Granth 07 Likhat 071: Pahili Assu 2015 Bikarmi Har Mandir Sahib Patna nu Shabad Bhejia

ਪਹਿਲੀ ਅੱਸੂ ੨੦੧੫ ਬਿਕ੍ਰਮੀ ਹਰਿ ਮੰਦਰ ਸਾਹਿਬ ਪਟਨਾ ਨੂੰ ਸ਼ਬਦ ਭੇਜਿਆ

ਪਟਨਾ ਜੋਤ ਜਗੇ ਅਕਾਲੀ, ਪਹਿਲੀ ਕੱਤਕ ਵਡ ਵਡਿਆਈਆ। ਗੁਰ ਗੋਬਿੰਦ ਆਇਆ ਪੰਥ ਦਾ ਵਾਲੀ, ਪੰਥ ਮਾਰਗ ਵੇਖ ਵਿਖਾਈਆ। ਆਪੇ ਜਲਵਾ ਨੂਰ ਜਲਾਲੀ, ਜਲਵਾ ਜਲਾਲ ਆਪ ਅਖਵਾਈਆ। ਆਪੇ ਕਰੇ ਕਰਾਏ ਸਦਾ ਪ੍ਰਿਤਪਾਲੀ, ਪ੍ਰਿਤਪਾਲਕ ਨਾਉਂ ਧਰਾਈਆ। ਆਪਣਾ ਗਗਨ ਬਣਾਏ ਆਪਣੀ ਥਾਲੀ, ਆਪਣਾ ਦੀਪਕ ਵਿਚ ਟਿਕਾਈਆ। ਆਪਣੀ ਜੋਤੀ ਆਪ ਜਗਾਲੀ, ਆਪੇ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖ਼ੁਸ਼ੀ ਮਨਾਈਆ। ਆਪਣੀ ਜੋਤ ਆਪ ਜਗਾ, ਆਪਣਾ ਘਰ ਸੁਹਾਇੰਦਾ। ਆਪਣੀ ਮਾਤ ਆਪ ਉਪਾ, ਆਪੇ ਵੇਖ ਵਿਖਾਇੰਦਾ। ਆਪਣਾ ਪਿਤਾ ਆਪ ਬਣਾ, ਆਪੇ ਨਾਉਂ ਧਰਾਇੰਦਾ। ਆਪਣੀ ਸੇਜਾ ਆਪ ਹੰਢਾ, ਆਪੇ ਵਿਚ ਸਮਾਇੰਦਾ। ਆਪਣਾ ਜਨਮ ਆਪ ਦਵਾ, ਆਪੇ ਨਾਉਂ ਰਖਾਇੰਦਾ। ਨਿਹਕਲੰਕ ਨਾਉਂ ਰਖਾ, ਗੁਰ ਗੋਬਿੰਦ ਸੰਗ ਵਖਾਇੰਦਾ। ਪਟਨੇ ਕਰੇ ਸਚ ਨਿਆਂ, ਸਾਚਾ ਕਰਮ ਕਮਾਇੰਦਾ। ਨਿਰਗੁਣ ਵੇਖੇ ਸਾਚਾ ਥਾਂ, ਭਰਮ ਭੁਲੇਖਾ ਦੂਰ ਕਰਾਇੰਦਾ। ਦੂਜੀ ਵਾਰ ਗੋਬਿੰਦ ਨਾ ਜਨਮੇ ਗੁਜਰੀ ਮਾਂ, ਤੇਗ ਬਹਾਦਰ ਨਾ ਗੋਦ ਉਠਾਇੰਦਾ। ਰਾਣੀ ਘਰ ਨਾ ਦੇਵੇ ਭੋਗ ਲਗਾ, ਪੰਡਤ ਪਾਂਧਾ ਨਾ ਕੋਈ ਸਮਝਾਇੰਦਾ। ਮੁਸਲਮ ਸਜਦਾ ਨਾ ਰਿਹਾ ਕਰਾ, ਨਾ ਕੋਈ ਸੀਸ ਝੁਕਾਇੰਦਾ। ਸਭ ਤੋਂ ਬੈਠਾ ਮੁਖ ਛੁਪਾ, ਦਿਸ ਕਿਸੇ ਨਾ ਆਇੰਦਾ। ਪਹਿਲੀ ਕੱਤਕ ਚਰਨ ਟਿਕਾ, ਸਾਚੀ ਜੜ੍ਹ ਲਗਾਇੰਦਾ। ਚਾਰੋਂ ਕੁੰਟ ਕਟਕ ਉਠਾ, ਆਪਣੀ ਧਾਰ ਬਣਾਇੰਦਾ। ਮੋਰ ਮੁਕਟ ਸਿਰ ਟਿਕਾ, ਲੰਕਾ ਗੜ੍ਹ ਸੁਹਾਇੰਦਾ। ਸ਼ਾਹ ਸ਼ਹਾਨਾ ਜੋਤੀ ਤਿਨਕਾ ਦਏ ਲਗਾ, ਰਾਜ ਰਾਜਾਨਾ ਆਪ ਉਠਾਇੰਦਾ। ਵਾਸੀ ਪੁਰੀ ਘਨਕਾ ਆਪ ਅਖਵਾ, ਸੰਬਲ ਨਗਰੀ ਡੇਰਾ ਲਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਗ਼ਰੀਬ ਨਿਮਾਣੇ ਸੰਗ ਰਖਾਇੰਦਾ। ਲਹਿਣਾ ਦੇਣਾ ਝੋਲੀ ਦੇਵੇ ਪਾ, ਜਿਉਂ ਨਾਨਕ ਅੰਗਦ ਅੰਗ ਲਗਾਇੰਦਾ। ਸਿਖਾਂ ਅੰਦਰ ਸਿਖ ਸਿਖ ਗੁਰ ਜਾਏ ਸਮਾ, ਗੁਰ ਚੇਲਾ ਰੂਪ ਵਟਾਇੰਦਾ। ਗੁਰ ਗੋਬਿੰਦ ਤੇਰਾ ਲੇਖਾ ਲਿਖਿਆ ਪੂਰਾ ਦਏ ਕਰਾ, ਨਾ ਕੋਈ ਮੇਟ ਮਿਟਾਇੰਦਾ। ਪੁਰਖ ਅਕਾਲ ਸਾਚਾ ਸੁਤ ਕਲਜੁਗ ਅੰਤਮ ਲਿਆ ਮਨਾ, ਸ਼ਬਦੀ ਨਾਉਂ ਧਰਾਇੰਦਾ। ਦੁਸ਼ਟ ਦਮਨ ਦੀ ਸੇਵਾ ਲਾ, ਗੁਰ ਗੋਬਿੰਦ ਨਾਉਂ ਰਖਾਇੰਦਾ। ਗੁਰ ਗੋਬਿੰਦੇ ਘਾਲ ਘਾਲੀ ਖ਼ੁਸ਼ੀ ਹੋਇਆ ਬੇਪਰਵਾਹ, ਬੰਸ ਸਰਬੰਸ ਵੇਖ ਵਖਾਇੰਦਾ। ਸਤਿਜੁਗ ਚਲਾਏ ਸਾਚਾ ਰਾਹ, ਗੁਰ ਗੋਬਿੰਦਾ ਅੱਗੇ ਲਾਇੰਦਾ। ਅਕਾਲ ਪੁਰਖ ਬਣ ਮਲਾਹ, ਜੋਤੀ ਜਾਮਾ ਪਾਇੰਦਾ। ਪਟਨੇ ਡੰਕ ਦਏ ਵਜਾ, ਸੋਇਆ ਕੋਈ ਰਹਿਣ ਨਾ ਪਾਇੰਦਾ। ਅਕਾਲ ਤਖ਼ਤ ਲੇਖਾ ਦਏ ਲਿਖਾ, ਹਰਿ ਮੰਦਰ ਆਪ ਜਗਾਇੰਦਾ। ਨਦੇੜ ਭੁਲੇਖਾ ਦਏ ਕਢਾ, ਗੋਦਾਵਰੀ ਕੰਢਾ ਡੇਰਾ ਲਾਇੰਦਾ। ਅਨੰਦ ਪੁਰੀ ਦਏ ਛੁਡਾ, ਵੇਲਾ ਅੰਤਮ ਆਇੰਦਾ। ਜੋ ਸਰਸੇ ਰੋੜੇ ਸੋ ਲਏ ਜਗਾ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਇਕੀ ਸਾਚੀ ਸਿਖੀ ਝੋਲੀ ਦਿਤੀ ਪਾ, ਆਪਣਾ ਪੱਲੂ ਅੱਗੇ ਡਾਹਿੰਦਾ। ਵਾਲੋਂ ਨਿੱਕੀ ਧਾਰੋਂ ਤਿਖੀ, ਕਲਜੁਗ ਅੰਤਮ ਵੇਖ ਵਖਾਇੰਦਾ। ਸੋਹੰ ਕੰਡੇ ਤੋਲ ਤੁਲਾ, ਨਾਨਕ ਤੇਰਾਂ ਧਾਰ ਚਲਾਇੰਦਾ। ਬਦਲਿਆ ਚੋਲਾ ਖੇਲੇ ਖੇਲ ਦੋ ਜਹਾਨ, ਦੋ ਜਹਾਨ ਆਪ ਅਖਵਾਇੰਦਾ । ਫੜ ਫੜ ਹੰਸ ਬਣਾਏ ਕਾਂ, ਜੋ ਜਨ ਸਰਨਾਈ ਆਇੰਦਾ। ਕੋਟ ਕੋਟ ਜਨਮ ਪੂਜਾ ਪਾਠ ਤਪ ਸੰਜਮ ਨੇਮ ਏਕਾ ਅੱਖਰ ਲੇਖੇ ਲਏ ਲਾ, ਜੋ ਜਨ ਸਨਮੁਖ ਰਸਨਾ ਗਾਇੰਦਾ। ਲੱਖ ਚੁਰਾਸੀ ਦੇਵੇ ਫੰਦ ਕਟਾ, ਧਰਮ ਰਾਏ ਨੇੜ ਨਾ ਆਇੰਦਾ। ਲਾੜੀ ਮੌਤ ਰਹੀ ਸ਼ਰਮਾ, ਗੁਰਸਿਖ ਦਰ ਨਾ ਵੇਖਣ ਪਾਇੰਦਾ। ਧਰਮ ਦਵਾਰੇ ਚਿਤਰ ਗੁਪਤ ਆਪਣਾ ਲੇਖਾ ਖੋਲ੍ਹ ਨਾ ਰਿਹਾ ਵਖਾ, ਨਾ ਅੱਗੇ ਕੋਈ ਟਿਕਾਇੰਦਾ। ਸਦਾ ਸੁਹੇਲਾ ਦੇਵਣ ਆਇਆ ਠੰਡੀ ਛਾਂ, ਕਲਜੁਗ ਅੰਤਮ ਵੇਖ ਵਖਾਇੰਦਾ। ਆਪੇ ਪਿਤਾ ਆਪੇ ਮਾਂ, ਗੁਰਸਿਖ ਬਾਲ ਅੰਞਾਣੇ ਗੋਦ ਉਠਾਇੰਦਾ। ਕਲਜੁਗ ਜੀਵ ਉਠ ਉਠ ਜਾਗ, ਰੈਣ ਅੰਧੇਰੀ ਛਾਈਆ। ਪਾਰਬ੍ਰਹਮ ਪ੍ਰਭ ਚਰਨੀ ਲਾਗ, ਦੁਰਮਤ ਮੈਲ ਧੋਵੇ ਸ਼ਾਹੀਆ। ਪੰਚ ਵਿਕਾਰਾ ਜਗਤ ਤਿਆਗ, ਦੁਰਮਤ ਮੈਲ ਗਵਾਈਆ। ਚਰਨ ਧੂੜ ਕਰਾਏ ਮਜਨ ਮਾਘ, ਅਠਸਠ ਮੂਲ ਚੁਕਾਈਆ। ਆਤਮ ਅੰਤਰ ਉਪਜਾਏ ਇਕ ਵੈਰਾਗ, ਆਤਮ ਬ੍ਰਹਮ ਜਣਾਈਆ। ਧੁਨ ਅਨਾਦੀ ਵਜਾਏ ਏਕਾ ਨਾਦ, ਅਨਹਦ ਤਾਲ ਉਠਾਈਆ। ਸ਼ਬਦ ਜਣਾਈ ਬੋਧ ਅਗਾਧ, ਕਾਇਆ ਮੰਦਰ ਜਣਾਈਆ। ਜੋ ਜਨ ਰਸਨਾ ਰਹੇ ਅਰਾਧ, ਸੇਵਕ ਸੇਵਾ ਵੇਖ ਵਖਾਈਆ। ਸਤਿਗੁਰ ਪੂਰਾ ਸਾਜਣ ਮੀਤ ਜਿਸ ਜਨ ਸਾਚੇ ਲਿਆ ਲਾਧ, ਏਕਾ ਦੂਜਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵੇਖੇ ਸਾਚੇ ਘਰ, ਘਰ ਮੰਦਰ ਵੇਖ ਵਖਾਈਆ। ਗੁਰਸਿਖ ਸਚ ਦਵਾਰ, ਹਰਿ ਸੁਹਾਇਆ । ਹਰਿਸੰਗਤ ਕਰ ਪਿਆਰ, ਡੇਰਾ ਲਾਇਆ। ਵੱਜੇ ਸ਼ਬਦ ਸੱਚੀ ਧੁਨਕਾਰ, ਅਨਹਦ ਮੰਗਲ ਏਕਾ ਗਾਇਆ। ਧੁਰ ਦੀ ਗਾਏ ਸਾਚੀ ਵਾਰ, ਆਸਾ ਮਨਸਾ ਪੂਰ ਕਰਾਇਆ। ਜੋ ਜਨ ਆਏ ਚਲ ਦਵਾਰ, ਨਿਰਾਸਾ ਕੋਈ ਨਾ ਦਰ ਤੋਂ ਜਾਈਆ। ਭਰੇ ਨਾਮ ਸ਼ਬਦ ਭੰਡਾਰ, ਅਤੁਟ ਭੰਡਾਰਾ ਆਪ ਰਖਾਇਆ। ਵਰਤੇ ਵਰਤਾਏ ਵਿਚ ਸੰਸਾਰ, ਸਹਿੰਸਾ ਰੋਗ ਦਏ ਚੁਕਾਇਆ। ਅੰਦਰ ਮੰਦਰ ਗੁਪਤ ਜ਼ਾਹਰ ਪਾਵੇ ਸਾਰ, ਨਾ ਕੋਈ ਸਕੇ ਭੇਵ ਛੁਪਾਇਆ। ਲੱਖ ਚੁਰਾਸੀ ਵੇਖੇ ਸਾਚੀ ਨਾਰ, ਸਾਚਾ ਕੰਤ ਕਵਣ ਰਹੀ ਹੰਢਾਇਆ। ਕਵਣ ਦੁਹਾਗਣ ਹੋਈ ਵਿਭਚਾਰ, ਦਰ ਦਰ ਨੈਣ ਰਹੀ ਮਟਕਾਇਆ। ਬਿਨ ਹਰਿ ਸੇਜ ਨਾ ਸੋਏ ਕੋਈ ਪੈਰ ਪਸਾਰ, ਸੁਹੰਜਣੀ ਸੇਜ ਸਰਬ ਵਖਾਇਆ। ਕੰਤ ਕੰਤੂਹਲਾ ਕਰ ਪਿਆਰ, ਸ਼ਬਦ ਝੂਲਾ ਦਏ ਝੁਲਾਇਆ। ਆ ਸਖੀ ਇਕ ਦਵਾਰ, ਹਰਿ ਸਾਚੇ ਆਪ ਸੁਹਾਇਆ। ਮੰਗਲ ਗਾਏ ਵਾਰੋ ਵਾਰ, ਪੰਚਮ ਦਰ ਵਖਾਇਆ। ਚੌਥੇ ਘਰ ਪਾਵੇ ਸਾਰ, ਪ੍ਰਮਾਨੰਦ ਸਮਾਇਆ। ਤੀਜਾ ਨੈਣ ਦਏ ਉਘਾੜ, ਆਪਾ ਮੂਲ ਚੁਕਾਇਆ। ਦੋਏ ਦੋਏ ਲੋਚਣ ਨਾ ਵੇਖਣਾ ਪਾੜ, ਹਰਿ ਕਾ ਰੂਪ ਦੋਏ ਨੇਤਰ ਨਜ਼ਰ ਨਾ ਆਇਆ। ਦੋਏ ਨੇਤਰ ਵੇਖਣ ਉਘਾੜ, ਮਾਇਆ ਮਮਤਾ ਮੋਹ ਹਲਕਾਇਆ। ਪੰਚ ਵਿਕਾਰਾ ਰਚਿਆ ਨਾੜ ਨਾੜ, ਦਿਵਸ ਰੈਣ ਰਹੀ ਨਚਾਇਆ। ਕਲਜੁਗ ਕੂੜਾ ਘੜਿਆ ਘਾੜ, ਸਚ ਠਠਿਆਰਾ ਦਿਸ ਨਾ ਆਇਆ। ਅੰਤਮ ਭਾਂਡਾ ਭੱਜਣਾ ਵਿਚ ਉਜਾੜ, ਮੰਦਰ ਅੰਦਰ ਰਹਿਣ ਨਾ ਪਾਇਆ। ਲਿਖੀ ਥਿਤੀ ਸਤਾਰਾਂ ਹਾੜ, ਨਾ ਕੋਈ ਮੇਟੇ ਮੇਟ ਮਿਟਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪਣੇ ਮੰਦਰ ਦੇਵੇ ਵਾੜ, ਸ਼ਬਦ ਦਵਾਰੀ ਇਕ ਵਖਾਇਆ। ਹਰਿਸੰਗਤ ਹਰਿ ਪਿਛੇ ਅਗਾੜ, ਸੇਵਕ ਸੇਵਾ ਰਿਹਾ ਕਮਾਇਆ। ਗੁਰਮੁਖ ਸਾਚੇ ਸਾਚੇ ਘੋੜੇ ਦੇਵੇ ਚਾੜ੍ਹ, ਏਕਾ ਅਸਵ ਨਾਲ ਰਖਾਇਆ। ਦਰਗਹਿ ਸਾਚੀ ਦੇਵੇ ਵਾੜ, ਧੁਰ ਧਾਮੀ ਧੁਰ ਦਾ ਮਾਣ ਰਖਾਇਆ। ਜਿਸ ਜਨ ਚਰਨ ਛੁਹਾਇਆ ਦਾੜ੍ਹ, ਅੱਧ ਵਿਚ ਰਹਿਣ ਨਾ ਪਾਇਆ। ਗਗਨ ਪਤਾਲਾਂ ਪਰਦਾ ਦੇਵੇ ਪਾੜ, ਗੁਰਸਿਖ ਤੇਰਾ ਰਾਹ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਕਲਜੁਗ ਅੰਤਮ ਵੇਖ ਵਖਾਇਆ। ਗੁਰਮੁਖਾਂ ਬੰਨ੍ਹੇ ਨਾਮ ਡੋਰੀ, ਗੁਰ ਪੂਰੇ ਹੱਥ ਵਡਿਆਈਆ। ਆਦਿ ਜੁਗਾਦਿ ਜੁਗ ਜੁਗ ਕਰਦਾ ਆਇਆ ਚੋਰੀ, ਸੁੱਤੇ ਰਿਹਾ ਜਗਾਈਆ। ਕਲਜੁਗ ਅੰਤਮ ਰੈਣ ਅੰਧੇਰ ਘੋਰੀ, ਮੂਰਖ ਗੂੜ੍ਹੀ ਨੀਂਦ ਸਵਾਈਆ। ਹਰਿਸੰਗਤ ਆਪਣੇ ਨਾਲ ਜਾਏ ਤੋਰੀ, ਨੱਠਾ ਜਾਏ ਵਾਹੋ ਦਾਹੀਆ। ਸੋਹੰ ਸ਼ਬਦ ਚੁਕਾਏ ਮੋਰੀ ਤੋਰੀ, ਤੋਰਾ ਮੋਰਾ ਰਹਿਣ ਨਾ ਪਾਈਆ। ਪਾਰਬ੍ਰਹਮ ਚੜ੍ਹਾਏ ਸਾਚੀ ਘੋੜੀ, ਜੋਤੀ ਜੋਤ ਸੇਵਾ ਲਾਈਆ। ਗੁਰਸਿਖਾਂ ਘਾਲ ਘਾਲੀ ਰਹਿ ਗਈ ਥੋੜੀ, ਵੇਲਾ ਅੰਤ ਮੁਕਾਈਆ। ਵੇਖ ਵਖਾਏ ਪੂਤ ਸਪੂਤੇ ਬ੍ਰਹਿਮਣ ਗੌੜੀ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਚਾਰੋਂ ਕੁੰਟ ਹੋਏ ਬੌਹੜੀ ਬੌਹੜੀ, ਧੀਰਜ ਧੀਰ ਨਾ ਕੋਈ ਧਰਾਈਆ। ਉਚੇ ਮੰਦਰਾਂ ਜੋ ਲਾ ਲਾ ਥੱਕੇ ਪੌੜੀ, ਬਸਤਰ ਖ਼ਾਕ ਰਲਾਈਆ। ਕਿਸੇ ਯਾਦ ਨਾ ਆਏ ਰਾਗ ਗੌੜੀ, ਧਨਾਸਰੀ ਜੈਜੈਵੰਤੀ ਨਾ ਕੋਈ ਗਾਈਆ। ਵਾਰ ਆਸਾ ਨਾ ਪੜ੍ਹੇ ਕੋਈ ਸਲੋਕ ਪੌੜੀ, ਸੁਧਾਸਰ ਅਸ਼ਨਾਨ ਨਾ ਕੋਈ ਕਰਾਈਆ। ਸੰਮਤ ਪੰਦਰਾਂ ਸਭ ਨੂੰ ਰਿਹਾ ਹੋੜੀ, ਉਠੋ ਜਾਗੋ ਦਾਤਾ ਆਇਆ ਬੇਪਰਵਾਹੀਆ। ਰਾਮਦਾਸ ਸਰਵਰ ਮਨੁੱਖ ਮਨੁਸ਼ ਕਾਗ ਹੰਸ ਕਰੇ ਕੋਹੜੀ, ਗੁਰਸਿਖ ਦੁਰਮਤ ਮੈਲ ਨੁਹਾਵਨੀ ਕੋਈ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਚੁਕਾਇਆ ਡਰ, ਨਾ ਲੁਕਿਆ ਕਿਸੇ ਅੰਦਰ ਵੜ, ਸ਼ਬਦ ਡੰਕਾ ਰਿਹਾ ਵਜਾਈਆ। ਸਾਚੇ ਸਿਖ ਸੰਤ ਦੁਲਾਰ, ਪਾਇਆ ਪੁਰਖ ਅਬਿਨਾਸ਼ਾ। ਮਿਲਿਆ ਮੇਲ ਹਰਿ ਕੰਤ ਭਤਾਰ, ਜਗਤ ਦੁੱਖੜਾ ਨਾਸਾ। ਸਾਂਤਕ ਸਤਿ ਹੋਇਆ ਸੰਸਾਰ, ਬੁੱਝੀ ਤ੍ਰਿਸ਼ਨਾ ਪਿਆਸਾ। ਰੱਤੀ ਰੱਤ ਇਕ ਅਪਾਰ, ਤੁਲਿਆ ਤੋਲ ਨਾ ਤੋਲਾ ਮਾਸਾ। ਮਿਤ ਗਤ ਜਾਣੇ ਕਰਤਾਰ, ਜਿਸ ਜਨ ਕੀਆ ਅੰਦਰ ਵਾਸਾ। ਗੁਰਚਰਨ ਹਿੱਤ ਸਚ ਪਿਆਰ, ਚਰਨ ਕਵਲ ਭਰਵਾਸਾ। ਜੋ ਜਨ ਢਏ ਚਰਨ ਦਵਾਰ, ਮੇਲ ਮਿਲਾਵਾ ਸ਼ਾਹੋ ਸ਼ਾਬਾਸ਼ਾ। ਆਦਿ ਨਿਰੰਜਣ ਹਰਿ ਕਰਤਾਰ, ਨਿਹਕਲੰਕ ਜੋਤ ਸਰੂਪ ਵੇਖਣ ਆਇਆ ਜਗਤ ਤਮਾਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਏਕਾ ਵਰ, ਰਸਨ ਤਜੌਣਾ ਮਦਿਰਾ ਮਾਸਾ। ਮਦਿਰਾ ਮਾਸ ਰਸਨ ਤਜੌਣਾ, ਗੁਰਮਤ ਵਡ ਵਡਿਆਈਆ। ਪੁਰਖ ਅਬਿਨਾਸ਼ੀ ਘਰ ਮੇਂ ਪੌਣਾ, ਗੁਰ ਅਰਜਨ ਗਿਆ ਸਮਝਾਈਆ। ਏਕਾ ਪਦ ਇਕ ਨਿਸ਼ਾਨ ਰਖੌਣਾ, ਏਕਾ ਤੀਰ ਚਲਾਈਆ। ਏਕਾ ਮਦਿ ਜਾਮ ਪਿਔਣਾ, ਭਰ ਪਿਆਲਾ ਅੰਮ੍ਰਿਤ ਸਚ ਸੁਰਾਹੀਆ। ਆਪਣੀ ਯਦ ਭਾਗ ਲਗੌਣਾ, ਕੁਲਵੰਤ ਨਾਮ ਧਰਾਈਆ। ਨੌਂ ਦਵਾਰੇ ਹੱਦ ਪਾਰ ਕਰਾਣਾ, ਘਰ ਦਸਵਾਂ ਵੇਖ ਵਖਾਈਆ। ਜੋਤੀ ਦੀਪ ਇਕ ਜਗੌਣਾ, ਅੰਧ ਅੰਧੇਰ ਮਿਟਾਈਆ। ਸਤਿ ਪੁਰਖ ਨਿਰੰਜਣ ਦਰਸ਼ਨ ਪੌਣਾ, ਸਤਿ ਸਤਿ ਸਮਾਈਆ। ਅਲੱਖ ਨਿਰੰਜਣ ਅਲੱਖ ਜਗੌਣਾ, ਘਰ ਆਵੇ ਦਏ ਦੁਹਾਈਆ। ਅਗੰਮ ਅਗੋਚਰ ਅਥਾਹ, ਬੇਪਰਵਾਹ ਸਾਚਾ ਸੰਗ ਨਿਭੌਣਾ, ਵਿਛੜ ਕਦੇ ਨਾ ਜਾਈਆ। ਸਤਿਜੁਗ ਸਾਚੇ ਦੱਸੇ ਰਾਹ, ਚਾਰ ਵਰਨਾਂ ਇਕ ਪੜ੍ਹਾਈਆ। ਏਕਾ ਸ਼ਬਦ ਬਣੇ ਮਲਾਹ, ਗੁਰ ਸ਼ਬਦ ਹੋਏ ਸਹਾਈਆ। ਨਿਰਗੁਣ ਰੂਪ ਨਰ ਨਰਾਇਣ ਆਪਣੇ ਨੈਣ ਵੇਖੇ ਥਾਉਂ ਥਾ, ਥਾਨ ਥਨੰਤਰ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਰਨੀ ਕਿਰਤ ਰਿਹਾ ਕਮਾਈਆ।