Granth 09 Likhat 198: 9 Assu 2017 Bikarmi Ajit Singh de Greh Pind Lopon Jila Amritsar

੯ ਅੱਸੂ ੨੦੧੭ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਪਿੰਡ ਲੋਪੇ ਜ਼ਿਲਾ ਅੰਮ੍ਰਿਤਸਰ

ਹਰਿਜਨ ਕੀਮਤ ਹਰਿ ਹਰਿ ਪਾਇੰਦਾ, ਹਰੀ ਹਰਿ ਮੰਦਰ ਵੇਖ ਦਵਾਰ। ਲੱਖ ਚੁਰਾਸੀ ਮੁਲ ਨਾ ਕੋਈ ਰਖਾਇੰਦਾ, ਜੂਨ ਅਜੂਨੀ ਜਾਏ ਹਾਰ। ਗੁਰਮੁਖ ਲੇਖਾ ਲੇਖੇ ਪਾਇੰਦਾ, ਧੁਰ ਦਰਗਾਹੀ ਖੇਲ ਖੇਲਣਹਾਰ। ਮਨਮੁਖ ਜੀਵ ਸਰਬ ਕੁਰਲਾਇੰਦਾ, ਜਨਮ ਜੂਏ ਬਾਜ਼ੀ ਹਾਰ। ਗੁਰਮੁਖ ਦਿਵਸ ਰੈਣ ਬਿਲਲਾਇੰਦਾ, ਗੁਰ ਦਰਸਨ ਨੇਤਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਹਰਿ ਜੂ ਜਾਏ ਤਾਰ। ਕਰਤਾ ਕੀਮਤ ਪਾਈਆ, ਗੁਣ ਅਵਗੁਣ ਨਾ ਕੋਈ ਜਣਾਏ। ਲੱਖ ਕ੍ਰੋੜੀ ਮੁਲ ਨਾ ਕੋਈ ਚੁਕਾਈਆ, ਮਾਣਕ ਮੋਤੀ ਸਾਚੇ ਹੱਟ ਵਿਕਾਏ। ਏਕਾ ਖੰਡਾ ਹੱਥ ਉਠਾਈਆ, ਸਾਚਾ ਤੋਲਾ ਬੇਪਰਵਾਹੇ। ਲੋਆਂ ਪੁਰੀਆਂ ਵੰਡ ਵੰਡਾਈਆ, ਲੱਖ ਚੁਰਾਸੀ ਹਿਸਾ ਪਾਏ। ਗੁਰਮੁਖ ਸਾਚੇ ਸੱਜਣ ਵਰੋਲ ਬਾਹਰ ਕਢਾਈਆ, ਨਾਮ ਨਿਧਾਨਾ ਇਕ ਰਖਾਏ। ਹਰਿਜਨ ਅਤੋਲ ਅਤੁਲ ਤੋਲ ਸਕੇ ਨਾ ਕੋਈ ਰਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਥਾਉਂ ਥਾਏਂ। ਸਾਚੀ ਕੀਮਤ ਕਰਤਾ ਆਪੇ ਪਾ, ਆਪਣੇ ਹੱਟ ਵਿਕਾਇੰਦਾ। ਆਪਣੇ ਦਰ ਲਏ ਬਹਾ, ਦਰ ਘਰ ਸਾਚਾ ਆਪ ਸੁਹਾਇੰਦਾ। ਸਚ ਬਿਬਾਣੇ ਲਏ ਚੜ੍ਹਾ, ਦੋ ਜਹਾਨਾ ਆਪ ਦੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਦਾ ਸਲਾਹਿੰਦਾ। ਕੀਮਤ ਕਰਤਾ ਪਾਇੰਦਾ, ਗੁਰ ਕਰਤਾ ਗਹਿਰ ਗੰਭੀਰ। ਦੋ ਜਹਾਨਾ ਮੁਲ ਚੁਕਾਇੰਦਾ, ਏਥੇ ਉਥੇ ਚੁੱਕੇ ਭੀੜ। ਸਾਚੇ ਕੰਡੇ ਆਪ ਤੁਲਾਇੰਦਾ, ਚੋਟੀ ਚਾੜ੍ਹੇ ਫੜ ਅਖ਼ੀਰ। ਲਾਲ ਅਨਮੁਲੜਾ ਆਪਣੇ ਹੱਥ ਰਖਾਇੰਦਾ, ਸ਼ਹਿਨਸ਼ਾਹ ਵਡ ਪੀਰਨ ਪੀਰ। ਦੂਸਰ ਹੱਥ ਨਾ ਕੋਈ ਲਗਾਇੰਦਾ, ਏਕੰਕਾਰਾ ਏਕਾ ਵਾਰਾ ਕੱਟੇ ਜੰਜੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਬੰਨੇ ਬੀੜ। ਪਾਏ ਕੀਮਤ ਹਰਿ ਭਗਵਾਨ, ਅਮੋਲ ਅਮੁਲ ਬੇਪਰਵਾਹੀਆ। ਦਰ ਘਰ ਵਖਾਏ ਸਚ ਨਿਸ਼ਾਨ, ਸਚ ਦਵਾਰਾ ਇਕ ਵਖਾਈਆ। ਗੁਰਮੁਖ ਬਣਾਏ ਚਤਰ ਸੁਜਾਨ, ਚਾਤ੍ਰਿਕ ਤ੍ਰਿਖਾ ਆਪ ਬੁਝਾਈਆ। ਨਾਮ ਨਿਧਾਨਾ ਦੇਵੇ ਗੁਣ ਨਿਧਾਨ, ਗ੍ਰਹਿ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਲੇਖਾ ਲੇਖੇ ਪਾਈਆ। ਕੀਮਤ ਪਾਏ ਗਹਿਰ ਗੰਭੀਰਾ, ਗੁਣ ਅਵਗੁਣ ਨਾ ਕੋਈ ਜਣਾਇੰਦਾ। ਲੱਖ ਚੁਰਾਸੀ ਝੂਠੇ ਹੱਟ ਵਕਾਏ ਕੀਮਤ ਕਸੀਰਾ, ਸਾਚਾ ਵਣਜ ਨਾ ਕੋਈ ਕਰਾਇੰਦਾ। ਗੁਰਮੁਖ ਵਿਰਲੇ ਚਰਨ ਚਰਨੋਦਕ ਬਖ਼ਸ਼ੇ ਸਾਚਾ ਅੰਮ੍ਰਿਤ ਸੀਰਾ, ਸਾਂਤਕ ਸਤਿ ਸਤਿ ਕਰਾਇੰਦਾ। ਆਵਣ ਜਾਵਣ ਕੱਟੇ ਭੀੜਾ, ਵਾਸ ਨਿਵਾਸਾ ਗਰਭ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਪਾਰ ਕਰਾਇਆ, ਕਰ ਕਿਰਪਾ ਗੁਣ ਨਿਧਾਨ। ਗੁਰਮੁਖ ਮੁਖ ਸਲਾਹਿਆ, ਦੇਵੇ ਨਾਮ ਨਿਧਾਨ। ਸਾਚੇ ਮਾਰਗ ਆਪੇ ਲਾਇਆ, ਪਾਵਣਹਾਰਾ ਵਾਲੀ ਦੋ ਜਹਾਨ। ਸਾਚਾ ਰਾਗ ਇਕ ਅਲਾਇਆ, ਦੀਨ ਦੁਨੀ ਹੋਏ ਹੈਰਾਨ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਪਾਰਬ੍ਰਹਮ ਬ੍ਰਹਮ ਕਰੇ ਪਛਾਣ। ਸਾਚੇ ਮੰਦਰ ਆਪ ਸੁਹਾਇਆ, ਡੂੰਘੀ ਕੰਦਰ ਨੂਰ ਮਹਾਨ। ਤ੍ਰੈ ਤ੍ਰੈ ਜੰਦਰ ਆਪ ਤੁੜਾਇਆ, ਮਨ ਬੰਦਰ ਨਾ ਭਵੇ ਸ਼ੈਤਾਨ। ਅੰਦਰੇ ਅੰਦਰ ਮੇਲ ਮਿਲਾਇਆ, ਆਤਮ ਬ੍ਰਹਮ ਬਖ਼ਸ਼ੇ ਸਚ ਗਿਆਨ। ਗੁਰਮੁਖ ਸਾਚੇ ਲਏ ਉਠਾਇਆ, ਲੱਖ ਚੁਰਾਸੀ ਪੁਣ ਛਾਣ। ਬਾਲ ਨਿਮਾਣੇ ਗਲੇ ਲਗਾਇਆ, ਦੇਵਣਹਾਰਾ ਧੁਰ ਫ਼ਰਮਾਣ। ਸਾਚੇ ਪੌੜੇ ਆਪ ਚੜ੍ਹਾਇਆ, ਚੜ੍ਹ ਚੜ੍ਹ ਵੇਖੇ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਜੂ ਰੱਖੇ ਮਾਣ ਤਾਣ। ਮਾਣ ਨਿਮਾਣਿਆਂ ਆਪ ਪ੍ਰਭ, ਆਦਿ ਜੁਗਾਦਿ ਸਮਾਇਆ। ਗੁਰਮੁਖ ਸਾਚੇ ਸੱਜਣ ਲੱਭ, ਦਰ ਘਰ ਸਾਚੇ ਮੇਲ ਮਿਲਾਇਆ। ਅੰਮ੍ਰਿਤ ਪਿਆਏ ਆਤਮ ਮਦਿ, ਮਖਮੂਰੀ ਇਕ ਰਖਾਇਆ। ਸ਼ਬਦ ਵਜਾਏ ਨਾਦ ਅਨਹਦ, ਨਿਰਗੁਣ ਆਪਣੀ ਦਇਆ ਕਮਾਇਆ। ਲੱਖ ਚੁਰਾਸੀ ਵਿਚੋਂ ਕੱਢ, ਕਾਗ ਹੰਸਾਂ ਮੇਲ ਮਿਲਾਇਆ। ਪੰਚ ਵਿਕਾਰਾ ਦੇਵੇ ਬਧ, ਸ਼ਬਦ ਖੰਡਾ ਤੀਰ ਚਲਾਇਆ। ਵਿਸ਼ਨੂੰ ਵਿਸ਼ਨੂੰ ਵੇਖੇ ਯਦ, ਬੰਸ ਸਰਬੰਸਾ ਆਪ ਸੁਹਾਇਆ। ਲੱਖ ਚੁਰਾਸੀ ਕੂੜਾ ਭਾਰ ਰਹੀ ਲੱਦ, ਅੰਤ ਸੀਸ ਲਏ ਨਾ ਕੋਈ ਉਠਾਇਆ। ਗੁਰਸਿਖ ਸਤਿਗੁਰ ਪੂਰਾ ਅੰਤਮ ਆਪਣੇ ਘਰ ਲਏ ਸੱਦ, ਦਰਗਹਿ ਸਾਚੀ ਧਾਮ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਲਡਾਏ ਲਡ, ਲਾਡਲੇ ਸੁਤ ਗੁਰਮੁਖ ਆਪਣੀ ਗੋਦ ਬਹਾਇਆ।