Granth 07 Likhat 051: 19 Sawan 2015 Bikarmi Balwant Singh de Ghar Jalalabad

੧੯ ਸਾਵਣ ੨੦੧੫ ਬਿਕ੍ਰਮੀ ਬਲਵੰਤ ਸਿੰਘ ਦੇ ਘਰ ਜਲਾਲਾਬਾਦ

ਏਕਾ ਇਕੀ ਏਕਾ ਕਾਰ, ਏਕਾ ਕਰਮ ਕਮਾਇਆ। ਏਕਾ ਸਿਖੀ ਸਿਖ ਵਿਚਾਰ, ਸਾਚੀ ਸਿਖਿਆ ਦੇ ਮਤ ਸਮਝਾਇਆ। ਲੇਖਾ ਲਿਖਿਆ ਧੁਰ ਕਰਤਾਰ, ਮਸਤਕ ਲਹਿਣਾ ਪੂਰਬ ਰਿਹਾ ਚੁਕਾਇਆ। ਨਾ ਕੋਈ ਮੇਟ ਮਿਟਾਏ ਵਿਚ ਸੰਸਾਰ, ਭਰਮ ਭੁਲੇਖਾ ਰਹੇ ਨਾ ਰਾਇਆ। ਦਸ ਦਸਮੇਸਾ ਕਰ ਪਿਆਰ, ਚਰਨ ਚਰਨੋਦਕ ਮੁਖ ਚੁਆਇਆ। ਬਾਲੀ ਬਾਲਾ ਮੀਤ ਮੁਰਾਰ, ਗੋਬਿੰਦ ਗੋਪਾਲਾ ਵੇਖ ਵਖਾਇਆ। ਮਤ ਬੁਧ ਪਾਏ ਸਾਰ, ਮਨ ਮਨਸਾ ਪੂਰ ਕਰਾਇਆ। ਧਰਮ ਯੁਧ ਤਤ ਵਿਚਾਰ, ਆਤਮ ਪੜਦਾ ਲਾਹਿਆ। ਕਰਮ ਬਸਤਰ ਤਨ ਸ਼ੰਗਾਰ, ਸਾਚਾ ਵੇਸ ਵਟਾਇਆ। ਨਾਮ ਸ਼ਸਤਰ ਤੇਜ਼ ਕਟਾਰ, ਅੰਗੀਕਾਰ ਅਖਵਾਇਆ। ਨੇਤਰ ਨੈਣਾ ਦਰਸ ਅਪਾਰ, ਤ੍ਰਿਸਨਾ ਭੁੱਖ ਮਿਟਾਇਆ। ਭਗਤ ਭਗਵੰਤ ਏਕਾ ਧਾਰ, ਏਕਾ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜਨਨੀ ਵੇਖ ਵਖਾਇਆ। ਜਨ ਜਨਨੀ ਜਨ ਜਾਣਿਆ, ਜਾਨਨਹਾਰ ਦਾਤਾਰ। ਘਰ ਆਪਣਾ ਆਪ ਪਛਾਣਿਆ, ਵੇਖੇ ਦਰ ਸੱਚਾ ਦਰਬਾਰ। ਅੰਮ੍ਰਿਤ ਮਿਲੇ ਠੰਡਾ ਪਾਣੀਆ, ਆਤਮ ਤ੍ਰਿਸਨਾ ਦਏ ਨਿਵਾਰ। ਸ਼ਬਦ ਮਿਲਾਵਾ ਸਾਚੇ ਹਾਣੀਆ, ਏਕਾ ਰੰਗ ਰੰਗੇ ਕਰਤਾਰ। ਸ਼ਬਦੀ ਸ਼ਬਦ ਸੁਣਾਏ ਸਾਚੀ ਬਾਣੀਆ, ਅੱਠੇ ਪਹਿਰ ਰਹੇ ਖੁਮਾਰ। ਲੇਖੇ ਜੇਰਜ ਖਾਣੀਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਰਪਾ ਕਰੇ ਪਰਵਰਦਿਗਾਰ। ਕਿਰਪਾ ਨਿਧ ਸਰਬ ਜੀਆ ਦਾਤਾ, ਜੀਆ ਦਾਨ ਬਖ਼ਸ਼ਿੰਦ। ਆਤਮ ਬ੍ਰਹਮ ਸਰਬ ਗਿਆਤਾ, ਨਾਮ ਸਖਾਈ ਸਦਾ ਬਖ਼ਸ਼ਿੰਦ। ਦੋ ਜਹਾਨੀ ਪਿਤਾ ਮਾਤਾ, ਦਾਤਾ ਦਾਨੀ ਗੁਣੀ ਗਹਿੰਦ। ਮੇਟੇ ਰੈਣ ਅੰਧੇਰੀ ਰਾਤਾ, ਜਗਤ ਮਿਟਾਏ ਸਗਲੀ ਚਿੰਦ। ਚਰਨ ਕਵਲ ਬੰਧਾਏ ਸਾਚਾ ਨਾਤਾ, ਸੁਤ ਉਪਜਾਏ ਸਾਚੀ ਬਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਵਾ ਨਰੇਸ਼ ਨਰਿੰਦ। ਨਰੇਸ਼ ਨਰਿੰਦ ਸ਼ਬਦ ਸੁਲਤਾਨਾ, ਮਿਹਰਵਾਨ ਅਖਵਾਇਆ। ਜੁਗਤੀ ਭੁਗਤੀ ਕਰ ਪਰਵਾਨਾ, ਸ਼ਕਤੀ ਸ਼ਕਤ ਸਮਾਇਆ। ਏਕਾ ਬੰਨੇ ਸਾਚਾ ਗਾਨਾ, ਵੇਲਾ ਵਕ਼ਤ ਨਾ ਕੋਈ ਰਖਾਇਆ। ਪੂਰਨ ਭਗਤੀ ਕਰ ਪਰਵਾਨਾ, ਲਹਿਣਾ ਦੇਣਾ ਝੋਲੀ ਪਾਇਆ। ਆਤਮ ਮਾਰੇ ਤੀਰ ਨਿਸ਼ਾਨਾ, ਤੀਰ ਨਿਰਾਲਾ ਇਕ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਾਲੀ ਬਾਲਾ ਗੋਦ ਉਠਾਇਆ। ਬਾਲੀ ਬਾਲਾ ਸੁਤ ਦੁਲਾਰਾ, ਸੱਜਣ ਸਚ ਘਰ ਵਸਿਆ। ਮਿਲਿਆ ਮੇਲ ਪੁਰਖ ਅਪਾਰਾ, ਨਿਤ ਨਵਿਤ ਇਕ ਅਦੇਸਿਆ। ਢਹਿ ਢਹਿ ਪਏ ਚਰਨ ਦਵਾਰਾ, ਲੇਖੇ ਲੱਗੇ ਸੀਸ ਕੇਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਸ਼ਬਦ ਸੰਦੇਸ਼ਿਆ। ਨਾਮ ਸੰਦੇਸ਼ਾ ਕਾਇਆ ਮੰਦਰ, ਹਰਿ ਸਾਚਾ ਆਪ ਜਣਾਇੰਦਾ। ਤੋੜੇ ਗੜ੍ਹ ਹੰਕਾਰੀ ਜੰਦਰ, ਨਾਮ ਕੁੰਡਾ ਇਕ ਵਖਾਇੰਦਾ। ਭਾਗ ਲੱਗੇ ਡੂੰਘੀ ਕੰਦਰ, ਅਗਿਆਨ ਅੰਧੇਰ ਮਿਟਾਇੰਦਾ। ਮਨਮੁਖ ਜੀਵ ਭੌਂਦੇ ਬੰਦਰ, ਹਰਿ ਹਰਿ ਰੂਪ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਵਾ ਅੰਦਰੇ ਅੰਦਰ, ਘਰ ਸਾਚਾ ਬੰਕ ਸੁਹਾਇੰਦਾ। ਬੰਕ ਦਵਾਰਾ ਸਾਚਾ ਘਰ, ਘਰ ਘਰ ਆਪ ਟਿਕਾਇਆ। ਆਪੇ ਦੇਵਣਹਾਰਾ ਵਰ, ਆਪੇ ਵੇਖ ਵਖਾਇਆ। ਗੁਰਮੁਖ ਮੀਤਾ ਸਾਜਣ ਫੜ, ਗੀਤ ਸੁਹਾਗੀ ਇਕ ਅਲਾਇਆ। ਜੋਤ ਪਰਕਾਸ਼ ਨਾੜੀ ਨੜ, ਆਕਾਸ਼ ਆਕਾਸ਼ ਵਖਾਇਆ। ਆਪੇ ਬੈਠਾ ਅੰਦਰ ਵੜ, ਦਿਸ ਕਿਸੇ ਨਾ ਆਇਆ। ਪੌੜੀ ਪੌੜੀ ਗਿਆ ਚੜ੍ਹ, ਆਪਣਾ ਪੰਧ ਮੁਕਾਇਆ। ਦਰਸ ਦਿਖਾਏ ਅੱਗੇ ਖੜ, ਦਰ ਦਰਵਾਜ਼ਾ ਖੋਲ੍ਹ ਵਖਾਇਆ। ਸਰਨ ਸਰਨਾਈ ਸਰਨਗਤ ਜੋ ਜਨ ਗਏ ਪੜ, ਚਰਨ ਪ੍ਰੀਤੀ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਾਲ ਦੁਲਾਰਾ ਕਰ ਪਿਆਰਾ, ਘਰ ਸਾਚੇ ਦਏ ਸੁਹਾਇਆ। ਘਰ ਸਾਚਾ ਹਰਿ ਵਸੰਦੜਾ, ਪਾਰਬ੍ਰਹਮ ਕਰਤਾਰ। ਗੁਰਸਿਖ ਲੇਖੇ ਲਾਏ ਮਾਟੀ ਚੰਮੜਾ, ਹੱਡ ਮਾਸ ਨਾੜੀ ਰੱਤ ਅਪਾਰ। ਕਰਿਆ ਖੇਲ ਅਗੰਮ ਅਗੰਮੜਾ, ਸੁਰਤੀ ਸ਼ਬਦ ਮਿਲਾਵਾ ਵਿਚ ਸੰਸਾਰ। ਮਨਮੁਖ ਜੀਵ ਨਾ ਜਾਣੇ ਅੰਧੜਾ, ਹਉਮੇ ਹੰਗਤਾ ਡੁੱਬਾ ਵਿਚ ਸੰਸਾਰ। ਜੂਠਾ ਝੂਠਾ ਨਾਤਾ ਮਾਤ ਪਿਤ ਭਾਈ ਭੈਣ ਸਾਕ ਸੈਣ ਅੰਮੀ ਅੰਮੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਅਧਾਰ। ਨਾਮ ਅਧਾਰ ਨਿਝਰ ਰਸ, ਆਤਮ ਮੁਖ ਚੁਆਇਆ। ਹਰਿ ਕੰਤ ਮਿਲਾਵਾ ਹੱਸ ਹੱਸ, ਸਾਚੀ ਨਾਰੀ ਸੇਜ ਸੁਹਾਇਆ। ਉਚ ਅਟੱਲ ਮੁਨਾਰਾ ਆਪਣਾ ਰਾਹ ਆਪੇ ਰਿਹਾ ਦੱਸ, ਦੂਸਰ ਦਿਸ ਕਿਸੇ ਨਾ ਆਇਆ। ਮੇਲ ਮਿਲਾਏ ਨੱਸ ਨੱਸ, ਆਦਿ ਜੁਗਾਦੀ ਫੇਰਾ ਪਾਇਆ। ਹਰਿਜਨ ਹਿਰਦੇ ਆਪੇ ਵਸ, ਆਪ ਆਪਣਾ ਮੁਖ ਵਖਾਇਆ। ਸੁਫ਼ਲ ਕਰਾਈ ਮਾਤ ਕੁੱਖ, ਜਨ ਜਨਨੀ ਵੇਖ ਵਖਾਇਆ। ਉਲਟਾ ਮਾਤ ਗਰਭ ਨਾ ਹੋਏ ਰੁੱਖ, ਲੱਖ ਚੁਰਾਸੀ ਫੰਦ ਕਟਾਇਆ। ਜਗਤ ਜੀਵਣ ਜੀਵਣ ਦਾਤਾ ਕਟੇ ਦੁੱਖ, ਰੋਗ ਸੋਗ ਨਾ ਕੋਇ ਮਿਟਾਇਆ। ਅੱਠੇ ਪਹਿਰ ਬਖ਼ਸ਼ੇ ਆਪਣਾ ਦਰਸ, ਨੇਤਰ ਲੋਚਣ ਨੈਣ ਖੁਲ੍ਹਾਇਆ। ਆਪ ਮਿਟਾਏ ਝੂਠੀ ਹਰਸ, ਤਾਮਸ ਤ੍ਰਿਸਨਾ ਰਹਿਣ ਨਾ ਪਾਇਆ। ਏਕਾ ਮੇਘ ਦੇਵੇ ਵਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਾਲੀ ਬੁੱਧ ਬੁੱਧ ਬਿਬੇਕ ਪਾਇਆ। ਸ਼ਬਦ ਸ਼ਬਦ ਗੁਰ ਹਰਿ ਏਕ , ਏਕਾ ਨਾਮ ਦ੍ਰਿੜਾਇਆ। ਨਾਮ ਸ਼ਬਦ ਗੁਰ ਬਿਬਾਨਾ, ਏਕਾ ਏਕ ਰਖਾਇਆ। ਗੁਰਸਿਖ ਸਾਚਾ ਚਤੁਰ ਸੁਘੜ ਸਿਆਣਾ, ਗੁਰ ਪੂਰੇ ਆਪ ਬਹਾਇਆ। ਜਾਣੇ ਜਣਾਏ ਆਪਣਾ ਭਾਣਾ, ਭਾਣਾ ਰਾਣਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਤਣਿਆ ਆਪਣਾ ਤਾਣਾ, ਆਪੇ ਤਣਦਾ ਆਇਆ। ਜੁਗ ਤਾਣਾ ਆਪੇ ਤਣ, ਤੰਦੀ ਤੰਦ ਬੰਧਾਇਆ। ਸੁਘੜ ਸਿਆਣਾ ਆਪੇ ਬਣ, ਆਪਣਾ ਰਾਹ ਵਖਾਇਆ। ਗੁਰਸਿਖ ਜਗਾਏ ਸਾਚੇ ਜਨ, ਜਨ ਜਨਕਾ ਦਏ ਕਢਾਇਆ। ਜੋਤ ਜਗਾਏ ਨਿਰਮਲ ਤਨ, ਦੀਪਕ ਬਾਤੀ ਇਕ ਰਖਾਇਆ। ਫੇਰ ਫਿਰਾਏ ਮਣਕਾ ਮਨ, ਮਨ ਮਨੂਆ ਲਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਤਰਾਇਆ। ਗੁਰਸਿਖ ਮਿਲਾਵਾ ਹਰਿ ਹਰਿ ਕੰਤ, ਸਾਚੀ ਸੇਜ ਸੁਹਾਵਣੀ। ਕਾਇਆ ਚੋਲੀ ਚੜ੍ਹੇ ਰੰਗ ਬਸੰਤ, ਪ੍ਰਭ ਪੂਰ ਕਰਾਏ ਭਾਵਨੀ। ਸਖਾ ਸਖਾਈ ਸਦਾ ਸੁਹੇਲਾ ਆਦਿ ਅੰਤ, ਧੁਰਦਰਗਾਹੀ ਦੇਵੇ ਜਾਮਨੀ। ਮਿਲਿਆ ਮੇਲ ਬਾਲ ਨਿਧਾਨ ਬਲੀ ਬਲਵੰਤ, ਸਿੰਘ ਫੜਾਏ ਆਪਣੀ ਦਾਮਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਟੇ ਰੈਣ ਅੰਧੇਰੀ ਸ਼ਾਮਨੀ।