Granth 07 Likhat 053: 20 Sawan 2015 Bikarmi Makhan Singh de Ghar Naurangabad Jila Amritsar

੨੦ ਸਾਵਣ ੨੦੧੫ ਬਿਕ੍ਰਮੀ ਮੱਖਣ ਸਿੰਘ ਦੇ ਘਰ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਹਰਿ ਪੁਰਖ ਅਕਾਲ ਅਗੰਮੜਾ, ਪਾਰਬ੍ਰਹਮ ਬੇਅੰਤ। ਨਾ ਹੱਡ ਮਾਸ ਨਾੜੀ ਚਮੜਾ, ਨਾ ਰੂਪ ਸਾਧ ਸੰਤ। ਨਾ ਮਿਲੇ ਕੋਈ ਦਮੜਾ, ਨਾ ਕੋਈ ਧਨਾਡ ਧਨਵੰਤ। ਨਾ ਮਰੇ ਨਾ ਕਦੇ ਜੰਮੜਾ, ਹਰਿ ਏਕਾ ਆਦਿ ਅੰਤ। ਆਪੇ ਜਾਣੇ ਆਪਣਾ ਕੰਮੜਾ, ਮਹਿਮਾ ਗਣਤ ਅਗਣਤ। ਆਪੇ ਅੰਮੀ ਅੰਮੜਾ, ਆਪ ਬਣਾਏ ਆਪਣੀ ਬਣਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਭਗਵੰਤ। ਹਰਿ ਜੋਤ ਹਰਿ ਹਰਿ ਵਸਿਆ, ਹਰਿ ਹਰਿ ਰੂਪ ਅਪਾਰ। ਹਰਿ ਘਰ ਹਰਿ ਵਸਿਆ, ਮਹੱਲ ਅਟੱਲ ਨਾ ਕੋਈ ਚਾਰ ਦਿਵਾਰ। ਹਰਿ ਘਰ ਹਰਿ ਪਰਕਾਸਿਆ, ਰਵ ਸਸ ਨਾ ਕੋਈ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਤਮਾਸਿਆ। ਖੇਲੇ ਖੇਲ ਹਰਿ ਭਗਵਾਨ, ਆਪਣੀ ਕਲ ਵਰਤਾਈਆ। ਦੀਪਕ ਜੋਤੀ ਜੋਤ ਮਹਾਨ, ਇਕ ਅਕੇਲਾ ਰਿਹਾ ਜਗਾਈਆ। ਨਾ ਕੋਈ ਦੂਸਰ ਹੋਰ ਨਿਸ਼ਾਨ, ਨਾ ਕੋਈ ਰਚਨ ਰਚਾਈਆ। ਨਾ ਕੋਈ ਕਿਲਾ ਕੋਟ ਮਕਾਨ, ਕੰਚਨ ਗੜ੍ਹ ਨਾ ਕੋਈ ਸੁਹਾਈਆ। ਨਾ ਕੋਈ ਰਾਜ ਸ਼ਾਹ ਸੁਲਤਾਨ, ਦਰ ਦਰਬਾਨ ਨਾ ਕੋਈ ਵਖਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਮੰਡਲ ਰਾਸ ਨਾ ਕੋਈ ਨਚਾਈਆ। ਨਾ ਕੋਈ ਮਾਤ ਪਿਤਾ ਨਾ ਬਾਲ ਨਿਧਾਨ, ਸਾਕ ਸੈਣ ਨਾ ਕੋਈ ਜਣਾਈਆ। ਨਾ ਕੋਈ ਕਰਮ ਨਾ ਕੋਈ ਧਰਮ ਨਾ ਕੋਈ ਗਿਆਨ, ਨਾ ਕੋਈ ਸਿਖਿਆ ਰਿਹਾ ਸਿਖਾਈਆ। ਨਾ ਕੋਈ ਅੱਖਰ ਨਾ ਕੋਈ ਨਿਸ਼ਾਨ, ਨਾ ਕੋਈ ਰਸਨਾ ਰਿਹਾ ਅਲਾਈਆ। ਨਾ ਕੋਈ ਮਾਇਆ ਗੁਣ ਤ੍ਰੈ ਪਰਧਾਨ, ਪੰਜ ਤਤ ਨਾ ਕੋਈ ਵਡਿਆਈਆ। ਨਾ ਕੋਈ ਬੁਧ ਮਤ ਮਨ ਸ਼ੈਤਾਨ, ਰਕਤ ਬੂੰਦ ਨਾ ਕੋਇ ਵਖਾਈਆ। ਨਾ ਕੋਈ ਨੈਣ ਨੇਤਰ ਨੱਕ ਕਾਨ, ਮੁਖ ਦੰਦ ਨਾ ਕੋਈ ਵਖਾਈਆ। ਭੁਜਾਂ ਸ਼ਸਤਰ ਨਾ ਕੋਈ ਜਵਾਨ, ਸੂਰਬੀਰ ਨਾ ਕੋਈ ਜਣਾਈਆ। ਚਰਨ ਕਵਲ ਨਾ ਕੋਈ ਧਿਆਨ, ਨਾ ਕੋਈ ਬੈਠਾ ਸੀਸ ਝੁਕਾਈਆ। ਨਾ ਕੋਈ ਬ੍ਰਹਮ ਕਰੇ ਗਿਆਨ, ਨਾ ਕੋਈ ਵਿਸ਼ਨੂੰ ਰੂਪ ਵਟਾਈਆ। ਨਾ ਕੋਈ ਸ਼ੰਕਰ ਵੇਖੇ ਮਾਰ ਧਿਆਨ, ਬਾਸ਼ਕ ਤਸ਼ਕਾ ਗਲ ਲਟਕਾਈਆ। ਨਾ ਕੋਈ ਇੰਦ ਇੰਦਰਾਸਨ ਬੈਠ ਹੋਏ ਪਰਧਾਨ, ਕਰੋੜ ਤੇਤੀਸਾ ਅੰਮ੍ਰਿਤ ਜਾਮ ਨਾ ਕੋਈ ਪਿਆਈਆ। ਚਾਰ ਵੇਦ ਨਾ ਕੋਈ ਨਿਸ਼ਾਨ, ਚਾਰ ਯੁਗ ਨਾ ਵੰਡ ਵੰਡਾਈਆ। ਪੁਰਾਨ ਅਠਾਰਾਂ ਨਾ ਕੋਈ ਵਖਾਨ, ਵੇਦ ਵਿਆਸ ਨਾ ਕਲਮ ਚਲਾਈਆ। ਨਾਰਦ ਮੁਨ ਨਾ ਕੋਇ ਜਵਾਨ, ਰਾਗ ਛਤੀਸ ਨਾ ਕੋਇ ਅਲਾਈਆ। ਰੂਪ ਰੰਗ ਨਾ ਕੋਈ ਵਖਾਨ, ਅਕਾਰ ਸਾਕਾਰ ਨਾ ਕੋਈ ਜਣਾਈਆ। ਰਾਜ ਜੋਗ ਨਾ ਕੋਈ ਅਭਿਮਾਨ, ਮਾਣ ਮੋਹ ਨਾ ਕੋਈ ਵਧਾਈਆ। ਤ੍ਰਿਆ ਸੇਜ ਨਾ ਕੋਈ ਸੁਆਣ, ਅੰਗੀਕਾਰ ਨਾ ਕੋਈ ਕਰਾਈਆ। ਪੰਚਮ ਨਾਤਾ ਨਾ ਕੋਈ ਜਹਾਨ, ਪੰਚਮ ਮੋਹ ਨਾ ਕੋਈ ਵਧਾਈਆ। ਗੁਰ ਦਾਤਾ ਨਾ ਦੇਵੇ ਕੋਈ ਬਲੀਦਾਨ, ਨਾਮ ਮੰਤਰ ਨਾ ਕੋਈ ਜਣਾਈਆ। ਦੁਰਗਾ ਗਾਇਤਰੀ ਨਾ ਕੋਈ ਰਕਾਨ, ਅੰਸ ਬੰਸ ਨਾ ਕੋਈ ਸਰਨਾਈਆ। ਸ਼ੇਸ਼ ਸਹੰਸ ਮੁਖ ਨਾ ਕੋਈ ਖੁਲ੍ਹਾਨ, ਦੋਏ ਸਹਿੰਸ ਨਾ ਜਿਹਵਾ ਹਿਲਾਈਆ। ਧਰਤ ਧਵਲ ਨਾ ਜਲ ਟਿਕਾਨ, ਜਲਬਿੰਬ ਨਾ ਰਚਨ ਰਚਾਈਆ। ਖੇਲੇ ਖੇਲ ਸ੍ਰੀ ਭਗਵਾਨ, ਖੇਲਣਹਾਰ ਆਪ ਅਖਵਾਈਆ। ਇਕ ਅਕੱਲਾ ਹੋ ਪਰਧਾਨ, ਆਪ ਆਪਣਾ ਰੰਗ ਰੰਗਾਈਆ। ਨਾ ਕੋਈ ਗੀਤਾ ਨਾ ਗਿਆਨ, ਨਾ ਕੋਈ ਕ੍ਰਿਸ਼ਨਾ ਬੰਸਰੀ ਵਜਾਈਆ। ਨਾ ਕੋਈ ਰਾਮਾ ਰਾਮ ਪਰਧਾਨ, ਸੀਤਾ ਸੁਰਤ ਨਾ ਕੋਈ ਰਖਾਈਆ। ਨਾ ਕੋਈ ਈਸਾ ਮੂਸਾ ਕਰੇ ਗਿਆਨ, ਮੁਹੰਮਦ ਯਾਰ ਨਾ ਕੋਈ ਜਣਾਈਆ। ਅੱਲਾ ਰਾਣੀ ਨਾ ਹੋ ਪਰਧਾਨ, ਨੇਤਰ ਕੱਜਲ ਕੋਈ ਨਾ ਪਾਈਆ। ਅਬਲੀਸ ਨਾ ਦਿਸੇ ਨਾਲ ਸ਼ੈਤਾਨ, ਅਲੀ ਸ਼ਾਹ ਨਾ ਨਾਅਰਾ ਲਾਈਆ। ਹੱਕ ਹਕੀਕਤ ਨਾ ਕੋਈ ਗੁਣ ਨਿਧਾਨ, ਸ਼ਰਅ ਸ਼ਰੀਅਤ ਨਾ ਕੋਈ ਵਖਾਈਆ। ਮੁਕਾਮੇ ਹੱਕ ਨਾ ਕੋਈ ਸਕੇ ਪਛਾਨ, ਐਨਲਹੱਕ ਨਾ ਕੋਈ ਅਲਾਈਆ। ਨਾ ਕੋਈ ਅੰਜੀਲ ਨਾ ਕੋਈ ਕੁਰਾਨ, ਬੰਸ ਬੰਸਾ ਨਾ ਕੋਇ ਗਾਈਆ। ਨਾ ਕੋਈ ਨਾਨਕ ਪੰਜ ਤਤ ਫਿਰੇ ਵਿਚ ਜਹਾਨ, ਨੇਤਰ ਨੈਣ ਦਰਸ ਨਾ ਪਾਈਆ। ਨਾ ਗੋਬਿੰਦ ਤੀਰ ਕਮਾਨ, ਨਾ ਕੋਈ ਭੱਥਾ ਪਿਠ ਉਠਾਈਆ। ਨਾ ਕੋਈ ਅਰਜਨ ਕਰੇ ਗਿਆਨ, ਬੋਧ ਅਗਾਧ ਨਾ ਸ਼ਬਦ ਜਣਾਈਆ। ਗੁਰੂ ਗ੍ਰੰਥ ਨਾ ਦਿਸੇ ਕਿਸੇ ਮਕਾਨ, ਨਾ ਕਰੇ ਕੋਈ ਪੜ੍ਹਾਈਆ। ਇਕ ਅਕੱਲਾ ਏਕਾ ਏਕੰਕਾਰ ਆਪਣੇ ਘਰ ਆਪੇ ਬੈਠਾ ਮਿਹਰਵਾਨ, ਦੂਸਰ ਕੋਈ ਦਿਸ ਨਾ ਆਈਆ। ਆਪਣੀ ਕਰੇ ਆਪ ਪਛਾਨ, ਆਪ ਆਪਣਾ ਵੇਖ ਵਖਾਈਆ। ਆਪਣਾ ਦੇਵੇ ਆਪ ਗਿਆਨ, ਆਪਣੀ ਕਰੇ ਆਪ ਪੜ੍ਹਾਈਆ। ਆਪ ਆਪਣੇ ਵਸਿਆ ਮਕਾਨ, ਨਾ ਕੋਈ ਬਾਢੀ ਬਣਤ ਬਣਾਈਆ। ਲਾਲ ਕੰਚਨ ਸੂਹਾ ਚਿੱਟਾ ਨਾ ਦਿਸੇ ਕੋਈ ਨਿਸ਼ਾਨ, ਪੀਲਾ ਰੰਗ ਨਾ ਕੋਈ ਵਖਾਈਆ। ਨੀਲੀ ਧਾਰ ਨਾ ਕੋਈ ਜਹਾਨ, ਕਾਲਾ ਸੂਸਾ ਦਿਸ ਨਾ ਆਈਆ। ਨਿਰਮਲ ਜੋਤ ਜਗੇ ਮਹਾਨ, ਘਰ ਸਾਚੇ ਡਗਮਗਾਈਆ। ਸ਼ਾਹੋ ਭੂਪ ਸੱਚਾ ਸੁਲਤਾਨ, ਪਾਰਬ੍ਰਹਮ ਆਪ ਅਖਵਾਈਆ। ਆਪੇ ਹੋਏ ਮੰਤਰੀ ਪਰਧਾਨ, ਆਪ ਆਪਣੀ ਦਏ ਸਲਾਹੀਆ। ਆਪੇ ਜੋਗ ਰਾਜ ਰਾਜ ਜੋਗ ਕਰੇ ਪਰਵਾਨ, ਆਪ ਆਪਣੀ ਕਾਰ ਕਮਾਈਆ। ਆਪਣਾ ਆਪੇ ਦੇਵੇ ਹੁਕਮ ਫ਼ਰਮਾਨ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਆਪਣੇ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਨਿਰੰਕਾਰ, ਆਪਣਾ ਆਪ ਉਪਾਇਆ । ਆਪੇ ਬੈਠ ਸਿਰਜਣਹਾਰ, ਸਾਚਾ ਤਖ਼ਤ ਸੁਹਾਇਆ। ਨਿਰਗੁਣ ਜੋਤ ਜਗੇ ਅਗੰਮ ਅਪਾਰ, ਨੂਰੋ ਨੂਰ ਦਰਸਾਇਆ। ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਰ ਆਪ ਸੁਹਾਇਆ। ਆਪਣਾ ਦਰ ਆਪ ਸੁਹਾ, ਆਪਣੀ ਦਇਆ ਕਮਾਈਆ। ਦਰ ਦਰਵਾਜ਼ਾ ਨਾ ਕੋਈ ਲਿਆ ਲਗਾ, ਨਾ ਕੋਈ ਉਪਰ ਛੰਨ ਟਿਕਾਈਆ। ਬੰਦ ਕਿਵਾੜ ਨਾ ਲਿਆ ਰਖਾ, ਨਾ ਕੋਈ ਕੁੰਡਾ ਲਾਹੀਆ। ਉਤਰ ਪੂਰਬ ਪੱਛਮ ਦੱਖਣ ਦਿਸ਼ਾ ਨਾ ਲਈ ਕੋਈ ਜਣਾ, ਦਹਿ ਦਿਸ਼ਾ ਨਾ ਵੰਡ ਵੰਡਾਈਆ। ਗਗਨ ਪਤਾਲ ਮੰਡਲ ਮੰਡਪ ਨਾ ਬੈਠਾ ਮੁਖ ਛੁਪਾ, ਪੜਦਾ ਉਹਲਾ ਨਾ ਕੋਈ ਰਖਾਈਆ । ਨਿਰਗੁਣ ਦਾਤਾ ਬੇਪਰਵਾਹ, ਅਲੱਖ ਨਿਰੰਜਣ ਨਾਉਂ ਧਰਾਈਆ। ਆਪਣੇ ਦਰ ਆਪਣੀ ਅਲੱਖ ਜਗਾ, ਆਪ ਆਪਣੀ ਮੰਗ ਮੰਗਾਈਆ। ਆਪਣੀ ਭਿਛਿਆ ਆਪਣੀ ਝੋਲੀ ਆਪੇ ਪਾ, ਦੇਵਣਹਾਰ ਦਾਤਾਰ ਆਪ ਅਖਵਾਈਆ। ਸਚ ਭੰਡਾਰ ਲਿਆ ਉਪਾ, ਤੋਟ ਰਹੇ ਨਾ ਰਾਈਆ। ਹਰਿ ਦਵਾਰ ਹਰਿ ਆਪਣੇ ਲਿਆ ਟਿਕਾ, ਦਿਸ ਕਿਸੇ ਨਾ ਆਈਆ। ਜੋਤੀ ਪਹਿਰਾ ਲਿਆ ਲੱਗਾ, ਜੋਤ ਹੁਕਮ ਜਣਾਈਆ। ਸ਼ਬਦ ਸੁਤ ਸੰਗ ਰਖਾ, ਅੱਠੇ ਪਹਿਰ ਵੇਖ ਵਖਾਈਆ। ਆਪਣਾ ਲੇਖਾ ਆਪ ਗਣਾ, ਆਪੇ ਪੂਰ ਕਰਾਈਆ। ਆਪਣੀ ਜਨਨੀ ਆਪਣਾ ਆਪ ਲਏ ਜਣਾ, ਆਪ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਚਾ ਧਾਮ ਸੁਹਾਈਆ। ਸਾਚਾ ਧਾਮ ਪੁਰਖ ਅਕਾਲ, ਆਪਣਾ ਆਪ ਸੁਹਾਇਆ। ਆਪੇ ਹੋਇਆ ਦੀਨ ਦਿਆਲ, ਆਪਣਾ ਬੰਧਪ ਨਾਮ ਧਰਾਇਆ। ਆਪੇ ਸ਼ਾਹ ਆਪੇ ਕੰਗਾਲ, ਰਾਜ ਰਾਜਾਨ ਆਪ ਹੋ ਜਾਇਆ। ਆਪੇ ਪੁਰਖ ਆਪ ਸੁਲਤਾਨ, ਸਚ ਸਿਕਦਾਰ ਨਾਮ ਧਰਾਇਆ। ਆਪੇ ਜੋਤੀ ਦੀਪ ਮਹਾਨ, ਆਪੇ ਸ਼ਬਦ ਗਿਆਨ ਦ੍ਰਿੜਾਇਆ। ਆਪੇ ਬੂਝੇ ਆਪੇ ਕਰੇ ਪਰਵਾਨ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮਹੱਲਾ ਦਏ ਵਸਾਇਆ। ਵਸਿਆ ਘਰ ਸਚ ਮਹੱਲਾ, ਹਰਿ ਜੋਤੀ ਜੋਤ ਜਗਾਇਆ। ਅਬਿਨਾਸ਼ੀ ਕਰਤਾ ਬੈਠਾ ਇਕ ਅਕੱਲਾ, ਪਾਰਬ੍ਰਹਮ ਅਖਵਾਇਆ। ਆਦਿ ਪੁਰਖ ਨਾ ਜਨਮੇ ਨਾ ਕਦੇ ਮਰਤਾ, ਜੋਤ ਨਿਰੰਜਣ ਵੇਸ ਵਟਾਇਆ। ਆਪੇ ਆਪਣਾ ਘਾੜਣ ਘੜਤਾ, ਘੜਨਹਾਰ ਸਮਰਥ ਪੁਰਖ ਆਪ ਧਰਾਇਆ। ਆਪਣੇ ਡੰਡੇ ਆਪਣੇ ਪੌੜੇ ਆਪੇ ਚੜ੍ਹਦਾ, ਆਪੇ ਵੇਖ ਵਖਾਇਆ। ਆਪਣੀ ਇਛਿਆ ਆਪੇ ਲੜਦਾ, ਆਪਣਾ ਸ਼ਸਤਰ ਆਪ ਉਠਾਇਆ। ਆਪਣਾ ਅੱਖਰ ਆਪੇ ਪੜ੍ਹਦਾ, ਨਾ ਕੋਈ ਵਿਦਿਆ ਹੋਰ ਰਖਾਇਆ। ਆਪਣੀ ਜੋਤੀ ਆਪੇ ਸੜਦਾ, ਨਾ ਕੋਈ ਹਵਨ ਹਵਨ ਤਪਾਇਆ। ਘਰ ਸਚ ਸਚਖੰਡ ਦਵਾਰੇ ਆਪੇ ਵੜਦਾ, ਘਰ ਬਹਿ ਬਹਿ ਮੰਗਲ ਗਾਇਆ। ਨਾ ਕੋਈ ਨਾਤਾ ਸੀਸ ਧੜ ਦਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਆਪਣੇ ਅੱਗੇ ਆਪੇ ਮੇਟ ਮਿਟਾਇਆ। ਆਪੇ ਖੇਲੇ ਖੇਲ ਚੋਟੀ ਜੜ ਦਾ, ਆਪੇ ਅਧਵਿਚਕਾਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਵੇਖ ਵਖਾਇਆ। ਘਰ ਦਰ ਸਾਚਾ ਬੁਰਜ ਮੁਨਾਰਾ, ਹਰਿ ਹਰਿ ਆਪ ਉਪਾਇਆ। ਏਕਾ ਦੀਪਕ ਕਰ ਉਜਿਆਰਾ, ਪਰਕਾਸ਼ ਪਰਕਾਸ਼ ਰਖਾਇਆ। ਏਕਾ ਧੁਨ ਸ਼ਬਦ ਜੈਕਾਰਾ, ਏਕਾ ਘਰ ਅਲਾਇਆ। ਏਕਾ ਸੁਣੇ ਸੁਨਣੇਹਾਰਾ, ਸੁਨਣਹਾਰ ਆਪ ਅਖਵਾਇਆ। ਏਕਾ ਗਾਵੇ ਗਾਵਣਹਾਰਾ, ਏਕਾ ਤਾਲ ਵਜਾਇਆ। ਏਕਾ ਪਾਵੇ ਪਾਵਣਹਾਰਾ, ਘਰ ਆਪਣੇ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਦਏ ਸੁਹਾਇਆ। ਸਾਚਾ ਘਰ ਸਦ ਵਡ ਭਾਗਾ, ਹਰਿ ਹਰਿ ਆਪ ਉਪਾਇੰਦਾ। ਏਕਾ ਨੂਰ ਜਗੇ ਚਿਰਾਗ਼ਾ, ਨਾ ਕੋਈ ਮੇਟ ਮਿਟਾਇੰਦਾ। ਏਕਾ ਰਾਗ ਏਕਾ ਨਾਦਾ, ਏਕਾ ਧੁਨ ਵਜਾਇੰਦਾ। ਏਕਾ ਸ਼ਬਦ ਏਕਾ ਵਾਜਾ, ਏਕਾ ਤਾਲ ਰਖਾਇੰਦਾ। ਏਕਾ ਹਰਿ ਗਰੀਬ ਨਿਵਾਜਾ, ਏਕਾ ਧਰਮ ਧਰਾਇੰਦਾ। ਏਕਾ ਰੱਖਣਹਾਰਾ ਲਾਜਾ, ਲਾਜਾਵੰਤ ਆਪ ਹੋ ਜਾਇੰਦਾ। ਦਰ ਦਰਵਾਜਾ ਆਪੇ ਖੋਲ੍ਹ, ਆਪਣਾ ਮੁਖ ਵਖਾਇਆ। ਆਪਣੇ ਮੰਦਰ ਆਪੇ ਬੋਲ, ਆਪਣਾ ਦੁੱਖ ਮਿਟਾਇਆ। ਆਪਣਾ ਵਜਾਏ ਆਪੇ ਢੋਲ, ਆਪਣਾ ਮਰਦੰਗ ਆਪ ਉਠਾਇਆ। ਆਪਣੇ ਵੇਖੇ ਆਪੇ ਘੋਲ, ਆਪਣਾ ਵੇਸ ਆਪ ਵਟਾਇਆ। ਆਪਣੀ ਸ਼ਕਤੀ ਆਪੇ ਗਿਆ ਮੌਲ, ਆਦਿ ਸ਼ਕਤ ਨਾਮ ਧਰਾਇਆ। ਆਪਣਾ ਕਰੇ ਆਪੇ ਕੌਲ, ਘਰ ਆਪਣੇ ਮਤਾ ਪਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਸਾਚਾ ਦਰ, ਦਰ ਸਾਚਾ ਇਕ ਸੁਹਾਇਆ। ਬੰਕ ਦਵਾਰਾ ਹਰਿ ਨਰਾਇਣ, ਏਕਾ ਇਕ ਖੁਲ੍ਹਾਇਆ। ਮਹਿਮਾ ਕੋਈ ਨਾ ਸਕੇ ਕਹਿਣ, ਵੇਦ ਕਤੇਬ ਕਿਸੇ ਨਾ ਜਾਇਆ। ਨਾ ਕੋਈ ਲਹਿਣ ਨਾ ਕੋਈ ਦੇਣ, ਹਿਸਾਬ ਕਿਤਾਬ ਨਾ ਕੋਈ ਪੁਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਸ਼ਬਦੀ ਲਏ ਵਰ, ਧਾਮ ਅਕੱਠੇ ਏਕਾ ਬਹਿਣ, ਘਰ ਸਾਚਾ ਦਏ ਸੁਹਾਇਆ। ਸਾਚਾ ਘਰ ਹਰਿ ਹਰਿ ਏਕ, ਏਕਾ ਏਕ ਵਖਾਇਆ। ਆਪ ਸੁਹਾਏ ਦਵਾਰ ਬੰਕ, ਬੰਕ ਦਵਾਰੀ ਨਾਮ ਧਰਾਇਆ। ਨਾ ਕੋਈ ਭਗਤ ਨਾ ਕੋਈ ਮਣਕ, ਨਾ ਕੋਈ ਸ਼ਬਦੀ ਸੀਤਾ ਜਾਇਆ। ਨਾ ਕੋਈ ਰਾਵਣ ਮਾਰੇ ਡੰਕ, ਕਾਲ ਨਗਾਰਾ ਨਾ ਕੋਈ ਰਖਾਇਆ। ਨਾ ਕੋਈ ਰਾਏ ਧਰਮ ਪਾਏ ਸ਼ਨਕ, ਚਿਤਰ ਗੁਪਤ ਨਾ ਕੋਈ ਜਣਾਇਆ। ਨਾ ਕੋਈ ਰਾਓ ਰੰਕ, ਰਘੁਪਤ ਨਾ ਕੋਈ ਮਨਾਇਆ। ਪਾਰਬ੍ਰਹਮ ਪ੍ਰਭ ਬੇਅੰਤ, ਬੇਅੰਤ ਘਰ ਬੈਠਾ ਆਸਣ ਲਾਇਆ। ਆਪਣੀ ਕਰੇ ਆਪੇ ਮੰਨਤ, ਆਪ ਆਪਣੀ ਪੂਜ ਪੁਜਾਇਆ। ਆਪਣਾ ਬਣੇ ਆਪੇ ਸੰਤ, ਆਪਣੀ ਸਤਿਆ ਵਿਚ ਟਿਕਾਇਆ। ਆਪੇ ਸ਼ਬਦ ਆਪੇ ਧਰ ਚਲੰਤਾ, ਆਪੇ ਤਾਲ ਵਜਾਇਆ। ਆਪਣਾ ਆਪ ਆਪੇ ਖੋਜ ਖੋਜੰਤਾ, ਖੋਜਤ ਖੋਜਤ ਆਪਣਾ ਮੂਲ ਆਪੇ ਪਾਇਆ। ਆਪਣਾ ਮਾਣ ਆਪੇ ਰਖੰਤਾ, ਦਰ ਆਪਣਾ ਮਾਣ ਰਖਾਇਆ। ਆਪਣਾ ਘਰ ਆਪ ਸੁਹੰਤਾ, ਆਪ ਆਪਣਾ ਆਸਣ ਲਾਇਆ। ਆਪਣੀ ਜੋਤ ਆਪ ਜਗੰਤਾ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਆਪਣਾ ਨਾਉਂ ਆਪ ਧਰਾਏ ਭਗਵੰਤਾ, ਆਪਣਾ ਆਪ ਨਾਉਂ ਸਲਾਹਿਆ। ਆਪ ਬਣਾਏ ਆਪਣੀ ਬਣਤਾ, ਆਪਣੀ ਇਛਿਆ ਵਿਚ ਸਮਾਇਆ। ਆਪਣੀ ਭਿਛਿਆ ਪਾਈ ਭਿਛਿਆ ਆਪੇ ਬਣੇ ਨਾਰੀ ਆਪੇ ਕੰਤਾ, ਆਪ ਆਪਣਾ ਮੇਲ ਮਿਲਾਇਆ। ਆਪੇ ਦਾਤਾ ਆਪ ਭਿਖਾਰੀ ਆਪ ਆਪਣੀ ਜਣਤਾ, ਆਪੇ ਪੂਤ ਸਪੂਤਾ ਜਾਇਆ। ਆਪੇ ਨਾਮ ਆਪੇ ਮਣੀਆ ਆਪੇ ਮਣਤਾ, ਆਪੇ ਰਿਹਾ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਸੇਰਾ ਸਾਚੇ ਘਰ, ਘਰ ਸਾਚਾ ਇਕ ਸੁਹਾਇਆ। ਸੋ ਦਰ ਸੋਹੇ, ਜਿਸ ਹਰਿ ਸੁਹਾਇਆ। ਸੁਹਾਇਆ ਘਰ ਆਪਣਾ, ਦੂਸਰ ਕੋਈ ਨਾ ਭਾਇਆ। ਨਾ ਕੋਈ ਪੂਜਾ ਪਾਠ ਜਪਾਨਿਆ, ਤੀਰਥ ਤਟ ਨਾ ਕੋਈ ਰਖਾਇਆ। ਨਾ ਕੋਈ ਪਿਤਾ ਪੂਤ ਬਾਣੀ ਬਾਣਿਆ, ਨਾ ਕੋਈ ਬਾਲਕ ਗੋਦ ਜਣਾਇਆ। ਨਾ ਕੋਈ ਤ੍ਰੈਗੁਣ ਮਾਰੇ ਤਾਨਿਆ, ਪੰਜ ਤਤ ਨਾ ਕੋਈ ਸਤਾਇਆ । ਨਾ ਕੋਈ ਪਾਪ ਪੁੰਨ ਕਰਾਨਿਆ, ਨਾ ਕੋਈ ਇਸ਼ਟ ਦ੍ਰਿਸ਼ਟ ਮਨਾਇਆ। ਆਪਣਾ ਪਰਗਟ ਕੀਤਾ ਆਪੇ ਆਨਿਆ, ਆਪੇ ਪਿਤਾ ਆਪੇ ਮਾਇਆ। ਆਪੇ ਦੇਵੇ ਵਰ ਸਰਾਪਿਆ, ਆਪੇ ਰਿਹਾ ਭੁਗਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਘਰ ਵਸਿਆ ਸਾਚਾ ਹਰਿ, ਹਰਿ ਸੱਜਣ ਆਪ ਅਖਵਾਇਆ। ਆਪੇ ਸਾਜਨ ਆਪੇ ਮੀਤਾ, ਆਪੇ ਪ੍ਰੇਮ ਪਿਆਰਾ। ਆਪੇ ਠਾਂਡਾ ਆਪੇ ਸੀਤਾ, ਆਪੇ ਸਾਗਰ ਧਾਰਾ। ਆਪੇ ਰਾਗ ਰਾਗਨੀ ਹੋਏ ਗੀਤਾ, ਆਪੇ ਸ਼ਬਦ ਹੁਲਾਰਾ। ਆਪੇ ਦੇਹੁਰਾ ਆਪੇ ਮੰਦਰ ਆਪੇ ਗੁਰੂਦਵਾਰਾ ਹੋਏ ਮਸੀਤਾ, ਆਪੇ ਆਪਣਾ ਨਾਮ ਜਪਾਇਆ। ਆਪੇ ਮਰਿਆ ਆਪੇ ਜੀਤਾ, ਆਪੇ ਮੜੀ ਗੋਰ ਦਬਾਇਆ। ਆਪੇ ਹਸਤ ਆਪੇ ਕੀਟਾ, ਊਚਾ ਨੀਚਾਂ ਵਿਚ ਸਮਾਇਆ। ਆਪੇ ਹੋਏ ਕੌੜਾ ਰੀਠਾ, ਅੰਮ੍ਰਿਤ ਰਸ ਆਪ ਚਖਾਇਆ। ਆਪੇ ਸੁੱਤਾ ਦੇ ਕਰ ਪੀਠਾ, ਆਪੇ ਮੁਖ ਭਵਾਇਆ। ਹਰਿ ਕਾ ਰੂਪ ਸਦਾ ਅਨਡੀਠਾ, ਹਰਿ ਘਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਮੰਗਲ ਗਾਇਆ। ਮੰਗਲ ਗਾਏ ਅਨਾਦੀ ਧੁਨ, ਆਪਣੀ ਤਾਰ ਹਿਲਾਈਆ। ਆਪ ਆਪਣਾ ਰਾਗ ਰਿਹਾ ਸੁਣ, ਸੁੰਨ ਸਮਾਦ ਖੁਲ੍ਹਾਈਆ। ਆਪਣੇ ਪਰਖੇ ਆਪੇ ਗੁਣ, ਅਵਗੁਣ ਆਪਣਾ ਵੇਖ ਵਖਾਈਆ। ਆਪਣਾ ਆਪ ਆਪੇ ਲਿਆ ਚੁਣ, ਆਪ ਆਪਣਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਏਕਾ ਘਰ, ਏਕਾ ਘਰ ਵੱਜੇ ਵਧਾਈਆ। ਸਾਚੇ ਘਰ ਵੱਜੇ ਵਧਾਈ, ਪੁਰਖ ਅਨਾਦੀ ਆਪ ਵਜਾਇੰਦਾ। ਏਕਾ ਮੰਗਲ ਰਿਹਾ ਗਾਈ, ਏਕਾ ਰਾਗ ਅਲਾਇੰਦਾ। ਏਕਾ ਥਾਨ ਰਿਹਾ ਸੁਹਾਈ, ਏਕਾ ਰੰਗ ਰੰਗਾਇੰਦਾ। ਏਕਾ ਦਾਨ ਝੋਲੀ ਰਿਹਾ ਪਾਈ, ਇਕ ਭੰਡਾਰਾ ਆਪ ਭਰਾਇੰਦਾ। ਦੇਵਣਹਾਰ ਦਾਤਾਰ ਗੋਸਾਈਂ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਰੂਪ ਬੇਪਰਵਾਹੀ, ਬੇਪਰਵਾਹ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਆਪਣੇ ਘਰ, ਆਪਣੀ ਸੇਵਾ ਆਪੇ ਲਾਇੰਦਾ। ਆਪੇ ਹੁਕਮ ਧੁਰ ਫ਼ਰਮਾਣਾ, ਆਪੇ ਕਰੇ ਜਣਾਈਆ। ਆਪੇ ਬਣੇ ਸ਼ਾਹ ਸੁਲਤਾਨਾ, ਆਪੇ ਰਈਅਤ ਨਾਮ ਧਰਾਈਆ। ਆਪ ਆਪਣਾ ਲਿਖ ਪਰਵਾਨਾ, ਆਪਣੀ ਹੱਥੀਂ ਆਪ ਫੜਾਈਆ। ਆਪਣਾ ਲਿਖਿਆ ਆਪ ਸੁਨਾਣਾ, ਆਪੇ ਕਰੇ ਸ਼ਨਵਾਈਆ। ਆਪਣਾ ਕੀਤਾ ਆਪੇ ਜਾਣਾ, ਜਾਨਣਹਾਰ ਦਇਆ ਕਮਾਈਆ। ਆਪਣਾ ਵਰਤੇ ਆਪੇ ਭਾਣਾ, ਲੋਆਂ ਪੁਰੀਆਂ ਰਚਨ ਰਚਾਈਆ। ਰਵ ਸਸ ਕਰ ਪਰਵਾਨਾ, ਮੰਡਲ ਮੰਡਪ ਦਏ ਟਿਕਾਈਆ। ਏਕਾ ਜੋਤੀ ਦੇਵੇ ਨੂਰ ਧਿਆਨਾ, ਨੂਰੋ ਨੂਰ ਚਮਕਾਈਆ। ਤ੍ਰੈਗੁਣ ਮਾਇਆ ਕਰ ਪਰਧਾਨਾ, ਆਪਣੀ ਸ਼ਕਤ ਵਖਾਈਆ। ਆਪਣਾ ਰੂਪ ਕਰ ਜੁਦਾਨਾ, ਕਵਲੀ ਕਵਲ ਟਿਕਾਈਆ। ਕਾਇਆ ਰੰਗ ਸ੍ਰੀ ਭਗਵਾਨਾ, ਆਪਣੀ ਵੰਡ ਵੰਡਾਈਆ। ਪਾਰਬ੍ਰਹਮ ਪ੍ਰਭ ਦਿਤਾ ਦਾਨਾ, ਬ੍ਰਹਮ ਲਿਆ ਉਪਜਾਈਆ। ਬ੍ਰਹਮਾ ਦੇਵੇ ਇਕ ਗਿਆਨਾ, ਸ਼ਬਦੀ ਸ਼ਬਦ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਆਪ ਆਪਣੀ ਰਚਨ ਰਚਾ, ਆਪਣਾ ਆਪ ਕਟਾਇਆ। ਨਿਰਗੁਣ ਆਪਣਾ ਅੰਗ ਕਟਾ, ਆਪਣੀ ਵੰਡ ਵੰਡਾਈਆ। ਲੱਖ ਚੁਰਾਸੀ ਅੰਦਰ ਗਿਆ ਸਮਾ, ਦਿਸ ਕਿਸੇ ਨਾ ਆਇਆ। ਆਵਣ ਜਾਵਣ ਜਾਣੇ ਆਪਣਾ ਰਾਹ, ਬੰਧਨ ਕੋਈ ਨਾ ਪਾਇਆ। ਪੰਜ ਤਤ ਅਕਾਰਾ ਵੇਖ ਵਖਾ, ਨੌ ਦਰ ਦਏ ਸੁਹਾਇਆ। ਨਿਰਗੁਣ ਮਤ ਨਿਰਗੁਣ ਬੁੱਧੀ, ਨਿਰਗੁਣ ਮਨ ਜੋਤੀ ਜੋਤ ਉਪਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਦੀਨ ਮਜ਼੍ਹਬ ਨਾ ਕੋਈ ਦੁੱਖ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ । ਨਿਰਗੁਣ ਰੂਪ ਕਰ ਪਰਵੇਸ, ਪੰਜ ਤਤ ਸਵਾਰਿਆ। ਬ੍ਰਹਮਾ ਕਰੇ ਹਰਿ ਆਦੇਸ, ਚਰਨ ਕਵਲ ਨਿਮਸਕਾਰਿਆ। ਆਦਿ ਅੰਤ ਹਰਿ ਰਹੇ ਹਮੇਸ਼, ਖੇਲੇ ਖੇਲ ਨਿਆਰਿਆ। ਮਾਤ ਪਤਾਲ ਅਕਾਸ਼ ਵੇਖੇ ਦੇਸ ਪਰਦੇਸ, ਲੋਆਂ ਪੁਰੀਆਂ ਫੇਰਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵਾ ਆਦਿ ਪੁਰਖ ਅਲੱਖ ਅਭੇਵ ਲੋਕਮਾਤੀ ਆਪੇ ਲਾ ਰਿਹਾ। ਲੋਕਮਾਤ ਹਰਿ ਸੇਵਾ ਲਾਈ, ਆਪਣਾ ਹੁਕਮ ਜਣਾਇਆ। ਲੱਖ ਚੁਰਾਸੀ ਰਚਨ ਰਚਾਈ, ਤ੍ਰੈਗੁਣ ਬੰਧਨ ਪਾਇਆ। ਰਾਜਸ ਰਾਜ ਵਖਾਇਆ। ਤਾਮਸ ਤ੍ਰਿਸਨਾ ਫਿਰੇ ਤਿਸਾਈ, ਤ੍ਰਿਖਾ ਨਾ ਕੋਈ ਬੁਝਾਇਆ। ਤਿਨ੍ਹਾਂ ਨਾ ਮਿਲਿਆ ਸੱਚਾ ਗੋਸਾਈਂ, ਆਪਣਾ ਮੁਖ ਰਿਹਾ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਹਰਿ ਹਰਿ ਕਰਤੋ, ਆਪਣੇ ਹੱਥ ਰਖਾਇਆ। ਹਰਿ ਕਰਤਾ ਹਰਿ ਕਰਨੇਹਾਰਾ, ਅਕਲ ਕਲਾ ਕਲ ਧਾਰੀਆ। ਆਪਣੀ ਜੋਤ ਕਰੇ ਉਜਿਆਰਾ, ਕਰੇ ਖੇਲ ਅਪਾਰੀਆ। ਲੋਕਮਾਤ ਲੈ ਅਵਤਾਰਾ, ਨਾਉਂ ਧਰਾਏ ਸਾਧ ਸੰਤ ਗੁਰ ਪੀਰ ਵੱਡਾ ਸਿਕਦਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਸਰਗੁਣ ਮੇਲ, ਖੇਲੇ ਖੇਲ ਅਪਰ ਅਪਾਰੀਆ। ਨਿਰਗੁਣ ਮੇਲਾ ਪੰਜ ਤਤ ਪਿਆਰਾ, ਜੋਤੀ ਜੋਤ ਜਗਾਇੰਦਾ। ਆਪ ਆਪਣਾ ਕਰ ਉਜਿਆਰਾ, ਆਪਣਾ ਨਾਉਂ ਧਰਾਇੰਦਾ। ਆਪੇ ਗੁਰੂ ਗੁਰਦੇਵ ਇਸ਼ਟ ਬਣ ਵਿਚ ਸੰਸਾਰਾ, ਆਪੇ ਸੀਸ ਝੁਕਾਇੰਦਾ। ਆਪੇ ਕਰੇ ਕਰਾਏ ਨਿਮਸਕਾਰਾ, ਨਿਉਂ ਨਿਉਂ ਮਸਤਕ ਚਰਨ ਧੂੜੀ ਆਪੇ ਲਾਇੰਦਾ। ਆਪੇ ਮੂਰਖ ਮੁਗਧ ਮੂੜ ਹੋਏ ਗਵਾਰਾ, ਆਪੇ ਹੰਕਾਰ ਵਿਕਾਰ ਨਾਉਂ ਧਰਾਇੰਦਾ। ਆਪੇ ਸ਼ਬਦ ਚੰਡ ਹੋਏ ਤੇਜ਼ ਕਟਾਰਾ, ਆਪੇ ਖੰਡਾ ਵਾਹਿੰਦਾ। ਆਪੇ ਰਣ ਭੂਮੀ ਸੁੱਤਾ ਪੈਰ ਪਸਾਰਾ, ਆਪੇ ਪਿਠ ਵਢਾਇੰਦਾ। ਆਪੇ ਮਾਰੇ ਆਪਣਾ ਨਾਅਰਾ, ਚਾਰੋਂ ਕੁੰਟ ਸੁਣਾਇੰਦਾ। ਆਪ ਆਪਣਾ ਬੋਲ ਜੈਕਾਰਾ, ਲੋਆਂ ਪੁਰੀਆਂ ਆਪ ਜਗਾਇੰਦਾ। ਆਪੇ ਬੰਨੇ ਆਪਣੀ ਧਾਰਾ, ਤਿੱਖੀ ਧਾਰ ਵਖਾਇੰਦਾ। ਖੇਲੇ ਖੇਲ ਵਿਚ ਸੰਸਾਰਾ, ਆਦਿ ਜੁਗਾਦੀ ਨਾਉਂ ਰਖਾਇੰਦਾ। ਇਕ ਅਕੱਲਾ ਏਕੰਕਾਰਾ, ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਰਗੁਣ ਮੇਲਾ ਹਰਿ ਕਰਤਾਰ, ਲੋਕਮਾਤ ਕਰਾਇਆ। ਗੁਰ ਚੇਲਾ ਸੋਹੇ ਇਕ ਦਵਾਰ, ਸੱਜਣ ਸੁਹੇਲਾ ਨਾਉਂ ਧਰਾਇਆ। ਇਕ ਅਕੇਲਾ ਖੇਲੇ ਖੇਲ ਅਪਾਰ, ਖਲਕ ਖ਼ੁਦਾਈ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਵਟਾਵਣਹਾਰਾ, ਹਰਿ ਹਰਿ ਸਾਜਣ ਮੀਤ। ਆਪ ਆਪਣਾ ਰੂਪ ਦਰਸਾਵਣਹਾਰਾ, ਆਦਿ ਜੁਗਾਦੀ ਸਦਾ ਅਤੀਤ। ਆਪਣਾ ਮਾਰਗ ਆਪੇ ਲਾਵਣਹਾਰਾ, ਜੁਗ ਜੁਗ ਚਲਾਏ ਰੀਤ। ਸਤਿਜੁਗ ਤ੍ਰੇਤਾ ਦੁਆਪਰ ਖੇਲ ਖਿਲਾਵਣਹਾਰਾ, ਖੇਲੇ ਖੇਲ ਸਦਾ ਅਨਡੀਠ। ਹਰਿ ਜੋਤੀ ਜੋਤ ਜਗਾਵਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣੀ ਪੀਠ। ਆਪਣੀ ਪੀਠ ਆਪੇ  ਲੇਟ, ਆਪੇ ਲਏ ਅੰਗੜਾਈਆ। ਮਾਇਆ ਮਮਤਾ ਹਉਮੇ ਹੰਗਤਾ ਦੱਬੀ ਹੇਠ, ਨਾ ਸਕੇ ਕੋਈ ਉਠਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਵਡ ਵਡ ਸੇਠ, ਹਰਿ ਹਰਿ ਨਾਮਾ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਿਹਕਾਮਾ, ਨਿਹਕਰਮੀ ਰਿਹਾ ਕਮਾਈਆ। ਕਲਜੁਗ ਝੂਠ ਜਗਤ ਪਸਾਰਾ, ਚਾਰੋਂ ਕੁੰਟ ਪਸਾਰਿਆ। ਨਾ ਕੋਈ ਮੰਦਰ ਮਸਜਿਦ ਗੁਰੂਦਵਾਰਾ, ਮਨਮਤੀ ਜੀਵ ਫਿਰੇ ਹੰਕਾਰਿਆ। ਨਾ ਕੋਈ ਰਾਮ ਕ੍ਰਿਸ਼ਨ ਨਾਨਕ ਗੋਬਿੰਦ ਮੇਲਾ ਵਿਚ ਸੰਸਾਰਾ, ਨੇਤਰ ਦਰਸ਼ਨ ਕੋਈ ਨਾ ਪਾ ਰਿਹਾ। ਘਰ ਘਰ ਪੂਜਾ ਅੰਦਰ ਬਾਹਰਾ, ਆਤਮ ਧੁਨ ਨਾ ਕੋਈ ਉਪਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਅੰਤਮ ਵੇਖ ਵਖਾ ਰਿਹਾ। ਚਾਰੋਂ ਕੁੰਟ ਝੂਠਾ ਗੜ੍ਹ, ਕਲਜੁਗ ਆਪ ਉਪਾਇਆ। ਮਾਇਆ ਰਾਣੀ ਵੇਖੇ ਚੜ੍ਹ, ਤਨ ਸ਼ੰਗਾਰ ਕਰਾਇਆ। ਕੱਜਲ ਧਾਰ ਹਉਮੇ ਬੰਨ, ਲੱਖ ਚੁਰਾਸੀ ਰਹੀ ਭਰਮਾਇਆ। ਕਾਮਨ ਚੇਸ਼ਟਾ ਬੱਧਾ ਮਨ, ਚਿਤਵਿਤ ਠਗੌਰੀ ਪਾਇਆ। ਸਚ ਨਾ ਦਿਸੇ ਚੜਿਆ ਚੰਨ, ਦਹਿ ਦਿਸ਼ਾ ਅੰਧੇਰਾ ਛਾਇਆ। ਹਰਿ ਕਾ ਰਾਗ ਨਾ ਸੁਣਾਏ ਕੋਈ ਕੰਨ, ਰਾਗੀ ਰਾਗ ਰਹੇ ਸ਼ਰਮਾਇਆ। ਨਾ ਕੋਈ ਮੇਲ ਮਿਲਾਵਾ ਕਰਾਏ ਜਨ, ਹਰਿ ਧਨ ਨਾ ਪੱਲੇ ਗੰਢ ਬੰਧਾਇਆ। ਕਾਮ ਕਰੋਧ ਲੋਭ ਮੋਹ ਹੰਕਾਰਾ ਦੇਵੇ ਡੰਨ, ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਤੇਰੇ ਫੇਰਾ ਪਾਇਆ। ਕਲਜੁਗ ਭਰਿਆ ਇਕ ਹੰਕਾਰਾ, ਏਕਾ ਚੋਗ ਚੁਗਾਈਆ। ਚਾਰੋਂ ਕੁੰਟ ਲਾਏ ਨਾਅਰਾ, ਆਪਣੀ ਅਲੱਖ ਜਗਾਈਆ। ਪੰਡਤ ਪਾਂਧੇ ਕਰ ਖਵਾਰਾ, ਤਿਲਕ ਲਲਾਟੀ ਦਏ ਬੁਝਾਈਆ। ਮੁੱਲਾਂ ਸ਼ੇਖ਼ ਨਾ ਕੋਈ ਕਿਨਾਰਾ, ਪੀਰ ਦਸਤਗੀਰ ਵੇਖ ਵਖਾਈਆ। ਗ੍ਰੰਥੀ ਪੰਥੀ ਪਾਵੇ ਨਾ ਸਾਰਾ, ਆਤਮ ਬ੍ਰਹਮ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਥਾਉਂ ਥਾਈਂਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਬ੍ਰਹਮ ਦ੍ਰਿੜਾਇਆ। ਕਾਮ ਕਰੋਧ ਮਾਰੇ ਠਾਠ, ਗੁਰ ਮੰਦਰ ਇਕ ਟਿਕਾਇਆ। ਸਾਧ ਸੰਤ ਕਿਸੇ ਰਿਹਾ ਨਾ ਹਾਠ, ਤਨ ਲੰਗੋਟ ਨਾ ਕੋਈ ਬੰਨਾਇਆ। ਨਾ ਕੋਈ ਤੀਰਥ ਨਾ ਕੋਈ ਤਾਟ, ਤਟ ਕਿਨਾਰਾ ਦਿਸ ਨਾ ਆਇਆ। ਗੰਗਾ ਗੋਦਾਵਰੀ ਰੋ ਰੋ ਡਿਗੀ ਆਪਣੇ ਖਾਟ, ਮੁਖ ਨੇਤਰ ਨੀਰ ਵਹਾਇਆ। ਰਾਮਦਾਸ ਤੇਰਾ ਸਰ ਸਰੋਵਰ ਕਲਜੁਗ ਜੀਆਂ ਲਿਆ ਚਾਟ, ਮੁਖ ਵਿਸ਼ਟਾ ਇਕ ਰਖਾਇਆ । ਕੋਈ ਨਾ ਉਤਰਿਆ ਤੇਰੇ ਸਾਚੇ ਘਾਟ, ਧੀਆਂ ਭੈਣਾਂ ਰਿਹਾ ਤਕਾਇਆ। ਮਸਤਕ ਜੋਤ ਨਾ ਜਗੇ ਕਿਸੇ ਲਲਾਟ, ਹੈਡ ਗ੍ਰੰਥੀ ਨਾਮ ਧਰਾਇਆ। ਦੁਰਮਤ ਮੈਲ ਨਾ ਆਪਣੀ ਲਈ ਕਾਟ, ਦਿਵਸ ਰੈਣ ਪੜ੍ਹ ਪੜ੍ਹ ਗੁਰੂ ਗ੍ਰੰਥ ਸੁਣਾਇਆ। ਗੁਰੂ ਨਾਨਕ ਤੇਰਾ ਰਸ ਨਾ ਲਿਆ ਚਾਟ, ਰਸਨਾ ਲੋਭ ਮੋਹ ਹੰਕਾਰ ਹੋਏ ਹਲਕਾਇਆ। ਬਜਰ ਕਪਾਟੀ ਪੜਦਾ ਨਾ ਗਿਆ ਪਾਟ, ਦੂਈ ਦਵੈਤੀ ਨਾ ਗਲੋਂ ਲਾਹਿਆ। ਗੁਰ ਗੋਬਿੰਦ ਤੇਰਾ ਨਾਮ ਤੇਰਾ ਘਰ ਨਾ ਲਿਆ ਘਾਟ, ਬਸਤਰ ਸ਼ਸਤਰ ਤਨ ਸਜ਼ਾਇਆ। ਖੇਲੇ ਖੇਲ ਨਟੂਆਂ ਨਾਟ, ਹਰਿ ਕਾ ਸਵਾਂਗ ਦਿਸ ਨਾ ਆਇਆ। ਪੰਚਮ ਜੇਠ ਨੇੜੇ ਕੀਤੀ ਵਾਟ, ਮਨਮੁਖਾਂ ਦੂਰ ਕਰਾਇਆ। ਚਾਰ ਵਰਨ ਚਾਰ ਦਰਵਾਜੇ ਚਾਰੋਂ ਕੁੰਟ ਵੇਖੇ ਮਾਰ ਝਾਤ, ਵੇਖਣਹਾਰਾ ਆਪ ਰਘੁਰਾਇਆ। ਅੰਤਮ ਲਹਿਣਾ ਦੇਣਾ ਚੁਕੌਣ ਆਇਆ ਬਾਕੀ ਬਾਕ, ਤੇਗ ਬਹਾਦਰ ਗਿਆ ਲਿਖਾਇਆ। ਗੁਰਸਿਖਾਂ ਗੁਰ ਗੋਬਿੰਦ ਤੇਰਾ ਬਣਾਇਆ ਝੂਠਾ ਸਾਕ, ਤੇਰਾ ਝੂਠਾ ਰੂਪ ਵਟਾਇਆ। ਅੰਦਰੋਂ ਹੋਏ ਨਾ ਪਾਕੀ ਪਾਕ, ਨਿਰਗੁਣ ਜੋਤ ਨਾ ਕਰੇ ਰੁਸ਼ਨਾਇਆ। ਲੇਖੇ ਲੱਗਾ ਨਾ ਤਨ ਖ਼ਾਕੀ ਖ਼ਾਕ, ਹਰਿ ਕੀ ਪੌੜੀ ਡੇਰਾ ਲਾਇਆ। ਸੰਮਤ ਸਤਾਰਾਂ ਕੋਈ ਰਹਿਣ ਨਾ ਦੇਣਾ ਆਕੀ ਆਕ, ਫੜ ਬਾਹੋਂ ਬਾਹਰ ਕਢਾਇਆ। ਮਨਮੁਖ ਜੀਵ ਤੇਰੇ ਉਚ ਦਵਾਰੇ ਸਰ ਸਰੋਵਰ ਕੋਈ ਨਾ ਸਕੇ ਝਾਕ, ਜਿਸ ਮਦਿਰਾ ਮਾਸ ਮੁਖ ਰਖਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣਾ ਲਿਖਾਏ ਭਵਿਖਤ ਵਾਕ, ਗੁਰ ਗੋਬਿੰਦ ਗਿਆ ਲਿਖਾਇਆ। ਸ਼ਬਦ ਸਰੂਪੀ ਨਕੇਲ ਪਾਏ ਨਾਕ, ਚਾਰੋਂ ਕੁੰਟ ਦਏ ਫਿਰਾਇਆ। ਜੋਤੀ ਨੂਰ ਜੋਤੀ ਘਰ ਹਰਿ ਮੰਦਰ ਵੜ ਰਹੇ ਬਰਾਜ, ਜੋਤੀ ਜੋਤ ਕਰੇ ਰੁਸ਼ਨਾਇਆ। ਹਰਿ ਕਾ ਮੰਦਰ ਹਰਿ ਆਪੇ ਰੱਖਣਹਾਰਾ ਲਾਜ, ਖੰਡਾ ਤੀਰ ਕਮਾਨ ਕੋਇ ਨਾ ਹੱਥ ਉਠਾਇਆ। ਜੂਠੇ ਝੂਠੇ ਜਾਇਣ ਭਾਜ, ਅੱਗੇ ਠਹਿਰ ਕੋਈ ਨਾ ਪਾਇਆ। ਕਲਜੁਗ ਤੇਰਾ ਰਚਿਆ ਕਾਜ, ਦਸ ਦਸਮੇਸਾ ਸੇਵਾ ਲਾਇਆ। ਜਨ ਭਗਤਾਂ ਉਠਾਏ ਮਾਰੇ ਆਵਾਜ਼, ਜੋ ਸਰਸੇ ਗਿਆ ਰੁੜਾਇਆ। ਅੰਤਮ ਦੇਵਣ ਆਇਆ ਸ਼ਬਦ ਸਰੂਪੀ ਸਾਚਾ ਰਾਜ, ਥਿਰ ਘਰ ਸਾਚੇ ਦਏ ਬਹਾਇਆ। ਆਪੇ ਰਚਿਆ ਆਪਣਾ ਕਾਜ, ਸੰਬਲ ਨਗਰੀ ਵੇਖ ਵਖਾਇਆ। ਕਰੇ ਖੇਲ ਦੇਸ ਮਾਝ, ਭੇਵ ਕੋਈ ਨਾ ਪਾਇਆ। ਨਾਮ ਚਲਾਏ ਸਚ ਜਹਾਜ਼, ਏਕਾ ਚੱਪੂ ਲਾਇਆ। ਚਾਰ ਯੁਗ ਚੌਥੇ ਘਰ ਤੇਰਾ ਚੌਥਾ ਮੁਕਿਆ ਰਾਜ, ਨਾ ਦੇਵੇ ਕੋਈ ਬਚਾਇਆ । ਅੰਤਮ ਪੈਣੀ ਲੋਕਮਾਤ ਭਾਜ, ਪ੍ਰਭ ਸਾਚੇ ਖੰਡਾ ਹੱਥ ਉਠਾਇਆ। ਧੁਰਦਰਗਾਹੀ ਲਾਏ ਇਕ ਅਵਾਜ਼, ਲੋਆਂ ਪੁਰੀਆਂ ਬ੍ਰਹਿਮੰਡ ਖੰਡ ਉਤਭੁਜ ਸੇਤਜ ਜੇਰਜ ਅੰਡ ਦਏ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਅੱਖਰ ਚਾਰ ਯੁਗ ਚਾਰ ਗੁਰ ਆਪਣਾ ਰੂਪ ਦਰਸਾਇਆ। ਕਲਜੁਗ ਤੇਰਾ ਵੇਖਣ ਘਰ, ਜੋਤੀ ਜਾਮਾ ਭੇਖ ਵਟਾਨੀਆ। ਜੋਤੀ ਜਾਮਾ ਭੇਖ ਧਰ, ਕਰੇ ਖੇਲ ਹਰਿ ਹੈਰਾਨੀਆ। ਪੰਡਤ ਪਾਂਧੇ ਲਏ ਫੜ, ਜੋ ਕਰਨ ਜਗਤ ਸ਼ੈਤਾਨੀਆ। ਤੀਰਥ ਤਟਾਂ ਵੇਖੇ ਖੜ, ਪਾਏ ਫਾਸ ਬੇਈਮਾਨੀਆ। ਚੌਦਾਂ ਹੱਟਾਂ ਉਖੇੜੇ ਜੜ੍ਹ, ਨਾ ਕੋਈ ਦੀਸੇ ਜੀਵ ਸ਼ੈਤਾਨੀਆ। ਕਿਲਾ ਹੰਕਾਰੀ ਤੋੜ ਗੜ੍ਹ, ਮਾਰੇ ਤੀਰ ਸ਼ਬਦ ਕਾਨੀਆ। ਲੱਖ ਚੁਰਾਸੀ ਅੰਦਰ ਮੰਦਰ ਬੈਠਾ ਆਪੇ ਰਿਹਾ ਲੜ, ਜੋਧਾ ਸੂਰਬੀਰ ਬੜਾ ਬਲਵਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮਾਰੇ ਦੁਸ਼ਟ ਜਗਤ ਦੁਰਾਨੀਆ। ਜਗਤ ਦੁਸ਼ਟ ਪੰਚ ਦੁਰਾਨੀ, ਪੰਚਮ ਤੀਰ ਚਲਾਇੰਦਾ। ਮਨੂਆਂ ਰਲਿਆ ਨਾਲ ਈਰਾਨੀ, ਸਾਚਾ ਸੰਗ ਰਖਾਇੰਦਾ। ਅੱਲਾ ਰਾਣੀ ਦੇਵੇ ਪਾਣੀ, ਜਗਤ ਕਟੋਰਾ ਇਕ ਵਖਾਇੰਦਾ। ਮਦੀਨਾ ਮੱਕਾ ਕਰ ਪਛਾਨੀ, ਸਾਚਾ ਰਾਹ ਤਕਾਇੰਦਾ। ਮਨਕਾ ਤਸਬੀ ਪਾਏ ਗਾਨੀ, ਮੌਲਾ ਮੁਸੱਲਾ ਹੱਥ ਉਠਾਇੰਦਾ । ਸ਼ਰਅ ਸ਼ਰੀਅਤ ਅੰਜੀਲ ਕੁਰਾਨੀ, ਨੂਰ ਅਲਾਹੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤੀ ਫੇਰਾ ਪਾਇੰਦਾ। ਲੋਕਮਾਤ ਹਰਿ ਹਰਿ ਆ, ਆਪਣਾ ਵੇਸ ਵਟਾਇਆ। ਜੋ ਜਨ ਪੜ੍ਹ ਪੜ੍ਹ ਬਹਿ ਬਹਿ ਰਹੇ ਗਾ, ਦਿਸ ਕਿਸੇ ਨਾ ਆਇਆ। ਜੋ ਜਨ ਲੜ ਲੜ ਮੰਗਣ ਥਾਂ, ਭੇਵ ਕੋਈ ਨਾ ਪਾਇਆ। ਜੋ ਜਨ ਵਿਚੋਲਾ ਰੱਖੇ ਸੂਰ ਗਾਂ, ਪਾਰ ਨਾ ਕੋਇ ਕਰਾਇਆ। ਜੋ ਜਨ ਪਛਾਣੇ ਏਕਾ ਹਰਿ ਹਰਿ ਨਾਂ, ਹਰਿ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੇ ਲਏ ਜਗਾਇਆ। ਆਪਣੇ ਆਪ ਜਗਾਵਣ ਆਇਆ, ਹਰਿ ਸਾਚਾ ਸਚ ਸਲਾਹੀ। ਮਨਮੁਖ ਜੀਆਂ ਸਵਾਵਣ ਆਇਆ, ਨਾ ਸਕੇ ਕੋਈ ਉਠਾਈ। ਕਲਜੁਗ ਤੇਰਾ ਅੰਤ ਕਰਾਵਣ ਆਇਆ, ਲੱਖ ਚੁਰਾਸੀ ਪਕੜ ਸਾਧ ਸੰਤ ਜੀਵ ਜਗਤ ਗੁਨਾਹੀ। ਗੁਰ ਸਾਜਣ ਮੇਲ ਮਿਲਾਵਣ ਆਇਆ, ਅੰਤਰ ਬੁਝੇ ਚਾਈਂ ਚਾਈਂ। ਕੂੜੀ ਕਿਰਿਆ ਮੇਟ ਮਿਟਾਵਣ ਆਇਆ, ਸਚ ਸੁੱਚ ਰਿਹਾ ਵਰਤਾਈ, ਚਾਰ ਵਰਨਾਂ ਏਕਾ ਰਾਹ ਵਖਾਵਣ ਆਇਆ, ਆਪ ਬਣਾਏ ਭੈਣਾਂ ਭਾਈ। ਏਕਾ ਸਾਚਾ ਨਾਮ ਜਪਾਵਣ ਆਇਆ, ਅੱਖਰ ਵੱਖਰ ਰਿਹਾ ਲਿਖਾਈ। ਸੋ ਪੁਰਖ ਨਿਰੰਜਣ ਦਇਆ ਕਮਾਵਣ ਆਇਆ, ਲੋਕਮਾਤ ਕਰਕੇ ਧਾਈ। ਹੰ ਹੰਗਤਾ ਮੇਟ ਮਿਟਾਵਣ ਆਇਆ, ਏਕਾ ਦੂਜਾ ਭੌ ਚੁਕਾਈ। ਬਰਨ ਅਠਾਰਾਂ ਸਾਚੀ ਸੰਗਤਾ ਆਪ ਬਣਾਵਣ ਆਇਆ, ਨੌਂ ਖੰਡ ਪ੍ਰਿਥਮੀ ਬਹਾਏ ਏਕਾ ਥਾਈਂ। ਏਕਾ ਨਾਮ ਵੰਡ ਵੰਡਾਵਣ ਆਇਆ, ਜਨ ਭਗਤਾਂ ਝੋਲੀ ਰਿਹਾ ਭਰਾਈ। ਭੇਖ ਪਖੰਡਾ ਮਿਟਾਵਣ ਆਇਆ, ਲੋਕਮਾਤ ਕੋਈ ਦੀਸੇ ਨਾਹੀ। ਏਕਾ ਨਾਮ ਚੰਡ ਪਰਚੰਡ ਚਮਕਾਵਣ ਆਇਆ, ਦੁਰਗਾ ਅਸ਼ਟਭੁਜ ਵੇਖ ਵਖਾਈ। ਕਲਜੁਗ ਸੁੰਭ ਨਿਸੁੰਭ ਆਪ ਖਪਾਵਣ ਆਇਆ, ਆਪਣੀਆਂ ਭੁਜਾਂ ਆਪ ਉਠਾਈ। ਗੁਰਮੁਖ ਗੁਰਸਿਖ ਕਿਸੇ ਨਾਲ ਨਾ ਲੜਾਵਣ ਆਇਆ, ਦੇ ਮਤ ਰਿਹਾ ਸਮਝਾਇਆ। ਸਾਚੀ ਸਿਖਿਆ ਇਕ ਸਖਾਵਣ ਆਇਆ, ਏਕਾ ਰੰਗਣ ਰੰਗ ਰੰਗਾਈਆ। ਧੁਰ ਦਾ ਲਿਖਿਆ ਲੇਖਾ ਆਪ ਵਰਤਾਵਨ ਆਇਆ, ਨਾ ਕੋਈ ਦੂਜਾ ਸੰਗ ਰਲਾਈਆ। ਸੋਹੰ ਸ਼ਬਦ ਹਰਿ ਸਾਚਾ ਆਪਣਾ ਆਪ ਜਪਾਵਣ ਆਇਆ, ਸਤਿਜੁਗ ਸਾਚੀ ਕਰੇ ਕੁੜਮਾਈਆ। ਜੂਠ ਝੂਠ ਕਲਜੁਗ ਹੰਕਾਰੀ ਮਾਰਨ ਆਇਆ, ਰਾਮ ਰਾਮਾ ਰੂਪ ਵਟਾਈਆ। ਦੁਰਯੋਧਨ ਕੰਸਾ ਕੇਸੀ ਪਕੜ ਗਿਰਾਵਣ ਆਇਆ, ਕਾਹਨਾ ਕ੍ਰਿਸ਼ਨਾ ਬੇਪਰਵਾਹੀਆ। ਕਲਜੁਗ ਜੀਵਾਂ ਜੀਆ ਦਾਨ ਦੇ ਸਮਝਾਵਣ ਆਇਆ, ਨਾਨਕ ਨਿਰਗੁਣ ਨੂਰ ਅਲਾਹੀਆ। ਗੋਬਿੰਦ ਬਸਤਰ ਤਨ ਸਜਾਵਣ ਆਇਆ, ਚਾਰ ਵਰਨਾਂ ਬਣੇ ਮਲਾਹੀਆ। ਏਕਾ ਰੂਪ ਸਰਬ ਦਰਸਾਵਣ ਆਇਆ, ਏਕਾ ਇਸ਼ਟ ਅਕਾਲ ਮਨਾਈਆ। ਜ਼ੋਰੂ ਜ਼ਰ ਗ਼ਰੀਬ ਨਿਮਾਣਿਆਂ ਆਪ ਬਚਾਵਣ ਆਇਆ, ਬਲ ਰੱਖਿਆ ਆਪਣੀ ਬਾਹੀਂਆ। ਜਗਤ ਜੁਲਮ ਆਪ ਮਿਟਾਵਣ ਆਇਆ, ਬਲੀਦਾਨ ਆਪਣਾ ਆਪ ਕਰਾਈਆ। ਦੇ ਮਤ ਗੁਰਮਤ ਆਪ ਸਮਝਾਵਣ ਆਇਆ, ਏਕਾ ਧਰਮ ਏਕਾ ਜਰਮ ਏਕਾ ਕਰਮ ਸਾਚਾ ਵਰਨ ਹਰਿ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰੋਂ ਕੁੰਟ ਫੇਰੀਆਂ ਪਾਈਆ। ਚਾਰੋਂ ਕੁੰਟ ਪਾਏ ਫੇਰਾ, ਖੇਲੇ ਖੇਲ ਨਿਰਾਲਾ। ਸਾਧ ਸੰਤ ਕਰਨ ਹੇਰਾ ਫੇਰਾ, ਹੱਥ ਫੜੀ ਅਠੋਤਰ ਮਾਲਾ। ਨਾ ਕੋਈ ਗੁਰੂ ਨਾ ਕੋਈ ਚੇਲਾ, ਨਾ ਕੋਈ ਹੋਏ ਕਿਸੇ ਰਖਵਾਲਾ। ਤੀਰਥ ਤਟਾਂ ਗੁਰ ਦਰ ਮੰਦਰ ਲੱਗਾ ਮੇਲਾ, ਧਰਮ ਨਾ ਜਾਣੇ ਕੋਈ ਸੱਚੀ ਧਰਮਸਾਲਾ। ਹਰ ਘਟ ਹਰਿ ਮੰਦਰ ਹਰਿ ਅੰਦਰ ਵਸਿਆ ਇਕ ਅਕੇਲਾ, ਆਪੇ ਚਲੇ ਆਪਣੀ ਚਾਲਾ। ਨਾ ਕੋਈ ਸੱਜਣ ਨਾ ਕੋਈ ਮੀਤ ਨਾ ਕੋਈ  ਸਹੇਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਆਪ ਨਿਰਾਲਾ। ਖੇਲ ਨਿਰਾਲੀ ਜੋਤ ਅਕਾਲੀ, ਚਾਰੋਂ ਕੁੰਟ ਉਠ ਧਾਈਆ। ਪੁਰੀਆਂ ਲੋਆਂ ਵੇਖੇ ਖਾਲੀ, ਕਲਜੁਗ ਕੂਕੇ ਦਏ ਦੁਹਾਈਆ। ਲੋਕਮਾਤ ਨਾ ਦੇਵੇ ਕੋਈ ਧੁਰ ਦਲਾਲੀ, ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਮੁਖ ਛੁਪਾਈਆ। ਕਿਸੇ ਨਜ਼ਰ ਨਾ ਆਏ ਜੋਤ ਜਵਾਲੀ, ਦੁਰਗਾ ਅਸ਼ਟਮੀ ਕਾਲੀ ਰਹੇ ਮਨਾਈਆ। ਕਿਸੇ ਨਾ ਦਿਸੇ ਗਊਆਂ ਰਖਵਾਲਾ ਪਾਲੀ, ਘਰ ਘਰ ਧੰਨੇ ਬਣ ਬਣ ਬੈਠੇ ਧਿਆਨ ਲਗਾਈਆ। ਸੁਰਤੀ ਗਾਂ ਨਾ ਮਰੀ ਕਿਸੇ ਜਵਾਲੀ, ਕੋਟਨ ਕੋਟ ਨਾਮ ਦੇਵ ਰਹੇ ਅਖਵਾਈਆ। ਕਿਸੇ ਨਾ ਮਿਲਿਆ ਧੁਰ ਦਾ ਵਾਲੀ, ਆਪ ਆਪਣੇ ਬੂਟੇ ਬੈਠੇ ਲਾਈਆ। ਕਲਜੁਗ ਹੋਏ ਸਰਬ ਬੇਹਾਲੀ, ਨਾ ਸਚ ਸੁੱਚ ਦੇਵੇ ਕਿਸੇ ਗਵਾਹੀਆ। ਕਲਜੁਗ ਗੁਰੂਆਂ ਸਦੀ ਚੌਧਵੀਂ ਮਸਤਕ ਲੱਗੀ ਸ਼ਾਹੀ, ਨਾ ਸਕੇ ਕੋਈ ਧੁਆਈਆ। ਆਪਣੀ ਆਤਮ ਹੋਈ ਅੰਧੀ, ਜੀਵਾਂ ਜੰਤਾਂ ਗੁਰੂ ਗਿਆਨ ਦ੍ਰਿੜਾਈਆ। ਸਾਧ ਸੰਤ ਜਗਤ ਪਾਂਧੀ ਭੁੱਲੇ ਰਾਹੀ, ਦੂਸਰਿਆਂ ਰਹੇ ਰਾਹ ਬਤਾਈਆ। ਆਪਣੀ ਸਵਾਣੀ ਕਿਸੇ ਨਾ ਬਾਂਧੀ, ਪੰਚਾਂ ਨਾਲ ਰੰਗ ਰਲੀਆਂ ਰਹੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੇਖਣ ਆਇਆ ਚਾਰੋਂ ਕੁੰਟ ਝੂਠੀ ਸ਼ਾਹੀਆ। ਚਾਰੋਂ ਕੁੰਟ ਝੂਠੀ ਸ਼ਾਹ, ਸਲਤਨਤ ਰਖਾਈਆ। ਸਾਧ ਸੰਤ ਚਲਾਵਣ ਆਪਣਾ ਰਾਹ, ਜਗਤ ਵੰਡ ਵੰਡਾਈਆ। ਬੇਪਰਵਾਹ ਨਾ ਸਕੇ ਕੋਈ ਮਿਲਾ, ਬੈਠੇ ਧੂਣੀਆਂ ਤਾਈਆ। ਵੇਲੇ ਅੰਤਮ ਸਾਰੇ ਕਰ ਜਾਣ ਨਾ, ਰਾਏ ਧਰਮ ਦਏ ਸਜਾਈਆ। ਬਿਨ ਗੁਰ ਪੂਰੇ ਕੋਈ ਨਾ ਪਕੜੇ ਬਾਂਹ, ਫੜ ਬਾਂਹੋਂ ਨਾ ਪਾਰ ਕਰਾਈਆ। ਗੱਦੀਦਾਰ ਬਣੇ ਹੰਸ ਕਾਂ, ਕਾਗ ਅਵਸਥਾ ਨਾ ਅੱਜੇ ਤਜਾਈਆ। ਸਚ ਦਵਾਰੇ ਨਾ ਮਿਲੇ ਕਿਸੇ ਥਾਂ, ਅੱਠੇ ਪਹਿਰ ਰਹੇ ਰਾਹ ਤਕਾਈਆ। ਜੋਗ ਅਭਿਆਸ ਆਸਣ ਸਿਧ ਨਿਓਲੀ ਕਰਮ ਰਹੇ ਰਖਾ, ਸਾਚੀ ਕਿਰਿਆ ਨਾ ਕਰਮ ਕਮਾਈਆ। ਨੌਂ ਨਿਧਾਂ ਅਠਾਰਾਂ ਸਿਧਾਂ ਰਹੇ ਮਨਾ, ਰੂਪ ਅਨੂਪ ਨਾ ਕੋਈ ਦਰਸਾਈਆ। ਮਨਮੁਖ ਜੀਵ ਨਾ ਦੇਵੇ ਕੋਈ ਸਮਝਾ, ਗੁਰ ਮੰਤਰ ਨਾ ਕੋਈ ਪੜ੍ਹਾਈਆ। ਗੁਰਦਰ ਮੰਦਰ ਹਰਿ ਦਵਾਰ ਤਟ ਵਸੇਰਾ ਵਸੇਰਾ ਘਰ ਲਿਆ ਬਣਾ, ਚੋਰ ਯਾਰ ਵੱਡੀ ਚਤੁਰਾਈਆ। ਜਗਤ ਕੂੜਿਆਰ ਹਿੱਸੇ ਬੈਠੇ ਪਾ, ਮਸਤਕ ਝੂਠੇ ਤਿਲਕ ਲਗਾਈਆ। ਸਾਚੇ ਸਰ ਆਤਮ ਸਰੋਵਰ ਅੰਮ੍ਰਿਤ ਸਰ ਨਾ ਸਕੇ ਕੋਈ ਨਹਾ, ਰਾਮਦਾਸ ਦਾਸ ਰਾਮ ਨਾ ਦਰਸ਼ਨ ਪਾਈਆ। ਕਾਗ ਹੰਸ ਦੁਰਮਤ ਮੈਲ ਧੋ ਚਿੱਟਾ ਰੰਗ ਨਾ ਸਕੇ ਵਖਾ, ਨਿਤ ਨਵਿਤ ਤਾਰੀਆਂ ਲਾਈਆ। ਆਪਣਾ ਆਪ ਨਾ ਸਕੇ ਬਣਾ, ਘਰ ਬੈਠੇ ਸੇਜ ਵਛਾਈਆ। ਸਤਿਗੁਰ ਪੂਰਾ ਪਾਰਬ੍ਰਹਮ ਨਿਰਗੁਣ ਜੋਤ ਗੁਰ ਅਰਜਨ ਘਰ ਵੇਖਣ ਆਏ ਹੋ ਕੇ ਨੇਰਾ, ਅੱਗੋਂ ਪਹਿਰੇ ਦੇਵਣ ਲਾਈਆ। ਸਤਿਗੁਰ ਪੂਰਾ ਕਰੇ ਅੰਤ ਨਿਬੇੜਾ, ਹੱਕ ਹਕੀਕਤ ਵੇਖ ਵਖਾਈਆ। ਵੀਹ ਸੌ ਪੰਦਰਾਂ ਪ੍ਰਭ ਛੇੜਣਹਾਰਾ ਛੇੜਾ, ਸੋਏ ਰਿਹਾ ਜਗਾਈਆ। ਸੰਮਤ ਸਤਾਰਾਂ ਦੇਵੇ ਗੇੜਾ, ਉਲਟੀ ਲੱਠ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖੇ ਸਰ, ਕਵਣ ਸਰ ਕਵਣ ਹਰਿ ਕਵਣ ਦਰ ਕਵਣ ਘਰ ਕਵਣ ਨਰ ਰਿਹਾ ਨੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸੇਵਾ ਆਪੇ ਰਿਹਾ ਕਮਾਈਆ।