੨੪ ਅੱਸੂ ੨੦੧੬ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ
ਆਦਿ ਪੁਰਖ ਨਿਰੰਜਣ ਹਰਿ ਮਿਹਰਬਾਨ, ਆਦਿ ਜੁਗਾਦੀ ਏਕੰਕਾਰਿਆ। ਖੇਲੇ ਖੇਲ ਸ੍ਰੀ ਭਗਵਾਨ, ਪਾਰਬ੍ਰਹਮ ਰੂਪ ਅਪਾਰਿਆ। ਇਕ ਇਕੱਲਾ ਵਾਲੀ ਦੋ ਜਹਾਨ, ਨਿਰਗੁਣ ਜੋਤ ਨੂਰ ਉਜਿਆਰਿਆ। ਧਰਮ ਉਠਾਏ ਸਚ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾ ਰਿਹਾ। ਖੇਲਣਹਾਰਾ ਹਰਿ ਭਗਵੰਤ, ਆਦਿ ਜੁਗਾਦੀ ਪੁਰਖ ਅਬਿਨਾਸ਼ੀ ਜੁਗਾ ਜੁਗੰਤ ਆਪਣਾ ਵੇਖ ਵਖਾਇੰਦਾ। ਆਪੇ ਨਾਰੀ ਆਪੇ ਕੰਤ, ਵੇਸ ਅਨੇਕਾ ਰੂਪ ਵਟਾਇੰਦਾ। ਲੱਖ ਚੁਰਾਸੀ ਬਣਾਏ ਬਣਤ, ਘਟ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਮਰਥ ਪੁਰਖ ਆਪ ਅਖਵਾਇੰਦਾ। ਸਮਰਥ ਪੁਰਖ ਹਰਿ ਕਰਤਾਰ, ਹਰਿ ਵੱਡੀ ਵਡ ਵਡਿਆਈਆ। ਗੁਰ ਪੀਰ ਅਵਤਾਰ ਸਾਧ ਸੰਤ ਬਣ ਵਰਤਾਰ, ਲੋਕਮਾਤ ਵੇਖ ਵਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਬੰਨ੍ਹੇ ਧਾਰ, ਅੰਡਜ ਜੇਰਜ ਉਤਭੁਜ ਸੇਹਤਜ ਵੇਖ ਵਖਾਈਆ। ਸ਼ਬਦ ਅਗੰਮੀ ਇਕ ਜੈਕਾਰ, ਆਪਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ। ਜੋਤੀ ਨੂਰ ਪੁਰਖ ਅਬਿਨਾਸ਼, ਏਕਾ ਰੂਪ ਸਮਾਇੰਦਾ। ਹਰਿ ਦਾਤਾ ਦਾਨੀ ਸਰਬ ਗੁਣਤਾਸ, ਗੁਣਵੰਤਾ ਨਾਉਂ ਧਰਾਇੰਦਾ। ਪਾਏ ਸਾਰ ਪ੍ਰਿਥਮੀ ਅਕਾਸ਼, ਗਗਨ ਮੰਡਲ ਮੰਡਪ ਫੋਲ ਫੋਲਾਇੰਦਾ। ਘਟ ਘਟ ਅੰਦਰ ਰੱਖੇ ਵਾਸ, ਆਪ ਆਪਣਾ ਵੇਸ ਵਟਾਇੰਦਾ। ਆਪੇ ਪਾਏ ਸਾਚੀ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਸਦਾ ਸੁਹੇਲਾ ਵਸੇ ਪਾਸ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਇੰਦਾ। ਜੁਗਾ ਜੁਗੰਤਰ ਜੁਗ ਕਰਨੇਹਾਰਾ, ਆਪ ਆਪਣਾ ਰੂਪ ਵਟਾਈਆ। ਜੁਗਾ ਜੁਗੰਤਰ ਲਏ ਅਵਤਾਰਾ, ਲੋਕਮਾਤ ਵੇਖ ਵਖਾਈਆ। ਹਰਿਜਨ ਵੇਖੇ ਸੁੱਤ ਦੁਲਾਰਾ, ਆਪ ਆਪਣਾ ਵੇਸ ਵਟਾਈਆ। ਦਿਵਸ ਰੈਣ ਕਰੇ ਪਿਆਰਾ, ਅੱਖਰ ਵੱਖਰ ਕਰੇ ਪੜ੍ਹਾਈਆ। ਅੰਮ੍ਰਿਤ ਆਤਮ ਠੰਡੀ ਠਾਰਾ, ਨਿਝਰ ਝਿਰਨਾ ਦਏ ਝਿਰਾਈਆ। ਨੇਤਰ ਨੈਣ ਖੋਲ੍ਹ ਕਿਵਾੜਾ, ਰੂਪ ਅਨੂਪ ਦਰਸਾਈਆ। ਧਰਮ ਰਾਏ ਦਾ ਸਚ ਅਖਾੜਾ, ਘਰ ਸਾਚੇ ਵੱਜੇ ਵਧਾਈਆ। ਮੇਟ ਮਿਟਾਏ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੁਗ ਜੁਗ ਖੇਲ ਪੁਰਖ ਸਮਰਥ, ਸਮਰਥ ਪੁਰਖ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਚਲਾਏ ਰਥ, ਰਥ ਰਥਵਾਹੀ ਦਿਸ ਨਾ ਆਈਆ। ਕਲਜੁਗ ਮਹਿਮਾ ਅਕਥਨਾ ਅਕੱਥ, ਰਸਨਾ ਜਿਹਵਾ ਕਥ ਨਾ ਸਕੇ ਰਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਪਾਏ ਨੱਥ, ਨਾਮ ਡੋਰੀ ਬੰਧਨ ਪਾਈਆ। ਲੇਖਾ ਜਾਣੇ ਤੀਰਥ ਅਠਸਠ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਜੋਤੀ ਨੂਰ ਇਕ ਲਲਾਟ ਜਗੇ ਲਟ ਲਟ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਵੇਖਣਹਾਰਾ ਚੌਦਾਂ ਹੱਟ, ਚੌਦਾਂ ਤਬਕਾਂ ਫੇਰਾ ਪਾਈਆ। ਹਰਿਜਨ ਮੇਲਾ ਨੱਠ ਨੱਠ, ਦਿਵਸ ਰੈਣ ਮੇਲ ਮਿਲਾਈਆ। ਤਨ ਨਗਾਰੇ ਲਾਏ ਸੱਟ, ਸ਼ਬਦ ਅਗੰਮੀ ਜੋਤ ਵਖਾਈਆ। ਦੁਰਮਤ ਮੈਲ ਦੇਵੇ ਕੱਟ, ਸਤਿਗੁਰ ਪੂਰਾ ਵਡ ਵਡਿਆਈਆ। ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਡੰਕ ਵਜਾਈਆ। ਆਪਣੇ ਰੰਗ ਹਰਿ ਰੰਗ ਰਾਤਾ, ਖੇਲੇ ਖੇਲ ਅਪਾਰਿਆ। ਜਨ ਭਗਤਾਂ ਦੇਵੇ ਸਾਚੀ ਦਾਤਾ, ਇਕ ਇਕੱਲਾ ਮੀਤ ਮੁਰਾਰਿਆ। ਕਲਜੁਗ ਮੇਟੇ ਰੈਣ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾ ਰਿਹਾ। ਸੋ ਪੁਰਖ ਨਿਰੰਜਣ ਸਾਚੀ ਗਾਥਾ, ਹੰ ਬ੍ਰਹਮ ਆਪ ਸੁਣਾ ਰਿਹਾ। ਲੇਖਾ ਜਾਣੇ ਪੂਜਾ ਪਾਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਆਪ ਸਮਝਾ ਰਿਹਾ। ਸਾਚੀ ਸਿਖਿਆ ਹਰਿ ਸੁਲਤਾਨ, ਹਰਿਜਨ ਆਪ ਸੁਣਾਈਆ। ਮੇਲ ਮਿਲਾਵਾ ਦੋ ਜਹਾਨ, ਲੋਕਮਾਤ ਵੱਜੇ ਵਧਾਈਆ। ਆਸਾ ਤ੍ਰਿਸ਼ਨਾ ਹਉਮੇ ਹੰਗਤਾ ਮੇਟੇ ਪੰਜ ਸ਼ੈਤਾਨ, ਸ਼ਰਅ ਸ਼ਰੀਅਤ ਇਕ ਵਖਾਈਆ। ਕਾਇਆ ਮੰਦਰ ਮੱਕਾ ਕਾਅਬਾ ਗੁਰ ਵੇਖੇ ਇਕ ਮਕਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬਣਤ ਬਣਾਈਆ। ਮਨ ਮਤ ਬੁੱਧ ਬਾਲ ਨਿਧਾਨ, ਦਿਵਸ ਰੈਣ ਰਿਹਾ ਖਲਾਈਆ। ਸ਼ਬਦ ਗੁਰ ਗੁਰ ਮਿਹਰਵਾਨ, ਆਪ ਆਪਣਾ ਨਾਉਂ ਧਰਾਈਆ। ਸੰਤ ਸੁਹੇਲੇ ਕਰ ਪਛਾਣ, ਗੁਰ ਚੇਲੇ ਮੇਲ ਮਿਲਾਈਆ। ਅਬਿਨਾਸ਼ੀ ਕਰਤਾ ਖੇਲੇ ਖੇਲ ਚਤੁਰ ਸੁਘੜ ਸਿਆਣ, ਮੂਰਖ ਮੂੜ੍ਹੇ ਲਏ ਤਰਾਈਆ। ਆਤਮ ਅੰਤਰ ਬ੍ਰਹਮ ਗਿਆਨ, ਪਾਰਬ੍ਰਹਮ ਵੱਡੀ ਵਡਿਆਈਆ। ਸਤਿ ਸੰਤੋਖੀ ਪੀਣ ਖਾਣ, ਕਲਜੁਗ ਤ੍ਰਿਸ਼ਨਾ ਦਏ ਮਿਟਾਈਆ। ਆਵਣ ਜਾਵਣ ਚੁੱਕੇ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਸਚਖੰਡ ਦੁਵਾਰਾ ਸਾਚਾ ਮਾਣ, ਚਰਨ ਦੁਵਾਰਾ ਸਚ ਸਰਨਾਈਆ। ਅਮਰਾਪਦ ਗੁਰਮੁਖ ਪਾਣ, ਜਿਸ ਮਿਲਿਆ ਬੇਪਰਵਾਹੀਆ। ਧੂੜੀ ਧੂੜ ਸਚ ਇਸ਼ਨਾਨ, ਸਾਚਾ ਮਜਨ ਇਕ ਵਖਾਈਆ। ਪਤਿਤ ਪਾਪੀ ਸਰਬ ਤਰ ਜਾਣ, ਨੇਤਰ ਲੋਚਣ ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੱਜੀ ਵਧਾਈਆ। ਕਲਜੁਗ ਅੰਤਮ ਵੇਸ ਅਵੱਲਾ, ਭੇਵ ਅਭੇਦਾ ਭੇਵ ਛੁਪਾਇੰਦਾ। ਏਕੰਕਾਰਾ ਇਕ ਇਕੱਲਾ, ਅਛਲ ਅਛੇਦ ਖੇਲ ਖਲਾਇੰਦਾ। ਸਚਖੰਡ ਦੁਵਾਰ ਵਸੇ ਸਚ ਮਹੱਲਾ, ਥਿਰ ਘਰ ਵਾਸੀ ਆਸਣ ਲਾਇੰਦਾ। ਆਪਣਾ ਦੀਪਕ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਆਪੇ ਵਸੇ ਸੱਚੀ ਧਰਮਸਾਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਆਪਣੀ ਕਰੇ ਆਪ ਪ੍ਰਿਤਪਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਗੁਰਸਿਖ ਲਾਲ ਲਾਲ ਅਨਮੁਲਾ, ਗੁਰ ਸਤਿਗੁਰ ਹੱਟ ਵਿਕਾਇਆ। ਨਾਮ ਕੰਡੇ ਸਾਚੇ ਤੁਲਾ, ਦੂਸਰ ਹੱਥ ਕਿਸੇ ਨਾ ਆਇਆ। ਲੋਕਮਾਤ ਲੱਖ ਚੁਰਾਸੀ ਵਿਚ ਨਾ ਰੁਲਾ, ਦਰ ਘਰ ਸਾਚੇ ਸੋਭਾ ਪਾਇਆ। ਫੁਲ ਫੁਲਵਾੜੀ ਫਲਿਆ ਫੁੱਲਾ, ਰੁੱਤ ਬਸੰਤੀ ਰੋਮ ਰੋਮ ਮਹਿਕਾਇਆ। ਅੰਮ੍ਰਿਤ ਆਤਮ ਨਿਝਰ ਡੁੱਲਾ, ਨੇਤਰ ਲੋਚਣ ਨੈਣ ਨੀਰ ਬਰਸਾਇਆ। ਪੰਜ ਤੱਤ ਕਾਇਆ ਬੂਟਾ ਅੰਤ ਨਾ ਹੁੱਲਾ, ਲਾਲ ਸਾਚਾ ਇਕ ਲਟਕਾਇਆ। ਚਰਨ ਪ੍ਰੀਤੀ ਘੋਲ ਘੁੱਲਾ, ਹਰਿ ਘੋਲੀ ਘੋਲ ਘੁੰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਵਿਛੋੜਾ ਜਗਤ ਵੈਰਾਗ, ਅੰਤਮ ਦਏ ਕਟਾਇਆ। ਉਠ ਸੁੱਤ ਲਾਲ ਦੁਲਾਰਾ, ਲਾਲਣ ਲਾਲ ਵਡਿਆਈਆ। ਕਰਤਾ ਕਰਨੀ ਕਰੇ ਸਚ ਪਿਆਰ, ਚਾਤਰਕ ਰੂਪ ਸਿਖ ਬਿਲਲਾਈਆ। ਕੋਟ ਬ੍ਰਹਿਮੰਡ ਚਰਨਾਂ ਹੇਠ ਲਤਾੜ, ਲੋਕਮਾਤ ਵੰਡ ਵੰਡਾਈਆ। ਸਤਿਖੰਡ ਸਤਿ ਅਖਾੜ, ਖ਼ਾਲਕ ਖ਼ਲਕ ਖ਼ਲਕ ਖ਼ਾਲਕ ਵੇਖ ਵਖਾਈਆ। ਜਗਤ ਜੁਗਤ ਅਗਨੀ ਹਾੜ, ਭਗਤ ਭਗਤੀ ਭਗਵੰਤ ਰੂਪ ਸਮਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਮੰਦਰ ਭਵਰੀ ਭਵਰ ਫੋਲ ਫੁਲਾਈਆ। ਤੱਤਵ ਤੱਤ ਦਏ ਅਧਾਰ, ਬ੍ਰਹਮ ਮਤ ਬ੍ਰਹਮ ਸਮਝਾਈਆ। ਆਤਮ ਵਤ ਬੀਜ ਅਪਾਰ, ਸਾਂਤਕ ਸਤਿ ਆਪ ਉਪਜਾਈਆ। ਰੱਤੀ ਰੱਤ ਕਰ ਪਿਆਰ, ਰਤਨ ਅਮੋਲਕ ਹੀਰਾ ਲਾਲ ਅਮੋਲਕ ਰੂਪ ਵਟਾਈਆ। ਗਤ ਮਿਤ ਜਾਣੇ ਆਪ ਕਰਤਾਰ, ਕਰਨੀ ਕਰਤਾ ਵੇਖ ਵਖਾਈਆ। ਵਾਰ ਥਿਤ ਨਾ ਸਕੇ ਕੋਈ ਵਿਚਾਰ, ਹਰਿ ਕਾ ਭੇਵ ਕੋਈ ਨਾ ਪਾਈਆ। ਬੋਧ ਅਗਾਧ ਖੇਲ ਅਪਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰਹੇ ਗਾਈਆ। ਭਗਤਨ ਮੀਤਾ ਇਕ ਅਤੀਤਾ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਇਕ ਅਖਵਾਈਆ। ਠਾਂਡਾ ਸੀਤਾ ਧੁਰ ਦਰਬਾਰ, ਆਦਿ ਨਿਰੰਜਣ ਜੋਤੀ ਨੂਰ ਡਗਮਗਾਈਆ। ਹਸਤ ਕੀਟਾਂ ਪਾਵੇ ਸਾਰ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਰਨ ਬਰਨ ਸਰਨ ਇਕ ਸਰਨਾਈਆ। ਲੋਆਂ ਪੁਰੀਆਂ ਪੁਰਖ ਅਬਿਨਾਸ਼, ਘਟ ਨਿਵਾਸ ਬ੍ਰਹਮ ਸਮਾਈਆ। ਰਵ ਸਸ ਮੰਡਲ ਮੰਡਪ ਪ੍ਰਿਥਮੀ ਰਾਸ, ਆਪ ਆਪਣੀ ਵੇਖ ਵਖਾਈਆ। ਗੁਣਵੰਤ ਭਗਵੰਤ ਸਰਬ ਗੁਣ ਤਾਸ, ਗਹਿਰ ਗੰਭੀਰ ਸਾਗਰ ਸਿੰਧ ਸੰਗ ਰਖਾਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵਿਚ ਪ੍ਰਭਾਸ, ਸਮੁੰਦ ਸਾਗਰ ਕਾਇਆ ਗਾਗਰ ਮਹੱਲ ਅਟੱਲ ਉਚ ਮੁਨਾਰਾ, ਆਰ ਪਾਰ ਵੇਖ ਵਖਾਈਆ। ਭਗਤ ਵਣਜਾਰਾ ਨਾਮ ਸੁਦਾਗਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਥਾਂ ਅਨਾਥ ਸਗਲਾ ਸਾਥ, ਦੇਵ ਦੇਵਾ ਆਪ ਅਖਵਾਈਆ। ਆਤਮ ਦੇਵ ਬ੍ਰਹਮ ਨਿਵਾਸੀ, ਪਰਮ ਪੁਰਖ ਅਬਿਨਾਸਿਆ। ਘਟ ਘਟ ਅੰਤਰ ਮੇਲਾ ਸ਼ਾਹੋ ਸ਼ਾਬਾਸ਼ੀ, ਹਰਿਜਨ ਬੁਝਾਏ ਲੱਗੀ ਪਿਆਸਿਆ। ਰਸਨਾ ਜਿਹਵਾ ਖੇਲੇ ਪਵਣ ਸਵਾਸੀ, ਸਤਿ ਸਰੂਪ ਸਰਬ ਗੁਣ ਤਾਸਿਆ। ਨਿਰਗੁਣ ਜੋਤ ਦਾਸਨ ਦਾਸੀ, ਘਰ ਭਗਤਨ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜਨਨੀ ਕਰੇ ਬੰਦ ਖੁਲਾਸਿਆ। ਜਨ ਜਨਨੀ ਨਾਤਾ ਤੁਟੇ ਮੋਹ, ਜਾਗਰਤ ਜੋਤ ਕਰ ਰੁਸ਼ਨਾਈਆ। ਦਰ ਦੁਵਾਰ ਹਰਿ ਨਿਰੰਕਾਰ ਦਰਸ ਦਖਾਏ ਅੱਗੇ ਹੋ, ਦਰ ਮੰਦਰ ਅੰਦਰ ਡੂੰਘੀ ਕੰਦਰ ਆਪਣਾ ਪਰਦਾ ਆਪੇ ਲਾਹੀਆ। ਜਾਪ ਜਪਾਏ ਸੋਹੰ ਸੋ, ਬ੍ਰਹਮ ਪਾਰਬ੍ਰਹਮ ਮੇਲ ਮਿਲਾਈਆ। ਹਰਿ ਬਿਨ ਅਵਰ ਨਾ ਦੀਸੇ ਕੋ, ਦੂਸਰ ਇਸ਼ਟ ਨਾ ਕੋਈ ਜਣਾਈਆ। ਚਰਨ ਚਰਨੋਦਕ ਅੰਮ੍ਰਿਤ ਰਸ ਦੇਵੇ ਚੋ, ਤ੍ਰਿਸ਼ਨਾ ਤ੍ਰਿਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਘਰ ਸਾਚੇ ਸੋਭਾ ਪਾਈਆ। ਗੁਰਮੁਖ ਤਨ ਸ਼ਿੰਗਾਰ, ਹਰਿ ਸ਼ਿੰਗਾਰਿਆ। ਨਾਮ ਬਰਖਾ ਫੂਲਣਹਾਰ, ਖਿੜੀ ਗੁਲਜ਼ਾਰਿਆ। ਕਲਜੁਗ ਸਰਸੇ ਉਤਰੇ ਪਾਰ, ਨਾ ਡੁੱਬੇ ਮੰਝਧਾਰਿਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਰੋਗ ਸਰਬ ਮਿਟਾ ਰਿਹਾ। ਆਪਣੀ ਘਸਵਟੀ ਆਪੇ ਪਰਖ, ਕੰਚਨ ਸੋਇਨਾ ਪਾਰਖ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੁਰ ਭੇਵ ਖੁਲ੍ਹਾ ਰਿਹਾ। ਫੂਲਣ ਬਰਖ਼ਾ ਫੁੱਲ ਫੁਲਵਾੜੀ, ਪਤ ਡਾਲ੍ਹੀ ਆਪ ਮਹਿਕਾਈਆ। ਸਦਾ ਸੁਹੇਲਾ ਫਿਰੇ ਪਿਛੇ ਅਗਾੜੀ, ਸਮਰਥ ਪੁਰਖ ਹੱਥ ਵਡਿਆਈਆ। ਲੇਖੇ ਲਾਏ ਚਰਨ ਛੁਹਾਈ ਦਾੜ੍ਹੀ, ਲੱਖ ਚੁਰਾਸੀ ਫੰਦ ਕਟਾਈਆ। ਦਰ ਘਰ ਸਾਚੇ ਦੇਵੇ ਵਾੜੀ, ਦਰ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਹੋਏ ਸਹਾਈਆ। ਗ੍ਰਹਿ ਮੰਦਰ ਹਰਿ ਸਗਲਾ ਸਾਥ, ਅੰਗ ਸੰਗ ਰਖਾਇਆ। ਆਪ ਜਣਾਏ ਆਪਣੀ ਗਾਥ, ਸ਼ਬਦ ਅਨਾਦੀ ਇਕ ਸੁਣਾਇਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਆਦਿ ਨਿਰੰਜਣ ਜੋਤ ਨਿਰੰਜਣ ਸੇਵਾ ਲਾਇਆ। ਸਰ ਸਰੋਵਰ ਵਖਾਏ ਸਾਚੀ ਠਾਠ, ਜਲ ਧਾਰਾ ਆਪ ਨੁਹਾਇਆ। ਸਤਿ ਧੀਰਜ ਸੰਤੋਖ ਦੇਵੇ ਹਾਠ, ਮਨ ਮਤ ਬੁੱਧ ਨਾ ਹੋਏ ਹਲਕਾਇਆ। ਕਲਜੁਗ ਤਪੇ ਨਾ ਅਗਨੀ ਕਾਠ, ਤੱਤਵ ਤੱਤ ਕੋਈ ਸੁਣਾਇਆ। ਦੁਰਮਤ ਮੈਲ ਦੇਵੇ ਕਾਟ, ਦੂਈ ਦਵੈਤੀ ਪਰਦਾ ਲਾਹਿਆ। ਭਾਗ ਲਗਾਏ ਕਾਇਆ ਮਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਇਆ। ਤਾਰਨਹਾਰ ਦੀਨ ਦਿਆਲਣ, ਦਇਆਨਿਧ ਅਖਵਾਇੰਦਾ। ਸਰਬ ਜੀਆਂ ਕਰੇ ਪ੍ਰਿਤਪਾਲਣ, ਪ੍ਰਿਤਪਾਲਕ ਦਿਸ ਨਾ ਆਇੰਦਾ। ਗੁਰਮੁਖਾਂ ਦੇਵੇ ਸਾਚਾ ਦਾਨਨ, ਨਾਮ ਨਿਧਾਨਾ ਝੋਲੀ ਪਾਇੰਦਾ। ਸਾਚੀ ਸਖੀਆਂ ਮੇਲਾ ਏਕਾ ਕਾਹਨਨ, ਏਕਾ ਬੰਸਰੀ ਨਾਮ ਵਜਾਇੰਦਾ। ਥਿਰ ਘਰ ਸਾਚੇ ਆਤਮ ਸੁੱਖ ਸਾਚਾ ਮਾਨਣ, ਸੁਰਤ ਸ਼ਬਦੀ ਮੇਲ ਮਿਲਾਇੰਦਾ। ਕਰੇ ਪ੍ਰਕਾਸ਼ ਕੋਟਨ ਭਾਨਨ, ਕੋਟ ਕੋਟੀ ਵੇਖ ਵਖਾਇੰਦਾ। ਗੁਰਮੁਖ ਵਿਰਲੇ ਬਖ਼ਸ਼ੇ ਬ੍ਰਹਮ ਗਿਆਨਨ, ਗਿਆਨ ਧਿਆਨ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲੇਖੇ ਲਾਇੰਦਾ। ਲੇਖਾ ਲਿਖਣਹਾਰ, ਲੇਖਾ ਲੇਖ ਨਾ ਕੋਈ ਜਣਾਇੰਦਾ। ਬ੍ਰਹਮਾ ਵੇਤਾ ਨਿਉਂ ਨਿਉਂ ਕਰੇ ਨਿਮਸਕਾਰ, ਅੱਠੇ ਨੇਤਰ ਰਾਹ ਤਕਾਇੰਦਾ। ਸ਼ਿਵ ਸ਼ੰਕਰ ਮੰਗੇ ਬਣ ਭਿਖਾਰ, ਅੱਗੇ ਝੋਲੀ ਆਪਣੀ ਡਾਹਿੰਦਾ। ਵਿਸ਼ਨੂੰ ਵੰਸੀ ਖੇਲ ਅਪਾਰ, ਆਪਣੀ ਇਛਿਆ ਆਪ ਚਲਾਇੰਦਾ। ਕਰੋੜ ਤੇਤੀਸਾ ਕਰੇ ਪੁਕਾਰ, ਗਣ ਗੰਧਰਬ ਸਰਬ ਕੁਰਲਾਇੰਦਾ। ਲੱਖ ਚੁਰਾਸੀ ਖੇਲ ਨਿਆਰ, ਪਾਰਬ੍ਰਹਮ ਆਪ ਕਰਾਇੰਦਾ। ਰਵ ਸਸ ਸੇਵਾਦਾਰ, ਮੰਡਲ ਮੰਡਪ ਆਪ ਸੁਹਾਇੰਦਾ। ਜਲ ਬਿੰਬ ਕਰ ਅਕਾਰ, ਧਰਤ ਧਵਲ ਟਿਕਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਲੋਕਮਾਤ ਵੇਸ ਵਟਾਇੰਦਾ। ਭਗਵੰਤ ਭਗਤ ਖੇਲ ਨਿਆਰ, ਨਾਮ ਨਾਮਾ ਆਪ ਉਪਜਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਆਪ ਆਪਣਾ ਹੁਕਮ ਸੁਣਾਇੰਦਾ। ਸਚ ਸੁਲਤਾਨ ਸਚ ਸਿਕਦਾਰ, ਦਰ ਘਰ ਸਾਚੇ ਆਪ ਸੁਹਾਇੰਦਾ। ਨਾ ਕੋਈ ਵਸੇ ਚੋਬਦਾਰ, ਦੂਸਰ ਸੰਗ ਨਾ ਕੋਈ ਰਖਾਇੰਦਾ। ਲੋਆਂ ਪੁਰੀਆਂ ਬੰਨ੍ਹੇ ਧਾਰ, ਗਗਨ ਪਾਤਾਲਾ ਬੰਧਨ ਪਾਇੰਦਾ। ਸੰਤ ਕੰਤ ਮੀਤ ਮੁਰਾਰ, ਆਦਿ ਅੰਤ ਮੇਲ ਮਿਲਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਏਕਾ ਗੁਰ ਅਖਵਾਇੰਦਾ। ਜਨਨੀ ਜਣੇ ਸੁੱਤ ਦੁਲਾਰ, ਮਾਤ ਗਰਭ ਨਾ ਫੇਰਾ ਪਾਇੰਦਾ। ਪਿਤਾ ਪੂਤ ਨਾ ਹੋਏ ਅਧਾਰ, ਇਸ਼ਟ ਦੇਵ ਨਾ ਕੋਈ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਅਖਵਾਇੰਦਾ। ਆਦਿ ਅਨਾਦੀ ਪੁਰਖ ਅਕਾਲ, ਰੂਪ ਅਨੂਪ ਸਮਾਇਆ। ਲੱਖ ਚੁਰਾਸੀ ਪਾਏ ਜੰਜਾਲ, ਤ੍ਰੈਗੁਣ ਮਾਇਆ ਨਾਲ ਰਲਾਇਆ। ਆਪੇ ਵਸੇ ਧਾਮ ਨਿਰਾਲ, ਧਾਮ ਅਵੱਲੜਾ ਇਕ ਸੁਹਾਇਆ। ਭਗਤ ਵਛਲ ਆਪ ਕਿਰਪਾਲ, ਗੁਰ ਮੂਰਤ ਵੇਖ ਵਖਾਇਆ। ਅਜੂਨੀ ਰਹਿਤ ਕਰੇ ਪ੍ਰਿਤਪਾਲ, ਅਜੂਨ ਅਜੂਨੀ ਆਪ ਫਿਰਾਇਆ। ਚਲੇ ਚਲਾਏ ਅਵੱਲੜੀ ਚਾਲ, ਵੇਦ ਕਤੇਬ ਨਾ ਲੇਖ ਜਣਾਇਆ। ਲੱਖ ਚੁਰਾਸੀ ਵੇਖੇ ਕਾਇਆ ਡਾਲ੍ਹ, ਪਤ ਡਾਲ੍ਹੀ ਫੋਲ ਫੁਲਾਇਆ। ਦੋ ਜਹਾਨਾਂ ਸ਼ਾਹ ਕੰਗਾਲ, ਪੁਰਖ ਨਿਰੰਜਣ ਆਪ ਅਖਵਾਇਆ। ਏਕਾ ਨਾਮ ਸੱਚਾ ਧਨ ਮਾਲ, ਸਚ ਖ਼ਜ਼ੀਨਾ ਇਕ ਭਰਾਇਆ। ਗੁਰਮੁਖ ਵੇਖੇ ਸਾਚੇ ਲਾਲ, ਜੁਗ ਜੁਗ ਲੋਕਮਾਤ ਲਏ ਜਗਾਇਆ। ਧੁਨ ਅਨਾਦੀ ਵੱਜੇ ਤਾਲ, ਬਿਰਹੋਂ ਤਾਲ ਤਲਵਾੜਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇਆ। ਕੁਲਵੰਤਾ ਅਕਲ ਕਲ ਧਾਰ, ਪਰਮ ਪੁਰਖ ਸੁਲਤਾਨਿਆ। ਵਰਤੇ ਵਰਤਾਵੇ ਵਿਚ ਸੰਸਾਰ, ਜੋਤੀ ਨੂਰ ਨੂਰ ਮਹਾਨਿਆ। ਜਨ ਭਗਤਾਂ ਦੇਵੇ ਨਾਮ ਅਧਾਰ, ਧੁਰਦਰਗਾਹੀ ਇਕ ਨਿਸ਼ਾਨਿਆ। ਅਗੰਮ ਅਗੰਮੜੀ ਅਗੰਮ ਧੁਨਕਾਰ, ਰਾਗ ਨਾਦ ਭੇਵ ਨਾ ਪਾਨਿਆ। ਖੜਗ ਖੰਡਾ ਤੇਜ ਕਟਾਰ, ਹਰਿ ਨਿਰੰਕਾਰ, ਗੁਰਮੁਖ ਸੱਜਣ ਮੀਤ ਮੁਰਾਰ, ਤਨ ਗਾਤਰੇ ਆਪ ਪਹਿਨਾਨਿਆ। ਦੂਈ ਦਵੈਤੀ ਹਉਮੇ ਹੰਗਤਾ ਦੇਵੇ ਮਾਰ, ਆਸਾ ਤ੍ਰਿਸ਼ਨਾ ਮੇਟ ਮਿਟਾਨਿਆ। ਸਾਚੀ ਸੰਗਤਾਂ ਬਖ਼ਸ਼ੇ ਸਚ ਪਿਆਰ, ਸੋ ਦਿਨ ਸੋਹੇ ਵਿਟੋਂ ਆਪ ਕੁਰਬਾਨਿਆ। ਘਰ ਮੰਦਰ ਸੋਹੇ ਸਚ ਦਰਬਾਰ, ਨਿਰਗੁਣ ਜੋਤ ਜਗੇ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਰੇ ਦਰ ਪਰਵਾਨਿਆ। ਦਰ ਪਰਵਾਨ ਬੱਧਾ ਗਾਨਾ, ਗੁਰਮੁਖ ਸਗਨ ਮਨਾਇੰਦਾ। ਚਰਨ ਦੁਵਾਰ ਸਾਚਾ ਮਾਣਾ, ਮਾਣ ਅਭਿਮਾਣ ਮੋਹ ਚੁਕਾਇੰਦਾ। ਧੁਰਦਰਗਾਹੀ ਸਾਚਾ ਰਾਣਾ, ਘਰ ਸਾਚੇ ਸਿਫ਼ਤ ਸਲਾਹਿੰਦਾ। ਜੁਗਾ ਜੁਗੰਤਰ ਵਰਤੇ ਭਾਣਾ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਵੇਖ ਵਖਾਇੰਦਾ। ਗੁਰਮੁਖ ਸੱਜਣ ਪਾਇਆ, ਹਰਿ ਸਤਿਗੁਰ ਗਹਿਰ ਗੰਭੀਰ। ਜਗਤ ਤ੍ਰਿਸ਼ਨਾ ਰੰਗ ਮਿਟਾਇਆ, ਸਾਂਤਕ ਸਤਿ ਸਰੀਰ। ਆਤਮ ਭੋਗੀ ਭੋਗ ਕਰਾਇਆ, ਦੇਵਣਹਾਰਾ ਸਾਚੀ ਧੀਰ। ਧੁਰ ਸੰਜੋਗੀ ਮੇਲ ਮਿਲਾਇਆ, ਆਪੇ ਚੋਟੀ ਚੜ੍ਹ ਅਖ਼ੀਰ। ਜਗਤ ਵਿਜੋਗੀ ਸੰਗ ਕਟਵਾਇਆ, ਹਉਮੇ ਮਮਤਾ ਕੱਢੀ ਭੀੜ। ਤ੍ਰਲੋਕੀ ਚਰਨਾਂ ਹੇਠ ਦਬਾਇਆ, ਗੁਰਸਿਖਾਂ ਤੋੜੇ ਜਗਤ ਜੰਜ਼ੀਰ। ਸ਼ਬਦ ਸਲੋਕੀ ਇਕ ਸੁਣਾਇਆ, ਵਡ ਦਾਤਾ ਪੀਰਨ ਪੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਇਆ।
