ਸਮਾਈਆ। ਸੁੱਤੇ ਪ੍ਰਕਾਸ਼ ਹੋ ਉਜਿਆਰ, ਏਕਾ ਧਾਰਾ ਧਾਰ ਬੰਧਾਇੰਦਾ। ਆਪਣੇ ਰੰਗ ਰਵੇ ਕਰਤਾਰ, ਆਪਣੀ ਕਰਨੀ ਕਰਤਾ ਆਪ ਕਮਾਇੰਦਾ। ਭੇਵ ਅਭੇਦਾ ਭੇਵ ਨਿਆਰ, ਅਛਲ ਅਛੇਦਾ ਦਿਸ ਨਾ ਆਇੰਦਾ। ਵੇਦ ਕਤੇਬਾ ਵਸਿਆ ਬਾਹਰ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਇੰਦਾ। ਪ੍ਰਗਟਿਆ ਹਰਿ ਪੁਰਖ ਅਗੰਮ, ਅਗੰਮੜੀ ਕਾਰ ਕਰਾਈਆ। ਨਾ ਕੋਈ ਦਿਸੇ ਹੱਡ ਮਾਸ ਨਾੜੀ ਚੰਮ, ਰੱਤੀ ਰੱਤ ਨਾ ਕੋਈ ਜਣਾਈਆ। ਆਪਣਾ ਬੇੜਾ ਆਪੇ ਬੰਨ੍ਹ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਉਂ ਨਿਉਂ ਸੀਸ ਝੁਕਾਇਣ ਰਵ ਸਸ ਸੂਰਜ ਚੰਨ, ਨਿਤ ਨਵਿਤ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਮਾਰ ਝਾਤ ਆਪਣਾ ਰੰਗ ਦਏ ਦਰਸਾਈਆ। ਹਰਿ ਕਾ ਮੰਦਰ ਪੰਜ ਤੱਤ ਮਕਾਨ, ਸਤਿਗੁਰ ਨਾਉਂ ਧਰਾਈਆ। ਪ੍ਰਗਟ ਹੋ ਵਿਚ ਜਹਾਨ, ਲੋਕਮਾਤ ਫੇਰਾ ਪਾਈਆ। ਲੱਖ ਚੁਰਾਸੀ ਦੇਵੇ ਇਕ ਗਿਆਨ, ਏਕਾ ਬ੍ਰਹਮ ਸਮਝਾਈਆ। ਮਨ ਮਤ ਬੁੱਧ ਨਾ ਕੋਈ ਪਰਧਾਨ, ਤ੍ਰੈਗੁਣ ਮਾਇਆ ਵੇਖ ਵਖਾਈਆ। ਪੰਚਮ ਵੇਖ ਜਗਤ ਸ਼ੈਤਾਨ, ਪੰਚਮ ਦਰ ਦੁਰਕਾਈਆ। ਪੰਚਮ ਦੇਵੇ ਸ਼ਬਦ ਨਿਧਾਨ, ਪੰਚਮ ਤੀਰ ਚਲਾਇੰਦਾ। ਪੰਚਮ ਬਹਿ ਬਹਿ ਸਾਰੇ ਗਾਣ, ਪੰਚਮ ਰਾਗ ਅਲਾਇੰਦਾ। ਪੰਚਮ ਖੇਲ ਸ੍ਰੀ ਭਗਵਾਨ, ਘਰ ਸਾਚਾ ਆਪ ਖੁਲ੍ਹਾਇੰਦਾ। ਪੰਚਮ ਤਖ਼ਤ ਪੰਚਮ ਸੁਲਤਾਨ, ਸ਼ਾਹੋ ਭੂਪ ਆਸਣ ਲਾਇੰਦਾ। ਪੰਚਮ ਚਿੱਲਾ ਤੀਰ ਕਮਾਨ, ਸ਼ਸਤਰ ਬਸਤਰ ਆਪ ਸੁਹਾਇੰਦਾ। ਪੰਚਮ ਖੰਡਾ ਤੇਜ਼ ਕਿਰਪਾਨ, ਗੁਣ ਨਿਧਾਨ ਨਾਮ ਰਖਾਇੰਦਾ। ਪੰਚਮ ਦੀਸੇ ਪੀਣ ਖਾਣ, ਪ੍ਰੇਮ ਪਿਆਲਾ ਮੁਖ ਲਗਾਇੰਦਾ। ਪੰਚਮ ਹੋਏ ਨਿਗਹਬਾਨ, ਨਿਰਧਨ ਸਰਧਨ ਸੇਵ ਕਮਾਇੰਦਾ। ਪੰਚਮ ਰਾਜ ਜੋਗ ਪ੍ਰਧਾਨ, ਜੋਗ ਜੁਗੀਸ਼ਰ ਹੋ ਹੋ ਆਇੰਦਾ। ਪੰਚਮ ਸੁਰਤ ਸ਼ਬਦ ਗਿਆਨ, ਪੰਚਮ ਏਕਾ ਬ੍ਰਹਮ ਜਣਾਇੰਦਾ। ਪੰਚਮ ਮੇਲਾ ਗੋਪੀ ਕਾਹਨ, ਕਾਹਨਾ ਕ੍ਰਿਸ਼ਨਾ ਵੇਖ ਵਖਾਇੰਦਾ। ਪੰਚਮ ਮੇਲਾ ਸੀਤਾ ਰਾਮ, ਸੀਤਾ ਰਾਮ ਸਮਾਇੰਦਾ। ਪੰਚਮ ਮੀਤਾ ਦੋ ਜਹਾਨ, ਆਦਿ ਜੁਗਾਦਿ ਆਪ ਅਖਵਾਇੰਦਾ। ਪੰਚਮ ਸਤਿਗੁਰ ਹੋ ਪਰਧਾਨ, ਲੋਕਮਾਤ ਨਾਉਂ ਧਰਾਇੰਦਾ। ਨਾਨਕ ਮੇਲਾ ਹਰਿ ਭਗਵਾਨ, ਦਰ ਮੰਦਰ ਇਕ ਸੁਹਾਇੰਦਾ। ਸ਼ਬਦ ਭੂਸ਼ਨ ਸਚ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪੰਜ ਤੱਤ ਹੰਢਾਇੰਦਾ। ਕਰੇ ਸ਼ਿੰਗਾਰ ਸ੍ਰੀ ਭਗਵਾਨ, ਗੁਰਮੁਖ ਆਸਾ ਤ੍ਰਿਸ਼ਨਾ ਨਾਲ ਰਲਾਇੰਦਾ। ਸਖੀਆਂ ਮੰਗਲ ਏਕਾ ਗਾਣ, ਭਗਤ ਭਗਤੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੰਦਰ ਇਕ ਵਖਾਇੰਦਾ। ਲੋਕਮਾਤ ਭੂਮਕਾ ਅਸਥਾਨ, ਸਾਚਾ ਮੰਦਰ ਆਪ ਜਣਾਈਆ। ਕਾਇਆ ਗੜ੍ਹ ਅੰਦਰ ਵੜ ਉਪਰ ਚੜ੍ਹ ਵੇਖੇ ਮਾਰ ਧਿਆਨ, ਉਚ ਮਹੱਲ ਅਟੱਲ ਆਪ ਸੁਹਾਈਆ। ਪਾਏ ਪਦ ਪਦ ਨਿਰਬਾਨ, ਗੀਤ ਗਾਏ ਗੁਣ ਨਿਧਾਨ, ਆਪ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਨਿਰਗੁਣ ਲੇਖਾ ਲਿਖਿਆ ਨਾ ਕੋਈ ਮੇਟੇ ਰੇਖ, ਆਪਣੀ ਰੇਖ ਆਪ ਉਪਾਇੰਦਾ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਵੰਡ ਵੰਡਾਇੰਦਾ। ਆਦਿ ਜੁੁਗਾਦੀ ਅਵੱਲੜਾ ਵੇਸ, ਆਦਿ ਸ਼ਕਤ ਰੂਪ ਧਰਾਇੰਦਾ। ਅਸ਼ਟਭੁਜ ਨਰ ਨਰੇਸ਼, ਸੁੰਭ ਨਿਸੁੰਭ ਖਪਾਇੰਦਾ। ਧਰੂ ਪ੍ਰਹਿਲਾਦ ਲਏ ਵੇਖ, ਦੁਸ਼ਟ ਹੰਕਾਰੀ ਮੇਟ ਮਿਟਾਇੰਦਾ। ਨਿਰਗੁਣ ਸਰਗੁਣ ਧਰ ਧਰ ਭੇਖ, ਧਰਨੀ ਧਰਤ ਧਵਲ ਸੁਹਾਇੰਦਾ। ਪੰਜ ਤੱਤ ਕਰੇ ਆਦੇਸ, ਜਿਸ ਘਰ ਆਪਣਾ ਆਸਣ ਲਾਇੰਦਾ। ਸੁੱਤ ਦੁਲਾਰਾ ਬਣਾਇਆ ਦਸ ਦਸਮੇਸ਼, ਦਰ ਆਪਣੀ ਅਲੱਖ ਜਗਾਇਆ। ਆਪੇ ਰੂਪ ਰਿਖੀ ਕੇਸ, ਗਵਰਧਨ ਧਾਰੀ ਆਪ ਹੋ ਜਾਇੰਦਾ। ਆਪੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਇੰਦਾ। ਆਪੇ ਨੇਤਰ ਰਿਹਾ ਵੇਖ, ਨਿਉਂ ਨਿਉਂ ਆਪੇ ਸੀਸ ਝੁਕਾਇੰਦਾ। ਆਪੇ ਬਾਸ਼ਕ ਤਸ਼ਕਾ ਗਲ ਰੱਖੇ ਸ਼ੇਸ, ਆਪੇ ਸ਼ੰਕਰ ਜਟਾ ਜੂਟ ਗੰਗਾ ਧਾਰ ਵਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਆਪਣਾ ਭੇਵ ਆਪ ਖੁਲ੍ਹਾਇੰਦਾ। ਕਲਜੁਗ ਅੰਤਮ ਭੇਵ ਖੁਲ੍ਹਾਇਆ, ਭੂਲ ਰਹੇ ਨਾ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਸ ਵਟਾਇਆ, ਵੇਸ ਅਨੇਕਾ ਰੂਪ ਕਰਾਈਆ। ਨਿਤ ਨਵਿਤ ਫੇਰਾ ਪਾਇਆ, ਸਾਚਾ ਹਿੱਤ ਭਗਤ ਵਡਿਆਈਆ। ਅਬਿਨਾਸ਼ੀ ਅਚੁਤ ਦਿਸ ਨਾ ਆਇਆ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਕਲਜੁਗ ਵੇਸ ਹਰਿ ਅਵੱਲਾ, ਏਕਾ ਏਕ ਏਕੰਕਾਰਿਆ। ਰਾਹ ਤੱਕੇ ਰਾਣੀ ਅੱਲਾ, ਸੰਗ ਮੁਹੰਮਦ ਚਾਰ ਯਾਰਿਆ। ਈਸਾ ਮੂਸਾ ਫੜਿਆ ਪੱਲਾ, ਇਕ ਦੂਜੇ ਦੇਣ ਹੁਲਾਰਿਆ। ਰਾਮ ਰਾਮਾ ਰਾਹ ਮੱਲਾ, ਏਕਾ ਏਕੰਕਾਰਿਆ। ਕਾਹਨਾ ਕ੍ਰਿਸ਼ਨਾ ਅੱਗੇ ਖੱਲ੍ਹਾ, ਮੋਰ ਮੁਕਟ ਸੀਸ ਟਿਕਾ ਰਿਹਾ। ਮੁਕੰਦ ਮਨੋਹਰ ਲਖ਼ਮੀ ਨਰਾਇਣ ਭੇਵ ਅਵੱਲਾ, ਅਕਲ ਕਲਾ ਵਰਤਾ ਰਿਹਾ। ਨਾਨਕ ਨਿਰਗੁਣ ਜੋਤੀ ਰੱਲਾ, ਨੂਰੋ ਨੂਰ ਸਮਾ ਰਿਹਾ। ਗੋਬਿੰਦ ਫੜਾਇਆ ਆਪਣਾ ਪੱਲਾ, ਆਪਣੇ ਪੌੜੇ ਆਪ ਚੜ੍ਹਾ ਰਿਹਾ। ਸਚ ਸਿੰਘਾਸਣ ਹਰਿ ਜੀ ਮੱਲਾ, ਘਰ ਸਾਚੇ ਡੇਰਾ ਲਾ ਰਿਹਾ। ਆਪਣੇ ਦੀਪਕ ਆਪਣੀ ਜੋਤੀ ਆਪੇ ਬਲਾ, ਦੀਵਾ ਬਾਤੀ ਨਾ ਕੋਈ ਰਖਾ ਰਿਹਾ। ਬੈਠਾ ਰਹੇ ਇਕ ਇਕੱਲਾ, ਏਕਾ ਏਕੰਕਾਰ ਨਾਮ ਧਰਾ ਲਿਆ । ਲੱਖ ਚੁਰਾਸੀ ਜੋ ਜਨ ਧਾਮ ਸਚਖੰਡ ਦੁਆਰਿਉਂ ਆਪੇ ਘੱਲਾ, ਦੂਸਰ ਕੋਈ ਨਾ ਪੰਧ ਮੁਕਾ ਰਿਹਾ। ਸਤਿ ਪੁਰਖ ਨਿਰੰਜਣ ਅਬਿਨਾਸ਼ੀ ਕਰਤਾ ਆਪੇ ਹੋਏ ਅਛਲ ਅਛੱਲਾ, ਵਲ ਛਲ ਧਾਰੀ ਰੂਪ ਵਟਾ ਲਿਆ। ਕਲਜੁਗ ਅੰਤਮ ਲੋਕਮਾਤ ਸੁੱਤ ਦੁਲਾਰੇ ਨਾਲ ਰਲਾ, ਪੂਤ ਸਪੂਤਾ ਮੇਲ ਮਿਲਾ ਲਿਆ। ਸੰਬਲ ਨਗਰੀ ਧਾਮ ਅਵੱਲਾ, ਸਚ ਸਿੰਘਾਸਣ ਇਕ ਵਿਛਾ ਲਿਆ। ਭਾਗ ਲਗਾਏ ਪੰਜ ਤੱਤ ਮਾਟੀ ਕਾਇਆ ਖਲਾ, ਖ਼ਲਕ ਖ਼ੁਦਾਈ ਆਪ ਅਖਵਾ ਰਿਹਾ। ਆਪੇ ਬਿਸਮਲ ਨਰ ਨਰਾਇਣ ਆਪੇ ਨੂਰ ਇਲਾਹੀ ਅੱਲਾ, ਆਪੇ ਰਾਮ ਕ੍ਰਿਸ਼ਨ ਨਾਉਂ ਧਰਾ ਲਿਆ। ਆਪੇ ਸੰਗ ਮੁਹੰਮਦ ਚਾਰ ਯਾਰ ਈਸਾ ਮੂਸਾ ਆਪੇ ਗੋਬਿੰਦ ਫੜਾਏ ਆਪਣਾ ਪੱਲਾ, ਆਪਣਾ ਮਾਰਗ ਆਪੇ ਲਾ ਲਿਆ। ਆਪੇ ਕਰੇ ਆਪਣਾ ਹੱਲਾ, ਆਪ ਆਪਣੀ ਖੇਲ ਖਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬੂਝ ਆਪਣੀ ਸੂਝ, ਗੁਰਮੁਖਾਂ ਆਪ ਬੁਝਾ ਰਿਹਾ। ਗੁਰਮੁਖਾਂ ਹਰਿ ਹਰਿ ਭੇਵ ਖੁਲੌਣਾ, ਭੁੱਲ ਰਹੇ ਨਾ ਰਾਈਆ। ਕਲਜੁਗ ਅੰਤਮ ਜੋਤ ਜਗੌਣਾ, ਦੀਪਕ ਜੋਤ ਕਰੇ ਰੁਸ਼ਨਾਈਆ। ਸਾਚਾ ਮੰਦਰ ਇਕ ਵਖੌਣਾ, ਜਿਸ ਘਰ ਬੈਠਾ ਬੇਪਰਵਾਹੀਆ। ਸ਼ਿਵਦੁਵਾਲਾ ਮੱਠ ਗੁਰ ਮੰਦਰ ਮਸਜਿਦ ਕਿਸੇ ਦਿਸ ਨਾ ਆਵਣਾ, ਪੰਡਤ ਪਾਂਧੇ ਮੁਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਗ੍ਰੰਥੀ ਪੰਥੀ ਰਹੇ ਰਾਹ ਤਕਾਈਆ। ਨਾਨਕ ਲੇਖਾ ਪੂਰ ਕਰਾਵਣਾ, ਜੋ ਲੇਖਾ ਲਿਖਿਆ ਬੇਪਰਵਾਹੀਆ। ਵੇਦ ਵਿਆਸਾ ਸੰਗ ਰਲਾਵਣਾ, ਹਰਿ ਸਾਚਾ ਕਰੇ ਕੁੜਮਾਈਆ। ਗੋਬਿੰਦ ਤ੍ਰਿਸ਼ਨਾ ਪੂਰ ਕਰਾਵਣਾ, ਆਸਾ ਆਸਾ ਵਿਚ ਸਮਾਈਆ। ਆਪ ਆਪਣੀ ਕਲ ਵਰਤਾਵਣਾ, ਅਕਲ ਕਲਾ ਵਡ ਵਡਿਆਈਆ। ਛੱਤੀ ਰਾਗ ਭੇਵ ਨਾ ਪਾਵਣਾ, ਨਾਰਦ ਮੁਨ ਸੁਰਸਤੀ ਦਏ ਸਲਾਹੀਆ। ਚਾਰ ਵੇਦ ਨਾ ਸੰਗ ਨਿਭਾਵਣਾ, ਬ੍ਰਹਮਾ ਵੇਤਾ ਦਏ ਗਵਾਹੀਆ। ਪੁਰਾਨ ਅਠਾਰਾਂ ਵੇਖ ਵਖਾਵਣਾ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਵਡ ਵਡਿਆਈਆ। ਗੀਤਾ ਗਿਆਨ ਗਿਆਨ ਦ੍ਰਿੜਾਵਣਾ, ਬਿਨ ਅਰਜਨ ਭੇਵ ਨਾ ਰਾਈਆ। ਨਾਨਕ ਦਰਸ ਦਰਸ ਗੁਰਮੁਖ ਵਿਰਲੇ ਪਾਵਣਾ, ਅੰਗਦ ਅੰਗੀਕਾਰ ਕਰਾਈਆ। ਗੁਰ ਗੋਬਿੰਦ ਸਾਚਾ ਸੰਗ ਨਿਭਾਵਣਾ, ਜਿਸ ਜਨ ਆਪਣੀ ਦਇਆ ਕਮਾਈਆ। ਪੰਚਮ ਪਿਆਰਾ ਸੁੱਤ ਦੁਲਾਰਾ ਸੱਚਖੰਡ ਦੁਵਾਰਾ ਏਕਾ ਘਰ ਏਕਾ ਵੇਸ ਵਟਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣਾ ਮੰਦਰ ਆਪੇ ਦਏ ਵਖਾਈਆ। ਹਰਿ ਕਾ ਮੰਦਰ ਸਾਢੇ ਤਿੰਨ ਹੱਥ, ਕਲਜੁਗ ਅੰਤ ਸੁਹਾਇਆ। ਏਕਾ ਬੈਠਾ ਪੁਰਖ ਸਮਰਥ, ਸਮਰਥ ਪੁਰਖ ਵੱਡੀ ਵਡਿਆਇਆ। ਬ੍ਰਹਮਾ ਵਿਸ਼ਨ ਸ਼ਿਵ ਖੰਡ ਬ੍ਰਹਿਮੰਡ ਪ੍ਰਿਥਮੀ ਅਕਾਸ਼ ਲੋਕ ਪਤਾਲ ਉਤਭੁਜ ਸੇਹਤਜ ਜੇਰਜ ਅੰਡ ਪਾਏ ਨੱਥ, ਵਾਗ ਆਪਣੇ ਹੱਥ ਰਖਾਇਆ। ਰਵ ਸਸ ਰਾਹ ਤੱਕਣ ਨੱਸ ਨੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਦਏ ਵਖਾਇਆ। ਸਾਚਾ ਘਰ ਸਚ ਬਿਬਾਨਾ, ਹਰਿ ਸਾਚਾ ਆਪ ਸਮਝਾਈਆ। ਨਾ ਕੋਈ ਚਤੁਰ ਸੁਘੜ ਸਿਆਣਾ, ਚੌਦਾਂ ਵਿਦਿਆ ਦਿਸ ਨਾ ਆਈਆ। ਭੇਵ ਨਾ ਪਾਏ ਰਾਜਾ ਰਾਣਾ, ਸ਼ਾਹ ਸੁਲਤਾਨ ਰਹੇ ਕੁਰਲਾਈਆ। ਜਿਸ ਜਨ ਕਿਰਪਾ ਕਰੇ ਸ੍ਰੀ ਭਗਵਾਨਾ, ਸੋ ਜਨ ਬੂਝ ਬੁਝਾਈਆ। ਸਾਧਾਂ ਸੰਤਾਂ ਦੇਵੇ ਏਕਾ ਦਾਨਾ, ਏਕਾ ਨਾਮ ਝੋਲੀ ਪਾਈਆ। ਆਤਮ ਅੰਤਰ ਬ੍ਰਹਮ ਗਿਆਨਾ, ਏਕਾ ਬ੍ਰਹਮ ਵਖਾਈਆ। ਅਨਹਦ ਰਾਗ ਸੁਣਾਏ ਸਚ ਤਰਾਨਾ, ਧੁਨੀ ਨਾਦ ਵਜਾਈਆ। ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਗਵਾਈਆ। ਨੇਤਰ ਤੀਜਾ ਇਕ ਖੁਲ੍ਹਾਣਾ, ਦੋਏ ਲੋਚਣ ਬੰਦ ਕਰਾਈਆ। ਸੁਖਮਨ ਤੇਰਾ ਟੇਡਾ ਰਾਹ ਪਾਰ ਕਰਾਣਾ, ਤ੍ਰਬੈਣੀ ਨੈਣੀ ਆਪਣੇ ਚਰਨਾਂ ਹੇਠ ਦਬਾਈਆ। ਸਤਿਗੁਰ ਪੂਰੇ ਦਰਸ ਦਖਾਣਾ, ਸਵਛ ਸਰੂਪੀ ਨਜ਼ਰੀ ਆਈਆ। ਬਜ਼ਰ ਕਪਾਟੀ ਕੁੰਡਾ ਲਾਹਣਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਦਸਮ ਦੁਆਰੀ ਦਰ ਖੁਲ੍ਹਾਣਾ, ਆਤਮ ਸੇਜਾ ਇਕ ਹੰਢਾਈਆ। ਰੁੱਤ ਬਸੰਤੀ ਆਪ ਸੁਹਾਣਾ, ਫਲ ਫੁਲਵਾੜੀ ਆਪ ਮਹਿਕਾਈਆ। ਸਾਚੀ ਨਾਰੀ ਵੇਸ ਕਰਾਣਾ, ਸੁਰਤ ਸੁਵਾਣੀ ਸੋਲਾਂ ਸ਼ਿੰਗਾਰ ਕਰਾਈਆ। ਸ਼ਬਦ ਹਾਣੀ ਇਕ ਉਠਾਣਾ, ਗੁਰ ਗੁਰ ਨਾਮ ਵਡਿਆਈਆ। ਰਾਧਾ ਕ੍ਰਿਸ਼ਨ ਮੇਲ ਮਿਲਾਣਾ, ਸੀਤਾ ਰਾਮ ਜੋੜ ਜੁੜਾਈਆ। ਨਾਨਕ ਸ਼ਬਦ ਕਰ ਪਰਧਾਨਾ, ਨਾਮ ਸਤਿ ਵੱਜੇ ਵਧਾਈਆ। ਗੋਬਿੰਦ ਹੱਥੀਂ ਬੱਧਾ ਗਾਨਾ, ਸਾਚਾ ਸਗਨ ਮਨਾਈਆ। ਐਨਲਹੱਕ ਖੇਲ ਮਹਾਨਾ, ਅੱਲਾ ਹੂ ਹੂ ਵੇਖ ਵਖਾਈਆ। ਹੱਕ ਹਕੀਕਤ ਵੇਖੇ ਮਾਰ ਧਿਆਨਾ, ਲਾਸ਼ਰੀਕ ਇਕ ਖ਼ੁਦਾਈਆ। ਮਹਿਬਾਨ ਬੀਦੋ ਭੇਵ ਚੁਕਾਣਾ, ਬੀ ਖੈਰ ਯਾ ਅੱਲ੍ਹਾ ਬੇਪਰਵਾਹੀਆ। ਬਿਸਮਲ ਰੂਪ ਆਪ ਵਟਾਨਾ, ਆਪ ਆਪਣੀ ਕਲ ਵਰਤਾਈਆ। ਆਪਣੇ ਅੰਦਰ ਆਪਣਾ ਰੰਗ ਰੰਗਾਣਾ, ਆਪਣੀ ਦਇਆ ਕਮਾਈਆ। ਆਪਣਾ ਦੀਪਕ ਆਪ ਜਗਾਣਾ, ਨਿਰਗੁਣ ਨੂਰ ਨੂਰ ਟਿਕਾਈਆ । ਸਾਚੇ ਮੰਦਰ ਗੋਪੀ ਕਾਹਨਾ, ਬੈਠੇ ਰਾਸ ਰਚਾਈਆ। ਸਾਚੀ ਸਖੀ ਮਿਲੇ ਸ੍ਰੀ ਭਗਵਾਨਾ, ਗੁਰਮੁਖ ਸਖੀ ਇਕ ਸਮਝਾਈਆ। ਅੰਗੀਕਾਰ ਕਰੇ ਗੁਣ ਨਿਧਾਨਾ, ਆਪ ਆਪਣੇ ਅੰਗ ਲਗਾਈਆ। ਜਨ ਭਗਤਾਂ ਦੇਵੇ ਧੁਰ ਫ਼ਰਮਾਣਾ, ਸ਼ਬਦ ਅਨਾਦੀ ਇਕ ਸਮਝਾਈਆ। ਨਿਰਗੁਣ ਸਰਗੁਣ ਖੇਲ ਦੋ ਜਹਾਨਾਂ, ਜੁਗ ਕਰਤਾ ਆਪ ਕਰਾਈਆ। ਕਲਜੁਗ ਅੰਤਮ ਹੋ ਪ੍ਰਧਾਨਾ, ਸਾਚੇ ਮੰਦਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਾ ਮੰਦਰ ਦਏ ਵਖਾਈਆ। ਤਾਰਾ ਸਿੰਘ ਕਰ ਧਿਆਨ, ਹਰਿ ਸਾਚਾ ਬੂਝ ਬੁਝਾਇੰਦਾ। ਸਚਖੰਡ ਨਾ ਖੋਲ੍ਹ ਮਕਾਨ, ਥਿਰ ਘਰ ਨਾ ਕੋਈ ਵਖਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨ, ਰਵ ਸਸ ਨਾ ਕੋਈ ਚਮਕਾਇੰਦਾ। ਮੰਡਲ ਮੰਡਪ ਨਾ ਕੋਈ ਨਿਸ਼ਾਨ, ਪੁਰੀ ਲੋਅ ਨਾ ਕੋਈ ਧਰਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਪ੍ਰਧਾਨ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਨਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਆਪਣੀ ਰਚਨਾ ਆਪੇ ਰਚ, ਆਪਣਾ ਖੇਲ ਖਲਾਇਆ। ਆਪੇ ਨਿਰਗੁਣ ਬਣਿਆ ਸਚ, ਸਚ ਘਰ ਸਾਚਾ ਆਪ ਵਸਾਇਆ। ਆਪੇ ਨੌ ਦੁਵਾਰੇ ਰਿਹਾ ਨੱਚ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੇਰਾ ਪਾਇਆ। ਆਪੇ ਲੱਖ ਚੁਰਾਸੀ ਭਾਂਡੇ ਕੱਚ, ਘੜਣ ਭੰਨਣਹਾਰ ਸਮਰਥ ਪੁਰਖ ਨਾਉਂ ਧਰਾਇਆ। ਆਪੇ ਪਾਏ ਵਿਚ ਆਪਣੀ ਵੱਥ, ਪਾਰਬ੍ਰਹਮ ਬ੍ਰਹਮ ਆਪਣੀ ਅੰਸ ਉਪਾਇਆ। ਆਪੇ ਸ਼ਬਦ ਜਣਾਈ ਅਕੱਥਨਾ ਅਕੱਥ, ਕਥਨੀ ਕਥ ਨਾ ਸਕੇ ਰਾਇਆ। ਆਪੇ ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਵੇਸ ਵਟਾਇਆ। ਜੀਵ ਜੰਤ ਸਾਧ ਸੰਤ ਗੁਰ ਪੀਰ ਅਵਤਾਰ, ਕਾਇਆ ਮੰਦਰ ਸਭ ਦਾ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਇਆ। ਅਬਿਨਾਸ਼ੀ ਕਰਤਾ ਨਿਰਗੁਣ ਰੂਪ ਸਤਿ ਸਰੂਪ ਆਦਿ ਜੁਗਾਦਿ ਆਪੇ ਗੇੜੇ ਆਪਣੀ ਲੱਠ, ਗੇੜਾ ਆਪਣੇ ਹੱਥ ਰਖਾਇਆ। ਆਪੇ ਜਾਣੇ ਤੀਰਥ ਅਠਸਠ, ਗੰਗਾ ਗੋਦਾਵਰੀ ਸੁਰਸਤੀ ਵੇਖ ਵਖਾਇਆ। ਆਪੇ ਉਚੇ ਮੰਦਰ ਵਸੇ ਮੱਠ, ਆਪੇ ਡੂੰਘੀ ਕੰਦਰ ਡੇਰਾ ਲਾਇਆ। ਆਪੇ ਜਪੀ ਤਪੀ ਅਭਿਆਸ ਹਠ, ਨਿਓਲੀ ਕਰਮ ਆਪ ਕਰਾਇਆ। ਆਪੇ ਸਚ ਸੁੱਚ ਵੇਖੇ ਨੱਠ ਨੱਠ, ਹਵਨ ਪਵਨ ਆਪ ਸਮਾਇਆ। ਆਪੇ ਪੱਲੇ ਬੰਨ੍ਹੇ ਨਾਮ ਗੱਠ, ਖ਼ਾਲੀ ਹੱਥ ਆਪ ਫਿਰਾਇਆ। ਆਪੇ ਦੁਰਮਤ ਮੈਲ ਦੇਵੇ ਕੱਟ, ਆਪੇ ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਹਲਕਾਇਆ। ਆਪੇ ਅੰਮ੍ਰਿਤ ਆਤਮ ਦੇਵੇ ਝੱਟ, ਆਪੇ ਕਵਲ ਨਾਭੀ ਮੁਖ ਭੁਵਾਇਆ। ਆਪੇ ਵਸਣਹਾਰਾ ਕਾਇਆ ਮੰਦਰ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਾਰਾ ਗਵਾਹ ਰਖਾਇਆ। ਆਪੇ ਕਸੀਰਾ ਗੰਗਾ ਲਿਆ ਕੱਢ, ਹੱਥ ਆਪਣੇ ਕੰਗਨ ਆਪੇ ਬਾਹੀਂ ਪਹਿਨਾਇਆ। ਆਪੇ ਵੇਖਿਆ ਚੋਰ ਯਾਰ ਠੱਗ, ਆਪਣਾ ਪਰਦਾ ਆਪੇ ਪਾਇਆ। ਆਪੇ ਵਸਿਆ ਉਪਰ ਸ਼ਾਹ ਰਗ, ਆਪੇ ਕਾਗ ਹੰਸ ਉਡਾਇਆ। ਆਪੇ ਦਾਤਾ ਸੂਰਾ ਸਰਬੱਗ, ਕਰਨੀ ਕਰਤਾ ਆਪ ਅਖਵਾਇਆ। ਆਪੇ ਹਰਿ ਭਗਤ ਹਰਿ ਸੰਤ ਆਪਣੇ ਹੀਰੇ ਬਣਾਏ ਨਗ, ਆਪਣੇ ਤਾਜ ਆਪ ਜੁੜਾਇਆ। ਕਲਜੁਗ ਅੰਤਮ ਵਾ ਤੱਤੀ ਰਹੀ ਵਗ, ਹਰਿ ਕਾ ਭੇਵ ਕਿਸੇ ਨਾ ਪਾਇਆ। ਸਚ ਦਸਤਾਰ ਨਾ ਕਿਸੇ ਹੱਥ ਪੱਗ, ਗੁਰ ਗੋਬਿੰਦ ਨਜ਼ਰ ਨਾ ਆਇਆ। ਪੰਜ ਤੱਤ ਵਿਕਾਰਾ ਲੱਗੀ ਅੱਗ, ਨਾਨਕ ਸ਼ਬਦ ਹਿਰਦੇ ਨਾ ਕਿਸੇ ਵਸਾਇਆ। ਕਾਹਨਾ ਕ੍ਰਿਸ਼ਨਾ ਚਰਨ ਕੋਈ ਨਾ ਕਿਸੇ ਨਿਭਾਇਆ ਨੱਤ, ਮੱਥੇ ਤਿਲਕ ਰਹੇ ਵਖਾਇਆ। ਸੁਰਤ ਸੁਵਾਣੀ ਨਾ ਲੱਥੀ ਸੱਥ, ਸਾਚੀ ਸੀਤਾ ਨਾ ਰਾਮ ਪ੍ਰਨਾਇਆ। ਸਾਧਾਂ ਸੰਤਾਂ ਨੂੰ ਪੰਚਮ ਵਿਕਾਰਾ ਪਾਈ ਨੱਥ, ਨੌ ਦੁਵਾਰ ਹੋਏ ਹਲਕਾਇਆ। ਘਰ ਘਰ ਪੜ੍ਹ ਪੜ੍ਹ ਸੁਣੌਂਦੇ ਗਾਥ, ਘਰ ਕਾ ਭੇਵ ਕਿਸੇ ਨਾ ਪਾਇਆ। ਹੱਥ ਫੜ ਮਾਲਾ ਅਠੋਤਰੀ ਅੱਠ, ਮਨ ਕਾ ਮਣਕਾ ਨਾ ਕੋਈ ਭੁਵਾਇਆ। ਸਿਰ ਖ਼ਾਕ ਪਾ ਪਾ ਬੈਠੇ ਭਸ, ਪੰਜ ਤੱਤ ਭਸਮ ਨਾ ਕਿਸੇ ਕਰਾਇਆ। ਗਊ ਸੂਰ ਖਾਇਣ ਕਸਮ ਕਸ, ਗੁਰ ਕਾ ਬਚਨ ਨਾ ਕੋਇ ਪੂਰ ਕਰਾਇਆ। ਗੁਰ ਦਰ ਮੰਦਰ ਮਸਜਿਦ ਬੈਠੇ ਹੱਸ ਹੱਸ, ਧੀਆਂ ਭੈਣਾਂ ਰਹੇ ਤਕਾਇਆ। ਕਾਮ ਕਰੋਧ ਲੋਭ ਮੋਹ ਮਾਰਿਆ ਤੀਰ ਕਸ, ਸਾਚੀ ਢਾਲ ਕੋਈ ਨਾ ਅੱਗੇ ਡਾਹਿਆ। ਮਾਇਆ ਰਾਣੀ ਰਹੀ ਡੱਸ, ਮਮਤਾ ਮੋਹ ਨਾ ਕੋਈ ਚੁਕਾਇਆ। ਬਿਨ ਸਤਿਗੁਰ ਪੂਰੇ ਸਾਚਾ ਮਾਰਗ ਕੋਈ ਨਾ ਦੇਵੇ ਦੱਸ, ਫੜ ਬਾਹੋਂ ਪਾਰ ਨਾ ਕੋਈ ਕਰਾਇਆ। ਪੁਰਖ ਅਬਿਨਾਸ਼ੀ ਸ਼ਾਹੋ ਸ਼ਬਾਸ਼ੀ ਵਸਣਹਾਰਾ ਘਟ ਘਟ, ਘਟ ਅੰਦਰ ਡੇਰਾ ਲਾਇਆ। ਕਲਜੁਗ ਅੰਤਮ ਚੌਦਾਂ ਲੋਕ ਚੌਦਾਂ ਹੱਟ, ਜਗਤ ਪਸਾਰੀ ਆਪ ਹੋ ਜਾਇਆ। ਗੁਰਮੁਖਾਂ ਵਖਾਏ ਸਾਚੀ ਖਾਟ, ਹਰਿ ਮੰਦਰ ਡੇਰਾ ਲਾਇਆ। ਸਵਾਂਗੀ ਵਰਤੇ ਸਵਾਂਗ ਨਟੂਆ ਨਟ, ਨਰ ਨਰਾਇਣ ਭੇਵ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਏਕਾ ਧਾਮ ਦਏ ਵਖਾਇਆ। ਏਕਾ ਧਾਮ ਹਰਿ ਕਾ ਮੰਦਰ, ਲੋਕਮਾਤ ਆਪ ਸਮਝਾਈਆ। ਆਪੇ ਵਸਿਆ ਸਾਚੇ ਅੰਦਰ, ਸਚ ਦੁਵਾਰਾ ਆਪ ਵਖਾਈਆ। ਕਿਸੇ ਹੱਥ ਨਾ ਆਏ ਗੋਰਖ ਮਛੰਦਰ, ਉਚੇ ਟਿੱਲੇ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੰਦਰ ਦਏ ਵਖਾਈਆ। ਹਰਿ ਕਾ ਮੰਦਰ ਹਰਿ ਹਰਿ ਦੁਵਾਰ, ਲੋਕਮਾਤ ਉਪਜਾਇਆ। ਕਲਜੁਗ ਕਰਿਆ ਸਚ ਵਿਹਾਰ, ਨੌ ਸੌ ਚੁਰਾਨਵੇ ਚੌਕੜੀ ਨਾ ਕੋਈ ਲੇਖ ਲਖਾਇਆ। ਨਿਹਕਲੰਕ ਲਏ ਅਵਤਾਰਾ, ਗੁਰ ਗੋਬਿੰਦ ਮੇਲ ਮਿਲਾਇਆ। ਵੇਦ ਵਿਆਸਾ ਕਰ ਪਿਆਰ, ਆਪਣੀ ਗੋਦ ਉਠਾਇਆ। ਨੌ ਦੁਵਾਰੇ ਖੋਲ੍ਹ ਕਿਵਾੜ, ਕਲਜੁਗ ਜੀਵਾਂ ਰਿਹਾ ਸਮਝਾਇਆ। ਗੁਰਮੁਖ ਅੰਦਰ ਲਏ ਵਾੜ, ਮਨਮੁਖਾਂ ਦਏ ਸਜਾਇਆ। ਪਹਿਲੇ ਮੇਟੇ ਪੰਚਮ ਧਾੜ, ਦੂਜੇ ਕਾਇਆ ਚੋਲੀ ਰੰਗ ਚੜ੍ਹਾਇਆ। ਤੀਜੇ ਨੇਤਰ ਦਏ ਉਘਾੜ, ਚੌਥਾ ਚੌਥੇ ਪਦ ਸਮਾਇਆ। ਹਰਿ ਹਰਿ ਸੋਹੇ ਸਾਚਾ ਲਾੜ, ਛੇਵਾਂ ਛੱਪਰ ਛੰਨ ਨਾ ਕੋਈ ਉਪਾਇਆ। ਸੱਤਵਾਂ ਸਤਿ ਪੁਰਖ ਨਿਰੰਜਣ ਸਾਚੀ ਕਾਰ, ਸਤਿ ਦੁਵਾਰੇ ਕਰਦਾ ਆਇਆ । ਅੱਠਾਂ ਤੱਤਾਂ ਵਸਿਆ ਬਾਹਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਨਾ ਕੋਈ ਰਖਾਇਆ । ਨੌ ਦੁਵਾਰੇ ਕਰ ਖ਼ਵਾਰ, ਦਸਵਾਂ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਸਾਚਾ ਮੰਦਰ ਆਪ ਸੁਹਾਇਆ। ਸਾਚਾ ਮੰਦਰ ਕਰ ਤਿਆਰ, ਸਾਢੇ ਤਿੰਨ ਹੱਥ ਬਣਤ ਬਣਾਈਆ। ਗੁਰ ਗੋਬਿੰਦ ਸੇਵਾਦਾਰ, ਸਾਚੀ ਸੇਵ ਕਮਾਈਆ। ਪੁਰਖ ਨਿਰੰਜਣ ਖੇਲ ਅਪਾਰ, ਆਪ ਆਪਣੀ ਰਿਹਾ ਕਰਾਈਆ। ਨਿਰਗੁਣ ਬਾਤੀ ਕਰ ਉਜਿਆਰ, ਦਿਵਸ ਰੈਣ ਡਗਮਗਾਈਆ। ਸ਼ਬਦ ਸ਼ਬਦ ਸ਼ਬਦ ਸੱਚੀ ਧੁਨਕਾਰ, ਆਪਣਾ ਨਾਦ ਵਜਾਈਆ। ਸੋਹੰ ਸ਼ਬਦ ਬੋਲ ਜੈਕਾਰ, ਸਚਖੰਡ ਦੁਵਾਰਾ ਇਕ ਸੁਹਾਈਆ। ਬ੍ਰਹਮ ਪਾਰਬ੍ਰਹਮ ਏਕਾ ਧਾਰ, ਏਕਾ ਰੰਗ ਰੰਗਾਈਆ। ਵਿਛੜ ਨਾ ਜਾਏ ਵਿਚ ਸੰਸਾਰ, ਵਡ ਦਾਤਾ ਬੇਪਰਵਾਹੀਆ। ਨਿਹਕਲੰਕਾ ਲਏ ਅਵਤਾਰ, ਪੰਜ ਤੱਤ ਬੈਠਾ ਡੇਰਾ ਲਾਈਆ। ਗੁਰਮੁਖਾਂ ਕਰੇ ਸਚ ਪਿਆਰ, ਜ਼ਾਤ ਪਾਤ ਨਾ ਕੋਈ ਰਖਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਦੁਵਾਰ, ਏਕਾ ਕਰੇ ਪੜ੍ਹਾਈਆ। ਹਿੰਦੂ ਮੁਸਲਮ ਸਿਖ ਈਸਾਈ ਨਾ ਕੋਈ ਹੋਏ ਖ਼ਵਾਰ, ਜੋ ਜਨ ਆਏ ਚਲ ਸਰਨਾਈਆ। ਅੰਤਮ ਪ੍ਰਗਟਿਆ ਗਿਰਵਰ ਗਿਰਧਾਰ, ਗਰੜ ਪੰਖ ਨਾ ਸੇਵ ਕਮਾਈਆ। ਜੋਤੀ ਜਾਮਾ ਜੋਤ ਨਿਰੰਕਾਰ, ਜੋਤੀ ਜੋਤ ਜੋਤ ਡਗਮਗਾਈਆ। ਨਾਮ ਖੜਗ ਖੰਡਾ ਤੇਜ ਕਟਾਰ, ਚੰਡ ਪ੍ਰਚੰਡ ਆਪਣੇ ਹੱਥ ਉਠਾਈਆ। ਬ੍ਰਹਿਮੰਡ ਖੰਡ ਪਾਵੇ ਸਾਰ, ਜੇਰਜ ਅੰਡ ਵੰਡ ਵੰਡਾਈਆ। ਨਾਰ ਦੁਹਾਗਣ ਮੇਟੇ ਵਿਭਚਾਰ, ਜੂਠ ਝੂਠ ਰਹਿਣ ਨਾ ਪਾਈਆ। ਗੁਰਮੁਖਾਂ ਵਖਾਏ ਇਕ ਦੁਵਾਰ, ਧਾਮ ਅਵੱਲਾ ਇਕ ਇਕੱਲਾ ਏਕੰਕਾਰ, ਨਿਰਾਕਾਰ ਨਿਰਗੁਣ ਬੈਠਾ ਆਸਣ ਲਾਈਆ। ਆਪੇ ਫਲਿਆ ਆਪੇ ਫੁਲਾ, ਆਪਣੀ ਕੀਮਤ ਕਰਤਾ ਆਪੇ ਪਾਏ ਮੁਲਾ, ਆਪੇ ਆਪਣੇ ਹੱਟ ਵਿਕਾਈਆ। ਆਪੇ ਜਲਾਂ ਆਪੇ ਥਲਾਂ ਆਪੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਰਲਾ, ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਗੁਰਮੁਖ ਤੇਰਾ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪੇ ਮੱਲਾ, ਤੇਰਾ ਮੰਦਰ ਤੇਰਾ ਅੰਦਰ ਆਪਣਾ ਆਸਣ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਦੇਵੇ ਏਕਾ ਦਾਨ, ਜਮ ਕੀ ਫਾਸੀ ਫੰਦ ਕਟਾਏ ਰਾਏ ਧਰਮ ਨਾ ਦਏ ਸਜ਼ਾਈਆ। ਹਰਿ ਸਾਚਾ ਗੁਰ ਕਰਤਾਰ, ਏਕਾ ਏਕ ਏਕੰਕਾਰਿਆ। ਕਲਜੁਗ ਅੰਤਮ ਲਏ ਅਵਤਾਰ, ਖੇਲੇ ਖੇਲ ਅਗੰਮ ਅਪਾਰਿਆ। ਸਦੀ ਬੀਸਵੀਂ ਹੋ ਉਜਿਆਰ, ਆਪ ਆਪਣਾ ਰੂਪ ਵਟਾ ਲਿਆ। ਪੰਜ ਤੱਤ ਕਰ ਖ਼ਵਾਰ, ਖ਼ਾਕੀ ਖ਼ਾਕ ਮਿਲਾ ਲਿਆ। ਨਿਰਗੁਣ ਨੂਰ ਨੂਰ ਕਰ ਤਿਆਰ, ਨੂਰੋ ਨੂਰ ਡਗਮਗਾ ਲਿਆ। ਗੋਬਿੰਦ ਪਾਏ ਸਾਚੀ ਸਾਰ, ਪੂਰਬ ਲਹਿਣਾ ਆਪ ਚੁਕਾ ਲਿਆ। ਸਚ ਦੁਵਾਰੇ ਕਰ ਪਿਆਰ, ਸਾਚਾ ਮੰਦਰ ਵੇਖ ਵਖਾ ਲਿਆ। ਤ੍ਰੈਗੁਣ ਮਾਇਆ ਵਸਿਆ ਬਾਹਿਰ, ਤੱਤਵ ਤੱਤ ਨਾ ਕੋਈ ਜਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਸਮਾ ਲਿਆ। ਹਰਿ ਭਾਣਾ ਭਗਵਾਨ, ਆਪਣਾ ਆਪ ਵਰਤਾਈਆ। ਪ੍ਰਗਟ ਹੋ ਵਿਚ ਜਹਾਨ, ਨਿਹਕਲੰਕ ਨਾਉਂ ਰਖਾਈਆ। ਸ਼ਬਦ ਵਜਾਏ ਡੰਕ ਮਹਾਨ, ਏਕਾ ਡੰਕਾ ਹੱਥ ਉਠਾਈਆ। ਕਲਜੁਗ ਅੰਤਮ ਹੋ ਪ੍ਰਧਾਨ, ਆਪਣੇ ਮੁਖ ਆਪੇ ਰਿਹਾ ਗਾਈਆ। ਵੇਦ ਪੁਰਾਨ ਭੇਵ ਨਾ ਪਾਇਣ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਅੰਜੀਲ ਕੁਰਾਨ ਸਰਬ ਕੁਰਲਾਣ, ਤੀਸ ਬਤੀਸ ਹਦੀਸ ਭੇਵ ਨਾ ਰਾਈਆ। ਬਾਣੀ ਬੋਧ ਕਰੇ ਵਖਿਆਨ, ਬੇਅੰਤ ਬੇਅੰਤ ਬੇਪਰਵਾਹੀਆ। ਆਪਣਾ ਲੇਖਾ ਆਪੇ ਜਾਣੇ ਵਾਲੀ ਦੋ ਜਹਾਨ, ਜੁਗ ਕਰਤਾ ਆਪ ਅਖਵਾਈਆ। ਆਪ ਉਠਾਏ ਆਪਣਾ ਸਚ ਨਿਸ਼ਾਨ, ਦਿਸ ਕਿਸੇ ਨਾ ਆਈਆ। ਰੰਗੇ ਰੰਗ ਇਕ ਮਹਾਨ, ਕੰਚਨ ਰੰਗ ਰੰਗਾਈਆ। ਉਪਰ ਲਾਲ ਹੋ ਪ੍ਰਧਾਨ, ਸੂਹਾ ਧਾਰ ਬੰਧਾਈਆ। ਚਿੱਟਾ ਰੰਗ ਇਕ ਵਖਾਣ, ਪੀਲਾ ਬੰਧਨ ਪਾਈਆ। ਨੀਲਾ ਨੀਲਮ ਕਰੇ ਪਰਵਾਨ, ਆਪ ਆਪਣਾ ਪਰਦਾ ਲਾਹੀਆ। ਲੋਕਮਾਤ ਕਰ ਪ੍ਰਧਾਨ, ਕਾਲਾ ਰੰਗ ਇਕ ਰੰਗਾਈਆ। ਸੱਤ ਰੰਗ ਇਕ ਨਿਸ਼ਾਨ, ਸਤਿ ਪੁਰਖ ਨਿਰੰਜਣ ਸਾਚੇ ਘਰ ਉਪਾਈਆ। ਸਾਚਾ ਡੰਡਾ ਸ੍ਰੀ ਭਗਵਾਨ, ਬ੍ਰਹਿਮੰਡਾਂ ਏਕਾ ਲਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਲੋਕਮਾਤ ਫੇਰਾ ਪਾਈਆ । ਚਵੀਆਂ ਰੂਪ ਹਰਿ ਭਗਵਾਨ, ਨਾ ਕੋਈ ਰੰਗ ਵਖਾਈਆ। ਨਾ ਕੋਈ ਤੀਰ ਨਾ ਕੋਈ ਕਮਾਨ, ਨਾ ਕੋਈ ਖੰਡਾ ਹੱਥ ਉਠਾਈਆ। ਚਵੀ ਹੱਥ ਕਰ ਪ੍ਰਧਾਨ, ਜ਼ਿਮੀ ਅਸਮਾਨਾਂ ਪੰਧ ਮੁਕਾਈਆ। ਬ੍ਰਹਮਾ ਵੇਖੇ ਨੇਤਰ ਖੋਲ੍ਹ ਮਾਰ ਧਿਆਨ, ਲੋਕਮਾਤ ਰਾਹ ਤਕਾਈਆ। ਪ੍ਰਗਟ ਹੋਇਆ ਵਾਲੀ ਦੋ ਜਹਾਨ, ਲੋਕਮਾਤ ਫੇਰਾ ਪਾਈਆ। ਲਹਿਣਾ ਦੇਣਾ ਚੁਕਾਏ ਆਪੇ ਪਾਏ ਆਪਣੀ ਆਣ, ਆਪਣੇ ਹੱਥ ਰੱਖੇ ਵਡਿਆਈਆ। ਸ਼ਿਵ ਸ਼ੰਕਰ ਦੇਵੇ ਇਕ ਗਿਆਨ, ਏਕਾ ਬੂਝ ਬੁਝਾਈਆ। ਬਾਸ਼ਕ ਤਸ਼ਕਾ ਗਲ ਲਟਕਾਣ, ਸਹੰਸਰ ਮੁਖ ਮੁਖ ਨਾ ਗਾਈਆ। ਕਰੋੜ ਤੇਤੀਸਾ ਸਰਬ ਪਛਤਾਣ, ਸੁਰਪਤ ਰਾਜਾ ਇੰਦ ਰਿਹਾ ਕੁਰਲਾਈਆ। ਪਤਿਪਰਮੇਸ਼ਵਰ ਸ੍ਰੀ ਭਗਵਾਨ, ਆਪਣਾ ਭਾਣਾ ਆਪੇ ਜਾਣੇ, ਆਪਣੇ ਭਾਣੇ ਵਿਚ ਸਮਾਈਆ। ਕਲਜੁਗ ਉਠਾਏ ਇਕ ਨਿਸ਼ਾਨ, ਸੱਤ ਰੰਗ ਨਿਸ਼ਾਨਾ ਆਪ ਝੁਲਾਈਆ। ਸੱਤਾਂ ਦੀਪਾਂ ਪਾਏ ਆਣ, ਨੌ ਖੰਡ ਪ੍ਰਿਥਮੀ ਇਕ ਵਖਾਈਆ। ਚਾਰ ਵਰਨਾਂ ਦੇਵੇ ਇਕ ਗਿਆਨ, ਏਕਾ ਬ੍ਰਹਮ ਕਰੇ ਪੜ੍ਹਾਈਆ। ਹਿੰਦੂ ਮੁਸਲਮ ਸਿਖ ਈਸਾਈ ਸਾਰੇ ਮਿਟ ਜਾਣ, ਹਰਿ ਕਾ ਰੂਪ ਇਕ ਦਰਸਾਈਆ। ਜੰਞੂ ਬੋਦੀ ਨਾ ਕੋਈ ਨਿਸ਼ਾਨ, ਸ਼ਰਅ ਸ਼ਰੀਅਤ ਨਾ ਕੋਈ ਵਖਾਈਆ। ਮੱਥੇ ਤਿਲਕ ਨਾ ਕੋਈ ਲਗਾਣ, ਨਾ ਕੋਈ ਮੂੰਡ ਮੁੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਨੂਰ ਰਿਹਾ ਦਰਸਾਈਆ। ਨਿਰਗੁਣ ਨੂਰ ਹਰਿ ਭਗਵੰਤ, ਚਾਰ ਵਰਨ ਦ੍ਰਿੜਾਇੰਦਾ। ਪੁਰਖ ਅਬਿਨਾਸ਼ੀ ਸਾਚਾ ਕੰਤ, ਲੱਖ ਚੁਰਾਸੀ ਆਪ ਪ੍ਰਨਾਇੰਦਾ। ਤੋੜੇ ਗੜ੍ਹ ਹਉਮੇ ਹੰਗਤ, ਹੰਗਤਾ ਰੋਗ ਨਾ ਕੋਈ ਮਿਟਾਇੰਦਾ। ਗੁਰਮੁਖਾਂ ਦਵਾਰੇ ਹੋਏ ਮੰਗਤ, ਦਰ ਦਰਵੇਸ ਅਲੱਖ ਜਗਾਇੰਦਾ। ਸਤਿਜੁਗ ਬਣਾਏ ਸਾਚੀ ਬਣਤ, ਸਾਚਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਹਰਿ ਹਰਿ ਲੌਣਾ, ਕਲਜੁਗ ਕੂਕੇ ਦਏ ਦੁਹਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਹਿੰਦੂ ਮੁਸਲਮ ਸਿਖ ਈਸਾਈ ਬਣਾਏ ਭਾਈ ਭੈਣਾਂ, ਹਰਿ ਸਾਚਾ ਸ਼ਾਹ ਸੁਲਤਾਨ ਰਾਜ ਰਾਜਾਨ ਨਾ ਕੋਈ ਵਖਾਈਆ। ਸੀਸ ਤਾਜ ਨਾ ਕੋਈ ਟਿਕੌਣਾ, ਦਰ ਦਰਬਾਨ ਨਾ ਕੋਈ ਬਣਾਈਆ। ਸ਼ਬਦੀ ਗੁਰ ਨਾ ਕਿਸੇ ਬਚੌਣਾ, ਆਪ ਆਪਣੀ ਕਲ ਵਰਤਾਈਆ। ਬ੍ਰਹਮਾ ਵਿਸ਼ਨ ਸ਼ਿਵ ਮਹੇਸ਼ ਪਾਰਬਤੀ ਨਾ ਕਿਸੇ ਸੀਸ ਝੁਕੌਣਾ, ਉਠ ਉਠ ਨਾ ਰਾਹ ਤਕਾਈਆ। ਕਰੋੜ ਤੇਤੀਸਾ ਮੁਖ ਛੁਪੌਣਾ, ਪ੍ਰਭ ਆਪਣਾ ਪਰਦਾ ਲਾਹੀਆ। ਗੀਤਾ ਗਿਆਨ ਨਾ ਕਿਸੇ ਦ੍ਰਿੜੌਣਾ, ਸ਼ਾਸਤਰ ਸਿਮਰਤ ਨਾ ਕੋਈ ਪੜ੍ਹਾਈਆ। ਰਾਮ ਕ੍ਰਿਸ਼ਨਾ ਨਾ ਮੇਲ ਮਿਲੌਣਾ, ਆਪ ਆਪਣੇ ਵਿਚ ਸਮਾਈਆ। ਐਨਲਹੱਕ ਨਾ ਨਾਅਰਾ ਕਿਸੇ ਲੌਣਾ, ਕਲਮਾ ਨਬੀ ਨਾ ਕੋਈ ਪੜ੍ਹਾਈਆ। ਕਾਇਨਾਤ ਹਰਿ ਵੇਖ ਵਖੌਣਾ, ਸਚ ਅਮਾਮ ਵੱਡੀ ਵਡਿਆਈਆ। ਨਾਨਕ ਗੋਬਿੰਦ ਅੰਗ ਲਗੌਣਾ, ਆਪ ਆਪਣੇ ਅੰਗ ਲਗਾਈਆ। ਸਰਬ ਕਲਾ ਸਮਰਥ ਆਪ ਅਖਵੌਣਾ, ਹਰਿ ਸਾਚਾ ਵਡ ਵਡਿਆਈਆ। ਇਸ਼ਟ ਦੇਵ ਨਾ ਕੋਇ ਮਨੌਣਾ, ਸਿਲ ਪੂਜਨ ਕੋਈ ਨਾ ਜਾਈਆ। ਅਠਸਠ ਤੀਰਥ ਕਿਸੇ ਨਾ ਨਹੌਣਾ, ਗੰਗਾ ਗੋਦਾਵਰੀ ਹਰਿ ਮੰਦਰ ਅੰਦਰ ਏਕਾ ਡੇਰਾ ਲਾਈਆ। ਸਾਚਾ ਡੰਕ ਨਾ ਕਿਸੇ ਵਜੌਣਾ, ਨਾ ਕੋਈ ਕੂਕੇ ਦਏ ਦੁਹਾਈਆ। ਮੁਲਾਂ ਮਸੀਤ ਨਾ ਬਾਂਗ ਅਲ੍ਹੌਣਾ, ਨਾ ਕੋਈ ਸਜਦਾ ਸੀਸ ਝੁਕਾਈਆ। ਨਾ ਮਸੱਲਾ ਹੇਠ ਵਿਛੌਣਾ, ਨਾਅਰਾ ਹੂ ਹੂ ਨਾ ਕੋਈ ਵਖਾਈਆ। ਕਾਗਦ ਕਲਮ ਨਾ ਲੇਖ ਲਿਖੌਣਾ, ਭਗਤ ਕਬੀਰਾ ਦਏ ਗਵਾਹੀਆ। ਰਵਦਾਸ ਚੁਮਾਰਾ ਮੇਲ ਮਿਲੌਣਾ, ਭੁਲਿਆ ਪੰਡਤ ਗਲੇ ਲਗਾਈਆ। ਸਚ ਕਸੀਰਾ ਤਨ ਆਪ ਪਹਿਨੌਣਾ, ਗੰਗਾ ਰਾਣੀ ਕਰੇ ਕੁੜਮਾਈਆ। ਹਰਿ ਦੁਵਾਰ ਚਰਨ ਛੁਹੌਣਾ, ਚਰਨ ਚਰਨੋਦਕ ਆਪ ਵਖਾਈਆ। ਸੁਰਸਤੀ ਹਰਿ ਵੇਖ ਵਖੌਣਾ, ਇਕੀ ਸਿਖਾਂ ਸੇਵ ਕਮਾਈਆ। ਗੋਦਾਵਰੀ ਤੇਰਾ ਕਰਜਾ ਲੌਹਣਾ, ਪੂਰਬ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪ੍ਰਗਟ ਹੋਇਆ ਬੇਪਰਵਾਹੀਆ । ਬੇਪਰਵਾਹ ਅਲਾਹੀ ਨੂਰ, ਬੇਐਬ ਪਰਵਰਦਿਗਾਰਿਆ। ਦਰਸ ਦਖਾਏ ਹਾਜ਼ਰ ਹਜ਼ੂਰ, ਅੰਦਰ ਗੁਪਤ ਜ਼ਾਹਰਿਆ। ਨਾਤਾ ਤੋੜੇ ਕੂੜੋ ਕੂੜ, ਚਾਰ ਯਾਰੀ ਵੇਖ ਵਖਾ ਰਿਹਾ । ਰਾਣੀ ਅੱਲਾ ਮੰਗੇ ਚਰਨ ਧੂੜ, ਮੁਖ ਘੁੰਗਟ ਆਪਣਾ ਲਾਹ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੀਨ ਇਲਾਹੀ ਬੇਪਰਵਾਹੀ ਏਕਾ ਰਾਗ ਸੁਣਾ ਲਿਆ। ਏਕਾ ਸ਼ਬਦ ਸਚ ਤਰਾਨਾ, ਹਰਿ ਹਰਿ ਆਪ ਸੁਣਾਇੰਦਾ। ਆਪਣੀ ਹੱਥੀਂ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਮੱਕਾ ਕਾਅਬਾ ਵੇਖ ਵਖਾਣਾ, ਹਾਜ਼ੀ ਹੱਜ ਕਰਾਇੰਦਾ। ਆਪੇ ਮਰਦ ਮਰਦ ਮਰਦਾਨਾ, ਆਪੇ ਆਪਣਾ ਰੰਗ ਰੰਗਾਇੰਦਾ। ਆਪੇ ਪਹਿਰਿਆ ਆਪਣਾ ਬਾਣਾ, ਸਚ ਅਮਾਮ ਆਪ ਹੋ ਜਾਇੰਦਾ। ਨੀਲੇ ਬਸਤਰ ਖੇਲ ਮਹਾਨਾ, ਹੱਥੀਂ ਮਹਿੰਦੀ ਲਾਲ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਆਪਣਾ ਖੇਲ ਖਲਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਸਚ ਹਦੀਸ, ਹਰਿ ਸਾਚਾ ਆਪ ਸੁਣਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਨਾਇਕ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਖ਼ਲਕ ਖ਼ੁਦਾਈ ਵੇਖੇ ਖ਼ਾਲਕ, ਖ਼ਾਲਕ ਖ਼ਲਕ ਆਪ ਹੋ ਜਾਈਆ। ਅਜ਼ਮਤੋ ਕਸਮਤੋ ਹੋਏ ਸਹਾਇਕ, ਆਪੇ ਦਏ ਅਜ਼ਾਬ ਵਡ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸ਼ਾਹ ਨਵਾਬ, ਚਰਨ ਘੋੜੇ ਦੇ ਰਕਾਬ, ਸਾਚੇ ਅਸਵ ਆਸਣ ਲਾਇੰਦਾ। ਸਾਚੇ ਅਸਵ ਸ਼ਾਹ ਅਸਵਾਰਾ, ਆਪਣਾ ਆਸਣ ਲਾਈਆ। ਚੌਦਾਂ ਤਬਕਾਂ ਦਏ ਹੁਲਾਰਾ, ਚੌਦਾਂ ਚੌਦਾਂ ਵੇਖ ਵਖਾਇੰਦਾ। ਸਦੀ ਚੌਧਵੀਂ ਕਰ ਖ਼ਵਾਰਾ, ਚੌਦਾਂ ਹੱਟ ਵਿਕਾਇੰਦਾ। ਮੁਸਲਮ ਸੁੰਨੀ ਪਾਏ ਸਾਰਾ, ਸ਼ਰਅ ਸ਼ਰੀਅਤ ਭੇਵ ਖੁਲ੍ਹਾਇੰਦਾ। ਏਕਾ ਕਲਮਾ ਕਰ ਉਜਿਆਰਾ, ਏਕਾ ਰਾਗ ਅਲਾਇੰਦਾ। ਏਕਾ ਸੁਣੇ ਸੁਨਣੇਹਾਰਾ, ਏਕਾ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਕੀ ਪਾਕ ਖ਼ਾਕੀ ਖ਼ਾਕ ਸ਼ਾਹ ਸ਼ਹਾਨਾ ਨਾਉਂ ਧਰਾਇੰਦਾ। ਪਾਕੀ ਪਾਕ ਸਿਫ਼ਤ ਸਲਾਹ, ਨੂਰੀ ਨੂਰ ਨੂਰ ਖ਼ੁਦਾਇਆ। ਬੇਐਬ ਬੇਪਰਵਾਹ, ਆਪਣਾ ਨਾਉਂ ਰਖਾਇਆ। ਇਕ ਇਕੱਲਾ ਬਣ ਮਲਾਹ, ਕਲਜੁਗ ਅੰਤਮ ਵੇਖ ਵਖਾਇਆ। ਲੱਖ ਚੁਰਾਸੀ ਗਾਹੇ ਆਪਣੇ ਗਾਹ, ਆਪਣਾ ਗੇੜਾ ਰਿਹਾ ਦੁਵਾਇਆ। ਆਪੇ ਮੰਦਰ ਲਏ ਵਸਾ, ਆਪੇ ਅੰਤਮ ਢਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਖੇਲ ਖਲਾਇਆ। ਨਰ ਨਰਾਇਣ ਨਰ ਹਰਿ ਬਨਵਾਰੀ, ਨਰ ਨਰਾਇਣ ਅਖਵਾਇੰਦਾ। ਕਲਜੁਗ ਅੰਤਮ ਖੇਲ ਨਿਆਰੀ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਗੁਰ ਗੋਬਿੰਦ ਬਣ ਲਿਖਾਰੀ, ਆਪਣਾ ਲੇਖਾ ਆਪ ਜਣਾਇੰਦਾ। ਕਲਜੁਗ ਅੰਤਮ ਪ੍ਰਗਟੇ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਸੰਬਲ ਨਗਰੀ ਡੇਰਾ ਲਾਇੰਦਾ। ਸੰਮਤ ਵੀਹ ਸੌ ਸੋਲਾਂ ਆਪਣਾ ਪਰਦਾ ਦਏ ਉਤਾਰੀ, ਸਾਲ ਪੰਦਰਾਂ ਆਪਣਾ ਮੁਖ ਛੁਪਾਇੰਦਾ। ਵਜਾਏ ਡੰਕ ਸ੍ਰਿਸ਼ਟ ਸੁਬਾਈ ਏਕਾ ਬੋਲ ਸ਼ਬਦ ਜੈਕਾਰੀ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਸੁਲਤਾਨਾ ਰਾਜ ਰਾਜਾਨਾ ਅੰਤਮ ਆਪ ਉਠਾਇੰਦਾ। ਰਾਜ ਰਾਜਾਨਾ ਦਏ ਹੁਲਾਰਾ, ਹਰਿ ਸਾਚੇ ਜੋਤ ਜਗਾਈਆ। ਪ੍ਰਗਟ ਹੋਇਆ ਗੁਰ ਅਵਤਾਰਾ, ਅਕਲ ਕਲਾ ਵਰਤਾਈਆ। ਸਾਧਾਂ ਸੰਤਾਂ ਪਾਵੇ ਸਾਰਾ, ਭੁੱਲ ਰਹੇ ਨਾ ਰਾਈਆ। ਫੜਿਆ ਖੰਡਾ ਤੇਜ ਕਟਾਰਾ, ਏਕਾ ਨਾਮ ਨਾਮਾ ਹੱਥ ਉਠਾਈਆ। ਚਾਰੋਂ ਕੁੰਟ ਹੋਏ ਉਜਿਆਰਾ, ਪੰਦਰਾਂ ਕੱਤਕ ਰਾਹ ਤਕਾਈਆ। ਸ਼ਾਹ ਭਬੀਖਣ ਕਰੇ ਖ਼ਬਰਦਾਰਾ, ਰਾਸ਼ਟਰਪਤ ਤੇਰੀ ਅੱਖ ਖੁਲ੍ਹਾਈਆ। ਆਪੇ ਆਏ ਚਲ ਦੁਵਾਰਾ, ਆਪ ਆਪਣੀ ਕਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਇਆ ਬੇਪਰਵਾਹੀਆ। ਪ੍ਰਗਟ ਹੋਇਆ ਹਰਿ ਭਗਵੰਤ, ਭੁੱਲ ਰਹੇ ਨਾ ਰਾਏ। ਸਰਬ ਜੀਆਂ ਦਾ ਸਾਚਾ ਕੰਤ, ਨਿਰਗੁਣ ਨਾਰ ਕੰਤ ਇਕ ਪ੍ਰਨਾਏ। ਆਪੇ ਆਦਿ ਆਪੇ ਅੰਤ, ਬੇਅੰਤ ਆਪ ਅਖਵਾਏ। ਆਪੇ ਮਣੀਆ ਆਪੇ ਮੰਤ, ਆਪੇ ਰਸਨਾ ਜਿਹਵਾ ਆਪਣਾ ਨਾਮ ਜਪਾਏ। ਆਪੇ ਸਾਧ ਆਪੇ ਸੰਤ, ਆਪੇ ਸਾਦਕ ਸਿਧ ਰਖਾਏ। ਆਪੇ ਜੀਵ ਆਪੇ ਜੰਤ, ਆਪੇ ਜਾਗਰਤ ਜੋਤ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਏ। ਭੇਖ ਅਵੱਲੜਾ ਹਰਿ ਭਗਵਾਨ, ਆਪਣਾ ਆਪ ਵਟਾਇਆ। ਇਕ ਇਕੱਲੜਾ ਨੌਜੁਵਾਨ, ਨਾ ਮਰੇ ਨਾ ਜਾਇਆ। ਗੁਰੂਆਂ ਪੀਰਾਂ ਸਾਧਾਂ ਸੰਤਾਂ ਦੇਵੇ ਆਪਣਾ ਦਾਨ, ਜੁਗ ਜੁਗ ਝੋਲੀ ਰਿਹਾ ਭਰਾਇਆ। ਕਲਜੁਗ ਅੰਤਮ ਹੋ ਪ੍ਰਧਾਨ, ਲੋਕਮਾਤ ਫੇਰਾ ਪਾਇਆ। ਮੇਟ ਮਿਟਾਏ ਰਾਜ ਰਾਜਾਨ, ਸ਼ਾਹ ਸੁਲਤਾਨ ਰਹਿਣ ਨਾ ਪਾਇਆ। ਨਾ ਕੋਈ ਦੀਸੇ ਬੇਈਮਾਨ, ਜੂਠ ਝੂਠ ਨਾ ਰਸਨਾ ਗਾਇਆ। ਨਾ ਕੋਈ ਝੂਠੀ ਦਿਸੇ ਦੁਕਾਨ, ਝੂਠਾ ਹੱਟ ਨਾ ਕੋਈ ਰਖਾਇਆ। ਸੋਹੰ ਸ਼ਬਦ ਜੀਵ ਜੰਤ ਸਾਧ ਸੰਤ ਨੌ ਖੰਡ ਪ੍ਰਿਥਮੀ ਸਾਰੇ ਗਾਣ, ਵਿਸ਼ਨੂੰ ਭਗਵਾਨ ਏਕਾ ਨਾਅਰਾ ਲਾਇਆ। ਸੰਮਤ ਸੋਲਾਂ ਖੇਲ ਕਰੇ ਵਾਲੀ ਦੋ ਜਹਾਨ, ਅੱਸੂ ਆਸ ਰਿਹਾ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਭੇਵ ਦਏ ਖੁਲ੍ਹਾਇਆ। ਛੱਤੀ ਜੁਗ ਰੱਖੀ ਆਸ, ਅੱਸੂ ਅਸਵ ਹੱਥ ਰਖਾਈਆ। ਸੱਚਾ ਘੋੜਾ ਪੁਰਖ ਅਗੰਮੜੇ ਪਾਸ, ਦੂਜੇ ਹੱਥ ਕਿਸੇ ਨਾ ਆਈਆ। ਨਾਨਕ ਇਕ ਪਕੜੀ ਰਾਸ, ਦੂਜਾ ਕਬੀਰਾ ਰਿਹਾ ਉਠਾਈਆ। ਮਿਲਿਆ ਮੇਲ ਸਰਬ ਗੁਣਤਾਸ, ਗੁਣਵੰਤਾ ਗੁਣ ਦਏ ਜਣਾਈਆ। ਅੰਤਮ ਮੇਲਾ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਭਗਤਨ ਮੀਤਾ ਹੋਏ ਦਾਸੀ ਦਾਸ, ਸੇਵਕ ਸੇਵਾ ਸਚ ਕਮਾਈਆ। ਹਰਿਜਨਾਂ ਹਰਿ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਕਲਜੁਗ ਅੰਤਮ ਮੇਲ ਅਸਵ ਪੂਰੀ ਕਰੇ ਆਸ, ਸੰਮਤ ਵੀਹ ਸੌ ਸੋਲਾਂ ਰਾਹ ਤਕਾਈਆ। ਗੁਰਮੁਖ ਕੋਈ ਨਾ ਦਰ ਤੋਂ ਜਾਏ ਨਿਰਾਸ, ਲੱਖ ਚੁਰਾਸੀ ਦਏ ਕਟਾਈਆ। ਸਚ ਵਸਤ ਸਤਿਗੁਰ ਪੂਰੇ ਪਾਸ, ਕਿਸੇ ਘਰ ਨਾ ਮੰਗਣ ਜਾਈਆ। ਗੁਰਮੁਖਾਂ ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਰਹੇ ਗਾਈਆ। ਹਿਰਦੇ ਅੰਦਰ ਰੱਖੇ ਵਾਸ, ਘਟ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਲਹਿਣਾ ਦਏ ਚੁਕਾਈਆ। ਗੋਬਿੰਦ ਤੇਰਾ ਲਹਿਣਾ ਇਕ ਚੁਕਾਵਣਾ, ਅੱਸੂ ਆਸ ਇਕ ਰਖਾਂਵਦਾ। ਗੁਰਮੁਖਾਂ ਗਹਿਣਾ ਤਨ ਪਹਿਨਾਵਣਾ, ਸ਼ਬਦ ਸ਼ਿੰਗਾਰ ਇਕ ਸੁਹਾਂਵਦਾ। ਅਬਿਨਾਸ਼ੀ ਕਰਤੇ ਸਗਨ ਮਨਾਵਣਾ, ਨਾ ਕੋਈ ਦੂਸਰ ਸੰਗ ਰਲਾਂਵਦਾ। ਬ੍ਰਹਮਾ ਉਠੇ ਨੇਤਰ ਖੋਲ੍ਹ ਰਾਹ ਤਕਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪਹਿਲੀ ਅੱਸੂ ਦਿਵਸ ਸੁਹਾਂਵਦਾ। ਪਹਿਲੀ ਅੱਸੂ ਵੀਹ ਸੌ ਸੋਲਾਂ ਦਰ ਘਰ ਸਾਚੇ ਚੜ੍ਹਿਆ ਚਾ, ਬ੍ਰਹਿਮੰਡ ਵੱਜੀ ਵਧਾਈਆ। ਅਬਿਨਾਸ਼ੀ ਕਰਤਾ ਪ੍ਰਗਟ ਹੋਇਆ ਬੇਪਰਵਾਹ, ਸਤਿਗੁਰ ਪੂਰਾ ਨਾਉਂ ਧਰਾਈਆ। ਗੁਰਮੁਖਾਂ ਦੇਵੇ ਸਚ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਰਾਮ ਕ੍ਰਿਸ਼ਨ ਨਾਨਕ ਗੋਬਿੰਦ ਨਾਲ ਰਲਾ, ਆਪਣਾ ਪੱਲਾ ਆਪ ਫੜਾਈਆ। ਜੁਗ ਜੁਗ ਬੇੜੇ ਦਏ ਚੜ੍ਹਾ, ਏਕਾ ਚੱਪੂ ਨਾਮ ਲਗਾਈਆ। ਘਰ ਘਰ ਖੇੜੇ ਦਏ ਵਸਾ, ਗੁਰਮੁਖ ਖੇੜਾ ਇਕ ਵਡਿਆਈਆ। ਨੌ ਖੰਡ ਪਿਥਮੀ ਉਖੇੜਾ ਦਏ ਲਗਾ, ਹਰਿ ਕਾ ਭਾਣਾ ਨਾ ਕੋਈ ਮੇਟ ਮਿਟਾਈਆ। ਧਰਤ ਮਾਤ ਤੇਰਾ ਖੁਲ੍ਹਾ ਵੇਹੜਾ ਦਏ ਕਰਾ, ਗਲ ਆਪਣੇ ਅਲਫ਼ੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਏਕਾ ਲਾਈਆ। ਉਯ ਓਅੰਕਾਰ ਤਿੰਨਾਂ ਅੰਦਰ ਗਿਆ ਵਸ, ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਇੰਦਾ। ਪੈਂਡਾ ਮੁਕਾਵਣ ਨੱਸ ਨੱਸ, ਆਪ ਆਪਣੇ ਪੰਧ ਲਗਾਇੰਦਾ। ਨਿਉਂ ਨਿਉਂ ਸੀਸ ਝੁਕਾਇਨ ਰਵ ਸਸ, ਨਿਮਸਕਾਰ ਨਿਮਸਕਾਰ ਨਿਮਸਕਾਰ ਕਰੋੜ ਤੇਤੀਸਾ ਰਸਨਾ ਗਾਇੰਦਾ। ਗੁਰਮੁਖ ਰਾਹ ਰਹੇ ਤੱਕ, ਕਲਜੁਗ ਅੰਤਮ ਵੇਲਾ ਆਇੰਦਾ। ਚੌਥਾ ਜੁਗ ਗਿਆ ਥੱਕ, ਮਨਮੁਖਾਂ ਭਾਰ ਨਾ ਕੋਈ ਉਠਾਇੰਦਾ। ਧਰਤੀ ਮਾਤਾ ਟੁੱਟਾ ਲੱਕ, ਫੜ ਬਾਹੋਂ ਨਾ ਕੋਈ ਬਹਾਇੰਦਾ। ਅਠਸਠ ਤੀਰਥ ਲੇਖਾ ਗਿਆ ਮੁੱਕ, ਅੰਮ੍ਰਿਤ ਜਾਮ ਨਾ ਕੋਈ ਪਿਆਇੰਦਾ। ਸਾਧ ਸੰਤ ਨਾ ਸਕੇ ਕੋਈ ਰੱਖ, ਸਿਰ ਹੱਥ ਨਾ ਕੋਈ ਟਿਕਾਇੰਦਾ। ਸ਼ਾਹ ਸੁਲਤਾਨ ਵਿਕੇ ਹੱਟੋ ਹੱਟ, ਕੌਡੀ ਮੁਲ ਨਾ ਕੋਈ ਪਾਇੰਦਾ। ਕਿਸੇ ਘਰ ਕਾਇਆ ਮੰਦਰ ਜੋਤ ਨਾ ਜਗੇ ਲਟ ਲਟ, ਜੋਤ ਜਵਾਲਾ ਸਰਬ ਮਨਾਇੰਦਾ। ਨਾਨਕ ਗੁਰੂ ਨਾ ਮੇਟਿਆ ਦੂਈ ਦਵੈਤੀ ਫੱਟ, ਏਕਾ ਰੰਗ ਨਾ ਕੋਈ ਰੰਗਾਇੰਦਾ। ਗੁਰ ਗੋਬਿੰਦ ਅੰਮ੍ਰਿਤ ਆਤਮ ਨਾ ਦਿਤਾ ਝੱਟ, ਪੰਚ ਵਿਕਾਰ ਨਾ ਕੋਇ ਖਪਾਇੰਦਾ। ਕਲਜੁਗ ਸਵਾਂਗੀ ਸਵਾਂਗ ਵਰਤਿਆ ਖੇਲੇ ਖੇਲ ਬਾਜ਼ੀਗਰ ਨਟ, ਨਟੂਆ ਨਟ ਘਰ ਘਰ ਨਾਚ ਨਚਾਇੰਦਾ। ਗੁਰ ਦਰ ਮੰਦਰ ਮਸਜਿਦ ਨਾ ਦਿਸੇ ਪੂਜਾ ਪਾਠ, ਪੜ੍ਹ ਪੁਸਤਕ ਜਗਤ ਵਿਵਾਦ ਵਧਾਇੰਦਾ। ਕਲਜੁਗ ਅੰਤਮ ਨੇੜੇ ਆਈ ਵਾਟ, ਕਲਜੁਗ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੱਸੂ ਏਕਾ ਰੰਗ ਰੰਗਾਇੰਦਾ। ਰੰਗ ਚਲੂਲਾ ਰਾਮ ਰੰਗ, ਰੰਗੇ ਰੰਗ ਅਨਮੋਲਿਆ। ਸਤਿਗੁਰ ਪੂਰਾ ਸਦਾ ਸੰਗ, ਗੁਰਮੁਖ ਸਾਚੇ ਕੰਡੇ ਤੋਲਿਆ। ਆਪੇ ਲਾਏ ਆਪਣੇ ਅੰਗ, ਅੰਗੀਕਾਰ ਆਪ ਅਡੋਲਿਆ। ਗ਼ਰੀਬ ਨਿਮਾਣਿਆਂ ਕਲਜੁਗ ਅੰਤਮ ਕੱਟੇ ਭੁੱਖ ਨੰਗ, ਸ਼ਾਹ ਸੁਲਤਾਨ ਕੀਤੇ ਹੌਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵਜਾਏ ਮਰਦੰਗ, ਸ਼ਬਦ ਜੈਕਾਰਾ ਏਕਾ ਬੋਲਿਆ । ਨਾਮ ਜੈਕਾਰਾ ਸ਼ਬਦ ਮਰਦੰਗ, ਹਰਿ ਸਾਚਾ ਆਪ ਵਜਾਇੰਦਾ। ਆਪੇ ਵੇਖੇ ਖੇਲ ਪ੍ਰਿਥਮੀ ਨੌ ਖੰਡ, ਨੌ ਨੌ ਵੰਡ ਵੰਡਾਇੰਦਾ। ਸਤਿ ਸਤਿ ਸਤਿ ਵਿਚ ਬ੍ਰਹਿਮੰਡ, ਸਤਿ ਸਤਿ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਜੀਆਂ ਦਾਨ, ਜੀਵਣ ਮੁਕਤ ਕਰਾਇੰਦਾ। ਗੁਰਮੁਖ ਉਧਰੇ ਪਾਰ, ਹਰਿ ਸਤਿਗੁਰ ਪਾਰ ਕਰਾਈਆ। ਸਾਚਾ ਮੇਲਾ ਹਰਿ ਕੇ ਦੁਵਾਰ, ਹਰਿ ਦੁਵਾਰਾ ਇਕ ਵਖਾਈਆ। ਪਤਿਤ ਪਾਪੀ ਦਏ ਤਾਰ, ਪਤਿਤ ਪਾਵਣ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਸਾਚਾ ਦਾਨ, ਤੀਜੀ ਅੱਸੂ ਰੁੱਤ ਸੁਹਾਈਆ। ਅੱਸੂ ਤਿੰਨ ਤੁੱਟਾ ਨਾਤਾ, ਸ਼ਾਹ ਸੁਲਤਾਨਾ ਸੰਗ ਤੁੜਾਈਆ। ਗੁਰਮੁਖਾਂ ਕਰੇ ਉਤਮ ਜ਼ਾਤਾ, ਪਾਰਬ੍ਰਹਮ ਵੱਡੀ ਵਡਿਆਈਆ। ਪੰਦਰਾਂ ਕੱਤਕ ਵੰਡੇ ਦਾਤਾਂ, ਮਸਤੂਆਣੇ ਚਰਨ ਛੁਹਾਈਆ। ਚਾਲੀ ਦਿਵਸ ਗਾਏ ਗਾਥਾ, ਆਪ ਆਪਣਾ ਰੂਪ ਵਟਾਈਆ। ਗੁਰਮੁਖਾਂ ਦਰ ਦਰ ਘਰ ਘਰ ਚਲਾਏ ਰਾਥਾ, ਰਥ ਰਥਵਾਹੀ ਫੇਰਾ ਪਾਈਆ। ਦੋ ਜਹਾਨਾਂ ਸਗਲਾ ਸਾਥਾ, ਸਗਲਾ ਸੰਗ ਨਿਭਾਈਆ। ਲਹਿਣਾ ਦੇਣਾ ਚੁਕਾਏ ਪੂਜਾ ਪਾਠਾ, ਆਪ ਆਪਣਾ ਦਰਸ ਦਖਾਈਆ। ਜੁਗਾ ਜੁਗੰਤਰ ਕਰੇ ਪੂਰਾ ਘਾਟਾ, ਪੂਰਬ ਲਹਿਣਾ ਝੋਲੀ ਪਾਈਆ। ਕਲਜੁਗ ਬਸਤਰ ਅੰਤਮ ਪਾਟਾ, ਨਾ ਕੋਈ ਪਰਦਾ ਉਪਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਧਾਰ ਬਣਾਈਆ। ਅੱਸੂ ਤਿੰਨ ਤਿਖੀ ਧਾਰ, ਤ੍ਰੈ ਤ੍ਰੈ ਲੋਕ ਵਖਾਇੰਦਾ। ਸਾਚੀ ਸਿਖੀ ਕਰ ਤਿਆਰ, ਚਾਰ ਵਰਨਾਂ ਰੰਗ ਚੜ੍ਹਾਇੰਦਾ। ਵਾਲੋਂ ਨਿੱਕੀ ਵਿਚ ਸੰਸਾਰ, ਸਤਿਗੁਰ ਪੂਰਾ ਆਪ ਵਖਾਇੰਦਾ। ਮੁਨੀ ਰਿਖੀ ਨਾ ਪਾਵਣ ਸਾਰ, ਗ੍ਰੰਥੀ ਪੰਥੀ ਨਾ ਭੇਵ ਖੁਲ੍ਹਾਇੰਦਾ। ਲਿਖੀ ਰੇਖ ਆਪ ਕਰਤਾਰ, ਗੁਰ ਗੋਬਿੰਦ ਸੇਵਾ ਲਾਇੰਦਾ। ਦਰ ਦਰਵੇਸ਼ ਨਰ ਨਰੇਸ਼ ਖੇਲ ਅਪਾਰ, ਬ੍ਰਹਮਾ ਵਿਸ਼ਨ ਮਹੇਸ਼ ਮੇਲ ਮਿਲਾਇੰਦਾ। ਕਲਜੁਗ ਅੰਤਮ ਪੇਸ਼ੀ ਏਕਾ ਵਾਰ, ਏਕਾ ਹੁਕਮ ਸੁਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਖ਼ਾਲਕ ਖ਼ਲਕ ਖ਼ਲਕ ਖ਼ਾਲਕ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਨੌ ਨੌ ਫੇਰਾ ਪਾਇੰਦਾ। ਨੌ ਹੁਲਾਰਾ ਨੌ ਪਿਆਰਾ ਨੌ ਅਧਾਰਾ ਨੌ ਜੈਕਾਰਾ, ਨੌ ਅਧਾਰ ਕਰਾਈਆ। ਸਤਿ ਉਜਿਆਰਾ ਸਤਿ ਵਰਤਾਰਾ ਸਤਿ ਕਰਤਾਰਾ, ਸਤਿ ਸਤਿ ਰੂਪ ਵਟਾਈਆ। ਤੱਤ ਨਿਆਰਾ ਤੱਤ ਅਖਾੜਾ, ਤੱਤਵ ਤੱਤ ਰਿਤ ਨਿਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਰਨ ਬਰਨ ਇਕ ਸਰਨ, ਹਰਨ ਫਰਨ ਖੋਲ੍ਹ ਤਰਨੀ ਤਰਨ, ਮਰਨ ਡਰਨ ਆਪ ਚੁਕਾਈਆ। ਮਾਣ ਮੋਹ ਜਗਤ ਅਭਿਮਾਨ, ਕਲਜੁਗ ਛਤਰ ਸੀਸ ਝੁਲਾਈਆ। ਕਾਮ ਕਰੋਧ ਲੋਭ ਮੋਹ ਪ੍ਰਧਾਨ, ਚਾਰੋਂ ਕੁੰਟ ਫੇਰੀਆਂ ਪਾਈਆ। ਆਸਾ ਤ੍ਰਿਸ਼ਨਾ ਨਾਲ ਨਿਧਾਨ, ਹਉਮੇ ਹੰਗਤਾ ਰਹੀ ਕੁਰਲਾਈਆ। ਬੁੱਧ ਬਿਬੇਕ ਨਾ ਕੋਈ ਗਿਆਨ, ਗੁਰਮਤ ਨਾ ਕੋਈ ਸਮਝਾਈਆ। ਮਤ ਮਤਵਾਲੀ ਬਾਲ ਨਿਧਾਨ, ਨਿਰਧਨ ਬੈਠੀ ਮੁਖ ਛੁਪਾਈਆ। ਮਨ ਮਨੂਆ ਉਠੇ ਨੌਜਵਾਨ, ਆਪ ਆਪਣਾ ਬਲ ਧਰਾਈਆ। ਦਹਿ ਦਿਸ਼ਾ ਮਾਰੇ ਇਕ ਧਿਆਨ, ਆਪਣਾ ਜੋਬਨ ਆਪ ਹੰਢਾਈਆ। ਪੰਜ ਤੱਤ ਖ਼ਾਲੀ ਵੇਖੇ ਜਗਤ ਮਕਾਨ, ਜੂਠੀ ਝੂਠੀ ਕਿਰਿਆ ਡੇਰਾ ਲਾਈਆ। ਸਤਿ ਸੰਤੋਖ ਜਤ ਸਤਿ ਨਾ ਕੋਈ ਧਿਆਨ, ਰਤੀ ਰੱਤ ਨਾ ਕੋਈ ਰੰਗਾਈਆ। ਹਰਿ ਹਰਿ ਮਤ ਨਾ ਸਕੇ ਕੋਈ ਪਛਾਣ, ਮਨ ਮਤ ਜਗਤ ਹਲਕਾਈਆ। ਜੋਤ ਜੁਗਤ ਭਗਤ ਭਗਵਾਨ, ਹਰੀ ਹਰਿ ਬੀਠਲੋ ਏਕਾ ਨਾਮ ਕਰੇ ਕੁੜਮਾਈਆ। ਧਰਮ ਵਖਾਏ ਇਕ ਸਚ ਨਿਸ਼ਾਨ, ਸਤਿਗੁਰ ਸਾਚਾ ਹੱਥ ਉਠਾਈਆ। ਆਦਿ ਜੁਗਾਦੀ ਨਿਗਹਬਾਨ, ਜੁਗਾ ਜੁਗੰਤਰ ਸੇਵ ਕਮਾਈਆ। ਦੇਵਣਹਾਰਾ ਧੁਰ ਫ਼ਰਮਾਣ, ਗੁਰ ਚੇਲੇ ਆਪ ਜਗਾਈਆ। ਪਵਣ ਪਾਣੀ ਸੇਵ ਕਮਾਨ, ਸੇਵਕ ਸੇਵਾ ਸਾਚੀ ਲਾਈਆ। ਧੁਨ ਅਨਾਦਿ ਬ੍ਰਹਿਮਾਦਿ ਘਟ ਮੰਦਰ ਅੰਦਰ ਬਹਿ ਬਹਿ ਗਾਣ, ਸਾਰਿੰਗ ਢੋਲਕ ਨਾ ਕੋਈ ਵਜਾਈਆ। ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਨ, ਹਰਿ ਸੰਤ ਵੱਡੀ ਵਡਿਆਈਆ। ਘਰ ਘਰ ਬੈਠਾ ਸਾਚਾ ਕਾਹਨ, ਸਾਚੀ ਸਖੀ ਸਾਚਾ ਸੀਸ ਨਾ ਕੋਈ ਗੁੰਦਾਈਆ। ਕੱਜਲ ਨੈਣ ਨਾ ਕੋਈ ਵਖਾਣ, ਨੇਤਰ ਨੈਣ ਨਾ ਕੋਈ ਮਿਲਾਈਆ। ਮੀਤ ਮੁਰਾਰਾ ਹਰਿ ਨਿਰੰਕਾਰਾ ਸ੍ਰੀ ਭਗਵਾਨ, ਆਪੇ ਸੁੱਤਾ ਆਪਣੀ ਸੇਜ ਸੁਹਾਈਆ। ਕਲਜੁਗ ਜੀਵ ਸਰਬ ਪਛਤਾਣ, ਮਿਲੇ ਮੇਲ ਨਾ ਸਾਚੇ ਮਾਹੀਆ। ਯਾਰੀ ਲੱਗੀ ਜਗਤ ਜਹਾਨ, ਸਾਚਾ ਮਹਿਬੂਬ ਨਜ਼ਰ ਨਾ ਆਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਵੇਦ ਪੁਰਾਨ ਸਾਰ ਨਾ ਪਾਈਆ। ਆਦਿ ਸ਼ਕਤ ਅਸ਼ਟਭੁਜ ਜੋਤ ਜਵਾਲਾ ਸਿੰਘ ਸਵਾਰੀ ਸਾਰੇ ਗਾਣ, ਨੇਤਰ ਨੈਣ ਦਰਸ ਨਾ ਕੋਇ ਪਾਈਆ। ਪਰਮ ਪੁਰਖ ਪੁਰਖ ਸੁਲਤਾਨ, ਸਚਖੰਡ ਮਹੱਲਾ ਇਕ ਇਕੱਲਾ ਏਕ ਏਕੰਕਾਰਾ ਇਕ ਵਸਾਈਆ। ਪਾਵੇ ਸਾਰ ਧਰਤ ਧਵਲ ਜ਼ਿਮੀ ਅਸਮਾਨ, ਗਗਨ ਮੰਡਲ ਵੇਖ ਵਖਾਈਆ। ਲੱਖ ਚੁਰਾਸੀ ਤੇਰਾ ਕਾਹਨ, ਏਕਾ ਏਕ ਏਕ ਅਖਵਾਈਆ। ਗੁਰਮੁਖ ਵਿਰਲੇ ਮੰਗਣ ਭਗਤੀ ਦਾਨ, ਭਗਵਾਨ ਏਕਾ ਝੋਲੀ ਪਾਈਆ। ਚਰਨ ਧੂੜ ਕਰਾਏ ਸਚ ਅਸ਼ਨਾਨ, ਅਠਸਠ ਨਹਾਵਣ ਕੋਈ ਨਾ ਜਾਈਆ। ਕਾਇਆ ਮੰਦਰ ਅੰਦਰ ਦੇਵੇ ਇਕ ਗਿਆਨ, ਜਗਤ ਭੁੱਲੇ ਸਰਬ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨ ਮਤ ਬੁੱਧ ਆਪਣੀ ਸੇਵਾ ਆਪ ਲਗਾਈਆ। ਬੁੱਧ ਬਿਬੇਕ ਵੇਖੇ ਏਕ, ਜਿਸ ਜਨ ਦਇਆ ਕਮਾਇੰਦਾ। ਮਤ ਮਤਵਾਲੀ ਨਾ ਲਾਏ ਸੇਕ, ਜਗਤ ਸਾਚੀ ਸਿਕ ਮਿਟਾਇੰਦਾ। ਮਨੂਆ ਦਹਿ ਦਿਸ਼ਾ ਨਾ ਧਰੇ ਭੇਖ, ਚਾਰ ਕੁੰਟ ਨਾ ਫੇਰੀ ਪਾਇੰਦਾ। ਸੰਤ ਸੁਹੇਲੇ ਜੁਗ ਜੁਗ ਆਪੇ ਵੇਖ, ਆਪ ਆਪਣੇ ਮੁਖ ਸਾਲਾਹਿੰਦਾ। ਲਿਖਣਹਾਰਾ ਸਾਚੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਆਪੇ ਬ੍ਰਹਮਾ ਵਿਸ਼ਨ ਗਣਪਤ ਗਣੇਸ਼, ਗਾਇਤਰੀ ਮੰਤਰ ਆਪ ਜਣਾਇੰਦਾ। ਆਪੇ ਆਦਿ ਸ਼ਕਤ ਕਰੇ ਪ੍ਰਵੇਸ਼, ਨੂਰੋ ਨੂਰ ਡਗਮਗਾਇੰਦਾ। ਆਪੇ ਆਪਣੀ ਕਰੇ ਆਦੇਸ, ਘਰ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਏਕੰਕਾਰਾ ਕਰ ਪਸਾਰਾ, ਮਨ ਮਤ ਬੁੱਧ ਤਨ ਮੰਦਰ ਆਪ ਟਿਕਾਇੰਦਾ। ਮਨ ਮਤ ਤੇਰਾ ਸਚ ਦੁਵਾਰਾ, ਨੌ ਦਰ ਵੇਖ ਵਖਾਇਆ। ਬੁੱਧੀ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਈ ਧਰਾਇਆ। ਮਤ ਮਤਵਾਲੀ ਹਾਹਾਕਾਰਾ, ਨੇਤਰ ਰੋ ਰੋ ਨੀਰ ਵਹਾਇਆ। ਮਨੂਆ ਉਠ ਉਠ ਮਾਰੇ ਧਾੜਾ, ਜੂਠਾ ਝੂਠਾ ਸੰਦੇਵਾ ਹੱਥ ਉਠਾਇਆ। ਤੱਤਵ ਤੱਤ ਲੱਗਾ ਅਖਾੜਾ, ਗੁਰ ਚੇਲਾ ਆਪ ਨਚਾਇਆ। ਲੱਗੀ ਅੱਗ ਬਹੱਤਰ ਨਾੜਾ, ਨਾ ਸਕੇ ਕੋਈ ਬੁਝਾਇਆ। ਸਤਿਗੁਰ ਪੂਰਾ ਗੁਰਮੁਖ ਵੇਖੇ ਸਾਚਾ ਲਾੜਾ, ਸਿਰ ਸਾਚਾ ਹੱਥ ਟਿਕਾਇਆ। ਆਪ ਕਰਾਏ ਪਾਰ ਕਿਨਾਰਾ, ਅੱਧਵਿਚਕਾਰ ਨਾ ਕੋਈ ਡੁਬਾਇਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਮੂਰਖ ਮੁਗਧਾਂ ਲਏ ਉਠਾਇਆ। ਜੋ ਜਨ ਆਏ ਚਰਨ ਦੁਵਾਰਾ, ਆਤਮ ਭਿਛਿਆ ਮੰਗ ਮੰਗਾਇਆ। ਆਤਮ ਬ੍ਰਹਮ ਭਰੇ ਭੰਡਾਰਾ, ਵਡ ਭੰਡਾਰੀ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚੀ ਧਾਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਇਆ। ਬੁੱਧ ਨਿਮਾਣੀ ਹੋਈ ਦਾਸੀ, ਨਿਉਂ ਨਿਉਂ ਸੀਸ ਝੁਕਾਇਆ। ਮਨ ਮਤ ਕਰੇ ਬੰਦ ਖ਼ਲਾਸੀ, ਏਕਾ ਮਤਾ ਪਕਾਇਆ। ਮਨੂਆ ਦੇਵੇ ਨਾ ਕੋਈ ਝਾਕੀ, ਆਪਣਾ ਬਲ ਨਾ ਕੋਈ ਧਰਾਇਆ। ਹਰਿ ਵੇਖਣਹਾਰ ਖ਼ਾਕ ਖ਼ਾਕੀ, ਖ਼ਾਕੀ ਖ਼ਾਕ ਫੋਲ ਫੁਲਾਇਆ। ਜਿਸ ਜਨ ਖੋਲ੍ਹੇ ਆਪਣੀ ਤਾਕੀ, ਦੂਈ ਦਵੈਤੀ ਤਾਕ ਮਿਟਾਇਆ। ਜਿਸ ਜਨ ਚੜ੍ਹਾਏ ਸਾਚੇ ਰਾਕੀ, ਸਾਚਾ ਘੋੜਾ ਇਕ ਵਖਾਇਆ। ਗੁਰਮੁਖ ਚੜ੍ਹੇ ਮਾਰ ਪਲਾਕੀ, ਸਚ ਸਿੰਘਾਸਣ ਆਸਣ ਲਾਇਆ। ਕਲਜੁਗ ਅੰਤਮ ਦੇਣ ਆਇਆ ਬਾਕੀ, ਨਿਹਕਲੰਕਾ ਜਾਮਾ ਪਾਇਆ। ਭਰ ਪਿਆਲਾ ਨਾਮ ਪਿਆਏ ਸਾਕੀ, ਏਕਾ ਅੰਮ੍ਰਿਤ ਮੁਖ ਚੁਆਇਆ। ਆਪੇ ਜਾਣੇ ਭਵਿਖਤ ਵਾਕੀ, ਹਰਿ ਭੇਵ ਕਿਸੇ ਨਾ ਆਇਆ। ਅੱਗੇ ਕੋਇ ਨਾ ਦਿਸੇ ਆਕੀ, ਥਿਰ ਕੋਇ ਰਹਿਣ ਨਾ ਪਾਇਆ । ਸਾਚੇ ਦਰ ਨਾ ਚਲੇ ਕੋਈ ਚਲਾਕੀ, ਅਛਲ ਅਛੱਲ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਇਕ ਅਕਾਲਾ ਨਿਰਭੈ ਰੂਪ ਸਤਿ ਸਰੂਪ ਪਰਮ ਪੁਰਖ ਆਪ ਅਖਵਾਇਆ। ਪਰਮ ਪੁਰਖ ਪ੍ਰਭ ਦੀਨਾ ਬੰਧਨ, ਬੰਦੀ ਬੰਧਨ ਤੋੜ ਤੁੜਾਈਆ। ਗੁਰਮੁਖਾਂ ਮਸਤਕ ਤਿਲਕ ਲਿਲਾਟ ਲਗਾਏ ਚੰਦਨ, ਸਾਚੀ ਚੰਡੀ ਚੰਡ ਪ੍ਰਚੰਡ ਸਮਾਈਆ। ਏਕਾ ਦਾਤ ਆਇਆ ਵੰਡਣ, ਵਡ ਦਾਤਾ ਧੁਰਦਰਗਾਹੀਆ। ਸਾਚੀ ਚਾਲ ਰੱਖੇ ਬੇਹੰਗਮ, ਦੂਜੀ ਚਾਲ ਨਾ ਕੋਈ ਰਖਾਈਆ। ਗੁਰਮੁਖਾਂ ਬੇੜਾ ਆਇਆ ਬੰਨਣ, ਕਲਜੁਗ ਸਾਗਰ ਪਾਰ ਕਰਾਈਆ। ਸੋਹੰ ਸ਼ਬਦ ਤਨ ਪਾਏ ਕੰਗਨ, ਰਵਦਾਸ ਚੁਮਾਰੇ ਵੰਡ ਵੰਡਾਈਆ। ਮਾਨਸ ਜਨਮ ਨਾ ਹੋਏ ਭੰਗਨ, ਜੋ ਚਲ ਆਏ ਸਰਨਾਈਆ। ਕਾਇਆ ਚੋਲੀ ਸਾਰੇ ਰੰਗਣ, ਹਉੇੁਮੇ ਹੰਗਤਾ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਘਰ ਵਜਾਏ ਇਕ ਮਰਦੰਗਨ, ਮਨ ਮਤ ਬੁੱਧ ਦਏ ਸਲਾਹੀਆ। ਉਠੀ ਬੁੱਧ ਬੁੱਧ ਸੁਵਾਣੀ ਆਪਣਾ ਮਤਾ ਪਕਾਇਆ। ਸਤਿਗੁਰ ਮੇਲੇ ਸਾਚਾ ਹਾਣੀ, ਸਾਚੀ ਸੇਵ ਰਖਾਇਆ। ਮਤ ਮਤਵਾਲੀ ਅੰਧੀ ਕਾਣੀ, ਰਹੀ ਰਾਹ ਤਕਾਇਆ। ਮਨੂਆ ਬਹਿ ਬਹਿ ਭਰੇ ਪਾਣੀ, ਗੁਰ ਕਾ ਸ਼ਬਦ ਸੁਣਾਇਆ। ਗੁਰਮੁਖਾਂ ਚੁੱਕੇ ਆਵਣ ਜਾਣੀ, ਜਿਸ ਸਤਿਗੁਰ ਪੂਰੇ ਦਰਸ਼ਨ ਪਾਇਆ। ਲੇਖਾ ਚੁੱਕੇ ਚਾਰੇ ਖਾਣੀ, ਸਾਚੀ ਬਾਣੀ ਆਪ ਪੜ੍ਹਾਇਆ। ਗੁਰਮੁਖ ਨਾਰੀ ਸਾਚੀ ਰਾਣੀ, ਸਚ ਦੁਵਾਰੇ ਸੋਭਾ ਪਾਇਆ। ਅੰਮ੍ਰਿਤ ਦੇਵੇ ਠੰਡਾ ਪਾਣੀ, ਨਿਝਰ ਧਾਰਾ ਆਪ ਰਖਾਇਆ। ਇਕ ਵਖਾਏ ਪਦ ਨਿਰਬਾਣੀ, ਚੌਥੇ ਪਦ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨ ਮਤ ਵੇਖੇ ਥਾਉਂ ਥਾਈਂਆ। ਮਨ ਮਤ ਕੂਕੇ ਦਏ ਦੁਹਾਈ, ਨੇਤਰ ਰੋ ਰੋ ਨੀਰ ਵਹਾਇਆ। ਗੁਰਮੁਖ ਵਿਰਲੇ ਗੁਰਮਤ ਪਾਈ, ਜਗਤ ਸਹਿੰਸਾ ਰੋਗ ਗਵਾਇਆ। ਮਨਮੁਖਾਂ ਜੂਠ ਝੂਠ ਕਰੇ ਕੁੜਮਾਈ, ਹਉਮੇ ਹੰਗਤਾ ਸਗਨ ਮਨਾਇਆ। ਗੁਰਮੁਖਾਂ ਰਾਹ ਤੱਕਣ ਭਿੰਨੜੀ ਰੈਣ ਚਾਈਂ ਚਾਈਂ, ਵੀਹ ਸੌ ਸੋਲਾਂ ਬਿਕ੍ਰਮੀ ਪਹਿਲੀ ਅੱਸੂ ਰਾਹ ਤਕਾਇਆ। ਸਤਿਗੁਰ ਪੂਰਾ ਪਕੜੇ ਆਪੇ ਬਾਹੀਂ, ਆਪ ਆਪਣਾ ਮੇਲ ਮਿਲਾਇਆ। ਸਮਰਥ ਪੁਰਖ ਦੇਵੇ ਠੰਡੀਆਂ ਛਾਈਂ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਲਏ ਤਰਾਇਆ। ਤਾਰਨਹਾਰਾ ਸਤਿਗੁਰ ਏਕ, ਸਤਿ ਪੁਰਖ ਨਿਰੰਜਣ ਮਿਹਰਵਾਨਿਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਦੇਵੇ ਧੁਰ ਫ਼ਰਮਾਨਿਆ। ਪੰਜ ਤੱਤ ਵਿਕਾਰਾ ਨਾ ਲਏ ਵੇਖ, ਜਿਸ ਅੰਦਰ ਵਸਿਆ ਸ੍ਰੀ ਭਗਵਾਨਿਆ। ਬਿਧਨਾ ਲਿਖੀ ਮੇਟੇ ਰੇਖ, ਜੋ ਜਨ ਰੱਖੇ ਚਰਨ ਧਿਆਨਿਆ। ਦਰਸ਼ਨ ਦੇਵੇ ਵਾਰ ਅਨੇਕ, ਅਨਭਵ ਪ੍ਰਕਾਸ਼ ਕਰਾਨਿਆ। ਮਸਤਕ ਲਾਏ ਸਾਚੀ ਮੇਖ, ਜਗਤ ਝੋਲੀ ਗੋਦ ਭਰਾਨਿਆ। ਮਾਂ ਪੁੱਤਰ ਲਏ ਵੇਖ, ਸੁੰਞੀ ਕੁੱਖ ਨਾ ਕੋਇ ਰਖਾਨਿਆ । ਮੇਟ ਮਿਟਾਏ ਦੁੱਖ ਕਲੇਸ਼, ਕਾਲਖ ਟਿੱਕਾ ਮਸਤਕ ਲਾਹਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਹਰਿ ਸਾਚਾ ਮੂਲ ਪਛਾਨਿਆ। ਹਰਿ ਸੱਜਣ ਹਰਿ ਵੇਖਣਹਾਰਾ, ਪਾਰਬ੍ਰਹਮ ਅਬਿਨਾਸ਼ਿਆ। ਗੁਰਮੁਖਾਂ ਕਰੇ ਸਚ ਪਿਆਰਾ, ਸਾਚੇ ਮੰਡਲ ਪਾਵੇ ਰਾਸਿਆ। ਰੋਗ ਸੋਗ ਚਿੰਤ ਨਿਵਾਰਾ, ਅੰਮ੍ਰਿਤ ਭਰਿਆ ਕਾਇਆ ਕਾਸਿਆ। ਜੋ ਜਨ ਆਏ ਚਲ ਦੁਵਾਰਾ, ਦੇਵੇ ਨਾਮ ਸ਼ਬਦ ਭਰਵਾਸਿਆ। ਸੋਹੰ ਸ਼ਬਦ ਸਚ ਜੈਕਾਰਾ, ਪਾਰ ਕਰਾਏ ਪ੍ਰਿਥਮੀ ਅਕਾਸ਼ਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਖੇਲ ਤਮਾਸ਼ਿਆ। ਹਰਿ ਸੰਗਤ ਹਰਿ ਮੰਗਣਾ, ਹਰਿ ਹਰਿ ਰੂਪ ਅਪਾਰ। ਘਰ ਸਾਚੇ ਮੂਲ ਨਾ ਸੰਗਣਾ, ਲੋਕ ਲਾਜ ਦੇਣੀ ਉਤਾਰ। ਕਾਇਆ ਚੋਲੀ ਚਾੜ੍ਹੇ ਰੰਗਣਾ, ਰੰਗ ਚਲੂਲ ਚਾੜ੍ਹੇ ਕਰਤਾਰ। ਨਾਮ ਨਗਾਰਾ ਏਕਾ ਵੱਜਣਾ, ਸੁਣੇ ਸੁਣਾਏ ਸਰਬ ਸੰਸਾਰ। ਲੱਖ ਚੁਰਾਸੀ ਭਾਂਡਾ ਭੱਜਣਾ, ਕਲਜੁਗ ਆਈ ਅੰਤਮ ਵਾਰ, ਮਨਮੁਖਾਂ ਦਿਸੇ ਕਾਸਾ ਸੱਖਣਾ, ਚਾਰ ਕੁੰਟ ਹੋਏ ਖ਼ਵਾਰ। ਗੁਰਸਿਖ ਬਾਲ ਵਿਰੋਲੇ ਮੱਖਣਾ, ਆਪ ਆਪਣੀ ਕਿਰਪਾ ਧਾਰ। ਗੁਰਮੁਖ ਦੁਵਾਰੇ ਲਏ ਆਪ ਪਰਦੱਖਣਾ, ਜਿਉਂ ਸੁਦਾਮਾ ਕ੍ਰਿਸ਼ਨ ਮੁਰਾਰ। ਗ਼ਰੀਬ ਨਿਮਾਣਿਆ ਪਰਦਾ ਢਕਣਾ, ਜਿਉਂ ਬਿਦਰ ਦਏ ਅਧਾਰ। ਗੜ੍ਹ ਹੰਕਾਰੀ ਕਰੇ ਸੱਖਣਾ, ਰਾਜ ਰਾਜਾਨਾ ਕਰੇ ਖ਼ਵਾਰ। ਬਿਨ ਹਰਿ ਅੰਤ ਕਿਸੇ ਨਾ ਰੱਖਣਾ, ਨਾ ਕੋਈ ਬੇੜਾ ਲਾਏ ਪਾਰ। ਚਾਰ ਵਰਨਾਂ ਰਾਹ ਏਕਾ ਦੱਸਣਾ, ਬਰਨ ਅਠਾਰਾਂ ਏਕਾ ਧਾਰ। ਏਕਾ ਛੱਪਰ ਛਾਇਆ ਹੇਠ ਵਸਣਾ, ਹਰਿ ਮੰਦਰ ਗੁਰਦੁਵਾਰ। ਨਿਹਕਲੰਕ ਨਰਾਇਣ ਨਰ ਏਕਾ ਨਾਮ ਜਪਣਾ, ਪੁਰਖ ਅਕਾਲ ਵਜਾਏ ਆਪ ਸਤਾਰ। ਆਪੇ ਵਸੇ ਕੁੱਲੀ ਕੱਖਣਾ, ਆਪੇ ਸੱਥਰ ਸੁੱਤਾ ਪੈਰ ਪਸਾਰ। ਆਪੇ ਦੇਵੇ ਸੁਨੇਹੁੜਾ ਸਾਚੇ ਯਾਰ ਸੱਜਣਾ, ਮਿੱਤਰ ਪਿਆਰੇ ਮੀਤ ਮੁਰਾਰ। ਅੰਤਰ ਪਰਦਾ ਆਪੇ ਕੱਜਣਾ, ਸ਼ਬਦ ਦੋਸ਼ਾਲਾ ਉਪਰ ਡਾਰ। ਹਰਿ ਸੰਗਤ ਹਰਿ ਬਹਿ ਬਹਿ ਸਜਣਾ, ਬੀਸ ਇਕੀਸਾ ਖੇਲ ਅਪਾਰ। ਮਨ ਮਤ ਤੇਰਾ ਭਾਂਡਾ ਭੱਜਣਾ, ਬੁੱਧੀ ਬੁੱਧ ਕਰੇ ਵਿਚਾਰ। ਮਨੂਆ ਉਠ ਨਾ ਦਹਿ ਦਿਸ਼ ਨੱਠਣਾ, ਸਤਿਗੁਰ ਪੂਰਾ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਬਖ਼ਸ਼ੇ ਚਰਨ ਪਿਆਰ। ਚਰਨ ਪ੍ਰੀਤੀ ਸਾਚਾ ਨਾਤਾ, ਸਤਿਗੁਰ ਆਪ ਜੁੜਾਇੰਦਾ। ਬੈਠਾ ਰਹੇ ਇਕ ਇਕਾਂਤਾ, ਆਪਣਾ ਖੇਲ ਖਲਾਇੰਦਾ। ਵੇਸ ਅਨੇਕਾ ਬਹੁ ਬਹੁ ਭਾਂਤਾ, ਜੁਗ ਜੁਗ ਨਾਉਂ ਧਰਾਇੰਦਾ। ਜਨ ਭਗਤਾਂ ਰੱਖੇ ਉਤਮ ਜ਼ਾਤਾ, ਵਰਨ ਗੋਤ ਨਾ ਕੋਈ ਮਿਟਾਇੰਦਾ। ਏਕਾ ਦੇਵੇ ਨਾਮ ਦਾਤਾ, ਸਚ ਸਮਗਰੀ ਝੋਲੀ ਪਾਇੰਦਾ। ਆਪ ਸੁਣਾਏ ਆਪਣੀ ਗਾਥਾ, ਆਪੇ ਰਾਗ ਅਲਾਇੰਦਾ। ਆਪੇ ਵੇਖੇ ਸਿਧ ਚੁਰਾਸੀ ਨੌ ਨੌ ਨਾਥਾ, ਸਤਿ ਦੋ ਰੂਪ ਵਟਾਇੰਦਾ। ਆਪੇ ਜਾਣੇ ਪੂਜਾ ਪਾਠਾ, ਆਪੇ ਹਵਣ ਪਵਣ ਸੁਗੰਧ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਮਨ ਮਤ ਬੁੱਧ ਆਪਣਾ ਖੇਲ ਖਲਾਇੰਦਾ। ਬੁੱਧੀ ਖੇਲੇ ਆਪਣਾ ਖੇਲ, ਗੁਰ ਗੁਰ ਆਪ ਖਲਾਈਆ। ਮਤ ਮਤਵਾਲੀ ਪਾਏ ਵੇਲ, ਆਪਣੀ ਝੋਲੀ ਅੱਗੇ ਡਾਹੀਆ। ਮਨੂਆ ਚਾਰੋਂ ਕੁੰਟ ਰਿਹਾ ਪੇਲ, ਆਪਣਾ ਜੋਬਨ ਰਿਹਾ ਵਖਾਈਆ। ਸਤਿਗੁਰ ਪੂਰਾ ਸ਼ਬਦ ਸਰੂਪੀ ਪਾਏ ਨਕੇਲ, ਡੋਰੀ ਆਪਣੇ ਹੱਥ ਰਖਾਈਆ। ਸੰਤ ਸੁਹੇਲੇ ਆਪੇ ਮੇਲ, ਆਪ ਆਪਣਾ ਰੰਗ ਚੜ੍ਹਾਈਆ। ਧਰਮ ਰਾਏ ਦੀ ਕੱਟੇ ਜੇਲ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਆਪ ਸੁਹਾਏ ਬੰਕ ਦੁਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਜਾਣਾ ਖੁੱਲ੍ਹ, ਹਰਿ ਸਾਚਾ ਆਪ ਖੁਲ੍ਹਾਇੰਦਾ। ਸਚ ਦੁਵਾਰੇ ਕੋਈ ਨਾ ਲਾਏ ਮੁੱਲ, ਆਪਣੀ ਕੀਮਤ ਕਰਤਾ ਆਪੇ ਪਾਇੰਦਾ। ਜੋ ਜਨ ਚਰਨ ਪ੍ਰੀਤੀ ਗਿਆ ਘੁਲ, ਆਪ ਆਪਣਾ ਘੋਲ ਘੁੰਮਾਇੰਦਾ। ਲੋਕਮਾਤ ਨਾ ਜਾਣਾ ਰੁਲ, ਗੁਰਮੁਖ ਅਨਮੁਲਾ ਲਾਲ ਆਪਣੀ ਗੋਦ ਉਠਾਇੰਦਾ। ਆਪੇ ਫਲ ਫੁਲਵਾੜੀ ਵੇਖੇ ਫੁੱਲ, ਆਪੇ ਰੁੱਤ ਬਸੰਤ ਸੁਹਾਇੰਦਾ। ਆਪ ਉਪਜਾਏ ਆਪਣੀ ਕੁਲ, ਕੁਲਵੰਤਾ ਨਾਉਂ ਰਖਾਇੰਦਾ। ਆਪੇ ਵੇਖੇ ਗੁਲਸ਼ਨ ਗੁਲ, ਆਪੇ ਭਵਰ ਗੂੰਜ ਗੁੰਜਾਇੰਦਾ। ਆਪੇ ਪੰਖੜੀਆਂ ਅੰਦਰ ਵੜਿਆ ਭੁੱਲ, ਸ੍ਰਿਸ਼ਟ ਸਬਾਈ ਆਪ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨ ਮਤ ਸਾਚੇ ਧਾਮ ਧਰਾਇੰਦਾ। ਮਤ ਬੁੱਧ ਮਨ ਸਾਚਾ ਡੇਰਾ, ਨਿਰਗੁਣ ਨਿਰਗੁਣ ਆਪ ਲਗਾਇਆ। ਪੰਜ ਤੱਤ ਪਾਇਆ ਘੇਰਾ, ਚਾਰ ਦਿਵਾਰ ਰਖਾਇਆ। ਕਿਸੇ ਨਾ ਸੂਝੇ ਸੰਞ ਸਵੇਰਾ, ਅੰਦਰ ਮੰਦਰ ਅੰਧ ਅੰਧੇਰ ਧਰਾਇਆ। ਗੁਰਮੁਖ ਵਿਰਲੇ ਭੇਵ ਖੁਲ੍ਹਾਏ ਗੂਝਾ, ਗੁਰ ਮੰਤਰ ਨਾਮ ਦ੍ਰਿੜਾਇਆ। ਸਤਿਗੁਰ ਸਰਨ ਸਰਨਾਈ ਜੋ ਜਨ ਝੂਜਾ, ਝੂਜਤ ਝੂਜਤ ਹਰਿ ਹਰਿ ਪਾਇਆ। ਭੌ ਚੁਕਾਇਆ ਏਕਾ ਦੂਜਾ, ਤੀਜਾ ਲੋਚਣ ਆਪ ਖੁਲ੍ਹਾਇਆ। ਸਚ ਦੁਵਾਰਾ ਹਰਿਜਨ ਸੂਝਾ, ਘਰ ਚੌਥੇ ਮੇਲ ਮਿਲਾਇਆ। ਲਹਿਣਾ ਚੁੱਕਿਆ ਪਾਠ ਪੂਜਾ, ਸਤਿਗੁਰ ਪੂਰਾ ਸਤਿ ਸਰੂਪੀ ਆਪਣਾ ਦੇਵੇ ਦਰਸ ਦਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਚਾੜ੍ਹੇ ਨਾਮ ਰੰਗਤ, ਰੰਗ ਚਲੂਲ ਸਦਾ ਅਨਮੂਲ, ਅਨਭੁਲ ਗੁਰ ਆਪ ਚੜ੍ਹਾਇਆ।
