੫ ਫੱਗਣ ੨੦੧੬ ਬਿਕ੍ਰਮੀ ਨਾਥੇਵਾਲ
ਘਰ ਠਾਕਰ ਅਬਿਨਾਸ਼ਿਆ, ਘਰ ਸਗਲ ਮਨੋਰਥ ਪੁੰਨ। ਘਰ ਮੰਡਲ ਪਾਵੇ ਰਾਸਿਆ, ਘਰ ਉਪਜੇ ਸ਼ਬਦੀ ਧੁਨ। ਘਰ ਖੇਲ ਪ੍ਰਿਥਮੀ ਆਕਾਸਿਆ, ਘਰ ਗਗਨ ਮੰਡਲ ਮੰਡਪ ਸੁੰਨ। ਘਰ ਮੇਲਾ ਪਵਣ ਸਵਾਸਿਆ, ਘਰ ਲੇਖਾ ਗੁਣ ਅਵਗੁਣ। ਘਰ ਭੋਗ ਰਸ ਬਲਾਸਿਆ, ਘਰ ਪੁਕਾਰ ਰਿਹਾ ਸੁਣ। ਘਰ ਰੱਖੇ ਹਰਿ ਜੂ ਵਾਸਿਆ, ਗੁਰਮੁਖ ਸੱਜਣ ਚੁਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਛਾਣ ਪੁਣ। ਘਰ ਸੁਲਤਾਨ ਸੁਹੰਜਣਾ, ਸ਼ਾਹੋ ਭੂਪ ਸਿਕਦਾਰ। ਘਰ ਮਿਹਰਵਾਨ ਨਿਰੰਜਣਾ, ਜੋਤ ਨੂਰ ਉਜਿਆਰ। ਘਰ ਸਤਿਗੁਰ ਸਾਚਾ ਸੱਜਣਾ, ਕਰੇ ਖੇਲ ਅਪਾਰ। ਘਰ ਤਾਲ ਤਲਵਾੜਾ ਵੱਜਣਾ, ਘਰ ਸ਼ਬਦ ਨਾਦ ਧੁਨਕਾਰ। ਘਰ ਸਤਿਗੁਰ ਚਰਨ ਦਵਾਰੇ ਬਹਿ ਬਹਿ ਸਜਣਾ, ਘਰ ਅੰਮ੍ਰਿਤ ਭਰੇ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਏਕਾ ਵਾਰ। ਘਰ ਧਰਨੀ ਧਰਤ ਦਵਾਰਕਾ, ਘਰ ਧੌਲ ਧਰਮ ਦਇਆ ਕਾ ਪੂਤ। ਘਰ ਕਰੇ ਕਰਾਏ ਆਰਤੀ ਆਰਤਾ, ਘਰ ਮੇਲਾ ਕੰਤ ਕੰਤੂਹਲ। ਘਰ ਵੇਸ ਪੁਰਖ ਨਾਰ ਦਾ, ਨਰ ਨਰਾਇਣ ਚੁਕਾਏ ਮੂਲ। ਘਰ ਖੇਲ ਬੇਐਬ ਪਰਵਰਦਿਗਾਰ ਦਾ, ਘਰ ਬਰਖਣਹਾਰਾ ਫੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਮੂਲ। ਘਰ ਮੇਲਾ ਕੰਤ ਸੁਹਾਗਿਆ, ਘਰ ਸੋਭਾਵੰਤੀ ਨਾਰ। ਘਰ ਕੰਤ ਭਤਾਰਾ ਜਾਗਿਆ, ਘਰ ਸੋਹੇ ਬੰਕ ਦਵਾਰ। ਘਰ ਵੱਜੇ ਅਨਹਦ ਵਾਜਿਆ, ਘਰ ਸੁਣੇ ਸੁਣਾਏ ਸੁਨਣੇਹਾਰ। ਘਰ ਆਵੇ ਜਾਵੇ ਫਿਰੇ ਭਾਗਿਆ, ਅੰਦਰ ਬਾਹਰ ਗੁਪਤ ਜ਼ਾਹਰ। ਘਰ ਹੰਸ ਬਣਾਏ ਕਾਗਿਆ, ਆਪ ਉਡਾਏ ਆਪਣੀ ਡਾਰ। ਘਰ ਬਹਿ ਬਹਿ ਮਾਰੇ ਵਾਜਿਆ, ਆਲਸ ਨਿੰਦਰਾ ਪਾਰ ਕਿਨਾਰ। ਘਰ ਚੜ੍ਹੇ ਸਾਚੇ ਤਾਜਿਆ, ਅਸਵ ਘੋੜਾ ਸ਼ਬਦ ਸ਼ੰਗਾਰ। ਘਰ ਖੇਲ ਗ਼ਰੀਬ ਨਿਵਾਜਿਆ, ਗੁਰਮੁਖ ਸੱਜਣ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਵਣਹਾਰਾ ਸਾਚੀ ਸਾਰ। ਘਰ ਵਣਜ ਸਚ ਵਣਜਾਰੜਾ, ਘਰ ਪਰਖਣਹਾਰਾ ਲਾਲ। ਘਰ ਬੈਠ ਮੀਤ ਮੁਰਾਰੜਾ, ਆਪ ਆਪਣੇ ਰਿਹਾ ਭਾਲ। ਘਰ ਕਰੇ ਪਾਰ ਕਿਨਾਰੜਾ, ਘਰ ਮਾਣਕ ਮੋਤੀ ਦਏ ਉਛਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਜਾਏ ਆਪਣਾ ਤਾਲ। ਘਰ ਵਣਜਾਰਾ ਸਚ ਸੌਦਾਗਰ, ਘਰ ਸਾਚਾ ਦਰ ਖੁਲਾਇੰਦਾ। ਘਰ ਵੇਖਣਹਾਰਾ ਕਾਇਆ ਗਾਗਰ, ਮਹੱਲ ਮੁਨਾਰਾ ਆਪ ਉਪਾਇੰਦਾ। ਘਰ ਨੇਹਕਰਮੀ ਕਰੇ ਕਰਮ ਉਜਾਗਰ, ਆਪ ਆਪਣੀ ਦਇਆ ਕਮਾਇੰਦਾ। ਘਰ ਕਰੇ ਕਰਾਏ ਸਾਚਾ ਆਦਰ, ਆਦਿ ਜੁਗਾਦੀ ਵੇਸ ਵਟਾਇੰਦਾ। ਘਰ ਮੇਲਾ ਕਰਤਾ ਕਾਦਰ, ਰਹੀਮ ਰਹਿਮਾਨ ਰਹਿਮਤ ਆਪਣੇ ਹੱਥ ਵਖਾਇੰਦਾ। ਘਰ ਕਰੇ ਖੇਲ ਪਿਦਰ ਮਾਦਰ, ਮੋਹਨ ਮਾਧਵ ਰੂਪ ਵਟਾਇੰਦਾ। ਘਰ ਰਾਗ ਸੁਣਾਏ ਆਪਣਾ ਦਾਦਰ, ਦਰੋਹੀ ਖ਼ੁਦਾਏ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਤਾੜੀ ਲਾਇੰਦਾ। ਘਰ ਤਾੜੀ ਹਰਿ ਭਗਵੰਤ, ਘਰ ਨਦਰੀ ਨਦਰ ਨਿਹਾਲਿਆ। ਘਰ ਵਾੜੀ ਮੰਗੇ ਸੰਤ, ਦਰ ਆਏ ਬਣ ਸਵਾਲੀਆ। ਦਰ ਖ਼ਾਰੀ ਚੁੱਕੇ ਕੰਤ, ਫੁੱਲ ਫੂਲਣ ਆਪ ਉਠਾ ਲਿਆ। ਘਰ ਵੇਖੇ ਰੁਤ ਬਸੰਤ, ਪਤ ਡਾਲ੍ਹੀ ਆਪ ਮਹਿਕਾ ਲਿਆ। ਘਰ ਲੇਖਾ ਜੀਵ ਜੰਤ, ਸ੍ਰੀ ਭਗਵੰਤ ਆਪ ਬੁਝਾਲਿਆ। ਘਰ ਜਾਣੇ ਮਹਿਮਾ ਅਗਣਤ, ਆਪ ਆਪਣਾ ਮੁਖ ਛੁਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੀਵਾ ਬਾਤੀ ਇਕ ਜਗਾ ਲਿਆ। ਘਰ ਦੀਵਾ ਬਾਤੀ ਕਰ ਪ੍ਰਕਾਸ਼, ਘਰ ਅੰਧ ਅੰਧੇਰ ਵਖਾਇੰਦਾ। ਘਰ ਖੇਲ ਕਰੇ ਸਰਬ ਗੁਣਤਾਸ, ਘਰ ਮੁਖੜਾ ਮੁਖ ਛੁਪਾਇੰਦਾ। ਘਰ ਆਪਣਾ ਕਰ ਕਰ ਵਾਸ, ਘਰ ਨਜ਼ਰ ਕਿਸੇ ਨਾ ਆਇੰਦਾ। ਘਰ ਵਸੇ ਆਸ ਪਾਸ, ਘਰ ਦੂਰ ਦੁਰਾਡਾ ਪੰਧ ਜਣਾਇੰਦਾ। ਘਰ ਪੂਰੀ ਕਰੇ ਆਸ, ਨਿਰਾਸਾ ਨਿਰਾਸ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਏਕਾ ਰੰਗ ਰੰਗਾਇੰਦਾ। ਘਰ ਰੰਗੇ ਏਕਾ ਰੰਗ, ਰੰਗਣ ਰੰਗ ਨਾ ਕੋਏ ਜਣਾਈਆ। ਘਰ ਬੈਠ ਸੂਰਾ ਸਰਬੰਗ, ਸਾਰੰਗ ਧਰ ਆਪ ਅਖਵਾਈਆ। ਘਰ ਵੇਖ ਸਚ ਪਲੰਘ, ਸਚ ਸੁਹੰਜਣੀ ਸੇਜ ਸੁਹਾਈਆ। ਘਰ ਆਪ ਲਗਾਏ ਆਪਣੇ ਅੰਗ, ਅੰਗੀਕਾਰ ਬੇਪਰਵਾਹੀਆ। ਘਰ ਮੰਗੇ ਬਣ ਮਲੰਗ, ਰੂਪ ਅਨੂਪ ਆਪ ਵਟਾਈਆ। ਘਰ ਸਦਾ ਰੱਖੇ ਸੰਗ, ਸਗਲ ਮਨੋਰਥ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਸੁਹਾਈਆ। ਘਰ ਸਾਚਾ ਆਪ ਉਪਾਇਆ, ਨਿਰਗੁਣ ਸਰਗੁਣ ਸਾਚੀ ਧਾਰ। ਘਰ ਛੱਪਰ ਛੰਨ ਛੁਹਾਇਆ, ਘਰ ਬਾਡੀ ਬਣ ਕਰਤਾਰ। ਘਰ ਦੀਪਕ ਜੋਤ ਜਗਾਇਆ, ਦਿਵਸ ਰੈਣ ਰਹੇ ਉਜਿਆਰ। ਘਰ ਮਾਟੀ ਭਾਂਡਾ ਪੋਚ ਪੋਚਾਇਆ, ਘਰ ਬਣਿਆ ਹਰਿ ਘੁਮਿਆਰ। ਘਰ ਚੱਕੀ ਚੱਕ ਭਵਾਇਆ, ਆਪੇ ਵੇਖੇ ਆਪਣੀ ਵਾਰ। ਘਰ ਭਾਂਡੇ ਆਪ ਤਪਾਇਆ, ਤ੍ਰੈਗੁਣ ਅਗਨੀ ਦੇਵੇ ਡਾਰ। ਘਰ ਆਪਣਾ ਮੁਖ ਖੁਲ੍ਹਾਇਆ, ਆਪੇ ਵੇਖੇ ਚਾਰ ਦੀਵਾਰ। ਘਰ ਆਪਣੀ ਵਸਤ ਟਿਕਾਇਆ , ਹਰਿ ਅੰਮ੍ਰਿਤ ਭਰ ਭੰਡਾਰ। ਹਰਿ ਹਰਿ ਹਰਿ ਵੇਖਣ ਆਇਆ, ਘਰ ਵੇਖੇ ਸਚ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅਗੰਮ ਅਪਾਰ। ਘਰ ਭਾਂਡਾ ਬਹਿ ਸਾਚਾ ਘੜ, ਕੰਚਨ ਗੜ੍ਹ ਸੁਹਾਈਆ। ਸਤਿ ਸਰੂਪੀ ਅੰਦਰ ਵੜ, ਆਪਣੀ ਵਸਤ ਵਿਚ ਟਿਕਾਈਆ। ਆਪੇ ਮੁਖ ਬੰਦ ਕਰ, ਆਪੇ ਦਏ ਖੁਲ੍ਹਾਈਆ। ਆਪੇ ਪਵਣ ਸਵਾਸ ਧਰ, ਆਪੇ ਸ਼ਬਦ ਜਣਾਈਆ। ਆਪੇ ਅੰਮ੍ਰਿਤ ਦੇਵੇ ਸਰ, ਆਪੇ ਮੁਖ ਰਸ ਰਸਾਈਆ। ਆਪੇ ਨਾਰੀ ਆਪੇ ਨਰ, ਆਪ ਆਪਣਾ ਰੂਪ ਵਟਾਈਆ। ਆਪੇ ਆਪਣੀ ਕਿਰਪਾ ਕਰ, ਗੁਰਮੁਖਾਂ ਏਹ ਬੁਝਾਈਆ। ਸੰਤ ਸਾਜਣ ਲਾਏ ਲੜ, ਘਰ ਸਾਚੇ ਵੱਜੇ ਵਧਾਈਆ। ਦੇਵੇ ਦਰਸ ਅੱਗੇ ਖੜ, ਜਗਤ ਹਰਸ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਭਾਂਡਾ ਵੇਖ ਵਖਾਈਆ। ਘਟ ਭਾਂਡਾ ਹਰਿ ਪੇਖਿਆ, ਨੇਤਰ ਨੈਣ ਉਘਾੜ। ਆਪਣੇ ਲੋਚਨ ਆਪੇ ਵੇਖਿਆ, ਆਪਣੇ ਹੱਥ ਲਾਏ ਟਨਕਾਰ। ਆਪੇ ਕੀਮਤ ਪਾਏ ਨਰ ਨਰੇਸ਼ਿਆ, ਆਪੇ ਵਣਜ ਕਰੇ ਵਪਾਰ। ਆਪੇ ਸਚ ਸੌਦਾਗਰ ਫਿਰੇ ਦੇਸ ਪਰਦੇਸਿਆ, ਗੁਰਮੁਖ ਸੱਜਣ ਲਏ ਭਾਲ। ਬਾਲ ਜਵਾਨੀ ਬਿਰਧ ਨਾ ਕੋਏ ਵਰੇਸਿਆ, ਏਕਾ ਰੰਗ ਰਵੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਹਰਿਜਨ ਭਾਂਡਾ ਨਾਮ ਅਨਮੁਲ, ਲੱਖ ਚੁਰਾਸੀ ਕੀਮਤ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਕੰਡੇ ਨਾ ਸਕੇ ਤੁਲ, ਚੌਦਾਂ ਲੋਕ ਨਾ ਕੋਇ ਤੁਲਾਈਆ। ਖ਼ਰੀਦ ਨਾ ਸਕੇ ਕੋਈ ਮੁੱਲ, ਬਿਨ ਸਤਿਗੁਰ ਪੂਰੇ ਹੱਥ ਕੋਇ ਨਾ ਪਾਈਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਮੁੱਲ, ਆਪੇ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪਣੇ ਹੱਥ ਰਖਾਈਆ। ਗੁਰਸਿਖ ਕਾਇਆ ਕਾਇਆ ਮਟ, ਕਰਤਾ ਕੀਮਤ ਆਪੇ ਪਾਇੰਦਾ। ਚਰਨ ਦਵਾਰਾ ਸਾਚਾ ਹੱਟ, ਲੋਕਮਾਤ ਆਪ ਖੁਲਾਇੰਦਾ। ਆਪੇ ਵੇਖੇ ਨੱਠ ਨੱਠ, ਦਿਵਸ ਰੈਣ ਪੰਧ ਮੁਕਾਇੰਦਾ। ਆਪ ਤਪਾਇਆ ਆਪਣੇ ਭੱਠ, ਭੱਠ ਭਠਿਆਲਾ ਨਾ ਕੋਏ ਰਖਾਇੰਦਾ। ਆਪਣੀ ਖੋਲ੍ਹੇ ਬੱਧੀ ਗੱਠ, ਆਪਣਾ ਪਲੂ ਅੱਗੇ ਡਾਹਿੰਦਾ। ਵਸਣਹਾਰਾ ਘਟ ਘਟ, ਹਰਿਜਨ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪ ਚੁਕਾਇੰਦਾ। ਗੁਰਮੁਖ ਕਾਇਆ ਕੀਮਤ ਹਰਿ ਹਰਿ ਪਾ, ਆਪਣਾ ਲੇਖਾ ਦਏ ਚੁਕਾਈਆ। ਆਪ ਆਪਣਾ ਗੁਰਸਿਖਾਂ ਉਤੋਂ ਘੋਲ ਘੁਮਾ, ਘੋਲੀ ਘੋਲ ਸੇਵ ਕਮਾਈਆ। ਚਾਰ ਜੁਗ ਦੀ ਬੋਲੀ ਦਏ ਵਿਆਹ, ਪੂਰਬ ਲਹਿਣਾ ਦਏ ਮੁਕਾਈਆ। ਕਾਇਆ ਚੋਲੀ ਦਏ ਰੰਗਾ, ਸਚ ਚੋਲੜਾ ਵੇਖ ਵਖਾਈਆ। ਨਾਮ ਮੌਲੀ ਤੰਦ ਬੰਧਾ, ਸਾਚੀ ਮਹਿੰਦੀ ਰੰਗ ਰੰਗਾਈਆ। ਏਕਾ ਵਟਣਾ ਦਏ ਲਗਾ, ਆਪਣੀ ਹੱਥੀਂ ਤਨ ਛੁਹਾਈਆ। ਸਾਚੇ ਖਾਰੇ ਦਏ ਚੜ੍ਹਾ, ਆਪ ਆਪਣਾ ਮੰਗਲ ਗਾਈਆ। ਸੀਸ ਸੇਹਰਾ ਦਏ ਸਜਾ, ਸੋਲਾਂ ਕਲੀਆਂ ਆਪ ਲਟਕਾਈਆ। ਸ਼ਬਦ ਘੋੜੀ ਆਪ ਬਹਾ, ਜੋਤ ਨਿਰੰਜਣ ਵਾਗ ਰਹੇ ਗੁੰਦਾਈਆ। ਸਾਚਾ ਨੇਤਰ ਕਜਲਾ ਪਾ, ਸਾਚਾ ਸਗਨ ਵਖਾਈਆ। ਗੁਰਸਿਖ ਜਾਂਞੀ ਨਾਲ ਰਲਾ, ਆਪਣੇ ਹੱਥ ਰੱਖੇ ਵਡਿਆਈਆ। ਦਰਗਾਹ ਸਾਚੀ ਢੁਕੇ ਜਾ, ਨਾਮ ਮਰਦੰਗ ਸਚ ਸਾਰੰਗ ਏਕਾ ਰਾਗ ਅਲਾਈਆ। ਸਚਖੰਡ ਦਵਾਰੇ ਡੇਰਾ ਲਾ, ਆਪ ਆਪਣਾ ਥਾਨ ਸੁਹਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਅੱਗੋਂ ਆਵੇ ਚਾਈਂ ਚਾਈਂਆ। ਆਪਣਾ ਮੇਲਾ ਲਏ ਮਿਲਾ, ਘਰ ਸਾਚੇ ਵੱਜੇ ਵਧਾਈਆ। ਧੀ ਜਵਾਈ ਨਾਂ ਰਖਾ, ਏਕਾ ਸੇਜ ਸੁਹਾਈਆ। ਗੁਰਸਿਖ ਗੁਰਮੁਖ ਮੇਲ ਮਿਲਾਵਾ ਕਰੇ ਸਾਚੇ ਥਾਂ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲਾ ਸੰਗ ਸਦਾ ਸਦ ਰਖਾਈਆ।
