੧੧ ਅੱਸੂ ੨੦੧੭ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰਾ ਜਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸਤਿਗੁਰ ਪੂਰਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਹਾਜ਼ਰ ਹਜ਼ੂਰਾ, ਥਿਰ ਘਰ ਸਾਚਾ ਆਪ ਵਸਾਇੰਦਾ। ਏਕੰਕਾਰਾ ਵਸਣਹਾਰਾ ਨੇੜੇ ਦੂਰਾ, ਗ੍ਰਹਿ ਮੰਦਰ ਆਪ ਆਪਣਾ ਰੂਪ ਧਰਾਇੰਦਾ। ਆਦਿ ਨਿਰੰਜਣ ਜੋਤੀ ਨੂਰਾ, ਸੁਤੇ ਪਰਕਾਸ਼ ਆਪ ਵਖਾਇੰਦਾ। ਅਬਿਨਾਸ਼ੀ ਕਰਤਾ ਸਤਿ ਸਰੂਰਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਸ੍ਰੀ ਭਗਵਾਨ ਆਪਣੀ ਆਸਾ ਮਨਸਾ ਆਪੇ ਕਰੇ ਪੂਰਾ, ਇਛਿਆ ਭਿਛਿਆ ਝੋਲੀ ਆਪ ਭਰਾਇੰਦਾ। ਪਾਰਬ੍ਰਹਮ ਆਪਣੀ ਮੰਗੇ ਆਪੇ ਧੂੜਾ, ਆਪਣੀ ਬਖ਼ਸ਼ਿਸ਼ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਅਕਲ ਕਲ ਆਪਣਾ ਖੇਲ ਖਿਲਾਇੰਦਾ। ਅਕਲ ਕਲ ਹਰਿ ਖੇਲ ਅਪਾਰਾ, ਨਿਰਗੁਣ ਨਿਰਵੈਰ ਧਾਰ ਚਲਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਬੇਪਰਵਾਹ ਸਹਿਜ ਸੁਖਦਾਈਆ। ਸਚਖੰਡ ਵਸੇ ਸਚ ਦਵਾਰਾ, ਦਰਗਹਿ ਸਾਚੀ ਸੋਭਾ ਪਾਈਆ। ਸਤਿ ਸਤਿਵਾਦੀ ਬੋਲ ਜੈਕਾਰਾ, ਸ਼ਬਦ ਸਾਰ ਸਾਰ ਪਾਈਆ। ਦੋ ਜਹਾਨਾ ਖੇਲ ਨਿਆਰਾ, ਖੇਲ ਖਿਲੰਤਾ ਦਿਸ ਨਾ ਆਈਆ। ਜੁਗਾ ਜੁਗੰਤਰ ਬੰਨ੍ਹੇ ਧਾਰਾ, ਜੁਗ ਕਰਤਾ ਜੋਤ ਜਗਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਆਪਣੀ ਜੋਤ ਜਗਾਈਆ। ਵੰਡੇ ਵੰਡ ਅਪਰ ਅਪਾਰਾ, ਚਾਰ ਨੌਂ ਵੱਜੇ ਵਧਾਈਆ। ਰੰਗ ਰਲੀਆਂ ਮਾਣੇ ਹਰਿ ਕਰਤਾਰਾ, ਭਸਮੜ ਆਪਣੀ ਸੇਜ ਹੰਢਾਈਆ। ਤ੍ਰੈਗੁਣ ਤਤ ਕਰ ਵਣਜਾਰਾ, ਪੰਚਮ ਨਾਤਾ ਵੇਖ ਵਖਾਈਆ। ਸ਼ਬਦ ਅਨਾਦ ਸੱਚੀ ਧੁਨਕਾਰਾ, ਗ੍ਰਹਿ ਮੰਦਰ ਆਪ ਸੁਣਾਈਆ। ਆਦਿ ਜੁਗਾਦੀ ਖੇਲ ਨਿਆਰਾ, ਅੰਤਮ ਅਕਾਰ ਆਪ ਕਰਾਈਆ। ਗੁਰ ਗੁਰ ਲੈ ਮਾਤ ਅਵਤਾਰਾ, ਬ੍ਰਹਮ ਪਾਰਬ੍ਰਹਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ ਉਚ ਅਟੱਲਾ, ਨਿਰਗੁਣ ਸਰਗੁਣ ਰੂਪ ਪਰਗਟਾਈਆ । ਨਿਰਗੁਣ ਸਰਗੁਣ ਵੇਸ ਵਟਾਏ, ਮਹਿਮਾ ਅਕਥ ਕਥੀ ਨਾ ਜਾਈਆ। ਪਾਰਬ੍ਰਹਮ ਹਰਿ ਹਰਿ ਵੇਖ ਵਖਾਏ, ਆਪਣੀ ਰੰਗਣ ਆਪ ਰੰਗਾਈਆ। ਆਪਣਾ ਮਰਦੰਗ ਆਪ ਵਜਾਏ, ਤਾਰ ਸਤਾਰ ਨਾ ਕੋਈ ਹਿਲਾਈਆ । ਸੂਰਾ ਸਰਬੰਗ ਖੇਲ ਖਲ੍ਹਾਏ, ਖ਼ਾਲਕ ਖ਼ਲਕ ਰੂਪ ਵਟਾਈਆ। ਸਾਚਾ ਸਾਲਸ ਬਣ ਕੇ ਆਏ, ਸਾਚਾ ਸ਼ਾਹ ਪਾਤਸ਼ਾਹੀਆ। ਜਗਤ ਮਾਰਗ ਆਪ ਵਖਾਏ, ਲੱਖ ਚੁਰਾਸੀ ਰਾਹ ਚਲਾਈਆ। ਏਕਾ ਮੰਤਰ ਨਾਮ ਦ੍ਰਿੜਾਏ, ਨਿਸ਼ਅੱਖਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਹਰਿ, ਹਰਿ ਆਪਣੀ ਖੇਲ ਖਿਲਾਈਆ। ਹਰਿ ਹਰਿ ਖੇਲ ਖਿਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਲੋਕਮਾਤ ਜੋਤ ਪਰਗਟਾਇੰਦਾ, ਖੇਲੇ ਖੇਲ ਅਪਰ ਅਪਾਰ। ਭਗਤ ਭਗਵੰਤ ਮੇਲ ਮਿਲਾਇੰਦਾ, ਅੰਦਰ ਮੰਦਰ ਪਾਵੇ ਸਾਰ। ਡੂੰਘੀ ਕੰਦਰ ਫੋਲ ਫੁਲਾਇੰਦਾ, ਮੇਟ ਮਿਟਾਏ ਅੰਧ ਅੰਧਿਆਰ। ਜੋਤ ਨਿਰੰਜਣ ਦੀਪ ਜਗਾਇੰਦਾ, ਦਿਵਸ ਰੈਣ ਕਰੇ ਉਜਿਆਰ। ਸਾਚਾ ਮੰਦਰ ਆਪ ਸੁਹਾਇੰਦਾ, ਅੱਠੇ ਪਹਿਰ ਸ਼ਬਦ ਧੁਨਕਾਰ। ਗੁਰ ਸਤਿਗੁਰ ਵੇਸ ਵਟਾਇੰਦਾ, ਸ਼ਬਦੀ ਨਾਉਂ ਅਪਰ ਅਪਾਰ । ਰੂਪ ਰੰਗ ਰੇਖ ਨਾ ਕੋਈ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਬੇਐਬ ਪਰਵਰਦਿਗਾਰ। ਜੁਗ ਕਰਤਾ ਹਰਿ ਕਰਨੇਹਾਰਾ, ਕੁਦਰਤ ਕਾਦਰ ਵੇਖ ਵਖਾਈਆ। ਖੇਲੇ ਖੇਲ ਵਿਚ ਸੰਸਾਰਾ, ਜਗਤ ਸਾਗਰ ਫੋਲ ਫੁਲਾਈਆ। ਵਰਤਾਵੇ ਨਾਮ ਸਚਾ ਵਰਤਾਰਾ, ਏਕਾ ਵਸਤ ਵੰਡ ਵੰਡਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਆਤਮ ਬ੍ਰਹਮ ਵੇਖ ਵਖਾਈਆ। ਕਰੇ ਪ੍ਰਕਾਸ਼ ਬਹੱਤਰ ਨਾੜਾ, ਜੋਤੀ ਜੋਤ ਰੁਸ਼ਨਾਈਆ। ਲੱਗੇ ਅੱਗ ਨਾ ਤੱਤੀ ਹਾੜਾ, ਤ੍ਰੈਗੁਣ ਅਗਨੀ ਦਏ ਬੁਝਾਈਆ। ਪੰਜ ਤਤ ਨਾ ਕੋਈ ਅਖਾੜਾ, ਪੰਚਮ ਸ਼ਬਦ ਨਾਦ ਧੁਨ ਆਪ ਵਜਾਈਆ। ਪੰਚਮ ਮਿਲੇ ਮੀਤ ਮੁਰਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਜੁਗਾ ਜਗੰਤਰ ਸਾਚੀ ਕਾਰਾ, ਹਰਿ ਸੰਤਨ ਵੇਖੇ ਥਾਉਂ ਥਾਈਆ। ਮੰਦਰ ਸੋਹੇ ਇਕ ਦਵਾਰਾ, ਜਿਸ ਦਰ ਆਪਣਾ ਚਰਨ ਛੁਹਾਈਆ। ਮੂਰਖ ਮੂੜੇ ਲਾਵੇ ਪਾਰਾ, ਪਤਤ ਪਾਪੀ ਆਪ ਤਰਾਈਆ। ਏਕਾ ਦੇਵੇ ਨਾਮ ਅਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾਂ ਜੁਗੰਤਰ ਏਕਾ ਦਾਤਾ, ਮੇਟੇ ਰੈਣ ਅੰਧੇਰੀ ਰਾਤਾ, ਸਚ ਸੁੱਚ ਕਰੇ ਰੁਸ਼ਨਾਈਆ। ਜੁਗ ਜੁਗ ਅੰਧੇਰ ਮਿਟਾਇੰਦਾ, ਜਨ ਭਗਤਾਂ ਦੇਵੇ ਬ੍ਰਹਮ ਗਿਆਨ। ਆਪਣਾ ਮੰਤਰ ਆਪ ਦ੍ਰਿੜਾਇੰਦਾ, ਧੁਰ ਦਰਗਾਹੀ ਧੁਰ ਫ਼ਰਮਾਣ। ਸਾਚਾ ਰਾਗ ਇਕ ਅਲਾਇੰਦਾ, ਧੁਨ ਅਨਾਦਿ ਸੱਚੀ ਧੁਨਕਾਨ। ਸਾਚਾ ਸ਼ਬਦ ਆਪ ਸੁਣਾਇੰਦਾ, ਰਸਨਾ ਜਿਹਵਾ ਨਾ ਕੋਇ ਗਾਨ। ਸਾਚਾ ਮੰਦਰ ਆਪ ਵਸਾਇੰਦਾ, ਘਰ ਘਰ ਵਿਚ ਹੋ ਮਿਹਰਵਾਨ। ਬੰਦ ਤਾਕੀ ਆਪ ਖੁਲਾਇੰਦਾ, ਸਤਿਗੁਰ ਪੂਰਾ ਸੂਰਬੀਰ ਬਲੀ ਬਲਵਾਨ। ਸਾਚੇ ਤਖ਼ਤ ਸੋਭਾ ਪਾਇੰਦਾ, ਸ਼ਾਹੋ ਭੂਪ ਬਣ ਸੁਲਤਾਨ। ਆਤਮ ਸੇਜਾ ਆਪ ਹੰਢਾਇੰਦਾ, ਗੁਣਵੰਤਾ, ਗੁਣ ਨਿਧਾਨ। ਗੁਰਮੁਖ ਕਾਇਆ ਚੋਲੀ ਰੰਗ ਰੰਗਾਇੰਦਾ, ਰੰਗਣਹਾਰ ਸ੍ਰੀ ਭਗਵਾਨ। ਆਤਮ ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ, ਈਸ਼ ਜੀਵ ਕਰ ਪਰਵਾਨ। ਝੂਠਾ ਨਾਤਾ ਤੋੜ ਤੁੜਾਇੰਦਾ, ਲੇਖਾ ਚੁੱਕੇ ਪੰਜ ਸ਼ੈਤਾਨ। ਸਾਚਾ ਹੁਕਮ ਆਪ ਸੁਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਾਰ, ਜੁਗਾ ਜੁਗੰਤਰ ਦੇਵੇ ਵਰ, ਗੁਰਮੁਖ ਸਾਚੇ ਮਾਤ ਪਛਾਣ। ਜੁਗ ਜੁਗ ਭਗਤ ਸਲਾਹਿੰਦਾ, ਇਕ ਇਕੱਲਾ ਏਕੰਕਾਰ। ਆਪਣੇ ਭਾਣੇ ਆਪ ਰਹਾਇੰਦਾ, ਭਾਣਾ ਜਾਣੇ ਅਗੰਮ ਅਪਾਰ। ਸ਼ਾਹ ਸੁਲਤਾਨਾਂ ਖ਼ਾਕ ਰਲਾਇੰਦਾ, ਤੋੜਨਹਾਰਾ ਗੜ੍ਹ ਹੰਕਾਰ। ਗ਼ਰੀਬ ਨਿਮਾਣੇ ਗਲੇ ਲਗਾਇੰਦਾ, ਕਿਰਪਾ ਕਰ ਵਿਚ ਸੰਸਾਰ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਇੰਦਾ, ਜੁਗ ਜੁਗ ਚਲੇ ਅਵੱਲੜੀ ਚਾਲ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਕਰ, ਪਿਆਰ। ਗੁਰਮੁਖ ਸਾਚਾ ਮੀਤੜਾ, ਹਰਿ ਸਤਿਗੁਰ ਵੇਖ ਵਖਾਇੰਦਾ। ਦੇਵੇ ਨਾਮ ਇਕ ਅਨਡੀਠੜਾ, ਸਾਚੇ ਮੰਦਰ ਆਪ ਬਿਠਾਇੰਦਾ। ਮਿੱਠਾ ਕਰੇ ਕਾਇਆ ਰੀਠੜਾ, ਅੰਮ੍ਰਿਤ ਆਤਮ ਰਸ ਚਖਾਇੰਦਾ। ਸ਼ਬਦ ਸੁਣਾਏ ਸੁਹਾਗੀ ਗੀਤੜਾ, ਸਾਚੇ ਮੰਦਰ ਬਹਿ ਬਹਿ ਗਾਇੰਦਾ। ਮਨ ਮਨੂਆ ਕਰੇ ਪਤਿਤ ਪੁਨੀਤੜਾ, ਪਤਿਤ ਪਾਪੀ ਤਰਾਇੰਦਾ । ਜੁਗ ਜੁਗ ਚਲਾਏ ਆਪਣੀ ਰੀਤੜਾ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ । ਕਲਜੁਗ ਚੌਥਾ ਜੁਗ ਅੰਤਮ ਬੀਤੜਾ, ਥਿਰ ਕੋਇ ਰਹਿਣ ਨਾ ਪਾਇੰਦਾ। ਵੇਖਣਹਾਰਾ ਚਾਰ ਕੁੰਟ ਦਹਿ ਦਿਸ਼ਾ ਹਸਤ ਕੀਟੜਾ, ਇਕ ਇਕੱਲਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚਾ ਮੇਲਿਆ, ਕਰ ਕਿਰਪਾ ਗੁਰ ਕਰਤਾਰ। ਲੇਖਾ ਜਾਣੇ ਗੁਰੂ ਗੁਰ ਚੇਲਿਆ, ਆਪ ਸੁਹਾਏ ਬੰਕ ਦਵਾਰ। ਸਖ਼ਾ ਸਖ਼ਾਈ ਸੱਜਣ ਸਹੇਲਿਆ, ਆਦਿ ਜੁਗਾਦੀ ਮੀਤ ਮੁਰਾਰ। ਆਪੇ ਜਾਣੇ ਆਪਣਾ ਵਕਤ ਵੇਲਿਆ, ਥਿਤ ਵਾਰ ਨਾ ਪਾਵੇ ਕੋਈ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਬੰਕ ਦਵਾਰ। ਬੰਕ ਦਵਾਰਾ ਸੋਭਾਵੰਤ, ਗੁਰ ਸਤਿਗੁਰ ਸੱਜਣ ਪਾਇਆ। ਪੁਰਖ ਅਬਿਨਾਸ਼ੀ ਮਿਲਿਆ ਏਕਾ ਕੰਤ, ਘਰ ਸੁਹੰਜਣੀ ਸੇਜ ਸੁਹਾਇਆ। ਸ਼ਬਦ ਜਣਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਇਆ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਖੇਲ ਖਿਲਾਇਆ। ਜੁਗ ਜੁਗ ਮਹਿਮਾ ਅਗਣਤ, ਅਗਣਤ ਵੇਦ ਪੁਰਾਨ ਰਹੇ ਜਸ ਗਾਇਆ। ਲੇਖਾ ਲਾਏ ਸਾਚੇ ਸੰਤ, ਸਤਿ ਸਤਿਵਾਦੀ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਮਿਲਾਇਆ। ਗੁਰਮੁਖ ਸ਼ਬਦ ਮਿਲਾਇੰਦਾ, ਸੁਰਤੀ ਸੁਰਤ ਕਰ ਵਿਚਾਰ। ਮੂਰਤ ਅਕਾਲ ਵੇਖ ਵਖਾਇੰਦਾ, ਨਿਰਗੁਣ ਰੂਪ ਨਿਰਾਕਾਰ। ਨਾਮ ਢੋਲ ਮਰਦੰਗ ਵਜਾਇੰਦਾ, ਧੁਨ ਅਗੰਮੀ ਇਕ ਧੁਨਕਾਰ। ਜੂਨੀ ਰਹਿਤ ਦਿਸ ਨਾ ਆਇੰਦਾ, ਕਲਜੁਗ ਤੇਰੀ ਅੰਤਮ ਵਾਰ। ਸਾਚਾ ਡੰਕਾ ਇਕ ਵਖਾਇੰਦਾ, ਦੋ ਜਹਾਨਾਂ ਕਰੇ ਖ਼ਬਰਦਾਰ। ਰਾਓ ਰੰਕਾਂ ਆਪ ਉਠਾਇੰਦਾ, ਸ਼ਾਹ ਸੁਲਤਾਨਾ ਮਾਰੇ ਮਾਰ। ਗੁਰਸਿਖ ਜਨਕਾ ਆਪ ਤਰਾਇੰਦਾ, ਜਨ ਜਨਨੀ ਲਾਏ ਪਾਰ। ਆਪਣੀ ਬਣਤਾ ਆਪ ਬਣਾਇੰਦਾ, ਆਪੇ ਬੇੜਾ ਬੰਨਣਹਾਰ। ਗੁਰਮੁਖ ਸੰਤਾ ਵੇਖ ਵਖਾਇੰਦਾ, ਗੁਰ ਸੂਰਾ ਕਰ ਪਿਆਰ। ਆਸਾ ਮਨਸਾ ਪੂਰ ਕਰਾਇੰਦਾ, ਫੁਲ ਫੁਲਵਾੜੀ ਲਾਏ ਪੱਤ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਬੰਧਨ ਪਾਇੰਦਾ। ਹਰਿਜਨ ਬੇੜਾ ਆਪੇ ਬੰਨ੍ਹ, ਜੁਗ ਜੁਗ ਦਇਆ ਕਮਾਇੰਦਾ। ਗੁਰਮੁਖ ਵਡਿਆਈ ਧੰਨ ਧੰਨ, ਸਤਿਗੁਰ ਪੂਰਾ ਰਸਨਾ ਜਿਹਵਾ ਗਾਇੰਦਾ। ਲੇਖਾ ਜਾਣੇ ਗੋਕਲ ਮਥਰਾ ਬਿੰਦਰਾਬਨ, ਜਗਤ ਦੁਆਰਕਾ ਆਪਣੇ ਚਰਨਾ ਹੇਠ ਦਬਾਇੰਦਾ। ਭਾਗ ਲਗਾਏ ਹਰਿਜਨ ਤੇਰੀ ਛੱਪਰੀ ਛੰਨ, ਸਾਚੇ ਮੰਦਰ ਸੋਭਾ ਪਾਇੰਦਾ। ਨਿਰਗੁਣ ਜੋਤ ਪਰਕਾਸ਼ ਸੂਰਜ ਚੰਨ, ਕੋਟਨ ਭਾਨ ਮੁਖ ਸ਼ਰਮਾਇੰਦਾ। ਏਕਾ ਰਾਗ ਸੁਣਾਏ ਕੰਨ, ਅਨਭਵ ਆਪਣਾ ਰੂਪ ਦਰਸਾਇੰਦਾ। ਮਨ ਪੰਖੀ ਸ਼ਬਦ ਡੋਰੀ ਲਏ ਬੰਨ, ਉਡ ਉਡ ਨਾ ਦਹਿ ਦਿਸ਼ ਧਾਇੰਦਾ। ਕਾਇਆ ਚੋਲੀ ਭਾਗ ਲਗਾਏ ਪੰਜ ਤਤ ਤਨ, ਧਨ ਸਾਚਾ ਵਿਚ ਟਿਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਖਾਇੰਦਾ। ਸਾਚੀ ਵਸਤ ਨਾਮ ਗੁਰਦੇਵ, ਗੁਰ ਗੁਰਮੁਖ ਝੋਲੀ ਪਾਇੰਦਾ। ਅਬਿਨਾਸ਼ੀ ਕਰਤਾ ਅਲੱਖ ਅਭੇਵ, ਅਗੰਮ ਅਥਾਹ ਬੇਪਰਵਾਹ ਆਪਣਾ ਖੇਲ ਆਪ ਖਲਾਇੰਦਾ। ਜੁਗ ਜੁਗ ਜਾਣੇ ਜਾਨਣਹਾਰ ਸੇਵ, ਪੂਰਬ ਜਨਮਾਂ ਵੇਖ ਵਖਾਇੰਦਾ। ਵਡ ਵਡਾ ਆਤਮ ਪਰਮਾਤਮ ਦੇਵ, ਦੇਵੀ ਦੇਵ ਆਪ ਅਖਵਾਇੰਦਾ। ਆਦਿ ਜੁਗਾਦਿ ਸਦਾ ਨੇਹਕੇਵ, ਨੇਹਚਲ ਆਪਣਾ ਧਾਮ ਵਸਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਰਸ ਸਾਚਾ ਮੇਵ, ਸਾਚਾ ਫਲ ਆਪ ਖਵਾਇੰਦਾ। ਜਿਸ ਜਨ ਗਾਇਆ ਰਸਨਾ ਜਿਹਵ, ਜੀਵਣ ਜੁਗਤ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਸਾਚੇ ਵੇਖਣਹਾਰ ਆਇਆ, ਨਿਰਗੁਣ ਜੋਤੀ ਜਾਮਾ ਧਾਰ। ਕਲਜੁਗ ਸਤਿਜੁਗ ਬਣੇ ਦਾਈ ਦਾਇਆ, ਸੇਵਾ ਕਰੇ ਆਪ ਨਿਰੰਕਾਰ। ਧਰਤ ਧਵਲ ਦਏ ਸੁਹਾਇਆ, ਧਰ ਧਰਨੀ ਸੁਣ ਪੁਕਾਰ। ਅਕਾਸ਼ ਪਰਕਾਸ਼ ਦਏ ਕਰਾਇਆ, ਨਿਰਗੁਣ ਦੀਪਕ ਕਰ ਉਜਿਆਰ। ਸਵਛ ਸਰੂਪੀ ਰੂਪ ਪਰਗਟਾਇਆ, ਪਾਰਬ੍ਰਹਮ ਪ੍ਰਭ ਖੇਲ ਨਿਆਰ। ਦਹਿ ਦਿਸ਼ਾ ਚਾਰ ਕੂਟੀ ਏਕਾ ਸ਼ਬਦ ਜਣਾਇਆ, ਸ਼ਬਦ ਨਾਦ ਸੱਚੀ ਧੁਨਕਾਰ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਫੋਲ ਫੁਲਾਇਆ, ਕਰੇ ਖੇਲ ਨਿਰਗੁਣ ਨਿਰਾਕਾਰ। ਕਲਜੁਗ ਅੰਤਮ ਵੇਸ ਵਟਾਇਆ, ਰੂਪ ਰੰਗ ਰੇਖ ਨਾ ਸਕੇ ਕੋਈ ਵਿਚਾਰ। ਗੁਰਮੁਖ ਸਾਚੇ ਲਏ ਜਗਾਇਆ, ਘਰ ਮੰਦਰ ਖੋਲ੍ਹ ਕਿਵਾੜ। ਹਰਿ ਮੰਦਰ ਦਏ ਇਕ ਸੁਹਾਇਆ, ਤ੍ਰੈਗੁਣ ਨਾਤਾ ਤੋੜ ਜੰਜਾਲ। ਅੰਦਰੇ ਅੰਦਰ ਮੇਲ ਮਿਲਾਇਆ, ਪਾਰਬ੍ਰਹਮ ਕਰੇ ਹਰਿ ਹਰਿ ਇਕ ਪਿਆਰ। ਸੁਰਤ ਸਵਾਣੀ ਬਣ ਵਖਾਇਆ, ਜਗਤ ਵਾਸਨਾ ਕਰ ਖ਼ਵਾਰ। ਸਾਚੇ ਹਾਣੀ ਸ਼ਬਦ ਮਿਲਾਇਆ, ਦਰ ਸੋਹੇ ਨਾਰੀ ਪ੍ਰਿਆ ਭਤਾਰ। ਗੀਤ ਸੁਹਾਗੀ ਏਕਾ ਗਾਇਆ, ਦਿਵਸ ਰੈਣ ਮੰਗਲਾਚਾਰ। ਅਨੰਦ ਅਨੰਦ ਗੁਰ ਇਕ ਵਖਾਇਆ, ਪਰਮਾਨੰਦ ਰਹੇ ਖ਼ਵਾਰ। ਬੰਦੀ ਬੰਧਨ ਗੁਰ ਵਖਾਇਆ, ਨਾਤਾ ਤੋੜੇ ਤੋੜਨਹਾਰ। ਵਾਸਨਾ ਗੰਦੀ ਦਏ ਕਢਾਇਆ, ਜਿਸ ਸਿਰ ਹੱਥ ਧਰੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਸਚ ਦਰਬਾਰ। ਗੁਰਮੁਖ ਦਵਾਰ ਸੁਹੰਜਣਾ, ਸੁਹਾਵਣਹਾਰ ਆਪ ਨਿਰੰਕਾਰ। ਜਗੇ ਦੀਪਕ ਇਕ ਨਿਰੰਜਣਾ, ਨਿਰਗੁਣ ਨੂਰ ਹੋਏ ਉਜਿਆਰ। ਸਤਿਗੁਰ ਮਿਲਿਆ ਦਰਦ ਦੁਖ ਭੈ ਭੰਜਨਾ, ਭਵ ਸਾਗਰ ਕਰੇ ਪਾਰ। ਨੇਤਰ ਪਾਏ ਨਾਮ ਅੰਜਨਾ, ਮੇਟ ਮਿਟਾਏ ਅੰਧ ਅੰਧਿਆਰ। ਅੰਤ ਕਾਲ ਕਲ ਰੱਖੇ ਲੱਜਣਾ, ਰਾਏ ਧਰਮ ਨਾ ਕਰੇ ਖ਼ਵਾਰ। ਘਰ ਨਾਦ ਅਨਾਦੀ ਵੱਜਣਾ, ਸ਼ਬਦੀ ਸ਼ਬਦ ਕਰੇ ਗੁਫ਼ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫਲ ਲਗਾਏ ਸਾਚੇ ਡਾਰ। ਸਾਚਾ ਫਲ ਬੂਟਾ ਲਾਏ ਜਗ, ਜੜ੍ਹ ਆਪਣੇ ਹੱਥ ਰਖਾਈਆ। ਚੇਤਨ ਰੂਪ ਸੂਰਾ ਸਰਬੱਗ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਵਸੇ ਉਪਰ ਸ਼ਾਹ ਰਗ, ਸਾਚਾ ਮੰਦਰ ਆਪ ਸੁਹਾਈਆ। ਜਨ ਭਗਤਾਂ ਬੰਨ੍ਹੇ ਭਗਤੀ ਤਗ, ਨਾਮ ਡੋਰੀ ਤੰਦ ਬੰਧਾਈਆ। ਹਰਿ ਸ਼ਬਦ ਬੁਝਾਏ ਅਗਨੀ ਅੱਗ, ਤਤਵ ਤਤ ਨਾ ਕੋਈ ਜਲਾਈਆ। ਗੁਰਮੁਖਾਂ ਮੇਟੇ ਦੂਰ ਦੁਰਾਡਾ ਪੰਧ, ਸਾਚਾ ਪਾਂਧੀ ਬੇਪਰਵਾਹੀਆ। ਬੇਪਰਵਾਹ ਗੁਰਸਿਖਾਂ ਸੁਣਾਏ ਏਕਾ ਛੰਦ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਉਮੇਂ ਹੰਗਤ ਢਾਏ ਕੰਧ, ਹੰ ਬ੍ਰਹਮ ਇਕ ਵਖਾਈਆ। ਨਿਝ ਘਰ ਵਖਾਏ ਨਿਜਾਨੰਦ, ਨਿਝ ਅੰਮ੍ਰਿਤ ਜਾਮ ਪਿਆਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਰਹੇ ਨਾ ਰਾਈਆ। ਸਰਬ ਜੀਆਂ ਦਾਤਾ ਬਖ਼ਸ਼ੰਦ, ਬਖ਼ਸ਼ਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰਮੁਖ ਲਏ ਉਠਾਈਆ। ਗੁਰਮੁਖ ਸ਼ਬਦ ਜਗਾਇਆ, ਜਾਗਰਤ ਜੋਤ ਇਕ ਜਗਾ । ਗੁਰਸਿਖ ਸ਼ਬਦ ਸੁਣਾਇਆ, ਅਨਹਦ ਅਨਾਦੀ ਰਾਗ ਅਲ੍ਹਾ। ਗੁਰਮੁਖ ਮੇਲ ਮਿਲਾਇਆ, ਦੂਈ ਦਵੈਤੀ ਪਰਦਾ ਲਾਹ। ਗੁਰਸਿਖ ਰੰਗ ਰੰਗਾਇਆ, ਰੰਗ ਰੰਗੀਲਾ ਇਕ ਚੜ੍ਹਾ। ਗੁਰਮੁਖ ਸੇਜ ਹੰਢਾਇਆ, ਆਤਮ ਸੇਜਾ ਸੋਭਾ ਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਇਆ। ਹਰਿਜਨ ਸਦਾ ਸਹਾਇਕ, ਸਤਿਗੁਰ ਦੀਨ ਦੁਨੀ ਵੇਖ ਵਖਾਇੰਦਾ। ਲੇਖਾ ਜਾਣੇ ਧੁਰ ਮਸਤਕ ਆਪੇ ਜਾਏ ਬੌਹੜ, ਪੂਰਬ ਕਰਮਾਂ ਫੋਲ ਫੁਲਾਇੰਦਾ। ਲੱਖ ਚੁਰਾਸੀ ਵਿਚੋਂ ਫਲ ਵੇਖੇ ਮਿੱਠਾ ਕੌੜ, ਕਰਤਾ ਕੀਮਤ ਆਪੇ ਪਾਇੰਦਾ। ਆਦਿ ਜੁਗਾਦਿ ਸ਼ਬਦ ਗੁਰਦੇਵ ਦੋ ਜਹਾਨਾ ਰਿਹਾ ਦੌੜ, ਲੋਕਮਾਤ ਵੇਸ ਵਟਾਇੰਦਾ। ਨਿਰਗੁਣ ਸਰਗੁਣ ਅੰਦਰ ਲਾਏ ਪੌੜ, ਚੌਥਾ ਡੰਡਾ ਹੱਥ ਰਖਾਇੰਦਾ। ਜਨ ਭਗਤਾਂ ਬੁਝਾਏ ਲੱਗੀ ਔੜ, ਜਨਮ ਜਨਮ ਦੀ ਪਿਆਸ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਭਗਤ ਆਪਣੇ ਲੇਖੇ ਲਾਇੰਦਾ। ਹਰਿ ਭਗਤ ਲੇਖਾ ਮੰਗਣਾ, ਕਲਜੁਗ ਤੇਰੀ ਅੰਤਮ ਵਾਰ। ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਅਗਨੀ ਤਤ ਵਗਣਾ, ਕੋਈ ਕਰੇ ਨਾ ਠੰਡਾ ਠਾਰ। ਕਲਜੁਗ ਜੀਵ ਹੰਸ ਹੋਏ ਕਗਨਾ, ਕਾਗ ਰਲੇ ਕਾਗਾਂ ਡਾਰ। ਕਾਲ ਨਗਾਰਾ ਸਭ ਦੇ ਸਿਰ ਤੇ ਵੱਜਣਾ, ਉਚੀ ਕੂਕੇ ਕਰੇ ਪਿਆਰ। ਜੋ ਘੜਿਆ ਸੋ ਭੱਜਣਾ, ਥਿਰ ਰਹੇ ਨਾ ਵਿਚ ਸੰਸਾਰ। ਗੁਰ ਗੋਬਿੰਦ ਸੂਰਾ ਏਕਾ ਗੱਜਣਾ, ਸਿੰਘ ਰੂਪ ਸ਼ਾਹ ਅਸਵਾਰ। ਗੁਰਮੁਖਾਂ ਪਰਦਾ ਅੰਤਮ ਕੱਜਣਾ, ਦਿਵਸ ਰੈਣ ਪਾਵੇ ਸਾਰ। ਸਚ ਚਲਾਏ ਨਾਮ ਜਹਾਜਣਾ, ਗੁਰਮੁਖ ਸਾਚੇ ਲਏ ਚਾੜ੍ਹ। ਅੰਦਰ ਮੰਦਰ ਮਾਰੇ ਵਾਜਣਾ, ਸੋਈ ਸੁਰਤੀ ਲਏ ਉਠਾਲ। ਨਿਰਗੁਣ ਸਰਗੁਣ ਰਚਿਆ ਕਾਜਨਾ, ਕਾਜ ਕਰੇ ਆਪ ਕਰਤਾਰ। ਸ਼ਾਹੋ ਭੂਪ ਵਡ ਰਾਜਨ ਰਾਜਨਾ, ਨਿਹਕਲੰਕਾ ਨਰ ਅਵਤਾਰ। ਆਪੇ ਹੋਏ ਗ਼ਰੀਬ ਨਿਵਾਜਨਾ, ਗ਼ਰੀਬ ਨਿਮਾਣੇ ਲਾਏ ਪਾਰ। ਸਾਚੇ ਅਸਵ ਚੜ੍ਹੇ ਤਾਜਨਾ, ਤ੍ਰਲੋਕੀ ਚਰਨਾ ਹੇਠ ਲਤਾੜ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਵੇਖੇ ਰਚੀ ਸਾਜਨਾ, ਨਿਰਗੁਣ ਨਿਰਗੁਣ ਹੋ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ। ਜੁਗ ਜੁਗ ਕਾਰ ਕਮਾਇੰਦਾ, ਕਰਤਾ ਪੁਰਖ ਦੀਨ ਦਿਆਲ। ਜੁਗ ਜੁਗ ਆਪਣਾ ਰੂਪ ਵਟਾਇੰਦਾ, ਜੁਗ ਜੁਗ ਸੇਵ ਲਗਾਏ ਕਾਲ ਮਹਾਂਕਾਲ। ਜੁਗ ਜੁਗ ਸ਼ਸਤਰ ਖੰਡਾ ਹੱਥ ਚਮਕਾਇੰਦਾ, ਜੁਗ ਜੁਗ ਵੇਖੇ ਚਿਲਾ ਤੀਰ ਕਮਾਨ। ਜੁਗ ਜੁਗ ਲੱਖ ਚੁਰਾਸੀ ਰਥ ਚਲਾਇੰਦਾ, ਰਥ ਰਥਵਾਹੀ ਬੇਮਿਸਾਲ। ਜੁਗ ਜੁਗ ਅਕਥ ਕਹਾਣੀ ਆਪ ਸੁਣਾਇੰਦਾ, ਕੋਈ ਕਥੇ ਨਾ ਵਿਚ ਸੰਸਾਰ। ਜੁਗ ਜੁਗ ਸ੍ਰਿਸ਼ਟ ਸਬਾਈ ਮਥ ਵਖਾਇੰਦਾ, ਨਾਮ ਮਧਾਨਾ ਏਕਾ ਡਾਰ। ਜੁਗ ਜੁਗ ਆਪਣਾ ਹੱਥ ਉਠਾਇੰਦਾ, ਜਨ ਭਗਤਾਂ ਕਰੇ ਸਚ ਪਿਆਰ। ਜੁਗ ਜੁਗ ਸਮਰਥ ਪੁਰਖ ਖੇਲ ਖਿਲਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ। ਕਲਜੁਗ ਅੰਤਮ ਜੋਤ ਜਗਾਇੰਦਾ, ਨਿਹਕਲੰਕਾ ਲਏ ਅਵਤਾਰ। ਜੂਠ ਝੂਠ ਜਗਤ ਮਿਟਾਇੰਦਾ, ਕੂੜ ਕੁੜਿਆਰਾ, ਕਰੇ ਖ਼ਵਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ, ਸੀਸ ਤਾਜ ਰੱਖੇ ਨਾ ਕੋਈ ਦਸਤਾਰ। ਚਾਰ ਵਰਨਾਂ ਏਕਾ ਦਰ ਵਖਾਇੰਦਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਪਿਆਰ। ਸਾਚਾ ਖੰਡਾ ਹੱਥ ਚਮਕਾਇੰਦਾ, ਬਹੱਤਰ ਨਾੜੀ ਮਾਰੇ ਮਾਰ। ਬ੍ਰਹਿਮੰਡਾਂ ਵੇਖ ਵਖਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਲਏ ਉਭਾਰ। ਕ੍ਰੋੜ ਤੇਤੀਸਾ ਪੰਧ ਮੁਕਾਇੰਦਾ, ਸੁਰਪਤ ਰਾਜਾ ਇੰਦ ਬਾਜੀ ਜਾਏ ਹਾਰ। ਸ਼ੰਕਰ ਆਪਣਾ ਹਾਰ ਸੁਟਾਇੰਦਾ, ਬਾਸ਼ਕ ਤਸ਼ਕਾ ਨਾ ਕੋਈ ਵਿਚਾਰ। ਹਰਿ ਹਰਿ ਪਾਰਬ੍ਰਹਮ ਰਾਹ ਤਕਾਇੰਦਾ, ਮੇਲ ਮਿਲਾਏ ਅੰਤਮ ਵਾਰ। ਵਿਸ਼ਨੂੰ ਸਾਂਗੋਂ ਪਾਂਗ ਸੇਜ ਪਰੇ ਹਟਾਇੰਦਾ, ਦਰ ਦਵਾਰ ਬਣੇ ਭਿਖਾਰ। ਪੁਰਖ ਅਬਿਨਾਸ਼ੀ ਹੁਕਮ ਜਣਾਇੰਦਾ, ਤਿੰਨਾਂ ਲੋਕਾਂ ਏਕਾ ਵਾਰ। ਚੌਦਾਂ ਲੋਕ ਹੱਟ ਖੁਲ੍ਹਾਇੰਦਾ, ਚੌਦਾਂ ਤਬਕਾਂ ਮਾਰੇ ਮਾਰ। ਚੌਦਾਂ ਵਿਦਿਆ ਪੰਧ ਮੁਕਾਇੰਦਾ, ਚੌਦਸ ਚੌਦਾਂ ਹੋਏ ਅੰਧਿਆਰ। ਸਦੀ ਚੌਧਵੀਂ ਵੇਖ ਵਖਾਇੰਦਾ, ਵੇਖਣਹਾਰਾ ਆਪ ਨਿਰੰਕਾਰ। ਤ੍ਰੈਗੁਣ ਅਗਨੀ ਮਠ ਤਪਾਇੰਦਾ, ਜੋਤੀ ਲੰਬੂ ਲਾਏ ਆਪ ਕਰਤਾਰ। ਪੰਜ ਤਤ ਹੱਡੀਆਂ ਬਾਲਣ ਵਿਚ ਡਾਹਿੰਦਾ, ਕਾਲ ਸੇਵਾ ਕਰੇ ਦਵਾਰ। ਮਹਾਂਕਾਲ ਦਇਆ ਕਮਾਇੰਦਾ, ਦਿਵਸ ਰੈਣ ਕਰੇ ਵਿਚਾਰ। ਲੱਖ ਚੁਰਾਸੀ ਵਿਚੋਂ ਗੁਰਮੁਖ ਗੁਰਸਿਖ ਫੜ ਫੜ ਆਪ ਉਠਾਇੰਦਾ, ਲਿਆਏ ਖਿਚ ਸਤਿਗੁਰ ਚਰਨ ਦਵਾਰ। ਨਿਹਕਲੰਕ ਨਰ ਹਰਿ ਨਰਾਇਣ ਜੋਤੀ ਜਾਮਾ ਭੇਖ ਵਟਾਇੰਦਾ, ਗੁਰ ਪੀਰ ਅਵਤਾਰ ਰਸਨਾ ਗਾ ਗਾ ਗਏ ਵਿਚਾਰ। ਅੰਤਮ ਲੇਖਾ ਆਪਣੇ ਹੱਥ ਰਖਾਇੰਦਾ, ਗੁਰ ਗੋਬਿੰਦ ਕਰੇ ਪਿਆਰ। ਸਾਢੇ ਤਿੰਨ ਹੱਥ ਮੰਦਰ ਬਣਾਇੰਦਾ, ਨੌਂ ਦਰ ਕਰੇ ਸ਼ੰਗਾਰ। ਦਸਵੇਂ ਆਪਣਾ ਆਸਣ ਲਾਇੰਦਾ, ਦਿਸ ਨਾ ਆਏ ਵਿਚ ਸੰਸਾਰ। ਗੁਰਸਿਖਾਂ ਦਸਮ ਦੁਆਰੀ ਬੰਦ ਘਰ ਆਪ ਖੁਲ੍ਹਾਇੰਦਾ, ਸ਼ਬਦ ਖੰਡਾਂ ਫੜ ਤੇਜ ਕਟਾਰ। ਪੂਜਾ ਪਾਠ ਜਪ ਤਪ ਨਾ ਕੋਈ ਕਰਾਇੰਦਾ, ਸਤਿ ਹਠ ਨਾ ਕਰੇ ਕੋਈ ਵਿਚਾਰ। ਅਠਸਠ ਤੀਰਥ ਨਾ ਕੋਈ ਨਹਾਇੰਦਾ, ਨਾ ਕੋਈ ਘਾਲੇ ਜਗਤ ਘਾਲ। ਜਿਸ ਸਿਰ ਆਪਣਾ ਹੱਥ ਰਖਾਇੰਦਾ, ਗੁਰਮੁਖ ਬਣਾਏ ਸਾਚੇ ਲਾਲ। ਹੋਏ ਪ੍ਰਤੱਖ ਦਰਸ ਦਿਖਾਇੰਦਾ, ਨਾਤਾ ਤੋੜ ਕਾਲ ਮਹਾਂਕਾਲ। ਜਨਮ ਜਨਮ ਦੀ ਹਰਸ ਮਿਟਾਇੰਦਾ, ਲੱਖ ਚੁਰਾਸੀ ਤੋੜ ਜੰਜਾਲ। ਦਰਗਾਹਿ ਸਾਚੀ ਧਾਮ ਵਖਾਇੰਦਾ, ਸ਼ਬਦ ਬਿਬਾਣੇ ਲਏ ਬਹਾਲ। ਸਚਖੰਡ ਦੁਆਰਾ ਮੰਦਰ ਆਪ ਸੁਹਾਇੰਦਾ, ਕਰ ਕਿਰਪਾ ਗੁਣ ਨਿਧਾਨ। ਸਤ ਰੰਗ ਨਿਸ਼ਾਨਾ ਆਪ ਝੁਲਾਇੰਦਾ, ਸਾਚੇ ਤਖ਼ਤ ਬੈਠ ਸ੍ਰੀ ਭਗਵਾਨ। ਗੁਰਮੁਖ ਚਰਨਾਂ ਵਿਚ ਰਖਾਇੰਦਾ, ਨਾਤਾ ਤੁੱਟੇ ਵਿਚ ਜਹਾਨ। ਆਪਣੀ ਜੋਤ ਆਪਣੇ ਵਿਚ ਮਿਲਾਇੰਦਾ, ਬ੍ਰਹਮ ਪਾਰਬ੍ਰਹਮ ਕਰੇ ਪਰਵਾਨ। ਸੋਹੰ ਆਪਣੀ ਖੇਲ ਖਿਲਾਇੰਦਾ, ਸੋ ਮੇਟੇ ਸਰਬ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਬਦ ਅਨਾਦਿ, ਜੁਗ ਕਰਤਾ ਆਪ ਵਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮ ਬ੍ਰਹਿਮਾਦਿ ਜਨ ਭਗਤਾਂ ਦੇਵੇ ਸਾਚੀ ਦਾਤ, ਦਾਤਾ ਦਾਨੀ ਦਯਾ ਨਿਧ ਗਹਿਰ ਗੁਣ ਠਾਕਰ ਠਗ ਠਗੌਰੀ ਜਗਤ ਆਪ ਵਖਾਇੰਦਾ।
