੩ ਫਗਣ ੨੦੧੬ ਬਿਕ੍ਰਮੀ ਪਿੰਡ ਨਿਧਾਂਵਾਲੀ ਸਰੈਣ ਸਿੰਘ ਦੇ ਘਰ ਜ਼ਿਲਾ ਫੀਰੋਜ਼ ਪੁਰ
ਸੋ ਪੁਰਖ ਨਿਰੰਜਣ ਅਗੰਮ ਅਥਾਹ, ਆਦਿ ਜੁਗਾਦੀ ਹਰਿ ਅਖਵਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਭੇਵ ਅਭੇਦਾ ਭੇਵ ਛੁਪਾਇੰਦਾ। ਏਕੰਕਾਰਾ ਸਿਫਤ ਸਾਲਾਹ, ਲੇਖਾ ਲੇਖ ਨਾ ਕੋਇ ਜਣਾਇੰਦਾ। ਆਦਿ ਨਿਰੰਜਣ ਜੋਤ ਜਗਾ, ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਏਕਾ ਨਾਂ, ਆਪਣਾ ਆਪ ਉਪਜਾਇੰਦਾ। ਅਬਿਨਾਸ਼ੀ ਕਰਤਾ ਵਸੇ ਸਾਚੇ ਥਾਂ, ਸਚਖੰਡ ਦਵਾਰਾ ਸੋਭਾ ਪਾਇੰਦਾ। ਪਾਰਬ੍ਰਹਮ ਕਰੇ ਇਕ ਨਿਆਂ, ਇਕ ਅਕੱਲਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਦਰ ਸੁਹੰਜਣਾ ਹਰਿ ਨਿਰੰਕਾਰ, ਏਕਾ ਏਕ ਉਪਾਇੰਦਾ। ਸਚਖੰਡ ਮਹੱਲਾ ਨਿਰਗੁਣ ਧਾਰ, ਥਿਰ ਘਰ ਵਾਸੀ ਡਗਮਗਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਭੇਵ ਨਾ ਆਇੰਦਾ। ਨਾ ਪਿਤਾ ਨਾ ਕੋਇ ਮਾਂ, ਸਾਚੀ ਗੋਦ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਆਪਣੀ ਰਚਨਾ ਆਪ ਰਚਾਏ, ਪਾਰਬ੍ਰਹਮ ਵੱਡੀ ਵਡਿਆਈਆ। ਏਕੰਕਾਰਾ ਨਾਉਂ ਧਰਾਏ, ਨਾ ਮਰੇ ਨਾ ਜਾਈਆ। ਸਚਖੰਡ ਨਿਵਾਸੀ ਡੇਰਾ ਲਾਏ, ਮਹੱਲ ਅਟੱਲ ਇਕ ਉਪਾਈਆ। ਤਖ਼ਤ ਤਾਜ ਇਕ ਵਖਾਏ, ਸ਼ਾਹ ਸੁਲਤਾਨ ਵਡ ਭੂਪ ਏਕਾ ਰੂਪ ਉਪਜਾਈਆ। ਵਸਣਹਾਰਾ ਚਾਰੇ ਕੂੰਟ, ਦਹਿ ਦਿਸ਼ਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਸਚ ਮਹੱਲਾ, ਨਿਰਗੁਣ ਧਾਰਾ ਏਕੰਕਾਰਾ, ਅਕਲ ਕਲ ਧਾਰੀ ਆਪ ਵਸਾਈਆ। ਅਕਲ ਕਲ ਧਾਰ ਹਰਿ ਭਗਵੰਤ, ਆਦਿ ਜੁਗਾਦਿ ਸਮਾਇੰਦਾ। ਆਪ ਬਣਾਏ ਆਪਣੀ ਬਣਤ, ਦੂਸਰ ਕੋਇ ਨਾ ਸੰਗ ਰਲਾਇੰਦਾ। ਆਪੇ ਨਾਰੀ ਆਪੇ ਕੰਤ, ਆਪੇ ਨਿਰਗੁਣ ਨਿਰਗੁਣ ਸੇਜ ਹੰਢਾਇੰਦਾ। ਆਪੇ ਵੇਖੇ ਰੁੱਤ ਬਸੰਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਆਪੇ ਮਣੀਆ ਆਪੇ ਮੰਤ, ਆਪ ਆਪਣਾ ਜਾਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਉਂ ਧਰਾਇੰਦਾ। ਅਜੂਨੀ ਰਹਿਤ ਪੁਰਖ ਅਕਾਲ, ਏਕਾ ਰੰਗ ਸਮਾਈਆ। ਆਦਿ ਜੁਗਾਦੀ ਦੀਨ ਦਿਆਲ, ਘਰ ਸਾਚੇ ਸੋਭਾ ਪਾਈਆ। ਆਪੇ ਚਲੇ ਅਵਲੜੀ ਚਾਲ, ਚਾਲ ਨਿਰਾਲੀ ਆਪ ਉਪਾਈਆ। ਵਸਣਹਾਰਾ ਸਚ ਸੱਚੀ ਧਰਮਸਾਲ, ਥਿਰ ਘਰ ਬੈਠਾ ਆਸਣ ਲਾਈਆ। ਸਤਿ ਸਰੂਪੀ ਸ਼ਾਹ ਕੰਗਾਲ, ਨਿਰਭੈ ਆਪਣਾ ਨਾਉਂ ਧਰਾਈਆ। ਆਪੇ ਧਨ ਆਪੇ ਮਾਲ, ਸਚ ਸਮਗਰੀ ਆਪਣੀ ਆਪ ਉਪਾਈਆ। ਆਪੇ ਕਰੇ ਕਰਾਏ ਸਦਾ ਪ੍ਰਿਤਪਾਲ, ਪ੍ਰਿਤਪਾਲਕ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਆਪਣਾ ਨਾਉਂ ਧਰਾਈਆ। ਸਤਿ ਪੁਰਖ ਨਿਰੰਜਣ ਨਾਉਂ ਰੱਖ, ਅਗੰਮ ਅਗੰਮੜੀ ਕਾਰ ਕਰਾਇੰਦਾ। ਸਚਖੰਡ ਦਵਾਰੇ ਹੋ ਪਰਤੱਖ, ਨਿਰਗੁਣ ਦੀਵਾ ਬਾਤੀ ਜੋਤ ਜਗਾਇੰਦਾ। ਆਪੇ ਬਣੇ ਕਮਲਾਪਤ, ਮੀਤ ਮੁਰਾਰਾ ਆਪ ਅਖਵਾਇੰਦਾ। ਆਪੇ ਜਾਣੇ ਮਿਤ ਗਤ, ਗਤ ਮਿਤ ਦਾਤਾ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ ਦੀਨ ਦਿਆਲਾ ਖੇਲ ਖਿਲਾਇੰਦਾ। ਖੇਲ ਖਲਾਏ ਪੁਰਖ ਅਗੰਮ, ਅਗੰਮੜੀ ਕਾਰ ਕਰਾਇੰਦਾ। ਹੱਡ ਮਾਸ ਨਾੜੀ ਨਾ ਦਿਸੇ ਚੰਮ, ਪੰਜ ਤਤ ਨਾ ਕੋਇ ਰਖਾਇੰਦਾ। ਨਾ ਕੋਈ ਪਵਣ ਸਵਾਸੀ ਦਮ, ਰਸਨਾ ਜੇਹਵਾ ਨਾ ਕੋਇ ਗਾਇੰਦਾ। ਆਪਣਾ ਬੇੜ੍ਹਾ ਆਪੇ ਬਨ੍ਹ, ਨਿਰਗੁਣ ਨਿਰਗੁਣ ਆਪ ਚਲਾਇੰਦਾ। ਆਪੇ ਜਨਨੀ ਆਪੇ ਜਨ, ਆਪ ਆਪਣੀ ਗੋਦ ਸੁਹਾਇੰਦਾ। ਆਪੇ ਵਸੇ ਸਾਚੀ ਛੱਪਰੀ ਛੰਨ, ਚਾਰ ਦੀਵਾਰ ਨਾ ਕੋਇ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਏਕੰਕਾਰਾ, ਖੇਲੇ ਖੇਲ ਅਪਰ ਅਪਾਰਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਏਕੰਕਾਰਾ ਹਰਿ ਨਿਰੰਕਾਰਾ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਖੇਲ ਅਪਾਰਾ, ਜੁਗ ਜੁਗ ਵੇਸ ਵਟਾਇੰਦਾ। ਲੋਆਂ ਪੁਰੀਆਂ ਬੰਨ੍ਹੇ ਧਾਰਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਆਪੇ ਰਵ ਸਸ ਬਣ ਸਤਾਰਾ, ਮੰਡਲ ਮੰਡਪ ਆਪ ਸੁਹਾਇੰਦਾ। ਆਪੇ ਜ਼ਿਮੀ ਅਸਮਾਨਾਂ ਦਏ ਹੁਲਾਰਾ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਪ੍ਰਿਥਮੀ ਆਕਾਸ਼ ਕਰੇ ਪਿਆਰਾ, ਗਗਨ ਗਗਨੰਤਰ ਸੋਭਾ ਪਾਇੰਦਾ। ਆਪੇ ਤ੍ਰੈਗੁਣ ਮਾਇਆ ਖੋਲ੍ਹ ਕਿਵਾੜਾ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਰੰਗ ਸਮਾਏ ਹਰਿ ਰੰਗ ਰਾਤਾ, ਲੇਖਾ ਲੇਖ ਨਾ ਕੋਇ ਜਣਾਈਆ। ਅਬਿਨਾਸ਼ੀ ਕਰਤਾ ਪੁਰਖ ਬਿਧਾਤਾ, ਪਾਰਬ੍ਰਹਮ ਪਰਮ ਪੁਰਖ ਅਖਵਾਈਆ। ਆਪਣੀ ਰੱਖੇ ਉਤਮ ਜ਼ਾਤਾ, ਵਰਨ ਗੋਤ ਨਾ ਕੋਇ ਬਣਾਈਆ। ਬੈਠਾ ਰਹੇ ਇਕ ਏਕਾਂਤਾ, ਦਰ ਘਰ ਸਾਚੇ ਸੋਭਾ ਪਾਈਆ। ਆਪੇ ਪੁੱਛੇ ਆਪਣੀ ਵਾਤਾ, ਆਪ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਈਆ। ਰੂਪ ਵਟੰਦੜਾ ਹਰਿ ਭਗਵਾਨ, ਭੇਵ ਕੋਇ ਨਾ ਪਾਇੰਦਾ। ਸਚਖੰਡ ਦਵਾਰੇ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇੰਦਾ। ਸਤਿ ਸਤਿਵਾਦੀ ਹੋ ਮਿਹਰਵਾਨ, ਆਪ ਆਪਣੀ ਦਇਆ ਕਮਾਇੰਦਾ। ਸਾਚਾ ਸੁਤ ਸੁਤ ਬਲਵਾਨ, ਸ਼ਬਦੀ ਸ਼ਬਦ ਉਪਜਾਇੰਦਾ। ਏਕਾ ਗੀਤ ਏਕਾ ਰਾਗ ਏਕਾ ਧੁਨਕਾਨ, ਰਾਗ ਅਨਾਦੀ ਆਪ ਸੁਣਾਇੰਦਾ। ਏਕਾ ਮੰਦਰ ਇਕ ਮਕਾਨ, ਥਿਰ ਘਰ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਏਕਾ ਵਸਤ ਹੱਥ ਫੜਾਇੰਦਾ। ਸਾਚੀ ਦਾਤ ਧੁਰ ਦਰਬਾਰ, ਹਰਿ ਸਾਚੇ ਹੱਥ ਰਖਾਈਆ। ਆਪਣੀ ਕਿਰਪਾ ਆਪੇ ਧਾਰ, ਆਪਣੀ ਝੋਲੀ ਆਪ ਭਰਾਈਆ। ਆਪੇ ਵਿਸ਼ਨੂੰ ਕਰ ਤਿਆਰ, ਦੇਵੇ ਰਿਜ਼ਕ ਸਬਾਈਆ। ਆਪੇ ਕਵਲਾ ਕਵਲੀ ਹੋ ਉਜਿਆਰ, ਨਾਭੀ ਨਾਭੀ ਅੰਮ੍ਰਿਤ ਮੁਖ ਚੁਆਈਆ। ਆਪੇ ਬ੍ਰਹਮ ਕਰ ਪਿਆਰ, ਪਾਰਬ੍ਰਹਮ ਦਏ ਵਡਿਆਈਆ। ਆਪੇ ਵਸੇ ਧੂੰਆਂਧਾਰ, ਸੁੰਨ ਅਗੰਮ ਆਪ ਸਮਾਈਆ। ਆਪੇ ਸ਼ੰਕਰ ਦਏ ਆਧਾਰ, ਸਾਂਗੋ ਪਾਂਗ ਸੇਜ ਸੁਹਾਈਆ। ਆਪੇ ਤ੍ਰੈਗੁਣ ਖੇਲ ਕਰੇੇ ਨਿਰੰਕਾਰ, ਆਪ ਆਪਣਾ ਬੰਧਨ ਪਾਈਆ। ਆਪੇ ਪੰਜ ਤਤ ਮੇਲਾ ਵਿਚ ਸੰਸਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪ ਆਪਣਾ ਰੂਪ ਦਰਸਾਈਆ। ਆਪੇ ਵਸੇ ਜਲ ਬਿੰਬ ਜਲ ਜਲ ਧਾਰ, ਧਰਤ ਧਵਲ ਆਪ ਵਡਿਆਈਆ। ਆਪੇ ਮਨ ਮਤ ਬੁਧ ਕਰ ਜੋਤ ਉਜਿਆਰ, ਦੀਵਾ ਬਾਤੀ ਨਿਰਗੁਣ ਆਪਣਾ ਆਪ ਟਿਕਾਈਆ। ਆਪੇ ਚੌਦਾਂ ਲੋਕ ਖੋਲ੍ਹ ਤਾਕ, ਸਾਚੀ ਹਾਟੀ ਆਪ ਸੁਹਾਈਆ। ਆਪੇ ਸ਼ਬਦ ਅਗੰਮੀ ਬੋਲ ਵਾਕ, ਆਪਣਾ ਨਾਉਂ ਲਏ ਪਰਗਟਾਈਆ। ਆਪੇ ਸਤਿ ਸਰੂਪੀ ਚੜ੍ਹੇ ਰਾਕ, ਅਸਵ ਆਪਣਾ ਆਪ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਖੇਲ ਅਪਾਰਾ, ਵਸਣਹਾਰਾ ਸਚਖੰਡ ਦਵਾਰਾ, ਤ੍ਰੈਗੁਣ ਮੀਤਾ ਹਰਿ ਅਤੀਤਾ, ਤ੍ਰੈ ਤ੍ਰੈ ਵਸਤ ਆਪਣੀ ਵੰਡ ਵੰਡਾਈਆ। ਤ੍ਰੈਗੁਣ ਭੰਡਾਰਾ ਹਰਿ ਨਿਰੰਕਾਰਾ, ਬ੍ਰਹਮਾ ਵਿਸ਼ਨ ਸ਼ਿਵ ਆਪ ਵਰਤਾਈਆ। ਆਪਣਾ ਦੇਵੇ ਨਾਮ ਸਹਾਰਾ, ਨਿਰਗੁਣ ਨਿਰਗੁਣ ਰੂਪ ਦਰਸਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਅਗਾਧ ਬੋਧ ਸ਼ਬਦ ਕਰੇ ਕੁੜਮਾਈਆ। ਆਪੇ ਸ਼ਬਦੀ ਸ਼ਬਦ ਬਣ ਲਿਖਾਰਾ, ਭੇਵ ਅਭੇਦਾ ਭੇਵ ਖੁਲ੍ਹਾਈਆ। ਆਪੇ ਵਣਜ ਆਪ ਵਣਜਾਰਾ, ਆਪਣੀ ਵਸਤ ਆਪੇ ਵਿਚ ਟਿਕਾਈਆ। ਜੋਤੀ ਜੋਤ ਸਰਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਘਾੜਨ ਘੜ, ਆਤਮ ਬ੍ਰਹਮ ਕਰੇ ਕੁੜਮਾਈਆ। ਆਤਮ ਬ੍ਰਹਮ ਹਰਿ ਹਰਿ ਨਾਤਾ, ਹਰਿ ਸਤਿਗੁਰ ਆਪ ਬਣਾਇਆ। ਆਪੇ ਦਿਵਸ ਆਪੇ ਰਾਤਾ, ਆਪ ਆਪਣੀ ਖੇਲ ਖਿਲਾਇਆ। ਆਪੇ ਖੇਲੇ ਖੇਲ ਬੌਹ ਬੌਹ ਭਾਂਤਾ, ਵੇਦ ਕਤੇਬ ਲੇਖਾ ਲਖ ਨਾ ਸਕੇ ਰਾਇਆ। ਆਪੇ ਦੇਵੇ ਆਪਣੀ ਦਾਤਾ, ਬ੍ਰਹਮਾ ਰੋ ਰੋ ਨੇਤਰ ਨੈਣ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਖੇਲ ਖਲੰਦੜਾ ਸਤਿ ਸਰੂਪ, ਮਹਿਮਾ ਕਥ ਕਥੀ ਨਾ ਜਾਈਆ। ਸ਼ਾਹ ਸੁਲਤਾਨਾ ਵੱਡਾ ਭੂਪ, ਸਚ ਸਿਕਦਾਰ ਇਕ ਅਖਵਾਈਆ। ਏਕਾ ਤਾਣਾ ਏਕਾ ਸੂਤ, ਏਕਾ ਪੇਟਾ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਖ ਚੁਰਾਸੀ ਅੰਦਰ ਵੜ, ਬੰਦ ਕਿਵਾੜਾ ਆਪ ਕਰਾਈਆ। ਲੱਖ ਚੁਰਾਸੀ ਘਾੜਨ ਘੜਿਆ, ਭੇਵ ਕੋਇ ਨਾ ਪਾਇੰਦਾ। ਸਰਗੁਣ ਅੰਦਰ ਨਿਰਗੁਣ ਵੜਿਆ, ਦਿਸ ਕਿਸੇ ਨਾ ਆਇੰਦਾ। ਆਪਣੇ ਪੌੜੇ ਆਪੇ ਚੜ੍ਹਿਆ, ਸ਼ਬਦ ਡੰਡਾ ਹੱਥ ਰਖਾਇੰਦਾ। ਨੌਂ ਦਵਾਰ ਕਿਤੇ ਨਾ ਅੜਿਆ, ਡੂੰਘੀ ਭਵਰ ਨਾ ਕੋਇ ਫਿਰਾਇੰਦਾ। ਸੁਖਮਨ ਨਾੜੀ ਪਾਰ ਕਰਿਆ, ਤ੍ਰਿਬੈਣੀ ਨੈਣ ਮਟਕਾਇੰਦਾ। ਸਰ ਸਰੋਵਰ ਆਤਮ ਭਰਿਆ, ਜਲ ਧਾਰਾ ਇਕ ਸੁਹਾਇੰਦਾ। ਅਨਹਦ ਤਾਲ ਅਨਾਦੀ ਏਕਾ ਜੜਿਆ, ਸਾਚਾ ਡੰਕਾ ਆਪ ਵਜਾਇੰਦਾ। ਦਸਮ ਦਵਾਰੀ ਆਪੇ ਖੜ੍ਹਿਆ, ਸਾਚੀ ਸੇਜਾ ਆਪ ਸੁਹਾਇੰਦਾ। ਪੰਚ ਵਿਕਾਰਾ ਆਪੇ ਲੜਿਆ, ਕਾਮ ਕਰੋਧ ਲੋਭ ਮੋਹ ਹੰਕਾਰ ਆਪੇ ਵੇਖ ਵਖਾਇੰਦਾ। ਹਉਮੇ ਹੰਗਤਾ ਆਪੇ ਗੜਿਆ, ਗੜ੍ਹ ਹੰਕਾਰੀ ਆਪ ਸੁਹਾਇੰਦਾ। ਆਸਾ ਤ੍ਰਿਸ਼ਨਾ ਕਦੇ ਨਾ ਸੜਿਆ, ਘਟ ਸਾਚੇ ਸੋਭਾ ਪਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਬ੍ਰਹਮਾ ਵੇਤਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਵਖਾਇੰਦਾ। ਜਾਗਰਤ ਜੋਤ ਪੁਰਖ ਅਬਿਨਾਸ਼ਾ, ਭੇਵ ਅਭੇਦਾ ਭੇਵ ਛੁਪਾਈਆ। ਲੱਖ ਚੁਰਾਸੀ ਖੇਲ ਤਮਾਸ਼ਾ, ਘਰ ਘਰ ਵਿਚ ਆਸਣ ਲਾਈਆ। ਜੋਤ ਨਿਰੰਜਣ ਕਰ ਪ੍ਰਕਾਸ਼ਾ, ਦਿਵਸ ਰੈਣ ਡਗਮਗਾਈਆ। ਅਨਹਦ ਸ਼ਬਦ ਸਰਬ ਗੁਣ ਤਾਸਾ, ਨਾਦ ਅਨਾਦੀ ਨਾਦ ਵਜਾਈਆ। ਸਤਿ ਸਤਿਵਾਦੀ ਸ਼ਾਹੋ ਸ਼ਾਬਾਸ਼ਾ, ਦਰ ਘਰ ਸਾਚੇ ਸੋਭਾ ਪਾਈਆ। ਜਨ ਭਗਤਾਂ ਦੇਵੇ ਨਾਮ ਦਿਲਾਸਾ, ਏਕਾ ਆਪਣਾ ਨਾਉਂ ਸੁਣਾਈਆ। ਭਾਗ ਲਗਾਏ ਕਾਇਆ ਕਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦਾਤਾ ਬੇਪਰਵਾਹੀਆ। ਜੁਗ ਜੁਗ ਦਾਤਾ ਹਰਿ ਨਿਰੰਕਾਰ, ਆਪਣਾ ਖੇਲ ਖਿਲਾਇੰਦਾ। ਸਤਿਜੁਗ ਵੇਸ ਅਪਰ ਅਪਾਰ, ਵੇਸ ਅਨੇਕਾ ਰੂਪ ਵਟਾਇੰਦਾ। ਸੰਤ ਭਗਤ ਲਏ ਉਧਾਰ, ਆਤਮ ਬ੍ਰਹਮ ਮੇਲ ਮਿਲਾਇੰਦਾ। ਜਗਤ ਜੁਗਤ ਅਪਰ ਅਪਾਰ, ਹਰਿਜਨ ਸਾਚੇ ਆਪ ਜਣਾਇੰਦਾ। ਸਾਚੀ ਸ਼ਕਤ ਦਏ ਆਧਾਰ, ਬੂੰਦ ਰਕਤ ਵੇਖ ਵਖਾਇੰਦਾ। ਕਾਗਦ ਕਲਮ ਲਿਖ ਲਿਖ ਗਏ ਹਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜਿਸ ਜਨ ਕਿਰਪਾ ਕਰੇ ਅਪਾਰ, ਕਰ ਕਿਰਪਾ ਮੇਲ ਮਿਲਾਇੰਦਾ। ਆਪੇ ਘੜੇ ਭੰਨੇ ਭੰਨਣਹਾਰ, ਸਮਰਥ ਪੁਰਖ ਆਪ ਅਖਵਾਇੰਦਾ। ਚਲਾਏ ਰਥ ਵਿਚ ਸੰਸਾਰ, ਰਥ ਰਥਵਾਹੀ ਦਿਸ ਨਾ ਆਇੰਦਾ। ਸਤਿਜੁਗ ਸਾਚੇ ਦਏ ਹੁਲਾਰ, ਨਾਮ ਹੁਲਾਰਾ ਇਕ ਵਖਾਇੰਦਾ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਦਏ ਆਧਾਰ, ਆਦਿ ਨਿਰੰਜਣ ਵੇਖ ਵਖਾਇੰਦਾ। ਸ੍ਰੀ ਭਗਵਾਨ ਸਚ ਦਵਾਰ, ਅਬਿਨਾਸ਼ੀ ਕਰਤਾ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪ ਆਪਣਾ ਰੂਪ ਵਟਾਇੰਦਾ। ਬ੍ਰਹਮ ਬ੍ਰਹਮ ਖੇਲ ਨਿਆਰ, ਹੰ ਹੰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਘਰ, ਹਰਿ ਸਾਚਾ ਆਪ ਸੁਹਾਇੰਦਾ। ਸਾਚਾ ਘਰ ਸੁਹੰਜਣਾ, ਹਰਿ ਸਾਚਾ ਆਪ ਸੁਹਾਇੰਦਾ। ਜੋਤ ਜਗਾਏ ਆਦਿ ਨਿਰੰਜਣਾ, ਆਦਿ ਜੁਗਾਦੀ ਡਗਮਗਾਇੰਦਾ। ਜਨ ਭਗਤਾਂ ਚਰਨ ਧੂੜ ਕਰਾਏ ਸਾਚਾ ਮਜਨਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸਤਿਗੁਰ ਪੂਰਾ ਸਾਖ਼ਯਾਤ, ਮਿਲੇ ਸਾਚਾ ਸੱਜਣਾ, ਸਗਲਾ ਸੰਗ ਨਿਭਾਇੰਦਾ। ਨੇਤਰ ਨੈਣ ਪਾਏ ਨਾਮ ਕਜਲਾ, ਲੋਚਨ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਵੇਸ ਵਟਾਇੰਦਾ । ਤ੍ਰੇਤਾ ਖੇਲ ਅਪਾਰ, ਹਰਿ ਪੁਰਖ ਨਿਰੰਜਣ ਆਪ ਕਰਾਈਆ। ਦੁਆਪਰ ਜੋਤ ਅਗੰਮ ਅਪਾਰ, ਨਿਰਗੁਣ ਦੀਵਾ ਬਾਤੀ ਏਕਾ ਡਗਮਗਾਈਆ। ਕਲਜੁਗ ਖੇਲ ਵਿਚ ਸੰਸਾਰ, ਕਰਨੀ ਕਰਤਾ ਆਪ ਕਰਾਈਆ। ਈਸਾ ਮੂਸਾ ਮੀਤ ਮੁਰਾਰ, ਸੰਗ ਮੁਹੰਮਦ ਚਾਰ ਯਾਰ ਕਰੇ ਕੁੜਮਾਈਆ। ਅੰਜੀਲ ਕੁਰਾਨਾ ਬੋਲ ਜੈਕਾਰ, ਏਕਾ ਨਾਅਰਾ ਦਏ ਸੁਣਾਈਆ। ਹਕ ਹਕੀਕਤ ਵੇਖ ਵਿਚਾਰ, ਲਾਸ਼ਰੀਕ ਇਕ ਖ਼ੁਦਾਈਆ। ਮਹਿਬਾਨ ਬੀਦੋ ਹੋ ਤਿਆਰ, ਆਪਣੀ ਅਜ਼ਮਤ ਆਪ ਵਖਾਈਆ। ਚੌਦਾਂ ਤਬਕਾਂ ਖੋਲ੍ਹ ਕਿਵਾੜ, ਏਕਾ ਜਲਵਾ ਨੂਰ ਇਲਾਹੀਆ। ਏਕਾ ਨਬੀ ਦਏ ਵਿਚਾਰ, ਉਮਤ ਉਮਤੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਹਰਿ ਭਗਵਾਨਾ, ਆਪਣਾ ਆਪ ਵਟਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨਾ, ਨਾਨਕ ਨਾਉਂ ਧਰਾਇੰਦਾ। ਸਤਿ ਸਰੂਪੀ ਸਤਿ ਤਰਾਨਾ, ਸ਼ਬਦੀ ਸ਼ਬਦ ਉਪਜਾਇੰਦਾ। ਏਕਾ ਗੋਪੀ ਏਕਾ ਕਾਹਨਾ, ਏਕਾ ਘਰ ਸੁਹਾਇੰਦਾ। ਏਕਾ ਮੰਦਰ ਏਕ ਮਕਾਨਾ, ਸਚ ਸਿੰਘਾਸਣ ਇਕ ਵਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਵਟਾਇੰਦਾ। ਆਦਿ ਜੁਗਾਦੀ ਹਰਿ ਭਗਵੰਤ, ਪਰਮ ਪੁਰਖ ਅਖਵਾਇਆ। ਹਰਿਜਨ ਤਾਰੇ ਸਾਚੇ ਸੰਤ, ਸਤਿਗੁਰ ਸਾਚਾ ਨਾਉਂ ਧਰਾਇਆ। ਲੇਖਾ ਜਾਣੇ ਜੀਵ ਜੰਤ, ਹਸਤ ਕੀਟ ਵੇਖ ਵਖਾਇਆ। ਅਬਿਨਾਸ਼ੀ ਕਰਤਾ ਮਹਿਮਾ ਅਗਣਤ, ਸ਼ਾਸਤਰ ਸਿਮਰਤ ਕਥ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਨਾਨਕ ਬਣਿਆ ਸਤਿਗੁਰ ਮਲਾਹ, ਚਾਰ ਵਰਨਾਂ ਲਏ ਤਰਾਇਆ। ਚਾਰ ਵਰਨਾਂ ਸਚ ਦਰਬਾਰ, ਸਤਿਗੁਰ ਪੂਰਾ ਇਕ ਜਣਾਈਆ। ਊਚਾਂ ਨੀਚਾਂ ਕਰੇ ਪਿਆਰ, ਰਾਓ ਰੰਕ ਨਾ ਕੋਏ ਵਖਾਈਆ। ਸਾਚਾ ਡੰਕਾ ਵਿਚ ਸੰਸਾਰ, ਨਾਮ ਸਤਿ ਰਿਹਾ ਵਜਾਈਆ। ਗੁਰਮੁਖ ਜਨਕਾ ਲਏ ਉਭਾਰ, ਜਨ ਜਨਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਈਆ। ਨਾਨਕ ਨਿਰਗੁਣ ਨਿਰਗੁਣ ਦਾਤਾ, ਨਿਰਵੈਰ ਰੂਪ ਸਮਾਇਆ। ਆਤਮ ਅੰਤਰ ਇਕ ਗਿਆਤਾ, ਏਕਾ ਬ੍ਰਹਮ ਵਖਾਇਆ। ਏਕਾ ਪਿਤਾ ਏਕਾ ਮਾਤਾ, ਪੁਰਖ ਅਕਾਲ ਇਕ ਜਣਾਇਆ। ਏਕਾ ਬੰਨ੍ਹੇ ਸਾਚਾ ਨਾਤਾ, ਨਾ ਮਰੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਬੋਲੇ ਸਚ ਜੈਕਾਰ, ਸਿੰਘ ਆਪਣਾ ਰੂਪ ਵਟਾਇਆ। ਸਾਚਾ ਨਾਮ ਬੋਲ ਜੈਕਾਰਾ, ਗੁਰ ਗੁਰ ਇਕ ਸਮਝਾਈਆ। ਏਕਾ ਗੁਰ ਇਕ ਅਵਤਾਰਾ, ਇਸ਼ਟ ਦੇਵ ਇਕ ਵਖਾਈਆ। ਏਕਾ ਭਗਤ ਭਗਵੰਤ ਕਰੇ ਪਿਆਰਾ, ਏਕਾ ਮੀਤ ਸਹਿਜ ਸੁਖਦਾਈਆ। ਏਕਾ ਲੱਖ ਚੁਰਾਸੀ ਦਏ ਹੁਲਾਰਾ, ਏਕਾ ਸਾਧ ਸੰਤ ਕਰੇ ਕੁੜਮਾਈਆ। ਏਕਾ ਨਾਮ ਬਣੇ ਸਚ ਵਰਤਾਰਾ, ਏਕਾ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦਏ ਵਡਿਆਈਆ। ਗੁਰ ਸ਼ਬਦ ਸਾਚਾ ਸੱਜਣ, ਲੋਕਮਾਤ ਹਰਿ ਵਡਿਆਇੰਦਾ। ਗੁਰ ਸ਼ਬਦ ਸਾਚਾ ਮਜਨ, ਗੁਰਮੁਖਾਂ ਆਪ ਕਰਾਇੰਦਾ। ਗੁਰ ਸ਼ਬਦ ਸਾਚਾ ਕੱਜਲ, ਨਾਮ ਨੇਤਰ ਧਾਰ ਬੰਧਾਇੰਦਾ। ਗੁਰ ਸ਼ਬਦ ਸਚ ਜਹਾਜ਼ਨ, ਹਰਿਜਨ ਸਾਚੇ ਪਾਰ ਲੰਘਾਇੰਦਾ। ਗੁਰ ਸ਼ਬਦ ਸਾਚਾ ਤਾਜਨ, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਗੁਰ ਸ਼ਬਦ ਅਗੰਮੀ ਮਾਰੇ ਵਾਜਣ, ਧੁਨ ਆਤਮਕ ਆਪ ਸੁਣਾਇੰਦਾ। ਗੁਰ ਸ਼ਬਦ ਸਾਚਾ ਰਾਜਨ, ਸ਼ਾਹੋ ਭੂਪ ਨਾਮ ਧਰਾਇੰਦਾ। ਗੁਰ ਸ਼ਬਦ ਗ਼ਰੀਬ ਨਿਵਾਜ਼ਨ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਗੁਰ ਗੁਰ ਨਾਮ ਦ੍ਰਿੜਾਇੰਦਾ। ਗੁਰ ਗੁਰ ਮੰਤਰ ਨਾਮ ਹਰਿ ਸੱਚ, ਸਤਿ ਪੁਰਖ ਨਿਰੰਜਣ ਆਪ ਦ੍ਰਿੜਾਇਆ। ਵੇਖਣਹਾਰਾ ਕਾਇਆ ਮਾਟੀ ਭਾਂਡਾ ਕੱਚ, ਪੰਜ ਤਤ ਫੋਲ ਫੋਲਾਇਆ। ਮਨ ਮਨੂਆ ਤਨ ਰਿਹਾ ਨੱਚ, ਬਿਨ ਸਤਿਗੁਰ ਬੰਧਨ ਕੋਇ ਨਾ ਪਾਇਆ। ਤ੍ਰੈਗੁਣ ਅਗਨੀ ਰਿਹਾ ਮੱਚ, ਅੰਮ੍ਰਿਤ ਜਲ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਵੇਸ, ਹਰਿ ਆਪਣਾ ਆਪ ਵਟਾਈਆ। ਭੇਵ ਨਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਰਿਹਾ ਕੁਰਲਾਈਆ। ਸਤਿ ਸਤਿਵਾਦੀ ਦਰ ਦਰਵੇਸ਼, ਨਿਰਗੁਣ ਸਰਗੁਣ ਖੇਲ ਖਿਲਾਈਆ। ਦਾਤਾ ਦਾਨੀ ਦਸ ਦਸਮੇਸ, ਕਲਜੁਗ ਦਹਿ ਸਿਰ ਦੇਵੇ ਘਾਈਆ। ਵੇਖਣਹਾਰਾ ਮੂੰਡ ਮੁੰਡਾਏ ਧਾਰੀ ਕੇਸ, ਦਰ ਦਰਵੇਸ਼ਾਂ ਫੇਰੀ ਪਾਈਆ। ਆਦਿ ਨਿਰੰਜਨ ਨਰ ਨਰੇਸ਼, ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਕੰਤ ਭਗਵੰਤ, ਏਕਾ ਸੇਜ ਸੁਹਾਈਆ। ਸਾਚੀ ਸੇਜ ਹਰਿ ਸੁਹਾਏ, ਹਰਿਜਨ ਸਾਚੇ ਮੇਲ ਮਿਲੰਨਿਆ। ਆਪਣੀ ਦ੍ਰਿਸ਼ਟੀ ਆਪ ਖੁਲ੍ਹਾਏ, ਜੋਤੀ ਨੂਰ ਸ੍ਰੀ ਭਗਵੰਨਿਆ। ਏਕਾ ਇਸ਼ਟ ਆਪ ਜਣਾਏ, ਪੁਰਖ ਅਕਾਲ ਵਡ ਗੁਣ ਗੁਣਿਆ। ਸ੍ਰਿਸ਼ਟ ਸਬਾਈ ਪਰਦਾ ਲਾਹੇ, ਹਰਿ ਵਾਲੀ ਦੋ ਜਹੰਨਿਆ। ਕਲਜੁਗ ਰੈਣ ਅੰਧੇਰੀ ਛਾਏ, ਸਾਚਾ ਦਿਸੇ ਨਾ ਕੋਈ ਚੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲੰਨਿਆ। ਕਲਜੁਗ ਖੇਲ ਖਲੰਦੜਾ, ਹਰਿ ਸਤਿਗੁਰ ਸ਼ਾਹ ਸੁਲਤਾਨ। ਜੋਤੀ ਜਾਮਾ ਭੇਖ ਵਟੰਦੜਾ, ਨਿਰਗੁਣ ਰੂਪ ਸ੍ਰੀ ਭਗਵਾਨ। ਬ੍ਰਹਮ ਪਾਰਬ੍ਰਹਮ ਮਿਲੰਦੜਾ, ਦੇਵਣਹਾਰਾ ਦਾਨੀ ਦਾਨ। ਸਾਢੇ ਤਿੰਨ ਹੱਥ ਬੰਕ ਸੁਹੰਦੜਾ, ਆਦਿ ਜੁਗਾਦੀ ਨੌਜਵਾਨ। ਸੰਬਲ ਨਗਰੀ ਵੇਖ ਵਖੰਦੜਾ, ਸਚਖੰਡ ਨਿਵਾਸੀ ਸਚ ਮਕਾਨ। ਸ਼ਬਦ ਅਨਾਦੀ ਤਾਲ ਵਜੰਦੜਾ, ਲੋਆਂ ਪੁਰੀਆਂ ਹੋਣ ਹੈਰਾਨ। ਕਰੋੜ ਤੇਤੀਸਾ ਸੀਸ ਝੁਕੰਦੜਾ, ਸ਼ਿਵ ਸ਼ੰਕਰ ਵੇਖੇ ਚਰਨ ਲਾ ਧਿਆਨ। ਬ੍ਰਹਮਾ ਨੇਤਰ ਨੀਰ ਵਹੰਦੜਾ, ਵਿਸ਼ਨੂੰ ਢਹਿ ਢਹਿ ਮੰਗੇ ਦਾਨ। ਪੁਰਖ ਅਬਿਨਾਸ਼ੀ ਖੇਲ ਖਲੰਦੜਾ, ਲੇਖਾ ਲਿਖੇ ਨਾ ਕੋਇ ਜਹਾਨ। ਗੋਬਿੰਦ ਸਾਚਾ ਤੀਰ ਉਠੰਦੜਾ, ਰਸਨਾ ਚਿੱਲਾ ਤੀਰ ਕਮਾਨ। ਨੌਂ ਖੰਡ ਵੇਖ ਵਖੰਦੜਾ, ਸੱਤਾਂ ਦੀਪਾਂ ਨਿਗਹਬਾਨ। ਰਵ ਸਸ ਮੁਖ ਲੁਕੰਦੜਾ, ਨੇਤਰ ਨੈਣ ਸਰਬ ਸ਼ਰਮਾਨ। ਰਾਏ ਧਰਮ ਸੀਸ ਝੁਕੰਦੜਾ, ਚਿਤਰ ਗੁਪਤ ਕਰੇ ਬਿਆਨ, ਹਰਿ ਕਾ ਭੇਵ ਕੋਇ ਨਾ ਪੰਦੜਾ, ਚਾਰੇ ਵੇਦ ਸਰਬ ਕੁਰਲਾਨ। ਸ਼ਾਸਤਰ ਸਿਮਰਤ ਗੀਤ ਸੁਨੰਦੜਾ, ਪੁਰਾਨ ਅਠਾਰਾਂ ਨਾਲ ਮਿਲ ਜਾਣ। ਗੀਤਾ ਗਿਆਨ ਇਕ ਵਖੰਦੜਾ, ਸੀਤਾ ਰਾਮ ਕਰੇ ਧਿਆਨ। ਕਾਹਨਾ ਕ੍ਰਿਸ਼ਨਾ ਓਟ ਰਖੰਦੜਾ, ਕਵਲ ਨੈਣ ਖੇਲ ਮਹਾਨ। ਈਸਾ ਮੂਸਾ ਰਾਹ ਤਕੰਦੜਾ, ਲੇਖਾ ਚੁੱਕੇ ਪੰਜ ਸ਼ੈਤਾਨ। ਸੰਗ ਮੁਹੰਮਦ ਸੇਵ ਕਮੰਦੜਾ, ਚਾਰ ਯਾਰੀ ਵਸੇ ਏਕਾ ਘਰ ਮਕਾਨ। ਮੱਕਾ ਕਾਅਬਾ ਆਪ ਖੁਲੰਦੜਾ, ਚੌਦਾਂ ਤਬਕਾਂ ਇਕ ਈਮਾਨ। ਨਾਨਕ ਨਿਰਗੁਣ ਸਰਗੁਣ ਆਪ ਅਖਵੰਦੜਾ, ਸਤਿਗੁਰ ਪੂਰਾ ਵਡ ਮਿਹਰਵਾਨ। ਗੋਬਿੰਦ ਖੰਡਾ ਇਕ ਚਮਕੰਦੜਾ, ਪੰਚਮ ਮੀਤਾ ਵਿਚ ਜਹਾਨ। ਅੰਤਮ ਲੇਖਾ ਸਚ ਲਖੰਦੜਾ, ਕਲਜੁਗ ਮੇਟੇ ਝੂਠੀ ਕਾਣ। ਨਿਹਕਲੰਕਾ ਭੇਵ ਖੁਲੰਦੜਾ, ਹਰਿ ਮੂਰਤ ਸ੍ਰੀ ਭਗਵਾਨ। ਸਚ ਧਾਮ ਆਪ ਸੁਹੰਦੜਾ, ਸਚਖੰਡ ਕਰੇ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਵਡ ਮਿਹਰਵਾਨ। ਮਿਹਰਵਾਨ ਹਰਿ ਗੋਬਿੰਦ, ਹਰਿ ਪੁਰਖ ਨਿਰੰਜਣ ਆਪ ਅਖਵਾਇੰਦਾ। ਜਨ ਭਗਤਾਂ ਮੇਟੇ ਸਗਲੀ ਚਿੰਦ, ਜੁਗ ਜੁਗ ਵੇਸ ਵਟਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇੰਦਾ। ਅੰਮ੍ਰਿਤ ਆਤਮ ਦੇਵੇ ਸਾਗਰ ਸਿੰਧ, ਭਰ ਪਿਆਲਾ ਜਾਮ ਪਿਆਇੰਦਾ। ਗੁਰਮੁਖ ਉਪਜਾਏ ਆਪਣੀ ਬਿੰਦ, ਨਾਦੀ ਸੁਤ ਨਾਉਂ ਧਰਾਇੰਦਾ। ਮਨਮੁਖ ਲਗਾਏ ਆਪਣੀ ਨਿੰਦ, ਜੂਠਾ ਝੂਠਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਗਹਿਰ ਗੰਭੀਰ, ਹਰਿਜਨ ਕਰੇ ਸਾਂਤ ਸਰੀਰ, ਦੁਖ ਦਰਦ ਸਰਬ ਮਿਟਾਇੰਦਾ। ਦੁਖ ਦਰਦ ਢਾਹੇ ਡੇਰਾ, ਗੁਰ ਸਤਿਗੁਰ ਹੱਥ ਵਡਿਆਈਆ। ਆਪੇ ਤਾਰੇ ਕਰ ਕਰ ਮਿਹਰਾ, ਮਿਹਰਵਾਨ ਭੇਵ ਨਾ ਆਈਆ। ਏਕਾ ਰੰਗ ਰੰਗਾਏ ਸੰਝ ਸਵੇਰਾ, ਦਿਵਸ ਰੈਣ ਨਾ ਕੋਇ ਵਖਾਈਆ। ਚਾਰੋਂ ਕੁੰਟ ਚੁੱਕੇ ਘੇਰਾ, ਦੂਤੀ ਦੁਸ਼ਟ ਰਹਿਣ ਨਾ ਪਾਈਆ। ਵਸਦਾ ਰਹੇ ਕਾਇਆ ਖੇੜਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਡੁੱਬਦਾ ਤਾਰਨਹਾਰਾ ਬੇੜਾ, ਬਣ ਮਲਾਹ ਬੰਨੇ ਲਾਈਆ। ਦੇਵਣਹਾਰਾ ਉਲਟਾ ਗੇੜਾ, ਆਪਣੀ ਲੱਠ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦਏ ਮਿਲਾਈਆ। ਗੁਰ ਸ਼ਬਦੀ ਹਰਿ ਹਰਿ ਸਾਚਾ ਮੇਲਾ, ਹਰਿਜਨ ਸਾਚੇ ਆਪ ਕਰਾਇੰਦਾ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਗੋਬਿੰਦ ਵੇਖ ਵਖਾਇੰਦਾ। ਦੋ ਜਹਾਨੀ ਸੱੱਜਣ ਸੁਹੇਲਾ, ਕਲਜੁਗ ਸਾਚਾ ਸੰਗ ਨਿਭਾਇੰਦਾ। ਦਰਗਾਹ ਸਾਚੀ ਚਾੜ੍ਹੇ ਸਾਚਾ ਤੇਲਾ, ਘਰ ਸਾਚੇ ਸਗਨ ਮਨਾਇੰਦਾ। ਪੰਚਮ ਸਖੀਆਂ ਬਹਿ ਬਹਿ ਪਾਇਣ ਵੇਲਾ, ਗੀਤ ਅਨਾਦੀ ਰਾਗ ਸੁਣਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣਾ ਖੇਲ ਆਪੇ ਖੇਲਾ, ਖੇਲਣਹਾਰਾ ਦਿਸ ਨਾ ਆਇੰਦਾ। ਕੱਟਣਹਾਰਾ ਰਾਏ ਧਰਮ ਦੀ ਝੂਠੀ ਜੇਲ੍ਹਾ, ਲਖ ਚੁਰਾਸੀ ਫੰਦ ਕਟਾਇੰਦਾ। ਗੁਰਮੁਖ ਤੇਰਾ ਆਪੇ ਜਾਣੇ ਵਕਤ ਵੇਲਾ, ਥਿਤ ਵਾਰ ਨਾ ਕੋਇ ਲਿਖਾਇੰਦਾ। ਆਪੇ ਵਸੇ ਸਦ ਨਵੇਲਾ, ਨਿਜ ਘਰ ਆਪੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਰੂਪੀ ਏਕਾ ਧਾਰ, ਸ਼ਬਦ ਅਗੰਮੀ ਬੋਲ ਜੈਕਾਰ, ਕਾਇਆ ਮੰਦਰ ਖੋਲ੍ਹ ਕਿਵਾੜ, ਦਰਸ ਦਿਖਾਏ ਅਪਰ ਅਪਾਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਭਾਵੰਤ, ਗੁਰਸਿਖ ਸੱਜਣ ਵੱਜੀ ਵਧਾਈਆ । ਪੁਰਖ ਅਬਿਨਾਸ਼ੀ ਪਾਇਆ ਸੱਚਾ ਕੰਤ, ਸਚ ਸੁਹੰਜਣੀ ਸੇਜ ਸੁਹਾਈਆ। ਲੇਖਾ ਚੁੱਕੇ ਆਦਿ ਅੰਤ, ਮਧ ਭੇਵ ਰਹੇ ਨਾ ਰਾਈਆ। ਮਾਣਸ ਦੇਹੀ ਬਣੇ ਬਣਤ, ਮਾਨੁੱਖ ਲੇਖਾ ਦਏ ਚੁਕਾਈਆ। ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ, ਹਰਿ ਸੰਤ ਲਏ ਉਠਾਈਆ। ਗੁਰਸਿਖਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਤੋੜੇ ਗੜ੍ਹ ਹਉਮੇ ਹੰਗਤ, ਚਰਨ ਪ੍ਰੀਤੀ ਇਕ ਵਖਾਈਆ। ਹਰਿਜਨ ਦੂਜੇ ਘਰ ਨਾ ਹੋਏ ਮੰਗਤ, ਜਿਸ ਮਿਲਿਆ ਸਤਿਗੁਰ ਪੂਰਾ ਬੇਪਰਵਾਹੀਆ। ਆਪ ਮਿਲਾਏ ਸਾਚੀ ਸੰਗਤ, ਪੂਰਬ ਲਹਿਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚਾ ਪੇਖਿਆ, ਕਰ ਕਿਰਪਾ ਕਰਤਾਰ। ਗੁਰ ਸਤਿਗੁਰ ਲਿਖੇ ਲੇਖਿਆ, ਘਰ ਮੰਦਰ ਬਹਿ ਘਰ ਬਾਰ। ਆਪ ਚੁਕਾਏ ਭਰਮ ਭੁਲੇਖਿਆ, ਦੂਈ ਦਵੈਤੀ ਪਰਦਾ ਦਏ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੈਣ ਏਕਾ ਸੈਣ, ਏਕਾ ਕਰੇ ਸਚ ਪਿਆਰ। ਸਚ ਪਿਆਰਾ ਹਰਿ ਨਿਰੰਕਾਰਾ, ਹਰਿ ਭਗਤਨ ਆਪ ਕਰਾਇੰਦਾ । ਗੁਰਮੁਖ ਸੋਹੇ ਸਚ ਦਵਾਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਹਰਿ ਭਗਤੀ ਭਰੇ ਭਗਤ ਭੰਡਾਰਾ, ਅਤੋਟ ਅਤੁਟ ਵਿਖਾਇੰਦਾ। ਆਪੇ ਵਣਜ ਆਪ ਵਣਜਾਰਾ, ਆਪ ਆਪਣੀ ਵਸਤ ਵਿਕਾਇੰਦਾ। ਆਪੇ ਖ਼ਾਲਕ ਖ਼ਲਕ ਦਏ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਮੇਲਾ ਗੁਰਸਿਖ ਰੰਗ, ਪਾਰਬ੍ਰਹਮ ਸਰਨਾਇਆ। ਸਰਗੁਣ ਚੇਲਾ ਸਚ ਪਲੰਘ, ਥਿਰ ਘਰ ਆਸਣ ਲਾਇਆ। ਸੂਰਾ ਸਰਬੰਗ ਲਾਏ ਅੰਗ, ਸਤਿਗੁਰ ਪੂਰਾ ਵਡ ਵਡਿਆਇਆ। ਕੱਟੇ ਭੁੱਖ ਨੰਗ, ਸਰ ਸਰੋਵਰ ਆਤਮ ਨੁਹਾਏ ਸਾਚੀ ਗੰਗ, ਦੁਰਮਤ ਮੈਲ ਧਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜਾ ਮੇਟੇ ਦੁੱਖ, ਆਤਮ ਅੰਤਰ ਏਕਾ ਸੁਖ, ਸਫਲ ਕਰਾਏ ਮਾਤ ਕੁੱਖ, ਜਨ ਜਨਨੀ ਹਰਿਜਨ ਸਾਚਾ ਜਾਇਆ। ਦੁੱਖ ਦਲਿਦਰ ਜਗਤ ਵਿਨਾਸ, ਤਤਵ ਤਤ ਰਹਿਣ ਨਾ ਪਾਈਆ। ਘਰ ਵਿਚ ਘਰ ਦੀਪ ਪ੍ਰਕਾਸ਼, ਘਰ ਨੂਰ ਕਰੇ ਰੁਸ਼ਨਾਈਆ। ਘਰ ਮੇਟੇ ਲੱਗੀ ਜਗਤ ਪਿਆਸ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਘਰ ਮੇਲ ਮਿਲਾਏ ਸ਼ਾਹੋ ਸ਼ਾਬਾਸ, ਮੇਲ ਮਿਲਾਵਾ ਸਾਚੇ ਮਾਹੀਆ। ਘਰ ਪੂਰ ਕਰਾਏ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਘਰ ਲੇਖਾ ਲਾਏ ਸਵਾਸ ਸਵਾਸ, ਜੋ ਜਨ ਹਰਿ ਹਰਿ ਰਸਨਾ ਗਾਈਆ। ਘਰ ਲਹਿਣਾ ਚੁਕਾਏ ਦਸ ਦਸ ਮਾਸ, ਮਾਤ ਗਰਭ ਫੰਦ ਕਟਾਈਆ। ਘਰ ਮੰਦਰ ਹਰਿ ਕਰ ਨਿਵਾਸ, ਨਿਜ ਘਰ ਬੈਠਾ ਤਾੜੀ ਲਾਈਆ। ਘਰ ਗੋਪੀ ਕਾਹਨ ਪਾਏ ਰਾਸ, ਸੁਰਤੀ ਸ਼ਬਦੀ ਮੇਲ ਮਿਲਾਈਆ। ਘਰ ਭੋਗ ਘਰ ਰਾਸ ਬਲਾਸ, ਘਰ ਹਸ ਮੁਖ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਲਏ ਤਰਾਈਆ। ਤਾਰਨਹਾਰਾ ਪੁਰਖ ਅਕਾਲ, ਅਵਰ ਨਾ ਦਿਸੇ ਕੋਏ। ਆਦਿ ਜੁਗਾਦਿ ਦੀਨ ਦਿਆਲ, ਜਨ ਭਗਤਾਂ ਦੇਵੇ ਨਾਮ ਸਾਚੇ ਢੋਏ। ਤੋੜਨਹਾਰਾ ਜਗਤ ਜੰਜਾਲ, ਆਲਸ ਨਿੰਦਰਾ ਵਿਚ ਕਦੇ ਨਾ ਸੋਏ। ਸ਼ਬਦ ਵਜਾਏ ਸਾਚਾ ਤਾਲ, ਸੋਇਮ ਰੂਪ ਆਪ ਹੋ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਆਪਣੇ ਘਰ, ਘਰ ਸਾਚਾ ਆਪੇ ਸੋਹੇ। ਸੋਹੇ ਘਰ ਦਰ ਦਰਵਾਜ਼ਾ, ਪੁਰਖ ਅਕਾਲ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਮਨਮੁਖਾਂ ਖੋਲ੍ਹਣਹਾਰਾ ਪਾਜਾ, ਕੂੜੀ ਕਿਰਿਆ ਵੇਖ ਵਖਾਇੰਦਾ। ਹਰਿ ਭਗਤ ਦਵਾਰੇ ਫਿਰੇ ਭਾਜਾ, ਜੁਗ ਜੁਗ ਵੇਸ ਵਟਾਇੰਦਾ। ਹਰਿ ਜੂ ਹਰਿਜਨ ਹਰਿ ਮੰਦਰ ਆਪੇ ਸਾਜਣ ਸਾਜਾ, ਕਾਇਆ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰੱਖਣਹਾਰਾ ਲਾਜਾ, ਆਪ ਆਪਣਾ ਸੰਗ ਨਿਭਾਇੰਦਾ। ਸੰਗ ਨਿਭਾਏ ਪੁਰਖ ਸਮਰਥ, ਜਿਸ ਜਨ ਦਇਆ ਕਮਾਈਆ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਧਰਨੀ ਧਰਤ ਧਵਲ ਵੰਡ ਵੰਡਾਈਆ। ਨਾਮ ਚੜ੍ਹਾਏ ਸਾਚੇ ਰਥ, ਦੋ ਜਹਾਨਾਂ ਆਪ ਚਲਾਈਆ। ਪੁਰਖ ਨਿਰੰਜਨ ਮਹਿਮਾ ਅਕਥ, ਕਾਗਦ ਕਲਮ ਨਾ ਲਿਖੇ ਛਾਹੀਆ। ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਨੇਤਰ ਲੋਚਣ ਨੈਣ ਦਰਸਨ ਪਾਈਆ। ਜਗਤ ਵਿਕਾਰਾ ਦੇਵੇ ਮਥ, ਏਕਾ ਕਰੇ ਨਾਮ ਪੜ੍ਹਾਈਆ। ਜੂਠਾ ਝੂਠਾ ਬੁਰਜ ਜਾਏ ਢੱਠ, ਸਚ ਸੁਚ ਦਏ ਵਡਿਆਈਆ। ਪੰਚ ਵਿਕਾਰਾ ਜਾਏ ਨੱਠ, ਸਤਿਗੁਰ ਖੰਡਾ ਹੱਥ ਚਮਕਾਈਆ। ਜਗਤ ਤ੍ਰਿਸ਼ਨਾ ਹੋਵੇ ਭੱਠ, ਸਾਂਤਕ ਸਤਿ ਸਤਿ ਵਰਤਾਈਆ। ਗੁਰ ਚਰਨ ਦਵਾਰ ਵਖਾਏ ਏਕਾ ਹੱਟ, ਚੌਦਾਂ ਲੋਕ ਰਹੇ ਸ਼ਰਮਾਈਆ। ਸਰ ਸਰੋਵਰ ਏਕਾ ਤਟ, ਅਠਸਠ ਲੇਖਾ ਰਿਹਾ ਮੁਕਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰਾਹ ਤੱਕਣ ਨੱਠ ਨੱਠ, ਹਰਿ ਦਰਸ ਨੈਣ ਬਿਗਸਾਈਆ। ਜਨ ਭਗਤਾਂ ਅੰਮ੍ਰਿਤ ਆਤਮ ਦੇਵੇ ਝੱਟ, ਆਪ ਆਪਣੀ ਸੇਵ ਕਮਾਈਆ। ਦੂਈ ਦਵੈਤੀ ਮੇਟੇ ਫਟ, ਏਕਾ ਰੰਗ ਰੰਗਾਈਆ। ਜੋਤ ਜਗਾਏ ਲਟ ਲਟ, ਨੂਰੋ ਨੂਰ ਨੂਰ ਰੁਸ਼ਨਾਈਆ। ਤਨ ਪਹਿਨਾਏ ਸਾਚਾ ਪਟ, ਸ਼ਬਦ ਦੋਸ਼ਾਲਾ ਹੱਥ ਉਠਾਈਆ। ਝੂਠੀ ਮੈਲ ਦੇਵੇ ਕੱਟ, ਤ੍ਰੈਗੁਣ ਮਾਇਆ ਅਗਨੀ ਲੰਬੂ ਲਾਈਆ। ਹਰਿ ਕਾ ਨਾਮ ਬੀਜੇ ਸਾਚੇ ਵਤ, ਗੁਰਸਿਖ ਫੁਲ ਫਲਵਾੜੀ ਆਪ ਮਹਿਕਾਈਆ। ਲੇਖਾ ਜਾਣੇ ਅੱਠ ਤਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨੌਂ ਦਰ ਖੋਜੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਦਰ, ਦਰ ਦਰਬਾਰਾ ਇਕ ਸੁਹਾਈਆ। ਦਰ ਦਰਬਾਰ ਸੁਹੰਜਣਾ, ਸੋਭਾਵੰਤ ਸਹਿਜ ਗੁਣਮੀਤ। ਦਾਤਾ ਦਾਨੀ ਦਰਦ ਦੁਖ ਭੈ ਭੰਜਨਾ, ਸਤਿ ਸੁਣਾਏ ਸਾਚਾ ਗੀਤ। ਜੋ ਘੜਿਆ ਸੋ ਭੱਜਣਾ, ਆਦਿ ਜੁਗਾਦੀ ਸਾਚੀ ਰੀਤ। ਬਿਨ ਸਤਿਗੁਰ ਪੂਰੇ ਪਰਦਾ ਕਿਸੇ ਨਾ ਕੱਜਣਾ, ਕਿਸੇ ਹੱਥ ਨਾ ਆਏ ਮੰਦਰ ਮਸੀਤ। ਸ਼ਬਦ ਸਰੂਪੀ ਹਰਿ ਹਰਿ ਗੱਜਣਾ, ਲੱਖ ਚੁਰਾਸੀ ਪਰਖੇ ਨੀਤ। ਕਾਲ ਨਗਾਰਾ ਚਾਰੋਂ ਕੁੰਟ ਨੌ ਖੰਡ ਸੱਤ ਦੀਪ ਲੱਖ ਚੁਰਾਸੀ ਸਿਰ ਤੇ ਵੱਜਣਾ, ਲੇਖਾ ਚੁੱਕੇ ਹਸਤ ਕੀਟ। ਰਾਜ ਰਾਜਾਨ ਸ਼ਾਹ ਸੁਲਤਾਨ ਮਹੱਲ ਅਟੱਲ ਤਖ਼ਤ ਤਾਜ ਸਭ ਨੇ ਤਜਣਾ, ਝੂਠੀ ਰਹੇ ਨਾ ਜਗਤ ਪ੍ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਸੱਚਾ ਇਕ ਅਨਡੀਠ। ਅਨਡਿਠ ਧਾਮ ਹਰਿ ਸੁਹੰਦੜਾ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਦ ਨਾ ਕੋਇ ਚੜੰਦੜਾ, ਮੰਡਲ ਮੰਡਪ ਨਾ ਕੋਇ ਵਖਾਈਆ। ਜ਼ਿਮੀ ਅਸਮਾਨ ਨਾ ਕੋਇ ਸੁਹੰਦੜਾ, ਗਗਨ ਮੰਡਲ ਨਾ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਖੇਲ ਕਰੰਦੜਾ, ਤ੍ਰੈਗੁਣ ਨਾ ਕਰੇ ਕੁੜਮਾਈਆ। ਸਮੁੰਦ ਸਾਗਰ ਨਾ ਡੂੰਘੀ ਧਾਰ ਨਾ ਕੋਇ ਵਹੰਦੜਾ, ਜੰਗਲ ਜੂਹ ਉਜਾੜ ਪਹਾੜ ਨਾ ਡੇਰਾ ਕੋਇ ਵਖਾਈਆ। ਲੱਖ ਚੁਰਾਸੀ ਨਾ ਮੇਲ ਮਿਲੰਦੜਾ, ਉਤਭੁਜ ਸੇਤਜ ਜੇਰਜ ਅੰਡ ਨਾ ਵੰਡ ਵੰਡਾਈਆ। ਸਾਧ ਸੰਤ ਨਾ ਕੋਈ ਰਸਨਾ ਜੇਹਵਾ ਜਾਪ ਕਰੰਦੜਾ, ਭਗਤ ਭਗਵੰਤ ਬੱਤੀ ਦੰਦ ਨਾ ਕੋਇ ਗਾਈਆ। ਮੁਲਾਂ ਸ਼ੇਖ ਮਸਾਇਕ ਪੀਰ ਦਸਤਗੀਰ ਕੋਇ ਨਾ ਨਾਉਂ ਰਖੰਦੜਾ, ਕਲਮਾ ਨਬੀ ਨਾ ਕੋਇ ਪੜ੍ਹਾਈਆ। ਇਕ ਅਕੱਲਾ ਏਕੰਕਾਰ ਸਚਖੰਡ ਨਿਵਾਸੀ ਸਾਚਾ ਧਾਮ ਸੁਹੰਦੜਾ, ਜਗੇ ਜੋਤ ਅਗੰਮ ਅਪਾਰ। ਸਾਚਾ ਡੰਕ ਸ਼ਬਦ ਵਜੰਦੜਾ, ਆਪਣਾ ਖੇਲ ਕਰੇ ਕਰਤਾਰ। ਜੁਗ ਜੁਗ ਹਰਿ ਭਗਤਾਂ ਮੇਲ ਮਿਲੰਦੜਾ, ਨਿਰਗੁਣ ਸਰਗੁਣ ਲੈ ਅਵਤਾਰ। ਕਲਜੁਗ ਅੰਤਮ ਖੇਲ ਖਲੰਦੜਾ, ਬੇੜਾ ਡੋਬੇ ਵਿਚ ਮੰਜਧਾਰ। ਸਤਿਜੁਗ ਸਾਚਾ ਰਾਹ ਚਲੰਦੜਾ, ਚਾਰ ਵਰਨਾਂ ਇਕ ਪਿਆਰ। ਊਚ ਨੀਚ ਨਾ ਕੋਇ ਰਖੰਦੜਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੂਪ ਸੱਚੀ ਸਰਕਾਰ। ਗ਼ਰੀਬ ਨਿਮਾਣੇ ਆਪ ਉਠੰਦੜਾ, ਸ਼ਾਹ ਸੁਲਤਾਨਾਂ ਤੋੜ ਹੰਕਾਰ। ਸਚ ਨਿਸ਼ਾਨਾ ਆਪ ਝੁਲੰਦੜਾ, ਦੋ ਜਹਾਨਾਂ ਏਕਾ ਧਾਰ। ਨੌਂ ਖੰਡ ਪ੍ਰਿਥਮੀ ਵੇਖ ਵਖੰਦੜਾ, ਨੌ ਨੌ ਲੇਖਾ ਗਿਣੇ ਜੁਗ ਚਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਮੁਖ ਛੁਪੰਦੜਾ, ਅੰਤ ਭਗਵੰਤ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਬਲੀ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਵਸੇ ਏਕਾ ਘਰ, ਦਰ ਘਰ ਹਰਿ ਨਰ, ਆਪਣਾ ਆਪ ਸੁਹਾਇੰਦਾ। ਗੁਰਮੁਖਾਂ ਚੁੱਕੇ ਜਗਤ ਡਰ, ਭੈ ਭਿਆਨਕ ਨਾ ਕੋਇ ਵਖਾਇੰਦਾ। ਕਰਨੀ ਕਰਤਾ ਕਿਰਪਾ ਕਰ, ਕਿਰਿਆ ਕਰਮ ਮੇਟ ਮਿਟਾਇੰਦਾ। ਸਚ ਭੰਡਾਰਾ ਨਾਮ ਭਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੋਗ ਸੋਗ ਚਿੰਤਾ ਦੁੱਖ ਜਾਏ ਹਰ, ਹਰਿ ਕੀ ਪੌੜੀ ਆਪ ਚੜ੍ਹਾਇੰਦਾ।
