Granth 06 Likhat 061: 3 Chet 2014 Bikarmi Inder Singh de Ghar 21 Parivaran da Ikath hoyia te Shabad di Kirpa Pind naurangabad Jila Amritsar

੪ ਚੇਤ ੨੦੧੪ ਬਿਕ੍ਰਮੀ ਮੱਸਾ ਸਿੰਘ ਦੇ ਘਰ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਤੇ ਸ਼ਬਦ ਦੀ ਕਿਰਪਾ ਕੀਤੀ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਦਾਤਾ ਦਾਨੀ ਮਿਹਰਵਾਨ, ਏਕਾ ਏਕ ਅਖਵਾਇੰਦਾ। ਜਨ ਭਗਤਾਂ ਵੇਖੇ ਮਾਰ ਧਿਆਨ, ਜੁਗ ਜੁਗ ਬਣਤ ਬਣਾਇੰਦਾ। ਧਰਮ ਝੁਲਾਏ ਇਕ ਨਿਸ਼ਾਨ, ਆਪਣਾ ਸੰਗ ਨਿਭਾਇੰਦਾ। ਨਾਮ ਬਿਠਾਏ ਸਚ ਬਿਬਾਣ, ਪੁਰੀਆਂ ਲੋਆਂ ਪਾਰ ਕਰਾਇੰਦਾ। ਇਕ ਜਣਾਏ ਧੁਰ ਫ਼ਰਮਾਣ, ਸਾਚਾ ਸ਼ਬਦ ਮਿਲਾਇੰਦਾ। ਚਰਨ ਕਵਲ ਬਖ਼ਸ਼ੇ ਜਿਸ ਧਿਆਨ, ਆਤਮ ਬ੍ਰਹਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜੁਗਤੀ ਆਪਣੀ ਆਪ ਵਟਾਇੰਦਾ। ਭਗਤ ਸੁਹੇਲਾ ਸਾਚਾ ਮੀਤਾ, ਹਰਿ ਹਰਿ ਗੋਬਿੰਦਾ। ਵੇਖ ਵਿਖਾਣੇ ਹਸਤ ਕੀਟਾਂ, ਆਪੇ ਜਾਣੇ ਦੁਸ਼ਟ ਦੁਰਾਚਾਰ ਜੋ ਕਰਨ ਨਿੰਦਾ। ਗੁਰਮੁਖ ਵਿਰਲੇ ਨਾਮ ਨਿਧਾਨ ਅੰਮ੍ਰਿਤ ਮਦਿ ਪੀਤਾ, ਦੂਈ ਦਵੈਤੀ ਤੋੜੇ ਜਿੰਦਾ। ਸਾਚਾ ਰਾਗ ਸ਼ਬਦ ਇਕ ਅਲਾਏ, ਅਨਹਦ ਸਾਚੀ ਸੇਵਾ ਲਾਏ, ਵੇਖ ਵਖਾਏ ਅਠਾਰਾਂ ਧਿਆਏ ਗੀਤਾ। ਪਾਰਬ੍ਰਹਮ ਪ੍ਰਭ ਭਰਮ ਚੁਕਾਏ, ਏਕਾ ਰਾਗ ਕੰਨ ਸੁਣਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਗ ਲਗਾਏ ਕਾਇਆ ਦਿਹੁਰਾ ਮੰਦਰ ਮਸੀਤਾ। ਕਾਇਆ ਮੰਦਰ ਸਚ ਦਵਾਰਾ, ਹਰਿ ਸਾਚੇ ਜੋਤ ਜਗਾਈਆ। ਮੇਟ ਮਿਟਾਏ ਧੁੰਦੂਕਾਰਾ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਸ਼ਬਦ ਸਿੰਘਾਸਣ ਅਪਰ ਅਪਾਰਾ। ਪਾਵਾ ਚੂਲ ਨਾ ਕੋਈ ਰਖਾਈਆ। ਗੁਰਮੁਖ ਸਾਚੇ ਕਰ ਪਿਆਰਾ, ਬੈਠਾ ਗੋਦ ਉਠਾਈਆ। ਕੰਤ ਸੁਹਾਗੀ ਸਾਚੀ ਨਾਰਾ, ਆਪਣੇ ਅੰਗ ਲਗਾਈਆ। ਏਕਾ ਦੇਵੇ ਨਾਮ ਹੁਲਾਰਾ, ਸਾਚਾ ਝੂਲਾ ਰਿਹਾ ਝੁਲਾਈਆ। ਨਾ ਕੋਈ ਦੀਸੇ ਚਾਰ ਦਿਵਾਰਾ, ਛੱਪਰ ਛੰਨ ਨਾ ਕੋਇ ਟਿਕਾਈਆ। ਚਾਰੋਂ ਕੁੰਟ ਅੰਮ੍ਰਿਤ ਧਾਰਾ, ਠੰਢੀ ਠਾਰ ਰਖਾਈਆ। ਪੰਚਮ ਗਾਇਣ ਵਾਰੋ ਵਾਰਾ, ਪ੍ਰਭ ਸਾਚੀ ਸੇਵਾ ਲਾਈਆ। ਅਨਹਦ ਵੱਜੇ ਤਾਲ ਤਲਵਾੜਾ, ਬਹੱਤਰ ਨਾੜਾ ਰਿਹਾ ਹਿਲਾਈਆ। ਦਸਮ ਦਵਾਰੀ ਸਚ ਅਖਾੜਾ, ਹਰਿ ਸਾਚਾ ਮੰਗਲ ਗਾਈਆ। ਗੁਰਮੁਖ ਸਾਜਨ ਸਾਚਾ ਲਾੜਾ, ਸਾਚੇ ਘੋੜੇ ਰਿਹਾ ਚੜ੍ਹਾਈਆ। ਦਰ ਦਵਾਰੇ ਸਾਚਾ ਵਾੜਾ, ਮਿਲਿਆ ਮੇਲ ਸਾਚੇ ਮਾਹੀਆ। ਨਾ ਕੋਈ ਦੀਸੇ ਪੰਚਮ ਧਾੜਾ, ਹੱਡ ਮਾਸ ਨਾੜੀ ਰਤ ਦਿਸ ਨਾ ਆਈਆ। ਚੰਦ ਸੂਰਜ ਮੰਡਲ ਨਾ ਕੋਈ ਤਾਰਾ, ਬੈਠਾ ਚਰਨਾਂ ਹੇਠ ਦਬਾਈਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰਾ, ਏਕਾ ਧਾਮ ਸੁਹਾਈਆ। ਸੁਨ ਅਗੰਮੀ ਪਾਰ ਕਿਨਾਰਾ, ਏਕਾ ਏਕ ਰਖਾਈਆ। ਸੋਹੰ ਸ਼ਬਦ ਸਚ ਸਿਤਾਰਾ, ਸਤਿਗੁਰ ਪੂਰਾ ਰਿਹਾ ਚੜ੍ਹਾਈਆ। ਸੋ ਪੁਰਖ ਨਿਰੰਜਣ ਏਕੰਕਾਰਾ, ਏਕਾ ਰੰਗ ਸਮਾਈਆ। ਹੰ ਹੰਗਤਾ ਦੇਵੇ ਮਾਰਾ, ਆਤਮ ਬ੍ਰਹਮ ਮਿਲਾਈਆ। ਏਕਾ ਦੂਜਾ ਭੇਵ ਨਿਵਾਰਾ, ਏਕਾ ਏਕ ਅਖਵਾਈਆ। ਆਪੇ ਵਸਿਆ ਹੋ ਹੋ ਬਾਹਰਾ, ਆਪ ਆਪਣੀ ਬਣਤ ਬਣਾਈਆ। ਨਾਮ ਸਤਿ ਕਰੇ ਚਰਨ ਨਿਮਸਕਾਰਾ, ਪੰਚਮ ਵੇਖ ਵਖਾਈਆ। ਪੰਚਮ ਘਰ ਸੋਹੇ ਬੰਕ ਦਵਾਰਾ, ਵੇਖਣਹਾਰਾ ਹਰਿ ਰਘੁਰਾਈਆ। ਨਾ ਕੋਈ ਕਰੇ ਬੰਦ ਕਿਵਾੜਾ, ਅੱਠੇ ਪਹਿਰ ਰਿਹਾ ਖੁਲ੍ਹਾਈਆ। ਛੇਵੇਂ ਘਰ ਸਾਚੀ ਧਾਰਾ, ਅਲਖ ਅਲੱਖਣਾ ਰਿਹਾ ਵਖਾਈਆ। ਸ਼ਬਦ ਸ਼ਬਦੀ ਜੈ ਜੈਕਾਰਾ, ਸਾਚੀ ਧੁਨ ਰਿਹਾ ਵਜਾਈਆ। ਸਤਿ ਪੁਰਖ ਨਿਰੰਜਣ ਖੇਲ ਅਪਾਰਾ, ਘਰ ਸਤਵੇਂ ਬੈਠਾ ਆਸਣ ਲਾਈਆ। ਆਦਿ ਪੁਰਖ ਜੋਤ ਨਿਰੰਜਣ  ਚਮਤਕਾਰਾ, ਜੋਤੀ ਜੋਤ ਰਿਹਾ ਜਗਾਈਆ। ਆਪ ਆਪਣਾ ਸਾਜਣ ਸਾਜੇ ਮੀਤ ਮੁਰਾਰਾ ਆਪ ਅਖਵਾਈਆ। ਆਪ ਆਪਣਾ ਕਰਿਆ ਮਜਨਾ, ਆਪਣੇ ਤੀਰਥ ਆਪੇ ਨੁਹਾਈਆ। ਆਪ ਆਪਣਾ ਹੋਇਆ ਪੜਦੇ ਕੱਜਨਾ, ਆਪਣਾ ਪੜਦਾ ਆਪੇ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਸਮਾਈਆ। ਜੋਤ ਸਮਾਇਆ ਹਰਿ ਰਘੁਰਾਇਆ, ਅਕਲ ਕਲਾ ਭਰਪੂਰਾ। ਆਦਿ ਅੰਤ ਕਿਸੇ ਭੇਵ ਨਾ ਪਾਇਆ, ਵਡ ਦਾਤਾ ਗਹਿਰ ਗੰਭੀਰਾ। ਅਗੰਮ ਅਗੰਮੇ ਧਾਮ ਸੁਹਾਇਆ, ਨਾ ਕੋਈ ਜਾਣੇ ਪੀਰਨ ਪੀਰਾ। ਮਰੇ ਨਾ ਜੰਮੇ ਆਇਆ ਜਾਇਆ, ਪੂਤ ਸਪੂਤਾ ਨਾ ਹੋਏ ਸਾਚਾ ਪੀਰਾ। ਦਮ ਦਮੇ ਨਾ ਪਵਣ ਸਵਾਸ ਚਲਾਇਆ, ਨੇਤਰ ਨੀਰ ਨਾ ਵਹਾਇਆ ਨੀਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਬੰਧਾਏ ਆਪਣੀ ਧੀਰਾ। ਆਪਣੇ ਘਰ ਆਪ ਵਸੰਦੜੋ, ਦਿਸ ਕਿਸੇ ਨਾ ਆਇੰਦਾ। ਦੀਪਕ ਜੋਤੀ ਇਕ ਰਖੰਦੜੋ, ਭੇਵ ਕੋਈ ਨਾ ਪਾਇੰਦਾ। ਪਵਣ ਪਵਣੀ ਨਾ ਕੋਈ ਵੇਖ ਵਖੰਦੜੋ, ਨਾ ਕੋਈ ਰਾਹ ਤਕਾਇੰਦਾ। ਚਾਰੋਂ ਕੁੰਟ ਆਪੇ ਆਪ ਭਵੰਦੜੋ, ਪੁਰੀਆਂ ਲੋਆਂ ਸ਼ਬਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਘਰ ਇਕ ਰਖੰਦੜੋ, ਸੋਹੰ ਨਾਉਂ ਰਖਾਇੰਦਾ। ਥਿਰ ਘਰ ਹਰਿ ਦਾਤਾਰ, ਆਪਣਾ ਆਪ ਬਣਾਇਆ। ਨਾ ਕੋਈ ਬਣਾਏ ਚਾਰ ਦਿਵਾਰ, ਕੋਈ ਬਾਡੀ ਦਿਸ ਨਾ ਆਇਆ। ਕਰੇ ਕਰਾਏ ਕਰਨੇਹਾਰ, ਆਪ ਆਪਣੀ ਸੇਵਾ ਲਾਇਆ। ਉਚ ਮਹੱਲ ਅਟੱਲ ਅਗੰਮ ਅਪਾਰ, ਊਚੋ ਊਚ ਟਿਕਾਇਆ। ਗੁਰ ਪੀਰ ਨਾ ਕੋਇ ਪਾਏ ਸਾਰ, ਸਾਧ ਸੰਤ ਦਿਸ ਨਾ ਆਇਆ। ਚੌਥੇ ਘਰ ਬਹਿ ਬਹਿ ਗਏ ਹਾਰ, ਦਰ ਦਵਾਰੇ ਬੈਠੇ ਰਾਹ ਤਕਾਇਆ। ਪਾਰਬ੍ਰਹਮ ਤੇਰਾ ਖੇਲ ਅਪਾਰ, ਆਪ ਆਪਣਾ ਮੁਖ ਛੁਪਾਇਆ। ਜਿਸ ਜਨ ਕਿਰਪਾ ਦੇਵੇ ਧਾਰ, ਸ਼ਬਦ ਪੱਲੂ ਦਏ ਫੜਾਇਆ। ਸੋਹੰ ਸ਼ਬਦ ਤੇਰੀ ਸਾਚੀ ਧਾਰ, ਘਰ ਚੌਥੇ ਦਏ ਮਿਲਾਇਆ। ਦਸਮ ਦਵਾਰੀ ਪਾਰ ਕਿਨਾਰ, ਰਾਹ ਵਿਚ ਨਾ ਕੋਈ ਅਟਕਾਇਆ। ਸਤਿ ਨਾਮ ਤੇਰਾ ਮੀਤ ਮੁਰਾਰ, ਵੇਖਣ ਦਰ ਦਵਾਰੇ ਆਇਆ। ਛੇਵੇਂ ਛੱਪਰ ਖੋਲ੍ਹ ਕਿਵਾੜ, ਸਾਚੀ ਧੁਨ ਵਜਾਇਆ। ਘਰ ਸੱਤਵੇਂ ਬੈਠਾ ਮੀਤ ਮੁਰਾਰ, ਸਤਿ ਪੁਰਖ ਨਿਰੰਜਣ ਡੇਰਾ ਲਾਇਆ। ਆਪੇ ਵੇਖੇ ਵੇਖਣਹਾਰ, ਦਿਸ ਕਿਸੇ ਨਾ ਆਇਆ। ਸਰਬ ਜੀਆਂ ਦਾ ਸਾਂਝਾ ਯਾਰ, ਲੋਕਮਾਤ ਹਰਿ ਅਖਵਾਇਆ। ਜੁਗ ਜੁਗ ਲਏ ਜਗਤ ਅਵਤਾਰ, ਆਪ ਆਪਣੀ ਬਣਤ ਬਣਾਇਆ। ਸਾਧ ਸੰਤ ਨਾ ਚੁੱਕਣ ਜੀਆਂ ਜੰਤਾਂ ਭਾਰ, ਆਪਣਾ ਰਹੇ ਕਰਮ ਕਮਾਇਆ। ਧਰਤ ਮਾਤ ਕਰੇ ਪੁਕਾਰ, ਗਲ ਪੱਲੂ ਦਏ ਦੁਹਾਇਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਏਕਾ ਸ਼ਬਦ ਜਣਾਇਆ। ਧਰਤ ਮਾਤ ਤੇਰੀ ਸੁਣ ਪੁਕਾਰ, ਆਪ ਆਪਣੀ ਜੋਤ ਜਗਾਇਆ। ਨਿਹਕਲੰਕਾ ਲਏ ਅਵਤਾਰ, ਨਾਨਕ ਗੋਬਿੰਦ ਲੇਖ ਲਿਖਾਇਆ। ਵੇਦ ਵਿਆਸਾ ਬਣ ਲਿਖਾਰ, ਪੂਤ ਸਪੂਤਾ ਗੌੜ ਬ੍ਰਹਿਮਣ ਆਪ ਜਣਾਇਆ। ਪਰਗਟ ਹੋਏ ਆਪ ਦਾਤਾਰ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵੇਖ ਵਖਾਇਆ। ਸ਼ਬਦ ਖੰਡਾ ਤਿੱਖੀ ਧਾਰ, ਦੋ ਜਹਾਨਾਂ ਵੇਖ ਵਖਾਇਆ। ਬ੍ਰਹਮਾ ਸ਼ਿਵ ਦੇਵਤ ਕਰੇ ਖ਼ਬਰਦਾਰ, ਲੋਕ ਚੌਦਾਂ ਵੇਖ ਵਖਾਇਆ। ਪਹਿਲੀ ਚੇਤਰ ਦਏ ਹੁਲਾਰ, ਸੋਇਆ ਕੋਈ ਰਹਿਣ ਨਾ ਪਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਉਭਾਰ, ਦਰ ਦਰ ਘਰ ਘਰ ਜਾਏ ਲਏ ਉਠਾਇਆ। ਕਲਜੁਗ ਤੇਰੀ ਅੰਤਮ ਵਾਰ, ਕਾਲਾ ਟਿੱਕਾ ਮਸਤਕ ਲਾਇਆ। ਜਨ ਭਗਤਾਂ ਮੇਲਾ ਮੀਤ ਮੁਰਾਰ, ਗੋਬਿੰਦ ਮੇਲ ਮਿਲਾਇਆ। ਜੁਗ ਜੁਗ ਰਿਹਾ ਪੈਜ ਸਵਾਰ, ਨਿੰਦਕ ਦੁਸ਼ਟ ਰਿਹਾ ਖਪਾਇਆ। ਸਤਿਗੁਰ ਸਾਜਣ ਮੀਤ ਮੁਰਾਰ, ਸਖਾ ਸੁਹੇਲਾ ਆਪ ਅਖਵਾਇਆ। ਆਦਿਨ ਅੰਤਾ ਏਕੰਕਾਰ, ਏਕਾ ਰੂਪ ਸਮਾਇਆ। ਸਤਿਜੁਗ ਬੰਨ੍ਹੇ ਤੇਰੀ ਧਾਰ, ਸਚ ਸੁੱਚ ਰਿਹਾ ਵਰਤਾਇਆ। ਮਦਿਰਾ ਮਾਸੀ ਕਰੇ ਖੁਆਰ, ਕਲਜੁਗ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਅਖਵਾਇਆ। ਨਰਾਇਣ ਨਰ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਇਆ। ਸਤਿਜੁਗ ਬੰਨ੍ਹੇ ਸੱਚੀ ਧਾਰਾ, ਸ਼ਬਦੀ ਬਣਤ ਬਣਾਇਆ। ਜੋਤ ਸਰੂਪੀ ਕਰੇ ਅਕਾਰਾ, ਭੇਖਾਧਾਰੀ ਭੇਖ ਵਟਾਇਆ। ਕਲਜੁਗ ਤੇਰਾ ਪਾਰ ਕਿਨਾਰਾ, ਅੰਤਮ ਅੰਤ ਰਿਹਾ ਕਰਾਇਆ। ਸਤਿਜੁਗ ਸਾਚਾ ਬਣੇ ਭਿਖਾਰਾ, ਦਰ ਦਵਾਰੇ ਮੰਗਣ ਆਇਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਦੇ ਮਤ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੇਵਕ ਸੇਵਾਦਾਰ ਜੁਗ ਜੁਗ ਭਗਤਾਂ ਸੇਵਾ ਕਰਦਾ ਆਇਆ।

Leave a Reply

This site uses Akismet to reduce spam. Learn how your comment data is processed.