Granth 09 Likhat 040: 5 Faggan 2016 Bikarmi Pind Samalsar Hakam Singh de Ghar Jila Ferozepur

੫ ਫੱਗਣ ਸੰਮਤ ੨੦੧੬ ਬਿਕ੍ਰਮੀ ਪਿੰਡ ਸਮਾਲਸਰ ਹਾਕਮ ਸਿੰਘ ਦੇ ਘਰ ਜਿਲਾ ਫੀਰੋਜਪੁਰ

ਗੁਰਮੁਖ ਗੁਰ ਸੱਜਣ ਪਾਇਆ, ਹਰਿ ਮਿਲੀ ਸਚ ਸਰਨਾਈਆ। ਸਗਲ ਮਨੋਰਥ ਇਛ ਪੁਨ ਸਹਿਜ ਸੁਖਦਾਇਆ, ਦਰ ਘਰ ਸਾਚੇ ਮੇਲ ਮਿਲਾਈਆ। ਰਤਨ ਅਮੋਲਕ ਹੀਰਾ ਨਾਮ ਵਡਿਆਇਆ, ਲੋਕਮਾਤ ਵੱਜੇ ਵਧਾਈਆ। ਸਚ ਸਲੋਕ ਮੰਤਰ ਨਾਮ ਦ੍ਰਿੜਾਇਆ, ਦਿਬ ਦ੍ਰਿਸ਼ਟ ਆਪ ਖੁਲਾਈਆ। ਚਿੰਤਾ ਹਰਖ ਸੋਗ ਮਿਟਾਇਆ, ਸਾਂਤਕ ਸਤਿ ਸਤਿ ਵਖਾਈਆ। ਜਗਤ ਵਿਕਾਰਾ ਨੇੜ ਨਾ ਆਇਆ, ਨਿਰਗੁਣ ਸਰਗੁਣ ਬੂਝ ਬੁਝਾਈਆ। ਪੰਜ ਤਤ ਕਾਇਆ ਖੇਲ ਖਿਲਾਇਆ, ਤ੍ਰੈਗੁਣ ਮੇਲਾ ਬੰਧਨ ਪਾਈਆ। ਆਪਣਾ ਦੀਪਕ ਆਪ ਜਗਾਇਆ, ਘਰ ਸਾਚੇ ਆਪ ਟਿਕਾਈਆ। ਆਪੇ ਅੰਤਮ ਲਏ ਬੁਝਾਇਆ, ਆਪ ਆਪਣੇ ਵਿਚ ਸਮਾਈਆ। ਜਗਤ ਨੇਤਰ ਦਿਸ ਨਾ ਆਇਆ, ਭਰਮੇ ਭੁੱਲੀ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰਿਜਨ ਹਿੱਸਾ ਆਪ ਵੰਡਾਇਆ, ਹਰਿ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਸਰਨਾਈਆ। ਸਚ ਸਰਨਾਈ ਸਤਿਗੁਰ ਮੀਤ, ਸਗਲਾ ਰੋਗ ਵਿਨਾਸਿਆ। ਏਕੰਕਾਰਾ ਵਸਿਆ ਚੀਤ, ਘਰ ਮੇਲਾ ਸ਼ਾਹੋ ਸ਼ਾਬਾਸਿਆ। ਕਾਇਆ ਮੰਦਰ ਠੰਡਾ ਸੀਤ, ਨਿਰਗੁਣ ਨੂਰ ਦੀਪ ਪ੍ਰਕਾਸਿਆ। ਰਸਨਾ ਗਾਏ ਸੁਹਾਗੀ ਗੀਤ, ਗੋਪੀ ਕਾਹਨ ਪਾਵੇ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼ਿਆ। ਸਚ ਸਰਨਾਈ ਹਰਿ ਨਿਰੰਕਾਰ, ਸਗਲਾ ਸੁਖ ਉਪਜਾਈਆ। ਨਾਤਾ ਤੋੜ ਜਗਤ ਸੰਸਾਰ, ਘਰ ਸਾਚੇ ਮੇਲ ਮਿਲਾਈਆ। ਮੇਲ ਮਿਲਾਵਾ ਮੀਤ ਮੁਰਾਰ, ਘਰ ਮਿਲਿਆ ਸੱਜਣ ਬੇਪਰਵਾਹੀਆ। ਆਤਮ ਅੰਤਰ ਇਕ ਦੀਦਾਰ, ਆਪ ਆਪਣੀ ਦੀਂਦ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਲੇਖ ਲਿਖਾਈਆ। ਹਰਿ ਸਰਨਾਈ ਸਰਨਗਤ, ਹਰਿ ਸਤਿਗੁਰ ਵੇਖ ਵਖਾਇੰਦਾ। ਨਾਮ ਬੀਜੇ ਸਾਚੇ ਵਤ, ਕਾਇਆ ਖੇਤ ਵੇਖ ਵਖਾਇੰਦਾ। ਆਪ ਲਗਾਏ ਡਾਲੀ ਪਤ, ਫੁਲ ਫਲਵਾੜੀ ਆਪ ਮਹਿਕਾਇੰਦਾ। ਆਪੇ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਇੰਦਾ। ਸਤਿ ਸਰੂਪੀ ਸਾਚੀ ਵਥ, ਏਕਾ ਬ੍ਰਹਮ ਗਿਆਨ ਦ੍ਰਿੜਾਇੰਦਾ। ਗੁਰਮੁਖ ਸਗਲ ਵਿਸੂਰੇ ਗਏ ਲੱਥ, ਦਰ ਘਰ ਸਾਚੇ ਦਰਸਨ ਪਾਇੰਦਾ। ਝੂਠਾ ਬੁਰਜ ਗਿਆ ਢੱਠ, ਥਿਰ ਕੋਇ ਰਹਿਣ ਨਾ ਪਾਇੰਦਾ। ਪੁਰਖ ਅਬਿਨਾਸ਼ੀ ਮੇਲਾ ਨੱਠ ਨੱਠ, ਦਰਗਹ ਸਾਚੀ ਧਾਮ ਸੁਹਾਇੰਦਾ। ਲੇਖਾ ਜਾਣੇ ਜਿਉਂ ਭਗਤ ਘਰ ਦਸਰਥ, ਰਾਮ ਰਾਮਾ ਵੇਖ ਵਖਾਇੰਦਾ। ਹਰਿ ਹਰਿ ਮਹਿਮਾ ਅਕਥਨਾ ਅਕਥ, ਵੇਦ ਕਤੇਬ ਕੋਇ ਨਾ ਗਾਇੰਦਾ। ਜੁਗ ਜੁਗ ਗੇੜੇ ਆਪਣੀ ਲੱਠ, ਚਾਰੋਂ ਕੁੰਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਸਤਰ ਧਾਰੀ ਵੇਸ ਵਟਾਇੰਦਾ। ਜਿਉਂ ਰਾਮਾ ਮੀਤ ਭਰਤ ਭਰਾਤਾ, ਹਰਿ ਸਤਿਗੁਰ ਵੇਖ ਵਖਾਈਆ। ਤਿਉਂ ਸਿੰਘ ਰੂਪ ਹੋਏ ਇਕ ਇਕਾਂਤਾ, ਦੇਵੇ ਦਰਸ ਅਗੰਮ ਅਥਾਹੀਆ। ਜਨ ਉਤਮ ਰੱਖੀ ਹਰਿ ਹਰਿ ਜਾਤਾ, ਜੋਤ ਜਾਤ ਜਗਤ ਆਪ ਜਗਾਈਆ। ਆਪ ਸੁਣਾਈ ਆਪਣੀ ਗਾਥਾ, ਹਰਿ ਮੰਦਰ ਅੰਦਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਏਕਾ ਮੀਤ ਸਾਚਾ ਸੱਯਾ, ਭੱਯਾ ਆਪਣਾ ਨਾਉਂ ਰਖਾਇੰਦਾ। ਇਕ ਨਰਾਇਣ ਏਕਾ ਨੱਯਾ, ਏਕਾ ਨਿਰਗੁਣ ਰੂਪ ਚੜ੍ਹਾਇੰਦਾ। ਏਕਾ ਗੇੜਨਹਾਰਾ ਪਹੀਆ, ਪੀਆ ਪ੍ਰੀਤਮ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਖੇਲੇ ਖੇਲ ਖਲਾਰੀ, ਖ਼ਾਲਕ ਖ਼ਲਕ ਵਿਚ ਸਮਾਈਆ। ਆਪੇ ਭਗਤਨ ਮੇਲਾ ਵਡ ਸੰਸਾਰੀ, ਲੋਕਮਾਤ ਮੇਲ ਮਿਲਾਈਆ। ਆਪੇ ਸ਼ਬਦ ਅਨਾਦ ਬੋਲ ਜੈਕਾਰੀ, ਸਾਚਾ ਰਾਗ ਨਾਦ ਸੁਣਾਈਆ। ਆਪੇ ਮਹੱਲ ਅਟੱਲ ਲਏ ਉਸਾਰੀ, ਘੜਨ ਭੰਨਣਹਾਰ ਆਪ ਅਖਵਾਈਆ। ਆਪੇ ਪੰਜ ਤਤ ਮੇਲਾ ਤ੍ਰੈਗੁਣ ਸਿਕਦਾਰੀ, ਆਤਮ ਬ੍ਰਹਮ ਕਰੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਸਾਚਾ ਇਕ ਵਖਾਈਆ। ਕਾਇਆ ਮੰਦਰ ਜਗਤ ਮੁਨਾਰਾ, ਤ੍ਰੈਗੁਣ ਮੇਲ ਮਿਲਾਇਆ। ਪੰਚਮ ਮੀਤਾ ਖੇਲ ਨਿਆਰਾ, ਇਕ ਅਤੀਤਾ ਰਿਹਾ ਕਰਾਇਆ। ਠਾਂਡਾ ਸੀਤਾ ਏਕੰਕਾਰਾ ਨਿਰਾਧਾਰਾ, ਨਿਰਗੁਣ ਆਪਣਾ ਨਾਉਂ ਧਰਾਇਆ। ਹਰਿਜਨ ਬਖਸ਼ੇ ਚਰਨ ਪਿਆਰਾ, ਚਾਤਰਕ ਤ੍ਰਿਖਾ ਦਏ ਬੁਝਾਇਆ। ਇਕ ਵਖਾਏ ਸਚ ਦਵਾਰਾ, ਸਚਖੰਡ ਸਾਚਾ ਆਪ ਸੁਹਾਇਆ। ਜੁਗ ਜੁਗ ਜਨ ਭਗਤਾਂ ਕਰੇ ਮਾਤ ਪਿਆਰਾ, ਆਪ ਆਪਣੀ ਗੋਦ ਉਠਾਇਆ। ਦੇਵੇ ਦਾਨ ਸ੍ਰੀ ਭਗਵਾਨ, ਏਕਾ ਰੰਗ ਰੰਗੇ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਹੋਏ ਉਜਿਆਰਾ। ਜੋਤ ਉਜਾਲਾ ਹਰਿ ਗੋਪਾਲਾ, ਗੋਬਿੰਦ ਗਹਿਰ ਗੰਭੀਰਾ। ਗੁਰਮੁਖ ਵੇਖੇ ਸਾਚਾ ਲਾਲਾ, ਆਪਣੀ ਚੋਟੀ ਚੜ੍ਹ ਅਖੀਰਾ। ਦਿਵਸ ਰੈਣ ਕਰੇ ਪ੍ਰਿਤਪਾਲਾ, ਅੰਮ੍ਰਿਤ ਬਖਸ਼ੇ ਠਾਂਡਾ ਸੀਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਾਂਤਕ ਸਾਚੀ ਧੀਰਾ। ਧੀਰਜ ਧੀਰ ਸਤਿ ਸੰਤੋਖ, ਗੁਰ ਸਤਿਗੁਰ ਹੱਥ ਵਡਿਆਈਆ। ਗੁਰਮੁਖ ਤੇਰੇ ਕਦਮ ਚੁੰਮੇਂ ਮੁਕਤੀ ਮੋਖ, ਨਿਉਂ ਨਿਉਂ ਸੀਸ ਝੁਕਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਏ ਵਖਾਈਆ। ਭਰਮੇ ਭੁੱਲੇ ਭਰਮੀ ਲੋਕ, ਲੋਕ ਅਗਨੀ ਅੱਗ ਲਗਾਈਆ। ਹਰਿਜਨ ਗਾਏ ਸੁਹਾਗੀ ਸਲੋਕ, ਦਰ ਘਰ ਸਾਚੇ ਮੇਲ ਮਿਲਾਈਆ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਸਾਧ ਸੰਤ ਗੁਰ ਪੀਰ ਅਵਤਾਰ ਬੈਠੇ ਸੀਸ ਝੁਕਾਈਆ। ਪ੍ਰਭ ਦਰਸਨ ਕੋ ਲੋਚਨ ਕੋਟਨ ਕੋਟ, ਕੋਟਨ ਕੋਟੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸਾਚੇ ਲਏ ਮਿਲਾਈਆ। ਗੁਰਮੁਖ ਸੱਜਣ ਮੇਲਿਆ, ਘਰ ਸਾਚੇ ਸਤਿਗੁਰ ਸੁਜਾਨ। ਆਪੇ ਹੋਏ ਗੁਰੂ ਗੁਰ ਚੇਲਿਆ, ਦੇਵਣਹਾਰਾ ਸਾਚਾ ਦਾਨ। ਦੋ ਜਹਾਨੀ ਸੱਜਣ ਸੁਹੇਲਿਆ, ਰਾਮ ਰੂਪ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਲਏ ਪਛਾਣ। ਆਪਣੇ ਆਪ ਪਛਾਨਣ ਆਇਆ, ਧੁਰ ਦਰਗਾਹੀ ਹਰਿ ਨਿਰੰਕਾਰਾ। ਜੁਗ ਜੁਗ ਵਿਛੜੇ ਮੇਲ ਮਿਲਾਵਨ ਆਇਆ, ਨਿਰਗੁਣ ਰੂਪ ਵਿਚ ਸੰਸਾਰਾ। ਸ਼ਬਦ ਡੋਰੀ ਬੰਧ ਬੰਧਾਵਨ ਆਇਆ, ਖੇਲੇ ਖੇਲ ਅਗੰਮ ਅਪਾਰਾ। ਜਗਤ ਨਾਤਾ ਤੋੜ ਤੁੜਾਵਨ ਆਇਆ, ਜੂਠਾ ਝੂਠਾ ਪਾਰ ਕਿਨਾਰਾ। ਸਾਚਾ ਮਾਰਗ ਇਕ ਸਿਖਾਵਨ ਆਇਆ, ਗੁਰਮੁਖਾਂ ਕਰੇ ਸਚ ਪਿਆਰਾ। ਦੇ ਮਤ ਆਪ ਸਮਝਾਵਨ ਆਇਆ, ਨੇਤਰ ਰੋਵੇ ਨਾ ਕੋਇ ਜ਼ਾਰੋ ਜ਼ਾਰਾ। ਘਰ ਸਾਚੇ ਸਗਨ ਮਨਾਵਨ ਆਇਆ, ਖਿਲੀ ਰਹੇ ਬਸੰਤ ਬਹਾਰਾ। ਗੁਰ ਸ਼ਬਦੀ ਲੜ ਫੜਾਵਨ ਆਇਆ, ਆਪ ਕਰਾਏ ਪਾਰ ਕਿਨਾਰਾ। ਚਿੰਤਾ ਸੋਗ ਸਰਬ ਮਿਟਾਵਨ ਆਇਆ, ਨਾਮ ਵਜਾਏ ਸਚ ਸਤਾਰਾ। ਕਾਗੋਂ ਹੰਸ ਉਡਾਵਨ ਆਇਆ, ਆਪ ਰਲਾਏ ਆਪਣੀ ਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕ ਸਹਾਰਾ। ਸਚ ਸਹਾਰਾ ਨਾਮ ਵਥ, ਗੁਰ ਸਤਿਗੁਰ ਹੱਥ ਵਡਿਆਈਆ। ਹਰਿ ਸੰਤ ਚੜ੍ਹਾਏ ਆਪਣੇ ਰਥ, ਬੇਪਰਵਾਹ ਆਪ ਚਲਾਈਆ। ਲੋਆਂ ਪੁਰੀਆਂ ਆਪੇ ਮਥ, ਬ੍ਰਹਿਮੰਡ ਖੰਡ ਵੇਖ ਵਖਾਈਆ। ਗੁਰਸਿਖ ਤੇਰਾ ਕਦੇ ਨਾ ਵਿਛਾਏ ਸੱਥਰ ਸੱਥ, ਸਗਲੇ ਸਾਥੀ ਸਤਿ ਸਮਝਾਈਆ। ਲਹਿਣਾ ਦੇਣਾ ਚੁਕਿਆ ਸੀਆਂ ਸਾਢੇ ਤਿੰਨ ਤਿੰਨ ਹੱਥ, ਮਾਤ ਗਰਭ ਫੇਰ ਨਾ ਆਈਆ। ਪਾਇਆ ਪੁਰਖ ਇਕ ਅਕਥ, ਕਥਨੀ ਕਥ ਨਾ ਸਕੇ ਰਾਈਆ। ਅੰਤਮ ਮੇਲਾ ਜਿਉਂ ਰਾਮਾ ਦਸਰਥ, ਭਰਤ ਭਾਵਨੀ ਵਿਚ ਟਿਕਾਈਆ। ਮਾਣਸ ਜਨਮ ਲਾਹਾ ਖੱਟ, ਆਤਮ ਸਾਚੀ ਖਾਟ ਹੰਢਾਈਆ। ਤਨ ਪਹਿਨਾਇਆ ਸ਼ਬਦ ਪਟ, ਨਾਮ ਰਸਾਲੂ ਇਕ ਰੰਗਾਈਆ। ਅੰਤਮ ਵਿਕਿਆ ਸਾਚੇ ਹੱਟ, ਕਰਤੇ ਕੀਮਤ ਸਾਚੀ ਪਾਈਆ। ਤਨ ਖ਼ਾਕ ਨਾ ਰੁਲਿਆ ਤੀਰਥ ਕਿਸੇ ਤਟ, ਗੰਗਾ ਗੋਦਾਵਰੀ ਬੈਠੀ ਮੂੰਹ ਛੁਪਾਈਆ। ਜੋਤ ਜਵਾਲਾ ਲਟ ਲਟ, ਤੇਰਾ ਰਾਹ ਤਕਾਈਆ। ਅੰਤਮ ਉਤਰਿਆ ਸਾਚੇ ਘਾਟ, ਖੇਵਟ ਖੇਟਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਏਕੰਕਾਰਾ ਗੁਰਮੁਖ ਮੇਲਾ ਕੰਤ ਭਤਾਰਾ, ਸਿੰਘ ਹਾਕਮ ਆਤਮ ਪਰਮਾਤਮ ਵਿਚ ਸਮਾਈਆ।