Granth 09 Likhat 027: 30 Maghar 2016 Bikarmi Makhan Singh de Ghar Pind Naurangabad Jila Amritsar

੩੦ ਮੱਘਰ ੨੦੧੬ ਬਿਕ੍ਰਮੀ ਮੱਖਣ ਸਿੰਘ ਦੇ ਘਰ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਏਕਾ ਘਰ ਏਕੰਕਾਰ, ਨਿਰਗੁਣ ਆਪਣਾ ਆਪ ਵਸਾਇਆ। ਦੂਜਾ ਮੰਦਰ ਖੋਲ੍ਹ ਕਿਵਾੜ, ਸਚਖੰਡ ਨਾਉਂ ਰਖਾਇਆ। ਤੀਜੇ ਜੋਤ ਕਰ ਉਜਿਆਰ, ਥਿਰ ਘਰ ਸਾਚੇ ਡਗਮਗਾਇਆ। ਚੌਥੇ ਸ਼ਾਹ ਭੂਪ ਸੁਲਤਾਨ, ਸਚ ਸਿੰਘਾਸਣ ਆਸਣ ਲਾਇਆ। ਪੰਚਮ ਖੇਲ ਸ੍ਰੀ ਭਗਵਾਨ, ਆਪ ਆਪਣੀ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਜਣਾਇਆ। ਇਕ ਅਕੱਲਾ ਏਕੰਕਾਰਾ, ਦੂਜਾ ਆਪਣਾ ਨਾਉਂ ਧਰਾਇੰਦਾ। ਤੀਜਾ ਨਾਦ ਸਚੀ ਧੁਨਕਾਰਾ, ਘਰ ਚੌਥੇ ਸ਼ਬਦ ਅਲਾਇੰਦਾ। ਪੰਚਮ ਰੂਪ ਅਗੰਮ ਅਪਾਰਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਜਣਾਇੰਦਾ। ਏਕਾ ਏਕ ਅਕਲ ਕਲ ਧਾਰਾ, ਦੂਜਾ ਮੰਗਲ ਆਪੇ ਗਾਇੰਦਾ। ਤੀਜੇ ਸਾਜਣ ਮੀਤ ਮੁਰਾਰਾ, ਘਰ ਚੌਥੇ ਸਗਨ ਮਨਾਇੰਦਾ। ਪੰਚਮ ਮੇਲਾ ਕੰਤ ਭਤਾਰਾ, ਨਾਰੀ ਨਰ ਨਰਾਇਣ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਜੋਤ ਵਖਾਇੰਦਾ। ਇਕ ਅਕੱਲਾ ਨਿਰਗੁਣ ਧਾਰ, ਆਪਣੀ ਆਪ ਉਪਾਇੰਦਾ। ਦੂਸਰ ਰੰਗ ਸੱਚੀ ਸਰਕਾਰ, ਰੂਪ ਰੇਖ ਨਾ ਕੋਈ ਜਣਾਇੰਦਾ। ਤੀਜਾ ਸੋਹੇ ਬੰਕ ਦਵਾਰ, ਘਰ ਸਾਚੇ ਆਸਣ ਲਾਇੰਦਾ। ਚੌਥਾ ਉਚੀ ਕੂਕੇ ਕਰੇ ਪੁਕਾਰ, ਆਪਣਾ ਰਾਗ ਆਪ ਅਲਾਇੰਦਾ। ਪੰਚਮ ਸਖੀਆਂ ਮੀਤ ਮੁਰਾਰ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਬੰਕ ਸੁਹਾਇੰਦਾ। ਇਕ ਅਕੱਲਾ ਪਾਰਬ੍ਰਹਮ, ਬ੍ਰਹਮ ਵੱਡੀ ਵਡਿਆਈਆ। ਦੂਜੇ ਦਰ ਨਾ ਮਰੇ ਨਾ ਪਏ ਜੰਮ, ਨਾ ਕੋਈ ਤਤ ਰਖਾਈਆ। ਤੀਜੇ ਘਰ ਨਾ ਕੋਈ ਖੁਸ਼ੀ ਨਾ ਕੋਈ ਗਮ, ਸਤਿ ਸੰਤੋਖੀ ਬੈਠਾ ਆਸਣ ਲਾਈਆ। ਚੌਥੇ ਹੱਡ ਮਾਸ ਨਾ ਨਾੜੀ ਚੰਮ, ਪਵਣੀ ਦਮ ਨਾ ਕੋਈ ਰਖਾਈਆ। ਪੰਚਮ ਆਪਣਾ ਜਾਣੇ ਕੰਮ, ਵਡ ਦਾਤਾ ਸ਼ਹਿਨਸ਼ਾਹੀਆ। ਇਕ ਅਕੱਲਾ ਸ਼ਹਿਨਸ਼ਾਹ, ਹਰਿ ਹਰਿ ਆਪਣਾ ਨਾਉਂ ਧਰਾਇੰਦਾ। ਦੂਜੇ ਆਪਣੇ ਬਣੇ ਆਪ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਤੀਜੇ ਘਰ ਸਿਫਤ ਸਲਾਹ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਚੌਥੇ ਘਰ ਨਾਉਂ ਨਿਰੰਕਾਰਾ ਆਪ ਧਰਾ, ਆਪਣਾ ਨਾਉਂ ਵਡਿਆਇੰਦਾ। ਪੰਚਮ ਜੈਕਾਰਾ ਦਏ ਲਗਾ, ਥਿਤ ਵਾਰ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਰੰਗਾਇੰਦਾ। ਇਕ ਓਅੰਕਾਰ ਏਕਾ ਰੰਗ, ਆਦਿ ਜੁਗਾਦਿ ਸਮਾਇੰਦਾ। ਦੂਸਰ ਕੋਈ ਨਾ ਕਰੇ ਭੰਗ, ਨਾ ਕੋਈ ਮੇਟ ਮਿਟਾਇੰਦਾ। ਤੀਜੇ ਮੰਗੇ ਨਾ ਕਿਸੇ ਕੋਲੋਂ ਮੰਗ, ਆਪਣੀ ਭਿਛਿਆ ਆਪਣੇ ਹੱਥ ਰਖਾਇੰਦਾ। ਚੌਥੇ ਵਜਾਏ ਨਾਮ ਮਰਦੰਗ, ਆਪਣਾ ਢੋਲਾ ਆਪੇ ਗਾਇੰਦਾ । ਪੰਚਮ ਆਪੇ ਜਾਣੇ ਆਪਣਾ ਪੰਧ, ਆਪਣਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਟਿਕਾਇੰਦਾ। ਇਕ ਅਕੱਲਾ ਪੁਰਖ ਅਬਿਨਾਸ਼, ਦੂਸਰ ਸੰਗ ਨਾ ਕੋਈ ਰਖਾਈਆ। ਦੂਜਾ ਖੇਲੇ ਖੇਲ ਸਚ ਤਮਾਸ਼, ਘਰ ਸਾਚੇ ਰਚਨ ਰਚਾਈਆ। ਤੀਜੇ ਦੇਵੇ ਆਪਣਾ ਆਪ ਧਰਵਾਸ, ਆਪ ਆਪਣਾ ਸੰਗ ਰਖਾਈਆ। ਚੌਥੇ ਘਰ ਕਰ ਪ੍ਰਕਾਸ਼, ਆਪਣਾ ਦੀਪ ਕਰੇ ਰੁਸ਼ਨਾਈਆ। ਪੰਚਮ ਵਸੇ ਆਸ ਪਾਸ, ਦਰ ਸੁਹੰਜਣਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਸੋਹੇ ਇਕ ਦਵਾਰ, ਦਰ ਦਵਾਰਾ ਇਕ ਵਡਿਆਈਆ। ਸੋ ਪੁਰਖ ਨਿਰੰਜਨ ਇਕ ਅਕੱਲਾ, ਏਕਾ ਘਰ ਵਸਾਇਆ। ਹਰਿ ਪੁਰਖ ਨਿਰੰਜਨ ਦੂਜਾ ਰਲਾ, ਆਪ ਆਪਣਾ ਖੇਲ ਖਿਲਾਇਆ। ਏਕੰਕਾਰਾ ਫੜਿਆ ਪੱਲਾ, ਦਰ ਤੀਜੇ ਸੋਭਾ ਪਾਇਆ। ਆਦਿ ਨਿਰੰਜਨ ਨਿਰਗੁਣ ਬਾਤੀ ਆਪੇ ਬਲਾ, ਘਰ ਚੌਥੇ ਕਰ ਰੁਸ਼ਨਾਇਆ। ਸ੍ਰੀ ਭਗਵਾਨ ਵਸਣਹਾਰਾ ਨੇਹਚਲ ਧਾਮ ਅਟੱਲਾ, ਸਚਖੰਡ ਦਵਾਰਾ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਵੇਖੇ ਏਕਾ ਘਰ ਆਪ ਆਪਣਾ ਨਾਉਂ ਧਰਾਇਆ। ਪੰਚਮ ਮੀਤਾ ਪੰਚਮ ਜੋਗ, ਪੰਚਮ ਰਾਜ ਕਮਾਈਆ। ਪੰਚਮ ਸੁਣਾਏ ਸਚ ਸਲੋਕ, ਧੁਰ ਫ਼ਰਮਾਣਾ ਇਕ ਰਖਾਈਆ। ਸਾਚਾ ਹੁਕਮ ਨਾ ਸਕੇ ਕੋਈ ਰੋਕ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਾਚੇ ਘਰ, ਅਬਿਨਾਸ਼ੀ ਕਰਤਾ ਰਚਨ ਰਚਾਈਆ। ਪੰਚਮ ਜੋੜ ਜੋੜ ਜੁੜਾਇਆ, ਆਪ ਆਪਣਾ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਵੇਸ ਵਟਾਇਆ, ਪੰਚਮ ਮੁਖ ਖੁਲ੍ਹਾਇੰਦਾ। ਪਾਰਬ੍ਰਹਮ ਹਰਿ ਰੂਪ ਧਰ ਆਇਆ, ਨਿਰਗੁਣ ਆਪਣੀ ਕਲ ਵਰਤਾਇੰਦਾ। ਆਪਣੇ ਦਰ ਮਤਾ ਪਕਾਇਆ, ਆਪ ਆਪਣਾ ਹੁਕਮ ਸੁਣਾਇੰਦਾ। ਆਪਣੀ ਇਛਿਆ ਪੂਰ ਕਰਾਇਆ, ਸਾਚੀ ਭਿਛਿਆ ਇਕ ਵਖਾਇੰਦਾ। ਕੁਦਰਤ ਦੂਜੀ ਵੇਖਣ ਆਇਆ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੀਜੇ ਤਿੰਨਾਂ ਸੇਵਾ ਲਾਇਆ, ਆਪ ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਤ੍ਰੈਗੁਣ ਮਾਇਆ ਬਣਤ ਬਣਾਇਆ, ਚੌਥੇ ਮੰਦਰ ਆਪ ਸੁਹਾਇੰਦਾ। ਪੰਜ ਤਤ ਜੋੜ ਜੁੜਾਇਆ, ਕਾਇਆ ਮਾਟੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਨ ਪੁਰਖ ਅਬਿਨਾਸ਼ਨ, ਆਪ ਆਪਣਾ ਆਸਣ ਲਾਇੰਦਾ। ਸੋ ਪੁਰਖ ਨਿਰੰਜਨ ਸਚ ਸਿੰਘਾਸਣ, ਹਰਿ ਨਰ ਸਾਚਾ ਸੋਭਾ ਪਾਈਆ। ਹਰਿ ਪੁਰਖ ਨਿਰੰਜਨ ਦਾਸੀ ਦਾਸਨ, ਆਪਣਾ ਨਾਉਂ ਧਰਾਈਆ। ਏਕੰਕਾਰਾ ਕਰੇ ਖੇਲ ਆਸ ਪਾਸਨ, ਸਚ ਵਿਚੋਲਾ ਰੂਪ ਵਟਾਈਆ। ਆਦਿ ਨਿਰੰਜਨ ਹਰਿ ਹੋ ਪ੍ਰਕਾਸ਼ਨ, ਸਚ ਮਸਾਲਚੀ ਨਾਉਂ ਧਰਾਈਆ। ਸ੍ਰੀ ਭਗਵਾਨ ਪਾਵੇ ਰਾਸਨ, ਆਪਣੀ ਰਚਨਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਵੇਖੇ ਸਹਿਜ ਸੁਖਦਾਈਆ। ਪੰਚਮ ਮੇਲਾ ਪੰਚਮ ਲਾਇਆ, ਪੰਚਮ ਵੱਜੀ ਵਧਾਈਆ। ਪੰਚਮ ਦਰ ਘਰ ਇਕ ਸੁਹਾਇਆ, ਘਰ ਸਾਚਾ ਇਕ ਵੇਖ ਵਖਾਈਆ। ਪੰਚਮ ਏਕਾ ਜੋਗ ਜਣਾਇਆ, ਪੰਚਮ ਇਕ ਪੜ੍ਹਾਈਆ। ਪੰਚਮ ਇਕ ਸਲੋਕ ਸੁਣਾਇਆ, ਪੰਚਮ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਦਏ ਸਮਝਾਈਆ। ਪੰਚਮ ਲੇਖਾ ਏਕਾ ਧਾਰ, ਹਰਿ ਆਪਣੀ ਬਣਤ ਬਣਾਇੰਦਾ। ਸੋ ਪੁਰਖ ਨਿਰੰਜਣ ਕਹੇ ਪੁਕਾਰ, ਹਰਿ ਪੁਰਖ ਨਿਰੰਜਣ ਨਾਲ ਰਲਾਇੰਦਾ। ਏਕੰਕਾਰਾ ਕਰ ਵਿਚਾਰ, ਆਦਿ ਨਿਰੰਜਨ ਆਪ ਉਠਾਇੰਦਾ। ਸ੍ਰੀ ਭਗਵਾਨ ਹੋ ਤਿਆਰ, ਪੰਚਾਂ ਜੋੜ ਜੁੜਾਇੰਦਾ। ਏਕਾ ਵਸੇ ਸਚ ਦਵਾਰ, ਸਚ ਮਹੱਲਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਡੇਰਾ ਲਾਇੰਦਾ। ਸ੍ਰੀ ਭਗਵਾਨ ਸਚ ਸੁਲਤਾਨ, ਸਾਚੀ ਦਏ ਸਲਾਹੀਆ। ਆਦਿ ਨਿਰੰਜਣ ਵੱਡ ਮਿਹਰਵਾਨ, ਮਿਹਰ ਮਿਹਰ ਵਿਚ ਟਿਕਾਈਆ। ਏਕੰਕਾਰਾ ਸਚ ਨਿਸ਼ਾਨ, ਸਾਚਾ ਰਿਹਾ ਵਖਾਈਆ। ਹਰਿ ਪੁਰਖ ਵਡ ਬਲਵਾਨ, ਸੂਰਬੀਰ ਨਾਉਂ ਧਰਾਈਆ। ਸੋ ਪੁਰਖ ਨਿਰੰਜਣ ਏਕਾ ਆਣ, ਏਕਾ ਲੇਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸੋਭਾ ਪਾਈਆ। ਸੋ ਪੁਰਖ ਨਿਰੰਜਣ ਸਾਚਾ ਮੀਤ, ਹਰਿ ਪੁਰਖ ਨਿਰੰਜਣ ਦਏ ਸਲਾਹੀਆ। ਘਰ ਸਾਚੇ ਦੀ ਸਾਚੀ ਰੀਤ, ਏਕੰਕਾਰਾ ਵੇਖ ਵਖਾਈਆ। ਆਦਿ ਨਿਰੰਜਣ ਧਾਮ ਅਨਡੀਠ, ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਪਤਿਤ ਪੁਨੀਤ, ਆਪ ਆਪਣਾ ਨਾਉਂ ਧਰਾਈਆ। ਪੰਜਾਂ ਗਾਇਆ ਏਕਾ ਗੀਤ, ਸੁਰ ਤਾਲ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਪੰਚਮ ਰਾਗ ਤਾਰ ਸਤਾਰ, ਏਕਾ ਏਕ ਮੁਖ ਸਲਾਹਿਆ। ਪੰਚਮ ਲੇਖਾ ਆਪਣਾ ਆਪੇ ਲਿਖ, ਆਪਣਾ ਮਤਾ ਪਕਾਇਆ। ਪੰਚਮ ਬਹਿ ਬਹਿ ਪਾਏ ਭਿਖ, ਹਰਿ ਝੋਲੀ ਅੱਗੇ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਪੰਚਮ ਮੇਲਾ ਸਾਚੀ ਬਣਤ, ਸਾਚੇ ਘਰ ਬਣਾਈਆ। ਆਪਣੀ ਮਹਿਮਾ ਲੇਖਾ ਅਗਣਤ, ਆਪਣੇ ਵਿਚ ਟਿਕਾਈਆ। ਆਪੇ ਆਦਿ ਆਪੇ ਅੰਤ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਪੰਚਮ ਖੇਲ ਪੁਰਖ ਕਰਤਾਰਾ, ਹਰਿ ਆਪਣਾ ਆਪ ਕਰਾਇੰਦਾ। ਪੰਚਮ ਦੇਵੇ ਸਚ ਸਿਕਦਾਰਾ, ਸਾਚਾ ਦਰ ਸੁਹਾਇੰਦਾ। ਪੰਚਮ ਬੋਲ ਇਕ ਜੈਕਾਰਾ, ਧੁਰ ਫ਼ਰਮਾਣਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਜ ਬਣਤ ਆਪ ਵਖਾਇੰਦਾ। ਦਰ ਘਰ ਸਾਚੇ ਸਾਚਾ ਰਾਜ, ਹਰਿ ਸਾਚਾ ਆਪ ਬਣਾਈਆ। ਪੰਚਮ ਆਪਣਾ ਸਾਜਨ ਸਾਜ, ਪੰਚਮ ਕਰੇ ਸਲਾਹੀਆ। ਪੰਚਮ ਉਠਾਏ ਏਕਾ ਵਾਜ, ਏਕਾ ਰੂਪ ਦਰਸਾਈਆ। ਕਵਣ ਬਣੇ ਗਰੀਬ ਨਿਵਾਜ, ਜੋ ਨਿਉਂ ਨਿਉਂ ਸੀਸ ਝੁਕਾਈਆ। ਸਿਰ ਆਪਣੇ ਉਪਰ ਰੱਖੇ ਤਾਜ, ਸੇਵਕ ਹੋ ਹੋ ਸੇਵ ਕਮਾਈਆ। ਆਪਣੀ ਰੱਖੇ ਆਪੇ ਲਾਜ, ਲਾਜਾਵੰਤ ਨਾਉਂ ਧਰਾਈਆ। ਆਪਣਾ ਰਚੇ ਅਗੰਮੀ ਕਾਜ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਦਿਸ ਨਾ ਆਈਆ। ਪੰਚਮ ਘਰ ਮਤਾ ਪਕਾਇਆ। ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਏਕੰਕਾਰਾ, ਆਦਿ ਨਿਰੰਜਨ ਸ੍ਰੀ ਭਗਵਾਨ ਮੇਲ ਮਿਲਾਇਆ । ਅਬਿਨਾਸ਼ੀ ਕਰਤਾ ਬਣੇ ਸਾਚਾ ਸੱਜਣ, ਘਰ ਸਾਚੇ ਸੋਭਾ ਪਾਇਆ। ਪਾਰਬ੍ਰਹਮ ਪ੍ਰਭ ਰੱਖੇ ਲੱਜਣ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਵਖਾਇਆ। ਸਚ ਘਰ ਸਾਚਾ ਆਪ ਸੁਹਾਏ, ਹਰਿ ਸਾਚੇ ਵਡ ਵਡਿਆਈਆ। ਸਾਚਾ ਤਾਜ ਇਕ ਬਣਾਏ, ਆਪਣਾ ਲੇਖਾ ਆਪ ਸਮਝਾਈਆ। ਪੰਜ ਦਸ ਵੰਡ ਵੰਡਾਏ, ਨੌ ਚਾਰ ਵੱਜੇ ਵਧਾਈਆ। ਤ੍ਰੈ ਤ੍ਰੈ ਲੇਖਾ ਆਪ ਜਣਾਏ, ਰੂਪ ਰੰਗ ਨਾ ਕੋਇ ਵਖਾਈਆ। ਪੰਚਮ ਮੁਖ ਆਪ ਸਾਲਾਹੇ, ਬੱਤੀ ਦੰਦ ਨਾ ਕੋਇ ਖੁਲ੍ਹਾਈਆ। ਨੇਤਰ ਨੈਣ ਨਾ ਕੋਈ ਪਰਗਟਾਏ, ਹੱਥ ਫੜ ਨਾ ਕੋਏ ਉਠਾਈਆ। ਨਿਰਗੁਣ ਨਿਰਗੁਣ ਸੀਸ ਟਿਕਾਏ, ਨਿਰਗੁਣ ਆਪਣੀ ਗੰਢ ਪਵਾਈਆ। ਸਾਚਾ ਰਾਜ ਆਪ ਕਮਾਏ, ਹਰਿ ਦਾਤਾ ਬੇਪਰਵਾਹੀਆ। ਸਚ ਤਖਤ ਸੁਲਤਾਨ ਬਹਿ ਬਹਿ ਆਪਣਾ ਜੋਗ ਵਖਾਏ, ਆਪ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਈਆ। ਸਾਚਾ ਤਾਜ ਰੱਖ ਸੀਸ, ਸੋ ਪੁਰਖ ਨਿਰੰਜਨ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਬਣ ਜਗਦੀਸ, ਆਪ ਆਪਣਾ ਸੀਸ ਝੁਕਾਇੰਦਾ। ਏਕੰਕਾਰਾ ਛਤਰ ਝੁਲਾਏ ਸੀਸ, ਆਪ ਆਪਣੀ ਸੇਵ ਲਗਾਇੰਦਾ। ਆਦਿ ਨਿਰੰਜਨ ਆਪ ਆਪਣਾ ਪੀਸਨ ਪੀਸ, ਆਪ ਆਪਣਾ ਬਲ ਧਰਾਇੰਦਾ। ਸ੍ਰੀ ਭਗਵਾਨ ਇਕ ਹਦੀਸ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਜ ਇਕ ਵਖਾਇੰਦਾ। ਸਾਚਾ ਤਾਜ ਤਖ਼ਤ ਸੁਲਤਾਨ, ਹਰਿ ਸਾਚਾ ਆਪ ਸੁਹਾਈਆ। ਪਹਿਲੇ ਘਰ ਹੋਇਆ ਮਿਹਰਵਾਨ, ਦੂਜੇ ਦਰ ਦਏ ਵਡਿਆਈਆ। ਤੀਜੇ ਘਰ ਹੋ ਪਰਧਾਨ, ਚੌਥਾ ਮੇਲਾ ਸਹਿਜ ਸੁਭਾਈਆ। ਪੰਚਮ ਵੇਖੇ ਨਾਮ ਨਿਸ਼ਾਨ, ਆਪ ਆਪਣਾ ਹੱਥ ਉਠਾਈਆ। ਆਪਣੀ ਰੱਖੇ ਆਪੇ ਆਣ, ਆਪਣੇ ਹੁਕਮ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤਖ਼ਤ ਬੈਠ ਸਾਚਾ ਰਾਜ ਕਮਾਈਆ। ਸਚ ਤਖ਼ਤ ਬੈਠ ਸਿਕਦਾਰਾ, ਸਾਚਾ ਹੁਕਮ ਸੁਣਾਇੰਦਾ। ਅਬਿਨਾਸ਼ੀ ਕਰਤਾ ਦਰ ਦਰਬਾਨਾ, ਦਰ ਦਵਾਰੇ ਸੋਭਾ ਪਾਇੰਦਾ। ਆਪੇ ਬਣਿਆ ਸਾਚਾ ਰਾਣਾ, ਆਪਣੀ ਰਯੀਅਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਅਬਿਨਾਸ਼ੀ ਕਰਤਾ ਖੋਲ੍ਹ ਦਰਵਾਜ਼ਾ, ਆਪਣੀ ਸੇਵ ਕਮਾਇੰਦਾ। ਖੇਲੇ ਖੇਲ ਗਰੀਬ ਨਿਵਾਜ਼ਾ, ਆਪਣਾ ਹੁਕਮ ਜਣਾਇੰਦਾ। ਪਾਰਬ੍ਰਹਮ ਹਰਿ ਸਾਜਨ ਸਾਜਾ, ਸਾਚਾ ਰੂਪ ਵਟਾਇੰਦਾ। ਆਪੇ ਬਹਿ ਬਹਿ ਮਾਰੇ ਵਾਜਾ, ਆਪੇ ਮੇਲ ਮਿਲਾਇੰਦਾ। ਆਪੇ ਰਚਿਆ ਆਪਣਾ ਕਾਜਾ, ਆਪੇੇ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਪਾਰਬ੍ਰਹਮ ਰੂਪ ਕਰਤਾਰਾ, ਆਪਣਾ ਆਪ ਵਟਾਈਆ। ਆਪੇ ਮੇਲਾ ਕੰਤ ਭਤਾਰਾ, ਆਪੇ ਸੇਜ ਹੰਢਾਈਆ। ਆਪੇ ਕਰੇ ਸਚ ਪਿਆਰਾ, ਆਪੇ ਗਲੇ ਲਗਾਈਆ। ਆਪੇ ਬਖ਼ਸ਼ੇ ਸੁਤ ਦੁਲਾਰਾ, ਏਕਾ ਵਸਤ ਝੋਲੀ ਪਾਈਆ। ਆਪ ਵਖਾਏ ਸਚ ਭੰਡਾਰਾ, ਆਪ ਦਏ ਵਰਤਾਈਆ। ਸੋ ਪੁਰਖ ਨਿਰੰਜਨ ਖੇਲ ਅਪਾਰਾ, ਆਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਇਹ ਸਮਝਾਈਆ। ਪਾਰਬ੍ਰਹਮ ਘਰ ਦਰਬਾਰ, ਆਏ ਸਚ ਦਵਾਰਿਆ। ਤਖਤ ਬੈਠ ਸੱਚੀ ਸਰਕਾਰ, ਦੇਵੇ ਹਰਿ ਧੁਰ ਫ਼ਰਮਾਨਿਆ। ਤੇਰਾ ਮੇਰਾ ਇਕ ਪਿਆਰ, ਤੇਰਾ ਰੂਪ ਬਾਲ ਅੰਜਾਣਿਆ। ਤੇਰੀ ਵੰਡ ਸਰਬ ਸੰਸਾਰ, ਤੇਰੀ ਰਚਨਾ ਜਗਤ ਮਹਾਨਿਆ। ਮੇਰਾ ਤਾਜ ਤੇਰੀ ਦਸਤਾਰ, ਸੀਸ ਤੇਰਾ ਇਕ ਸੋਭਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਧੁਰ ਫ਼ਰਮਾਨਿਆ। ਪਾਰਬ੍ਰਹਮ ਕਰ ਨਿਮਸਕਾਰ, ਆਪਣੇ ਅੱਗੇ ਆਪੇ ਸੀਸ ਝੁਕਾਈਆ। ਆਪੇ ਦਾਤਾ ਸ਼ਾਹ ਸਿਕਦਾਰ, ਆਪੇ ਹੁਕਮ ਸੁਣਾਈਆ। ਆਪੇ ਬਣਿਆ ਚੋਬਦਾਰ, ਆਪਣੀ ਸੇਵ ਕਮਾਈਆ। ਆਪੇ ਬੋਲ ਸਚ ਜੈਕਾਰ, ਆਪੇ ਲਏ ਬੁਲਾਈਆ। ਆਪੇ ਵੰਡੇ ਵੰਡ ਅਪਰ ਅਪਾਰ, ਵੰਡਣਹਾਰਾ ਆਪ ਹੋ ਜਾਈਆ। ਆਪੇ ਪਾਰਬ੍ਰਹਮ ਕਰੇ ਪਿਆਰ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਸੁਹਾਇਆ, ਪਾਰਬ੍ਰਹਮ ਦਰ ਆਇਆ। ਸੋ ਪੁਰਖ ਨਿਰੰਜਨ ਹੁਕਮ ਸੁਣਾਇਆ। ਤਖ਼ਤ ਤਾਜ ਇਕ ਵਖਾਇਆ। ਇਕ ਦਰਬਾਰਾ ਆਪ ਉਪਾਇਆ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਜਣਾਇਆ। ਪਾਰਬ੍ਰਹਮ ਮੰਗੇ ਮੰਗ, ਸਚ ਦਵਾਰੇ ਝੋਲੀ ਡਾਹੀਆ। ਆਪੇ ਦਾਤਾ ਬਣ ਸਰਬੰਗ, ਵਡ ਦਾਨੀ ਨਾਉਂ ਧਰਾਈਆ। ਆਪ ਲਗਾਏ ਆਪਣੇ ਅੰਗ, ਆਪ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਵੇਖ ਵਖਾਈਆ। ਪਾਰਬ੍ਰਹਮ ਮੰਗੇ ਮੰਗ, ਆਪਣੀ ਝੋਲੀ ਅੱਗੇ ਡਾਹੀਆ। ਆਪਣਾ ਘਰ ਆਪੇ ਕਾਰਜ ਅਨੰਦ, ਅਨੰਦ ਅਨੰਦ ਵੱਜੇ ਵਧਾਈਆ। ਤੇਰਾ ਰੂਪ ਮੇਰਾ ਬੰਦ, ਏਕਾ ਏਕ ਹੋਏ ਕੁੜਮਾਈਆ। ਤੇਰਾ ਨਾਮ ਮੇਰਾ ਛੰਦ, ਮੇਰਾ ਛੰਦ ਤੇਰਾ ਨਾਮ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਝੋਲੀ ਪਾਈਆ। ਸੋ ਪੁਰਖ ਨਿਰੰਜਨ ਵਡ ਮਿਹਰਵਾਨਾ, ਆਪਣੀ ਦਇਆ ਕਮਾਇੰਦਾ। ਤੇਰੀ ਵੰਡ ਦੋ ਜਹਾਨਾਂ, ਕਰਨੀ ਕਰਤਾ ਆਪ ਕਰਾਇੰਦਾ। ਬ੍ਰਹਮ ਰੂਪ ਕਰ ਪਰਧਾਨਾ, ਸਰਗੁਣ ਸੰਗ ਨਿਭਾਇੰਦਾ। ਤਿੰਨ ਪੰਜ ਖੇਲ ਆਪ ਕਰਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਸਮਝਾਇੰਦਾ। ਪਾਰਬ੍ਰਹਮ ਉਠ ਲੈ ਅੰਗੜਾਈ, ਆਪ ਆਪਣਾ ਖੇਲ ਖਿਲਾਇਆ। ਤੇਰਾ ਹੁਕਮ ਰਿਹਾ ਬੁਝਾਈ, ਤੇਰਾ ਭਾਣਾ ਸੀਸ ਉਠਾਇਆ। ਆਪਣੀ ਹੱਥੀਂ ਲਿਖਦੇ ਵੱਡੇ ਸ਼ਹਿਨਸ਼ਾਹੀ, ਨਾ ਕੋਈ ਮੇਟੇ ਮੇਟ ਮਿਟਾਇਆ। ਕੋਈ ਨਾ ਰੱਖਣੀ ਕਲਮ ਛਾਹੀ, ਕਾਗਜ ਕੋਇ ਦਿਸ ਨਾ ਆਇਆ। ਤੇਰੇ ਨਾਉਂ ਲੇਖਾ ਬੇਪਰਵਾਹੀ, ਨਾ ਕੋਈ ਮੇਟੇ ਮੇਟ ਮਿਟਾਇਆ। ਪਾਰਬ੍ਰਹਮ ਘਰ ਬ੍ਰਹਮ ਜੰਮੇ ਚਾਈਂ ਚਾਈਂ, ਦਾਈ ਦਾਇਆ ਨਾ ਕੋਇ ਲਗਾਇਆ। ਸਦਾ ਸਦ ਰੱਖੇ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੀਸ ਤਾਜ ਆਪਣੀ ਹੱਥੀਂ ਫੜ, ਸਿਰ ਆਪਣੇ ਉਤੋਂ ਲਾਹਿਆ। ਹੱਥ ਫੜ ਤਾਜ ਨਿਰੰਕਾਰ, ਪਾਰਬ੍ਰਹਮ ਸਮਝਾਇੰਦਾ। ਏਕਾ ਏਕ ਕਰ ਆਕਾਰ, ਏਕੰਕਾਰਾ ਨਾਉਂ ਉਪਾਇੰਦਾ। ਊੜਾ ਅੱਖਰ ਖੇਲ ਅਪਾਰ, ਭੇਵ ਕਿਸੇ ਨਾ ਆਇੰਦਾ। ਐੜਾ ਅੱਖ ਇਕ ਉਘਾੜ, ਆਪਣਾ ਰੂਪ ਵਟਾਇੰਦਾ। ਏਕਾ ਇਸ਼ਟ ਹਰਿ ਕਰਤਾਰ, ਈੜੀ ਮੁਖ ਸਲਾਹਿੰਦਾ। ਸੱਸਾ ਕਿਲਾ ਕਰ ਤਿਆਰ, ਹਰਿ ਸਾਚਾ ਬਣਤ ਬਣਾਇੰਦਾ। ਚੌਥਾ ਅੱਖਰ ਚਾਰ ਦੀਵਾਰ, ਚਾਰੋਂ ਕੁੰਟ ਰਖਾਇੰਦਾ। ਆਪ ਰਖਾਇਆ ਅੱਧ ਵਿਚਕਾਰ, ਤਾਜ ਮੁਖੀ ਮੁਖ ਸਲਾਹਿੰਦਾ। ਹੰ ਬ੍ਰਹਮ ਅੰਦਰ ਵਾੜ, ਪਾਰਬ੍ਰਹਮ ਤੇਰੀ ਗੋਦ ਬਹਾਇੰਦਾ। ਸੋਹੰ ਰੂਪ ਕਰ ਕਰਤਾਰ, ਆਪਣਾ ਲੇਖਾ ਆਪ ਲਿਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤ੍ਰੈਗੁਣ ਮਾਇਆ ਕਰ ਤਿਆਰ, ਲੱਖ ਚੁਰਾਸੀ ਤੇਰੀ ਝੋਲੀ ਪਾਇੰਦਾ। ਵਿਸ਼ਨੂੰ ਖੇਲ ਕਰੇ ਅਪਾਰ, ਸਿਰ ਸਿਰ ਰਿਜਕ ਸਬਾਇੰਦਾ। ਭਗਵਨ ਜੋਤ ਦਏ ਆਧਾਰ, ਘਟ ਘਟ ਦੀਵਾ ਆਪ ਜਗਾਇੰਦਾ। ਸ਼ੇਰ ਰੂਪ ਮਹਾਂਬਲੀ ਵਰਤੇ ਵਰਤਾਰ, ਵਿਚ ਸੰਸਾਰਾ ਸਿੰਘ ਆਪਣਾ ਨਾਉਂ ਉਪਾਇੰਦਾ। ਮਾਰਨਹਾਰਾ ਸਾਚੀ ਮਾਰ, ਦਿਸ ਕਿਸੇ ਨਾ ਆਇੰਦਾ। ਤੇਰਾ ਤੇਰੇ ਜਨ ਲਏ ਤਾਰ, ਸਾਚਾ ਰਾਜ ਕਮਾਇੰਦਾ। ਮਹਾਂ ਰਾਜ ਕਰੇ ਵਿਚ ਸੰਸਾਰ, ਮਹਾਰਾਜ ਆਪਣਾ ਨਾਉਂ ਧਰਾਇੰਦਾ। ਆਪਣਾ ਮਹੱਲਾ ਆਪੇ ਲਏ ਉਸਾਰ, ਆਪੇ ਵੇਖ ਵਖਾਇੰਦਾ। ਪਾਰਬ੍ਰਹਮ ਨੌ ਸੌ ਚੁਰਾਨਵੇ ਚੌਕੜੀ ਜੁਗ ਰਹਿਣਾ ਸੇਵਾਦਾਰ, ਅਗਲਾ ਪੰਧ ਫੇਰ ਵਖਾਇੰਦਾ। ਪਰਗਟ ਹੋ ਆਪ ਨਿਰੰਕਾਰ, ਤੇਰਾ ਲਹਿਣਾ ਮੂਲ ਚੁਕਾਇੰਦਾ। ਨਾਉਂ ਰੱਖ ਕਲਕੀ ਅਵਤਾਰ, ਆਪਣੀ ਕਲ ਵਰਤਾਇੰਦਾ। ਸੋਹੰ ਸ਼ਬਦ ਕਰ ਪਿਆਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਅਖਵਾਇੰਦਾ। ਸੀਸ ਰੱਖ ਤਾਜ ਦਸਤਾਰ, ਸਚਖੰਡ ਦਵਾਰਾ ਲੋਕਮਾਤ ਜਣਾਇੰਦਾ। ਆਪੇ ਲੇਖ ਲਿਖਣਹਾਰ, ਲੇਖਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਵੇਸ ਹਰਿ, ਪ੍ਰਿਥਮੀ ਆਕਾਸੀ ਖੇਲ ਖਿਲਾਇੰਦਾ।