ਪਹਿਲੀ ਅੱਸੂ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਸ਼ਬਦ ਭੇਜਿਆ ਗਿਆ
ਤਖ਼ਤ ਤਾਜ ਸੁਲਤਾਨ, ਸੁਲਤਾਨ ਤਖ਼ਤ ਤਾਜਿਆ। ਪਰਗਟ ਹੋਏ ਵਾਲੀ ਦੋ ਜਹਾਨ, ਵੇਖ ਵਖਾਣੇ ਰਾਜਨ ਰਾਜਿਆ। ਸ਼ਬਦ ਉਠਾਏ ਤੀਰ ਕਮਾਨ, ਅਸਤਰ ਸ਼ਸਤਰ ਸਾਚਾ ਸਾਜਨ ਸਾਜਿਆ। ਨਰ ਨਰੇਸ਼ਾ ਨੌਜਵਾਨ, ਦਰ ਦਰਵੇਸਾ ਦੇਸ ਮਾਝਿਆ। ਕਰੇ ਖੇਲ ਮਾਤ ਮਹਾਨ, ਮੇਟ ਮਿਟਾਏ ਅੰਜੀਲ ਕੁਰਾਨ, ਮੱਕਾ ਕਾਅਬਾ ਹਾਜਨ ਹਾਜਿਆ। ਗੁਣਵੰਤਾ ਹਰਿ ਗੁਣ ਨਿਧਾਨ, ਛਾਣੇ ਪੁਣੇ ਵੇਦ ਪੁਰਾਨ, ਆਪ ਸਵਾਰੇ ਆਪਣੇ ਕਾਜਿਆ। ਵਰਨ ਬਰਨ ਮੇਟ ਮਿਟਾਨ, ਖਾਣੀ ਬਾਣੀ ਵੇਖ ਨਿਸ਼ਾਨ, ਇਕ ਚਲਾਏ ਨਾਮ ਜਹਾਜਿਆ। ਧਰਮ ਝੁੱਲਾਏ ਇਕ ਨਿਸ਼ਾਨ, ਆਪ ਉਠਾਏ ਸ੍ਰੀ ਭਗਵਾਨ, ਮੇਟ ਮਿਟਾਏ ਮੁੱਲਾਂ ਕਾਜੀਆ। ਪੂਰਨ ਜੋਤ ਇਕ ਮਹਾਨ, ਸਾਧ ਸੰਤ ਕਰੇ ਪਛਾਣ, ਗੁਰ ਪੀਰ ਮਾਰ ਧਿਆਨ, ਜੂਠੇ ਝੂਠੇ ਨਾਜਨ ਨਾਜੀਆ। ਆਪੇ ਗੋਪੀ ਆਪੇ ਕਾਹਨ, ਆਪੇ ਰਾਮ ਰਮਈਆ ਰਾਮ, ਆਪੇ ਕਾਇਆ ਮਾਟੀ ਚਾਮ, ਆਪੇ ਮਧ ਸਾਚੀ ਹਾਟੀ ਪੀਏ ਜਾਮ, ਆਪੇ ਸ਼ਬਦ ਖਾਏ ਸਾਚਾ ਤਾਮ, ਜੋਤੀ ਨੂਰ ਲਾਟਨ ਲਾਟੀਆ। ਆਪੇ ਦਿਵਸ ਆਪੇ ਸ਼ਾਮ, ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਵੇਖ ਦਰ, ਵੇਖੇ ਖੇਲ ਬਾਜੀਗਰ ਨਾਟੀਆ। ਰਾਜ ਜੋਗ ਜੋਗ ਰਾਜ, ਰਸਨਾ ਰਸ ਭੋਗ ਜਗਤ ਤ੍ਰਿਸਨਾ ਲੱਗੀ ਆਗ। ਮਿਲੇ ਮੇਲ ਧੁਰ ਸੰਜੋਗ, ਹਰਿਜਨ ਵਿਚੋਂ ਚੁੱਕੇ ਰੋਗ, ਆਪ ਬਣਾਏ ਹੰਸ ਕਾਗ। ਦੇਵੇ ਦਰਸ ਦਰ ਅਮੋਘ, ਆਤਮ ਰਸ ਲੈਣਾ ਭੋਗ, ਮਾਇਆ ਡੱਸੇ ਨਾ ਡੱਸਣੀ ਨਾਗ। ਸੋਹੰ ਸ਼ਬਦ ਸਾਚਾ ਜੋਗ, ਲੱਖ ਚੁਰਾਸੀ ਹੋਏ ਵਿਜੋਗ, ਆਤਮ ਬਖ਼ਸ਼ੇ ਇਕ ਵੈਰਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਦੇਵੇ ਵਰ, ਵਾਲੀ ਹਿੰਦ ਜਾਣਾ ਜਾਗ। ਵਾਲੀ ਹਿੰਦ ਜਾਗ ਸੁਰਤ ਸੰਭਾਲੀਆ। ਪ੍ਰਭ ਅਬਿਨਾਸ਼ੀ ਲਾਇਆ ਭਾਗ, ਆਪੇ ਸ਼ਾਹ ਆਪੇ ਕੰਗਾਲੀਆ। ਜਗਤ ਤ੍ਰਿਸਨਾ ਬੁਝੇ ਆਗ, ਮਿਲੇ ਨਾਮ ਸ਼ਬਦ ਦਲਾਲੀਆ। ਸ਼ਬਦ ਬੰਨ੍ਹਣਾ ਤਨ ਸਾਚਾ ਤਾਗ, ਮਿਲੇ ਮੇਲ ਕੰਤ ਸੁਹਾਗ, ਜੋਤ ਜਗੇ ਇਕ ਅਕਾਲੀਆ। ਆਪ ਆਪਣੇ ਹੱਥ ਰਖੇ ਵਾਗ, ਦੁਰਮਤ ਮੈਲ ਧੋਏ ਕਾਇਆ ਦਾਗ਼, ਦਰ ਘਰ ਸਾਚੇ ਬਣਨਾ ਨਾਮ ਸਵਾਲੀਆ। ਦੀਪਕ ਜੋਤੀ ਜਗੇ ਚਿਰਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫਲ ਲਗਾਏ ਕਾਇਆ ਸਾਚੀ ਡਾਲੀਆ। ਜਗਤ ਜੁਗੀਸ਼ਰ ਰਾਜ ਦਵਾਰ। ਪੁਰਖ ਅਬਿਨਾਸ਼ੀ ਆਪ ਜਗਾਏ, ਲੋਕਮਾਤ ਰਹਿਣਾ ਖ਼ਬਰਦਾਰ। ਸ਼ਬਦ ਸੁਨੇਹੜਾ ਇਕ ਘਲਾਏ, ਮੇਲ ਮਿਲਾਏ ਹਰਿ ਮੀਤ ਮੁਰਾਰ। ਨਿਹਚਲ ਧਾਮ ਅਟਲ ਵਖਾਏ, ਜਲ ਥਲ ਆਪ ਸਮਾਏ, ਘੜੀ ਘੜੀ ਪਲ ਪਲ ਨੂਰੀ ਜੋਤ ਕਰ ਅਕਾਰ। ਸ਼ਬਦ ਉਛਾਲ ਇਕ ਲਗਾਏ, ਵਲ ਛਲ ਜਗਤ ਭੁਲਾਏ, ਦੀਪਕ ਜੋਤੀ ਰਹੀ ਬਲ, ਅਗਿਆਨ ਅੰਧੇਰ ਕਲ ਮਿਟਾਏ, ਮਿਟੇ ਘਟਾ ਕਾਲੀਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਰਿਹਾ ਘੱਲ, ਆਪ ਆਪਣਾ ਹੁਕਮ ਸੁਣਾ ਲਿਆ। ਹਰਿ ਹਰਿ ਹਰਿ ਫ਼ਰਮਾਣ, ਸ਼ਬਦ ਜਣਾਈਆ। ਜਗਤ ਸ਼ਾਹ ਏਕਾ ਆਣ, ਧੁਰ ਦਰਗਾਹੀ ਰਿਹਾ ਪਾਈਆ। ਅੱਸੂ ਤਿੰਨ ਦਿਵਸ ਵਖਾਨ, ਸਦ ਬੀਸ ਤੇਰਾਂ ਬਿਕ੍ਰਮੀ ਵੇਲਾ ਵਕਤ ਰਿਹਾ ਲਿਖਾਈਆ। ਚਲ ਕੇ ਆਏ ਜੋਤ ਸਰੂਪੀ ਹਰਿ ਭਗਵਾਨ, ਦਿੱਲੀ ਤਖ਼ਤ ਦਰ ਦਵਾਰ ਸੁਹਾਈਆ। ਸ਼ਬਦ ਝੁੱਲੇ ਇਕ ਨਿਸ਼ਾਨ, ਦਹਿ ਦਿਸ਼ਾ ਰਿਹਾ ਝੁਲਾਈਆ। ਆਪੇ ਜਾਣੇ ਜਾਣੀ ਜਾਣ, ਸੱਤਾਂ ਦੀਪਾਂ ਵੰਡ ਵੰਡਾਈਆ। ਨੌਵਾਂ ਖੰਡਾਂ ਰੰਗ ਮਹਾਨ, ਚੰਡ ਪਰਚੰਡਾ ਸੰਗ ਰਲਾਈਆ। ਰੂਸਾ ਚੀਨਾ ਵੇਖ ਜਪਾਨ, ਇੰਗਲਸਤਾਨਾ ਸ਼ਾਹ ਹਲਕਾਈਆ। ਚੜ੍ਹੇ ਘੋੜੇ ਨੌਜਵਾਨ, ਸੋਹੰ ਫੜੇ ਤੀਰ ਕਮਾਨ, ਲਹਿੰਦੀ ਦਿਸ਼ਾ ਪਾਏ ਹਿਸਾ, ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਾਲੀ ਹਿੰਦ ਹੋਸ਼ ਕਰ, ਗੁਰ ਸ਼ਬਦ ਹਲੂਣਾ ਏਕਾ ਲਾਈਆ। ਸ਼ਬਦ ਹਲੂਣਾ ਲੱਗੇ ਤਨ, ਮਨ ਸੋਇਆ ਮਾਤ ਜਗਾਉਣਾ। ਸਾਚਾ ਸ਼ਬਦ ਸੁਣਨਾ ਕੰਨ, ਪੁਰਖ ਅਬਿਨਾਸ਼ੀ ਆਪਣਾ ਆਪ ਸੁਣਾਉਣਾ। ਭਰਮ ਭੁਲੇਖਾ ਕੱਢੇ ਜਨ, ਦਰ ਦਵਾਰੇ ਚਰਨ ਛੁਹਾਉਣਾ। ਸਤਿਜੁਗ ਸਾਚਾ ਚੜ੍ਹਿਆ ਚੰਨ, ਕਲਜੁਗ ਕਾਲਾ ਭੇਖ ਮਿਟਾਉਣਾ। ਗੁਰਮੁਖਾਂ ਬੇੜਾ ਰਿਹਾ ਬੰਨ, ਰਾਜਾ ਰਾਣਾ ਤਖ਼ਤੋਂ ਲਾਹੁਣਾ। ਏਕਾ ਵਸਤ ਰੱਖੇ ਸੱਚਾ ਨਾਮ ਧਨ ਲੋਕਮਾਤ ਸਾਚੀ ਵੰਡ ਵੰਡਾਉਣਾ। ਬੇਮੁਖਾਂ ਅੰਤਮ ਦੇਵਣ ਆਇਆ ਡੰਨ, ਮਦਿਰਾ ਮਾਸੀ ਕੋਈ ਦਿਸ ਨਾ ਆਉਣਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਦੇਵੇ ਵਰ, ਵਾਲੀ ਹਿੰਦ ਜਾਣਾ ਤਰ, ਸਰਨ ਸਰਨਾਈ ਏਕਾ ਪੜ, ਦੂਸਰ ਕਿਸੇ ਨਾ ਸੀਸ ਝੁਕਾਉਣਾ। ਸ਼ਬਦ ਤੀਰ ਹਰਿ ਤੁਰੰਗ। ਘਟ ਘਟ ਵੇਖੇ ਮਸਤਕ ਲੇਖੇ, ਲਿਖੇ ਰੇਖੇ ਚਿੱਟੇ ਅਸਵ ਕਸ ਤੰਗ। ਰੰਕ ਰਾਜਾਨ ਸ਼ਾਹ ਸੁਲਤਾਨ ਰਹੇ ਭਰਮ ਭੁਲੇਖੇ, ਸਾਧਾਂ ਸੰਤਾਂ ਮਾਇਆ ਰਾਣੀ ਕੀਤਾ ਨੰਗ। ਗੁਰਮੁਖ ਵਿਰਲਾ ਤੀਜੇ ਨੇਤਰ ਨੈਣ ਪੇਖੇ, ਸ਼ਬਦ ਜੈਕਾਰਾ ਵੱਜੇ ਮਰਦੰਗ। ਮੇਟ ਮਿਟਾਏ ਔਲੀਏ ਪੀਰ ਸ਼ੇਖੇ, ਲਾੜੀ ਮੌਤ ਮੰਗੇ ਮੰਗ। ਧਰਮ ਰਾਏ ਦੂਰ ਦੁਰਾਡਾ ਵੇਖੇ, ਪ੍ਰਭ ਅਬਿਨਾਸ਼ੀ ਕਿਰਪਾ ਕਰ ਕਲਜੁਗ ਅੰਤ ਨਿਭਾਏ ਸਾਚਾ ਸੰਗ। ਮੇਟਣ ਆਇਆ ਬਿਧਨਾ ਲਿਖੀ ਰੇਖੇ, ਲੱਖ ਚੁਰਾਸੀ ਹੋਣੀ ਭੰਗ। ਜੋਤੀ ਜੋਤ ਸਰੂਪ ਹਰਿ, ਸ਼ਬਦ ਸਰੂਪੀ ਦੇਵੇ ਵਰ, ਭਗਤ ਭਗਵੰਤ ਜਾਏ ਤਰ, ਆਪ ਚੁਕਾਏ ਅਗਲੇ ਪਿਛਲੇ ਲੇਖੇ। ਰਾਜ ਇੰਦਰ ਇੰਦਰ ਪ੍ਰਸ਼ਾਦ। ਸ਼ਬਦ ਦੇਵੇ ਪ੍ਰਭ ਸਾਚੀ ਦਾਦ। ਹਰਿਜਨ ਸਾਚਾ ਹਰਿ ਦਰ ਲੇਵੇ, ਦਿਵਸ ਰੈਣ ਰਸਨ ਅਰਾਧ। ਸੋਹੰ ਸ਼ਬਦ ਅਲਖ ਅਭੇਵੇ, ਮੇਲ ਮਿਲਾਵੇ ਮਾਧਵ ਮਾਧ। ਅੰਮ੍ਰਿਤ ਆਤਮ ਰਸ ਸਾਚੇ ਮੇਵੇ, ਹੋਏ ਜਣਾਈ ਬੋਧ ਅਗਾਧ। ਕੌਸਤਕ ਮਣੀਆ ਮਸਤਕ ਥੇਵੇ, ਖੋਜੇ ਜੂਹ ਪਿੰਡ ਬ੍ਰਹਿਮਾਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲੇ ਦੇਵੇ ਵਰ, ਪੁਰਖ ਅਬਿਨਾਸ਼ੀ ਲੈਣਾ ਲਾਧ। ਪੁਰਖ ਅਬਿਨਾਸ਼ੀ ਜੋਤ ਜਗਾਈ। ਨਿਹਕਲੰਕਾ ਨਾਉਂ ਰਖਾਈ। ਪੁਰੀ ਘਨਕਾ ਧਾਮ ਸੁਹਾਈ। ਬਾਰ ਅਨਕਾ ਜੋਤ ਪਰਗਟਾਈ। ਭਰਮ ਭੁਲੇਖਾ ਸ਼ੰਕ ਮਿਟਾਈ। ਰਾਓ ਰੰਕਾਂ ਰਿਹਾ ਸਮਝਾਈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸੁਹਾਏ ਇਕ ਦਰ, ਬੰਕ ਦਵਾਰਾ ਮਿਲੇ ਵਡਿਆਈ। ਮਿਲੇ ਵਡਿਆਈ ਜਗਤ ਵਡਿਆਈਆ। ਏਕਾ ਹਰਿ ਸਰਨਾਈ, ਨਾ ਦੂਜਾ ਕੋਈ ਸਹਾਈਆ। ਚਾਰੋਂ ਕੁੰਟ ਪਏ ਦੁਹਾਈਆ। ਪ੍ਰਭ ਸਾਚੀ ਵੰਡ ਵੰਡਾਈਆ। ਮਾਝੇ ਦੇਸ ਹੋਈ ਕੁੜਮਾਈਆ। ਜੋਤ ਨਿਰੰਜਣ ਤੇਲ ਚੜ੍ਹਾਈਆ। ਨੈਣ ਕੱਜਲ ਸ਼ਬਦ ਪਾਈਆ। ਗੁਰਮੁਖ ਸਾਚੇ ਸੰਗ ਰਲਾਈਆ। ਸਾਚੀ ਬਣਤ ਰਿਹਾ ਬਣਾਈਆ। ਸਾਧਾਂ ਸੰਤਾਂ ਰਿਹਾ ਹਲਾਈਆ। ਰਾਜ ਰਾਜਾਨਾਂ ਰਿਹਾ ਜਗਾਈਆ। ਸ਼ਾਹ ਸੁਲਤਾਨਾ ਰਿਹਾ ਬੁਲਾਈਆ। ਸ਼ਬਦ ਸੁਨੇਹੜਾ ਇਕ ਘਲਾਈਆ। ਸੋਹੰ ਬੰਨ੍ਹੇ ਸ਼ਬਦ ਗਾਨਾ, ਚਿੱਟੇ ਘੋੜੇ ਵਾਗ ਗੁੰਦਾਈਆ। ਚੌਥਾ ਪੌੜਾ ਰਿਹਾ ਉਠਾਈਆ। ਹੋ ਅਸਵਾਰ ਸਾਚੇ ਮਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਵਰ, ਹਰਿ ਭਗਵੰਤ ਸੰਤ ਭਰਮ ਭੁਲੇਖਾ ਰਹੇ ਨਾਹੀਆ। ਭਰਮ ਭੁਲੇਖਾ ਖੋਲ੍ਹੇ, ਆਏ ਦਵਾਰਿਆ। ਸ਼ਬਦ ਚੌਹ ਅੱਖਰ ਏਕਾ ਬੋਲੇ, ਕਲਜੁਗ ਤੇਰੀ ਧਾਰਿਆ। ਨਿਹਕਲੰਕ ਕਦੇ ਨਾ ਡੋਲੇ, ਸ੍ਰਿਸ਼ਟ ਸਬਾਈ ਆਪੇ ਤੋਲੇ, ਤੋਲਣਹਾਰ ਸਰਬ ਸੰਸਾਰਿਆ। ਗੁਰਮੁਖ ਸਾਚੇ ਅੰਦਰ ਬੋਲੇ, ਭਾਗ ਲੱਗਾ ਕਾਇਆ ਚੋਲੇ, ਚਾਰ ਵਰਨਾਂ ਦਿਸ ਨਾ ਆ ਰਿਹਾ। ਸ਼ਬਦ ਸੁਣਾਏ ਸੋਹੰ ਸਾਚੇ ਸੋਹਲੇ, ਕਾਇਆ ਧਰਤੀ ਸਭ ਦੀ ਮੌਲੇ, ਉਲਟੀ ਨਾਭੀ ਖਿੜੇ ਕਵਲੇ, ਹੋਏ ਬਸੰਤ ਬਹਾਰਿਆ। ਜੋਤੀ ਜੋਤ ਸਰੂਪ ਹਰਿ, ਅੱਸੂ ਤਿੰਨ ਵੇਖ ਦਰ, ਲੇਖ ਲਿਖਾਏ ਗਿਣ ਗਿਣ ਵਾਲੀ ਹਿੰਦ ਮਿਟਾਏ ਚਿੰਦ, ਸੁਹਾਏ ਏਕਾ ਬੰਕ ਦਵਾਰਿਆ। ਵਾਲੀ ਹਿੰਦ ਖ਼ੁਸ਼ੀ ਮਨਾਉਣੀ। ਪ੍ਰਭ ਅਬਿਨਾਸ਼ੀ ਜੋਤ ਜਗਾਉਣੀ। ਘਨਕਪੁਰ ਵਾਸੀ ਰਚਨ ਰਚਾਉਣੀ। ਆਦਿ ਸ਼ਕਤ ਆਦਿ ਭਵਾਨੀ, ਜੋਤ ਨਿਰੰਜਣ ਇਕ ਨਿਸ਼ਾਨੀ, ਦਿਵਸ ਰੈਣ ਡਗਮਗਾਉਣੀ। ਮਾਰੇ ਤੀਰ ਸ਼ਬਦ ਕਾਨੀ, ਸੋਹੰ ਸਾਚੀ ਬਾਣੀ ਬਜਰ ਕਪਾਟੀ ਚੀਰ ਵਖਾਣੀ। ਨੇੜ ਨਾ ਆਇਣ ਪੰਜ ਸ਼ੈਤਾਨੀ, ਸੰਞ ਸਵੇਰ ਇਕ ਕਰਾਉਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਘਰ ਖੋਲ੍ਹੇ ਦਰ, ਮਿਲੇ ਵਰ ਨਰ ਹਰਿ, ਆਤਮ ਮਾਰੇ ਇਕੋ ਛਾਲ, ਦੀਨ ਦਿਆਲ ਸੁਹਾਵੇ ਤਾਲ ਆਪਣੀ ਆਪ ਲਗਾਉਣੀ। ਕਾਇਆ ਮਾਟੀ ਹੱਟ ਜਗਤ ਵਣਜਾਰਿਆ। ਸਾਚਾ ਲਾਹਾ ਲੈਣਾ ਖੱਟ, ਵਿਚ ਸੰਸਾਰਿਆ। ਜੋਤ ਨਿਰਾਲਮ ਆਪ ਲਪੇਟੀ ਮੰਦਰ ਸਾਚੇ ਮੱਟ, ਡੂੰਘੀ ਕੰਦਰ ਅੰਧ ਅੰਧਿਆਰਿਆ। ਦਸਮ ਵਸੇਰਾ ਘਟ ਘਟ , ਜੋਤੀ ਜਗੇ ਲਟ ਲਟ, ਦਿਸ ਕਿਸੇ ਨਾ ਆ ਰਿਹਾ। ਏਕਾ ਮਾਇਆ ਪਾਈ ਵਟ, ਦੂਈ ਦਵੈਤੀ ਲਾਇਆ ਫੱਟ, ਸਾਚਾ ਤੱਟ ਨਾ ਕੋਈ ਵਖਾ ਰਿਹਾ। ਗੁਰਮੁਖ ਵਿਰਲਾ ਸੰਤ ਸੁਹੇਲਾ ਆਤਮ ਰਸ ਸਚ ਦਵਾਰੇ ਰਿਹਾ ਚੱਟ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਹਿਰਦੇ ਜਾਏ ਵਸ। ਜੋਤ ਨਿਰੰਜਣ ਕਰ ਪਰਕਾਸ਼, ਰਾਹ ਸਾਚਾ ਜਾਏ ਦੱਸ। ਪਵਣ ਚਲਾਏ ਸ਼ਬਦ ਸਵਾਸ, ਅੰਮ੍ਰਿਤ ਆਤਮ ਤਾਲ ਸੁਹਾਏ ਤੀਰਥ ਸਾਚਾ ਤੱਟ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪੀ ਭੇਖ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਇਕ ਇਕੇਲੇ ਆਪ ਆਪਣੇ ਦਰ ਬਹਾਏ ਦਇਆ ਕਮਾਏ ਬੇਮੁੱਖਾਂ ਦੀਸੇ ਖੇਲ ਬਾਜੀਗਰ ਨੱਟ। ਕਾਇਆ ਮੰਦਰ ਭਗਤ ਦਵਾਰ। ਭਗਤ ਦਵਾਰ ਅੰਮ੍ਰਿਤ ਭੰਡਾਰ। ਅੰਮ੍ਰਿਤ ਭੰਡਾਰੀ ਦਸਮ ਦੁਵਾਰ । ਦਸਮ ਦਵਾਰੀ ਜੋਤ ਨਿਰੰਕਾਰ। ਜੋਤ ਨਿਰੰਕਾਰੀ ਸ਼ਬਦ ਧਾਰ। ਸ਼ਬਦ ਧਾਰੀ ਪਵਣ ਅਸਵਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਖੋਲ੍ਹੇ ਬੰਦ ਕਵਾੜ। ਗੁਰਮੁਖਾਂ ਖੋਲ੍ਹੇ ਬੰਦ ਕਵਾੜ, ਅੰਧੇਰ ਵਿਨਾਸਿਆ। ਪਰੇ ਹਟਾਏ ਪੰਚਮ ਧਾੜ, ਸ਼ਬਦ ਸਵਾਸਿਆ। ਜੋਤ ਜਗਾਏ ਬਹੱਤਰ ਨਾੜ, ਕਰੇ ਪਰਕਾਸਿਆ। ਆਪੇ ਫਿਰੇ ਪਿਛੇ ਅਗਾੜ, ਨਿੱਜ ਘਰ ਵਾਸਿਆ। ਸਾਚੇ ਪੌੜੇ ਦੇਵੇ ਚਾੜ੍ਹ, ਅਕਾਸ਼ ਅਕਾਸ਼ਿਆ। ਦਰ ਘਰ ਸਾਚੇ ਦੇਵੇ ਵਾੜ, ਨਾ ਕਦੇ ਵਿਨਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ, ਹੋਇਆ ਰਹੇ ਦਾਸਨ ਦਾਸਿਆ। ਕਾਇਆ ਮਾਟੀ ਸਾਚਾ ਹਟ, ਰਤਨ ਅਮੋਲਿਆ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਸਾਚਾ ਤੋਲ ਹਰਿ ਜੀ ਤੋਲਿਆ। ਪਰਗਟ ਹੋਏ ਝੱਟ ਪੱਟ, ਅੰਦਰੇ ਅੰਦਰ ਆਤਮ ਬੋਲਿਆ। ਆਪੇ ਆਪ ਰਿਹਾ ਰੱਟ, ਲੱਗੇ ਭਾਗ ਕਾਇਆ ਮਟ, ਬੰਦ ਦਵਾਰਾ ਏਕਾ ਖੋਲ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਹੇ ਅਡੋਲ ਕਦੇ ਨਾ ਡੋਲਿਆ। ਆਪੇ ਆਪ ਸਦਾ ਅਭੁੱਲ, ਆਦਿ ਅੰਤ ਕਦੇ ਨਾ ਭੁੱਲਿਆ। ਲੱਖ ਚੁਰਾਸੀ ਰਹੀ ਰੁਲ, ਪਾਣੀ ਪਿਆ ਕਾਇਆ ਚੁਲ੍ਹਿਆ। ਗੁਰਮੁਖ ਵਿਰਲਾ ਹਰਿ ਉਪਜਾਏ ਸਾਚੀ ਕੁਲ, ਸ਼ਬਦ ਲਗਾਏ ਤਨ ਪਹਿਨਾਏ ਸਾਚੇ ਫੁਲਿਆ। ਆਪ ਆਪਣਾ ਦਰਸ ਦਿਖਾਏ, ਆਤਮ ਤ੍ਰਿਸਨਾ ਹਰਸ ਮਿਟਾਏ, ਅੰਮ੍ਰਿਤ ਮੇਘ ਬਰਸ ਵਖਾਏ, ਹਰਿਜਨ ਚਰਨ ਪ੍ਰੀਤੀ ਘੋਲ ਘੁਲਿਆ। ਜੋਤੀ ਜੋਤ ਸਰੂਪ ਹਰਿ, ਕਾਇਆ ਮਾਟੀ ਜੋਤ ਧਰ, ਦੇਵੇ ਨਾਮ ਸ਼ਬਦ ਦਾਤ ਅਨਮੁਲਿਆ। ਸ਼ਬਦ ਦਾਤ ਅਨਮੋਲ ਗੁਰ ਭੰਡਾਰਿਆ। ਦੇਵਣਹਾਰ ਸਰਬ ਸੰਸਾਰ, ਆਪੇ ਆਪ ਵਰਤਾ ਰਿਹਾ। ਗੁਰਮੁਖ ਵਿਰਲਾ ਲੇਵੇ ਕਰ ਪਿਆਰ, ਆਏ ਦਰ ਸੱਚੇ ਦਵਾਰਿਆ। ਸ਼ਬਦ ਦੇਵੇ ਤਿਖੀ ਧਾਰ, ਆਪ ਕਰਾਏ ਆਰ ਪਾਰਿਆ। ਸੋਹੰ ਫੜ ਤੇਜ ਕਟਾਰ, ਪੰਜਾਂ ਮਾਰੇ ਵਾਰੋ ਵਾਰਿਆ। ਦਰ ਦਵਾਰੇ ਰੱਖੇ ਬਾਹਰ, ਅੱਠੇ ਪਹਿਰ ਦੇਵੇ ਪਹਿਰਿਆ। ਗੁਰਮੁਖ ਹੋਣਾ ਖ਼ਬਰਦਾਰ, ਮਨ ਮਤ ਬੁਧ ਆਪ ਜਗਾ ਰਿਹਾ। ਝੂਠਾ ਨਾਤਾ ਕਾਇਆ ਧਾਰ, ਪੁਰਖ ਬਿਧਾਤਾ ਦਰਸ ਦਿਖਾ ਰਿਹਾ। ਮਾਨਸ ਦੇਹੀ ਕਰਮ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਅੰਦਰ ਬੋਲਿਆ। ਹਰਿ ਹਰਿ ਹਰਿ ਨਿਰਵੈਰਿਆ। ਹਰਿ ਹਰਿ ਏਕਾ ਘਰ, ਨਾ ਹੋਏ ਕਦੇ ਕਹਰਿਆ। ਹਰਿ ਹਰਿ ਏਕਾ ਦੇਵੇ ਸੱਚਾ ਵਰ, ਨਾ ਕੋਈ ਜਾਣੇ ਐਰ ਗੈਰਿਆ। ਹਰਿ ਹਰਿ ਆਪਣੀ ਤਰਨੀ ਰਿਹਾ ਤਰ, ਆਵੇ ਜਾਵੇ ਵਸੇ ਹੱਸੇ ਕਾਇਆ ਸ਼ਹਿਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਸਾਚੇ ਆਸਣ ਆਪੇ ਆਪ ਬਹਿ ਰਿਹਾ। ਨਿੰਦਕ ਨਿੰਦਿਆ ਨਾ ਕਰੇ ਵਿਚਾਰ। ਵਡੀ ਵਡਿਆਈ ਹਰਿ ਦਰ ਦਵਾਰ। ਮਨ ਮਤ ਬੁੱਧ ਜਿਸ ਜੀਵ ਉਪਜਾਈ, ਸੰਗ ਰਲਾਏ ਕਾਮ ਕਰੋਧ ਲੋਭ ਮੋਹ ਹੰਕਾਰ। ਪੰਜ ਤੱਤਾਂ ਬਣਤ ਬਣਾਈ, ਇਕ ਕਰਾਇਆ ਤਨ ਸ਼ਿੰਗਾਰ। ਕਲਜੁਗ ਮਾਇਆ ਪਾਈ ਫਾਹੀ, ਚਾਰੋਂ ਕੁੰਟ ਧੂੰਆਂਧਾਰ। ਜਗਤ ਜਗਦੀਸਾ ਦਿਸੇ ਨਾਹੀ, ਸਰਬ ਜੀਆਂ ਦਾ ਸਾਚਾ ਯਾਰ। ਜੋਤੀ ਜੋਤ ਸਰੂਪ ਹਰਿ, ਉਸਤਤ ਨਿੰਦਿਆ ਇਕ ਕਰ, ਆਪੇ ਵਸੇ ਆਪਣੇ ਬੰਕ ਦਵਾਰ। ਨੌਂ ਦਵਾਰੇ ਜਗਤ ਵਿਕਾਰ, ਪ੍ਰਭ ਸਾਚਾ ਆਪ ਰਖਾਇੰਦਾ। ਦਸਮ ਵਸੇਰਾ ਹਰਿ ਕਰਤਾਰ, ਆਪ ਆਪਣੇ ਵਿਚ ਸਮਾਇੰਦਾ। ਸ਼ਬਦ ਘੇਰਾ ਪਹਿਰੇਦਾਰ, ਅੱਠੇ ਪਹਿਰ ਸੱਦ ਜਗਾਇੰਦਾ। ਪਵਣ ਸਵਾਸੀ ਦਏ ਹੁਲਾਰ, ਇਕ ਹਲੂਣਾ ਨਾਮ ਲਗਾਇੰਦਾ। ਦੀਪਕ ਜੋਤੀ ਕਰ ਉਜਿਆਰ, ਅੰਧ ਅਗਿਆਨ ਆਪ ਮਿਟਾਇੰਦਾ। ਏਕਾ ਖੋਲ੍ਹੇ ਸਚ ਦੁਕਾਨ, ਨਾਮ ਵਸਤ ਇਕ ਟਿਕਾਇੰਦਾ। ਤੋਲਾ ਬਣ ਹਰਿ ਭਗਵਾਨ, ਆਪੇ ਸਾਚਾ ਤੋਲ ਤੁਲਾਇੰਦਾ। ਏਕਾ ਦੂਜਾ ਤੀਜਾ ਬੋਲਾ ਨੇਤਰ ਖੋਲ੍ਹਾ, ਸਵੱਛ ਸਰੂਪੀ ਦਰਸ ਦਿਖਾਇੰਦਾ। ਗੁਰ ਗੁਰਸਿਖ ਆਤਮ ਮਨ ਤਨ ਪਤੀਜਾ, ਮਿਲਿਆ ਮੇਲ ਗੁਣ ਨਿਧਾਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਇਕ ਨਿਸ਼ਾਨ। ਸ਼ਬਦ ਦੇਵੇ ਧੁਰ ਦਰਗਾਹ। ਸ੍ਰਿਸ਼ਟ ਸਬਾਈ ਇਕ ਮਲਾਹ। ਚਾਰੋਂ ਕੁੰਟ ਰਿਹਾ ਵੰਡਾਈ, ਕਲਜੁਗ ਅੰਤਮ ਹਿਸੇ ਪਾ। ਵੇਖੇ ਖਲਕ ਖ਼ੁਦਾਈ, ਆਪ ਕਿਸੇ ਦਿਸੇ ਨਾ। ਈਸੇ ਮੂਸੇ ਪਏ ਜੁਦਾਈ, ਛਤਰ ਕਿਸੇ ਸੀਸੇ ਝੁੱਲੇ ਨਾ। ਪਕੜ ਉਠਾਏ ਫੜ ਫੜ ਬਾਹੀਂ, ਰੂਸਾ ਚੀਨਾ ਭੁਲੇ ਨਾ। ਰਾਜੇ ਰਾਣਿਆ ਪਾਏ ਫਾਹੀ, ਭਾਗ ਲਗੇ ਕਿਸੇ ਕਾਇਆ ਕੁੱਲੇ ਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਦਾ ਅਡੋਲ ਅੰਤ ਕਲ ਡੁੱਲੇ ਨਾ। ਕਲਜੁਗ ਅੰਧ ਅਗਿਆਨ ਮਚਿਆ। ਨਾ ਕੋਈ ਜਾਣੇ ਚਤੁਰ ਸੁਜਾਨ, ਬ੍ਰਹਮ ਗਿਆਨ ਕਵਣ ਸੱਚਿਆ। ਮਾਇਆ ਰਾਣੀ ਹੋਈ ਪਰਧਾਨ, ਨੌਂ ਦਵਾਰੇ ਬਹਿ ਬਹਿ ਨਚਿਆ। ਪਰਗਟ ਹੋਏ ਵਾਲੀ ਦੋ ਜਹਾਨ, ਚਾਰੋਂ ਕੁੰਟ ਹਾਹਾਕਾਰ ਮਚਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਭੰਨੇ ਕੱਚਾ, ਭਾਂਡਾ ਫਲ ਅੰਤਮ ਵੇਲੇ ਪੱਕਿਆ। ਕਲਜੁਗ ਕਾਲਾ ਵੇਸ ਪੁਰਖ ਅਗੰਮਿਆ। ਪਰਗਟ ਹੋਏ ਮਾਝੇ ਦੇਸ, ਮਾਤਾ ਪਿਤਾ ਕਿਸੇ ਨਾ ਜੰਮਿਆ। ਪਕੜ ਉਠਾਏ ਨਰ ਨਰੇਸ਼, ਸ਼ਬਦ ਸਰੂਪੀ ਲਾਹੇ ਚੰਮਿਆ। ਨਾ ਕੋਈ ਬੋਲੇ ਸ਼ਿਵ ਸ਼ੰਕਰ ਗਣੇਸ਼, ਗਗਨ ਪਤਾਲੀ ਹਿਲਾਏ ਥੰਮ੍ਹਿਆ। ਜੋਤ ਸਰੂਪੀ ਕਰ ਵੇਸ, ਕਰੇ ਖੇਲ ਅਗੰਮ ਅਗੰਮਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਕੁੰਟਾਂ ਵੇਖ ਹਰਿ, ਆਪ ਆਪਣੇ ਅੰਦਰ ਰਮਿਆ। ਆਪ ਆਪਣੇ ਰੰਗ ਸਮਾਇਆ। ਕਲਜੁਗ ਕਾਲਾ ਮੰਗੇ ਮੰਗ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਅਸਟਭੁਜ ਹੋਈ ਸੰਗ, ਸ਼ਬਦ ਸਿੰਘਾਸਣ ਆਸਣ ਲਾਇਆ। ਹਰਿ ਦਵਾਰੇ ਮੰਗੇ ਮੰਗ, ਪ੍ਰਭ ਅਬਿਨਾਸ਼ੀ ਕਸ ਤੰਗ, ਸ਼ਬਦ ਘੋੜਾ ਇਕ ਮੰਗਾਇਆ। ਲੇਖਾ ਚੁਕੇ ਗੋਦਾਵਰੀ ਗੰਗ, ਅੱਠ ਸੱਠ ਤੀਰਥ ਹੋਏ ਭੰਗ, ਜੀਵ ਜੰਤ ਭੁੱਖ ਨੰਗ, ਸਾਧ ਸੰਤ ਹੋਏ ਹਲਕਾਇਆ। ਸ਼ਬਦ ਚਾੜ੍ਹੇ ਏਕਾ ਕੰਗ, ਸੋਹੰ ਵੱਜੇ ਸ਼ਬਦ ਮਰਦੰਗ, ਰਾਓ ਰੰਕ ਰਿਹਾ ਸੁਣਾਇਆ। ਆਪੇ ਢਾਹੇ ਭਰਮਾਂ ਕੰਧ, ਨਾਮ ਚੜ੍ਹਾਏ ਸਾਚਾ ਚੰਦ, ਕਲਜੁਗ ਅੰਧੇਰ ਦਏ ਮਿਟਾਇਆ। ਮਦਿਰਾ ਮਾਸ ਲਾਇਆ ਬੱਤੀ ਦੰਦ, ਬੇਮੁਖਾਂ ਗਵਾਇਆ ਪਰਮਾਨੰਦ, ਹੰਕਾਰ ਵਿਕਾਰ ਤਨ ਵਸਾਇਆ। ਜਨ ਭਗਤਾਂ ਖ਼ੁਸ਼ੀ ਕਰੇ ਬੰਦ ਬੰਦ, ਸ਼ਬਦ ਸੁਣਾਏ ਏਕਾ ਛੰਦ, ਧੁਨ ਨਾਦ ਅਨਾਹਦ ਆਪਣੀ ਆਪ ਰਿਹਾ ਉਪਜਾਇਆ। ਉਪਜੇ ਧੁਨ ਅਨਾਹਦ ਨਾਦ, ਸਰਬ ਘਟ ਉਪਾਨਿਆ। ਸ਼ਬਦ ਬੋਧ ਅਗਾਧ, ਨਾ ਕੋਇ ਜਾਣੇ ਵੇਦ ਪੁਰਾਨਿਆ। ਗੁਰਮੁਖ ਵਿਰਲੇ ਮਿਲੇ ਸਾਚੀ ਦਾਦ, ਹਰਿ ਹਰਿ ਨਾਉਂ ਬ੍ਰਹਮ ਗਿਆਨਿਆ। ਆਤਮ ਵੱਜੇ ਸਾਚਾ ਨਾਦ, ਦਸਮ ਦਵਾਰੀ ਇਕ ਨਿਸ਼ਾਨਿਆ। ਮਿਲੇ ਮੇਲ ਮਾਧਵ ਮਾਧ, ਜੋਤੀ ਨੂਰ ਹਾਜ਼ਰ ਹਜ਼ੂਰ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਦੋ ਜਹਾਨਿਆ। ਦੋ ਜਹਾਨਾਂ ਖੇਲ ਹਰਿ ਰਚਾਇੰਦਾ। ਆਪ ਆਪਣਾ ਕਰ ਕਰ ਮੇਲ, ਜਨ ਭਗਤ ਮਾਤ ਜਗਾਇੰਦਾ। ਆਪੇ ਕਰੇ ਆਪਣੀ ਖੇਲ, ਸੰਗ ਸੁਹੇਲ ਆਪ ਅਖਵਾਇੰਦਾ। ਆਪੇ ਗੁਰ ਆਪੇ ਚੇਲ, ਸ਼ਬਦ ਜੋਤੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰੀਆਂ ਲੋਆਂ ਕਰ ਅਕਾਰ, ਇਕ ਜੈਕਾਰਾ ਸ਼ਬਦ ਬੁਲਾਇੰਦਾ। ਸ਼ਬਦ ਜੈਕਾਰਾ ਹਰਿ ਸੁਣਾਇਆ ਏ। ਬ੍ਰਹਮਾ ਪੁਰੀ ਬ੍ਰਹਮ ਤਜਾਇਆ ਏ। ਗੁਰਮੁਖ ਸਾਚਾ ਕਰਮ ਪ੍ਰਭ ਅਬਿਨਾਸ਼ੀ ਆਪ ਬਣਾਇਆ ਏ। ਗੁਰ ਤੇਗ ਬਹਾਦਰ ਮਿਲਿਆ ਜਨਮ, ਸਾਚੇ ਸਾਚਾ ਧਾਮ ਸੁਹਾਇਆ ਏ। ਸ੍ਰਿਸ਼ਟ ਸਬਾਈ ਮੇਟੇ ਵਰਮ, ਲੱਖ ਚੁਰਾਸੀ ਕਰਮ ਆਪਣੇ ਹੱਥ ਰਖਾਇਆ ਏ। ਕਲਜੁਗ ਮਾਇਆ ਜੀਵ ਭੁੱਲੇ ਭਰਮ, ਭਰਮ ਭੁਲੇਖਾ ਝੂਠਾ ਲੇਖਾ ਵੇਖੀ ਵੇਖਾ ਮਾਤ ਵਧਾਇਆ ਏ। ਗੁਰਮੁਖ ਸਾਚਾ ਨੇਤਰ ਪੇਖੇ, ਆਪ ਲਿਖਾਈ ਆਪਣੀ ਰੇਖੇ, ਪੁਰਖ ਅਬਿਨਾਸ਼ੀ ਧਰਿਆ ਭੇਖੇ, ਆਪਣਾ ਸਾਚਾ ਧਾਮ ਸੁਹਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਬ੍ਰਹਮ ਰੂਪ ਸਮਾਇਆ ਏ। ਬ੍ਰਹਮਾ ਬ੍ਰਹਮ ਰੂਪ ਸਮਾਏ। ਹਰਿ ਹਰਿ ਜੋਤੀ ਮੇਲ ਮਿਲਾਏ। ਸ਼ਿਵ ਸ਼ੰਕਰ ਕਰ ਧਿਆਨ, ਜਟਾ ਜੂਟ ਧਾਰੀ ਸੀਸ ਝੁਕਾਏ। ਪ੍ਰਭ ਅਬਿਨਾਸ਼ੀ ਚਤੁਰ ਸੁਜਾਨਾ ਆਪੇ ਵੇਖੇ ਮਾਰ ਧਿਆਨ। ਚਾਰੇ ਕੁੰਟਾਂ ਵੇਖ ਵਖਾਣੇ, ਅੰਤਮ ਮਿਟਦਾ ਜਾਏ ਨਿਸ਼ਾਨ। ਕਲਜੁਗ ਕਾਲੇ ਆਈ ਹਾਨ। ਝੂਠੀ ਦਿਸੇ ਨਾ ਕੋਈ ਦੁਕਾਨ। ਜੀਓ ਪਿੰਡ ਭਾਂਡਾ ਕਾਚਾ, ਜਗਤ ਮਕਾਨ। ਪੁਰਖ ਅਬਿਨਾਸ਼ੀ ਸਾਚੋ ਸਾਚਾ, ਏਕਾ ਏਕ ਸ੍ਰੀ ਭਗਵਾਨ। ਸ਼ਿਵ ਸ਼ੰਕਰ ਦਰ ਦਵਾਰੇ ਆਏ ਨਾਚਾ, ਕਿਰਪਾ ਕਰ ਹਰਿ ਭਗਵਾਨ। ਕਲਜੁਗ ਅੰਤਮ ਹਰਿ ਹਰਿ ਵਾਚਾ, ਏਕਾ ਲੱਗੇ ਸ਼ਬਦ ਤਮਾਚਾ, ਹੋਏ ਵਿਛੋੜਾ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਆਂ ਪੁਰੀਆਂ ਵੇਖ ਹਰਿ, ਇਕ ਝੁਲਾਏ ਸ਼ਬਦ ਨਿਸ਼ਾਨ। ਸ਼ਿਵ ਸ਼ੰਕਰ ਜੋਤ ਮਿਲਾਏ। ਅੰਕਰ ਕੰਕਰ ਦਵਾਰ ਬੰਕਰ ਏਕਾ ਡੰਕ ਵਜਾਏ। ਵੇਖੇ ਖੇਲ ਹਰਿ ਭਿਅੰਕਰ, ਭਾਣਾ ਆਪਣੇ ਹੱਥ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਭਉ ਚੁਕਾਏ। ਸਾਚੀ ਪੁਰੀ ਮਾਰ ਧਿਆਨ। ਹਰ ਘਟ ਰਾਮ ਕਰ ਪਛਾਨ। ਇੰਦ ਇੰਦਰਾਸਣ ਆਪ ਤਜਾਇਆ, ਪੁਰਖ ਅਬਿਨਾਸ਼ੀ ਤੀਰ ਚਲਾਇਆ, ਰਸਨਾ ਖਿਚ ਇਕ ਕਮਾਨ। ਕਰੋੜ ਤੇਤੀਸਾ ਦਏ ਦੁਹਾਇਆ। ਬੀਸ ਇਕੀਸਾ ਹਰਿ ਜਗਦੀਸਾ, ਕਰੇ ਖੇਲ ਆਪ ਰਘੁਰਾਇਆ। ਸ਼ਬਦ ਪੜ੍ਹਾਏ ਸਚ ਹਦੀਸਾ, ਸੋਹੰ ਝੰਡਾ ਰਿਹਾ ਝੁਲਾਇਆ ਏ। ਮੇਟ ਮਿਟਾਏ ਮੂਸਾ ਈਸਾ, ਕੁਰਾਨ ਅੰਜੀਲ ਦਿਸ ਨਾ ਆਇਆ ਏ। ਭਾਣਾ ਵੇਖੇ ਹਰਿ ਉਨੀਸਾ, ਅਠਾਰਾਂ ਧਿਆਏ ਗਾਏ ਗੀਤਾ, ਨਾ ਕੋਈ ਰਾਮ ਨਾ ਕੋਈ ਸੀਤਾ, ਨਾ ਕੋਈ ਸਾਜਣ ਨਾ ਕੋਈ ਮੀਤਾ, ਆਪਣੇ ਰੰਗ ਸਮਾਇਆ ਏ। ਆਪ ਹੋਏ ਪਤਤ ਪੁਨੀਤਾ, ਗੁਰਮੁਖਾਂ ਕਰੇ ਸੀਤਲ ਸੀਤਾ, ਸਾਚੀ ਰੀਤਾ ਰਿਹਾ ਚਲਾਇਆ ਏ। ਵੇਦ ਪੁਰਾਨਾਂ ਵਕਤ ਬੀਤਾ, ਖਾਣੀ ਬਾਣੀ ਪਰਖੇ ਨੀਤਾ, ਨਾ ਕੋਈ ਦਵਾਰੇ ਦਿਸੇ ਚੀਤਾ, ਕਵਣ ਸਿੰਘਾਸਣ ਡੇਰਾ ਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵਰਭੰਡ ਬ੍ਰਹਿਮੰਡ ਆਪਣਾ ਖੇਲ ਰਚਾਇਆ ਏ। ਰਾਜਾ ਇੰਦ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮਿਟਦੇ ਜਾਣ ਮੀਤ ਮੁਰਾਰ। ਕਰੋੜ ਤੇਤੀਸਾ ਵਹਿੰਦੀ ਧਾਰ। ਬੀਸ ਇਕੀਸਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਬ੍ਰਹਮਾ ਸ਼ਿਵ ਪਾਰ ਕਰਾਏ। ਦੇਵੀ ਦੇਵ ਲਏ ਜਗਾਏ। ਸੁਰਪਤ ਰਾਜਾ ਇੰਦ ਲਾਏ ਸੇਵ, ਆਪ ਆਪਣੀ ਦਇਆ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਖੰਡ ਪ੍ਰਿਥਮੀ ਵੇਖ ਹਰਿ, ਵਰਭੰਡੀ ਸਾਚਾ ਖੇਲ ਖਿਲਾਏ। ਵਰਭੰਡੀ ਹਰਿ ਪਾਏ ਭੰਡੀ, ਸਾਚੀ ਵੰਡ ਵੰਡਾਈਆ। ਪਹਿਲੀ ਦਿਸ਼ਾ ਚੰਡ ਚੰਡੀ, ਮਿਟਦੇ ਜਾਣ ਜੀਵ ਘਮੰਡੀ, ਚੌਦਾਂ ਨੌਂ ਖੇਲ ਰਚਾਈਆ। ਆਪੇ ਵੱਢੇ ਬੇਮੁਖਾਂ ਕੰਡੀ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਇਕੱਲਾ ਸ਼ਬਦ ਮੇਲ ਰਿਹਾ ਮਿਲਾਈਆ। ਇਕ ਇਕੱਲਾ ਹਰਿ ਇਕ ਦਿਆਲਿਆ। ਦੂਜੀ ਰੱਖੇ ਸ਼ਬਦ ਭਿੱਖ, ਗੁਰਮੁਖਾਂ ਦੇਵੇ ਹਰਿ ਕਿਰਪਾਲਿਆ। ਤੀਜੇ ਨੈਣ ਲੈਣਾ ਪੇਖ, ਸਰਬ ਘਟਾਂ ਹੋਏ ਰਖਵਾਲਿਆ। ਚੌਥੇ ਘਰ ਸਾਚਾ ਲੇਖਾ ਲੈਣ ਲਿਖ, ਸੰਤ ਸੁਹੇਲੇ ਸ਼ਬਦ ਮਤਵਾਲਿਆ। ਪੰਚਮ ਆਪੇ ਰਿਹਾ ਵੇਖ, ਪੰਚਮ ਦੇਸ ਹਰਿ ਵਸਾ ਲਿਆ। ਛੇਵੇਂ ਸ਼ਬਦ ਲਾਏ ਮੇਖ, ਅੱਖਰ ਵੱਖਰ ਹਰਿ ਉਪਾ ਲਿਆ। ਸਤਵੇਂ ਸਤਿ ਸਤਿਵਾਦੀ ਇਕ, ਜੋਤ ਸਰੂਪੀ ਡਗਮਗਾ ਰਿਹਾ। ਅਠਵੇਂ ਅੱਠਾਂ ਤੱਤਾਂ ਮਿਟਾਏ ਤ੍ਰਿਖ, ਅੰਮ੍ਰਿਤ ਬੂੰਦ ਮੁਖ ਚੁਆ ਰਿਹਾ। ਨੌਂ ਦਵਾਰੇ ਲੱਖ ਚੁਰਾਸੀ ਮੰਗੇ ਭਿੱਖ, ਦਸਵੇਂ ਗੁਰਮੁਖ ਬੂਝ ਬੁਝਾ ਰਿਹਾ। ਇਕ ਗਿਆਰਾਂ ਲੇਖਾ ਰਿਹਾ ਲਿਖ, ਸਦੀ ਬੀਸ ਸੰਗ ਸਮਾ ਲਿਆ। ਧਰਮ ਰਾਏ ਮੰਗੇ ਭਿੱਖ, ਬਾਰਾਂ ਬਾਰਾਂ ਰਸਨਾ ਗਾ ਲਿਆ। ਆਪੇ ਲੇਖਾ ਦੇਵੇ ਲਿਖ, ਤੇਰਾ ਰੰਗ ਵਟਾ ਲਿਆ। ਨਾ ਕੋਈ ਹਿੰਦੂ ਮੁਸਲਿਮ ਸਿੱਖ, ਸ਼ਬਦ ਘੇਰਾ ਏਕਾ ਪਾ ਲਿਆ। ਚੌਦਾਂ ਚੌਦਾਂ ਹੱਟਾਂ ਰਿਹਾ ਵੇਖ, ਸੰਮਤ ਬਿਕ੍ਰਮੀ ਬੀਸ ਨਾਲ ਰਲਾ ਲਿਆ। ਰਾਜੇ ਰਾਣਿਆ ਮੰਗੀ ਨਾ ਮਿਲੇ ਭਿਖ, ਪੰਦਰ੍ਹਾਂ ਅੰਦਰੇ ਅੰਦਰ ਖਾਲੀ ਕਰਾ ਰਿਹਾ। ਸੌਲਵੇਂ ਦਰ ਦਵਾਰੇ ਭੌਂਦੇ ਫਿਰਨ ਰਿਛ, ਸਾਧ ਸੰਤ ਗੁਰ ਪੀਰ ਨਾ ਕੋਈ ਸਕੇ ਸੁਰਤ ਸੰਭਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਆਪੇ ਜਾਣੇ, ਗੁਰ ਪੂਰਾ ਸੂਰਾ ਗੁਰ ਗੋਪਾਲਿਆ। ਦਸ ਸਤ ਸਤਾਰਾਂ ਸਤਰ ਲਿਖਾਈਆ। ਮੁਗਲ ਪਠਾਣੀ ਚੜ੍ਹੇ ਲੱਖ ਸੱਤਰ, ਪਾਉਂਦੀ ਆਵੇ ਸਰਬ ਦੁਹਾਈਆ। ਸੰਤ ਸੁਹੇਲੇ ਕਰੇ ਇਕੰਤਰ, ਪ੍ਰਭ ਸਾਚੇ ਸ਼ਬਦ ਜਣਾਈਆ। ਨਾਮ ਬੀਜੇ ਕਾਇਆ ਵੱਤਰ, ਸੋਹੰ ਬੀਜ ਰਿਹਾ ਬਿਜਾਈਆ। ਨਾ ਕੋਈ ਜਾਣੇ ਆਪਣਾ ਨਸ਼ੱਤਰ, ਸਾਚੀ ਰੇਖ ਕਿਸ ਲਿਖਾਈਆ। ਜੀਵ ਜੰਤ ਹੋਏ ਸੱਥਰ, ਧਰਤ ਮਾਤ ਸੇਜ ਵਿਛਾਈਆ। ਆਪੇ ਪਾੜੇ ਉਚੇ ਟਿੱਲੇ ਵਡ ਵਡ ਪੱਥਰ, ਅਗੰਮ ਅਗੰਮੀ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਲੇ ਮਿਲੇ ਵਰ, ਬੇਮੁਖਾਂ ਹੋਏ ਕੁੜਮਾਈਆ। ਸਤਿ ਸਤਾਰਾਂ ਉਡੇ ਸਤਿ। ਕੋਈ ਨਾ ਦੇਵੇ ਧੀਰਜ ਯਤ। ਪੁੱਤਰ ਮਾਵਾਂ ਤੁਟਾ ਨਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਮਿਤ ਗਤ। ਅਠ ਤੱਤ ਤੱਤ ਵਖਾਣੇ। ਤਖ਼ਤੋਂ ਲਾਹੇ ਰਾਜੇ ਰਾਣੇ। ਛਤਰ ਨਾ ਦੀਸੇ ਵਿਚ ਜਹਾਨੇ। ਚਲੇ ਚਲਾਏ ਆਪਣੇ ਭਾਣੇ। ਮੇਟ ਮਿਟਾਏ ਵੇਦ ਪੁਰਾਨੇ। ਅੰਜ਼ੀਲ ਕੁਰਾਨ ਲਾਹੇ ਮੁਕਾਣੇ। ਖਾਣੀ ਬਾਣੀ ਹੋਈ ਹੈਰਾਨੇ। ਨਿਹਕਲੰਕ ਜੋਤ ਜਗਾਈ, ਫੜਿਆ ਹੱਥ ਸ਼ਬਦ ਨਿਸ਼ਾਨੇ। ਗੁਰਮੁਖਾਂ ਆਤਮ ਵੱਜੇ ਵਧਾਈ, ਬੇਮੁਖਾਂ ਹੱਥੀਂ ਬੰਨ੍ਹੇ ਗਾਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੇ ਖੇਲ ਸ੍ਰੀ ਭਗਵਾਨੇ।