੨੬ ਅੱਸੂ ੨੦੧੬ ਬਿਕਰਮੀ ਚੰਨਨ ਸਿੰਘ ਦੇ ਘਰ ਦਿਲੀ ਛਾਉਣੀ
ਸੀਤਲ ਧਾਰ ਸਰਬ ਸੁਖ ਆਤਮ, ਜਨ ਸਾਰਿੰਗ ਸਤਿ ਸਮਾਈਆ। ਅਬਿਨਾਸ਼ੀ ਕਰਤਾ ਪਰਮ ਪੁਰਖ ਪਰਮਾਤਮ, ਬਾਰੰਮ ਬਾਰ ਜੋਤ ਜਗਾਈਆ। ਦੀਨਾ ਠਾਕਰ ਅਨਾਥਿੰਗ, ਨਾਥ ਅਨਾਥਾਂ ਲਏ ਉਠਾਈਆ। ਨਾਮ ਨਿਧਾਨਾ ਗਹਿਰ ਗੰਭੀਰ ਗੁਣ ਗਾਥਿੰਗ, ਹਰਿ ਨਾਮ ਵਡ ਵਡਿਆਈਆ। ਸਰਬ ਸੂੱਖ ਸਹਿਜ ਸੁੱਖ ਮਾਥਿੰਗ, ਅਲੱਖ ਅਲੇਖ ਹਰਿ ਆਪ ਬਣਾਈਆ। ਅਵਣ ਗਵਣ ਤ੍ਰੈ ਭਵਨ ਚਲਾਏ ਰਾਥਿੰਗ, ਬ੍ਰਹਿਮੰਡ ਖੰਡ ਆਪ ਫਿਰਾਈਆ। ਸੋਇਮ ਰੂਪ ਪ੍ਰਿਥਮੀ ਅਕਾਸ਼ਿੰਗ, ਕਾਲ ਦਿਆਲ ਵੱਡੀ ਵਡਿਆਈਆ। ਆਦਿ ਜੁਗਾਦਿ ਪੁਰਖ ਅਬਿਨਾਸ਼ਿੰਗ, ਜੂਨੀ ਰਹਿਤ ਜੋਤ ਜਗਾਈਆ। ਸੁਰਤ ਸ਼ਬਦ ਪਵਣ ਸਵਾਸਿੰਗ, ਨਿਜਾ ਨੰਦ ਰਸ ਦਰਸਾਈਆ। ਚਰਨ ਕਵਲ ਬੰਧਾਏ ਨਾਤਿੰਗ, ਨਾਦ ਅਨਾਦੀ ਵਡ ਵਡਿਆਈਆ। ਮਿਟੇ ਰੈਣ ਅੰਧੇਰੀ ਰਾਤਿੰਗ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਹਉਮੇ ਰੋਗ ਹੰਗਤਾ ਵਿਨਾਸ਼ਿੰਗ, ਜਿਸ ਜਨ ਆਪਣੀ ਦਇਆ ਕਮਾਈਆ। ਸਰਬ ਦੇਵਾ ਆਤਮ ਦੇਵ ਵਾਸਿੰਗ, ਪਾਰਬ੍ਰਹਮ ਸਹਿਜ ਸੁਖਦਾਈਆ। ਸਚ ਮੰਡਲ ਸਚ ਪਾਏ ਰਾਸਿੰਗ, ਹਰਿ ਸੱਜਣ ਵੱਡੀ ਵਡਿਆਈਆ। ਕਰੇ ਕਰਾਏ ਬੰਦ ਖੁਲਾਸਿੰਗ, ਬੰਦੀ ਛੋੜ ਬੇਪਰਵਾਹੀਆ। ਲਹਿਣ ਦੇਣਾ ਚੁਕਾਏ ਦਸ ਦਸ ਮਾਸਿੰਗ, ਦਹਿ ਦਿਸ਼ਾ ਹੋਏ ਸਹਾਈਆ। ਤਨ ਮਾਟੀ ਲੇਖਾ ਲਾਏ ਖ਼ਾਕੀ ਖਾਕਿੰਗ, ਹਰਿ ਖ਼ਾਲਕ ਨਾਉਂ ਧਰਾਈਆ। ਪਤਿਤ ਪੁਨੀਤ ਕਰੇ ਪਾਕੀ ਪਾਕਿੰਗ, ਪਤਿਤ ਪਾਵਣ ਭੇਵ ਨਾ ਰਾਈਆ। ਜਨ ਭਗਤਾਂ ਲਹਿਣਾ ਦੇਣਾ ਚੁਕਾਏ ਬਾਕੀ ਬਾਕਿੰਗ, ਸਿਰ ਆਪਣਾ ਹੱਥ ਰਖਾਈਆ। ਨਿਝ ਘਰ ਮੰਦਰ ਖੋਲ੍ਹਣਹਾਰਾ ਤਾਕਿੰਗ, ਤ੍ਰੈ ਵਾਸ ਭੇਵ ਨਾ ਆਈਆ। ਡੂੰਘੀ ਕੰਦਰ ਮਾਰੇ ਝਾਕਿੰਗ, ਆਪਣਾ ਪਰਦਾ ਆਪੇ ਲਾਹੀਆ। ਭਰ ਪਿਆਲਾ ਜਾਮ ਪਿਆਏ ਸਾਚਾ ਸਾਕਿੰਗ, ਹਰਿ ਸਾਕੀ ਇਕ ਅਖਵਾਈਆ। ਅਸਵ ਘੋੜੇ ਚੜ੍ਹੇ ਮਾਰ ਪਲਾਕਿੰਗ, ਆਸਣ ਸਿੰਘਾਸਣ ਸੋਭਾ ਪਾਈਆ। ਗੁਰਸਿਖਾਂ ਅੰਦਰ ਕਰੇ ਵਾਸਿੰਗ, ਜਗਤ ਵਾਸਨਾ ਦਏ ਗਵਾਈਆ। ਹੋਏ ਸਹਾਈ ਜੰਗਲ ਜੂਹ ਵਿਚ ਪ੍ਰਭਾਸਿੰਗ, ਜਲ ਥਲ ਮਹੀਅਲ ਵੇਖ ਵਖਾਈਆ। ਦਾਤਾ ਦਾਨੀ ਸਰਬ ਗੁਣਤਾਸਿੰਗ, ਗੁਣਵੰਤ ਨਿਰਗੁਣ ਕਰੇ ਜਣਾਈਆ। ਗੁਰਸਿਖ ਨਾ ਹੋਏ ਕਦੇ ਨਿਰਾਸਿੰਗ, ਆਸਾ ਤ੍ਰਿਸ਼ਨਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਖੇਲ ਖਲੰਦੜਾ ਹਰਿ ਭਗਵੰਤ, ਪਰਮ ਪੁਰਖ ਅਬਿਨਾਸ਼ਿਆ। ਜੋਤ ਜੁਗੰਦੜਾ ਸਾਧ ਸੰਤ, ਖੇਲੇ ਖੇਲ ਤਮਾਸ਼ਿਆ। ਵੇਸ ਵਟੰਦੜਾ ਸਾਚਾ ਕੰਤ, ਰੂਪ ਅਨੂਪ ਸ਼ਾਹੋ ਸ਼ਬਾਸਿਆ। ਨਾਮ ਜਪੰਦੜਾ ਬਣਾਏ ਬਣਤ, ਪਾਵੇ ਸਾਰ ਪ੍ਰਿਥਮੀ ਅਕਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਧੁਰ ਭਰਵਾਸਿਆ। ਧੁਰ ਭਰਵਾਸਾ ਧੁਰ ਦਰਗਾਹ, ਧੁਰ ਧੁਰ ਦੀ ਬਾਣ ਰਖਾਈਆ। ਅਬਿਨਾਸ਼ੀ ਕਰਤਾ ਬਣ ਮਲਾਹ, ਗੁਰਮੁਖ ਸੱਜਣ ਲਏ ਤਰਾਈਆ। ਨਾਮ ਅਨਮੋਲਾ ਸਚ ਸਲਾਹ, ਸਾਚੀ ਸਿਖਿਆ ਸਾਖਯਾਤ ਜਣਾਈਆ। ਆਪੇ ਪਕੜਣਹਾਰਾ ਬਾਂਹ, ਭਵ ਸਾਗਰ ਵੇਖ ਵਖਾਈਆ। ਏਥੇ ਓਥੇ ਦੋ ਜਹਾਨੀ ਕਰੇ ਸਚ ਨਿਆਂ, ਨਰ ਨਰਾਇਣ ਵੱਡੀ ਵਡਿਆਈਆ। ਨਿਥਾਵਿਆਂ ਦੇਵਣਹਾਰਾ ਥਾਂ, ਨਿਮਾਣਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸੱਜਣ ਲਏ ਉਠਾਈਆ। ਗੁਰਸਿਖ ਸੱਜਣਾ ਗਾਏ ਸੋਹਲਾ, ਸੋ ਪੁਰਖ ਨਿਰੰਜਣ ਮੇਲ ਮਿਲੰਨਿਆ। ਆਪ ਜਣਾਏ ਆਪਣਾ ਢੋਲਾ, ਆਪ ਆਪਣਾ ਰਾਗ ਸੁਣੰਨਿਆ। ਆਪਣਾ ਪਰਦਾ ਆਪੇ ਖੋਲ੍ਹਾ, ਆਪ ਆਪਣਾ ਵੇਖ ਵਖੰਨਿਆ। ਆਪੇ ਬਦਲਿਆ ਆਪਣਾ ਚੋਲਾ, ਜੋਤੀ ਜਾਮਾ ਭੇਖ ਵਟੰਨਿਆ। ਗੁਰਮੁਖ ਕਾਇਆ ਮੰਦਰ ਆਪੇ ਮਵਲਾ, ਆਪੇ ਸੁਰਤੀ ਸ਼ਬਦੀ ਮੇਲ ਮਿਲੰਨਿਆ। ਆਪੇ ਅੰਮ੍ਰਿਤ ਆਤਮ ਦੇਵੇ ਸਾਚੀ ਪੌਹਲਾ, ਸਾਂਤਕ ਸਤਿ ਕਰਾਏ ਠਾਂਡਾ ਸੀਤਾ ਤਨਿਆ। ਆਪੇ ਭਰਨਹਾਰਾ ਅੰਮ੍ਰਿਤ ਉਲਟੀ ਕਰੇ ਨਾਭ ਕਵਲਾ, ਸਰ ਸਰੋਵਰ ਆਪ ਸੁਹੰਨਿਆ। ਆਪੇ ਦੇਵੇ ਮਾਣ ਉਪਰ ਧਵਲਾ, ਦੋ ਜਹਾਨਾਂ ਫਿਰੇ ਭੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਵੇ ਸਾਰ ਛੱਪਰ ਛੰਨਿਆ। ਛੱਪਰ ਛੰਨ ਜਗਤ ਸਹਾਰਾ, ਹਰਿ ਸਾਚਾ ਵੇਖ ਵਖਾਇੰਦਾ। ਜਿਸ ਜਨ ਮਿਲਿਆ ਮੀਤ ਮੁਰਾਰਾ, ਬੰਕ ਦੁਵਾਰਾ ਸੋ ਸੁਹਾਇੰਦਾ। ਘਰ ਮੰਦਰ ਦੀਪਕ ਹੋਏ ਉਜਿਆਰਾ, ਕਮਲਾਪਾਤੀ ਆਪ ਜਗਾਇੰਦਾ। ਮੇਟਣਹਾਰਾ ਧੁੰਧੂਕਾਰਾ, ਧੁਨ ਸੱਚੀ ਵੇਖ ਵਖਾਇੰਦਾ। ਪੁਰਖ ਪੁਰਖੋਤਮ ਕਰ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੱਪਰ ਛੰਨ ਆਪ ਸੁਹਾਇੰਦਾ। ਛੱਪਰੀ ਛੰਨ ਰੰਗ ਮਹੱਲ, ਉਚ ਅਟਾਰ ਸੁਹਾਈਆ। ਵਸਣਹਾਰਾ ਜਲ ਥਲ, ਘਟ ਘਟ ਬੈਠਾ ਆਸਣ ਲਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਗੁਰਸਿਖ ਮੰਦਰ ਆਪੇ ਮੱਲ, ਆਪ ਆਪਣੀ ਲਏ ਅੰਗੜਾਈਆ। ਜੋਤੀ ਸ਼ਬਦੀ ਰਿਹਾ ਰਲ, ਦਿਸ ਕਿਸੇ ਨਾ ਆਈਆ। ਕਰੇ ਖੇਲ ਕਾਇਆ ਮਾਟੀ ਪੰਜ ਤੱਤ ਵਿਕਾਰਾ ਖੱਲ, ਤੱਤ ਵਿਕਾਰਾ ਦਏ ਗਵਾਈਆ। ਸਤਿ ਸਰੂਪੀ ਨਾਮ ਨਿਰੰਜਣ ਚਲਾਏ ਹੱਲ, ਦੂਈ ਦਵੈਤੀ ਜੜ੍ਹ ਉਖੜਾਈਆ। ਸਤਿ ਸੰਤੋਖੀ ਬੀਜੇ ਬੀਜ ਅੰਮ੍ਰਿਤ ਲਾਏ ਏਕਾ ਫਲ, ਫਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਲਏ ਵਰ, ਦੂਸਰ ਹੱਟ ਨਾ ਕਿਸੇ ਵਿਕਾਈਆ।
