੫ ਫੱਗਣ ੨੦੧੬ ਬਿਕ੍ਰਮੀ ਸਦਾਗਰ ਸਿੰਘ ਦੇ ਘਰ ਨਾਥੇਵਾਲ ਜ਼ਿਲਾ ਫੀਰੋਜ਼ਪੁਰ
ਸਤਿਗੁਰ ਪੂਰਾ ਹਰਿ ਸੁਲਤਾਨ, ਨਰ ਹਰਿ ਨਰਾਇਣ ਆਪ ਅਖਵਾਇੰਦਾ। ਸਚਖੰਡ ਨਿਵਾਸੀ ਖੇਲ ਮਹਾਨ, ਸਤਿ ਪੁਰਖ ਨਿਰੰਜਣ ਆਪ ਖਿਲਾਇੰਦਾ। ਅਲੱਖ ਅਗੋਚਰ ਸ੍ਰੀ ਭਗਵਾਨ, ਅਗੰਮ ਅਥਾਹ ਬੇਪਰਵਾਹ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ, ਆਦਿ ਜੁਗਾਦੀ ਕਰ ਪਸਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸਤਿਗੁਰ ਪੂਰਾ ਹਰਿ ਭਗਵੰਤ, ਜੂਨੀ ਰਹਿਤ ਵੱਡੀ ਵਡਿਆਈਆ। ਹਰਿਜਨ ਤਾਰੇ ਸਾਚੇ ਸੰਤ, ਲੱਖ ਚੁਰਾਸੀ ਵੇਖ ਵਖਾਈਆ। ਵੇਖਣਹਾਰਾ ਜੀਵ ਜੰਤ, ਚਾਰੇ ਖਾਣੀ ਫੋਲ ਫੁਲਾਈਆ। ਪਾਰਬ੍ਰਹਮ ਪ੍ਰਭ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਖੇਲ ਖਿਲਾਈਆ। ਪੁਰਖ ਅਕਾਲ ਹਰਿ ਸਮਰਥ, ਏਕਾ ਏਕ ਏਕ ਅਖਵਾਇੰਦਾ। ਆਪ ਚਲਾਏ ਆਪਣਾ ਰਥ, ਜੁਗ ਜੁਗ ਵੇਸ ਵਟਾਇੰਦਾ। ਪੁਰਖ ਅਬਿਨਾਸ਼ੀ ਮਹਿਮਾ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਜਨ ਭਗਤਾਂ ਦੇਵੇ ਸਾਚੀ ਵਥ, ਸਾਚੀ ਵਸਤ ਝੋਲੀ ਪਾਇੰਦਾ। ਜਗਤ ਵਿਕਾਰਾ ਦੇਵੇ ਮਥ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਘਰ ਸੁਹਾਇੰਦਾ। ਥਿਰ ਘਰ ਵਸੇ ਸਚ ਮਕਾਨ, ਮਹੱਲ ਅਟੱਲ ਆਪ ਉਪਾਇੰਦਾ। ਸਤਿ ਸਰੂਪੀ ਇਕ ਗਿਆਨ, ਆਪਣਾ ਨਾਮ ਜਣਾਇੰਦਾ। ਆਤਮ ਅੰਤਰ ਵੇਖੇ ਮਾਰ ਧਿਆਨ, ਦਿਸ ਕਿਸੇ ਨਾ ਆਇੰਦਾ । ਲੱਖ ਚੁਰਾਸੀ ਸਾਚਾ ਕਾਹਨ, ਘਰ ਮੰਡਲ ਰਾਸ ਰਚਾਇੰਦਾ। ਕਰੇ ਪ੍ਰਕਾਸ਼ ਕੋਟਨ ਭਾਨ, ਰਵ ਸਸ ਮੁਖ ਸ਼ਰਮਾਇੰਦਾ। ਧੁਨ ਅਨਾਦਿ ਸੱਚੀ ਧੁਨਕਾਨ, ਅਨਹਦ ਸੇਵਾ ਸੇਵ ਕਮਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨ, ਚਾਤਰਕ ਤ੍ਰਿਖਾ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਵੇਖ ਵਖਾਇੰਦਾ। ਸਤਿਗੁਰ ਸਾਚਾ ਨਰ ਹਰਿ ਨਰਾਇਣ, ਦੂਸਰ ਅਵਰ ਨਾ ਕੋਇ। ਗੁਰਮੁਖ ਵੇਖੇ ਆਪਣੇ ਨੈਣ, ਆਪ ਆਪਣੇ ਜੇਹਾ ਹੋਏ। ਲੱਖ ਚੁਰਾਸੀ ਜੀਵ ਜੰਤ ਰਸਨਾ ਸਾਰੇ ਕਹਿਣ, ਘਰ ਮਿਲੇ ਨਾ ਕਿਸੇ ਢੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਖੇਲੇ ਖੇਲ ਤ੍ਰੈ ਤ੍ਰੈ ਲੋਏ। ਤ੍ਰੈ ਤ੍ਰੈਲੋਕ ਪੁਰਖ ਅਕਾਲਾ, ਆਪਣੀ ਕਲ ਵਰਤਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਆਪ ਆਪਣਾ ਵੇਸ ਵਟਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਆਪਣਾ ਆਸਣ ਲਾਇੰਦਾ। ਆਪੇ ਸ਼ਾਹ ਆਪੇ ਕੰਗਾਲਾ, ਸਚ ਖ਼ਜ਼ਾਨਾ ਆਪ ਵਰਤਾਇੰਦਾ। ਆਪੇ ਤੋੜਨਹਾਰਾ ਜਗਤ ਜੰਜਾਲਾ, ਜਾਗਰਤ ਜੋਤ ਆਪ ਜਗਾਇੰਦਾ। ਆਪੇ ਕਰੇ ਕਰਾਏ ਸਦਾ ਪ੍ਰਿਤਪਾਲਾ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਆਪੇ ਫਲ ਲਗਾਏ ਡਾਲ੍ਹਾ, ਪਤ ਡਾਲੀ ਵੇਖ ਵਖਾਇੰਦਾ। ਆਪੇ ਸ਼ਬਦ ਸਰੂਪੀ ਬਣ ਦਲਾਲਾ, ਲੋਕਮਾਤ ਵੇਸ ਵਟਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਇਕ ਅਖਵਾਇੰਦਾ। ਸਤਿਗੁਰ ਪੂਰਾ ਹਰਿ ਗੋਬਿੰਦ, ਏਕਾ ਰੰਗ ਸਮਾਇਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਚਿੰਤਾ ਸੋਗ ਰਹੇ ਨਾ ਰਾਇਆ। ਸਤਿਗੁਰ ਪੂਰਾ ਗੁਣੀ ਗਹਿੰਦ, ਗਹਿਰ ਗੰਭੀਰ ਆਪ ਅਖਵਾਇਆ। ਗੁਰਸਿਖ ਉਪਜਾਏ ਆਪਣੀ ਬਿੰਦ, ਆਪ ਆਪਣੀ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਏਕਾ ਵੇਸ, ਦਰ ਦਰਵੇਸ਼ ਅਲੱਖ ਨਿਰੰਜਣ ਆਪ ਕਰਾਇਆ। ਅਲੱਖ ਨਿਰੰਜਣ ਅਗੰਮ ਅਥਾਹ, ਬੇਅੰਤ ਭੇਵ ਨਾ ਆਇੰਦਾ। ਜੁਗ ਜੁਗ ਬਣੇ ਮਾਤ ਮਲਾਹ, ਹਰਿ ਸੰਤਨ ਰਾਹ ਵਖਾਇੰਦਾ। ਸਤਿ ਸਰੂਪੀ ਏਕਾ ਨਾਂ, ਗੁਰ ਸ਼ਬਦੀ ਨਾਉਂ ਦ੍ਰਿੜਾਇੰਦਾ। ਨਥਾਵਿਆਂ ਦੇਵੇ ਸਾਚਾ ਥਾਂ, ਗ਼ਰੀਬ ਨਿਮਾਣੀਆ ਗਲੇ ਲਗਾਇੰਦਾ। ਆਪੇ ਪਿਤਾ ਆਪੇ ਮਾਂ, ਸੁਤ ਦੁਲਾਰਾ ਵੇਖ ਵਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਮਾਣਕ ਮੋਤੀ ਏਕਾ ਨਾਮ ਚੋਗ ਚੁਗਾਇੰਦਾ। ਭਵ ਸਾਗਰ ਪਾਰ ਕਰਾਏ ਫੜ ਫੜ ਬਾਂਹ, ਸਤਿਗੁਰ ਪੂਰਾ ਸੇਵ ਕਮਾਇੰਦਾ। ਦੋ ਜਹਾਨੀ ਕਰੇ ਸਚ ਨਿਆਂ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਸਤਿਗੁਰ ਪੂਰਾ ਸਾਖ਼ਯਾਤ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤ, ਨਾਮ ਵਸਤ ਝੋਲੀ ਪਾਇੰਦਾ। ਨਿਜ ਨੇਤਰ ਦਰਸ ਵਡ ਕਰਾਮਾਤ, ਆਪ ਆਪਣਾ ਨੈਣ ਖੁਲਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਘਰ ਘਰ ਵਿਚ ਦੀਪਕ ਆਪ ਜਗਾਇੰਦਾ। ਬੰਦ ਕਿਵਾੜ ਖੋਲ੍ਹ ਤਾਕ, ਦੂਈ ਦਵੈਤੀ ਪਰਦਾ ਲਾਹਿੰਦਾ। ਪੰਚ ਵਿਕਾਰਾ ਕਰੇ ਖ਼ਾਕ, ਖ਼ਾਕੀ ਖ਼ਾਕ ਮਿਲਾਇੰਦਾ। ਸ਼ਬਦ ਘੋੜਾ ਸਾਚਾ ਰਾਕ, ਗੁਰਮੁਖ ਸਾਚੇ ਆਪ ਵਖਾਇੰਦਾ। ਹਰਿਜਨ ਚੜ੍ਹੇ ਮਾਰ ਪਲਾਕ, ਲੋਆਂ ਪੁਰੀਆਂ ਪਾਰ ਕਰਾਇੰਦਾ। ਸਚਖੰਡ ਦਵਾਰ ਵਖਾਏ ਖੋਲ੍ਹੇ ਤਾਕ, ਮਹੱਲ ਅਟੱਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਹਰਿ ਭਗਵੰਤ, ਹਰਿਜਨ ਮੇਲਾ ਨਾਰੀ ਕੰਤ, ਆਤਮ ਸਾਚੀ ਸੇਜ ਸੁਹਾਇੰਦਾ। ਆਤਮ ਸੇਜ ਸੁਹੰਜਣਾ, ਹਰਿ ਸਤਿਗੁਰ ਵਡ ਮਿਹਰਵਾਨ। ਜਨ ਭਗਤਾਂ ਚਰਨ ਧੂੜ ਕਰਾਏ ਸਾਚਾ ਮਜਨਾ, ਆਤਮ ਅੰਤਰ ਦੇਵੇ ਬ੍ਰਹਮ ਗਿਆਨ। ਨੇਤਰ ਨੈਣ ਪਾਏ ਏਕਾ ਕੱਜਲਾ, ਜਗਤ ਲੋਚਣ ਨੈਣ ਸ਼ਰਮਾਨ। ਮੇਲ ਮਿਲਾਏ ਸਾਚੇ ਸੱਜਣਾ, ਘਰ ਮੰਦਰ ਸ੍ਰੀ ਭਗਵਾਨ। ਜੋ ਘੜਿਆ ਸੋ ਭੱਜਣਾ, ਥਿਰ ਦਿਸੇ ਨਾ ਕੋਏ ਨਿਸ਼ਾਨ। ਕਾਲ ਨਗਾਰਾ ਸਿਰ ਤੇ ਵੱਜਣਾ, ਚਾਰੋਂ ਕੁੰਟ ਹੋਏ ਹੈਰਾਨ। ਪੰਜ ਤਤ ਮਕਾਨ ਸਭ ਨੇ ਤਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਲਏ ਪਛਾਣ। ਹਰਿਜਨ ਸੱਚਾ ਪੇਖਿਆ, ਪੇਖਣਹਾਰ ਕਰਤਾਰ। ਆਪੇ ਲਿਖਿਆ ਲੇਖਿਆ, ਲੇਖਾ ਜਾਣੇ ਨਾ ਵੇਦ ਚਾਰ। ਨਰ ਹਰਿ ਨਰਾਇਣ ਧਾਰੇ ਭੇਖਿਆ, ਲੋਕਮਾਤ ਲੈ ਅਵਤਾਰ। ਆਪੇ ਮੁਛ ਦਾੜ੍ਹੀ ਰਖਾਏ ਕੇਸਿਆ, ਮੂੰਡ ਮੂੰਡਾਏ ਸਿਰਜਣਹਾਰ। ਆਪੇ ਹੋਏ ਦਸ ਦਸਮੇਸਿਆ, ਆਪੇ ਨਾਨਕ ਨਿਰਗੁਣ ਧਾਰ। ਆਪੇ ਗੁਰੂ ਗ੍ਰੰਥ ਉਪਦੇਸਿਆ, ਗੁਰ ਮੰਤਰ ਸ਼ਬਦ ਜੈਕਾਰ। ਆਪੇ ਖੇਲੇ ਖੇਲ ਨਰ ਨਰੇਸਿਆ, ਆਪੇ ਰਾਮ ਕ੍ਰਿਸ਼ਨ ਅਵਤਾਰ। ਆਪੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਆਪੇ ਤ੍ਰੈਗੁਣ ਮਾਇਆ ਭਰੇ ਭੰਡਾਰ। ਆਪੇ ਸਚਖੰਡ ਦਵਾਰ ਕਰੇ ਪਰਵੇਸਿਆ, ਨਿਰਗੁਣ ਨੂਰ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਵਿਚ ਸੰਸਾਰ। ਵਡ ਸੰਸਾਰੀ ਹਰਿ ਨਿਰੰਕਾਰ, ਧਰਤ ਧਵਲ ਵੇਖ ਵਖਾਈਆ। ਚੌਦਾਂ ਲੋਕਾਂ ਖੋਲ੍ਹ ਕਿਵਾੜ, ਹਾਟੀ ਹਟ ਕਰੇ ਰੁਸ਼ਨਾਈਆ। ਪੁਰਖ ਅਗੰਮਾ ਭਰ ਭੰਡਾਰ, ਤ੍ਰੈ ਭਵਣ ਆਪ ਵਿਕਾਈਆ। ਬ੍ਰਹਿਮੰਡਾਂ ਖੰਡਾਂ ਦਏ ਆਧਾਰ, ਲੋਆਂ ਪੁਰੀਆਂ ਖੇਲ ਖਿਲਾਈਆ। ਜ਼ਿਮੀ ਅਸਮਾਨਾਂ ਏਕਾ ਧਾਰ, ਸ਼ਾਹ ਸੁਲਤਾਨਾਂ ਆਪ ਬੰਧਾਈਆ। ਰਵ ਸਸ ਮੇਲ ਸਤਾਰ, ਮੰਡਲ ਮੰਡਪ ਆਪ ਵਡਿਆਈਆ। ਪਵਣੀ ਪਵਣ ਦਏ ਹੁਲਾਰ, ਰੂਪ ਅਨੂਪ ਬੇਪਰਵਾਹੀਆ। ਆਪੇ ਵਸੇ ਧਾਮ ਨਿਆਰ, ਨੇਹਚਲ ਬੈਠਾ ਡੇਰਾ ਲਾਈਆ। ਘਰ ਵਿਚ ਘਰ ਕਰ ਤਿਆਰ, ਘਰ ਬੈਠਾ ਜੋਤ ਜਗਾਈਆ। ਘਰ ਮੰਦਰ ਸੋਹੇ ਬੰਕ ਦਵਾਰ, ਘਰ ਆਪਣਾ ਤਾਲ ਸੁਣਾਈਆ। ਘਰ ਅਨਹਦ ਧੁਨ ਸੱਚੀ ਧੁਨਕਾਰ, ਆਪ ਆਪਣਾ ਨਾਦ ਵਜਾਈਆ। ਘਰ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਸਾਲਾਹੀਆ। ਘਰ ਅੰਮ੍ਰਿਤ ਠੰਡੀ ਠਾਰ, ਹਰਿ ਮੰਦਰ ਆਪ ਭਰਾਈਆ। ਘਰ ਮੇਲਾ ਕੰਤ ਭਤਾਰ, ਘਰ ਬੈਠਾ ਸਹਿਜ ਸੁਖਦਾਈਆ। ਘਰ ਕਰੇ ਸਚ ਪਿਆਰ, ਹਰਿ ਸਤਿਗੁਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਥਾਉਂ ਥਾਈਂਆ। ਹਰਿਜਨ ਹਰਿ ਹਰਿ ਮੇਲਿਆ, ਕਰ ਕਿਰਪਾ ਕਰਤਾਰ। ਘਰ ਸਾਚੇ ਸੋਹੇ ਗੁਰੂ ਗੁਰ ਚੇਲਿਆ, ਗੁਰ ਗੋਬਿੰਦ ਮੀਤ ਮੁਰਾਰ। ਘਰ ਵਸੇ ਧਾਮ ਨਵੇਲਿਆ, ਛੱਪਰ ਛੰਨ ਨਾ ਕੋਇ ਪਸਾਰ। ਘਰ ਪਾਇਆ ਸੱਜਣ ਸੁਹੇਲਿਆ, ਵਿਛੜਿਆ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਹਰਿ ਹਰਿ ਜਾਣਿਆ, ਏਕਾ ਰੰਗ ਕਰਤਾਰਾ। ਦਰ ਘਰ ਸਾਚੇ ਏਕਾ ਮਾਣਿਆ, ਮਿਲਿਆ ਮੇਲ ਮੀਤ ਮੁਰਾਰਾ। ਚਲੇ ਚਲਾਏ ਸਾਚੇ ਭਾਣਿਆ, ਹਰਿ ਭਾਣਾ ਕਰ ਪਿਆਰਾ। ਰਸਨਾ ਗਾਵੇ ਸਾਚਾ ਗਾਣਿਆ, ਹਰਿ ਹਰਿ ਸਾਚਾ ਨਾਉਂ ਉਚਾਰਾ। ਆਤਮ ਦੇਵੇ ਬ੍ਰਹਮ ਗਿਆਨਿਆ, ਸਤਿਗੁਰ ਪੂਰਾ ਭਰੇ ਭੰਡਾਰਾ। ਦਰਗਹਿ ਸਾਚੀ ਦੇਵੇ ਮਾਣਿਆ, ਆਪ ਵਖਾਏ ਇਕ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਮਾਰ ਝਾਤ, ਹਰਿਜਨ ਮੇਲ ਮਿਲਾਏ ਕਮਲਾਪਾਤ, ਪਤ ਪਤਵੰਤਾ ਖੇਲ ਨਿਆਰਾ। ਪਤ ਪਤਵੰਤਾ ਹਰਿ ਮੀਤੜਾ, ਪਰਮ ਪੁਰਖ ਕਰਤਾਰ। ਗੁਰਸਿਖ ਕਾਇਆ ਚੋਲੀ ਰੰਗੇ ਚੀਥੜਾ, ਚਾੜ੍ਹੇ ਰੰਗ ਅਪਰ ਅਪਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਕਾਇਆ ਮੰਦਰ ਸਚ ਦਵਾਰ। ਮਿੱਠਾ ਕਰੇ ਕੌੜਾ ਰੀਠੜਾ, ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਤੜਾ, ਸਤਿ ਸਤਿ ਵਰਤੇ ਵਰਤਾਰ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਪੀ ਜਾਵੇ ਤਾਰ। ਜੁਗ ਜੁਗ ਚਲੇ ਚਲਾਏ ਆਪਣੀ ਰੀਤੜਾ, ਲੱਖ ਚੁਰਾਸੀ ਨਾ ਪਾਏ ਸਾਰ। ਸਾਚਾ ਮੰਦਰ ਦੇਹੁਰਾ ਗੁਰੂਦਵਾਰ ਮਸੀਤੜਾ, ਜਿਸ ਮਿਲਿਆ ਹਰਿ ਨਿਰੰਕਾਰ। ਗੁਰਸਿਖ ਗਾਏ ਸੁਹਾਗੀ ਗੀਤੜਾ, ਅਜਪਾ ਜਾਪ ਅਪਰ ਅਪਾਰ। ਹਰਿ ਭਾਣਾ ਲੱਗੇ ਮੀਠੜਾ, ਨਿਉਂ ਨਿਉਂ ਢਹਿ ਢਹਿ ਕਰੇ ਸਰਨ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਕਰੇ ਉਧਾਰ। ਭਗਤਨ ਹਰਿ ਰੰਗ ਰਤਿਆ, ਰਾਮ ਰੰਗ ਚਲੂਲ। ਆਪੇ ਦੇ ਸਮਝਾਵੇ ਮਤਿਆ, ਪੁਰਖ ਅਬਿਨਾਸ਼ੀ ਕੰੰਤ ਕੰਤੂਲ। ਬੀਜ ਬੀਜੇ ਸਾਚੇ ਵਤਿਆ, ਆਤਮ ਅੰਤਰ ਉਪਜਾਏ ਸਾਚਾ ਫੂਲ। ਆਪੇ ਬਖ਼ਸ਼ੇ ਸਾਚੀ ਸਤਿਆ, ਚਰਨ ਕਵਲਾ ਬਖ਼ਸ਼ੇ ਧੂਲ। ਹਰਿਜਨ ਜਾਣੇ ਮਿਤ ਗਤਿਆ, ਗਤ ਮਿਤ ਨਾ ਜਾਏ ਭੂਲ। ਗੁਰਮੁਖ ਵਿਰਲੇ ਲਾਹਾ ਖੱਟਿਆ, ਗੁਰ ਸ਼ਬਦ ਪੰਘੂੜਾ ਲਿਆ ਝੂਲ। ਕਲਜੁਗ ਖੇਲ ਬਾਜ਼ੀਗਰ ਨਟਿਆ, ਸ੍ਰਿਸ਼ਟ ਸਬਾਈ ਰਹੀ ਭੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਕਰਨਹਾਰਾ ਸੂਲੀਉਂਂ ਸੂਲ। ਗੁਰਸਿਖ ਤੇਰਾ ਬੰਧਨ ਕੱਟ, ਗੁਰ ਸਤਿਗੁਰ ਦਇਆ ਕਮਾਇੰਦਾ। ਦੂਈ ਦਵੈਤੀ ਮੇਟੇ ਫਟ, ਨਾਮ ਪਟੀ ਇਕ ਬੰਧਾਇੰਦਾ। ਅੰਮ੍ਰਿਤ ਆਤਮ ਸਾਚਾ ਝਟ, ਜਗਤ ਤ੍ਰਿਸ਼ਨਾ ਭੁੱਖ ਬੁਝਾਇੰਦਾ। ਦੁਰਮਤ ਮੈਲ ਦੇਵੇ ਕੱਟ, ਨਿਰਮਲ ਨਿਰਮਲ ਆਪ ਸਮਾਇੰਦਾ। ਵਸਣਹਾਰਾ ਘਟ ਘਟ, ਹਰ ਘਟ ਆਪੇ ਸੋਭਾ ਪਾਇੰਦਾ। ਨਿਰਗੁਣ ਸਰਗੁਣ ਹੋ ਪਰਗਟ, ਪਰਮ ਪੁਰਖ ਵੇਸ ਵਟਾਇੰਦਾ। ਜੋਤ ਉਜਾਲਾ ਲਟ ਲਟ, ਨੂਰ ਨੂਰਾਨਾ ਡਗਮਗਾਇੰਦਾ। ਸ਼ਬਦ ਅਗੰਮੀ ਮਾਰੇ ਸਟ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਘਰ ਸਾਚੇ ਮੇਲ ਮਿਲਾਇੰਦਾ। ਵਰ ਘਰ ਹਰਿ ਨਰ ਸਾਚਾ ਪੌਣਾ, ਗੁਰ ਸਤਿਗੁਰ ਮੇਲ ਮਿਲੰਨਿਆ। ਦੁਖ ਦਲਿਦਰ ਡੇਰਾ ਢੌਣਾ, ਪਵਣ ਪਵਣੀ ਦੇਵੇ ਡੰਨਿਆ। ਏਕਾ ਮਾਰਗ ਸਾਚੇ ਲੌਣਾ, ਪੁਰਖ ਅਕਾਲ ਸ੍ਰੀ ਭਗਵੰਨਿਆ। ਪਾਰਬ੍ਰਹਮ ਪ੍ਰਭ ਮੇਲ ਮਿਲੌਣਾ, ਰੂਪ ਅਨੂਪ ਇਕ ਵਿਖੰਨਿਆ। ਨਿਰਗੁਣ ਸਾਚਾ ਚੰਨ ਚੜ੍ਹੌਣਾ, ਸਰਗੁਣ ਕਹੇ ਧੰਨ ਧੰਨ ਧੰਨ ਧੰਨਿਆ। ਚਾਤ੍ਰਿਕ ਤ੍ਰਿਖਾ ਆਪ ਬੁਝੌਣਾ, ਆਤਮ ਜਾਮ ਪਿਆਏ ਅੰਮ੍ਰਿਤ ਹਰਿ ਹਰਿ ਭਿਨਿਆ। ਕਾਗੋਂ ਹੰਸ ਆਪ ਬਨੌਣਾ, ਸਾਚੀ ਚੋਗ ਮੁਖ ਵਖੰਨਿਆ। ਜਮ ਕਾ ਜੇੜਾ ਆਪ ਕਟੌਣਾ, ਰਾਏ ਧਰਮ ਨਾ ਦੇਵੇ ਡੰਨਿਆ। ਚਿਤਰ ਗੁਪਤ ਦਾ ਲੇਖ ਚੁਕੌਣਾ, ਲਾੜੀ ਮੌਤ ਮੁਖ ਸ਼ਰਮਨਿਆ। ਗੁਰਮੁਖ ਆਪਣੀ ਗੋਦ ਬਹੌਣਾ, ਸਿਰ ਆਪਣਾ ਹੱਥ ਧਰੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਆਪੇ ਲਾਏ ਬੇੜਾ ਬੰਨਿਆ। ਬੇੜਾ ਬੰਨੇ ਦੇਵੇ ਲਾ, ਹਰਿ ਸ਼ਬਦ ਵੱਡੀ ਵਡਿਆਈਆ। ਸਤਿਗੁਰ ਸ਼ਬਦ ਜਗਤ ਮਲਾਹ, ਗੁਰਮੁਖ ਸੱਜਣ ਲਏ ਤਰਾਈਆ। ਨਿਰਗੁਣ ਜਪਾਏ ਆਪਣਾ ਨਾਂ, ਸਰਗੁਣ ਨਿਰਗੁਣ ਵਿਚ ਸਮਾਈਆ। ਹੋਏ ਸਹਾਈ ਸਭਨਾ ਥਾਂ, ਥਾਨ ਥਨੰਤਰ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹ, ਜੋ ਜਨ ਮੰਗੇ ਸਚ ਸਰਨਾਈਆ। ਨਾਨਕ ਗੋਬਿੰਦ ਮੇਲਾ ਏਕਾ ਥਾਂ, ਸਚਖੰਡ ਵੱਜੇ ਵਧਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ ਵੇਖ ਵਖਾ, ਸਤਿ ਨਾਮ ਨਾਮ ਨਿਰਬਾਣ ਏਕਾ ਬਾਣ ਲਗਾਈਆ। ਭੂਤ ਪਰੇਤ ਪਸੂ ਚਕਰ ਨਾ ਰਹੇ ਕਿਸੇ ਥਾਂ, ਨਾਮ ਖੰਡਾ ਇਕ ਚਮਕਾਈਆ। ਹਾਕਨੀ ਡਾਕਨੀ ਸੀਸ ਦਏ ਮੁੰਡਾ, ਬੀਰ ਅਠਾਰਾਂ ਰਹੇ ਕੁਰਲਾਈਆ। ਚੰਡ ਪਰਚੰਡਕਾ ਇਕ ਚਮਕਾ, ਆਪ ਆਪਣੀ ਵੰਡ ਵੰਡਾਈਆ। ਗੁਰਸਿਖ ਗੁਰਮੁਖ ਦਰ ਘਰ ਸਾਚੇ ਦਏ ਬਹਾ, ਘਰ ਮੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਚੁਕਾਏ ਝੂਠਾ ਡਰ, ਨਾਮ ਨਾਮਾ ਹੋਏ ਸਹਾਈਆ।
