Granth 07 Likhat 020: 7 Faggan 2014 Bikarmi Dharambir de Ghar Jalalabad Jila Amritsar

੭ ਫੱਗਣ ੨੦੧੪ ਬਿਕ੍ਰਮੀ ਧਰਮਬੀਰ ਦੇ ਘਰ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਨਿਰਗੁਣ ਜੋਤ ਨਿਰੰਕਾਰ, ਨਿਰਵੈਰ ਸਮਾਇਆ। ਖੇਲੇ ਖੇਲ ਅਪਰ ਅਪਾਰ, ਆਪ ਆਪਣਾ ਭੇਖ ਵਟਾਇਆ। ਅਗੰਮ ਅਗੰਮੜੀ ਜਾਣੇ ਧਾਰ, ਧਾਰ ਆਪਣੀ ਰਿਹਾ ਚਲਾਇਆ। ਆਪ ਆਪਣਾ ਕਰ ਪਸਾਰ, ਆਪ ਆਪਣਾ ਵੇਖ ਵਖਾਇਆ। ਆਪ ਆਪਣੀ ਜਾਣੇ ਕਾਰ, ਕਰਤਾ ਪੁਰਖ ਆਪ ਅਖਵਾਇਆ। ਲੋਆਂ ਪੁਰੀਆਂ ਪਸਰ ਪਸਾਰ, ਗਗਨ ਮੰਡਲ ਬਣਤ ਬਣਾਇਆ। ਧਰਤ ਧਵਲ ਦਏ ਸਵਾਰ, ਅਕਾਸ਼ ਪਰਕਾਸ਼ ਟਿਕਾਇਆ। ਲੱਖ ਚੁਰਾਸੀ ਲਏ ਉਭਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ। ਖੇਲੇ ਖੇਲ ਅਪਰ ਅਪਾਰ, ਖੇਲਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇਆ। ਨਿਰਗੁਣ ਜੋਤ ਹਰਿ ਭਗਵੰਤਾ, ਪਾਰਬ੍ਰਹਮ ਅਖਵਾਇੰਦਾ। ਖੇਲੇ ਖੇਲ ਆਦਿਨ ਅੰਤਾ, ਆਦਿ ਜੁਗਾਦਿ ਰਹਾਇੰਦਾ। ਆਪ ਬਣਾਏ ਆਪਣੀ ਬਣਤਾ ਆਪੇ ਵੇਖ ਵਖਾਇੰਦਾ। ਆਪੇ ਨਾਰੀ ਆਪੇ ਕੰਤਾ, ਆਪੇ ਸੇਜ ਹੰਢਾਇੰਦਾ। ਆਪੇ ਚਾੜ੍ਹੇ ਰੰਗ ਬਸੰਤਾ, ਫਲ ਫੁਲਵਾੜੀ ਆਪ ਲਗਾਇੰਦਾ। ਆਪ ਉਧਾਰੇ ਲੱਖ ਚੁਰਾਸੀ ਜੀਵ ਜੰਤਾ, ਆਪੇ ਮੇਟ ਮਿਟਾਇੰਦਾ। ਆਪ ਸੁਹਾਏ ਗੜ੍ਹ ਹੰਕਾਰੀ ਹਉਮੇ ਹੰਗਤਾ, ਆਪੇ ਤੋੜ ਤੁੜਾਇੰਦਾ। ਆਪੇ ਦਰ ਦਵਾਰੇ ਹੋਏ ਮੰਗਤਾ, ਦਰ ਦਰਬਾਨ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਨੂਰ ਜਗਤ ਉਜਾਲਾ, ਹਰਿ ਸਾਚੇ ਆਪ ਕਰਾਇਆ। ਪਰਗਟ ਹੋਏ ਦੀਨ ਦਿਆਲਾ, ਦੀਨਾ ਬੰਧਪ ਨਾਮ ਧਰਾਇਆ। ਖੇਲੇ ਖੇਲ ਕਾਲ ਅਕਾਲਾ, ਕਲਧਾਰੀ ਆਪ ਹੋ ਜਾਇਆ। ਸੰਗ ਰਖਾਏ ਕਾਲ ਮਹਾਂਕਾਲਾ, ਸੇਵਕ ਸੇਵਾ ਸਾਚੀ ਲਾਇਆ। ਸ੍ਰਿਸ਼ਟ ਸਬਾਈ ਬਣ ਦਲਾਲਾ, ਸ਼ਬਦੀ ਰੂਪ ਵਟਾਇਆ। ਆਪੇ ਚਲੇ ਆਪਣੀ ਚਾਲਾ, ਜੁਗ ਜੁਗ ਚਲਦਾ ਆਇਆ। ਕਲਜੁਗ ਅੰਤਮ ਖੇਲੇ ਖੇਲ ਨਿਰਾਲਾ, ਨਿਹਕਲੰਕਾ ਨਾਉਂ ਧਰਾਇਆ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਤ੍ਰੈਗੁਣ ਮਾਇਆ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਮਲ ਜੋਤੀ ਨੂਰ ਕਰੇ ਰੁਸ਼ਨਾਇਆ। ਨਿਰਮਲ ਜੋਤੀ ਹਰਿ ਨੂਰਾਨੀ, ਨੂਰੋ ਨੂਰ ਧਰਾਇੰਦਾ। ਆਪੇ ਜਾਣੇ ਆਪਣੀ ਬਾਣੀ, ਆਪਣਾ ਰਾਗ ਆਪ ਅਲਾਇੰਦਾ। ਆਪੇ ਹੋਇਆ ਜਾਣ ਜਾਣੀ, ਜਾਨਣਹਾਰ ਆਪ ਅਖਵਾਇੰਦਾ। ਜੁਗ ਜੁਗ ਦੇਵੇ ਜਗਤ ਨਿਸ਼ਾਨੀ, ਬੋਧ ਅਗਾਧਾ ਸ਼ਬਦ ਜਣਾਇੰਦਾ। ਜਨ ਭਗਤਾਂ ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਨਿਝਰ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਨਾਉਂ ਰਖਾਇੰਦਾ। ਹਰਿ ਜੋਤ ਹਰਿ ਰੰਗ, ਹਰਿ ਹਰਿ ਆਪ ਰੰਗਾਇੰਦਾ। ਨਾਮ ਵਜਾਏ ਇਕ ਮਰਦੰਗ, ਡੌਰੂ ਡੰਕਾ ਇਕ ਵਜਾਇੰਦਾ। ਸਾਚੇ ਘੋੜੇ ਕਸਿਆ ਤੰਗ, ਸੋਲਾਂ ਕਲੀਆਂ ਆਸਣ ਲਾਇੰਦਾ। ਸ਼ਬਦ ਸਰੂਪੀ ਬੈਠ ਪਲੰਘ, ਆਪ ਆਪਣਾ ਹੁਕਮ ਜਣਾਇੰਦਾ। ਕਲਜੁਗ ਜੀਵ ਲੱਖ ਚੁਰਾਸੀ ਹੋਈ ਨੰਗ, ਨਾਮ ਧਨ ਨਾ ਕੋਈ ਰਖਾਇੰਦਾ। ਪੰਚ ਵਿਕਾਰਾ ਲੱਗਾ ਜੰਗ, ਮਨਮਤ ਸੰਗ ਰਖਾਇੰਦਾ। ਮਾਨਸ ਦੇਹੀ ਹੋਈ ਭੰਗ, ਮੂਰਖ ਝੂਠੇ ਧੰਦੇ ਲਾਇੰਦਾ। ਗੁਰਮੁਖ ਵਿਰਲਾ ਮੰਗੇ ਮੰਗ, ਆਤਮ ਅੰਧੇ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕਾ ਡੰਕ ਵਜਾਇੰਦਾ। ਹਰਿ ਜੋਤ ਆਦਿ ਨਿਰੰਜਣ, ਆਦਿ ਪੁਰਖ ਅਬਿਨਾਸ਼ਾ। ਭਗਤ ਜਨਾਂ ਹਰਿ ਸਾਚਾ ਸੱਜਣ, ਜੁਗ ਜੁਗ ਵੇਖੇ ਜਗਤ ਤਮਾਸ਼ਾ। ਸਦਾ ਸੁਹੇਲਾ ਇਕ ਅਕੇਲਾ ਆਪੇ ਹੋਇਆ ਪੜਦੇ ਕੱਜਣ, ਸਾਚੇ ਮੰਡਲ ਪਾਵੇ ਰਾਸਾ। ਮਨਮੁਖ ਜੀਵ ਮਾਇਆ ਅਗਨੀ ਦਝਣ, ਨਾ ਦੀਸੇ ਕੋਈ ਸਹਾਇਆ। ਵੇਲੇ ਅੰਤ ਨਾ ਰੱਖੇ ਕੋਈ ਲੱਜਨ, ਰਾਏ ਧਰਮ ਦਏ ਸਜਾਇਆ। ਗੁਰਮੁਖ ਸਾਜਨ ਦਰ ਦਵਾਰੇ ਬਹਿ ਬਹਿ ਸਜਣ, ਹਰਿ ਸਾਚੇ ਮੇਲ ਮਿਲਾਇਆ। ਅਨਹਦ ਤਾਲ ਨਗਾਰੇ ਵੱਜਣ, ਧੁਨ ਅਨਾਦੀ ਰਿਹਾ ਸੁਣਾਇਆ। ਇਕ ਚੜ੍ਹਾਏ ਸਚ ਜਹਾਜ਼ਨ, ਸੋ ਪੁਰਖ ਨਿਰੰਜਣ ਆਪ ਚਲਾਇਆ। ਪਰਗਟ ਹੋਇਆ ਦੇਸ ਮਾਝਨ, ਜੋਤੀ ਜਾਮਾ ਭੇਖ ਵਟਾਇਆ। ਸ਼ਾਹੋ ਭੂਪ ਵਡ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇਆ। ਕਲਜੁਗ ਅੰਤਮ ਰਚਿਆ ਕਾਜਨ, ਨੌਂ ਖੰਡ ਸ੍ਰਿਸ਼ਟੀ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਇਸ਼ਟ ਰਿਹਾ ਬੁਝਾਇਆ। ਏਕਾ ਇਸ਼ਟ ਆਦਿ ਗੁਰ ਮੰਤਰ, ਹਰਿ ਨਾਮੇ ਵਡ ਵਡਿਆਈਆ। ਦੇਵੇ ਦਰਸ ਹਰਿ ਆਤਮ ਅੰਤਰ, ਹਰਿਜਨ ਸਾਚੇ ਮੇਲ ਮਿਲਾਈਆ। ਮਨਮੁਖਾਂ ਲੱਗੇ ਤਨ ਬਸੰਤਰ, ਨਾ ਸਕੇ ਕੋਈ ਬੁਝਾਈਆ। ਖੇਲੇ ਖੇਲ ਗਗਨ ਗਗਨੰਤਰ, ਗਗਨ ਪਤਾਲਾ ਫੇਰੀ ਪਾਈਆ। ਕਲਜੁਗ ਤੇਰੀ ਆਪੇ ਵੇਖੇ ਆਤਮ ਅੰਤਰ, ਵੇਖਣਹਾਰ ਆਪ ਬਿਗਸਾਈਆ। ਬ੍ਰਹਮੇ ਲਹਿਣਾ ਚੁਕੇ ਮਨਵੰਤਰ, ਮਨਮਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕਾ ਨਾਉਂ ਰਖਾਈਆ। ਹਰਿ ਜੋਤ ਹਰ ਘਟ ਵਾਸਾ, ਹਰਿ ਹਰਿ ਆਪ ਜਗਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਗਨ ਪਾਤਾਲਾ ਆਪ ਸਮਾਈਆ। ਮੰਡਲ ਮੰਡਪ ਪਾਵੇ ਰਾਸਾ, ਅਚਰਜ ਰਚਨ ਰਚਾਈਆ। ਜਨ ਭਗਤਾਂ ਹੋਏ ਦਾਸੀ ਦਾਸਾ, ਜੁਗ ਜੁਗ ਵੱਡੀ ਵਡਿਆਈਆ। ਮਨਮੁਖ ਜੀਵਾਂ ਮੁਖ ਰਖਾਇਆ ਮਦਿਰਾ ਮਾਸਾ, ਦੇਵੇ ਅੰਤ ਸਜਾਈਆ। ਭੰਨ ਵਖਾਏ ਕਾਇਆ ਕਾਸਾ, ਥਿਰ ਰਹਿਣ ਨਾ ਪਾਈਆ। ਜੋ ਉਪਜੇ ਸੋ ਸਦਾ ਵਿਨਾਸਾ, ਪੰਜ ਤਤ ਨਾ ਕੋਈ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਡੰਕ ਵਜਾਈਆ। ਹਰਿ ਜੋਤੀ ਹਰਿ ਜੈਕਾਰ, ਏਕਾ ਏਕ ਕਰਾਇਆ। ਸ਼ਬਦ ਸ਼ਬਦੀ ਕਰ ਪਿਆਰ, ਹਰਿ ਸ਼ਬਦੀ ਮੇਲ ਮਿਲਾਇਆ। ਸ਼ਬਦ ਗਹਿਣਾ ਤਨ ਸ਼ੰਗਾਰ, ਨਾਮ ਨੈਣਾ ਕੱਜਲ ਪਾਇਆ। ਵਰ ਘਰ ਸਾਚੇ ਬਹਿਣਾ ਕਰ ਪਿਆਰ, ਸਾਚਾ ਸੱਜਣ ਇਕ ਅਖਵਾਇਆ। ਊਚ ਨੀਚ ਨਾ ਕੋਈ ਵਿਚਾਰ, ਜ਼ਾਤ ਪਾਤ ਨਾ ਕੋਈ ਰਖਾਇਆ। ਭਰਮੇ ਭੁੱਲੇ ਸਰਬ ਸੰਸਾਰ, ਕਲਜੁਗ ਵੇਲਾ ਅੰਤਮ ਆਇਆ। ਪਰਗਟ ਹੋਏ ਕਲਕੀ ਅਵਤਾਰ, ਨਿਹਕਲੰਕਾ ਨਾਉਂ ਧਰਾਇਆ। ਨਾਮ ਖੰਡਾ ਤੇਜ਼ ਕਟਾਰ, ਹੱਥ ਆਪਣੇ ਰਿਹਾ ਉਠਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਸ਼ਿਵ ਦੇਵਤ ਸੁਰ ਸੋਇਆ ਕੋਈ ਰਹਿਣ ਨਾ ਪਾਇਆ। ਨੌਂ ਖੰਡ ਪ੍ਰਿਥਮੀ ਦਏ ਹੁਲਾਰ, ਲੱਖ ਚੁਰਾਸੀ ਦਏ ਹਿਲਾਇਆ। ਮਾਰਨਹਾਰ ਆਪੇ ਮਾਰ, ਜਗਤ ਜਗਦੀਸਾ ਦਿਸ ਨਾ ਆਇਆ। ਸ੍ਰਿਸ਼ਟ ਸਬਾਈ ਆਈ ਹਾਰ, ਨਾ ਦੀਸੇ ਕੋਈ ਸਹਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਣ ਖਵਾਰ, ਧੀਰਜ ਧੀਰ ਨਾ ਕੋਈ ਧਰਾਇਆ। ਬਿਨ ਗੁਰ ਪੂਰੇ ਕੋਈ ਨਾ ਵਖਾਏ ਸਚ ਨਿਸ਼ਾਨ, ਧਰਮ ਨਿਸ਼ਾਨ ਨਾ ਕੋਈ ਝੁਲਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਗੀਤਾ ਗਿਆਨ ਹੱਥ ਕਿਸੇ ਨਾ ਆਇਆ। ਬਗਲੀਂ ਰੱਖ ਅੰਜੀਲ ਕੁਰਾਨ, ਮੁੱਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਰਹੇ ਅਲਾਇਆ। ਅਠਸਠ ਤੀਰਥ ਫਿਰ ਫਿਰ ਸਾਰੇ ਗਾਣ, ਹਰਿ ਸਾਚਾ ਨਜ਼ਰ ਨਾ ਆਇਆ। ਕਲਜੁਗ ਜੀਵ ਅੰਤ ਸਰਬ ਪਛਤਾਨ, ਵੇਲਾ ਅੰਤਮ ਆਇਆ। ਹਰਿ ਪਰਗਟ ਹੋਏ ਵਾਲੀ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਅਖਵਾਇਆ। ਸਾਧਨ ਸੰਤਾਂ ਕਰੇ ਪਛਾਣ, ਨਾਮ ਨਿਧਾਨਾ ਝੋਲੀ ਪਾਇਆ। ਏਕਾ ਰਾਗ ਸੁਣਾਏ ਸਾਚਾ ਕਾਨ, ਏਕਾ ਨਾਦ ਰਿਹਾ ਵਜਾਇਆ। ਏਕਾ ਧੁਨ ਸੱਚੀ ਧੁਨਕਾਨ, ਆਤਮਕ ਧੁਨ ਰਿਹਾ ਵਜਾਇਆ। ਜੀਵ ਜੰਤ ਪੁਣ ਛਾਣ, ਵੇਲੇ ਅੰਤਮ ਰਿਹਾ ਕਰਾਇਆ। ਜੂਠ ਝੂਠ ਪੀਣ ਖਾਣ, ਅੰਮ੍ਰਿਤ ਪਿਆਲਾ ਨਾ ਕੋਈ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖਣ ਆਇਆ। ਹਰਿ ਜੋਤੀ ਹਰਿ ਸ਼ਬਦ ਨਿਸ਼ਾਨਾ, ਏਕਾ ਏਕ ਕਰਾਇਆ। ਏਕਾ ਚਿੱਲਾ ਤੀਰ ਕਮਾਨਾ, ਏਕਾ ਰਿਹਾ ਉਠਾਇਆ। ਖੇਲੇ ਖੇਲ ਦੋ ਜਹਾਨਾਂ, ਦਿਸ ਕਿਸੇ ਨਾ ਆਇਆ। ਨਿਰਮਲ ਨੂਰ ਹਰਿ ਜੋਤ ਸ੍ਰੀ ਭਗਵਾਨਾ, ਭਗਤਨ ਮੇਲ ਮਿਲਾਇਆ। ਸਤਿ ਪੁਰਖ ਨਿਰੰਜਣ ਏਕਾ ਬੰਨੇ ਗਾਨਾ, ਸਾਚਾ ਸਗਨ ਮਨਾਇਆ। ਸ਼ਬਦ ਜਣਾਈ ਧੁਰ ਫ਼ਰਮਾਣਾ, ਵੇਦ ਕਤੇਬ ਕੁਰਾਨ ਅੰਜੀਲ ਨਾ ਕੋਈ ਲੇਖ ਲਿਖਾਇਆ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਵਿਚ ਸਮਾਇਆ। ਧੁਰਦਰਗਾਹੀ ਸਾਚਾ ਰਾਣਾ, ਸ਼ਾਹ ਸੁਲਤਾਨਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਇਆ। ਹਰਿ ਜੋਤੀ ਪਰਕਾਸ਼, ਹਰਿ ਆਪਣਾ ਆਪ ਕਰਾਇੰਦਾ। ਹਰ ਘਟ ਅੰਦਰ ਰੱਖਿਆ ਵਾਸ, ਹਰ ਘਟ ਆਪ ਸਮਾਇੰਦਾ। ਭਗਤ ਜਨਾਂ ਹਰਿ ਹੋਇਆ ਦਾਸ, ਮਨਮੁਖਾਂ ਦਿਸ ਨਾ ਆਇੰਦਾ। ਸ਼ਬਦ ਚਲਾਏ ਸਵਾਸ ਸਵਾਸ, ਰਸਨਾ ਜਿਹਵਾ ਆਪ ਹਿਲਾਇੰਦਾ। ਲੇਖੇ ਲਾਏ ਦਸ ਦਸ ਮਾਸ, ਜੋ ਜਨ ਚਰਨ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਸਚ ਦਰਗਹਿ, ਗੁਰ ਪੂਰਾ ਆਪ ਕਰਾਇੰਦਾ। ਚੇਲਾ ਗੁਰ ਏਕਾ ਧਾਮ ਸੁਹਾ, ਸਾਚਾ ਧਾਮ ਸੁਹਾਇੰਦਾ। ਚਾਰ ਵਰਨ ਜਪਾਏ ਏਕਾ ਨਾਂ, ਏਕਾ ਮਾਰਗ ਲਾਇੰਦਾ। ਸ਼ਬਦ ਸਰੂਪੀ ਸਚ ਮਲਾਹ, ਸਚ ਬੇੜਾ ਪਾਰ ਕਰਾਇੰਦਾ। ਹੋਏ ਸਹਾਈ ਥਾਉਂ ਥਾਂ, ਗੁਰਮੁਖ ਸਾਚੇ ਆਪ ਉਠਾਇੰਦਾ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਅਖਵਾਇੰਦਾ। ਨਿਰਗੁਣ ਰੂਪ ਹਰਿ ਕਰਤਾਰਾ, ਕਰਤਾ ਪੁਰਖ ਅਖਵਾਇਆ। ਜੁਗ ਜੁਗ ਮਾਤ ਲਏ ਅਵਤਾਰਾ, ਆਪਣਾ ਰੂਪ ਵਟਾਇਆ। ਸਤਿਜੁਗ ਤ੍ਰੇਤਾ ਪਾਰ ਕਿਨਾਰਾ, ਦੁਆਪਰ ਵੇਖ ਵਖਾਇਆ। ਕਲਜੁਗ ਤੇਰੀ ਅੰਤਮ ਵਾਰਾ, ਹਰਿ ਸਾਚੀ ਰਚਨ ਰਚਾਇਆ। ਨਾਨਕ ਗੋਬਿੰਦ ਬਣ ਭਿਖਾਰਾ, ਵੇਦ ਵਿਆਸਾ ਸੰਗ ਰਲਾਇਆ। ਪਰਗਟ ਹੋਏ ਚਵੀਆਂ ਅਵਤਾਰਾ, ਨਿਹਕਲੰਕਾ ਨਾਉਂ ਰਖਾਇਆ। ਸ਼ਬਦ ਖੰਡਾ ਤੇਜ਼ ਕਟਾਰਾ, ਆਪ ਆਪਣੇ ਹੱਥ ਉਠਾਇਆ। ਮਨਮੁਖ ਜੀਵਾਂ ਮਾਰੇ ਮਾਰਾ, ਦਹਿ ਦਿਸ਼ਾ ਫੇਰੀਆਂ ਪਾਇਆ। ਗੁਰਮੁਖ ਸੁਹਾਏ ਇਕ ਦਵਾਰਾ, ਬੰਕ ਦਵਾਰਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਜੋਤੀ ਆਦਿ ਪੁਰਖ, ਕਰਨਹਾਰ ਕਰਤਾਰਾ। ਨਾ ਕੋਈ ਸੋਗ ਨਾ ਕੋਈ ਹਰਖ਼, ਖੇਲੇ ਖੇਲ ਵਿਚ ਸੰਸਾਰਾ। ਲੱਖ ਚੁਰਾਸੀ ਰਿਹਾ ਪਰਖ, ਜੀਵ ਜੰਤ ਵੇਖ ਵਿਚਾਰਾ। ਅੰਮ੍ਰਿਤ ਆਤਮ ਰਿਹਾ ਬਰਖ, ਗੁਰਮੁਖ ਸਾਜਨ ਮੀਤ ਮੁਰਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਰਗਟ ਹੋ ਵਿਚ ਸੰਸਾਰਾ। ਜੋਤ ਅਬਿਨਾਸ਼ ਹਰ ਘਟ ਵਾਸਾ, ਨਰ ਨਰਾਇਣ ਅਖਵਾਇੰਦਾ। ਪਾਰਬ੍ਰਹਮ ਸਰਬ ਗੁਣਤਾਸਾ, ਸਮਰਥ ਕਲ ਅਖਵਾਇੰਦਾ। ਆਦਿ ਅੰਤ ਨਾ ਕਦੇ ਵਿਨਾਸਾ, ਰੂਪ ਅਨੂਪ ਵਟਾਇੰਦਾ। ਜੁਗ ਜੁਗ ਵੇਖੇ ਜਗਤ ਤਮਾਸ਼ਾ, ਰਾਮਾ ਕ੍ਰਿਸ਼ਨਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਰੂਪ ਵਟਾਇੰਦਾ। ਕਲਜੁਗ ਰੂਪ ਹਰਿ ਹਰਿ ਵੇਖ, ਆਪਣੀ ਜੋਤ ਜਗਾਈਆ। ਜੂਠ ਝੂਠ ਪਸਾਰਾ ਨੇਤਰ ਪੇਖ, ਪੰਚ ਵਿਕਾਰਾ ਦਏ ਵਹਾਈਆ। ਸੰਗ ਮੁਹੰਮਦ ਚਾਰ ਯਾਰਾ ਲਿਖਣਹਾਰਾ ਲੇਖ, ਅੱਲਾ ਰਾਣੀ ਸੰਗ ਰਲਾਈਆ। ਮੂੰਡ ਮੁੰਡਾਏ ਨਰ ਨਰੇਸ਼, ਨਰ ਨਰਾਇਣ ਜੋਤ ਜਗਾਈਆ। ਆਪੇ ਜਾਣੇ ਧਾਰੀ ਕੇਸ, ਸੋਇਆ ਕੋਈ ਰਹਿਣ ਨਾ ਪਾਈਆ। ਸਤਿਗੁਰ ਦਾਤਾ ਦਾਨੀ ਦਸ ਦਸਮੇਸ਼, ਦਹਿ ਦਿਸ਼ਾ ਫੇਰੀਆਂ ਪਾਈਆ। ਆਪੇ ਜਾਣੇ ਗਣਪਤ ਗਣੇਸ਼, ਸ਼ਿਵ ਸ਼ੰਕਰ ਸੇਵ ਕਮਾਈਆ। ਵਿਸ਼ਨੂੰ ਵੰਸੀ ਕਰੇ ਅਦੇਸ਼, ਬ੍ਰਹਮ ਬ੍ਰਹਮ ਸਮਾਈਆ। ਆਦਿ ਪੁਰਖ ਪ੍ਰਭ ਸਦਾ ਅਦੇਸ਼, ਭੇਵ ਕੋਇ ਨਾ ਪਾਈਆ। ਆਪੇ ਸੁੱਤਾ ਬਾਸ਼ਕ ਸੇਜ਼, ਸਾਂਗੋ ਪਾਂਗ ਹੰਢਾਈਆ। ਆਪਣਾ ਸ਼ਬਦ ਸਨੇਹੁੜਾ ਆਪੇ ਭੇਜ, ਚਤੁਰਭੁਜ ਆਪ ਅਖਵਾਈਆ। ਲਛਮੀ ਰੱਖੇ ਦਰ ਦਰਵੇਸ਼, ਸੇਵਕ ਸੇਵ ਕਮਾਈਆ। ਆਦਿ ਸ਼ਕਤ ਆਦਿ ਭਵਾਨੀ ਜੋਤ ਜਗਦੀ ਰਹੇ ਹਮੇਸ਼, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਅੰਤਮ ਹੋਇਆ ਦਰ ਦਰਵੇਸ਼, ਹਰਿਜਨ ਦਵਾਰੇ ਫੇਰਾ ਪਾਈਆ। ਆਪੇ ਵੇਖੇ ਰਿਖੀ ਕੇਸ, ਗਵਰਧਨ ਧਾਰ ਆਪ ਉਠਾਈਆ। ਆਪੇ ਜੋਧਾ ਨਰ ਨਰੇਸ਼, ਨਿਰਗੁਣ ਰੂਪ ਬੇਪਰਵਾਹੀਆ। ਆਪੇ ਫੜੇ ਖੂੰਡੀ ਮੋਡੇ ਧਰਿਆ ਖੇਸ, ਨਾਨਕ ਦਰ ਵੱਜੇ ਵਧਾਈਆ। ਗੁਰ ਗੋਬਿੰਦ ਧਾਰੀ ਕੇਸ, ਸਾਚੀ ਬਣਤ ਬਣਾਈਆ। ਕਲਜੁਗ ਅੰਤਮ ਲਏ ਵੇਖ, ਨਿਹਕਲੰਕਾ ਜਾਮਾ ਪਾਈਆ। ਕੂੜੀ ਕਿਰਿਆ ਮਿਟੇ ਰੇਖ, ਸਚ ਸੁੱਚ ਰਿਹਾ ਵਰਤਾਈਆ। ਕਿਸੇ ਨਾ ਚਲਣੀ ਕੋਈ ਪੇਸ਼, ਨਾ ਦੀਸੇ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਅਗੰਮ ਅਥਾਹ, ਭੇਵ ਕੋਈ ਨਾ ਪਾਇੰਦਾ। ਆਪੇ ਹੋਇਆ ਬੇਪਰਵਾਹ, ਬੇਐਬ ਆਪ ਅਖਵਾਇੰਦਾ। ਆਪੇ ਐਨਲਹੱਕ ਅਖਵਾ ਖ਼ੁਦਾ, ਖ਼ੁਦੀ ਖ਼ੁਦਾਈ ਮੇਟ ਮਿਟਾਇੰਦਾ। ਆਪਣੇ ਦਰ ਆਪੇ ਕਰੇ ਸਦਾ, ਆਪਣੀ ਅਲਖ ਆਪ ਜਗਾਇੰਦਾ। ਆਪੇ ਫਿਰੇ ਹੋਏ ਗਦਾ, ਭੀਖਕ ਭਿਖਿਆ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਉਪਾਇੰਦਾ। ਆਪ ਆਪਣਾ ਨਾਉਂ ਧਰਾ, ਆਪਣੀ ਕਲ ਵਰਤਾਈਆ। ਨੂਰ ਅਲਾਹੀ ਗਿਆ ਸਮਾ, ਦਿਸ ਕਿਸੇ ਨਾ ਆਈਆ। ਅੱਲਾ ਰਾਣੀ ਲਏ ਜਗਾ, ਸੰਗ ਮੁਹੰਮਦ ਨਾਲ ਰਖਾਈਆ। ਹੱਕ ਹਕੀਕਤ ਫੋਲ ਫੋਲਾ, ਸ਼ਰਅ ਸ਼ਰੀਅਤ ਦਏ ਜਣਾਈਆ। ਲਾਸ਼ਰੀਕ ਆਪ ਅਖਵਾ, ਏਕਾ ਕਲਮਾ ਦਏ ਪੜ੍ਹਾਈਆ। ਕਲਮਾ ਅਮਾਮ ਕਾਇਨਾਤ ਬਣਾ, ਏਕਾ ਨਾਅਰਾ ਲਾਈਆ। ਸਚ ਜਮਾਇਤ ਦਏ ਵਖਾ, ਏਕਾ ਵਜ਼ੂ ਕਰਾਈਆ। ਇਕ ਦਵਾਰੇ ਸਜਦਾ ਦਏ ਕਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਅਮਾਮ ਮਹਿੰਦੀ ਪ੍ਰਭ ਆਪ ਅਖਵਾ, ਦਿਸ਼ਾ ਲਹਿੰਦੀ ਫੇਰੀ ਪਾਈਆ। ਮੁਖ ਨਕ਼ਾਬ ਲਏ ਟਿਕਾ, ਕਾਲਾ ਸੂਸਾ ਤਨ ਛੁਹਾਈਆ। ਸਾਚੇ ਘੋੜੇ ਚਰਨ ਆਪ ਟਿਕਾ, ਸੋਲਾਂ ਕਲੀਆਂ ਆਸਣ ਲਾਈਆ। ਆਪਣੀਆਂ ਵਾਗਾਂ ਆਪੇ ਰਿਹਾ ਉਠਾ, ਨਾ ਕੋਈ ਦੂਸਰ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਮੇਟੇ ਕੂੜੀ ਛਾਹੀਆ। ਕੂੜਾ ਡੰਕ ਕੂੜ ਪਸਾਰਾ, ਕੂੜੋ ਕੂੜ ਪਰਧਾਨਿਆ। ਕੂੜੋ ਕੂੜਾ, ਖੇਲੇ ਖੇਲ ਅਪਾਰਾ, ਕੂੜਾ ਦੀਸੇ ਜਗਤ ਨਿਸ਼ਾਨਿਆ। ਕੂੜਾ ਧੰਦਾ ਕੂੜੀ ਕਾਰਾ, ਕੂੜਾ ਬੱਧਾ ਹੱਥੀਂ ਗਾਨਿਆ। ਕੂੜੀ ਕਾਇਆ ਕੂੜਾ ਮੰਦਰ ਮੁਨਾਰਾ, ਕੂੜਾ ਪੀਣਾ ਖਾਣਿਆ। ਵੇਲੇ ਅੰਤਮ ਹੋਏ ਖ਼ਵਾਰਾ, ਕਲਜੁਗ ਵੇਖੇ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਧਾਮ ਆਪ ਸੁਹਾਨਿਆ। ਕਲਜੁਗ ਕੂੜਾ ਕੂੜੀ ਰਾਸ, ਕੂੜਾ ਨਾਚ ਨਚਾਇੰਦਾ। ਦਰ ਦਰ ਘਰ ਘਰ ਮਦਿਰਾ ਮਾਸ, ਤਨ ਮਾਸ ਨਾ ਕੋਈ ਸੁਕਾਇੰਦਾ। ਬਿਨ ਹਰਿ ਨਾਮੇ ਬਿਰਥਾ ਸਵਾਸ, ਲੇਖਾ ਲਿਖਤ ਵਿਚ ਨਾ ਆਇੰਦਾ। ਜੋ ਉਪਜੇ ਸੋ ਹੋਏ ਨਾਸ, ਦਿਸ ਕੋਇ ਨਾ ਆਇੰਦਾ। ਆਪੇ ਹੋਏ ਦੇਵ ਵਾਸ, ਵਾਸਦੇਵ ਆਪ ਅਖਵਾਇੰਦਾ। ਆਪੇ ਜਾਣੇ ਆਪਣਾ ਜਾਪ, ਆਪੇ ਜਾਪ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਜੂਠਾ ਝੂਠਾ ਡੇਰਾ ਢਾਹਿੰਦਾ। ਜੂਠਾ ਝੂਠਾ ਵੱਜਿਆ ਡੰਕ, ਧਰਤ ਮਾਤ ਰਹੀ ਕੁਰਲਾਈਆ। ਭਰਮੇ ਭੁੱਲੇ ਰਾਓ ਰੰਕ, ਮਾਇਆ ਮਮਤਾ ਮੋਹ ਵਧਾਈਆ। ਪਰਗਟ ਹੋਏ ਵਾਸੀ ਪੁਰੀ ਘਨਕ, ਘਨਕ ਪੁਰ ਵਾਸੀ ਨਾਉਂ ਧਰਾਈਆ। ਗੁਰਮੁਖ ਉਧਾਰੇ ਜਿਉਂ ਜਨ ਜਨਕ, ਹਰਿਜਨ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦਏ ਵਡਿਆਈਆ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਰਖਾਇਆ। ਦੀਪਕ ਜੋਤੀ ਜਗੇ ਨਿਰੰਜਣਾ, ਅੱਠੇ ਪਹਿਰ ਡਗਮਗਾਇਆ। ਸ਼ਬਦ ਅਨਾਦੀ ਏਕਾ ਵੱਜਣਾ, ਗੁਰ ਪੂਰਾ ਰਿਹਾ ਵਜਾਇਆ। ਝੂਠਾ ਘਰ ਲੋਕਮਾਤ ਸਭ ਨੇ ਤਜਣਾ, ਥਿਰ ਘਰ ਸਾਚਾ ਇਕ ਸੁਹਾਇਆ। ਅੰਮ੍ਰਿਤ ਪੀ ਪੀ ਹਰਿਜਨ ਸਾਚੇ ਰੱਜਣਾ, ਸਰ ਸਰੋਵਰ ਇਕ ਵਖਾਇਆ। ਨਾਮ ਚੜ੍ਹਾਏ ਸਚ ਜਹਾਜਨਾ, ਸੋਹੰ ਚੱਪੂ ਰਿਹਾ ਲਾਇਆ। ਸਤਿਜੁਗ ਸਾਚਾ ਰਚਿਆ ਕਾਜਨਾ, ਲੋਕਮਾਤ ਜਨਮ ਦਵਾਇਆ। ਸਚ ਵਸਤ ਦੇਵੇ ਦਾਜਨਾ, ਪੱਲੇ ਗੰਢ ਬੰਧਾਇਆ। ਖੇਲੇ ਖੇਲ ਦੇਸ ਮਾਝਨਾ, ਨੌਂ ਸਤ ਕਰੇ ਰੁਸ਼ਨਾਇਆ। ਚਿੱਟੇ ਅਸਵ ਚੜ੍ਹਿਆ ਤਾਜਨਾ, ਸ਼ਾਹ ਸੁਲਤਾਨ ਆਪ ਹੋ ਜਾਇਆ। ਅਗੰਮ ਅਗੰਮੜੀ ਮਾਰੇ ਵਾਜਨਾ, ਨਿਹਚਲ ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚੇ ਨੇਤਰ ਪੇਖ, ਨਿਝ ਘਰ ਜੋਤ ਜਗਾਈਆ। ਆਪੇ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼, ਮੁੱਲਾਂ ਕਾਜ਼ੀ ਪੀਰ ਦਸਤਗੀਰ ਕੁਤਬ ਗੌਂਸ ਰਹੇ ਕੁਰਲਾਈਆ। ਪੰਡਤ ਪਾਂਧੇ ਤਿਲਕ ਲਿਲਾਟੀ ਲਾ ਲਾ ਰਹੇ ਵੇਖ, ਤ੍ਰਿਬੈਣੀ ਨੈਣੀ ਦਿਸ ਨਾ ਆਈਆ। ਪੜ੍ਹ ਪੜ੍ਹ ਥੱਕੇ ਧਾਰੀ ਕੇਸ, ਗੁਰ ਗੋਬਿੰਦ ਨਾ ਦਰਸ਼ਨ ਪਾਈਆ। ਬ੍ਰਹਮਾ ਲਿਖ ਲਿਖ ਥੱਕਿਆ ਚਾਰੇ ਵੇਦ, ਪਾਰਬ੍ਰਹਮ ਭੇਵ ਨਾ ਰਾਈਆ। ਪੁਰਾਨ ਅਠਾਰਾਂ ਵੇਖੇ ਵਿਆਸ ਵੇਦ, ਨਾਰਦ ਮੁਨ ਸੰਗ ਰਲਾਈਆ। ਗੀਤਾ ਗਿਆਨ ਇਕ ਆਦੇਸ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਹਰਿ ਗੋਬਿੰਦਾ, ਹਰਿ ਹਰਿ ਰੰਗ ਰੰਗਾਇੰਦਾ। ਮੇਟ ਮਿਟਾਏ ਸਗਲੀ ਚਿੰਦਾ, ਸਾਂਤਕ ਸਤਿ ਵਰਤਾਇੰਦਾ। ਮਨਮੁਖ ਜੀਵ ਲਗਾਏ ਨਿੰਦਾ, ਨਿੰਦਕ ਨਿੰਦਿਆ ਮੁਖ ਰਖਾਇੰਦਾ। ਗੁਰਮੁਖ ਅੰਮ੍ਰਿਤ ਆਤਮ ਧਾਰ ਵਹਾਏ ਸਾਗਰ ਸਿੰਧਾ, ਸਾਚੀ ਧਾਰ ਆਪ ਰਖਾਇੰਦਾ। ਆਪ ਉਪਜਾਏ ਸਾਚੀ ਬਿੰਦਾ, ਪਿਤਾ ਪੂਤ ਆਪ ਹੋ ਜਾਇੰਦਾ। ਦਾਤਾ ਦਾਨੀ ਗਹਿਰ ਗੰਭੀਰ ਹਰਿ ਗੁਣੀ ਗਹਿੰਦਾ, ਹਰਿਜਨ ਸਾਚੇ ਵੇਖ ਵਖਾਇੰਦਾ। ਆਦਿ ਜੁਗਾਦਿ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰ ਆਪ ਆਪਣਾ ਨਾਉਂ ਧਰਾਇੰਦਾ। ਨਾਮ ਵਸਤ ਅਨਮੋਲ ਧੁਰ ਦਰਗਾਹੀ ਏਕਾ ਦਂੇਦਾ, ਜਗਤ ਕੰਡੇ ਨਾ ਤੋਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਸਾਚਾ ਮੀਤ, ਸਾਚੇ ਘਰ ਸੁਹਾਇੰਦਾ। ਮਿਲਿਆ ਮੇਲ ਹਰਿ ਅਤੀਤ, ਹਉਮੇ ਰੋਗ ਜਲਾਇੰਦਾ। ਕਾਇਆ ਮੰਦਰ ਵਖਾਏ ਸਾਚਾ ਦੇਹੁਰਾ ਗੁਰੂਦਵਾਰਾ ਮੰਦਰ ਮਸੀਤ, ਦੀਪਕ ਜੋਤੀ ਇਕ ਜਗਾਇੰਦਾ। ਪੰਚਮ ਸ਼ਬਦ ਗਾਏ ਸੁਹਾਗੀ ਗੀਤ, ਸਾਚੀ ਸਈਆ ਸੰਗ ਰਲਾਇੰਦਾ। ਜੁਗ ਜੁਗ ਚਲੇ ਅਵੱਲੜੀ ਰੀਤ, ਭੇਵ ਕੋਈ ਨਾ ਪਾਇੰਦਾ। ਆਪੇ ਵਸਿਆ ਹਸਤ ਕੀਟ, ਊਚਾ ਨੀਚਾਂ ਆਪ ਸਮਾਇੰਦਾ। ਆਪੇ ਸੁੱਤਾ ਦੇ ਕਰ ਪੀਠ, ਆਪੇ ਮੁਖ ਵਖਾਇੰਦਾ। ਆਪੇ ਕਰੇ ਕਾਇਆ ਕੌੜਾ ਰੀਠ, ਅੰਮ੍ਰਿਤ ਫਲ ਆਪ ਖਵਾਇੰਦਾ। ਹਰਿ ਕਾ ਸ਼ਬਦ ਸਦਾ ਅਨਡੀਠ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਪਾਰਬ੍ਰਹਮ ਹਰਿ ਬੀਠਲੋ ਬੀਠ, ਹਰਿਜਨ ਸਾਚੇ ਵੇਖ ਵਖਾਇੰਦਾ। ਸਦਾ ਸੁਹੇਲਾ ਵਸਿਆ ਚੀਤ, ਨਿਤ ਨਵਿਤ ਖੇਲ ਖਿਲਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਚਾਤ੍ਰਿਕ ਸਦਾ ਬਿਲਲਾਇੰਦਾ। ਆਪੇ ਕਰੇ ਕਾਇਆ ਠੰਡੀ ਸੀਤ, ਅੰਮ੍ਰਿਤ ਨਿਝਰ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਕਾਇਆ ਮੰਦਰ ਸਾਚਾ ਘਰ, ਘਰ ਘਰ ਵਿਚ ਆਪ ਟਿਕਾਇੰਦਾ। ਘਰ ਵਿਚ ਘਰ ਘਰ ਵਿਚ ਜੋਤੀ, ਘਰ ਵਿਚ ਹਵਨ ਕਰਾਇਆ। ਘਰ ਵਿਚ ਦੀਵਾ ਘਰ ਵਿਚ ਬਾਤੀ, ਘਰ ਮੰਦਰ ਰਿਹਾ ਟਿਕਾਇਆ। ਘਰ ਮੰਦਰ ਘਰ ਬੂੰਦ ਸਵਾਂਤੀ, ਘਰ ਸਰੋਵਰ ਘਰ ਸੁਹਾਇਆ। ਘਰ ਅੰਧੇਰਾ ਦਿਸੇ ਰਾਤੀ, ਘਰ ਜੋਤੀ ਨੂਰ ਕਰੇ ਰੁਸ਼ਨਾਇਆ। ਘਰ ਮੇਲਾ ਜਨ ਕਮਲਾਪਾਤੀ, ਘਰ ਸਾਚੀ ਸੇਜ ਵਿਛਾਇਆ। ਘਰ ਮੇਲਾ ਘਰ ਸਾਚੇ ਸਾਥੀ, ਘਰ ਸਗਲਾ ਸੰਗ ਨਿਭਾਇਆ। ਘਰ ਸੰਗਾ ਘਰ ਮੰਗਾ ਘਰ ਰੰਗਾ ਤ੍ਰਿਲੋਕੀ ਨਾਥੀ, ਘਰ ਚੌਥਾ ਪਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਆਪ ਅਖਵਾਇਆ। ਨਿਰਗੁਣ ਸਾਚੀ ਧਾਰ, ਸਰਗੁਣ ਵਿਚ ਸਮਾਈਆ। ਸਰਗੁਣ ਲਏ ਉਭਾਰ, ਸਚ ਸਚ ਕਰੇ ਜਣਾਈਆ। ਦੋਹਾਂ ਮੇਲਾ ਵਿਚ ਸੰਸਾਰ, ਭੇਦ ਅਭੇਦਾ ਰਿਹਾ ਛੁਪਾਈਆ। ਚੇਲਾ ਗੁਰ ਇਕ ਦਵਾਰ, ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਅਖਵਾਈਆ। ਕਲਜੁਗ ਗੜ੍ਹ, ਹੰਕਾਰ ਸ੍ਰਿਸ਼ਟ ਸਬਾਇਆ। ਪੰਜ ਤਤ ਵਿਕਾਰਾ ਰਿਹਾ ਲੜ, ਚਾਰੋਂ ਕੁੰਟ ਅੰਧੇਰਾ ਛਾਇਆ। ਤ੍ਰੈਗੁਣ ਮਾਇਆ ਰਹੀ ਸੜ, ਮੂਰਖ ਧੰਦੇ ਲਾਇਆ। ਗੁਰਮੁਖ ਵਿਰਲਾ ਏਕਾ ਅੱਖਰ ਰਿਹਾ ਪੜ੍ਹ, ਹਰਿ ਹਿਰਦੇ ਵਿਚ ਵਸਾਇਆ। ਸਤਿਗੁਰ ਪੂਰਾ ਵੇਖੇ ਅੰਦਰ ਵੜ, ਆਸਣ ਸਿੰਘਾਸਣ ਏਕਾ ਲਾਇਆ। ਸੁਰਤ ਸਵਾਣੀ ਲਏ ਫੜ, ਸ਼ਬਦੀ ਮੇਲ ਮਿਲਾਇਆ। ਜੋਤ ਜਗਾਏ ਬਹੱਤਰ ਨਾੜ, ਦਿਵਸ ਰੈਣ ਕਰੇ ਰੁਸ਼ਨਾਇਆ। ਆਪ ਬੰਧਾਏ ਆਪਣੇ ਲੜ, ਗੁਰ ਪੂਰਾ ਦਇਆ ਕਮਾਇਆ। ਦਰਸ ਦਿਖਾਏ ਅੱਗੇ ਖੜ, ਅੰਦਰ ਮੰਦਰ ਖੋਜ ਖੋਜਾਇਆ। ਮਨਮੁਖ ਵਹਾਏ ਵਹਿੰਦੇ ਹੜ, ਮਾਇਆ ਮਮਤਾ ਮੋਹ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਖਿਲਾਇਆ। ਮਨਮਤ ਰਹੀ ਕੁਰਲਾ, ਚਾਰ ਕੁੰਟ ਜੈਕਾਰਿਆ। ਧਰਤ ਮਾਤ ਮਾਰੇ ਧਾਹ, ਨੇਤਰ ਰੋਵੇ ਜ਼ਾਰੋ ਜ਼ਾਰਿਆ। ਸਾਧ ਸੰਤ ਰਹੇ ਸੁਣਾ, ਦੋਏ ਜੋੜ ਕਰਨ ਨਿਮਸਕਾਰਿਆ। ਬਿਨ ਹਰਿ ਤੇਰੇ ਕੋਈ ਨਾ ਦੀਸੇ ਹੋਰ ਸਹਾ, ਚਾਰੋਂ ਕੁੰਟ ਅੰਧੇਰਾ ਛਾ ਰਿਹਾ। ਜੂਠੇ ਝੂਠੇ ਘਰ ਘਰ ਉਡਦੇ ਕਾਂ, ਕਾਗੀ ਕਾਗ ਰਲਾ ਰਿਹਾ। ਏਕਾ ਭੁਲਿਆ ਤੇਰਾ ਨਾਂ, ਦੀਪਕ ਜੋਤ ਨਾ ਕੋਈ ਜਗਾ ਰਿਹਾ। ਥਾਂ ਥਾਂ ਧੂਣੀਆਂ ਬੈਠੇ ਲਾ, ਸਾਚਾ ਹਵਨ ਨਾ ਕੋਈ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਮੂਲ ਚੁਕਾ ਰਿਹਾ। ਮਨ ਪੰਖੀ ਦਹਿ ਦਿਸ਼ਾ ਉਡਾਰੀ, ਆਪਣੀ ਆਪ ਲਗਾਇੰਦਾ। ਕਲਜੁਗ ਜੀਵਾਂ ਕਰੇ ਖਵਾਰੀ, ਗੁਰਮਤ ਭਰਮ ਭੁਲਾਇੰਦਾ। ਭਰਮੇ ਭੁੱਲੇ ਨਰ ਨਾਰੀ, ਨਰ ਨਰਾਇਣ ਦਿਸ ਨਾ ਆਇੰਦਾ। ਮਾਨਸ ਬਾਜ਼ੀ ਜੂਏ ਹਾਰੀ, ਜਨਮ ਅਜਨਮਾ ਲੇਖੇ ਨਾ ਲਾਇੰਦਾ। ਗੁਰਮੁਖ ਵਿਰਲਾ ਵੇਖੇ ਨੇਤਰ ਨੈਣ ਉਘਾੜੀ, ਏਕਾ ਲੋਚਣ ਆਪ ਖੁਲ੍ਹਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਮੇਲ ਮਿਲਾਇੰਦਾ। ਧਰਮ ਦਿਖਾਏ ਸਚ ਅਖਾੜੀ, ਸਚ ਜੈਕਾਰਾ ਏਕਾ ਲਾਇੰਦਾ। ਰੁੱਤ ਸੁਹਾਏ ਸਤਾਰਾਂ ਹਾੜੀ, ਸਤਿਜੁਗ ਸਾਚਾ ਆਪ ਵਖਾਇੰਦਾ। ਮਨਮੁਖ ਜੀਵਾਂ ਮਗਰ ਲਗਾਏ ਮੌਤ ਲਾੜੀ, ਚਾਰੋਂ ਕੁੰਟ ਫੇਰਾ ਫਿਰਾਇੰਦਾ। ਆਪ ਉਠਾਏ ਅਗੰਮੜੀ ਧਾੜੀ, ਲਿਖਿਆ ਲੇਖ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਡੰਕਾ ਨਾਮ ਵਜਾਇੰਦਾ। ਨਾਮ ਡੰਕਾ ਰਿਹਾ ਵੱਜ, ਵਜਾਵਣਹਾਰ ਨਿਰੰਕਾਰਾ। ਸ੍ਰਿਸ਼ਟ ਸਬਾਈ ਘਰ ਬਾਰ ਜਾਣਾ ਤਜ, ਨਾ ਕੋਈ ਦੀਸੇ ਮਹੱਲ ਮੁਨਾਰਾ। ਜੋ ਘੜਿਆ ਸੋ ਜਾਏ ਭੱਜ, ਕਲਜੁਗ ਤੇਰੀ ਅੰਤਮ ਵਾਰਾ। ਗੁਰਮੁਖ ਵਿਰਲਾ ਅੰਮ੍ਰਿਤ ਆਤਮ ਪੀਏ ਰੱਜ, ਜਿਸ ਮਿਲਿਆ ਪਾਰਬ੍ਰਹਮ ਪੁਰਖ ਅਪਾਰਾ। ਰੱਖਣਹਾਰਾ ਜੁਗ ਜੁਗ ਲੱਜ, ਸਤਿਗੁਰ ਪੂਰਾ ਗੁਰ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਨਰਾਇਣ ਨਰ ਅਵਤਾਰ, ਜੋਤੀ ਜੋਤ ਜਗਾਈਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਜੋਧਾ ਸੂਰਬਲੀ ਬਲਕਾਰ, ਸੂਰਬੀਰ ਆਪ ਅਖਵਾਈਆ। ਖੇਲੇ ਖੇਲ ਅਪਰ ਅਪਾਰ, ਨੀਲੀ ਧਾਰੀ ਪਾਰ ਕਰਾਈਆ। ਪੀਲਾ ਬਸਤਰ ਤਨ ਸ਼ੰਗਾਰ, ਏਕਾ ਸ਼ਸਤਰ ਰਿਹਾ ਉਠਾਈਆ। ਸਾਚਾ ਮਾਹੀ ਹੋ ਅਸਵਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਨੂਰ ਅਲਾਹੀ ਕਰੇ ਖ਼ਬਰਦਾਰ, ਕਾਲਾ ਘੁੰਗਟ ਮੁਖ ਤੋਂ ਲਾਹੀਆ। ਆਵੇ ਜਾਵੇ ਵਾਰੋ ਵਾਰ, ਆਦਿ ਪੁਰਖ ਵੱਡੀ ਵਡਿਆਈਆ। ਖੇਵਟ ਖੇਟ ਹਰਿ ਨਿਰੰਕਾਰ, ਸਾਚਾ ਬੇੜਾ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਚੜ੍ਹਾਈਆ। ਹਰਿਜਨ ਸਾਚਾ ਆਪ ਚੜ੍ਹੌਣਾ, ਹਰਿ ਸਾਚੇ ਮਾਰਗ ਲਾਇਆ। ਏਕਾ ਦਰ ਹਰਿ ਸੁਹੌਣਾ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਏਕਾ ਅੱਖਰ ਨਾਮ ਜਪੌਣਾ, ਜਗਤ ਵੱਖਰ ਇਕ ਸੁਹਾਇਆ। ਰੋੜੀ ਸੱਖਰ ਚਰਨ ਛੁਹੌਣਾ, ਸੰਗ ਮੁਹੰਮਦ ਵੇਖ ਵਖਾਇਆ। ਏਕਾ ਨਾਅਰਾ ਆਪਣਾ ਲੌਣਾ, ਮੌਲਾ ਰੂਪ ਸਮਾਇਆ। ਵੇਖ ਵਖਾਣੇ ਅਵਣਾ ਗਵਣਾ, ਅਵਣ ਗਵਣ ਪਾਰ ਕਰਾਇਆ। ਜੋਤ ਜਗਾਏ ਤ੍ਰੈਭਵਨਾ, ਚੌਦਾਂ ਹੱਟਾਂ ਵੇਖ ਵਖਾਇਆ। ਚੌਦਾਂ ਲੋਕ ਵਜਾਏ ਏਕਾ ਪਵਣਾ, ਚੌਦਾਂ ਤਬਕਾਂ ਰਿਹਾ ਹਿਲਾਇਆ। ਹਰਿ ਕਾ ਭੇਵ ਜਾਣੇ ਕਵਣ, ਵੇਦ ਕਤੇਬ ਨਾ ਕੋਈ ਜਣਾਇਆ। ਭੇਖਾ ਧਾਰੀ ਭੇਖ ਧਾਰੇ ਜਿਉਂ ਬਲ ਬਵਨ, ਰੂਪ ਅਨੂਪ ਦਰਸਾਇਆ। ਕਲਜੁਗ ਦੁਸ਼ਟ ਸੰਘਾਰੇ ਜਿਉਂ ਰਾਮਾ ਰਵਣ, ਤੀਰ ਨਿਸ਼ਾਨਾ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਤੀਰ ਨਿਸ਼ਾਨਾ ਮਾਰੇ ਤੀਰ ਦੋ ਜਹਾਨਾ ਵਾਲੀ। ਲੱਖ ਚੁਰਾਸੀ ਰਿਹਾ ਚੀਰ, ਕੋਈ ਤਨ ਨਾ ਦਿਸੇ ਖਾਲੀ। ਹਉਮੇ ਹੰਗਤਾ ਕੱਢੇ ਪੀੜ, ਪਤ ਰਹਿਣ ਨਾ ਦੇਵੇ ਕਿਸੇ ਡਾਲ੍ਹੀ। ਕਲਜੁਗ ਕਾਇਆ ਵੇਖ ਅਖ਼ੀਰ, ਹੋਇਆ ਹਾਲ ਬੇਹਾਲੀ। ਨਾਲ ਰਲਾਏ ਪੀਰ ਫਕੀਰ, ਨਾ ਕੋਈ ਕਰੇ ਸਚ ਦਲਾਲੀ। ਵੇਲੇ ਅੰਤਮ ਲੱਥੇ ਚੀਰ, ਖਾਲੀ ਹੱਥ ਇਕ ਵਖਾਲੀ। ਅਠਸਠ ਤੇਰਾ ਮੁੱਕੇ ਨੀਰ, ਅੰਮ੍ਰਿਤ ਧਾਰ ਨਾ ਮੁਖ ਚਵਾ ਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਸੂਰਬੀਰ, ਆਪਣੀ ਸਿਖਿਆ ਆਪ ਸਿਖਾਲੀ। ਸੂਰਬੀਰ ਹਰਿ ਸੁਲਤਾਨਾ, ਜੋਧਨ ਜੋਧ ਅਖਵਾਇਆ। ਏਕਾ ਚਿੱਲਾ ਤੀਰ ਕਮਾਨਾ, ਬੋਧ ਅਗਾਧ ਸ਼ਬਦ ਲਿਖਾਇਆ। ਖੇਲੇ ਖੇਲ ਦੋ ਜਹਾਨਾ, ਆਦਿ ਜੁਗਾਦਿ ਸਮਾਇਆ। ਏਕਾ ਰਾਗ ਇਕ ਤਰਾਨਾ, ਹਰ ਘਟ ਬ੍ਰਹਿਮਾਦਿ ਅਲਾਇਆ। ਆਪੇ ਦੇਵੇ ਧੁਰ ਫ਼ਰਮਾਨਾ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਜਨ ਭਗਤਾਂ ਬੰਨ੍ਹੇ ਸਾਚਾ ਗਾਨਾ, ਨਾਮ ਤੰਦਨ ਹੱਥ ਉਠਾਇਆ। ਚਰਨ ਧੂੜ ਬਖ਼ਸ਼ੇ ਸਚ ਅਸ਼ਨਾਨਾ, ਬੰਧਨ ਬੰਧ ਕਟਾਇਆ। ਇਕ ਵਖਾਏ ਪਦ ਨਿਰਬਾਨਾ, ਪਰਮਾਨੰਦ ਸਮਾਇਆ। ਗੁਰਮੁਖ ਮੇਲਾ ਵਿਚ ਜਹਾਨਾ, ਹਰਿਜਨ ਸਾਚਾ ਆਪ ਮਿਲਾਇਆ। ਕਰੇ ਪਰਕਾਸ਼ ਕੋਟਨ ਭਾਨਾ, ਅੰਧ ਅੰਧੇਰ ਮਿਟਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੀਵਣ ਦਾਤਾ ਆਪ ਅਖਵਾਇਆ।