੭ ਅਸੂ ੨੦੧੭ ਬਿਕ੍ਰਮੀ ਸਵਿੰਦਰ ਸਿੰਘ ਦੇ ਗ੍ਰਹਿ ਪਿੰਡ ਭੁਲਰ ਜ਼ਿਲਾ ਅੰਮ੍ਰਿਤ ਸਰ
ਸੋ ਪੁਰਖ ਨਿਰੰਜਣ ਅਗੰਮ ਅਪਾਰਾ, ਅਗੰਮ ਅਗੰਮੜੀ ਧਾਰ ਚਲਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਏਕੰਕਾਰਾ ਊਚ ਅਪਾਰਾ, ਬੇਪਰਵਾਹ ਭੇਵ ਨਾ ਆਇੰਦਾ। ਆਦਿ ਨਿਰੰਜਣ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਇਕ ਸੁਹਾਏ ਸਚ ਦਵਾਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਸ੍ਰੀ ਭਗਵਾਨ ਖੋਲ੍ਹ ਕਿਵਾੜਾ, ਥਿਰ ਘਰ ਮੰਦਰ ਆਪ ਵਡਿਆਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਨਿਰਾਕਾਰ ਆਪਣਾ ਆਪ ਵੇਖ ਵਖਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹ ਭੂਪ ਆਪਣਾ ਹੁਕਮ ਵਰਤਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਆਪ ਆਪਣਾ ਰੰਗ ਰੰਗਾਇੰਦਾ। ਆਪਣੀ ਇਛਿਆ ਭਰ ਭੰਡਾਰਾ, ਸਾਚੀ ਭਿਛਿਆ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਹਰਿ ਮਿਹਰਵਾਨ, ਸਚਖੰਡ ਦਵਾਰ ਝੁਲਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਪਰਗਟਾਇੰਦਾ। ਸਤਿ ਸਤਿਵਾਦੀ ਸਾਹਿਬ ਗੁਣਵੰਤ, ਇਕ ਇਕੱਲਾ ਅਕਲ ਕਲ ਧਾਰੀਆ। ਸਚਖੰਡ ਦਵਾਰੇ ਸੋਭਾਵੰਤ, ਸਤਿ ਪੁਰਖ ਨਿਰੰਜਣ ਮੀਤ ਮੁਰਾਰੀਆ। ਆਪ ਬਣਾਏ ਆਪਣੀ ਬਣਤ, ਪੁਰਖ ਅਕਾਲ ਸ਼ਾਹ ਸਿਕਦਾਰੀਆ। ਆਪਣਾ ਲੇਖਾ ਜਾਣੇ ਆਦਿ ਅੰਤ, ਦੂਸਰ ਅਵਰ ਨਾ ਕੋਇ ਲਖਾਰੀਆ। ਆਪੇ ਨਾਰ ਆਪੇ ਕੰਤ, ਕੰਤ ਕੰਤੂਲ ਆਪੇ ਪੈਜ ਸੁਆਰੀਆ। ਆਪੇ ਸ਼ਬਦ ਆਪੇ ਮੰਤ, ਆਪੇ ਨਾਉਂ ਨਿਰੰਕਾਰ ਕਰੇ ਉਜਿਆਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਏਕਾ ਹਰਿ, ਸਚਖੰਡ ਦਵਾਰਾ ਆਪ ਸੁਹਾ ਰਿਹਾ। ਸਚਖੰਡ ਦਵਾਰ ਸੁਹਾਇੰਦਾ, ਸੋ ਪਰਖ ਨਿਰੰਜਣ ਬੇਪਰਵਾਹ। ਥਿਰ ਘਰ ਸਾਚੇ ਖੇਲ ਖਿਲਾਇੰਦਾ, ਅਲੱਖ ਅਗੋਚਰ ਅਗੰਮ ਅਥਾਹ। ਏਕੰਕਾਰਾ ਰੂਪ ਪਰਗਟਾਇੰਦਾ, ਜੂਨੀ ਰਹਿਤ ਨਾਉਂ ਧਰਾ। ਆਦਿ ਨਿਰੰਜਣ ਰੂਪ ਪਰਗਟਾਇੰਦਾ, ਮੂਰਤ ਅਕਾਲ ਡਗਮਗਾ। ਸ੍ਰੀ ਭਗਵਾਨ ਵੇਸ ਵਟਾਇੰਦਾ, ਰੂਪ ਰੰਗ ਨਾ ਰਿਹਾ ਕੋਇ ਵਖਾ। ਅਬਿਨਾਸ਼ੀ ਕਰਤਾ ਬੰਕ ਸੁਹਾਇੰਦਾ, ਦਰਗਹਿ ਸਾਚੀ ਧਾਮ ਬਣਾ। ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ, ਇਕ ਇਕੱਲਾ ਖੇਲ ਖਲਾ। ਸਤਿ ਸਤਿਵਾਦੀ ਸਾਚੀ ਧਾਰਾ ਆਪ ਚਲਾਇੰਦਾ, ਆਪਣੀ ਰਚਨਾ ਲਏ ਰਚਾ। ਨਿਰਗੁਣ ਨਿਰਗੁਣ ਮੇਲ ਮਿਲਾਇੰਦਾ, ਵਡ ਦਾਤਾ ਪਾਤਸ਼ਾਹ। ਸ਼ਹਿਨਸ਼ਾਹ ਆਪਣਾ ਹੁਕਮ ਚਲਾਇੰਦਾ, ਤਖ਼ਤ ਨਿਵਾਸੀ ਤਖ਼ਤ ਸੁਹਾ। ਧੁਰ ਫ਼ਰਮਾਣਾ ਆਪ ਅਲਾਇੰਦਾ, ਨਾਮ ਨਿਧਾਨਾ ਨਾਦ ਵਜਾ। ਤੁਰੀਆ ਰੂਪ ਆਪ ਪਰਗਟਾਇੰਦਾ, ਆਪਣੀ ਧੁਨ ਰਿਹਾ ਸਮਾ। ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ, ਅਲੱਖ ਅਭੇਵ ਆਪ ਖ਼ੁਦਾ। ਨਿਰਗੁਣ ਨਿਰਵੈਰ ਨਾਉਂ ਧਰਾਇੰਦਾ, ਸਚਖੰਡ ਨਿਵਾਸੀ ਵਸੇ ਸਾਚੇ ਥਾਂ। ਸ਼ਬਦੀ ਸੁਤ ਇਕ ਉਠਾਇੰਦਾ, ਆਪੇ ਪਕੜਨਹਾਰਾ ਬਾਂਹ। ਆਪਣਾ ਰੰਗ ਆਪ ਰੰਗਾਇੰਦਾ, ਰੰਗ ਰੰਗੀਲਾ ਪਿਤਾ ਮਾਂ। ਦਰ ਘਰ ਸਾਚੇ ਸੋਭਾ ਪਾਇੰਦਾ, ਥਾਨ ਥਨੰਤਰ ਇਕ ਵਡਿਆ। ਸਚ ਮਹੱਲਾ ਆਪ ਵਸਾਇੰਦਾ, ਪੁਰਖ ਅਬਿਨਾਸ਼ੀ ਦਇਆ ਕਮਾ। ਨਿਰਗੁਣ ਜੋਤੀ ਜੋਤ ਜਗਾਇੰਦਾ, ਵਿਸ਼ਨੂੰ ਵਿਸ਼ਵ ਰੂਪ ਧਰਾ। ਆਪਣਾ ਰਸ ਆਪ ਵਖਾਇੰਦਾ, ਚਰਨ ਚਰਨੋਦਕ ਧਾਰ ਵਹਾ। ਸਾਚੀ ਬੂੰਦ ਆਪ ਸੁਹਾਇੰਦਾ, ਪਾਰਬ੍ਰਹਮ ਪ੍ਰਭ ਬੇਪਰਵਾਹ। ਵਿਸ਼ਨੂੰ ਅੰਦਰ ਆਪ ਟਿਕਾਇੰਦਾ, ਹਰਿ ਕਾ ਲੇਖਾ ਕੋਇ ਜਾਣੇ ਨਾ। ਕਵਲ ਕਵਲਾ ਆਪ ਖਿਲਾਇੰਦਾ, ਪਤ ਡਾਲ੍ਹੀ ਫੁਲ ਮਹਿਕਾ। ਬ੍ਰਹਮ ਆਪਣਾ ਰੂਪ ਧਰਾਇੰਦਾ, ਪੁਰਖ ਅਬਿਨਾਸ਼ੀ ਵੰਡ ਵੰਡਾ। ਏਕੰਕਾਰਾ ਖੇਲ ਖਿਲਾਇੰਦਾ, ਇਕ ਇਕੱਲਾ ਸਹਿਜ ਸੁਭਾ। ਸਚ ਮਹੱਲਾ ਆਪ ਵਸਾਇੰਦਾ, ਸਤਿਗੁਰ ਸੱਚਾ ਪਾਤਸ਼ਾਹ। ਆਪਣਾ ਹੁਕਮ ਆਪ ਸੁਣਾਇੰਦਾ, ਵਿਸ਼ਨ ਬ੍ਰਹਮਾ ਸੇਵਾ ਲਾ। ਧਾਰ ਧਾਰ ਵਿਚ ਰਖਾਇੰਦਾ, ਧੁਰ ਦਰਗਾਹੀ ਪਰਦਾ ਦਏ ਉਠਾ। ਸ਼ੰਕਰ ਆਪਣੇ ਰੰਗ ਰੰਗਾਇੰਦਾ, ਲੇਖਾ ਜਾਣੇ ਪਿਤਾ ਮਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਆਪਣੀ ਖੇਲ ਰਿਹਾ ਖਲਾ। ਆਦਿ ਆਦਿ ਹਰਿ ਖੇਲ ਖਿਲਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਵੇਸ ਵਟਾਇਆ, ਹਰਿ ਪੁਰਖ ਨਿਰੰਜਣ ਵੇਖੇ ਚਾਈਂ ਚਾਈਆ। ਏਕੰਕਾਰਾ ਸਚ ਮਹੱਲਾ ਆਪ ਵਸਾਇਆ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਸੋਭਾ ਪਾਇਆ, ਸ੍ਰੀ ਭਗਵਾਨ ਰਿਹਾ ਜਸ ਗਾਈਆ। ਪਾਰਬ੍ਰਹਮ ਨਿਉਂ ਨਿਉਂ ਸੀਸ ਝੁਕਾਇਆ, ਘਰ ਸਾਚੇ ਵੱਜੀ ਵਧਾਈਆ। ਸਤਿ ਪੁਰਖ ਨਿਰੰਜਣ ਆਪਣਾ ਖੇਲ ਆਪ ਵਖਾਇਆ, ਸਾਚੇ ਤਖ਼ਤ ਚਰਨ ਛੁਹਾਈਆ। ਸ਼ਾਹੋ ਭੂਪ ਸਿਕਦਾਰ ਸ਼ਹਿਨਸ਼ਾਹ ਬਣ ਕੇ ਆਇਆ, ਸਿਰ ਪਾਤਸ਼ਾਹਾਂ ਕਰੇ ਸੱਚੀ ਪਾਤਸ਼ਾਹੀਆ। ਧੁਰ ਫ਼ਰਮਾਣਾ ਸਾਚਾ ਰਾਣਾ ਏਕਾ ਹੁਕਮ ਆਪਣੇ ਅੱਗੇ ਧਰ ਕੇ ਆਇਆ, ਦੇਵਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਹਿ ਸਾਚੀ ਸਚ ਮਹੱਲਾ, ਆਪ ਵਸਾਏ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਖਾਈਆ। ਨਾ ਕੋਈ ਸੰਗ ਨਾ ਸਗਲਾ ਸਾਥ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਆਦਿ ਜੁਗਾਦਿ ਚਲਾਏ ਆਪਣਾ ਰਾਥ, ਰਥ ਰਥਵਾਹੀ ਦਿਸ ਨਾ ਆਇੰਦਾ। ਸ਼ਬਦ ਜਣਾਈ ਬੋਧ ਅਗਾਧ, ਏਕਾ ਮੰਤਰ ਨਾਉਂ ਦ੍ਰਿੜਾਇੰਦਾ। ਆਪਣੇ ਵਿਚੋਂ ਆਪਾ ਕਾਢ, ਵਿਸ਼ਨ ਰੂਪ ਆਪ ਪਰਗਟਾਇੰਦਾ। ਆਪੇ ਵਿਸ਼ਵ ਕਰੇ ਪਰਤਾਪ, ਬ੍ਰਹਮ ਸੁਤ ਨਾਉਂ ਧਰਾਇੰਦਾ। ਪਾਰਬ੍ਰਹਮ ਬ੍ਰਹਮ ਆਪੇ ਲਏ ਲਾਧ, ਆਪੇ ਸ਼ੰਕਰ ਸੰਗ ਨਿਭਾਇੰਦਾ। ਆਪੇ ਧੁਰ ਫ਼ਰਮਾਣਾ ਦੇਵੇ ਦਾਦ, ਹੁਕਮੀ ਹੁਕਮ ਆਪ ਅਲਾਇੰਦਾ। ਆਪ ਸੁਣਾਏ ਅਗੰਮੀ ਨਾਦ, ਸਚ ਤਰਾਨਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਮਿਲਾਏ ਏਕਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਵਾਰ ਖੁਲੰਦੜਾ, ਪਾਰਬ੍ਰਹਮ ਪ੍ਰਭ ਬੇਅੰਤ। ਸਾਚਾ ਤਖ਼ਤ ਆਪ ਸੁਹੰਦੜਾ, ਸ੍ਰੀ ਭਗਵਾਨ ਸਾਚਾ ਕੰਤ। ਸਾਚਾ ਹੁਕਮ ਆਪ ਸੁਣੰਦੜਾ, ਅਬਿਨਾਸ਼ੀ ਕਰਤਾ ਮਹਿਮਾ ਅਗਣਤ। ਸਾਚਾ ਰਾਜ ਆਪ ਕਮੰਦੜਾ, ਆਦਿ ਨਿਰੰਜਣ ਆਦਿ ਅੰਤ। ਸਾਚਾ ਮੇਲ ਆਪ ਮਿਲੰਦੜਾ, ਏਕੰਕਾਰਾ ਹਰਿ ਨਿਰੰਕਾਰਾ ਲੇਖਾ ਜਾਣੇ ਜੁਗਾ ਜੁਗੰਤ। ਹਰਿ ਪੁਰਖ ਨਿਰੰਜਣ ਵੇਸ ਵਟੰਦੜਾ, ਸੋ ਪੁਰਖ ਨਿਰੰਜਣ ਬਣਾਏ ਸਾਚੀ ਬਣਤ। ਵਿਸ਼ਨੂੰ ਜੋਤ ਆਪ ਜਗੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣੀ ਰੁੱਤ ਬਸੰਤ। ਵਿਸ਼ਨ ਉਪਾਇਆ ਕਿਰਪਾ ਧਾਰ, ਦਇਅਨਿਧ ਵਡ ਵਡਿਆਈਆ। ਪਾਰਬ੍ਰਹਮ ਕਰਿਆ ਬ੍ਰਹਮ ਪਸਾਰ, ਅਨਭਵ ਆਪਣਾ ਰੂਪ ਦਰਸਾਈਆ। ਸ਼ੰਕਰ ਰਵਿਆ ਧੂਆਂਧਾਰ, ਸੁੰਨ ਸਮਾਧ ਵੇਖ ਵਖਾਈਆ। ਤਿੰਨਾਂ ਕਰੇ ਇਕ ਪਿਆਰ, ਏਕਾ ਤਤ ਸਮਝਾਈਆ। ਏਕਾ ਮਾਈ ਦਏ ਹੁਲਾਰ, ਆਦਿ ਸ਼ਕਤ ਰੂਪ ਵਟਾਈਆ। ਏਕਾ ਹੁਕਮ ਸਚ ਵਰਤਾਰ, ਧੁਰ ਦਾ ਭਾਣਾ ਸ਼ਬਦ ਸੁਣਾਈਆ। ਏਕਾ ਸ਼ਹਿਨਸ਼ਾਹ ਸੱਚੀ ਸਰਕਾਰ, ਪੁਰਖ ਅਕਾਲ ਸੱਚਾ ਪਾਤਸ਼ਾਹੀਆ। ਏਕਾ ਵਰਤੇ ਹਰਿ ਵਰਤਾਰ, ਕਰਤਾ ਪੁਰਖ ਆਪਣੀ ਕਰਨੀ ਰਿਹਾ ਕਮਾਈਆ। ਏਕਾ ਗਾਵਤ ਗਾਏ ਗਾਵਣਹਾਰ, ਏਕਾ ਨਿਸ਼ਅੱਖਰ ਕਰੇ ਪੜ੍ਹਾਈਆ। ਏਕਾ ਜੋਤੀ ਜੋਤ ਕਰੇ ਉਜਿਆਰ, ਘਟ ਘਟ ਦੀਪਕ ਜੋਤ ਇਕ ਰੁਸ਼ਨਾਈਆ। ਏਕਾ ਵਿਸ਼ਨੂੰ ਲਏ ਉਭਾਰ, ਵਿਸ਼ਵ ਆਪਣਾ ਖੇਲ ਖਿਲਾਈਆ। ਏਕਾ ਬ੍ਰਹਮ ਉਪਾਏ ਸੁਤ ਦੁਲਾਰ, ਪਾਰਬ੍ਰਹਮ ਸਿਰ ਹੱਥ ਰਖਾਈਆ। ਏਕਾ ਸ਼ੰਕਰ ਦੇਵੇ ਆਪਣਾ ਆਹਾਰ, ਅੰਮ੍ਰਿਤ ਆਤਮ ਜਾਮ ਪਿਆਈਆ। ਤਿੰਨਾਂ ਵਿਚੋਲਾ ਬਣ ਨਿਰੰਕਾਰ, ਤ੍ਰੈਕਾਲ ਦਰਸੀ ਆਪਣੀ ਖੇਲ ਖਿਲਾਈਆ। ਸ਼ਬਦ ਢੋਲਾ ਬੋਲ ਜੈਕਾਰ, ਸੋਹੰ ਜਾਪ ਆਪ ਜਪਾਈਆ। ਬਣਿਆ ਤੋਲਾ ਤੋਲਣਹਾਰ, ਏਕਾ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਸੇਵਾਦਾਰ, ਆਪ ਲਗਾਏ ਧੁਰ ਦਰਬਾਰ, ਧੁਰ ਦਾ ਲੇਖਾ ਦਏ ਸਮਝਾਈਆ। ਧੁਰ ਲੇਖਾ ਹਰਿ ਸਮਝਾਇੰਦਾ, ਪੁਰਖ ਅਬਿਨਾਸ਼ੀ ਵਡ ਮਿਹਰਵਾਨ। ਵਿਸ਼ਨੂੰ ਆਪਣੇ ਰੰਗ ਰੰਗਾਇੰਦਾ, ਰਿਜ਼ਕ ਦੇਵੇ ਜੀਆ ਦਾਨ। ਬ੍ਰਹਮੇ ਬ੍ਰਹਮ ਰੂਪ ਸਰਬ ਪਰਗਟਾਇੰਦਾ, ਵੰਡਣ ਵੰਡੇ ਦੋ ਜਹਾਨ। ਸ਼ੰਕਰ ਏਕਾ ਰਾਹ ਚਲਾਇੰਦਾ, ਮੇਟ ਮਿਟਾਏ ਦੂਈ ਨਿਸ਼ਾਨ। ਤਿੰਨਾਂ ਏਕਾ ਧਾਮ ਬਹਾਇੰਦਾ, ਸ਼ਬਦ ਅਗੰਮੀ ਦਏ ਗਿਆਨ। ਚਰਨ ਕਵਲ ਇਕ ਵਖਾਇੰਦਾ, ਪਾਰਬ੍ਰਹਮ ਸ੍ਰੀ ਭਗਵਾਨ। ਨਾਭ ਕਵਲ ਅੰਮ੍ਰਿਤ ਆਪ ਭਰਾਇੰਦਾ, ਲੇਖਾ ਜਾਣੇ ਧੁਰ ਦੀ ਬਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਦੇਵੇ ਏਕਾ ਵਰ, ਜੁਗਾਦਿ ਆਪਣਾ ਰਾਹ ਵਖਾਇੰਦਾ। ਆਦਿ ਪੁਰਖ ਹਰਿ ਹੁਕਮ ਸੁਣਾਇਆ, ਬ੍ਰਹਮਾ ਵਿਸ਼ਨ ਸ਼ਿਵ ਉਠਾਈਆ। ਤਿੰਨਾਂ ਏਕਾ ਰੂਪ ਰੰਗਾਇਆ, ਰੰਗਿਆ ਰੰਗ ਉਤਰ ਨਾ ਜਾਈਆ। ਮੇਰੀ ਇਛਿਆ ਸਾਚੀ ਭਿਛਿਆ ਤਿੰਨਾਂ ਝੋਲੀ ਇਕ ਭਰਾਇਆ, ਪਾਰਬ੍ਰਹਮ ਪ੍ਰਭ ਵੰਡ ਵੰਡਾਈਆ। ਲੱਖ ਚੁਰਾਸੀ ਭਾਂਡਾ ਘਾੜਨ ਘੜ ਜੀਵ ਜੰਤ ਜਗਤ ਉਪਾਇਆ, ਆਤਮ ਬ੍ਰਹਮ ਬ੍ਰਹਮ ਵਡਿਆਈਆ। ਈਸ਼ ਜੀਵ ਖੇਲ ਖਿਲਾਇਆ, ਹਰਿ ਜਗਦੀਸ਼ ਦਏ ਸਲਾਹੀਆ । ਸਾਚਾ ਛਤਰ ਸੀਸ ਝੁਲਾਇਆ, ਦਰ ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖ਼ਿਆ ਕਰੇ ਪੜ੍ਹਾਈਆ। ਸਾਚੀ ਸਿਖ਼ਿਆ ਸੱਚੀ ਸਿੱਖ, ਭੁੱਲ ਰਹੇ ਨਾ ਰਾਇਆ। ਆਦਿ ਜੁਗਾਦਿ ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਦੱਸ, ਰੂਪ ਰੇਖ ਰੰਗ ਨਾ ਕੋਇ ਰੰਗਾਇਆ। ਬ੍ਰਹਮੇ ਵਿਸ਼ਨ ਸ਼ਿਵ ਵੰਡਾਇਆ ਤੇਰਾ ਹਿਸ, ਦਹਿ ਦਿਸ਼ਾਂ ਵੇਖ ਵਖਾਇਆ। ਤ੍ਰੈਗੁਣ ਮਾਇਆ ਪੀਸਣ ਪੀਸ, ਪੁਰਖ ਅਕਾਲ ਚੱਕੀ ਹੱਥ ਰਖਾਇਆ। ਕਰੇ ਖੇਲ ਜਗਤ ਜਗਦੀਸ, ਕਲਜੁਗ ਅੰਤਮ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਘਾੜਤ ਘੜਨ ਘੜਾਇਆ। ਸਾਚੀ ਘਾੜਨ ਆਪ ਘੜਾਇੰਦਾ, ਕਰ ਕਿਰਪਾ ਗੁਣ ਨਿਧਾਨ। ਬ੍ਰਹਮ ਰੂਪ ਸਰਬ ਪਰਗਟਾਇੰਦਾ, ਪੰਜ ਤਤ ਕਾਇਆ ਮੰਦਰ ਕਰ ਤਿਆਰ ਮਕਾਨ। ਆਪਣੀ ਇਛਿਆ ਵਿਚ ਭਰਾਇੰਦਾ, ਸਾਚੀ ਸਿਖ਼ਿਆ ਦੋ ਜਹਾਨ। ਏਕਾ ਸ਼ਬਦ ਨਾਦ ਵਜਾਇੰਦਾ, ਨਾਦ ਅਨਾਦੀ ਧੁਰ ਫ਼ਰਮਾਣ। ਆਪਣਾ ਹੁਕਮੀ ਹੁਕਮ ਵਰਤਾਇੰਦਾ, ਧੁਰ ਦਰਗਾਹੀ ਨੌਜਵਾਨ। ਪੁਰੀਆਂ ਲੋਆਂ ਵੇਖ ਵਖਾਇੰਦਾ, ਬ੍ਰਹਿਮੰਡ ਖੰਡ ਕਰੇ ਪਰਧਾਨ। ਰਵ ਸਸ ਸੂਰਜ ਚੰਨ ਆਪਣੀ ਕਿਰਨ ਜੋਤ ਜਗਾਇੰਦਾ, ਇਕ ਇਕ ਇਕ ਵੰਡੇ ਵੰਡ ਮਿਹਰਵਾਨ। ਮੰਡਲ ਮੰਡਪ ਡੇਰਾ ਲਾਇੰਦਾ, ਆਪਣੀ ਧੂੜ ਖ਼ਾਕ ਕਤਰਾ ਕਤਰਾ ਕਰ ਪਛਾਣ। ਸਾਚੇ ਤਖ਼ਤ ਸੋਭਾ ਪਾਇੰਦਾ, ਦੀਨ ਦੁਨੀ ਜਾਣੇ ਵਾਲੀ ਦੋ ਜਹਾਨ। ਲੱਖ ਚੁਰਾਸੀ ਘਟ ਘਟ ਮੰਦਰ ਆਪ ਸੁਹਾਇੰਦਾ, ਨਿਰਗੁਣ ਰੂਪ ਸ੍ਰੀ ਭਗਵਾਨ। ਬ੍ਰਹਮ ਆਪਣੀ ਅੰਸ ਉਪਜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਸਚ ਮਹੱਲਾ ਇਕ ਵਸਾਇੰਦਾ। ਸਚ ਮਹੱਲ ਵਸਾਇੰਦਾ, ਊਚ ਅਗੰਮ ਅਪਾਰ। ਸੋ ਪੁਰਖ ਨਿਰੰਜਣ ਆਸਣ ਲਾਇੰਦਾ, ਨਿਰਗੁਣ ਨੂਰ ਕਰ ਉਜਿਆਰ। ਜੋਤੀ ਜੋਤ ਡਗਮਗਾਇੰਦਾ, ਇਕ ਇਕੱਲਾ ਬੇਐਬ ਪਰਵਰਦਿਗਾਰ। ਤਖ਼ਤ ਨਿਵਾਸੀ ਸੋਭਾ ਪਾਇੰਦਾ, ਪੁਰਖ ਅਬਿਨਾਸ਼ੀ ਸਾਂਝਾ ਯਾਰ। ਮੰਡਲ ਰਾਸੀ ਰਾਸ ਰਚਾਇੰਦਾ, ਰਵ ਸਸ ਕਰ ਉਜਿਆਰ। ਬ੍ਰਹਮਾ ਵਿਸ਼ਨ ਸ਼ਿਵ ਸਵਾਸ ਸਵਾਸੀ ਨਾਮ ਜਪਾਇੰਦਾ, ਸੋਹੰ ਸ਼ਬਦ ਦਏ ਆਧਾਰ। ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ, ਆਕਾਸ ਆਕਾਸਾਂ ਵਸੇ ਬਾਹਰ। ਸਾਚੇ ਤਖ਼ਤ ਸੋਭਾ ਪਾਇੰਦਾ, ਨਿਰਗੁਣ ਦਾਤਾ ਬੇਐਬ ਪਰਵਰਦਿਗਾਰ। ਵਿਸ਼ਨੂੰ ਏਕਾ ਹੁਕਮ ਸੁਣਾਇੰਦਾ, ਲੱਖ ਚੁਰਾਸੀ ਭਰ ਭੰਡਾਰ। ਬ੍ਰਹਮ ਰੂਪ ਸਰਬ ਪਰਗਟਾਇੰਦਾ, ਪਾਰਬ੍ਰਹਮ ਸੱਚੀ ਸਰਕਾਰ। ਸ਼ੰਕਰ ਏਕਾ ਰਾਹੇ ਪਾਇੰਦਾ, ਲੇਖਾ ਜਾਣੇ ਅੰਤਮ ਵਾਰ। ਧੁਰ ਫ਼ਰਮਾਣਾ ਸ਼ਬਦ ਸੁਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਹਰਿ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਹਰਿ ਕੀ ਪੌੜੀ ਹਰਿ ਹਰਿ ਚੜ੍ਹਿਆ, ਦੂਜਾ ਅਵਰ ਨਾ ਕੋਇ ਵਖਾਇੰਦਾ। ਸਚ ਮਹੱਲੇ ਆਪੇ ਵੜਿਆ, ਸਚ ਸਿੰਘਾਸਣ ਆਸਣ ਲਾਇੰਦਾ। ਆਪਣਾ ਨਾਉਂ ਆਪਣਾ ਅੱਖਰ ਆਪੇ ਪੜ੍ਹਿਆ, ਦੂਸਰ ਵਸਤ ਨਾ ਕੋਇ ਵੰਡਾਇੰਦਾ। ਆਦਿ ਜੁਗਾਦੀ ਏਕੰਕਾਰਾ ਹਰਿ ਨਿਰੰਕਾਰਾ ਸਚਖੰਡ ਦਵਾਰੇ ਆਪੇ ਖੜਿਆ, ਅਨਭਵ ਆਪਣਾ ਰੂਪ ਦਰਸਾਇੰਦਾ। ਨਾ ਜਨਮੇ ਨਾ ਕਦੇ ਮਰਿਆ, ਮਾਤ ਗਰਭ ਨਾ ਕੋਇ ਹੰਢਾਇੰਦਾ। ਬ੍ਰਹਮ ਰੂਪ ਸ੍ਰਿਸ਼ਟ ਸਬਾਈ ਵਰਿਆ, ਪਾਰਬ੍ਰਹਮ ਸਾਚਾ ਕੰਤ ਲੱਖ ਚੁਰਾਸੀ ਸਖ਼ੀ ਆਪ ਹੰਢਾਇੰਦਾ। ਆਪੇ ਆਦਿ ਆਪੇ ਅੰਤ ਕਰਿਆ, ਮਧ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਰ ਬ੍ਰਹਮਾ ਵਿਸ਼ਨ ਦੇਵੇ ਏਕਾ ਵਰ, ਏਕਾ ਅੱਖਰ ਆਪ ਜਣਾਇੰਦਾ। ਏਕਾ ਅੱਖਰ ਓਅੰਕਾਰ, ਨਿਸ਼ ਅੱਖਰ ਰੂਪ ਦਰਸਾਈਆ। ਸਾਚਾ ਸੱਥਰ ਮੀਤ ਮੁਰਾਰ, ਸਾਚੀ ਸੇਜ ਵਡਿਆਈਆ। ਏਕਾ ਨੇਤਰ ਅੱਖ ਨੈਣ ਉਘਾੜ, ਲੋਚਣ ਨੂਰ ਇਕ ਰੁਸ਼ਨਾਈਆ। ਏਕਾ ਮਹੱਲ ਅਟੱਲ ਉਚ ਮੁਨਾਰਾ ਮੰਦਰ ਦੇਵੇ ਵਾੜ, ਏਕਾ ਕੰਦਰ ਸੋਭਾ ਪਾਈਆ। ਏਕਾ ਕੰਤ ਭਗਵੰਤ ਮੇਲ ਮਿਲਾਵਾ ਸਾਚੀ ਨਾਰ, ਰੁਤ ਬਸੰਤ ਇਕ ਸੁਹਾਈਆ। ਏਕਾ ਜੋਗ ਜੁਗਤ ਜਾਣੇ ਸੰਸਾਰ, ਜਾਗਰਤ ਜੋਤ ਕਰ ਰੁਸ਼ਨਾਈਆ। ਏਕਾ ਕੋਟਨ ਕੋਟੀ ਕੋਟ ਕੋਟ ਜੀਵ ਜੰਤ ਕਰ ਤਿਆਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਏਕਾ ਸ਼ਬਦ ਨਗਾਰੇ ਲਾਏ ਚੋਟ ਸੱਚੀ ਧੁਨਕਾਰ, ਘਰ ਘਰ ਘਰ ਵਿਚ ਆਪ ਸੁਣਾਈਆ। ਏਕਾ ਵਰਨ ਗੋਤ ਵਸਿਆ ਬਾਹਰ, ਸਤਿ ਸਰੂਪ ਬੇਪਰਵਾਹੀਆ। ਏਕਾ ਲਾੜੀ ਮੌਤ ਨਾ ਕਰੇ ਸ਼ੰਗਾਰ, ਮੜੀ ਗੋਰ ਨਾ ਕੋਇ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਏਕਾ ਵਰ, ਸ਼ੰਕਰ ਵਿਸ਼ਨ ਬ੍ਰਹਮਾ ਏਕਾ ਸੇਵ ਲਗਾਈਆ। ਸਾਚੀ ਸੇਵਾ ਹਰਿ ਨਿਰੰਕਾਰ, ਤ੍ਰੈ ਤ੍ਰੈ ਆਪ ਜਣਾਇੰਦਾ। ਤ੍ਰੈ ਤ੍ਰੈ ਭਿੰਨ ਬੇਐਬ ਪਰਵਰਦਿਗਾਰ, ਗਿਣ ਗਿਣ ਆਪਣਾ ਹੁਕਮ ਸੁਣਾਇੰਦਾ। ਛਿਨ ਛਿਨ ਰੂਪ ਪਰਗਟੇ ਅਗੰਮ ਅਪਾਰ, ਆਪਣਾ ਚਿਨ ਨਾ ਕੋਇ ਵਖਾਇੰਦਾ। ਰਾਤ ਦਿਨ ਕਰ ਪਸਾਰ, ਸੂਰਜ ਚੰਨ ਆਪ ਫਿਰਾਇੰਦਾ। ਮਾਸ ਬਰਖ ਕਰ ਤਿਆਰ, ਘੜੀ ਪਲ ਵੰਡ ਵੰਡਾਇੰਦਾ। ਆਪਣੀ ਥਿਤ ਨਾ ਜਣਾਏ ਹਰਿ ਨਿਰੰਕਾਰ, ਵਦੀ ਸੁਦੀ ਸਰਬ ਕੁਰਲਾਇੰਦਾ। ਵਿਸ਼ਨੂੰ ਰੋਵੇ ਬਣ ਭਿਖਾਰ, ਪ੍ਰਭ ਅੱਗੇ ਝੋਲੀ ਡਾਹਿੰਦਾ। ਕਵਣ ਸੁ ਵੇਲਾ ਕਵਣ ਵਕਤ, ਕਵਣ ਵਾਰ ਕਵਣ ਥਿਤ, ਕਵਣ ਘਰ ਪਸਾਰ ਕਰਾਇੰਦਾ। ਕਵਣ ਰੂਪ ਕਰੇ ਹਿਤ, ਕਵਣ ਮਾਤ ਕਵਣ ਪਿਤ, ਕਵਣ ਬੂੰਦ ਕਵਣ ਰਿਤ, ਕਵਣ ਜੋੜ ਜੁੜਾਇੰਦਾ। ਕਵਣ ਹੋਏ ਨੇਤਨ ਨਿਤ, ਕਵਣ ਅੰਮ੍ਰਿਤ ਰਿਹਾ ਸਿਤ, ਕਵਣ ਸ਼ਬਦ ਭੰਡਾਰ ਵਰਤਾਇੰਦਾ। ਕਵਣ ਦੋ ਜਹਾਨਾਂ ਬਣੇ ਮਿਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਖਾ ਸਾਚਾ ਘਰ, ਨੇਤਰ ਨੈਣ ਸਰਬ ਤਰਸਾਇੰਦਾ। ਵਿਸ਼ਨੂੰ ਉਠ ਪੁਕਾਰਿਆ, ਪ੍ਰਭ ਅੱਗੇ ਸੀਸ ਝੁਕਾ। ਤੇਰਾ ਰੂਪ ਅਗੰਮ ਅਪਾਰਿਆ, ਲੇਖਾ ਸਕੇ ਨਾ ਕੋਇ ਲਿਖਾ। ਹਉਂ ਯਾਚਕ ਖੜਾ ਦਵਾਰਿਆ, ਅਗੇ ਆਪਣੀ ਝੋਲੀ ਡਾਹ। ਏਕਾ ਬਖ਼ਸ਼ ਚਰਨ ਪਿਆਰਿਆ, ਬਖ਼ਸ਼ੀਂ ਬਖ਼ਸ਼ਿਸ਼ ਸੱਚੀ ਸਰਨਾ। ਤੇਰਾ ਨਾਉਂ ਵਣਜ ਵਣਜਾਰਿਆ, ਸਚ ਖ਼ਜ਼ੀਨਾ ਇਕ ਭਰਾ। ਤੂੰ ਸ਼ਾਹੋ ਭੂਪ ਸੱਚਾ ਸਿਕਦਾਰਿਆ, ਧੁਰ ਫ਼ਰਮਾਣਾ ਹੁਕਮ ਸੁਣਾ। ਦਰ ਤੇਰੇ ਮੰਗਾਂ ਬਣ ਭਿਖਾਰਿਆ, ਸੁਣ ਬੇਨੰਤੀ ਬੇਪਰਵਾਹ। ਪੁਰਖ ਅਬਿਨਾਸ਼ੀ ਕਰੇ ਪਿਆਰਿਆ, ਨਿਰਗੁਣ ਨਿਰਗੁਣ ਲਏ ਉਠਾ। ਲੱਖ ਚੁਰਾਸੀ ਤੇਰੀ ਸੇਵ ਲਗਾ ਰਿਹਾ, ਘਟ ਘਟ ਦੇਣਾ ਰਿਜ਼ਕ ਪੁਚਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੇੜਾ ਆਪ ਦਵਾ ਰਿਹਾ, ਲੱਖ ਚੁਰਾਸੀ ਰਿਹਾ ਭਵਾ। ਅੰਤਮ ਵੇਲਾ ਇਕ ਸੁਣਾ ਰਿਹਾ, ਪਾਂਧੀ ਆਪਣਾ ਪੂਰਾ ਕਰੇ ਰਾਹ। ਨਿਰਗੁਣ ਨਿਰਵੈਰ ਪੁਰਖ ਅਕਾਲ ਜੂਨੀ ਰਹਿਤ ਅਨਭਵ ਪਰਕਾਸ਼ ਆਪਣਾ ਰੂਪ ਵਟਾ ਲਿਆ, ਜੋਤੀ ਜੋਤ ਰਿਹਾ ਜਗਾ। ਤੇਰਾ ਲਹਿਣਾ ਦੇਣਾ ਆਪਣੇ ਹੱਥ ਰਖਾ ਲਿਆ, ਅੰਤਮ ਲੇਖਾ ਦਏ ਮੁਕਾ। ਕਲਜੁਗ ਚੌਥਾ ਜੁਗ ਨੌਂ ਸੌ ਚੁਰਾਨਵੇ ਚੌਕੜੀ ਤੇਰਾ ਰਾਹ ਤਕਾ ਰਿਹਾ, ਅੰਤਮ ਔਧ ਜਾਏ ਪੁਗ। ਨਰ ਨਰਾਇਣ ਨਿਰਾਕਾਰ ਨਿਰਵੈਰ ਆਪਣਾ ਰੂਪ ਪਰਗਟਾ ਲਿਆ, ਲੱਖ ਚੁਰਾਸੀ ਜੀਵ ਜੰਤ ਵੇਖੇ ਲੁਕ ਲੁਕ। ਵਿਸ਼ਨੂੰ ਤੇਰਾ ਡੰਕ ਇਕ ਵਜਾ ਲਿਆ, ਲੋਆਂ ਪੁਰੀਆਂ ਬ੍ਰਹਿਮੰਡ ਖੰਡ ਨਿਉਂ ਨਿਉਂ ਵੇਖਣ ਝੁਕ। ਤੇਰਾ ਅੰਤਮ ਸੰਗ ਨਿਭਾ ਲਿਆ, ਤੇਰਾ ਵੇਖਣ ਆਏ ਮੁਖ। ਤੇਰੀ ਸੁਫ਼ਲ ਕੁੱਖ ਕਰਾ ਲਿਆ, ਤੇਰਾ ਮੇਟੇ ਵਿਛੋੜਾ ਦੁੱਖ। ਤੇਰੀ ਚੋਗ ਜਗਤ ਚੁਗਾ ਲਿਆ, ਅੰਤਮ ਤੇਰਾ ਦਾਣਾ ਪਾਣੀ ਜਾਏ ਮੁਕ। ਦਰਸ ਅਮੋਘ ਆਪ ਕਰਾ ਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚਾ ਹੁਕਮ ਆਪ ਸੁਣਾ ਲਿਆ। ਸਾਚਾ ਹੁਕਮ ਸ਼ਬਦ ਜਣਾਇਆ, ਹਰਿ ਹਰੀ ਹਰਿ ਦਇਆ ਕਮਾਇੰਦਾ। ਨੌਂ ਨੌਂ ਚਾਰ ਪੰਧ ਮੁਕਾਇਆ, ਲੱਖ ਚੁਰਾਸੀ ਗੇੜਾ ਆਪ ਭਵਾਇੰਦਾ। ਜੁਗਾਂ ਜੁਗੰਤਰ ਵੇਸ ਵਟਾਇਆ, ਲੋਕਮਾਤ ਵੇਖ ਵਖਾਇੰਦਾ। ਧਰਨੀ ਧਰਤ ਧਵਲ ਦਏ ਸੁਹਾਇਆ, ਧੁਰ ਦੀ ਬਾਣੀ ਬਾਣ ਲਗਾਇੰਦਾ। ਅਬਿਨਾਸ਼ੀ ਕਰਤਾ ਕਰਤਾ ਪੁਰਖ ਕਰਨੀ ਕਿਰਤ ਕਮਾਇਆ, ਸ਼ਬਦ ਨਿਸ਼ਾਨਾ ਇਕ ਝੁਲਾਇੰਦਾ। ਜੀਵ ਜੰਤ ਸਾਧ ਸੰਤ ਗੁਰ ਪੀਰ ਅਵਤਾਰ ਆਪਣੇ ਹੁਕਮ ਫਿਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਜਣਾਈ ਧੁਰ ਫ਼ਰਮਾਣਾ, ਭਾਵੀ ਭਗਵਨ ਹੱਥ ਰਖਾਈਆ। ਵਿਸ਼ਨੂੰ ਸੁਣ ਇਕ ਤਰਾਨਾ, ਪੁਰਖ ਅਬਿਨਾਸ਼ੀ ਏਕਾ ਗਾਈਆ। ਹੰ ਬ੍ਰਹਮ ਵੇਖੇ ਗੁਣ ਨਿਧਾਨਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਸੋ ਪੁਰਖ ਨਿਰੰਜਣ ਹੋਏ ਪਰਧਾਨਾ, ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਕੋਈ ਨਾ ਪਾਈਆ। ਕਰੇ ਖੇਲ ਗੁਣ ਨਿਧਾਨਾ, ਗਹਿਰ ਗੰਭੀਰ ਵੱਡੀ ਵਡਿਆਈਆ। ਕਲਜੁਗ ਅੰਤਮ ਮੇਟੇ ਝੂਠ ਨਿਸ਼ਾਨਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਤਿ ਸਤਿਵਾਦੀ ਬੰਨ੍ਹੇ ਗਾਨਾ, ਦਰ ਘਰ ਸਾਚੇ ਸਗਨ ਮਨਾਈਆ। ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਸ੍ਰੀ ਭਗਵਾਨ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਏਕਾ ਵਰ, ਵੇਲੇ ਅੰਤਮ ਲਾਏ ਲੜ, ਆਪਣਾ ਬੰਧਨ ਆਪੇ ਪਾਈਆ। ਬ੍ਰਹਮਾ ਖੋਲ੍ਹ ਚਾਰ ਮੁਖ, ਚਾਰੇ ਵੇਦ ਕੂਕ ਪੁਕਾਰਿਆ। ਪਾਰਬ੍ਰਹਮ ਸੁਖ ਮਾਣਿਆ ਤੇਰੀ ਕੁੱਖ, ਆਇਆ ਬਾਹਰ ਹੋਇਆ ਅੰਧਿਆਰਿਆ। ਨਿਰਗੁਣ ਅੰਦਰ ਨਿਰਗੁਣ ਬੈਠਾ ਲੁਕ, ਭੇਵ ਕੋਇ ਨਾ ਪਾ ਰਿਹਾ। ਚਾਰ ਮੁਖੀ ਰਿਹਾ ਝੁਕ, ਸੀਸ ਜਗਦੀਸ ਚਰਨ ਟਿਕਾ ਰਿਹਾ। ਹਉਂ ਪਿਆਸ ਤੇਰੇ ਦਰਸਨ ਭੁੱਖ, ਤੇਰਾ ਵਿਛੋੜਾ ਮੋਹੇ ਸਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬ੍ਰਹਮਾ ਰੋ ਰੋ ਨੀਰ ਵਹਾ ਰਿਹਾ। ਬ੍ਰਹਮਾ ਰੋਵੇ ਕਰੇ ਗਿਰਿਆਜ਼ਾਰ, ਧੀਰਜ ਧੀਰ ਨਾ ਕੋਈ ਧਰਾਈਆ। ਪਾਰਬ੍ਰਹਮ ਤੇਰਾ ਸਚ ਪਿਆਰ, ਤੇਰੀ ਰੰਗਨ ਮੇਰੀ ਵਡਿਆਈਆ। ਤੇਰਾ ਮੰਦਰ ਮੇਰਾ ਦਵਾਰ, ਤੇਰਾ ਚਰਨ ਮੇਰੀ ਸਰਨਾਈਆ। ਤੇਰਾ ਸ਼ਬਦ ਮੇਰੀ ਧੁਨਕਾਰ, ਮੇਰੀ ਧੁਨ ਤੇਰੀ ਸ਼ਨਵਾਈਆ। ਤੇਰਾ ਦਰਸ ਮੇਰਾ ਪਿਆਰ, ਮੇਰੀ ਹਰਸ ਤੂੰ ਮਿਟਾਈਆ। ਹਉਂ ਬੈਰਾਗਣ ਫਿਰਾਂ ਦੁਹਾਗਣ ਨਾਰ, ਤੁਧ ਬਿਨ ਨਾ ਕੋਇ ਪਰਨਾਈਆ। ਨੇਤਰ ਨੈਣ ਆਦਿ ਜਾਗਨ, ਨਿੰਦਰਾ ਆਲਸ ਨਾ ਕੋਈ ਰਖਾਈਆ। ਜੁਗ ਜੁਗ ਰਹਿਣਾ ਮੈਂ ਸੁਹਾਗਣ, ਸੀਸ ਜਗਦੀਸ ਇਕ ਹੰਢਾਈਆ। ਸਾਚਾ ਗਾਨਾ ਬੰਨਾਂ ਤਾਗਨ, ਜੁਗ ਜੁਗ ਨਾ ਕੋਇ ਤੁੜਾਈਆ। ਤੇਰੇ ਨਾਮ ਨਾ ਲੱਗੇ ਦਾਗਨ, ਨਿਰਮਲ ਇਕ ਰੂਪ ਵਖਾਈਆ। ਸਦਾ ਸੰਗ ਵਸਾਂ ਘਰ ਮੰਦਰ ਬਹਿ ਬਹਿ ਹਸਾਂ ਗਾਵਾਂ ਤੇਰਾ ਰਾਗਨ, ਤੇਰਾ ਰਾਗ ਮੇਰਾ ਸੁਹਾਗ ਪਤਿਪਰਮੇਸ਼ਵਰ ਤੇਰੀ ਵਡਿਆਈਆ। ਲੱਖ ਚੁਰਾਸੀ ਤੇਰੀ ਜਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਰਨ ਰਿਹਾ ਪੜ, ਪੱਲੂ ਗਲ ਏਕਾ ਪਾਈਆ। ਗਲ ਪੱਲੂ ਪਾਏ ਨਿਮਾਣਾ, ਨਿਰਧਨ ਆਪਣਾ ਰੂਪ ਪਰਗਟਾਇੰਦਾ। ਸ਼ਾਹੋ ਭੂਪ ਸਚ ਸੁਲਤਾਨਾ, ਸ਼ਹਿਨਸ਼ਾਹ ਸਾਚੇ ਤਖ਼ਤ ਆਪ ਸੁਹਾਇੰਦਾ। ਹਉਂ ਮੰਗਾਂ ਦਾਨ ਬਣ ਨਾਦਾਨਾ, ਦਾਤਾ ਦਾਨੀ ਤੇਰੀ ਸਰਨ ਇਕ ਤਕਾਇੰਦਾ। ਤੇਰਾ ਸਰੂਪ ਬ੍ਰਹਮ ਪਛਾਣਾ, ਪਾਰਬ੍ਰਹਮ ਤੇਰਾ ਮਾਣ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਮੰਗ ਆਪ ਮੰਗਾਇੰਦਾ। ਸਾਚੀ ਮੰਗੇ ਮੰਗ, ਬਣ ਭਿਖਾਰੀਆ। ਹਰਿ ਹਰਿ ਚੜ੍ਹੇ ਸਾਚਾ ਰੰਗ, ਪਾਰਬ੍ਰਹਮ ਰੰਗੇ ਇਕ ਲਿਲਾਰੀਆ। ਤੂੰ ਸਾਹਿਬ ਸੂਰਾ ਸਰਬੰਗ, ਵਡ ਦਾਤਾ ਸ਼ਬਦ ਭੰਡਾਰੀਆ। ਹਉਂ ਨਿਮਾਣਾ ਨੇਤਰ ਅੰਧ, ਚਾਰੇ ਮੁਖ ਹੋਏ ਜੁਆਰੀਆ। ਕਿਰਪਾ ਕਰ ਸਰਬ ਬਖ਼ਸ਼ਿੰਦ, ਦਰ ਮੰਗੇ ਬਣ ਭਿਖਾਰੀਆ। ਤੇਰਾ ਰੂਪ ਸਦਾ ਅਨੰਦ, ਪਰਮਾਨੰਦ ਸਹਿਜ ਸੁਖਦਾਰੀਆ। ਤੇਰੀ ਸੀਆਂ ਮੇਰਾ ਚੰਦ, ਚਾਰੇ ਪਦ ਜੋਤ ਉਜਿਆਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਅੰਤ ਆਵੇ ਨਾ ਪਾਸਾ ਹਾਰੀਆ। ਪੁਰਖ ਅਬਿਨਾਸ਼ੀ ਦਇਆ ਕਮਾ, ਸਾਚਾ ਤਤ ਸਮਝਾਇੰਦਾ। ਬ੍ਰਹਮੇ ਬ੍ਰਹਮ ਬੀਜ ਬਿਜਾ, ਲੱਖ ਚੁਰਾਸੀ ਤੇਰਾ ਬੂਟਾ ਲਾਇੰਦਾ। ਘਟ ਘਟ ਹਰਿਆ ਦਏ ਕਰਾ, ਅੰਮ੍ਰਿਤ ਸਿੰਚ ਸੇਵ ਕਮਾਇੰਦਾ। ਜੁਗ ਜੁਗ ਫੁਲ ਫੁਲਵਾੜੀ ਦਏ ਮਹਿਕਾ, ਜੁਗ ਚੌਕੜੀ ਆਪ ਵਖਾਇੰਦਾ। ਨੌਂ ਨੌ ਵੇਖੇ ਥਾਉਂ ਥਾਂ, ਚਾਰ ਚਾਰ ਵੰਡ ਵੰਡਾਇੰਦਾ। ਵਿਸ਼ਨੂੰ ਸੰਗ ਲਏ ਨਿਭਾ, ਸਚ ਭੰਡਾਰਾ ਹੱਥ ਰਖਾਇੰਦਾ। ਤੇਰਾ ਰੂਪ ਦਏ ਦਰਸਾ, ਤੇਰੀ ਗਣਤ ਆਪ ਗਣਾਇੰਦਾ। ਪੰਜ ਤਤ ਕਾਇਆ ਮੰਦਰ ਰਚਨ ਲਏ ਰਚਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੇਰੀ ਝੋਲੀ ਪਾਇੰਦਾ। ਘਰ ਵਿਚ ਘਰ ਦਏ ਸੁਹਾ, ਆਤਮ ਬ੍ਰਹਮ ਰੂਪ ਪਰਗਟਾਇੰਦਾ। ਈਸ਼ ਜੀਵ ਜੋਤ ਜਗਾ, ਆਦਿ ਨਿਰੰਜਣ ਸੇਵ ਕਮਾਇੰਦਾ। ਸਚ ਮਹੱਲਾ ਆਪ ਵਸਾ, ਸ਼ਬਦ ਅਨਾਦੀ ਧੁਨ ਅਲਾਇੰਦਾ। ਘਰ ਅੰਮ੍ਰਿਤ ਤਾਲ ਸਰੋਵਰ ਦਏ ਭਰਾ, ਸਾਚਾ ਝਿਰਨਾ ਆਪ ਝਿਰਾਇੰਦਾ। ਹਰਿ ਹਰਿ ਮੇਲਾ ਪਾਰਬ੍ਰਹਮ ਲਏ ਮਿਲਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਆਪਣਾ ਚੇਲਾ ਆਪਣੇ ਚਰਨ ਲਏ ਬਹਾ, ਵੇਲਾ ਵਕਤ ਨਾ ਕੋਈ ਜਣਾਇੰਦਾ। ਸੱਜਣ ਸੁਹੇਲਾ ਬੇਪਰਵਾਹ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬੇੜਾ ਪਾਰ ਕਰਾ, ਕਲਜੁਗ ਅੰਤਮ ਜੋਤ ਜਗਾਇੰਦਾ। ਨਿਹਕਲੰਕਾ ਨਾਉਂ ਰਖਾ, ਲੋਕਮਾਤ ਵੇਸ ਵਟਾਇੰਦਾ। ਬ੍ਰਹਮਾ ਤੇਰਾ ਲੇਖਾ ਦਏ ਸੁਹਾ, ਪਾਰਬ੍ਰਹਮ ਸੰਗ ਨਿਭਾਇੰਦਾ। ਆਪਣੀ ਜੋਤੀ ਜੋਤ ਲਏ ਮਿਲਾ, ਥਿਰ ਕੋਇ ਰਹਿਣ ਨਾ ਪਾਇੰਦਾ। ਸਾਚੀ ਰਚਨਾ ਫਿਰ ਰਚਾ, ਗੁਰਮੁਖ ਸਾਚੇ ਤਖ਼ਤ ਸੁਹਾਇੰਦਾ। ਪੁਰੀ ਬ੍ਰਹਮ ਜੋ ਬੈਠਾ ਡੇਰਾ ਲਾ, ਆਪਣਾ ਹੁਕਮ ਸੁਣਾਇੰਦਾ। ਸੋੋਹੰ ਢੋਲਾ ਸਾਚਾ ਗਾ, ਆਦਿ ਅੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਉਤਮ ਰੱਖੇ ਆਪਣੀ ਜ਼ਾਤਾ, ਵਰਨ ਗੋਤ ਨਾ ਵੰਡ ਵੰਡਾਇੰਦਾ। ਬ੍ਰਹਮਾ ਵਿਸ਼ਨ ਸ਼ਬਦ ਜਣਾਇਆ, ਸ਼ੰਕਰ ਆਪ ਉਠਾਇੰਦਾ। ਸ਼ੰਕਰ ਤੇਰੀ ਸੇਵ ਵਖਾਇਆ, ਜੋ ਘੜਿਆ ਸੋ ਭੰਨ ਵਖਾਇੰਦਾ। ਇਕ ਤ੍ਰਸੂਲ ਹੱਥ ਰਖਾਇਆ, ਤ੍ਰੈਲੋਕਾ ਪਾਰ ਕਰਾਇੰਦਾ। ਕੰਠ ਮਾਲਾ ਇਕ ਸੁਹਾਇਆ, ਬਾਸ਼ਕ ਤਸ਼ਕਾ ਗਲ ਲਟਕਾਇੰਦਾ। ਭੋਲਾ ਨਾਥ ਵਡ ਵਡਿਆਇਆ, ਦੀਨਾ ਨਾਥਾਂ ਵੇਖ ਵਖਾਇੰਦਾ। ਸਗਲਾ ਸੰਗ ਆਪ ਨਿਭਾਇਆ, ਦੋ ਜਹਾਨਾ ਫੇਰੀ ਪਾਇੰਦਾ। ਏਕ ਹੱਥ ਮਰਦੰਗ ਫੜਾਇਆ, ਉਚੀ ਕੂਕ ਸਰਬ ਸੁਣਾਇੰਦਾ। ਆਪਣੀ ਧੂਣੀ ਰਿਹਾ ਰਮਾਇਆ, ਖ਼ਾਕੀ ਖ਼ਾਕ ਆਪੇ ਛਾਣਦਾ। ਖ਼ਾਕੀ ਖ਼ਾਕ ਨੇਤਰ ਨੈਣ ਰਾਹ ਤਕਾਇਆ, ਆਪਣੀ ਦ੍ਰਿਸ਼ਟ ਆਪਣਾ ਇਸ਼ਟ ਵਿਚ ਟਿਕਾਇੰਦਾ। ਸ਼ੰਕਰ ਦ੍ਰਿਸ਼ਟੀ ਵੇਖੇ ਰਘਪਤ, ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ। ਨਾ ਕੋਈ ਬੀਰਜ ਦਿਤਾ ਘਤ, ਨਾਰੀ ਸੇਜ ਨਾ ਕੋਈ ਸੁਹਾਇੰਦਾ। ਚਿਤਰ ਗੁਪਤ ਕਰਿਆ ਉਤਪਤ, ਪਾਰਬ੍ਰਹਮ ਪ੍ਰਭ ਹੁਕਮ ਸੁਣਾਇੰਦਾ। ਏਕੰਕਾਰਾ ਦੇਵੇ ਮਤ, ਏਕਾ ਤਤ ਤਤ ਰਖਾਇੰਦਾ। ਆਪੇ ਜਾਣੇ ਮਿਤ ਗਤ, ਹਰਿ ਦਾਤਾ ਵੇਸ ਵਟਾਇੰਦਾ। ਅੰਦਰ ਰੱਖੀ ਆਪਣੀ ਰਤ, ਤਿੰਨਾਂ ਵਿਚ ਉਪਜਾਇੰਦਾ। ਕਰੇ ਖੇਲ ਕਮਲਾਪਤ, ਸਾਚੀ ਸੇਜ ਆਪ ਸੁਹਾਇੰਦਾ। ਚਿਤਰ ਗੁਪਤ ਅੰਦਰ ਸਾਚੀ ਵਸਤ ਘਤ, ਆਪਣੀ ਧਾਰਾ ਆਪ ਵਖਾਇੰਦਾ। ਰਾਏ ਧਰਮ ਕਰ ਪਰਗਟ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਖੇਲ ਖਲਾਏ ਸਾਚੇ ਹੱਟ, ਦਰ ਦਵਾਰ ਨਾ ਕੋਈ ਵਖਾਇੰਦਾ। ਸ਼ੰਕਰ ਨੇਤਰ ਵੇਖੇ ਪਟ, ਸੁੰਨ ਸਮਾਧ ਆਪ ਲਗਾਇੰਦਾ। ਤਨ ਅੰਗ ਨਾ ਲਿਆ ਕੱਟ, ਰੂਪ ਅਨੂਪ ਨਾ ਕੋਈ ਦਰਸਾਇੰਦਾ। ਪਾਰਬ੍ਰਹਮ ਪ੍ਰਭ ਕਰਿਆ ਖੇਲ ਝਟ ਪਟ, ਖ਼ਾਕੀ ਖ਼ਾਕ ਵੇਖ ਵਖਾਇੰਦਾ। ਚਿਤਰ ਗੁਪਤ ਰਾਏ ਧਰਮ ਬਧਾ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਲੱਖ ਚੁਰਾਸੀ ਫੜਾਂ ਹੱਥ, ਲਹਿਣਾ ਦੇਣਾ ਇਕ ਸਮਝਾਇੰਦਾ। ਰਾਏ ਧਰਮ ਤੇਰਾ ਖੋਲ੍ਹੇ ਹੱਟ, ਹੱਟ ਹਟਵਾਣਾ ਆਪ ਅਖਵਾਇੰਦਾ। ਸ਼ੰਕਰ ਅੰਤਮ ਖੇੜਾ ਸਭ ਦਾ ਕਰੇ ਭੱਠ, ਜੋ ਘੜਿਆ ਭੰਨ ਵਖਾਇੰਦਾ। ਰਾਏ ਧਰਮ ਆਪਣੇ ਖਾਤੇ ਦੇਵੇ ਘਤ, ਬਾਂਹੋਂ ਫੜ ਨਾ ਕੋਈ ਕਢਾਇੰਦਾ। ਸਤਾਈ ਜੁਗ ਨਾ ਆਈ ਕੋਈ ਮਤ, ਰਾਏ ਧਰਮ ਆਪਣਾ ਹੁਕਮ ਆਪ ਚਲਾਇੰਦਾ। ਕਰੀ ਕਿਰਪਾ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਚਲਾਇੰਦਾ। ਰਾਮ ਰਾਣਾ ਦਿਤਾ ਏਕਾ ਤਤ, ਤਤ ਤਤ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣੀ ਧਾਰ ਚਲਾਇੰਦਾ। ਰਾਏ ਧਰਮ ਕਰ ਪਿਆਰਾ, ਦਇਆ ਨਿਧ ਦਇਆ ਕਮਾਈਆ। ਸਤਾਈ ਜੁਗ ਕਰਿਆ ਪਾਰ ਕਿਨਾਰਾ, ਆਪਣੀ ਵੰਡਣ ਵੰਡ ਆਪ ਵੰਡਾਈਆ। ਦੂਲ੍ਹਾ ਦੁਲਹਨ ਬਣਿਆ ਏਕਾ ਲਾੜਾ, ਏਕਾ ਘਰ ਵੱਜੀ ਵਧਾਈਆ। ਏਕਾ ਸੇਜ ਕੰਤ ਭਤਾਰਾ, ਏਕਾ ਸੁੱਤਾ ਬੇਪਰਵਾਹੀਆ। ਏਕਾ ਭਿਛਿਆ ਭਰੇ ਭੰਡਾਰਾ, ਇਛਿਆ ਇਛਿਆ ਵਿਚ ਟਿਕਾਈਆ। ਰਾਏ ਧਰਮ ਨਾ ਰਹੇ ਕਵਾਰਾ, ਕਰਤਾ ਕਰਨੀ ਆਪ ਵਖਾਈਆ। ਘਾੜਤ ਘੜੇ ਬਣ ਠਠਿਆਰਾ, ਰੂਪ ਰੰਗ ਰੇਖ ਨਾ ਕੋਈ ਵਡਿਆਈਆ। ਸੁੰਨ ਅਗੰਮੀ ਧੂਆਂਧਾਰਾ, ਚਿਤਰ ਗੁਪਤ ਰਾਏ ਧਰਮ ਆਪ ਬਹਾਈਆ। ਦੋਹਾਂ ਦ੍ਰਿਸ਼ਟ ਕਰੇ ਪਿਆਰਾ, ਇਸ਼ਟ ਨਾਰ ਰੂਪ ਪਰਗਟਾਈਆ। ਆਪਣੇ ਅੰਦਰ ਆਪੇ ਨਿਮੇ ਆਪੇ ਵੇਖਣਹਾਰਾ, ਚਿਤਰ ਗੁਪਤ ਭੇਵ ਨਾ ਰਾਈਆ। ਰਾਏ ਧਰਮ ਨਾ ਕਰੇ ਵਿਚਾਰਾ, ਕਵਣ ਰੂਪ ਹੋਈ ਕੁੜਮਾਈਆ। ਨੌਂ ਜੁਗ ਕਰਿਆ ਖੇਲ ਨਿਆਰਾ, ਅੰਦਰੇ ਅੰਦਰ ਵੇਖ ਵਖਾਈਆ। ਛੱਤੀ ਜੁਗ ਕਰ ਪਾਰ ਕਿਨਾਰਾ, ਸ਼ਹਿਨਸ਼ਾਹ ਆਪਣੀ ਕਲ ਵਰਤਾਈਆ। ਧਰਮ ਰਾਏ ਘਰ ਜਨਮ ਦਵਾਏ, ਕਵਾਰੀ ਕੰਨਿਆ ਸਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਕੁਆਰੀ ਕੰਨਿਆ ਜਨਮ ਦਵਾਇਆ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਧਰਮ ਰਾਏ ਘਰ ਮੰਗਲ ਗਾਇਆ, ਚਿਤਰ ਗੁਪਤ ਮਰਦੰਗ ਵਜਾਇੰਦਾ। ਭੋਲਾ ਨਾਥ ਵੇਖਣ ਆਇਆ, ਤਨ ਖ਼ਾਕੀ ਖ਼ਾਕ ਰਮਾਇੰਦਾ। ਹੱਥ ਤ੍ਰਸੂਲ ਉਠਾਇਆ, ਉਚੀ ਕੂਕ ਅਲੱਖ ਜਗਾਇੰਦਾ। ਅਲੱਖ ਨਿਰੰਜਣ ਬੇਪਰਵਾਹਿਆ, ਭੇਵ ਕੋਇ ਨਾ ਪਾਇੰਦਾ। ਰਾਏ ਧਰਮ ਉਠ ਸੀਸ ਝੁਕਾਇਆ, ਗੁਰਦੇਵ ਨਮੋ ਸੁਣਾਇੰਦਾ। ਚਿਤਰ ਗੁਪਤ ਸੇਵ ਕਮਾਇਆ, ਅੰਤਰ ਲਿਵ ਇਕ ਰਖਾਇੰਦਾ। ਸ਼ੰਕਰ ਏਕਾ ਨੈਣ ਉਠਾਇਆ, ਕੁਆਰੀ ਕੰਨਿਆ ਵੇਖ ਵਖਾਇੰਦਾ। ਕਵਣ ਸਪੁਤਰੀ ਨਾਉਂ ਧਰਾਇਆ, ਕਵਣ ਦੁਆਰੇ ਆਪ ਬਹਾਇੰਦਾ । ਰਾਏ ਧਰਮ ਰਿਹਾ ਸ਼ਰਮਾਇਆ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਕੁਆਰੀ ਕੰਨਿਆ ਕਰ ਪਰਨਾਮ, ਦੋਏ ਦੋਏ ਲੋਚਣ ਦਰਸਨ ਪਾਈਆ। ਗੁਰਦੇਵ ਨਮੋ ਨਮਸਤੇ ਦੇਣਾ ਏਕਾ ਨਾਮ, ਦਿਵਸ ਰੈਣ ਕਵਣ ਗੀਤ ਗਾਈਆ । ਭੋਲਾ ਨਾਥ ਕਰ ਪਛਾਣ ਦੇਵੇ ਮਾਣ, ਉਚੀ ਕੂਕ ਕੂਕ ਸੁਣਾਈਆ। ਤੇਰੀ ਖੇਲ ਵੇਖੇ ਜਗਤ ਮਹਾਨ, ਲੱਖ ਚੁਰਾਸੀ ਤੇਰਾ ਸੰਗ ਨਿਭਾਈਆ। ਤੇਰਾ ਨਾਉਂ ਕਰਾ ਪਰਧਾਨ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰਹੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਈਆ। ਭੋਲੇ ਨਾਥ ਧਰਿਆ ਨਾਉਂ, ਲਾੜੀ ਮੌਤ ਕਰੇ ਪੁਕਾਰਿਆ । ਲੱਖ ਚੁਰਾਸੀ ਤੇਰਾ ਗਰਾਉਂ, ਘਰ ਮੰਦਰ ਆਪ ਸੁਹਾ ਰਿਹਾ। ਨੌਂ ਖੰਡ ਪ੍ਰਿਥਮੀ ਵੇਖਣਾ ਤੇਰਾ ਥਾਉਂ, ਸ੍ਰਿਸ਼ਟ ਸਬਾਈ ਸੇਵਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਤ ਆਪ ਸਮਝਾ ਰਿਹਾ। ਲਾੜੀ ਮੌਤ ਨਾਉਂ ਰਖਾਇਆ, ਧਰਮ ਸਪੁਤਰੀ ਦਏ ਵਡਿਆਈਆ। ਜੋ ਘੜਿਆ ਸੋ ਭੰਨ ਵਖਾਇਆ, ਅੰਤ ਕੋਇ ਰਹਿਣ ਨਾ ਪਾਈਆ। ਇਕ ਦਵਾਰਾ ਦਏ ਸਮਝਾਇਆ, ਭੁੱਲ ਰਹੇ ਨਾ ਰਾਈਆ। ਜੁਗਾ ਜੁਗੰਤ ਹਰਿ ਭਗਵੰਤ ਸਾਚੇ ਭਗਤ ਲਏ ਉਠਾਇਆ, ਆਪਣੇ ਨਾਮ ਕਰੇ ਪੜ੍ਹਾਈਆ। ਸਾਚੇ ਸੰਤਾਂ ਲਏ ਸਮਝਾਇਆ, ਸਾਚੀ ਸਿਖ਼ਿਆ ਇਕ ਵਖਾਈਆ। ਗੁਰਮੁਖ ਗੁਰ ਗੁਰ ਲਏ ਜਗਾਇਆ, ਰੂਪ ਅਨੂਪ ਇਕ ਦਰਸਾਈਆ। ਗੁਰਸਿਖ ਰੰਗ ਲਏ ਰੰਗਾਇਆ, ਰੰਗ ਰੰਗਣ ਇਕ ਵਡਿਆਈਆ। ਵੇਲੇ ਅੰਤ ਪੁਰਖ ਅਬਿਨਾਸ਼ੀ ਹੋਏ ਸਹਾਇਆ, ਨਿਰਗੁਣ ਆਪਣਾ ਰੂਪ ਧਰਾਈਆ। ਲੱਖ ਚੁਰਾਸੀ ਤੇਰਾ ਕੰਤ, ਜੁਗ ਜੁਗ ਲੈਣਾ ਪਰਨਾਈਆ। ਕਲਜੁਗ ਅੰਤਮ ਨਰ ਹਰਿ ਨਰਾਇਣ ਬਣਾਏ ਆਪਣੀ ਬਣਤ, ਨਿਹਕਲੰਕਾ ਜਾਮਾ ਪਾਈਆ। ਲਹਿਣਾ ਦੇਣਾ ਚੁਕਾਏ ਅੰਤਮ ਅੰਤ, ਅੰਤ ਲੇਖਾ ਦਏ ਮੁਕਾਈਆ। ਆਪ ਬਣਾਏ ਆਪਣੀ ਬਣਤ, ਸਾਚੀ ਰਚਨਾ ਫੇਰ ਰਚਾਈਆ। ਨਾਤਾ ਤੁਟੇ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚਾ ਹਰਿ ਸੁਹਾਇਆ, ਨਿਰਗੁਣ ਨਿਰਵੈਰ ਪੁਰਖ ਅਕਾਲ। ਕਲਜੁਗ ਵੇਖ ਵਖਾਇਆ, ਸੰਗ ਰਖਾਏ ਕਾਲ ਮਹਾਂਕਾਲ। ਬ੍ਰਹਮਾ ਵਿਸ਼ਨ ਸ਼ਿਵ ਉਠਾਇਆ, ਤ੍ਰੈਗੁਣ ਮਾਇਆ ਤੋੜ ਜੰਜਾਲ। ਪੰਜ ਤਤ ਚੋਲਾ ਆਪ ਵਟਾਇਆ, ਲੇਖਾ ਜਾਣੇ ਸ਼ਾਹ ਕੰਗਾਲ। ਸਾਚਾ ਢੋਲਾ ਨਾਮ ਸੁਣਾਇਆ, ਸ਼ਬਦ ਅਗੰਮੀ ਬਣ ਦਲਾਲ। ਧੁਰ ਦਾ ਗੋਲਾ ਵੇਖ ਵਖਾਇਆ, ਹਾਲ ਮੁਰੀਦਾਂ ਵੇਖੇ ਆਣ। ਸਾਚਾ ਤੋਲਾ ਬਣ ਕੇ ਆਇਆ, ਧਰਮ ਰਖਾਇਆ ਹੱਥ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕੀ ਮਹਿਮਾ ਕੋਈ ਕਥ ਨਾ ਸਕੇ ਰਾਈਆ। ਹਰਿ ਹਰਿ ਮਹਿਮਾ ਸਦਾ ਅਕਥ, ਰਸਨਾ ਕਥ ਨਾ ਸਕੇ ਰਾਈਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਧੁਰਦਰਗਾਹੀਆ। ਨਾਮ ਦ੍ਰਿੜਾਏ ਸਾਚੀ ਵਥ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਈਆ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਰਖਾਈਆ। ਸਰਬ ਕਲਾ ਆਪ ਸਮਰਥ, ਸਮਰਥ ਪੁਰਖ ਵਡ ਵਡਿਆਈਆ। ਗੁਰਮੁਖਾਂ ਗੁਰਸਿਖਾਂ ਅੰਦਰ ਸਾਚੀ ਵਸਤ ਘੱਤ, ਨਾਮ ਰਤ ਰਤੀ ਰਤ ਰੰਗਾਈਆ। ਸੋਹੰ ਸ਼ਬਦ ਦੇਵੇ ਵਥ, ਆਦਿ ਬ੍ਰਹਮ ਪਾਰਬ੍ਰਹਮ ਸਮਾਈਆ। ਜਗਤ ਵਿਛੋੜਾ ਦੇਵੇ ਕੱਟ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਫੜ, ਕਾਇਆ ਮੰਦਰ ਪੌੜੇ ਚੜ੍ਹ, ਜੀਵ ਜੰਤ ਲੱਖ ਚੁਰਾਸੀ ਭਰਮ ਭੁਲੇਖੇ ਆਪ ਭਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕੋ ਦਾਤਾ, ਜੀਅ ਦਾਨ ਆਪਣੇ ਹੱਥ ਰਖਾਈਆ।
