Granth 09 Likhat 037: 4 Faggan 2016 Bikarmi Nathewal Boorh Singh de Ghar Jila Ferozepur

੪ ਫੱਗਣ ੨੦੧੬ ਬਿਕ੍ਰਮੀ ਨਾਥੇਵਾਲ ਬੂੜ ਸਿੰਘ ਦੇ ਘਰ ਜ਼ਿਲਾ ਫਿਰੋਜ਼ ਪੁਰ

ਸਤਿਗੁਰ ਪੂਰਾ ਹਰਿ ਮਿਹਰਵਾਨ, ਪਰਮ ਪੁਰਖ ਵੱਡੀ ਵਡਿਆਈਆ। ਹਰਿਜਨ ਵੇਖੇ ਮਾਰ ਧਿਆਨ, ਜੁਗ ਕਰਤਾ ਵੇਸ ਵਟਾਈਆ। ਮੇਲ ਮਿਲਾਵਾ ਦੋ ਜਹਾਨ, ਲੋਕਮਾਤ ਕਰੇ ਕੁੜਮਾਈਆ। ਸ਼ਬਦ ਸਰੂਪੀ ਸਤਿ ਗਿਆਨ, ਆਤਮ ਅੰਤਰ ਬ੍ਰਹਮ ਜਣਾਈਆ। ਰਸਨਾ ਜੇਹਵਾ ਪੀਣ ਖਾਣ, ਹਰਿ ਸ਼ਬਦੀ ਤ੍ਰਿਪਤ ਕਰਾਈਆ। ਦਰ ਘਰ ਸਾਚਾ ਕਰ ਪਰਵਾਨ, ਘਰ ਮੰਦਰ ਸੋਭਾ ਪਾਈਆ। ਸਤਿ ਸਤਿਵਾਦੀ ਇਕ ਨਿਸ਼ਾਨ, ਨਿਰਗੁਣ ਸਰਗੁਣ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਈਆ। ਸਤਿਗੁਰ ਪੂਰਾ ਸਰਬ ਗੁਣਵੰਤ, ਹਰਿ ਪੁਰਖ ਨਿਰੰਜਣ ਭੇਵ ਨਾ ਰਾਈਆ। ਮਹਿਮਾ ਜਾਣੇ ਆਦਿ ਅੰਤ, ਜੁਗਾ ਜੁਗੰਤਰ ਖੇਲ ਖਿਲਾਈਆ। ਲੇਖਾ ਜਾਣੇ ਸਾਧ ਸੰਤ, ਲੱਖ ਚੁਰਾਸੀ ਰੂਪ ਸਮਾਈਆ। ਨਗਰ ਖੇੜਾ ਧਾਮ ਸੁਹਾਏ ਇਕ ਭਗਵੰਤ, ਮਹੱਲ ਅਟੱਲ ਮੁਨਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਸਤਿਗੁਰ ਪੂਰਾ ਹਰਿ ਨਿਰੰਕਾਰ, ਸਗਲਾ ਸੰਗ ਰਖਾਇੰਦਾ। ਭਗਤਨ ਮੀਤ਼ਾ ਹੋ ਉਜਿਆਰ, ਲੋਕਮਾਤ ਵੇਸ ਵਟਾਇੰਦਾ। ਘਟ ਘਟ ਅੰਦਰ ਪਾਵੇ ਸਾਰ, ਸਾਕਤ ਨਿੰਦਕ ਦੁਸ਼ਟ ਵੇਖ ਵਖਾਇੰਦਾ। ਭਗਤੀ ਦਾਤਾ ਨਾਮ ਭੰਡਾਰ, ਭਗਵਨ ਭਗਤਨ ਝੋਲੀ ਪਾਇੰਦਾ। ਚਰਨ ਚਰਨਾਮਤ ਠੰਡੀ ਠਾਰ, ਭਰ ਪਿਆਲਾ ਜਾਮ ਪਿਆਇੰਦਾ। ਆਤਮ ਤਾਕੀ ਖੋਲ੍ਹ ਕਿਵਾੜ, ਸਾਚੀ ਝਾਕੀ ਆਪ ਵਖਾਇੰਦਾ। ਸਾਚਾ ਸਾਕੀ ਪਰਵਰਦਿਗਾਰ, ਨਿਝਰ ਨਾਮਾ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚਾ ਘਰ, ਹਰਿ ਸਾਚਾ ਆਪ ਸੁਹਾਇੰਦਾ। ਸਚਖੰਡ ਨਿਵਾਸੀ ਸਿਫਤ ਸਲਾਹ, ਸਤਿਗੁਰ ਸਾਚਾ ਖੇਲ ਖਿਲਾਇੰਦਾ। ਨਿਰਗੁਣ ਅੰਦਰ ਨਿਰਗੁਣ ਬਣ ਮਲਾਹ, ਆਪਣੀ ਵਸਤ ਵੰਡ ਵੰਡਾਇੰਦਾ। ਆਤਮ ਬ੍ਰਹਮ ਰੂਪ ਵਟਾ, ਪਾਰਬ੍ਰਹਮ ਖੇਲ ਖਿਲਾਇੰਦਾ। ਪੰਜ ਤਤ ਕਾਇਆ ਦਏ ਟਿਕਾ, ਦੀਪਕ ਜੋਤੀ ਆਪ ਜਗਾਇੰਦਾ। ਆਪਣੀ ਧਾਰਾ ਆਪ ਸਮਾ, ਆਪੇ ਵੇਖ ਵਖਾਇੰਦਾ। ਰਾਗ ਅਨਾਦੀ ਆਪੇ ਗਾ, ਗੀਤ ਗੋਬਿੰਦ ਆਪ ਅਲਾਇੰਦਾ। ਪਵਣ ਸਵਾਸੀ ਆਪ ਚਲਾ, ਪਵਣ ਪਵਣੀ ਨਾਮ ਰਖਾਇੰਦਾ। ਤ੍ਰੈਗੁਣ ਮੇਲਾ ਸਹਿਜ ਸੁਭਾ, ਤ੍ਰੈ ਤ੍ਰੈ ਲੇਖ ਲਿਖਾਇੰਦਾ। ਵਿਸ਼ਨ ਸੇਵਾ ਰਿਹਾ ਕਮਾ, ਬ੍ਰਹਮਾ ਆਪਣਾ ਰੰਗ ਰੰਗਾਇੰਦਾ। ਸ਼ੰਕਰ ਅੰਤਮ ਲਾਵੇ ਢਾਹ, ਖੇੜਾ ਕੋਇ ਰਹਿਣ ਨਾ ਪਾਇੰਦਾ। ਜੋ ਉਪਜੇ ਸੋ ਲਏ ਸਮਾ, ਆਪ ਆਪਣੇ ਦਰ ਵਸਾਇੰਦਾ। ਆਪੇ ਬਾਹਰ ਲਏ ਕਢਾ, ਆਪ ਆਪਣਾ ਵੇਸ ਵਟਾਇੰਦਾ। ਰਕਤ ਬੂੰਦ ਵੇਖ ਵਖਾ, ਪੰਜ ਤਤ ਨਾਤਾ ਜੋੜ ਜੁੜਾਇੰਦਾ। ਹੱਡ ਮਾਸ ਨਾੜੀ ਰਤ ਮੇਲ ਮਿਲਾਵਾ ਸਹਿਜ ਸੁਭਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਵੇਖੇ ਸਾਚਾ ਘਰ, ਘਰ ਸਾਚਾ ਸਚ ਸਲਾਹਿੰਦਾ। ਘਰ ਸਾਚਾ ਹਰਿ ਉਪਜਾਇਆ, ਨਿਰਗੁਣ ਰੂਪ ਅਪਾਰ। ਨੇਹਕਰਮੀ ਕਰਮ ਕਮਾਇਆ, ਕਾਗਦ ਕਲਮ ਨਾ ਪਾਵੇ ਸਾਰ। ਬ੍ਰਹਮਾ ਵਿਸ਼ਨ ਸ਼ਿਵ ਰਹੇ ਕੁਰਲਾਇਆ, ਕਵਣ ਰੂਪ ਖੇਲ ਕਰੇ ਕਰਤਾਰ। ਲੱਖ ਚੁਰਾਸੀ ਅੰਗ ਸਮਾਇਆ, ਅੰਦਰ ਵੜਿਆ ਡੂੰਘੀ ਗਾਰ। ਰੂਪ ਰੇਖ ਨਾ ਕੋਇ ਵਖਾਇਆ, ਨਜ਼ਰ ਆਏ ਨਾ ਵਿਚ ਸੰਸਾਰ। ਆਪਣਾ ਭੇਵ ਆਪ ਖੁਲ੍ਹਾਇਆ, ਜਿਸ ਜਨ ਬਖ਼ਸ਼ੇ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਲਿਖਣਹਾਰ। ਲੇਖਾ ਲਿਖਣਹਾਰ ਗੋਪਾਲਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਭਗਤਨ ਦੱਸੇ ਰਾਹ ਸੁਖਾਲਾ, ਹਰਿ ਪੁਰਖ ਨਿਰੰਜਣ ਸਹਿਜ ਸੁਭਾਈਆ। ਆਪੇ ਚਲੇ ਅਵਲੜੀ ਚਾਲਾ, ਏਕੰਕਾਰਾ ਭੇਵ ਨਾ ਰਾਈਆ। ਮੇਲ ਮਿਲਾਵਾ ਪੰਜ ਤਤ ਮਾਟੀ ਕਾਇਆ ਖਾਲਾ, ਆਦਿ ਨਿਰੰਜਣ ਜੋਤ ਰੁਸ਼ਨਾਈਆ। ਦੀਪਕ ਜੋਤੀ ਆਪੇ ਬਾਲਾ, ਜੋਤ ਨਿਰੰਜਣ ਡਗਮਗਾਈਆ। ਸ੍ਰੀ ਭਗਵਾਨ ਵਸੇ ਧਰਮ ਸੱਚੀ ਧਰਮਸਾਲਾ, ਆਪ ਆਪਣਾ ਬੰਕ ਖੁਲਾਈਆ। ਅਬਿਨਾਸ਼ੀ ਕਰਤਾ ਗਲ ਪਾਏ ਮਾਲਾ, ਆਪ ਆਪਣਾ ਸ਼ਬਦ ਅਲਾਈਆ। ਪਾਰਬ੍ਰਹਮ ਪ੍ਰਭ ਖੇਲ ਨਿਰਾਲਾ, ਬ੍ਰਹਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਵਖਾਈਆ। ਲੋਕਮਾਤ ਹਰਿ ਵਸੰਦੜਾ, ਪਰਮ ਪੁਰਖ ਕਰਤਾਰ। ਕਾਇਆ ਮਾਟੀ ਵੇਖ ਵਖੰਦੜਾ, ਪੰਜ ਤਤ ਰੂਪ ਆਕਾਰ। ਆਪਣਾ ਮੰਦਰ ਆਪ ਸੁਹੰਦੜਾ, ਆਪੇ ਹੋਏ ਘੜਨ ਭੰਨਣਹਾਰ। ਆਪ ਆਪਣੀ ਜੋਤ ਜਗੰਦੜਾ, ਮੇਟ ਮਿਟਾਏ ਅੰਧ ਅੰਧਿਆਰ। ਆਪ ਆਪਣਾ ਗੀਤ ਸੁਨੰਦੜਾ, ਗਾਵਣਹਾਰਾ ਗਾਏ ਆਪਣੀ ਵਾਰ। ਦਰ ਘਰ ਸਾਚਾ ਇਕ ਵਖੰਦੜਾ, ਮਹੱਲ ਅਟੱਲ ਉਚ ਮੁਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਆਪਣੀ ਧਾਰ। ਸਾਚੀ ਧਾਰ ਹਰਿ ਭਗਵਾਨ, ਆਪਣੀ ਆਪ ਉਪਜਾਈਆ। ਹਰਿ ਭਗਤਨ ਵੇਖੇ ਮਾਰ ਧਿਆਨ, ਜੁਗ ਕਰਤਾ ਵਡ ਵਡਿਆਈਆ। ਸਤਿ ਸਤਿਵਾਦੀ ਨਿਗਹਬਾਨ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਗੁਰਮੁਖਾਂ ਦੇਵੇ ਸਾਚਾ ਦਾਨ, ਸਾਚੀ ਵਸਤ ਨਾਮ ਝੋਲੀ ਪਾਈਆ। ਪੂਰਨ ਕਰਨਹਾਰਾ ਕਾਮ, ਇਛਿਆ ਭਿਛਿਆ ਵਿਚ ਟਿਕਾਈਆ। ਏਥੇ ਓਥੇ ਰੱਖੇ ਮਾਣ, ਸ਼ਾਹ ਸੁਲਤਾਨਾ ਵਡ ਵਡਿਆਈਆ। ਏਕਾ ਬਖ਼ਸ਼ੇ ਚਰਨ ਧਿਆਨ, ਚਰਨ ਚਰਨੋਦਕ ਮੁਖ ਚੁਆਈਆ। ਜੂਠ ਝੂਠ ਮਿਟੇ ਨਿਸ਼ਾਨ, ਸਚ ਸੁਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਕਾਇਆ ਸਚ ਮਕਾਨ। ਕਾਇਆ ਮੰਦਰ ਸਚ ਮਕਾਨ, ਹਰਿ ਹਰਿ ਆਪਣਾ ਬੰਕ ਸੁਹਾਇੰਦਾ। ਆਦਿ ਜੁਗਾਦੀ ਧੁਰ ਫ਼ਰਮਾਨ, ਧੁਨ ਆਤਮਕ ਆਪ ਅਲਾਇੰਦਾ। ਸਚਖੰਡ ਨਿਵਾਸੀ ਸਚ ਗਿਆਨ, ਬੋਧ ਅਗਾਧ ਆਪ ਜਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਜਗਤ ਤ੍ਰਿਸ਼ਨਾ ਭੁਖ ਮਿਟਾਇੰਦਾ। ਸ਼ਬਦ ਅਨਾਦੀ ਏਕਾ ਗਾਨ, ਰਾਗ ਰਾਗਾਂ ਆਪ ਅਲਾਇੰਦਾ। ਕੋਟਨ ਕੋਟ ਪ੍ਰਕਾਸ਼ ਕਰ ਕਰ ਭਾਨ, ਭਾਵੀ ਚਰਨਾਂ ਹੇਠ ਦਬਾਇੰਦਾ। ਭਗਵਨ ਰੂਪ ਦੋ ਜਹਾਨ, ਭਗਵਤ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲੇਖ ਲਿਖਾਇੰਦਾ। ਹਰਿਜਨ ਲੇਖਾ ਧੁਰ ਦਰਬਾਰ, ਘਰ ਮੰਦਰ ਬੈਠ ਲਿਖਾਈਆ। ਆਪੇ ਲੇਖਾ ਲਏ ਵਿਚਾਰ, ਆਪ ਆਪਣਾ ਭੇਵ ਖੁਲ੍ਹਾਈਆ। ਲੋਕਮਾਤੀ ਲੈ ਅਵਤਾਰ, ਸਾਚਾ ਸਾਕੀ ਵੇਖ ਵਿਖਾਈਆ। ਲਹਿਣਾ ਦੇਣ ਚੁਕਾਏ ਬਾਕੀ ਆਪ ਨਿਰੰਕਾਰ, ਆਪ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਫੇਰਾ ਪਾਈਆ। ਗ੍ਰਹਿ ਮੰਦਰ ਹਰਿ ਸੁਹਾਇਆ, ਪੰਜ ਤਤ ਕਾਇਆ ਮਹੱਲ ਮੁਨਾਰ। ਪੁਰਖ ਅਬਿਨਾਸ਼ੀ ਡੇਰਾ ਲਾਇਆ, ਦਿਸ ਨਾ ਆਏ ਵਿਚ ਸੰਸਾਰ। ਸਾਚੀ ਸੇਜਾ ਆਪ ਸੁਹਾਇਆ, ਆਪੇ ਕਰਿਆ ਬੰਦ ਕਿਵਾੜ। ਆਪ ਆਪਣਾ ਮੇਲ ਮਿਲਾਇਆ, ਆਪੇ ਸੁੱਤਾ ਪੈਰ ਪਸਾਰ। ਆਪੇ ਆਲਸ ਨਿੰਦਰਾ ਦਏ ਗਵਾਇਆ, ਆਪੇ ਨੈਣ ਮੁੰਧਾਰੀ ਕਰੇ ਖੇਲ ਬੇਐਬ ਪਰਵਰਦਿਗਾਰ। ਆਪੇ ਹਰਿਜਨ ਲਏ ਉਠਾਇਆ, ਦੇਵੇ ਦਰਸ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਇਆ। ਗੁਰਮੁਖ ਸੱਜਣ ਤੇਰੀ ਵੰਡ, ਸੋ ਪੁਰਖ ਨਿਰੰਜਣ ਆਪ ਵੰਡਾਈਆ। ਹਰਿ ਪੁਰਖ ਨਿਰੰਜਣ ਪੱਲੇ ਬੰਨ੍ਹੇ ਏਕਾ ਗੰਢ, ਸਾਚੀ ਵਸਤ ਝੋਲੀ ਪਾਈਆ। ਏਕੰਕਾਰਾ ਵੇਖ ਬ੍ਰਹਿਮੰਡ, ਆਪ ਆਪਣਾ ਨੈਣ ਉਠਾਈਆ। ਆਦਿ ਨਿਰੰਜਣ ਵੇਖੇ ਚੰਦ, ਰਵ ਸਸ ਮੁਖ ਸ਼ਰਮਾਈਆ। ਸ੍ਰੀ ਭਗਵਾਨ ਸਾਚਾ ਛੰਦ, ਆਪਣਾ ਆਪ ਅਲਾਈਆ। ਅਬਿਨਾਸ਼ੀ ਕਰਤਾ ਪਰਮਾਨੰਦ, ਬੈਠਾ ਆਸਣ ਲਾਈਆ। ਪਾਰਬ੍ਰਹਮ ਹੋ ਬਖ਼ਸ਼ੰਦ, ਬ੍ਰਹਮ ਮੇਲੇ ਸਹਿਜ ਸੁਭਾਈਆ। ਗੁਰਮੁਖਾਂ ਮਿਟਾਏ ਦੂਈ ਦਵੈਤੀ ਕੰਧ, ਭਾਂਡਾ ਭਰਮ ਭੌ ਭਨਾਈਆ। ਮੇਟ ਮਿਟਾਏ ਅੰਧੇਰਾ ਅੰਧ, ਅਗਿਆਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਲੇਖਾ ਜਾਣੇ ਬੇਪਰਵਾਹ, ਨਿਰਗੁਣ ਰੂਪ ਅਖਵਾਇਆ। ਸਰਗੁਣ ਬਣ ਵਿਚ ਮਲਾਹ, ਸਤਿਗੁਰ ਆਪਣਾ ਨਾਉਂ ਧਰਾਇਆ। ਜਨ ਭਗਤਾਂ ਦੇਵੇ ਸਚ ਸਲਾਹ, ਸੰਤ ਸੁਹੇਲਾ ਭੇਵ ਨਾ ਰਾਇਆ। ਗੁਰਮੁਖ ਅੰਗ ਲਏ ਲਗਾ, ਗੁਰਸਿਖ ਆਪਣੀ ਗੋਦ ਬਿਠਾਇਆ। ਸਾਚੀ ਵਸਤ ਝੋਲੀ ਦੇਵੇ ਪਾ, ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਇਆ। ਕਰੋੜ ਤੇਤੀਸ ਫੂਲਨ ਬਰਖਾ ਰਹੇ ਲਾ, ਘਰ ਸਾਚਾ ਆਪ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਮੇਲ ਮਿਲਾਵਾ ਸਚ ਦਰ, ਹਰਿ ਸਤਿਗੁਰ ਆਪ ਕਰਾਇੰਦਾ। ਗੁਰਮੁਖਾਂ ਅੰਦਰ ਆਪ ਵੜ, ਆਪ ਆਪਣਾ ਪਰਦਾ ਲਾਹਿੰਦਾ। ਆਪਣੀ ਵਿਦਿਆ ਆਪੇ ਪੜ੍ਹ, ਹਰਿਜਨ ਸਾਚੇ ਮਾਤ ਪੜ੍ਹਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰੇ ਖੜ੍ਹ, ਲੋਕਮਾਤ ਗੁਰਮੁਖਾਂ ਰਾਹ ਤਕਾਇੰਦਾ। ਲੱਖ ਚੁਰਾਸੀ ਭਾਂਡਾ ਘੜ, ਘਟ ਆਪਣੀ ਵਸਤ ਟਿਕਾਇੰਦਾ। ਗੁਰਸਿਖ ਫੜਾਏ ਆਪਣਾ ਲੜ, ਦੂਸਰ ਹੱਥ ਕਿਸੇ ਨਾ ਆਇੰਦਾ। ਸਚ ਸਿੰਘਾਸਣ ਉਪਰ ਚੜ੍ਹ, ਸ਼ਾਹੋ ਭੂਪ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵਸਤ ਰਖਾਇੰਦਾ। ਵਸਤ ਅਮੋਲਕ ਕਾਇਆ ਗੋਲਕ, ਹਰਿ ਸਾਚੇ ਸਚ ਟਿਕਾਈਆ। ਗੀਤ ਗਾਏ ਸਹਿਜ ਧੁਨ ਰਾਏ ਸ਼ਬਦ ਵਜਾਏ ਸਾਚੀ ਢੋਲਕ, ਤਾਲ ਤਲਵਾੜਾ ਨਾਲ ਰਖਾਈਆ। ਆਪਣਾ ਰਾਗ ਆਪੇ ਬੋਲਤ, ਰਸਨਾ ਜੇਹਵਾ ਨਾ ਕੋਇ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਵਡ ਵਡਿਆਈਆ। ਵਡ ਵਡਿਆਈ ਵਡ ਦਾਤਾ ਮੀਤ, ਗੁਰਮੁਖਾਂ ਆਪ ਵਡਿਆਇੰਦਾ। ਸਤਿ ਪੁਰਖ ਨਿਰੰਜਣ ਸਦਾ ਅਤੀਤ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਆਪੇ ਵਸਣਹਾਰਾ ਚੀਤ, ਚਾਤ੍ਰਿਕ ਤ੍ਰਿਖਾ ਆਪ ਬੁਝਾਇੰਦਾ। ਆਪ ਚਲਾਏ ਆਪਣੀ ਰੀਤ, ਆਪਣਾ ਮਾਰਗ ਆਪ ਵਖਾਇੰਦਾ। ਆਪੇ ਕਰੇ ਪਤਿਤ ਪੁਨੀਤ, ਪਤਿਤ ਪਾਵਨ ਆਪਣਾ ਨਾਉਂ ਰਖਾਇੰਦਾ। ਹਰਿਜਨ ਕਾਇਆ ਕਰੇ ਠਾਂਡੀ ਸੀਤ, ਸਾਤਕ ਸਤਿ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਲੇਖ ਲਿਖਾਇੰਦਾ। ਗ੍ਰਹਿ ਮੰਦਰ ਲੇਖਾ ਸਾਚੇ ਘਰ, ਹਰਿ ਸਤਿਗੁਰ ਆਪ ਕਰਾਈਆ। ਆਪੇ ਦੇਵਣਹਾਰਾ ਵਰ, ਆਪੇ ਪੂਰ ਕਰਾਈਆ। ਆਪ ਚੁਕਾਏ ਆਪਣਾ ਡਰ, ਆਪੇ ਲੇਖਾ ਦਏ ਸਮਝਾਈਆ। ਆਪੇ ਕਿਰਪਾ ਦੇਵੇ ਕਰ, ਮਿਹਰਵਾਨ ਬੇਪਰਵਾਹੀਆ। ਆਪੇ ਖਾਲੀ ਭੰਡਾਰੇ ਦੇਵੇ ਭਰ, ਦੇਂਦਿਆਂ ਤੋਟ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਆਪੇ ਵਾਲੀ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਦੋ ਜਹਾਨਾ ਆਪੇ ਪਾਲੀ, ਪ੍ਰਿਤਪਾਲਕ ਸੇਵ ਕਮਾਇੰਦਾ। ਆਪੇ ਕਰੇ ਸਚ ਦਲਾਲੀ, ਵਣਜ ਵਣਜਾਰਾ ਦਿਸ ਨਾ ਆਇੰਦਾ। ਆਪੇ ਲੱਖ ਚੁਰਾਸੀ ਵੇਖੇ ਪਤ ਡਾਲ੍ਹੀ, ਫਲ ਫੁਲ ਫੁਲਵਾੜੀ ਆਪ ਮਹਿਕਾਇੰਦਾ। ਆਪੇ ਬਾਲ ਬਿਰਧ ਆਪੇ ਨੌਜਵਾਨੀ, ਆਪੇ ਆਦਿ ਅੰਤ ਮੁਖ ਛੁਪਾਇੰਦਾ। ਆਪੇ ਬਖ਼ਸ਼ੇ ਪਦ ਨਿਰਬਾਣੀ, ਪਰਮ ਪੁਰਖ ਮੇਲ ਮਿਲਾਇੰਦਾ। ਆਪੇ ਹੋਏ ਜੀਵ ਨਾਦਾਨੀ, ਜੀਵਣ ਜੁਗਤ ਮੁਕਤ ਨਾ ਕੋਇ ਕਰਾਇੰਦਾ। ਆਪੇ ਵਸ ਆਲਮੇ ਜਾਵਦਾਨੀ, ਖ਼ਲਕ ਖ਼ਾਲਕ ਰੂਪ ਵਟਾਇੰਦਾ। ਆਪੇ ਹੋਏ ਲਾਸਾਨੀ, ਲਾਸ਼ਰੀਕ ਨਾਉਂ ਧਰਾਇੰਦਾ। ਆਪੇ ਦੇਵੇ ਜਨ ਭਗਤਾਂ ਨਾਮ ਨਿਸ਼ਾਨੀ, ਲੋਕਮਾਤ ਸੋਭਾ ਪਾਇੰਦਾ। ਆਪੇ ਬਖ਼ਸ਼ੇ ਅੰਮ੍ਰਿਤ ਆਤਮ, ਠੰਡਾ ਪਾਣੀ ਭਰ ਪਿਆਲਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਬੂਟਾ ਆਪ ਲਗਾਇੰਦਾ। ਸਾਚਾ ਬੂਟਾ ਆਤਮ ਜੜ, ਪਰਮ ਪੁਰਖ ਆਪ ਲਗਾਇੰਦਾ। ਸਤਿ ਪੁਰਖ ਨਿਰੰਜਣ ਆਪਣੀ ਹੱਥੀਂ ਫੜ, ਕਾਇਆ ਮੰਦਰ ਆਪ ਟਿਕਾਇੰਦਾ। ਪ੍ਰਿਤਪਾਲ ਕਰੇ ਸੀਸ ਧੜ, ਤਤਵ ਤਤ ਸੰਗ ਨਿਭਾਇੰਦਾ। ਜੋਤ ਸਰੂਪੀ ਅੰਦਰ ਵੜ, ਆਪ ਆਪਣਾ ਬਿਰਦ ਰਖਾਇੰਦਾ। ਪਵਣ ਸਵਾਸੀ ਅੰਦਰ ਕਰ, ਆਪੇ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਅੰਮ੍ਰਿਤ ਰਸ ਨਿਝਰ ਧਾਰ, ਨਿਜ ਘਰ ਸਾਚਾ ਆਪ ਵਹਾਈਆ। ਉਲਟਾ ਰੁਖ ਕਰ ਤਿਆਰ, ਆਪਣਾ ਬੂਟਾ ਆਪੇ ਲਾਈਆ। ਆਪੇ ਪਾਣੀ ਦੇਵੇ ਸਿੰਚ ਕਿਆਰ, ਆਪੇ ਸੇਵ ਕਮਾਈਆ। ਆਪੇ ਰਾਜਕ ਰਹੀਮ ਕਰੇ ਪਿਆਰ, ਆਪਣੀ ਰੋਜੀ ਦਏ ਪੁਚਾਈਆ। ਆਪੇ ਕਰੇ ਕਰਾਏ ਸਦਾ ਪ੍ਰਿਤਪਾਲ, ਮਾਤ ਪਿਤ ਭੇਵ ਨਾ ਰਾਈਆ। ਆਪੇ ਵੇਖੇ ਆਪਣਾ ਲਾਲ, ਲਾਲ ਗੁਲਾਲਾ ਗੋਦ ਸੁਹਾਈਆ। ਆਪੇ ਦੀਪਕ ਦੇਵੇ ਬਾਲ, ਜੋਤੀ ਨੂਰ ਕਰ ਰੁਸ਼ਨਾਈਆ। ਆਪੇ ਸਾਂਚੇ ਦੇਵੇ ਢਾਲ, ਆਪ ਆਪਣੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਲੇਖਾ ਦਏ ਬੁਝਾਈਆ। ਆਪੇ ਲੇਖਾ ਲਿਖਣਹਾਰ, ਏਕਾ ਏਕੰਕਾਰ ਅਖਵਾਇਆ। ਆਪੇ ਕੁਦਰਤ ਕਰ ਪਿਆਰ, ਰਕਤ ਬੂੰਦ ਮੇਲ ਮਿਲਾਇਆ। ਆਪੇ ਤੀਜਾ ਖੋਲ੍ਹ ਕਿਵਾੜ, ਪੰਜ ਤਤ ਵੇਖੇ ਸਹਿਜ ਸੁਭਾਇਆ। ਆਪੇ ਚੌਥੇ ਅਗਨੀ ਦੇਵੇ ਡਾਰ, ਸਾਚੀ ਭੱਠੀ ਆਪ ਬਣਾਇਆ। ਆਪੇ ਪੰਚਮ ਸਹਿਜ ਸੁਖ ਧਾਰ, ਅੰਮ੍ਰਿਤ ਆਪਣਾ ਦਏ ਛਿੜਕਾਇਆ। ਆਪੇ ਛੇਵੇਂ ਖਬਰਦਾਰ, ਅੰਗੀ ਅੰਗ ਲਏ ਲਟਕਾਇਆ। ਆਪੇ ਸਤਵੇਂ ਸਤਿ ਪੁਰਖ ਨਿਰੰਜਣ ਕਰੇ ਪਿਆਰ, ਆਪਣੀ ਰਾਸ ਵਿਚ ਰਖਾਇਆ। ਆਪੇ ਅੱਠਾਂ ਤੱਤਾਂ ਬੰਨੇ ਧਾਰ, ਮਨ ਮਤ ਬੁੱਧ ਦਏ ਸਲਾਹਿਆ। ਆਪੇ ਨਾਵੇਂ ਹੋਏ ਖਬਰਦਾਰ, ਆਪਣੀ ਬੂਝ ਦਏ ਬੁਝਾਇਆ। ਆਪੇ ਦਸਵੇਂ ਫਲ ਲਾਏ ਕਰਤਾਰ, ਆਪਣਾ ਮੇਵਾ ਵੇਖ ਵਖਾਇਆ। ਆਪੇ ਦਿਵਸ ਰੈਣ ਕਰੇ ਗੁਫਤਾਰ, ਆਪ ਆਪਣੀ ਬੂਝ ਬੁਝਾਇਆ। ਆਪੇ ਬਣਿਆ ਰਹੇ ਸ਼ੀਰ ਖ਼ਾਰ, ਆਪ ਆਪਣਾ ਰਸ ਚਵਾਇਆ। ਆਪੇ ਦੋਏ ਜੋੜ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇਆ। ਆਪੇ ਮੰਗੇ ਦਰ ਕਰ ਪਿਆਰ, ਨੇਤਰ ਲੋਚਨ ਦਰਸਨ ਇਕ ਰਘੁਰਾਇਆ। ਆਪੇ ਕਿਰਪਾ ਕਰੇ ਅਪਾਰ, ਹੁਕਮੀ ਹੁਕਮ ਆਪ ਸੁਣਾਇਆ। ਆਪੇ ਅੰਦਰ ਆਪੇ ਬਾਹਰ, ਆਪੇ ਦੇਵੇ ਗੋਦ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਰੰਗ ਰੱਤੜਾ ਹਰਿ ਭਗਵੰਤ, ਦਸ ਦਸ ਵੱਜੇ ਵਧਾਈਆ। ਗ੍ਰਹਿ ਮੰਦਰ ਨਾਤਾ ਸਾਚੇ ਕੰਤ, ਬਾਹਿਰ ਵੇਖੇ ਜਗਤ ਲੁਕਾਈਆ। ਘਰ ਮੇਲਾ ਰਸਨਾ ਜੇਹਵਾ ਮਣੀਆ ਮੰਤ, ਦਰ ਵਾਸਨਾ ਵਾਸਨਾ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ। ਉਪਜੇ ਸੁਤ ਸੁਤ ਦੁਲਾਰਾ, ਲੱਖ ਚੁਰਾਸੀ ਆਪ ਉਪਜਾਇੰਦਾ। ਭਗਤਨ ਖੇਲ ਕਰੇ ਕਰਤਾਰਾ, ਆਪ ਆਪਣਾ ਭੇਵ ਖੁਲਾਇੰਦਾ। ਪਾਰਬ੍ਰਹਮ ਬ੍ਰਹਮ ਦਏ ਸਹਾਰਾ, ਬ੍ਰਹਮ ਵਿਦਿਆ ਬ੍ਰਹਮ ਪੜ੍ਹਾਇੰਦਾ। ਆਸਾ ਤ੍ਰਿਸ਼ਨਾ ਜਗਤ ਦਵਾਰਾ, ਨਮਸਕਾਰਾ ਸੀਸ ਕਰਾਇੰਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰ ਖ਼ੁਆਰਾ, ਦਰ ਦਰ ਧੱਕਾ ਲਾਇੰਦਾ। ਆਤਮ ਦਰਸੀ ਦਰਸ ਅਪਾਰਾ, ਦਾਸਨ ਦਾਸੀ ਆਪ ਵਖਾਇੰਦਾ। ਨਿਝਰ ਮੇਘ ਅੰਮ੍ਰਿਤ ਧਾਰਾ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਸਾਚਾ ਸ਼ਬਦ ਸਚ ਜੈਕਾਰਾ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਹੰ ਬ੍ਰਹਮ ਦਏ ਆਧਾਰਾ, ਸੋਹੰ ਰੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਬਹਿ ਸਮਝਾਇੰਦਾ। ਬਹਿ ਲੇਖਾ ਹਰਿ ਸਮਝਾਵਨਾ, ਸਤਿਗੁਰ ਪੂਰਾ ਵਡ ਮਿਹਰਵਾਨ। ਲੋਕਮਾਤ ਨਿਸ਼ਾਨ ਝੁਲਾਵਨਾ, ਦਰ ਘਰ ਸਾਚੇ ਦੇਵੇ ਦਾਨ। ਪੂਰਬ ਲਹਿਣਾ ਝੋਲੀ ਪਾਵਣਾ, ਇਕੀ ਜਨਮ ਹੋਏ ਪਰਧਾਨ। ਮਾਤ ਗਰਭ ਫੇਰ ਲਾ ਆਵਨਾ, ਪਿਤਾ ਪੂਤ ਨਾ ਕੋਇ ਪਛਾਣ। ਕਾਇਆ ਬੰਕ ਨਾ ਵੇਖ ਵਖਾਵਨਾ, ਪੰਜ ਤਤ ਨਾ ਕੋਇ ਮਕਾਨ। ਏਕਾ ਗੋਬਿੰਦ ਗੀਤ ਗਾਵਨਾ, ਰਸਨਾ ਗਾਏ ਸ੍ਰੀ ਭਗਵਾਨ। ਲਿਖਿਆ ਲੇਖ ਨਾ ਕਿਸੇ ਮਿਟਾਵਨਾ, ਦੋ ਜਹਾਨ ਹੋਏ ਹੈਰਾਨ। ਨਿਹਕਲੰਕ ਨਰਾਇਣ ਨਰ ਹਰਿ ਇਕ ਅਖਵਾਵਨਾ, ਜੋਤ ਸਰੂਪੀ ਜੋਤ ਮਹਾਨ। ਗੁਰਸਿਖ ਆਪਣੇ ਘਰ ਬਹਾਵਨਾ, ਸਚਖੰਡ ਦਵਾਰ ਕਰ ਪਰਧਾਨ। ਲੋਕਮਾਤ ਆਪ ਵਡਿਆਵਨਾ, ਏਕਾ ਬਖ਼ਸ਼ੇ ਸਚ ਗਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਬਣਾਏ ਚਤੁਰ ਸੁਜਾਨ। ਚਤੁਰ ਸੁਜਾਨ ਗੁਰਮੁਖ ਸੱਜਣ, ਬਿਰਧ ਬਾਲ ਨਾ ਕੋਇ ਜਣਾਈਆ। ਸਤਿਗੁਰ ਪੂਰਾ ਪਰਦੇ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਦਾਤਾ ਦਾਨੀ ਦਰਦ ਦੁਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨਾਮ ਨਿਧਾਨਾ ਨੇਤਰ ਪਾਏ ਅੰਜਣ, ਅਗਿਆਨ ਅੰਧੇਰ ਮਿਟਾਈਆ। ਧੂੜੀ ਮਸਤਕ ਟਿੱਕਾ ਲਾਏ ਚੰਦਨ, ਚਰਨ ਸਰੋਵਰ ਆਪ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਤ ਸਪੂਤਾ ਪਿਤ ਮਾਤ ਦੇਵਣਹਾਰ ਸਚ ਵਡਿਆਈਆ। ਦੇਵਣਹਾਰ ਗਹਿਰ ਗੁਣ ਸਾਗਰ, ਸਰਬ ਸੁਖਾਂ ਸੁਖ ਦਾਤਾ। ਨਿਰਮਲ ਕਰਮ ਕਰੇ ਉਜਾਗਰ, ਮੇਟੇ ਰੈਣ ਅੰਧੇਰੀ ਰਾਤਾ। ਸਾਚਾ ਵਣਜ ਕਰਾਏ ਸਚ ਸੌਦਾਗਰ, ਹਰਿਜਨ ਮੇਟੇ ਅੰਧੇਰੀ ਰਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਆਪੇ ਜੋਤ ਜੋਤ ਮੇਂ ਜਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਮਿਹਰਵਾਨ, ਚਰਨ ਕਵਲ ਕਵਲ ਚਰਨ ਬੰਧਾਏ ਸੱਚਾ ਨਾਤਾ।