Granth 09 Likhat 200: 10 Assu 2017 Bikarmi Narayan Singh de Ghar Pind Gumanpura Jila Amritsar

੧੦ ਅਸੂ ੨੦੧੭ ਬਿਕ੍ਰਮੀ ਨਰਾਇਣ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰਾ, ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਖੇਲ ਨਿਆਰਾ, ਆਦਿ ਜੁਗਾਦੀ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਵੈਰ ਭੇਵ ਨਾ ਆਇੰਦਾ। ਏਕੰਕਾਰਾ ਅਗੰਮ ਅਥਾਹ ਵਸੇ ਉਚ ਮੁਨਾਰਾ, ਮਹਲ ਅਟੱਲ ਸੋਭਾ ਪਾਇੰਦਾ। ਆਦਿ ਨਿਰੰਜਣ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸਾਚਾ ਘਰ ਸੋਹੇ ਸੱਚਾ ਸਿਕਦਾਰਾ, ਸ਼ਾਹੋ ਭੂਪ ਆਪਣਾ ਨਾਉਂ ਧਰਾਇੰਦਾ। ਸ੍ਰੀ ਭਗਵਾਨ ਵਰਤੇ ਵਰਤਾਰਾ, ਹੁਕਮੀ ਹੁਕਮ ਆਪ ਸੁਣਾਇੰਦਾ। ਪਾਰਬ੍ਰਹਮ ਬਣੇ ਦਰ ਦਰਬਾਨਾ ਸਚ ਦਰਬਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਸਚਖੰਡ ਖੋਲ੍ਹੇ ਸਚ ਕਿਵਾੜਾ, ਸਚ ਅਖਾੜਾ ਏਕਾ ਲਾਇੰਦਾ। ਥਿਰ ਘਰ ਚਲਾਏ ਆਪਣੀ ਧਾਰਾ, ਧਾਰ ਧਾਰ ਵਿਚ ਉਪਜਾਇੰਦਾ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਲੇਖਾ ਜਾਣੇ ਨਾਰੀ ਕੰਤ ਭਤਾਰਾ, ਸੇਜ ਸੁਹੰਜਣੀ ਆਪ ਹੰਢਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਐਬ ਪਰਵਰਦਿਗਾਰਾ, ਨੂਰੀ ਜਲਵਾ ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਆਪਣਾ ਨਾਉਂ ਰਖਾਇੰਦਾ। ਸਤਿ ਸਤਿਵਾਦੀ ਇਕ ਇਕੱਲਾ, ਏਕਾ ਰੰਗ ਸਮਾਈਆ। ਸਚਖੰਡ ਵਸਾਏ ਸਚ ਮਹੱਲਾ, ਸਚ ਬੈਠਾ ਜੋਤ ਜਗਾਈਆ। ਥਿਰ ਘਰ ਸਾਚਾ ਆਪੇ ਮੱਲਾ, ਆਪ ਆਪਣੇ ਭਗਤ ਦਏ ਵਡਿਆਈਆ। ਆਪ ਆਪਣੀ ਜੋਤੀ ਆਪੇ ਰਲਾ, ਨਿਰਗੁਣ ਨਿਰਗੁਣ ਵਿਚ ਸਮਾਈਆ। ਆਪਣਾ ਫੜਿਆ ਆਪੇ ਪੱਲਾ, ਆਪ ਆਪਣਾ ਸੰਗ ਨਿਭਾਈਆ। ਆਪਣਾ ਸੰਦੇਸ਼ ਨਰ ਨਰੇਸ਼ ਆਪੇ ਘੱਲਾ, ਹੁਕਮੀ ਹੁਕਮ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ, ਆਪਣੀ ਧਾਰ ਆਪ ਚਲਾਈਆ। ਆਪਣੀ ਧਾਰ ਹਰਿ ਨਿਰੰਕਾਰ, ਆਦਿ ਪੁਰਖ ਆਪ ਚਲਾਇੰਦਾ। ਸਚਖੰਡ ਵਸੇ ਸਾਚੇ ਧਾਮ ਨਿਆਰ, ਥਿਰ ਘਰ ਸਾਚੇ ਸੋਭਾ ਪਾਇੰਦਾ। ਕਮਲਾਪਾਤੀ ਮੀਤ ਮੁਰਾਰਾ, ਦੀਵਾ ਬਾਤੀ ਇਕ ਰਖਾਇੰਦਾ। ਸਾਚਾ ਸਾਕੀ ਬਣ ਵਰਤਾਰਾ, ਆਪਣਾ ਜਾਮ ਆਪਣੇ ਹੱਥ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬੈਠਾ ਵੜ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਸਚਖੰਡ ਦਵਾਰਾ ਸਚ ਸਿੰਘਾਸਣ, ਏਕੰਕਾਰਾ ਆਪ ਸੁਹਾਇੰਦਾ। ਇਕ ਇਕੱਲਾ ਪੁਰਖ ਅਬਿਨਾਸ਼ਨ, ਨਿਰਗੁਣ ਨਿਰਗੁਣ ਸੋਭਾ ਪਾਈਆ। ਆਪੇ ਸੇਵਕ ਦਾਸੀ ਦਾਸਨ, ਸ਼ਾਹੋ ਭੂਪ ਆਪ ਹੋ ਜਾਈਆ। ਆਪੇ ਪਾਵੇ ਆਪਣੀ ਰਾਸਨ, ਆਪਣੀ ਖੇਲ ਆਪ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੋਭਾਵੰਤ, ਏਕਾ ਬੈਠਾ ਸ੍ਰੀ ਭਗਵੰਤ, ਦੂਸਰ ਸੰਗ ਨਾ ਕੋਈ ਰਖਾਈਆ। ਨਾ ਕੋਈ ਸੰਗ ਨਾ ਕੋਈ ਸਾਥਾ, ਇਕ ਇਕੱਲਾ ਖੇਲ ਖਿਲਾਇੰਦਾ। ਇਕ ਇਕੱਲਾ ਪੁਰਖ ਸਮਰਾਥਾ, ਸਮਰੱਬ ਪੁਰਖ ਆਪਣਾ ਨਾਉਂ ਧਰਾਇੰਦਾ। ਏਕਾ ਜਾਣੇ ਆਪਣੀ ਗਾਥਾ, ਇਸ਼ਟ ਦੇਵ ਆਪ ਮਨਾਇੰਦਾ। ਆਪੇ ਵਰਤੇ ਵਰਤਾਏ ਆਪਣੀ ਵਸਤ, ਦੇਵਣਹਾਰਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਅਭੇਦਾ ਅਛਲ ਅਛੇਦਾ ਆਪਣਾ ਆਪ ਖੁਲ੍ਹਾਇੰਦਾ। ਸਚਖੰਡ ਦਵਾਰ ਸੁਹਾਵਣਾ, ਪੁਰਖ ਅਕਾਲ ਆਪ ਸੁਹਾਈਆ। ਮੂਰਤ ਅਕਾਲ ਡਗਮਗਾਵਣਾ, ਹਰਿ ਨਿਰਵੈਰ ਵੱਡੀ ਵਡਿਆਈਆ। ਅਜੂਨੀ ਰਹਿਤ ਰੂਪ ਵਟਾਵਣਾ, ਅਨਭਵ ਪਰਕਾਸ਼ ਸਮਾਈਆ। ਸ਼ਾਹ ਸੁਲਤਾਨ ਆਪ ਅਖਵਾਵਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਾਚਾ ਤਖ਼ਤ ਆਪ ਹੰਢਾਵਣਾ, ਤਖ਼ਤ ਨਿਵਾਸੀ ਬੇਪਰਵਾਹੀਆ। ਧਰਮ ਦਵਾਰਾ ਇਕ ਵਸਾਵਣਾ, ਥਿਰ ਘਰ ਕਿਵਾੜ ਖੁਲਾਈਆ। ਘਰ ਘਰ ਵਿਚ ਮੰਦਰ ਬਣਾਵਨਾ, ਚਾਰ ਦਿਵਾਰ ਨਾ ਕੋਈ ਵਖਾਈਆ। ਸੂਰਜ ਚੰਨ ਨਾ ਕੋਈ ਚੜ੍ਹਾਵਣਾ, ਮੰਡਲ ਮੰਡਪ ਨਾ ਕੋਈ ਵਡਿਆਈਆ। ਇਕ ਇਕੱਲਾ ਡਗਮਗਾਵਣਾ, ਨਰ ਨਰਾਇਣ ਬੇਪਰਵਾਹੀਆ। ਸਚ ਮਹੱਲਾ ਸੋਭਾ ਪਾਵਣਾ, ਆਦਿ ਜੁਗਾਦਿ ਰਹੇ ਰੁਸ਼ਨਾਈਆ। ਸਾਚਾ ਮੇਲਾ ਮੇਲ ਮਿਲਾਵਨਾ, ਵਿਛੜ ਕਦੇ ਨਾ ਜਾਈਆ। ਦਾਮਨਗੀਰ ਦਾਮਨ ਫੜਾਵਣਾ, ਹਰਿ ਦਾਮਨ ਦਿਸ ਕਿਸੇ ਨਾ ਆਈਆ। ਆਪਣਾ ਜ਼ਾਮਨ ਆਪ ਕਰਾਵਣਾ, ਨਿਰਗੁਣ ਨਿਰਗੁਣ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣੀ ਧਾਰ ਆਪ ਬੰਧਾਈਆ। ਸਾਚੀ ਧਾਰ ਹਰਿ ਕਰਤਾਰ, ਆਦਿ ਪੁਰਖ ਬਣਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਮੀਤ ਮੁਰਾਰ, ਆਦਿ ਨਿਰੰਜਣ ਸੰਗ ਨਿਭਾਇੰਦਾ। ਅਬਿਨਾਸ਼ੀ ਕਰਤਾ ਬੋਲ ਜੈਕਾਰ, ਆਪਣਾ ਨਾਉਂ ਆਪ ਪਰਗਟਾਇੰਦਾ। ਸ੍ਰੀ ਭਗਵਾਨ ਸਾਂਝਾ ਯਾਰ, ਦਰ ਘਰ ਸਾਚੇ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਬਣੇ ਭਿਖਾਰ, ਆਪਣੀ ਭਿਛਿਆ ਮੰਗ ਮੰਗਾਇੰਦਾ। ਸ਼ਬਦ ਵਿਚੋਲਾ ਨਿਰਾਕਾਰ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਧੁਰ ਧਾਮ ਆਪਣੀ ਖੇਲ ਖਿਲਾਇੰਦਾ। ਆਪੇ ਨਾਰੀ ਕੰਤ ਬਣ ਭਤਾਰ, ਸਾਚੀ ਸੇਜ ਆਪ ਹੰਢਾਇੰਦਾ। ਆਪੇ ਸੁਤ ਦੁਲਾਰਾ ਕਰ ਤਿਆਰ, ਸ਼ਬਦੀ ਸ਼ਬਦ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਮਾਤ ਪਿਤ ਸੁਤ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਨਿਰਗੁਣ ਅੰਦਰੋਂ ਨਿਰਗੁਣ ਆਇਆ ਬਾਹਰਾ, ਨਿਰਗੁਣ ਆਪਣੇ ਅੰਗ ਉਠਾਇੰਦਾ। ਨਿਰਗੁਣ ਰਾਜ ਨਿਰਗੁਣ ਸਿਕਦਾਰਾ, ਨਿਰਗੁਣ ਭੂਪ ਸਤਿ ਸਰੂਪ ਅਖਵਾਇੰਦਾ। ਨਿਰਗੁਣ ਭਿਖਾਰਾ ਨਿਰਗੁਣ ਕਰੇ ਨਿਮਸਕਾਰਾ, ਨਿਰਗੁਣ ਦਰ ਘਰ ਅਲੱਖ ਜਗਾਇੰਦਾ। ਨਿਰਗੁਣ ਵਰਤੇ ਵਰਤਾਰਾ, ਨਿਰਗੁਣ ਵੇਖੇ ਵੇਖਣਹਾਰਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਕਰੇ ਪਿਆਰਾ। ਨਿਰਗੁਣ ਪਿਆਰ ਸ਼ਬਦ ਸੁਤ, ਸਚਖੰਡ ਵੱਜੀ ਵਧਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਆਪਣਾ ਰੂਪ ਆਪ ਧਰਾਈਆ। ਆਪ ਸੁਹਾਏ ਆਪਣੀ ਰੁੱਤ, ਰੁਤ ਰੁਤੜੀ ਵੇਖ ਵਖਾਈਆ। ਥਿਰ ਘਰ ਉਪਾਇਆ ਸਾਚਾ ਕੋਟ, ਹਰਿ ਕੰਤ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸ਼ਬਦ ਸੁਤ ਉਪਾਇਆ, ਕਰ ਕਿਰਪਾ ਗੁਣ ਨਿਧਾਨ। ਸਚਖੰਡ ਦਵਾਰਾ ਆਪ ਵਸਾਇਆ, ਹੱਥ ਫੜਾਇਆ ਧੁਰ ਨਿਸ਼ਾਨ। ਸਤ ਰੰਗ ਆਪ ਰੰਗਾਇਆ, ਰੰਗਣਹਾਰ ਸ੍ਰੀ ਭਗਵਾਨ। ਰੂਪ ਰੰਗ ਰੇਖ ਨਾ ਕਿਸੇ ਜਣਾਇਆ, ਕਰੇ ਵੇਸ ਵਾਲੀ ਦੋ ਜਹਾਨ। ਸਚ ਸੰਦੇਸ਼ ਇਕ ਸੁਣਾਇਆ, ਆਦਿ ਆਦਿ ਧੁਰ ਫ਼ਰਮਾਣ। ਆਪਣਾ ਹੁਕਮ ਆਪ ਵਰਤਾਇਆ, ਇਕ ਰਖਾਏ ਸਾਚੀ ਆਣ। ਚਰਨ ਧਿਆਨ ਇਕ ਜਣਾਇਆ, ਏਕਾ ਦੇਵੇ ਸਾਚਾ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਬੰਧਾਇਆ। ਸਾਚੀ ਧਾਰ ਸਤ ਰੰਗ, ਸਤਿ ਸਤਿਵਾਦ ਆਪ ਬੰਧਾਈਆ। ਕਰੇ ਖੇਲ ਸੂਰਾ ਸਰਬੰਗ, ਪਾਰਬ੍ਰਹਮ ਵੱਡੀ ਵਡਿਆਈਆ। ਦੂਸਰ ਦਰ ਨਾ ਮੰਗੇ ਮੰਗ, ਘਰ ਸਾਚੇ ਸੋਭਾ ਪਾਈਆ। ਆਦਿ ਜੁਗਾਦਿ ਨਾ ਹੋਏ ਭੰਗ, ਸਾਚੀ ਡੋਰੀ ਏਕਾ ਪਾਈਆ। ਨਾਮ ਨਿਧਾਨਾ ਪਾਇਆ ਤੰਦ, ਆਪਣੀ ਹੱਥੀਂ ਸੇਵ ਕਮਾਈਆ। ਸਤਿ ਸੁਹਾਗੀ ਗਾਇਆ ਛੰਦ, ਸਤਿ ਸਤਿਵਾਦੀ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਦੇਵੇ ਇਕ ਵਡਿਆਈਆ। ਸਤ ਰੰਗ ਨਿਸ਼ਾਨਾ ਸਤਿ ਘਰ, ਸਤਿ ਸਤਿ ਆਪ ਸੁਹਾਇਆ। ਸ਼ਬਦ ਸੁਤ ਦਿਤਾ ਵਰ, ਏਕਾ ਰੂਪ ਦਰਸਾਇਆ। ਆਦਿ ਜੁਗਾਦਿ ਵੇਖੇ ਖੜ, ਮਧ ਆਪਣਾ ਨਾਉਂ ਧਰਾਇਆ। ਸਚਖੰਡ ਦਵਾਰਾ ਕਿਲਾ ਗੜ੍ਹ, ਪਾਰਬ੍ਰਹਮ ਪ੍ਰਭ ਆਪ ਸਹਾਇਆ। ਕੋਇ ਨਾ ਸਕੇ ਅੰਦਰ ਵੜ, ਦਰ ਦਰਵਾਜ਼ਾ ਬੰਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤ ਰੰਗ ਲੇਖਾ ਆਪ ਜਣਾਇਆ। ਸਤ ਰੰਗ ਸਤਿ ਗੁਣ, ਸਤਿ ਸਤਿ ਆਪ ਜਣਾਈਆ। ਸ਼ਬਦ ਦੁਲਾਰੇ ਪੁਕਾਰ ਸੁਣ, ਤੇਰਾ ਹੋਏ ਸੁਹਾਈਆ। ਅਗੰਮ ਅਗੰਮੀ ਵੱਜੇ ਧੁਨ, ਤੁਰੀਆ ਰਾਗ ਇਕ ਵਡਿਆਈਆ। ਹਰਿ ਕਾ ਭੇਵ ਜਾਣੇ ਕਵਣ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦਏ ਸੁਹਾਈਆ। ਏਕਾ ਰੰਗ ਲਾਲ ਗੁਲਾਲਾ, ਨਿਰਗੁਣ ਆਪਣਾ ਆਪ ਉਪਾਇਆ । ਸਚ ਲਲਾਰੀ ਬਣਿਆ ਸਚਖੰਡ ਸੱਚੀ ਧਰਮਸਾਲਾ, ਦੂਸਰ ਧਾਰ ਨਾ ਕੋਈ ਜਣਾਇਆ। ਕਰੇ ਖੇਲ ਪੁਰਖ ਅਕਾਲਾ, ਅਕਲ ਕਲ ਆਪਣੀ ਆਪ ਵਰਤਾਇਆ। ਆਪਣਾ ਮਾਰਗ ਵੇਖ ਸੁਖ਼ਾਲਾ, ਆਪਣਾ ਪਾਂਧੀ ਆਪੇ ਪੰਧ ਮੁਕਾਇਆ। ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਰਿਹਾ ਸੁਹਾਇਆ। ਦਰ ਘਰ ਸਾਚਾ ਖੇਲ ਅਪਾਰਾ, ਹਰਿ ਜੂ ਹਰਿ ਮੰਦਰ ਆਪ ਕਰਾਈਆ। ਕੰਚਨ ਰੂਪ ਹੋ ਨਿਆਰਾ, ਨਿਰਵੈਰ ਵੱਡੀ ਵਡਿਆਈਆ। ਆਪਣਾ ਦੇਵੇ ਆਪ ਸਹਾਰਾ, ਸਗਲਾ ਸੰਗ ਆਪ ਨਿਭਾਈਆ। ਆਪੇ ਜਾਣੇ ਆਰ ਪਾਰ ਕਿਨਾਰਾ, ਦੋ ਜਹਾਨਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦ ਵੱਡੀ ਵਡਿਆਈਆ। ਸਤਿ ਸਤਿਵਾਦੀ ਬੇਪਰਵਾਹ, ਬੇਐਬ ਪਰਵਰਦਿਗਾਰ ਅਖਵਾਇੰਦਾ। ਸੂਹਾ ਵੇਸ ਏਕਾ ਰੰਗ ਰੰਗਾ, ਰੰਗ ਰੰਗੀਲਾ ਖ਼ੁਸ਼ੀ ਮਨਾਇੰਦਾ। ਦਰ ਦਰਵਾਜ਼ਾ ਬੰਦ ਖ਼ੁਲ੍ਹਾ, ਆਪਣਾ ਬੰਕ ਆਪ ਸੁਹਾਇੰਦਾ। ਆਪਣੇ ਮੰਦਰ ਸੋਭਾ ਪਾ, ਆਪਣਾ ਗੁਣ ਆਪ ਜਣਾਇੰਦਾ। ਆਦਿ ਜੁਗਾਦਿ ਬਣਿਆ ਰਹੇ ਬੇਪਰਵਾਹ, ਨਿਰਭੌ ਭੈ ਨਾ ਕੋਈ ਜਣਾਇੰਦਾ। ਆਪੇ ਹੋਏ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਸੁਲਤਾਨ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਸਾਚੀ ਖੇਲ ਸਾਚੀ ਧਾਰ, ਸਚ ਸਚ ਆਪ ਚਲਾਈਆ। ਏਕਾ ਰੰਗ ਕਰ ਪਿਆਰ, ਏਕਾ ਸ਼ਬਦ ਵੱਡੀ ਵਡਿਆਈਆ। ਸਾਰਿੰਗ ਸਾਰਿੰਗ ਨਾ ਕੋਈ ਸਤਾਰ, ਤਾਰ ਸਤਾਰ ਨਾ ਕੋਈ ਹਿਲਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਿਰ ਵੇਸ ਵਟਾਈਆ। ਚਿੱਟੀ ਧਾਰ ਕਰ ਪਿਆਰ, ਹਰਿ ਨਿਰੰਕਾਰ ਅਗੰਮ ਅਪਾਰ ਬੋਧ ਅਗਾਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣਾ ਭੇਵ ਆਪ ਖੁਲ੍ਹਾਈਆ। ਸਾਚਾ ਭੇਵ ਛੈਲ ਛਬੀਲਾ, ਆਪਣਾ ਆਪ ਜਣਾਈਆ। ਆਪ ਸ਼ਬਦ ਸਰੂਪੀ ਰੰਗ ਰੰਗਾਏ ਪੀਲਾ, ਪੀਤ ਪਿਤੰਬਰ ਆਪ ਸੁਹਾਈਆ। ਆਪੇ ਸਚਖੰਡ ਨਿਵਾਸੀ ਆਪਣਾ ਬਣਾਏ ਇਕ ਕਬੀਲਾ, ਆਪਣਾ ਬੰਸ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚਾ ਇਕ ਅਕੇਲਾ, ਏਕਾ ਏਕ ਸੁਹਾਇੰਦਾ। ਆਪੇ ਵਸੇ ਧਾਮ ਨਵੇਲਾ, ਦਰ ਦਵਾਰਾ ਆਪ ਖਲਾਇੰਦਾ। ਆਪੇ ਰੰਗ ਰੂਪ ਰੰਗਾਏ ਆਪਣਾ ਨੀਲਾ, ਸ਼ਬਦ ਸ਼ਬਦੀ ਗੁਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਇੰਦਾ। ਆਪਣਾ ਬੰਧਨ ਆਪੇ ਪਾ, ਆਪੇ ਖੇਲ ਖਿਲਾਇੰਦਾ। ਸਚਖੰਡ ਦਵਾਰਾ ਆਪ ਵਸਾ, ਆਪੇ ਜੋਤ ਜਗਾਇੰਦਾ। ਆਪੇ ਨਿਰਗੁਣ ਬਣੇ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਆਪ ਉਪਜਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਆਪਣਾ ਸ਼ਬਦ ਆਪ ਉਪਜਾ, ਆਪਣੀ ਧੁਨ ਆਪ ਅਲਾਇੰਦਾ । ਆਪਣਾ ਗੀਤ ਆਪੇ ਗਾ, ਆਪੇ ਗੋਬਿੰਦ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਆਪ ਰੰਗਾ, ਕਾਲੀ ਧਾਰ ਪਾਰ ਕਰਾਇੰਦਾ। ਸਤਿ ਸਤਿਵਾਦ ਸਾਚੀ ਧਾਰ, ਸ਼ਬਦੀ ਸ਼ਬਦ ਸ਼ਬਦ ਕੁੜਮਾਈਆ। ਨਿਰਗੁਣ ਕਰੇ ਸਚ ਵਿਹਾਰ, ਤਖ਼ਤ ਨਵਾਸੀ ਸੱਚਾ ਸ਼ਹਿਨਸ਼ਾਹੀਆ। ਸੁਤ ਦੁਲਾਰਾ ਕਰਿਆ ਖ਼ਬਰਦਾਰ, ਸ਼ਬਦ ਅਗੰਮੀ ਆਪ ਜਗਾਈਆ। ਵਰ ਦਿਤਾ ਏਕਾ ਵਾਰ, ਅਤੋਟ ਅਤੁਟ ਭੰਡਾਰ ਵਰਤਾਈਆ। ਸਾਚਾ ਹੁਕਮ ਸੱਚੀ ਸਰਕਾਰ, ਦਰ ਘਰ ਸਾਚੇ ਰਿਹਾ ਸੁਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੈਣਾ ਉਸਾਰ, ਤੇਰੀ ਸੇਵਾ ਇਕ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਵੰਡਣ ਇਕ ਵੰਡਾਈਆ। ਏਕਾ ਜੋਤ ਨਿਰਾਕਾਰ, ਨਿਰਗੁਣ ਨਿਰਵੈਰ ਆਪਣੇ ਵਿਚ ਰਖਾਈਆ। ਸ਼ਬਦ ਸੁਤ ਤੇਰੀ ਧਾਰ, ਆਪਣੇ ਪਿਆਰ ਵਿਚ ਸਮਾਈਆ। ਆਪਾ ਦੇਵੇ ਆਪੇ ਵਾਰ, ਆਪ ਆਪਣੀ ਵੰਡ ਵੰਡਾਈਆ। ਲੇਖਾ ਕਰੇ ਧੁਰ ਦਰਬਾਰ, ਲਿਖਣਹਾਰ ਇਕ ਅਖਵਾਈਆ। ਏਕਾ ਸ਼ਬਦ ਸ਼ਬਦ ਵਰਤਾਰ, ਸ਼ਬਦ ਭੰਡਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸ਼ਬਦ ਵਡਿਆਈਆ। ਸ਼ਬਦ ਵਡਿਆਈ ਹਰਿ ਨਿਰੰਕਾਰ, ਰੂਪ ਰੰਗ ਰੇਖ ਨਾ ਕੋਈ ਜਣਾਇਆ। ਉਪਜੇ ਧੁਨ ਅਗੰਮੀ ਧਾਰ, ਤਾਲ ਤਲਵਾੜਾ ਆਪ ਵਜਾਇਆ। ਸੁਣੇ ਸੁਣਾਏ ਸੁਣਨੇਹਾਰ, ਪੁਰਖ ਅਕਾਲ ਖੇਲ ਖਿਲਾਇਆ। ਕਰਨੀ ਕਰਤਾ ਕਰੇ ਅਪਰ ਅਪਾਰ, ਪਾਰਬ੍ਰਹਮ ਭੇਵ ਨਾ ਰਾਇਆ। ਦਰਗਾਹਿ ਸਾਚੀ ਹੋ ਤਿਆਰ, ਆਪ ਆਪਣਾ ਬੰਕ ਖੁਲਾਇਆ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰ, ਸ਼ਬਦ ਹੁਲਾਰਾ ਇਕ ਜਣਾਇਆ। ਏਕਾ ਹੁਕਮ ਸੱਚਾ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਇਆ। ਲੱਖ ਚੁਰਾਸੀ ਕਰ ਤਿਆਰ, ਪੰਜ ਤਤ ਸਾਚੀ ਵਸਤ ਹੱਥ ਫੜਾਇਆ। ਘੜੇ ਘੜਾਏ ਘੜਨੇਹਾਰ, ਸਚ ਘੁਮਿਆਰਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਸ਼ਬਦ ਇਕ ਸਲਾਹਿਆ। ਆਦਿ ਸ਼ਬਦ ਹਰਿ ਨਿਰੰਕਾਰ, ਆਪਣਾ ਆਪ ਉਪਜਾਇੰਦਾ। ਸ਼ਬਦ ਸ਼ਬਦੀ ਕਰ ਪਸਾਰ, ਸ਼ਬਦ ਸ਼ਬਦੀ ਵੇਖ ਵਖਾਇੰਦਾ। ਸ਼ਬਦ ਨਿਰਗੁਣ ਨਿਰਾਕਾਰ, ਸ਼ਬਦ ਸਰਗੁਣ ਰੂਪ ਵਟਾਇੰਦਾ। ਸ਼ਬਦ ਪੰਜ ਤਤ ਕਰੇ ਅਕਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮੇਲ ਮਿਲਾਇੰਦਾ। ਸ਼ਬਦ ਵੰਡ ਕਰੇ ਸੰਸਾਰ, ਮਨ ਮਤ ਬੁਧ ਆਪਣੀ ਅੰਸ ਬਣਾਇੰਦਾ। ਸ਼ਬਦ ਬਣੇ ਲੇਖ ਲਿਖਾਰ, ਧੁਰ ਦਾ ਲੇਖਾ ਆਪ ਜਣਾਇੰਦਾ। ਸ਼ਬਦ ਗੁਣ ਜਾਣੇ ਮੁਖ ਚਾਰ, ਚਾਰੇ ਵੇਦਾਂ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਸ਼ਬਦ ਪੜ੍ਹਾਇੰਦਾ। ਏਕਾ ਅੱਖਰ ਸ਼ਬਦ ਨਿਰਾਲਾ, ਲਿਖਣ ਪੜ੍ਹਨ ਵਿਚ ਨਾ ਆਇਆ। ਆਪ ਉਪਜਾਏ ਪੁਰਖ ਅਕਾਲਾ, ਆਪਣਾ ਮੰਦਰ ਆਪ ਰਖਾਇਆ। ਆਪੇ ਹੋਏ ਦੀਨ ਦਿਆਲਾ, ਦਇਆਨਿਧ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਆਪਣਾ ਨਾਉਂ ਦ੍ਰਿੜਾਇਆ। ਏਕਾ ਆਪਣਾ ਨਾਉਂ ਦ੍ਰਿੜਾਏ, ਪਾਰਬ੍ਰਹਮ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਖੇਲ ਖਲਾਏ, ਸ਼ਬਦੀ ਗੁਰ ਇਕ ਸਲਾਹੀਆ। ਲੱਖ ਚੁਰਾਸੀ ਘਾੜਨ ਆਪ ਘੜਾਏ, ਘਟ ਘਟ ਆਪਣੀ ਜੋਤ ਕਰੇ ਰੁਸ਼ਨਾਈਆ। ਦਰ ਦਰ ਦੇਵੇ ਰਿਜ਼ਕ ਸਬਾਏ, ਵਿਸ਼ਨੂੰ ਵੰਸੀ ਭੁੱਲ ਨਾ ਜਾਈਆ। ਪਾਰਬ੍ਰਹਮ ਪ੍ਰਭ ਰੂਪ ਪਰਗਟਾਏ, ਜੋਤੀ ਜੋਤ ਰੁਸ਼ਨਾਈਆ। ਸ਼ੰਕਰ ਲੇਖਾ ਰਹੇ ਨਾ ਰਾਏ, ਲੇਖਾ ਆਪਣੇ ਲੇਖੇ ਪਾਈਆ। ਬਣੇ ਵਿਚੋਲਾ ਬੇਪਰਵਾਹੇ, ਆਪਣੀ ਸੇਵਾ ਆਪ ਕਮਾਈਆ। ਸਾਚਾ ਤੋਲਾ ਇਕ ਅਖਵਾਏ, ਨਾਮ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹਰ ਘਟ ਥਾਈਂਆ। ਸਾਚਾ ਕੰਡਾ ਹੱਥ ਉਠਾਇਆ, ਨਿਰਗੁਣ ਆਪਣੀ ਜੋਤ ਜਗਾ। ਬ੍ਰਹਮਾ ਵਿਸ਼ਨ ਸ਼ਿਵ ਆਪ ਸੁਣਾਇਆ, ਏਕਾ ਅੱਖਰ ਨਾਮ ਪੜ੍ਹਾ। ਸ਼ਬਦ ਵਿਚੋਲਾ ਵਿਚ ਰਖਾਇਆ, ਘਰ ਘਰ ਗਿਆ ਸਮਾ। ਔਦਾਂ ਜਾਂਦਾ ਦਿਸ ਨਾ ਆਇਆ, ਆਪਣੀ ਬੈਠਾ ਨਜ਼ਰ ਛੁਪਾ। ਚਾਰ ਵੇਦ ਰਹੇ ਜਸ ਗਾਇਆ, ਪੁਰਖ ਅਬਿਨਾਸ਼ੀ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦੀ ਖੇਲ ਖਲਾ। ਹਰਿ ਸ਼ਬਦ ਖੇਲ ਖਿਲਾਇੰਦਾ, ਲੋਕਮਾਤ ਸਾਚੀ ਕਾਰ। ਲੱਖ ਚੁਰਾਸੀ ਬਣਤ ਬਣਾਇੰਦਾ, ਕਾਇਆ ਮੰਦਰ ਕਰ ਤਿਆਰ। ਘਰ ਘਰ ਵਿਚ ਆਪ ਸੁਹਾਇੰਦਾ, ਲੇਖਾ ਜਾਣੇ ਡੂੰਘੀ ਗਾਰ। ਨੌਂ ਦਵਾਰੇ ਜਗਤ ਵਖਾਇੰਦਾ, ਜਗਤ ਵਾਸਨਾ ਭਰ ਭੰਡਾਰ। ਆਪਣਾ ਮਾਰਗ ਆਪੇ ਲਾਇੰਦਾ, ਆਪੇ ਵੇਖਣਹਾਰ। ਡੂੰਘੀ ਭਵਰੀ ਆਪ ਸੁਹਾਇੰਦਾ, ਕਾਇਆ ਕਵਰੀ ਹੋ ਤਿਆਰ। ਆਤਮ ਸੇਜਾ ਸੋਭਾ ਪਾਇੰਦਾ, ਬ੍ਰਹਮ ਰੂਪ ਸੱਚੀ ਸਰਕਾਰ। ਸਚ ਸਿੰਘਾਸਣ ਇਕ ਵਿਛਾਇੰਦਾ, ਆਪ ਆਪੇ ਕਰੇ ਪਿਆਰ। ਅੰਮ੍ਰਿਤ ਜਲ ਇਕ ਭਰਾਇੰਦਾ, ਨਿਝਰ ਝਿਰਨਾ ਠੰਡਾ ਠਾਰ। ਸਾਚਾ ਸ਼ਬਦ ਵਿਚ ਟਿਕਾਇੰਦਾ, ਆਦਿ ਪੁਰਖ ਪ੍ਰਭ ਕਿਰਪਾ ਧਾਰ। ਆਪਣੀ ਹੱਥੀਂ ਕੁੰਡਾ ਲਾਹਿੰਦਾ, ਨਾ ਕੋਈ ਖੋਲ੍ਹੇ ਬੰਦ ਕਿਵਾੜ। ਬਜਰ ਕਪਾਟੀ ਅੱਗੇ ਟਿਕਾਇੰਦਾ, ਕਰੇ ਕਰਾਏ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਵਰਤੇ ਵਰਤਾਰ। ਸ਼ਬਦ ਵਰਤਾਰ ਵਰਤਾਇਆ, ਕਰ ਕਿਰਪਾ ਗੁਣ ਨਿਧਾਨ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਇਆ, ਤ੍ਰੈਗੁਣ ਦੀਆ ਏਕਾ ਦਾਨ। ਏਕਾ ਮੇਲਾ ਮੇਲ ਮਿਲਾਇਆ, ਨਾਤਾ ਜੁੜਿਆ ਦੋ ਜਹਾਨ। ਸਾਚਾ ਸਈਆ ਆਪ ਅਖਵਾਇਆ, ਸਵਛ ਸਰੂਪੀ ਨੌਜਵਾਨ । ਜਗਤ ਨਈਆ ਆਪ ਚਲਾਇਆ, ਲੱਖ ਚੁਰਾਸੀ ਕਰ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਫ਼ਰਮਾਣ। ਧੁਰ ਫ਼ਰਮਾਣਾ ਹਰਿ ਜਣਾਇੰਦਾ, ਵਿਸ਼ਨੂੰ ਸੁਣ ਕਰ ਧਿਆਨ। ਬ੍ਰਹਮਾ ਤੇਰੀ ਜਾਗ ਖੁਲਾਇੰਦਾ, ਕਰੇ ਖੇਲ ਸ੍ਰੀ ਭਗਵਾਨ। ਸ਼ੰਕਰ ਤੇਰਾ ਰੰਗ ਰੰਗਾਇੰਦਾ, ਆਪੇ ਹੋਏ ਜਾਣੀ ਜਾਣ। ਲੱਖ ਚੁਰਾਸੀ ਵੇਖ ਵਖਾਇੰਦਾ, ਇਕ ਇਕੱਲਾ ਸ੍ਰੀ ਭਗਵਾਨ। ਚਾਰੇ ਜੁਗ ਵੰਡ ਵੰਡਾਇੰਦਾ, ਚਾਰੇ ਬਾਣੀ ਕਰ ਪਰਧਾਨ। ਚਾਰੇ ਖਾਣੀ ਖੇਲ ਖਿਲਾਇੰਦਾ, ਸ਼ਬਦ ਹਾਣੀ ਹੋ ਮਿਹਰਵਾਨ। ਦਾਤਾ ਦਾਨੀ ਦਾਨ ਝੋਲੀ ਪਾਇੰਦਾ, ਕਿਰਪਾ ਕਰੇ ਹਰ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸ਼ਬਦ ਸ਼ਬਦੀ ਇਕ ਸਮਝਾਇੰਦਾ। ਸਚ ਸ਼ਬਦ ਹਰਿ ਸੇਵ ਕਮਾ, ਕਰਤਾ ਆਪਣੀ ਖੇਲ ਖਿਲਾਈਆ। ਗੁਰ ਪੀਰ ਅਵਤਾਰ ਲਏ ਨਾਉਂ ਧਰਾ, ਭਗਤ ਭਗਵੰਤ ਕਰੇ ਕੁੜਮਾਈਆ। ਸੰਤਨ ਗਲੇ ਲਏ ਲਗਾ, ਸਚ ਦਵਾਰਾ ਇਕ ਸਮਝਾਈਆ। ਗੁਰਮੁਖ ਗੁਰ ਗੁਰ ਲਏ ਉਠਾ, ਆਪ ਆਪਣਾ ਮੇਲ ਮਿਲਾਈਆ। ਗੁਰਸਿਖ ਸਿਖ਼ਿਆ ਦਏ ਸਮਝਾ, ਸਾਚੀ ਸਿਖ਼ਿਆ ਕਰੇ ਪੜ੍ਹਾਈਆ। ਇਕ ਇਕੱਲਾ ਆਪਣਾ ਨਾਉਂ ਜਪਾ, ਆਪੇ ਕੀਮਤ ਲਏ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਜੁਗ ਵੰਡ ਵੰਡਾਈਆ। ਚਾਰ ਜੁਗ ਹਰਿ ਵੰਡ ਵੰਡਾਇਆ, ਭੇਵ ਅਭੇਦਾ ਭੇਵ ਛੁਪਾਇੰਦਾ। ਲੋਕਮਾਤ ਰਾਹ ਚਲਾਇਆ, ਚੌਦਾਂ ਲੋਕ ਵੇਖ ਵਖਾਇੰਦਾ। ਏਕਾ ਅੱਖਰ ਜਗਤ ਸਲੋਕ ਦਏ ਪੜ੍ਹਾਇਆ, ਦੂਸਰ ਢੋਲ ਨਾ ਕੋਈ ਵਜਾਇੰਦਾ। ਏਕਾ ਮੰਤਰ ਦਏ ਦ੍ਰਿੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਵਿਚ ਰਖਾਇੰਦਾ। ਸਤਿਜੁਗ ਖੇਲ ਅਪਰ ਅਪਾਰ, ਸ਼ਬਦ ਧਾਰ ਨਾ ਕੋਈ ਚਲਾਈਆ। ਚਾਰ ਵੇਦ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪਾਰਬ੍ਰਹਮ ਪ੍ਰਭ ਕਰੇ ਪਸਾਰ, ਲੇਖਾ ਜਾਣੇ ਥਾਉਂ ਥਾਈਆ। ਭਗਤ ਭਗਵੰਤ ਲਏ ਅਧਾਰ, ਨਿਤ ਨਵਿਤ ਰੂਪ ਪਰਗਟਾਈਆ। ਦਸ ਅੱਠ ਜਾਏ ਪਾਰ ਕਿਨਾਰ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੋਧ ਅਗਾਧ ਨਾ ਕੋਈ ਵਖਾਈਆ। ਸਤਿਜੁਗ ਉਤਰੇ ਪਾਰ ਕਿਨਾਰਾ, ਤ੍ਰੇਤੇ ਵੱਜੇ ਵਧਾਈਆ। ਦੋਏ ਦੋਏ ਅੱਖਰ ਕਰ ਉਜਿਆਰਾ, ਰਾਮ ਰਾਮ ਵਡਿਆਈਆ। ਤੋੜਨਹਾਰਾ ਗੜ੍ਹ ਹੰਕਾਰਾ, ਤੀਰ ਕਮਾਨਾ ਹੱਥ ਉਠਾਈਆ। ਹਰਿ ਕਾ ਸ਼ਬਦ ਨਾ ਕੋਈ ਉਚਾਰਾ, ਰਸਨਾ ਜਿਹਵਾ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਖੇਲ ਖਿਲਾਈਆ। ਤ੍ਰੇਤਾ ਹਰਿ ਹਰਿ ਖੇਲ ਖਿਲਾਇਆ, ਦੁਆਪਰ ਵੇਸ ਵਟਾਇੰਦਾ। ਕਾਹਨਾ ਕ੍ਰਿਸ਼ਨਾ ਨਾਉਂ ਰਖਾਇਆ, ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪਣਾ ਰੂਪ ਪਰਗਟਾਇੰਦਾ। ਅਠ ਦਸ ਲੇਖਾ ਗਿਆ ਗਣਾਇਆ, ਆਪਣਾ ਨਾਉਂ ਮੁਖ ਰਖਾਇੰਦਾ। ਨਿਰਗੁਣ ਆਪਣੇ ਵਿਚ ਛੁਪਾਇਆ, ਤਤਵ ਤਤ ਨਾ ਕੋਈ ਰਖਾਇੰਦਾ। ਗੀਤਾ ਗਿਆਨ ਇਕ ਦ੍ਰਿੜਾਇਆ, ਜਗਤ ਵਾਸਨਾ ਸਰਬ ਚੁਕਾਇੰਦਾ। ਹਰਿ ਕਾ ਸ਼ਬਦ ਭੇਵ ਨਾ ਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਦੁਆਪਰ ਉਤਰਿਆ ਪਾਰ ਕਿਨਾਰਾ, ਕਲਜੁਗ ਵੇਸ ਵਟਾਈਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਆਪਣੀ ਕਲ ਆਪ ਵਰਤਾਈਆ। ਨਿਰਗੁਣ ਲਗਾਏ ਆਪਣਾ ਨਾਅਰਾ, ਸਰਗੁਣ ਕਰੇ ਪੜ੍ਹਾਈਆ। ਵੰਡੇ ਵੰਡ ਵਿਚ ਸੰਸਾਰਾ, ਹੁਕਮੀ ਹੁਕਮ ਆਪ ਸੁਣਾਈਆ। ਤੀਸ ਬਤੀਸਾ ਸਾਚੀ ਧਾਰਾ, ਸ਼ਰਅ ਸ਼ਰੀਯਤ ਵੇਖ ਵਖਾਈਆ। ਹਕ ਮੁਕਾਮੇ ਏਕਾ ਯਾਰਾ, ਹਕ ਹਕੀਕਤ ਦਏ ਗਵਾਹੀਆ। ਏਕਾ ਉਮਤ ਕਰੇ ਤਿਆਰਾ, ਨਬੀ ਰਸੂਲ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਬ੍ਰਹਮ ਆਪਣਾ ਵੇਸ ਵਟਾਈਆ। ਹਰਿ ਸ਼ਬਦ ਵੇਸ ਵਟੰਦੜਾ, ਜੁਗਾ ਜੁਗੰਤਰ ਸਾਚੀ ਕਾਰ। ਕਾਇਆ ਚੋਲਾ ਆਪ ਹਢੰਦੜਾ, ਪੰਜ ਤਤ ਕਰੇ ਪਿਆਰ। ਆਪਣਾ ਖੇਲ ਆਪ ਖਲੰਦੜਾ, ਖੇਲਣਹਾਰਾ ਅਗੰਮ ਅਪਾਰ। ਬ੍ਰਹਮ ਪਾਰਬ੍ਰਹਮ ਮੇਲ ਮਿਲੰਦੜਾ, ਨਿਰਗੁਣ ਨਿਰਗੁਣ ਦਏ ਆਧਾਰ। ਸਚਖੰਡ ਦਵਾਰਾ ਇਕ ਸੁਹੰਦੜਾ, ਸੋਭਾਵੰਤ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਲਏ ਵਿਚਾਰ। ਆਪਣਾ ਲੇਖਾ ਆਪ ਵਿਚਾਰਿਆ, ਕਰ ਕਿਰਪਾ ਗੁਣ ਨਿਧਾਨ। ਪੰਜ ਤਤ ਹੋਏ ਉਜਿਆਰਿਆ, ਨਾਨਕ ਨਾਮ ਨਾਮ ਪਰਧਾਨ। ਸਾਚਾ ਮੰਦਰ ਇਕ ਸੁਹਾ ਰਿਹਾ, ਸਾਢੇ ਤਿੰਨ ਹੱਥ ਜਗਤ ਮਕਾਨ। ਮਹੱਲ ਅਟੱਲ ਡੇਰਾ ਲਾ ਰਿਹਾ, ਜੋਧਾ ਸੂਰਬੀਰ ਬਲੀ ਬਲਵਾਨ। ਆਪਣਾ ਹੁਕਮ ਆਪ ਜਣਾ ਲਿਆ, ਉਚੇ ਦੇਵੇ ਧੁਰ ਫ਼ਰਮਾਣ। ਸਚਖੰਡ ਦਵਾਰੇ ਆਪ ਸਦਾ ਲਿਆ, ਨਿਰਗੁਣ ਨਿਰਗੁਣ ਕਰ ਪਰਵਾਨ। ਸਤਿਜੁਗ ਸਾਚਾ ਰੰਗ ਆਪ ਰੰਗਾ ਲਿਆ, ਰੰਗ ਰੰਗੇ ਗੁਣ ਨਿਧਾਨ। ਸੋ ਪੁਰਖ ਨਿਰੰਜਣ ਵੇਖ ਵਖਾ ਲਿਆ, ਹਰਿ ਪੁਰਖ ਨਿਰੰਜਣ ਕਰੇ ਪਛਾਣ। ਏਕੰਕਾਰਾ ਨੈਣ ਖੁਲ੍ਹਾ ਲਿਆ, ਆਦਿ ਨਿਰੰਜਣ ਨੂਰ ਕਰੇ ਮਹਾਨ। ਸ੍ਰੀ ਭਗਵਾਨ ਗੁਣ ਗਾ ਰਿਹਾ, ਅਬਿਨਾਸ਼ੀ ਕਰਤਾ ਗਾਏ ਏਕਾ ਗਾਨ। ਪਾਰਬ੍ਰਹਮ ਪ੍ਰਭ ਸਗਨ ਮਨਾ ਲਿਆ, ਦਰ ਘਰ ਸਾਚੇ ਹੋਏ ਪਰਵਾਨ। ਨਾਨਕ ਨਿਰਗੁਣ ਵੇਖ ਵਖਾ ਲਿਆ, ਮੇਲ ਮਿਲਾਵਾ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰ ਹਰਿ ਨਿਰੰਕਾਰ, ਆਪਣੀ ਕਰੇ ਆਪ ਪਛਾਣ। ਨਾਨਕ ਹਰਿ ਹਰਿ ਏਕਾ ਏਕ, ਦੂਸਰ ਰੰਗ ਨਾ ਕੋਈ ਰੰਗਾਈਆ। ਆਦਿ ਜੁਗਾਦੀ ਲਿਖਣਹਾਰਾ ਲੇਖ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਧਾਰੇ ਭੇਖ, ਪੁਰਖ ਅਕਾਲ ਬੇਪਰਵਾਹੀਆ। ਕਲਜੁਗ ਅੰਤਮ ਲਏ ਵੇਖ, ਸ੍ਰਿਸ਼ਟ ਸਬਾਈ ਫੇਰਾ ਪਾਈਆ। ਸਾਚਾ ਸ਼ਬਦ ਤੇਰੀ ਆਦੇਸ, ਨਰ ਨਰਾਇਣ ਹੋਏ ਸਹਾਈਆ। ਚਰਨ ਦਾਸ ਕਰਾਏ ਬ੍ਰਹਮਾ ਵਿਸ਼ਨ ਮਹੇਸ਼, ਤ੍ਰੈਗੁਣ ਤੇਰੀ ਧੂੜੀ ਖ਼ਾਕ ਰਮਾਈਆ। ਇਕ ਇਕੱਲਾ ਨੇਤਰ ਲਏ ਪੇਖ, ਨਾ ਮਰੇ ਨਾ ਜਾਈਆ। ਸ਼ਬਦ ਅਗੰਮੀ ਸਚ ਸੰਦੇਸ਼, ਸਤਿ ਸਤਿਵਾਦੀ ਆਪ ਸੁਣਾਈਆ। ਤੇਰਾ ਸ਼ਬਦ ਗੁਰੂ ਗੁਰ ਰਹੇ ਹਮੇਸ਼, ਪੁਰਖ ਅਬਿਨਾਸ਼ੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤਤ ਰਿਹਾ ਸਮਝਾਈਆ। ਨਾਨਕ ਨਿਰਗੁਣ ਹਰਿ ਹਰਿ ਧਾਰ, ਏਕਾ ਏਕ ਉਪਜਾਈਆ। ਸਚਖੰਡ ਦਵਾਰੇ ਇਕ ਪਿਆਰ, ਥਿਰ ਘਰ ਸਾਚਾ ਦਏ ਵਸਾਈਆ। ਅਲੱਖ ਅਗੋਚਰ ਅਗੰਮ ਅਪਾਰ, ਉਚੀ ਕੂਕ ਦਏ ਸੁਣਾਈਆ। ਮੇਰਾ ਨਾਉਂ ਸਤਿ ਵਰਤਾਰ, ਸਤਿਨਾਮ ਸੱਚੀ ਪੜ੍ਹਾਈਆ। ਜਗਤ ਜਲੰਦਾ ਲੈਣਾ ਤਾਰ, ਕਲਜੁਗ ਅਗਨੀ ਅੱਗ ਬੁਝਾਈਆ। ਤੇਰੀ ਜੋਤ ਸ਼ਬਦ ਗੁਫ਼ਤਾਰ, ਸਚ ਰਫ਼ਤਾਰ ਇਕ ਰਖਾਈਆ। ਮਹਿਰਮ ਬਣੇ ਸਾਚਾ ਯਾਰ, ਮਹਿਬੂਬ ਇਕ ਵਡਿਆਈਆ। ਚਾਰੇ ਬਾਣੀ ਕਰ ਤਿਆਰ, ਪਰਾ ਪਸੰਤੀ ਮਧਮ ਬੈਖਰੀ ਏਕਾ ਗਾਈਆ। ਚਾਰੇ ਜੁਗ ਮਾਰੇ ਮਾਰ, ਚਾਰ ਵਰਨ ਦੇਣ ਦੁਹਾਈਆ। ਚਾਰ ਯਾਰੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾ ਨੀਰ ਵਹਾਈਆ। ਏਕਾ ਸ਼ਬਦ ਸੱਚਾ ਪਿਆਰ, ਸਤਿਗੁਰੂ ਗੁਰ ਆਪ ਸਮਝਾਈਆ। ਸਤਿ ਸਤਿਵਾਦੀ ਪਾਵੇ ਸਾਰ, ਆਪਣਾ ਕੀਤਾ ਭੁੱਲ ਨਾ ਜਾਈਆ। ਕਰੇ ਕੌਲ ਸੱਚੇ ਦਰਬਾਰ, ਪੁਰਖ ਅਬਿਨਾਸ਼ੀ ਦਏ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਅਕੱਲਾ, ਜੁਗ ਜੁਗ ਆਪਣਾ ਰੰਗ ਰੰਗਾਈਆ। ਨਾਨਕ ਨਿਰਗੁਣ ਦਇਆ ਕਮਾ, ਚਾਰ ਵਰਨ ਸਮਝਾਇਆ। ਏਕਾ ਮੰਤਰ ਨਾਮ ਦ੍ਰਿੜਾ, ਏਕਾ ਰੰਗ ਰੰਗਾਇਆ। ਗ਼ਰੀਬ ਨਿਮਾਣੇ ਗਲੇ ਲਗਾ, ਹੰਕਾਰੀਆਂ ਗੜ੍ਹ ਤੁੜਾਇਆ। ਸ਼ਬਦ ਢੋਲਾ ਏਕਾ ਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਆਂ ਕਾਇਆ ਚੀਥੜਾ ਦਏ ਰੰਗਾਇਆ। ਕਲਜੁਗ ਚੀਥੜਾ ਰੰਗੇ ਰਤ, ਰਤੀ ਰਤ ਰਹਿਣ ਨਾ ਪਾਈਆ। ਇਕ ਵਖਾਏ ਸਾਚਾ ਤਤ, ਤਤਵ ਤਤ ਡੇਰਾ ਢਾਈਆ। ਇਕ ਉਪਜਾਵੇ ਬ੍ਰਹਮ ਮਤ, ਪਾਰਬ੍ਰਹਮ ਸੱਚੀ ਸਰਨਾਈਆ। ਏਕਾ ਬੀਜ ਦੇਵੇ ਘਤ, ਫੁਲ ਫੁਲਵਾੜੀ ਆਪ ਮਹਿਕਾਈਆ। ਏਕਾ ਨਾਰ ਵਖਾਏ ਕਮਲਾਪਤ, ਕੰਤ ਕੰਤੂਲ ਬੇਪਰਵਾਹੀਆ। ਏਕਾ ਬਹੇ ਸੱਥਰ ਘਤ, ਏਕਾ ਸੇਜ ਸਚ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਗੁਰੂ ਗੁਰ ਦੇਵੇ ਮਾਤ ਵਡਿਆਈਆ। ਸ਼ਬਦ ਗੁਰ ਹਰਿ ਆਪ ਉਪਾਇਆ, ਅਚਰਜ ਖੇਲ ਖਿਲਾਇੰਦਾ। ਨਿਰਗੁਣ ਰੂਪ ਅਨੂਪ ਵਟਾਇਆ, ਦਿਸ ਕਿਸੇ ਨਾ ਆਇੰਦਾ। ਆਪਣਾ ਚੋਲਾ ਲਏ ਬਦਲਾਇਆ, ਕਾਇਆ ਚੋਲੀ ਵੇਖ ਵਖਾਇੰਦਾ। ਅੰਗਦ ਅੰਗੀਕਾਰ ਕਰਾਇਆ, ਲੈਹਿਣਾ ਲੈਹਿਣ ਆਪ ਮੁਕਾਇੰਦਾ। ਬਸਤਰ ਗਹਿਣਾ ਤਨ ਸੁਹਾਇਆ, ਨੇਤਰ ਨੈਣਾ ਕਜਲਾ ਨਾਮ ਪਾਇੰਦਾ। ਦਰ ਘਰ ਸਾਚੇ ਲਹਿਣਾ ਹੁਕਮ ਸੁਣਾਇਆ, ਜਗਤ ਜੰਜਾਲਾ ਆਪ ਤੁੜਾਇੰਦਾ। ਭਾਣਾ ਸਹਿਣਾ ਘਰ ਸਚ ਵਡਿਆਇਆ, ਭਾਵੀ ਭਾਣੇ ਵਿਚ ਟਿਕਾਇੰਦਾ। ਸਾਚਾ ਰਾਣਾ ਇਕ ਅਖਵਾਇਆ, ਤਖ਼ਤ ਨਿਵਾਸੀ ਸਾਚੇ ਤਖਤ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਲਹਿਣੇ ਗੁਰ ਗੁਰ ਮੂਲ ਚੁਕਾਇਆ, ਸ਼ਬਦ ਗੁਰੂ ਦਏ ਵਡਿਆਈਆ। ਸ਼ਬਦ ਗੁਰ ਹੋਏ ਸਹਾਇਆ, ਗ਼ਰੀਬ ਨਿਮਾਣੇ ਗਲੇ ਲਗਾਈਆ। ਬਿਰਧਾਂ ਬਾਲਾਂ ਵੇਖ ਵਖਾਇਆ, ਜਗਤ ਜੀਵਾਂ ਆਪ ਹੰਢਾਈਆ। ਅਮਰੂ ਨਿਥਾਵਾਂ ਆਪ ਜਗਾਇਆ, ਅਮਰਾ ਪਦ ਇਕ ਵਖਾਈਆ। ਦਰ ਘਰ ਸਾਚੇ ਸਦ ਮੇਲ ਮਿਲਾਇਆ, ਬ੍ਰਹਮ ਨਦ ਨਾਦ ਵਜਾਈਆ। ਲੱਖ ਚੁਰਾਸੀ ਵਿਚੋਂ ਕੱਢ ਆਪਣੀ ਗੋਦ ਬਹਾਇਆ, ਬਖ਼ਸ਼ੀ ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਧਾਰਾ ਆਪ ਪਰਗਟਾਈਆ। ਸਾਚੀ ਧਾਰਾ ਆਪ ਪਰਗਟਾ, ਆਪਣਾ ਰੰਗ ਰੰਗਾਇੰਦਾ। ਰਾਮ ਰਾਮਦਾਸ ਗੁਰ ਦਇਆ ਕਮਾ, ਦਾਸੀ ਦਾਸ ਵੇਖ ਵਖਾਇੰਦਾ। ਬੰਦ ਖ਼ੁਲਾਸੀ ਆਪ ਕਰਾ, ਸਾਚੀ ਸਾਲਸੀ ਸਾਲਸ ਨਾ ਆਪ ਕਮਾਇੰਦਾ। ਆਲਸ ਨਿੰਦਰਾ ਦਏ ਗਵਾ, ਨਾਮ ਪਿਆਲਾ ਇਕ ਪਿਆਇੰਦਾ। ਆਤਮ ਜੋਤੀ ਜੋਤ ਦਏ ਜਗਾ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਅਨਾਦ ਧੁਨ ਦਏ ਸੁਣਾ, ਧੁਨ ਆਤਮਕ ਆਪ ਅਲ੍ਹਾਇੰਦਾ। ਰਾਗ ਰਾਗਨੀ ਰਹੇ ਸ਼ਰਮਾ, ਨੇਤਰ ਨੈਣ ਨਾ ਕੋਈ ਉਠਾਇੰਦਾ। ਸਤਿਗੁਰ ਪੂਰਾ ਮਿਲਿਆ ਇਕ ਮਲਾਹ, ਖੇਵਟ ਖੇਟਾ ਬੇੜਾ ਆਪ ਤਰਾਇੰਦਾ। ਹਰਿ ਮੰਦਰ ਬੈਠਾ ਡੇਰਾ ਲਾ, ਹਰਿ ਜੂ ਹਰਿ ਕਾ ਜੋੜਾ ਆਪ ਉਪਾਇੰਦਾ । ਆਪਣਾ ਨਿਸ਼ਾਨਾ ਵੇਖੇ ਸਾਚੇ ਥਾਂ, ਸਤਿਗੁਰ ਸਾਚੇ ਘਰ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਵਡਿਆਇੰਦਾ। ਸ਼ਬਦ ਨਿਸ਼ਾਨਾ ਸਾਚੇ ਘਰ, ਸਤਿ ਸਤਿਵਾਦੀ ਆਪ ਝੁਲਾਈਆ। ਏਕਾ ਗੁਰ ਦਿਤਾ ਵਰ, ਸਤਿਗੁਰ ਦਇਆ ਕਮਾਈਆ। ਏਕਾ ਅੱਖਰ ਲਿਆ ਪੜ੍ਹ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਮੰਦਰ ਬੈਠਾ ਵੜ, ਏਕਾ ਥਾਨ ਥਨੰਤਰ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਖੁਲ੍ਹਾਈਆ। ਗੁਰ ਸਤਿਗੁਰ ਭੇਵ ਖਲਾਇੰਦਾ, ਕਰ ਕਿਰਪਾ ਗੁਣ ਨਿਧਾਨ। ਗੁਰ ਸ਼ਬਦ ਮਾਤ ਪਰਗਟਾਇੰਦਾ, ਇਕ ਇਕੱਲਾ ਸ੍ਰੀ ਭਗਵਾਨ। ਸੁਤ ਸੁਤ ਨਾਲ ਮੇਲ ਮਿਲਾਇੰਦਾ, ਨਿਰਗੁਣ ਸਰਗੁਣ ਕਰੇ ਪਰਵਾਨ। ਨਿਰਗੁਣ ਸ਼ਬਦ ਸਰਗੁਣ ਅਰਜਨ ਅੰਦਰ ਡੇਰਾ ਲਾਇੰਦਾ, ਦੋਹਾਂ ਵਿਚੋਲਾ ਸ੍ਰੀ ਭਗਵਾਨ। ਸਿਰ ਆਪਣੇ ਛੱਤਰ ਝੁਲਾਇੰਦਾ, ਪੰਚ ਮੁਖੀ ਤਾਜ ਰਾਜ ਰਾਜਾਨ। ਸਤਿ ਰੰਗ ਨਿਸ਼ਾਨਾ ਹੱਥ ਉਠਾਇੰਦਾ, ਦੋ ਜਹਾਨਾ ਨਿਗਹਬਾਨ। ਅਕਲ ਕਲ ਆਪਣੀ ਆਪ ਵਰਤਾਇੰਦਾ, ਬਿਨ ਨਾਨਕ ਸਕੇ ਨਾ ਕੋਈ ਪਛਾਣ। ਇਕ ਕਬੀਰਾ ਨਿਉਂ ਨਿਉਂ ਸੀਸ ਝੁਕਾਇੰਦਾ, ਸ੍ਰਿਸ਼ਟ ਸਬਾਈ ਹੋਏ ਵੈਰਾਨ। ਦੂਜਾ ਦਰ ਆਪ ਵਡਿਆਇੰਦਾ, ਆਪੇ ਖੋਲ੍ਹੇ ਸਚ ਦੁਕਾਨ। ਤੀਜੇ ਘਰ ਸੋਭਾ ਪਾਇੰਦਾ, ਜੋਤੀ ਨੂਰ ਜਗੇ ਮਹਾਨ। ਚੌਥੇ ਘਰ ਸੇਜ ਹੰਢਾਇੰਦਾ, ਨਾਰੀ ਕੰਤ ਖੇਲ ਮਹਾਨ। ਪੰਚਮ ਆਪਣਾ ਰੰਗ ਰੰਗਾਇੰਦਾ, ਸ਼ਬਦ ਨਾਦ ਸੱਚੀ ਧੁਨਕਾਨ। ਛੇਵੇਂ ਛੱਪਰ ਨਾ ਕੋਈ ਵਖਾਇੰਦਾ, ਪੁਰਖ ਅਗੰਮਾ ਵਸੇ ਆਪਣੇ ਸਚ ਮਕਾਨ। ਦੋਵੇਂ ਸਤਿ ਸਤਿਵਾਦੀ ਆਪਣੀ ਕਲ ਆਪ ਵਰਤਾਇੰਦਾ, ਗੁਰੂ ਅਰਜਨ ਦੇਵੇ ਧੁਰ ਫ਼ਰਮਾਣ। ਅਰਜਨ ਆਪਣਾ ਮਾਣ ਸਰਬ ਗਵਾਇੰਦਾ, ਅਞਾਣਾ ਬਾਲਾ ਬਣੇ ਨਾਦਾਨ। ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ, ਪ੍ਰਭ ਅੱਗੇ ਮੰਗੇ ਦਾਨ। ਨਿਰਗੁਣ ਨਿਰਵੈਰ ਸੰਗ ਨਿਭਾਇੰਦਾ, ਨਾਨਕ ਜੋਤੀ ਜੋਤ ਜਗੇ ਮਹਾਨ। ਅੰਜਾਣੀ ਬਾਲੀ ਆਪ ਉਠਾਇੰਦਾ, ਨਾਰੀ ਕੰਤ ਕਰੇ ਪਰਵਾਨ। ਸੁਘੜ ਸਿਆਣੀ ਵੇਖ ਵਖਾਇੰਦਾ, ਸ਼ਬਦ ਹਾਣੀ ਦਇਆਵਾਨ। ਅੰਮ੍ਰਿਤ ਠੰਡਾ ਪਾਣੀ ਆਪ ਪਿਆਇੰਦਾ, ਸਰ ਸਰੋਵਰ ਕਰ ਪਛਾਣ। ਬੋਧ ਅਗਾਧੀ ਸ਼ਬਦ ਜਣਾਇੰਦਾ, ਅਗੰਮ ਅਗੰਮੜੀ ਇਕ ਧੁਨਕਾਨ। ਪੰਚਮ ਗੁਰ ਛੇਵਾਂ ਘਰ ਉਪਰ ਚੜ੍ਹ੍ਹ ਵੇਖ ਵਖਾਇੰਦਾ, ਮੰਗੇ ਮੰਗ ਵਡ ਮਿਹਰਵਾਨ। ਕਾਇਆ ਚੋਲਾ ਚੀਥੜਾ ਨਾਮ ਰੰਗ ਰੰਗਾਇੰਦਾ, ਉਤਰ ਜਾਏ ਨਾ ਵਿਚ ਜਹਾਨ। ਮਾਇਆ ਮਮਤਾ ਮੋਹ ਚੁਕਾਇੰਦਾ, ਝੂਠਾ ਨਾਤਾ ਤੁਟੇ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਸਾਚੀ ਧਾਰ, ਸਤਿ ਸ਼ਬਦ ਆਪ ਸੁਣਾਇੰਦਾ। ਸਤਿ ਸ਼ਬਦ ਹਰਿ ਸਤਿ ਪਿਆਰਾ, ਸਤਿ ਸਤਿਗੁਰ ਸੇਵ ਕਮਾਈਆ। ਸਤਿਗੁਰ ਸਤਿ ਅਵਤਾਰਾ, ਸਤਿ ਨਿਰਾਕਾਰਾ ਜੋਤ ਰੁਸ਼ਨਾਈਆ। ਸਤਿ ਨਾਮ ਸਤਿ ਵਰਤਾਰਾ, ਸਤਿ ਸਾਚੀ ਝੋਲੀ ਰਿਹਾ ਭਰਾਈਆ। ਸਤਿ ਸ਼ਬਦ ਸਤਿ ਧੁਨਕਾਰਾ, ਘਰ ਨਾਦੀ ਨਾਦ ਵਜਾਈਆ। ਸਤਿ ਅਨਹਦ ਸੁਣੇ ਪੁਕਾਰਾ, ਸਤਿ ਅਨਹਦ ਦਏ ਮਿਟਾਈਆ। ਸਤਿ ਬੋਲੇ ਇਕ ਜੈਕਾਰਾ, ਸਤਿ ਸਤਿ ਕਰੇ ਪੜ੍ਹਾਈਆ। ਸਤਿ ਭਗਤ ਭਗਵੰਤ ਵਣਜਾਰਾ, ਸਤਿ ਵੇਖੇ ਥਾਉਂ ਥਾਈਂਆ। ਸਤਿ ਵੇਖੇ ਸੁਤ ਦੁਲਾਰਾ, ਲੱਖ ਚੁਰਾਸੀ ਫੋਲ ਫੁਲਾਈਆ। ਸਤਿ ਗੁਰਮੁਖਾਂ ਕਰੇ ਪਿਆਰਾ, ਮੁਖ ਗੁਰ ਗੁਰ ਰਹੇ ਸਲਾਹੀਆ। ਸਤਿ ਗੁਰਮੁਖਾਂ ਦਏ ਅਧਾਰਾ, ਬਖ਼ਸ਼ੇ ਸਰਨ ਸੱਚੀ ਸਰਨਾਈਆ। ਸਤਿ ਸ਼ਬਦ ਗੁਰ ਅਰਜਨ ਬੋਲ ਜੈਕਾਰਾ, ਗੁਰੂ ਗਿਆਨ ਦਏ ਵਡਿਆਈਆ। ਮਨ ਮਤ ਬੁਧ ਨਾ ਪਾਵੇ ਸਾਰਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸ਼ਬਦ ਗੁਰੂ ਪਰਗਟਿਆ ਕਲਜੁਗ ਅੰਤਮ ਵਾਰਾ, ਗੁਰ ਨਾਨਕ ਲਏ ਪਰਗਟਾਈਆ। ਸ਼ਬਦ ਹਜ਼ਾਰੇ ਹਰਿ ਜੂ ਬਣ ਲਿਖਾਰਾ, ਹਰਿ ਕੀ ਮਹਿਮਾ ਦਏ ਗਣਾਈਆ। ਆਪਣਾ ਆਪ ਉਤੋਂ ਵਾਰਾ, ਤਨ ਖ਼ਾਕੀ ਖ਼ਾਕ ਸਮਾਈਆ। ਮੰਗੀ ਮੰਗ ਇਕ ਦਵਾਰਾ, ਪੀਆ ਪ੍ਰੀਤਮ ਵਿਛੜ ਕਦੇ ਨਾ ਜਾਈਆ। ਤਨ ਮਾਟੀ ਦਿਸੇ ਝੂਠਾ ਦਵਾਰਾ, ਹਰਿ ਮੰਦਰ ਹਰਿ ਜੂ ਡੇਰਾ ਲਾਈਆ। ਕਾਗਦ ਕਲਮ ਨਾ ਲਿਖਣਹਾਰਾ, ਸਤ ਸਮੁੰਦਰ ਮਸ ਰਹੀ ਕੁਰਲਾਈਆ। ਬਨਾਸਪਤ ਪਾਵੇ ਨਾ ਕੋਈ ਸਾਰਾ, ਅਠਾਰਾਂ ਭਾਰ ਤੁਲ ਤੁਲ ਆਪਣਾ ਭਾਰ ਰਹੀ ਗਣਾਈਆ। ਗੁਰ ਨਾਨਕ ਮੇਲਾ ਇਕ ਅਰਜਨ ਦਵਾਰਾ, ਸਚਖੰਡ ਸਾਚੇ ਵੱਜੀ ਵਧਾਈਆ। ਸਤਿ ਸ਼ਬਦ ਮੰਗੀ ਮੰਗ ਪੁਰਖ ਨਿਰੰਕਾਰਾ, ਏਕਾ ਇਸ਼ਟ ਦੇਵ ਮਨਾਈਆ। ਸਾਚੇ ਮੰਦਰ ਬਣ ਭਿਖਾਰਾ, ਸੰਤ ਭਗਤ ਭਗਵੰਤ ਗੁਰਮੁਖ ਗੁਰਸਿਖ ਏਕਾ ਧਾਮ ਬਹਾਈਆ। ਗੁਰੂ ਗ੍ਰੰਥ ਕਰ ਤਿਆਰਾ, ਲੱਖ ਚੁਰਾਸੀ ਗਿਆ ਸਮਝਾਈਆ। ਆਦਿ ਜੁਗਾਦੀ ਇਕ ਅਵਤਾਰਾ, ਨਾ ਮਰੇ ਨਾ ਜਾਈਆ। ਸਚਖੰਡ ਦਵਾਰੇ ਵਸੇ ਧਾਮ ਨਿਆਰਾ, ਹਰਿ ਜੂ ਹਰਿ ਹਰਿ ਮੰਦਰ ਸੋਭਾ ਪਾਈਆ। ਕਲਜੁਗ ਜੀਵ ਜੰਤ ਹੋਏ ਗਵਾਰਾ, ਵੇਲਾ ਅੰਤ ਦਏ ਗਵਾਈਆ। ਚਾਰੋਂ ਕੁੰਟ ਹੋਏ ਅੰਧਿਆਰਾ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਰਸਨਾ ਗਾਏ ਜੀਵ ਜੰਤ ਗਵਾਰਾ, ਆਤਮ ਅੰਤਰ ਦਰਸ ਕੋਈ ਨਾ ਪਾਈਆ। ਪੰਚ ਵਿਕਾਰ ਬਣੇ ਅਖਾੜਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਬਹੱਤਰ ਨਾੜੀ ਵੱਜੇ ਤਾੜਾ, ਤ੍ਰੈਗੁਣ ਮਾਇਆ ਵਜਾਈਆ। ਮਨ ਮਨੂਆ ਬਣੇ ਜਗਤ ਲਾੜਾ, ਬੁਧ ਮਤ ਲਏ ਪਰਨਾਈਆ। ਨਾਲ ਰਲਾਏ ਪੰਚਮ ਧਾੜਾ, ਜੂਠ ਝੂਠ ਹੱਥ ਕਮਾਨ ਉਠਾਈਆ। ਲੱਖ ਚੁਰਾਸੀ ਹੋਏ ਨਾਰ ਵਿਭਚਾਰਾ, ਸਾਚਾ ਕੰਤ ਨਾ ਕੋਈ ਹੰਢਾਈਆ। ਗੁਰ ਕਾ ਸ਼ਬਦ ਨਾ ਕਰੇ ਕੋਈ ਪਿਆਰਾ, ਗੁਰ ਕੀ ਬਾਣੀ ਬਾਣ ਨਾ ਕੋਈ ਲਗਾਈਆ। ਕਾਇਆ ਖੋਲ੍ਹੇ ਨਾ ਕੋਈ ਬੰਦ ਕਿਵਾੜਾ, ਹਰਿ ਮੰਦਰ ਮਿਲੇ ਨਾ ਸਾਚਾ ਮਾਹੀਆ। ਸਾਰਿੰਗ ਢੱਡ ਗਾਏ ਵਾਰਾ, ਅਨਹਦ ਤਾਰ ਸਤਾਰ ਨਾ ਕੋਈ ਹਿਲਾਈਆ। ਪੀਏ ਮਦਿ ਸਰਬ ਸੰਸਾਰਾ, ਆਤਮ ਰਸ ਨਾ ਕੋਈ ਚਖਾਈਆ। ਗੁਰ ਕਾ ਸ਼ਬਦ ਆਦਿ ਜੁਗਾਦਿ ਕਰੇ ਪਾਰ ਕਿਨਾਰਾ, ਬਿਨ ਸਤਿਗੁਰ ਪੂਰੇ ਹੋਏ ਨਾ ਕੋਈ ਸਹਾਈਆ। ਏਕਾ ਜੋਤ ਦਸ ਅਵਤਾਰਾ, ਗੁਰ ਗੋਬਿੰਦ ਵੱਜੇ ਜਗਤ ਵਧਾਈਆ। ਪੁਰਖ ਅਕਾਲ ਇਕ ਜੈਕਾਰਾ, ਵਾਹ ਵਾਹ ਗੁਰੂ ਫ਼ਤਹਿ ਗਜਾਈਆ। ਕਲਜੁਗ ਅੰਤਮ ਆਏ ਪਾਸਾ ਹਾਰਾ, ਬੇੜਾ ਪਾਰ ਨਾ ਕੋਈ ਕਰਾਈਆ। ਨਿਰਗੁਣ ਨਿਰਵੈਰ ਨਿਰਾਕਾਰ, ਕਲ ਕਲਕੀ ਲੈ ਅਵਤਾਰਾ, ਮਾਤ ਪਿਤ ਨਾ ਕੋਈ ਬਣਾਈਆ। ਸੰਬਲ ਨਗਰ ਵਸੇ ਧਾਮ ਨਿਆਰਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਸ਼ਬਦ ਖੰਡਾ ਫੜੇ ਤੇਜ ਕਟਾਰਾ, ਲੁਹਾਰ ਤਰਖਾਣ ਨਾ ਕੋਈ ਘੜਾਈਆ। ਤਿਖਿਆਂ ਰੱਖੇ ਦੋਵੇਂ ਧਾਰਾ, ਗੁਰਮੁਖ ਮਨਮੁਖ ਵੇਖੇ ਥਾਉਂ ਥਾਈਆ। ਕਾਲ ਮਹਾਂਕਾਲ ਕਰੇ ਚਰਨ ਭਿਖਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਆਪ ਵਟਾਈਆ। ਕਲਜੁਗ ਅੰਤਮ ਵੇਸ ਵਟਾਏ, ਪਾਰਬ੍ਰਹਮ ਵੱਡੀ ਵਡਿਆਇਆ। ਨਿਹਕਲੰਕਾ ਆਪਣਾ ਨਾਉਂ ਧਰਾਏ, ਪੰਜ ਤਤ ਨਾ ਕੋਈ ਜਣਾਇਆ। ਸ਼ਬਦ ਮਰਦੰਗ ਇਕ ਵਜਾਏ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਾਰੇ ਖਾਣੀ ਦਏ ਸੁਣਾਇਆ। ਅੰਤਮ ਮੇਟੇ ਭੇਖ ਪਖੰਡਾ, ਪਾਰ ਕਰਾਏ ਕਲਜੁਗ ਜੀਵ ਆਤਮ ਰੰਡਾ, ਗੁਰਮੁਖ ਸਾਚੇ ਲਏ ਤਰਾਇਆ। ਆਦਿ ਜੁਗਾਦਿ ਜੁਗ ਜੁਗ ਗੁਰ ਸ਼ਬਦ ਸਤਿਗੁਰ ਸਦਾ ਬਖ਼ਸ਼ੰਦਾ, ਬਖ਼ਸ਼ਣਹਾਰ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਏਕਾ ਧਾਰ, ਏਕਾ ਗੁਰ ਇਕ ਅਵਤਾਰ, ਏਕਾ ਮੰਦਰ ਇਕ ਦਵਾਰ, ਏਕਾ ਨਾਮ ਇਕ ਭੰਡਾਰ, ਏਕਾ ਮੀਤ ਇਕ ਮੁਰਾਰ, ਏਕਾ ਬੰਕ ਰਿਹਾ ਸੁਹਾਇਆ। ਜੁਗ ਜੁਗ ਵਿਛੜੇ ਸੰਤ ਭਗਵੰਤ ਗੁਰਮੁਖ ਗੁਰਸਿਖ ਆਪਣੇ ਯਾਰ, ਸਥਰ ਯਾਰੜਾ ਆਪ ਹੰਢਾਇਆ। ਆਪੇ ਸੁਤਾ ਸੂਲਾ ਪੈਰ ਪਸਾਰ, ਗੁਰਮੁਖ ਆਪਣੀ ਗੋਦ ਰਖਾਇਆ। ਹਰਿਜਨ ਹਰਿਭਗਤ ਆਦਿ ਜੁਗਾਦਿ ਨਾ ਜਾਏ ਹਾਰ, ਜਿਸ ਜਨ ਹਰਿ ਹਰਿ ਰਸਨਾ ਗਾਇਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਤਿ ਸਤਿਵਾਦੀ ਵੇਖ ਵਖਾਇਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬਹਾਏ ਇਕ ਦਰਬਾਰ, ਧੁਰ ਫ਼ਰਮਾਣਾ ਇਕ ਸੁਣਾਇਆ। ਬੀਸ ਬੀਸਾ ਹੋਏ ਖ਼ਬਰਦਾਰ, ਜਗਤ ਜਗਦੀਸ਼ਾ ਸ਼ਹਿਨਸ਼ਾਹ ਸੱਚੀ ਸਰਕਾਰ, ਹੁਕਮ ਹਦੀਸਾ ਇਕ ਪੜ੍ਹਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਸ਼ਬਦ ਮਲਾਹ, ਗੁਰਮੁਖ ਫੜ ਫੜ ਪਾਰ ਕਰਾਏ ਬਾਂਹ, ਸਾਚਾ ਬੇੜਾ ਆਪ ਚਲਾਇਆ।