੯ ਅੱਸੂ ੨੦੧੭ ਬਿਕਰਮੀ ਪਿੰਡ ਕਾਉਂਕੇ ਜਿਲਾ ਅੰਮਿਤਸਰ ਅਵਤਾਰ ਸਿੰਘ ਦੇ ਘਰ
ਸੋ ਪੁਰਖ ਨਿਰੰਜਨ ਸਾਚੇ ਘਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਨ ਏਕਾ ਹਰਿ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਏਕੰਕਾਰ ਖੋਲ੍ਹੇ ਆਪਣਾ ਦਰ ਥਿਰ ਘਰ ਸਾਚਾ ਆਪ ਵਡਆਇੰਦਾ। ਆਦਿ ਨਿਰੰਜਨ ਦੀਪਕ ਧਰ, ਜੋਤ ਉਜਾਲਾ ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਇੰਦਾ। ਸ੍ਰੀ ਭਗਵਾਨ ਸਾਚਾ ਦਰ ਸੁਹਾਏ ਅੱਗੇ ਖੜ, ਅਨਭਵ ਆਪਣਾ ਰੂਪ ਦਰਸਾਇੰਦਾ। ਪਾਰਬ੍ਰਹਮ ਪ੍ਰਭ ਇਕ ਇਕੱਲਾ ਸਚ ਮਹੱਲਾ ਨਿਰਗੁਣ ਨਿਰਗੁਣ ਘਾੜਨ ਘੜ, ਨਿਰਵੈਰ ਆਪਣੀ ਕਲ ਵਰਤਾਇੰਦਾ। ਆਦਿ ਜੁਗਾਦੀ ਸਚ ਸਿੰਘਾਸਣ ਬੈਠਾ ਚੜ, ਦਰਗਾਹ ਸਾਚੀ ਆਪ ਸੁਹਾਇੰਦਾ। ਸ਼ਾਹੋ ਭੂਪ ਰਾਜ ਰਾਜਾਨ ਬਣ, ਤਖਤ ਨਿਵਾਸੀ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਨਾਸੀ ਕਰਤਾ, ਅਗੰਮ ਅਗੰਮੜੀ ਖੇਲ ਖਿਲਾਇੰਦਾ। ਅਗੰਮ ਅਗੰਮੜਾ ਖੇਲ ਅਵੱਲਾ, ਨਿਰਗੁਣ ਨਿਰਾਕਾਰ ਆਪ ਕਰਾਈਆ। ਅਲੱਖ ਅਗੋਚਰ ਵਸੇ ਸਚ ਮਹੱਲਾ, ਧੁਰ ਦਰਬਾਰਾ ਆਪ ਸੁਹਾਈਆ। ਅਗੰਮ ਅਥਾਹ ਅਟੱਲ ਅਟੱਲਾ, ਊਚੋ ਊਚ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਆਪਣਾ ਖੇਲ ਆਪ ਵਰਤਾਏ, ਦੂਸਰ ਸੰਗ ਨਾ ਕੋਈ ਰਖਾਈਆ। ਆਪਣੀ ਉਤਪਤ ਆਪ ਕਰਾਏ, ਦੂਸਰ ਮੇਲ ਨਾ ਕੋਈ ਮਿਲਾਈਆ। ਆਪਣੀ ਰੁਤ ਆਪ ਸੁਹਾਏ, ਆਪ ਆਪਣੀ ਮਹਿਕ ਮਹਿਕਾਈਆ। ਆਪਣੀ ਵਾਰ ਥਿਤ ਆਪ ਜਣਾਏ, ਘੜੀ ਪਲ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਨੀ ਰਹਿਤ ਬੇਪ੍ਰਵਾਹੀਆ। ਜੂਨੀ ਰਹਿਤ ਪੁਰਖ ਅਕਾਲਾ, ਘਰ ਘਰ ਵਿਚ ਸੋਭਾ ਪਾਇੰਦਾ। ਆਦਿ ਜੁਗਾਦੀ ਦੀਨ ਦਿਆਲਾ, ਨਿਰਗੁਣ ਨਿਰਵੈਰ ਸੇਵ ਕਮਾਇੰਦਾ। ਜੁਗਾ ਜੁਗੰਤਰ ਖੇਲ ਨਿਰਾਲਾ ਜਾਗਤ ਜੋਤ ਡਗਮਗਾਇੰਦਾ। ਆਦਿਨ ਅੰਤ ਚਲੇ ਅਵਲੜੀ ਚਾਲਾ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਸੱਚਖੰਡ ਸੁਹਾਏ ਸੱਚੀ ਧਰਮਸਾਲਾ, ਸੂਰਜ ਚੰਦ ਨਾ ਕੋਈ ਚੜ੍ਹਾਇੰਦਾ। ਦੀਪਕ ਜੋਤੀ ਏਕਾ ਬਾਲਾ ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਖੰਡ ਦਵਾਰਾ ਏਕੰਕਾਰਾ ਇਕ ਇਕੱਲਾ ਆਪ ਵਸਾਇੰਦਾ। ਸੱਚਖੰਡ ਦੁਆਰ ਆਪ ਵਸਾਇੰਦਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਨ ਸੋਭਾ ਪਾਇੰਦਾ, ਏਕੰਕਾਰਾ ਵੇਖੇ ਚਾਈਂ ਚਾਈਂਆ। ਆਦਿ ਨਿਰੰਜਨ ਡਗਮਗਾਇੰਦਾ, ਅਬਿਨਾਸੀ ਕਰਤਾ ਸੋਭਾ ਪਾਈਆ। ਸ੍ਰੀ ਭਗਵਾਨ ਖੇਲ ਖਿਲਾਇੰਦਾ, ਪਾਰਬ੍ਰਹਮ ਵੱਜੇ ਵਧਾਈਆ। ਪੁਰਖ ਅਕਾਲਾ ਰੂਪ ਵਟਾਇੰਦਾ ਦੀਨ ਦਿਆਲਾ ਬੇਪਰਵਾਹੀਆ। ਧਰਮਸਾਲਾ ਇਕ ਸੁਹਾਇੰਦਾ, ਥਿਰ ਘਰ ਸਾਚੇ ਕੁੰਡਾ ਲਾਹੀਆ। ਆਪਣੀ ਧਾਰ ਆਪ ਉਪਜਾਇੰਦਾ, ਧਾਰ ਧਾਰ ਵਿਚ ਟਿਕਾਈਆ, ਆਪਣੀ ਕਾਰ ਆਪ ਕਰਾਇੰਦਾ, ਕਰਤਾ ਪੁਰਖ ਨਾਉਂ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੋਭਾਵੰਤ, ਆਪ ਸੁਹਾਏ ਸ੍ਰੀ ਭਗਵੰਤ, ਸਾਜਨ ਮੀਤ ਆਪ ਅਖਵਾਈਆ। ਆਪੇ ਸਾਜਨ ਮੀਤ ਹਰਿ ਨਿਰੰਕਾਰ, ਦੂਸਰ ਅਵਰ ਨਾ ਕੋਇ ਜਣਾਈਆ। ਆਪੇ ਵਸੇ ਧਾਮ ਨਿਆਰ, ਮੁਨੀ ਰਿਖੀ ਸੋਭਾ ਪਾਈਆ। ਕਰੇ ਖੇਲ ਪਰਵਰਦਿਗਾਰ, ਬੇਐਬ ਆਪਣੀ ਕਲ ਵਰਤਾਈਆ। ਆਦਿ ਆਦਿ ਏਕਾ ਕਾਰ, ਏਕੰਕਾਰਾ ਆਪ ਕਮਾਈਆ। ਅਪਣੇ ਅੰਦਰੋਂ ਕੱਢੇ ਧਾਰ, ਜੋਤੀ ਧਾਰ ਨਾਉਂ ਧਰਾਈਆ। ਸ਼ਬਦ ਸ਼ਬਦੀ ਕਰੇ ਪਸਾਰ, ਸ਼ਬਦ ਅਨਾਦੀ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਈਆ। ਦਰ ਘਰ ਸਾਚਾ ਹਰਿ ਸੁਹਾਵਣਾ, ਏਕਾ ਰੰਗ ਰੰਗਾਏ। ਸਚਖੰਡ ਸਾਚੇ ਡੇਰਾ ਲਾਵਣਾ, ਅਸਥਿਲ ਦਵਾਰਾ ਵੇਖ ਵਿਖਾਏ। ਨਿਰਗੁਣ ਆਪਣਾ ਰੰਗ ਰੰਗਾਵਣਾ, ਉਤਰ ਕਦੇ ਨਾ ਜਾਏ। ਸਾਚਾ ਦੀਪਕ ਆਪ ਜਗਾਵਣਾ, ਤੇਲ ਬਾਤੀ ਨਾ ਕੋਇ ਰਖਾਏ। ਸਾਚੇ ਤਖਤ ਸੋਭਾ ਪਾਵਣਾ, ਸਚ ਸਿੰਘਾਸਣ ਆਪ ਹੰਢਾਏ। ਧੁਰ ਫ਼ਰਮਾਣਾ ਹੁਕਮ ਜਣਾਵਣਾ, ਆਪ ਆਪਣਾ ਨਾਉਂ ਉਪਜਾਏ। ਦਰਗਹ ਸਾਚੀ ਵੇਖ ਵਖਾਵਨਾ, ਛੱਪਰ ਛੰਨ ਨਾ ਕੋਈ ਛੁਹਾਏ। ਨਿਰਾਕਾਰ ਨਿਰਵੈਰ ਅਜੂਨੀ ਰਹਿਤ ਆਪਣਾ ਨਾਉਂ ਪ੍ਰਗਟਾਵਣਾ, ਰੂਪ ਰੇਖ ਰੰਗ ਨਾ ਕੋਈ ਵਿਖਾਏ। ਸੋ ਪੁਰਖ ਨਿਰੰਜਣ ਆਪਣੀ ਗਤਮਿਤ ਆਪਣੇ ਹੱਥ ਰਖਾਵਣਾ, ਦੂਸਰ ਨਾਉਂ ਨਾ ਕੋਈ ਜਣਾਏ। ਮਹਿਮਾ ਅਕਥ ਕਥ ਆਪਣੀ ਆਪੇ ਗਾਵਣਾ, ਕਥਨੀ ਕਥੇ ਨਾ ਕੋਈ ਰਾਏ। ਏਕੰਕਾਰ ਸਮਰਥ ਪੁਰਖ ਆਪਣਾ ਨਾਉਂ ਧਰਾਵਣਾ, ਅਕਲ ਕਲ ਵਡ ਵਡਿਆਏ। ਆਦਿ ਨਿਰੰਜਨ ਘਟ ਘਟ ਆਪਣਾ ਦੀਪ ਜਗਾਵਣਾ, ਜੋਤ ਉਜਾਲਾ ਕਰ ਰੁਸ਼ਨਾਏ। ਸ੍ਰੀ ਭਗਵਾਨ ਸਾਚਾ ਰਥ ਚਲਾਵਣਾ, ਰਥ ਰਥਵਾਹੀ ਦਿਸ ਨਾ ਆਏ। ਅਬਿਨਾਸੀ ਕਰਤਾ ਏਕਾ ਵਸਤ ਝੋਲੀ ਪਾਵਣਾ, ਨਾਮ ਨਿਧਾਨਾ ਆਪ ਵਰਤਾਏ। ਪਾਰਬ੍ਰਹਮ ਨਿਉਂ ਨਿਉਂ ਸੀਸ ਝੁਕਾਵਣਾ, ਸੀਸ ਜਗਦੀਸ ਹਰਿ ਹਰਿ ਰਾਏ। ਆਪਣਾ ਪੀਸਨ ਪੀਸ ਆਪ ਕਮਾਵਣਾ, ਨਿਰਗੁਣ ਸਾਚੀ ਸੇਵ ਕਮਾਏ। ਸਚ ਹਦੀਸ ਇਕ ਸੁਣਾਵਣਾ, ਸ਼ਬਦ ਅੰਗਮੀ ਨਾਦ ਵਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਧਰ, ਆਦਿ ਜੁਗਾਦੀ ਖੇਲ ਅਪਾਰਾ ਕਰੇ ਕਰਾਏ ਕਰਨੇਹਾਰਾ, ਏਕੰਕਾਰਾ ਆਪਣੀ ਧਾਰ ਆਪ ਬੰਧਾਏ। ਸਾਚੀ ਧਾਰ ਹਰਿ ਕਰਤਾਰ, ਆਪਣੀ ਆਪ ਬਣਾਈਆ। ਆਦਿ ਪੁਰਖ ਪ੍ਰਭ ਖੇਲ ਨਿਆਰ, ਅਲਖ ਅਗੋਚਰ ਅਗੰਮ ਅਥਾਹ ਬੇਪ੍ਰਵਾਹ ਖੇਲੇ ਖੇਲ ਸਰਬ ਘਟ ਥਾਈਆ। ਨਿਰਗੁਣ ਨਿਰਗੁਣ ਬਣੇ ਮਲਾਹ, ਖੇਵਟ ਖੇਟਾ ਰੂਪ ਵਟਾਈਆ। ਨਿਰਾਕਾਰ ਸਾਕਾਰ ਆਪ ਅਖਵਾ ਤ੍ਰੈ ਤ੍ਰੈ ਮੇਲਾ ਏਕਾ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਰੰਗ ਰੰਗਾ, ਰੰਗ ਰੰਗੇ ਸਾਚਾ ਮਾਹੀਆ। ਨਿਸ਼ਅੱਖਰ ਵਿਦਿਆ ਆਪ ਪੜ੍ਹਾ, ਆਤਮ ਪਰਮਾਤ਼ਮ ਦਏ ਸਮਝਾਈਆ। ਸਾਚਾ ਮਾਰਗ ਇਕ ਵਖਾ, ਲੋਕ ਪਰਲੋਕ ਬ੍ਰਹਿਮੰਡ ਖੰਡ ਲੋਆਂ ਪੂਰੀਆਂ ਦਏ ਵੰਡਾਈਆ। ਸਚ ਸਲੋਕ ਇਕ ਸੁਣਾ, ਧੁਰ ਦੀ ਬਾਣੀ ਬਾਣ ਲਗਾਈਆ। ਏਕਾ ਜੋਤ ਦਏ ਜਗਾ, ਏਕਾ ਸਿਖਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਪਣੀ ਖੇਲ ਅਪਣੇ ਹੱਥ ਰਖਾਈਆ। ਪੁਰਖ ਅਕਾਲ ਖੇਲ ਖਿਲਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਲੱਖ ਚੁਰਾਸੀ ਘਾੜਨ ਆਪ ਘੜਾਇੰਦਾ, ਨਿਰਗੁਣ ਸਰਗੁਣ ਬਣ ਘੁਮਿਆਰ। ਕਾਇਆ ਮਾਟੀ ਪੋਚ ਪੁਚਾਇੰਦਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪੰਜ ਤਤ ਵਾੜ। ਤ੍ਰੈਗੁਣ ਮਾਇਆ ਰੰਗ ਰੰਗਾਇੰਦਾ, ਰਜੋ ਤਮੋ ਸਤੋ ਕਰੇ ਸੰਗਾਰ। ਨੌ ਦਵਾਰੇ ਖੋਲ੍ਹ ਵਖਾਇੰਦਾ, ਜਗਤ ਵਾਸਨਾ ਭਰ ਭੰਡਾਰ। ਆਸਾ ਤ੍ਰਿਸਨਾ ਨਾਲ ਮਿਲਾਇੰਦਾ, ਮਾਇਆ ਮਮਤਾ ਕਰ ਵਿਚਾਰ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸੰਗ ਰਖਾਇੰਦਾ, ਜੂਠ ਝੂਠ ਦਏ ਅਧਾਰ। ਤਨ ਮੰਦਰ ਆਪ ਟਿਕਾਇੰਦਾ, ਡੂੰਘੀ ਕੰਦਰ ਕਰ ਵਿਚਾਰ। ਮਨ ਬੰਦਰ ਆਪ ਨਚਾਇੰਦਾ, ਦਹਿ ਦਿਸ਼ਾ ਮਾਰੇ ਉਡਾਰ। ਮਤ ਮਤਵਾਲੀ ਆਪ ਭੁਲਾਇੰਦਾ, ਬੁਧ ਬਿਬੇਕੀ ਖੇਲ ਨਿਆਰ। ਮਾਨੁਸ ਮਾਨੁਖ ਵੇਖ ਵਖਾਇੰਦਾ, ਕਰ ਕਿਰਪਾ ਆਪ ਨਿਰੰਕਾਰ। ਘਰ ਘਰ ਵਿਚ ਆਪ ਸੁਹਾਇੰਦਾ, ਘਾੜਨ ਘੜੇ ਅਪਰ ਅਪਾਰ। ਚਾਰ ਦਿਵਾਰ ਨਾ ਕੋਈ ਵਖਾਇੰਦਾ, ਛੱਪਰ ਛੰਨ ਨਾ ਕੋਈ ਸਹਾਰ। ਸਾਚਾ ਮੰਦਰ ਆਪ ਬਣਾਇੰਦਾ, ਆਪੇ ਵੇਖੇ ਵੇਖਣਹਾਰ। ਟੇਢੀ ਬੰਕ ਰਾਹ ਵਖਾਇੰਦਾ, ਕੋਈ ਚੜ੍ਹੇ ਨਾ ਜੀਵ ਗਵਾਰ। ਅੱਗੇ ਮ਼ਾਰਗ ਆਪੇ ਲਾਇੰਦਾ, ਤ੍ਰਬੈਣੀ ਮੇਲਾ ਏਕਾ ਧਾਰ। ਸਾਚਾ ਅੰਮ੍ਰਿਤ ਤਾਲ ਭਰਾਇੰਦਾ, ਸਰ ਸਰੋਵਰ ਠੰਡਾ ਠਾਰ। ਨਿਝਰ ਝਿਰਨਾ ਆਪ ਝਿਰਾਇੰਦਾ, ਬੂੰਦ ਸਵਾਂਤੀ ਕਿਰਪਾ ਧਾਰ। ਬੰਦ ਕਿਵਾੜਾ ਆਪ ਖੁਲਾਇੰਦਾ, ਦੂਈ ਪੜਦਾ ਦਏ ਉਤਾਰ। ਆਤਮ ਸੇਜਾ ਆਪ ਵਖਾਇੰਦਾ, ਪੁਰਖ ਅਬਿਨਾਸੀ ਕਰ ਤਿਆਰ। ਬਾਢੀ ਬਣਤ ਨਾ ਕੋਈ ਬਣਾਇੰਦਾ, ਨਾ ਕੋਈ ਘੜੇ ਲੋਹਾਰ ਤ੍ਰਖਾਨ। ਪਾਵਾ ਚੂਲ ਨਾ ਕੋਈ ਵਖਾਇੰਦਾ, ਬਣਤ ਬਣਾਏ ਸ੍ਰੀ ਭਗਵਾਨ। ਸਚ ਸਿੰਘਾਸਣ ਆਪ ਵਿਛਾਇੰਦਾ, ਨਿਰਗੁਣ ਸਰਗੁਣ ਕਰ ਪ੍ਰਵਾਨ। ਜੋਤ ਨਿਰੰਜਣ ਦੀਪ ਜਗਾਇੰਦਾ, ਆਦਿ ਨਿਰੰਜਣ ਹੋ ਮਿਹਰਵਾਨ। ਸ੍ਰੀ ਭਗਵਾਨ ਹੁਕਮ ਸੁਣਾਇੰਦਾ, ਅਨਹਦ ਸ਼ਬਦ ਸੱਚੀ ਧੁਨਕਾਨ। ਅਬਿਨਾਸੀ ਕਰਤਾ ਵੇਖ ਵਖਾਇੰਦਾ, ਤੀਜਾ ਨੇਤਰ ਖੋਲ੍ਹ ਮਹਾਨ। ਆਦਿ ਨਿਰੰਜਣ ਡਗਮਗਾਇੰਦਾ, ਚੌਥੇ ਪਦ ਹੋਏ ਪ੍ਰਵਾਨ। ਏਕੰਕਾਰ ਰੰਗ ਰੰਗਾਇੰਦਾ, ਰੰਗ ਰੰਗੀਲਾ ਨੌਜਵਾਨ। ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ, ਦਰ ਘਰ ਸਾਚੇ ਮੰਦਰ ਆਣ। ਸੋ ਪੁਰਖ ਨਿਰੰਜਣ ਸੋਭਾ ਪਾਇੰਦਾ, ਆਦਿ ਜੁਗਾਦੀ ਵਡ ਮਿਹਰਵਾਨ। ਆਪਣਾ ਅੰਗ ਆਪ ਕਟਾਇੰਦਾ, ਪਾਰਬ੍ਰਹਮ ਪ੍ਰਭ ਦੇਵੇ ਦਾਨ। ਰਸਨਾ ਜੇਹਵਾ ਆਪ ਹਿਲਾਇੰਦਾ, ਦੰਦ ਬਤੀਸਾ ਗਾਏ ਗਾਣ। ਬੋਧ ਅਗਾਧਾ ਸ਼ਬਦ ਜਣਾਇੰਦਾ, ਧੁਰ ਦੀ ਬਾਣੀ ਧੁਰ ਫ਼ਰਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਲੱਖ ਚੁਰਾਸੀ ਭਾਂਡਾ ਘੜਿਆ, ਹਰਿ ਹਰਿ ਪਾਰਬ੍ਰਹਮ ਸੇਵ ਕਮਾਈਆ। ਨਿਰਗੁਣ ਨਿਰਗੁਣ ਵਿਸ਼ਨੂੰ ਫੜਿਆ, ਘਰ ਘਰ ਸੇਵਾ ਇਕ ਵਖਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦਿ ਆਪੇ ਫਿਰਿਆ, ਧਰਤ ਧਵਲ ਅਕਾਸ਼ ਪ੍ਰਕਾਸ਼ ਆਪ ਕਰਾਈਆ। ਅਜੂਨੀ ਰਹਿਤ ਕਦੇ ਨਾ ਡਰਿਆ, ਆਦਿ ਜੁਗਾਦਿ ਕਦੇ ਨਾ ਮਰਿਆ, ਜੁਗ ਅਪਣੀ ਧਾਰ ਬੰਧਾਈਆ। ਲੱਖ ਚੁਰਾਸੀ ਬੂਟਾ ਕਰਿਆ ਹਰਿਆ, ਕਰੇ ਖੇਲ ਨਰਾਇਣ ਨਰਿਆ, ਸਾਚੇ ਪੌੜੇ ਆਪੇ ਚੜ੍ਹਿਆ, ਸਾਚਾ ਮੰਦਰ ਆਪ ਸੁਹਾਈਆ। ਸਾਚਾ ਨਾਦ ਏਕਾ ਫੜਿਆ, ਲੇਖਾ ਜਾਣੇ ਸੀਸ ਧੜਿਆ, ਜਗਤ ਜਗਦੀਸ ਵੱਡੀ ਵਡਿਆਈਆ। ਆਪਣਾ ਅੱਖਰ ਏਕਾ ਪੜ੍ਹਿਆ, ਚੌਦਾਂ ਵਿਦਿਆ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪ੍ਰਵਾਹੀਆ। ਲੱਖ ਚੁਰਾਸੀ ਥਾਪਨ ਥਾਪ, ਥਿਰ ਘਰ ਸਾਚੇ ਸੋਭਾ ਪਾਇੰਦਾ। ਅਬਿਨਾਸੀ ਕਰਤਾ ਪਤਿਪਰਮੇਸ਼ਵਰ ਬਣਿਆ ਮਾਈ ਬਾਪ, ਪਿਤਾ ਪੂਤ ਵੇਖ ਵਖਾਇੰਦਾ। ਆਪੇ ਜਾਣੇ ਆਪਣਾ ਆਪ, ਆਪਣੀ ਰਚਨ ਆਪ ਰਚਾਇੰਦਾ। ਸਾਚੇ ਮੰਦਰ ਸਾਚੇ ਅੰਦਰ ਹਰਿ ਜੂ ਹਰਿ ਹਰਿ ਵੇਖੇ ਆਪਣਾ ਵਡ ਪ੍ਰਤਾਪ, ਪਰਮ ਆਤਮ ਸੋਭਾ ਪਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਅਬਿਨਾਸੀ ਕਰਤਾ ਆਪਣਾ ਨਾਉਂ ਧਰਾਇੰਦਾ। ਲੱਖ ਚੁਰਾਸੀ ਘਟ ਘਟ ਮੰਦਰ ਰਖੇ ਵਾਸ, ਵਾਸ ਨਿਵਾਸਾ, ਆਪ ਹੋ ਜਾਇੰਦਾ। ਲੇਖਾ ਜਾਣੇ ਸਾਸ ਗਰਾਸ, ਦਸ ਦਸ ਮਾਸ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਰੰਗ ਰੰਗਾਏ ਹਰਿ ਚਲੂਲ, ਰਸਨਾ ਜੇਹਵਾ ਗੁਣ ਨਾ ਕੋਇ ਗਾਈਆ। ਆਪਣੀ ਮ਼ਹਿਮਾ ਨਾ ਜਾਏ ਭੂਲ, ਅਕਥ ਕਥਾ ਪ੍ਰਭ ਆਪ ਸੁਣਾਈਆ। ਆਪੇ ਹੱਥ ਫੜੇ ਤ੍ਰਸੂਲ, ਤ੍ਰੈਗੁਣ ਮਾਇਆ ਬੰਧਨ ਵੇਖੇ ਥਾਉਂ ਥਾਈਆ। ਆਪੇ ਆਦਿ ਜੁਗਾਦਿ ਚੁਕਾਏ ਆਪਣਾ ਮੂਲ, ਜੁਗ ਜੁਗ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੰਡਣਹਾਰਾ ਸਾਚੀ ਵੰਡ, ਖੇਲੇ ਖੇਲ ਹਰਿ ਬ੍ਰਹਿਮੰਡ, ਉਤਭੁਜ ਸੇਤਜ ਜੇਰਜ ਅੰਡ ਚਾਰੇ ਖਾਣੀ ਆਪ ਉਪਾਈਆ। ਚੌਥੇ ਘਰ ਖੋਲ੍ਹ ਕਿਵਾੜ, ਬ੍ਰਹਮਾ ਵਿਸ਼ਨ ਸ਼ਿਵ ਤ੍ਰੈ ਤ੍ਰੈ ਸੇਵਾ ਲਾਇੰਦਾ। ਚੌਥਾ ਬਣਿਆ ਮਾਈ ਬਾਪ, ਚਾਰੇ ਜੁਗ ਵੇਖ ਵਖਾਇੰਦਾ। ਕਰੇ ਕਰਾਏ ਵਡ ਪਰਤਾਪ, ਚਾਰੇ ਬਾਣੀ ਆਪ ਅਲਾਇੰਦਾ। ਭੇਵ ਖੁਲਾਏ ਆਪਣਾ ਆਪ, ਚਾਰੇ ਵੇਦ ਆਪੇ ਗਾਇੰਦਾ। ਆਪੇ ਦੇਵਣਹਾਰਾ ਦਾਤ, ਚਾਰ ਵਰਨ ਆਪ ਤਰਾਇੰਦਾ। ਕਰੇ ਖੇਲ ਅਲੱਖਣਾ ਅਲਾਖ, ਚਾਰੇ ਜੁਗ ਵੇਖ ਵਖਾਇੰਦਾ। ਜੁਗਾਂ ਜੁਗੰਤਰ ਦੇਵੇ ਸਾਚੀ ਭਾਖ, ਆਪਣਾ ਮੰਤਰ ਆਪ ਦ੍ਰਿੜਾਇੰਦਾ। ਆਪਣੇ ਅੰਦਰੋਂ ਆਪੇ ਕਾਢ, ਆਪਣਾ ਨਾਦ ਆਪ ਵਜਾਇੰਦਾ। ਆਪੇ ਵਜਾਵਣਹਾਰਾ ਸਾਜ, ਆਪੇ ਲੱਖ ਚੁਰਾਸੀ ਵੇਖ ਵਖਾਇੰਦਾ। ਆਪੇ ਘਰ ਘਰ ਰਚਿਆ ਕਾਜ, ਆਪੇ ਦਰ ਦਰ ਮੰਦਰ ਸੋਭਾ ਪਾਇੰਦਾ। ਆਪੇ ਸ਼ਬਦ ਅਗੰਮੀ ਮਾਰੇ ਵਾਜ, ਆਪੇ ਹੁਕਮੀ ਹੁਕਮ ਚਲਾਇੰਦਾ। ਆਪੇ ਦੋ ਜਹਾਨਾ ਕਰੇ ਸੱਚਾ ਰਾਜ, ਆਪੇ ਸਾਚੀ ਸਰਨ ਇਕ ਤਕਾਇੰਦਾ। ਆਪੇ ਰੱਖਣਹਾਰਾ ਲਾਜ, ਆਪੇ ਲੱਖ ਚੁਰਾਸੀ ਭਾਂਡੇ ਘੜ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਰਚਨਾ ਵੇਖ ਵਖਾਇੰਦਾ। ਲੱਖ ਚੁਰਾਸੀ ਖੇਲ ਅਪਾਰਾ, ਹਰਿ ਨਿਰੰਕਾਰਾ ਆਪ ਕਰਾਈਆ। ਮਾਨਸ ਮਨੁਖ ਕਰ ਉਜਿਆਰਾ, ਏਕਾ ਏਕ ਦਏ ਵਡਿਆਈਆ। ਏਕਾ ਨਾਮ ਸ਼ਬਦ ਅਧਾਰਾ, ਸਚ ਸੁੱਚ ਕਰੇ ਪੜ੍ਹਾਈਆ। ਏਕਾ ਗੁਰ ਲੈ ਅਵਤਾਰਾ, ਰੂਪ ਅਨੂਪ ਇਕ ਦਰਸਾਈਆ। ਏਕਾ ਵਰਤੇ ਸਚ ਵਰਤਾਰਾ, ਸਾਂਤਕ ਸਤਿ ਸਤਿ ਸਮਾਈਆ। ਏਕਾ ਕਰੇ ਮਾਤ ਪਸਾਰਾ, ਏਕਾ ਵੇਖੇ ਵੇਖਣ ਆਈਆ। ਏਕਾ ਸ਼ਬਦ ਬੋਲ ਜੈਕਾਰਾ, ਏਕਾ ਆਪਣਾ ਨਾਉਂ ਸੁਣਾਈਆ। ਏਕਾ ਖੋਲ੍ਹੇ ਬੰਦ ਕਿਵਾੜਾ, ਏਕਾ ਮੰਦਰ ਸੋਭਾ ਪਾਈਆ। ਏਕਾ ਰਾਜ ਜੋਗ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਏਕਾ ਵਰਤੇ ਸਤਿ ਵਰਤਾਰਾ, ਸਾਚੀ ਸਿਖ਼ਿਆ ਇਕ ਸਮਝਾਈਆ। ਏਕਾ ਵਰਤੇ ਨਾਮ ਭੰਡਾਰਾ, ਅਤੋਟ ਅਤੁਟ ਇਕ ਰਖਾਈਆ। ਏਕਾ ਕਾਗਦ ਕਲਮ ਲਿਖਣਹਾਰਾ, ਏਕਾ ਚਾਰੇ ਵੇਦਾ ਰਿਹਾ ਸੁਣਾਈਆ। ਏਕਾ ਬ੍ਰਹਮਾ ਵਿਸ਼ਨ ਸ਼ਿਵ ਉਜਿਆਰਾ, ਸਾਚੀ ਸੇਵਾ ਇਕ ਕਮਾਈਆ। ਏਕਾ ਅੰਦਰ ਏਕਾ ਗੁਪਤ ਏਕਾ ਜ਼ਾਹਰਾ, ਏਕਾ ਬਾਹਰ ਰੂਪ ਪਰਗਟਾਈਆ। ਏਕਾ ਹੁਕਮ ਇਕ ਵਰਤਾਰਾ, ਦੇਵਣਹਾਰਾ ਇਕ ਹੋ ਜਾਈਆ। ਏਕਾ ਨਿਉਂ ਨਿਉਂ ਕਰੇ ਨਿਮਸਕਾਰਾ, ਏਕਾ ਏਕ ਸੀਸ ਝੁਕਾਈਆ। ਏਕਾ ਲੱਖ ਚੁਰਾਸੀ ਕਰ ਪਸਾਰਾ, ਆਦਿ ਅੰਤ ਵੇਖ ਵਖਾਈਆ। ਏਕਾ ਚਾਰ ਜੁਗ ਵੰਡੇ ਵਿਚ ਸੰਸਾਰਾ, ਸਤਿਜੁਗ ਤ੍ਰੇਤਾ ਦੁਆਪਰ ਆਪਣੀ ਵੰਡ ਵੰਡਾਈਆ। ਏਕਾ ਜੁਗ ਜੁਗ ਲਏ ਅਵਤਾਰਾ, ਬਲ ਬਾਵਨ ਭੇਖ ਧਰਾਈਆ। ਏਕਾ ਕਰੇ ਕਰਾਏ ਸਾਚੀ ਕਾਰਾ, ਕੁਦਰਤ ਕਾਦਰ ਵੇਖ ਵਖਾਈਆ। ਏਕਾ ਕੂਟੇ ਬੋਲੇ ਨਾਅਰਾ, ਏਕਾ ਰਾਮ ਨਾਮ ਕਰੇ ਪੜ੍ਹਾਈਆ। ਏਕਾ ਚਿਲਾ ਏਕਾ ਤੀਰ ਏਕਾ ਫੜੇ ਸੱਚਾ ਸਿਕਦਾਰਾ, ਸ਼ਾਹ ਸੁਲਤਾਨਾ ਇਕ ਅਖਵਾਈਆ। ਏਕਾ ਤੋੜੇ ਗੜ੍ਹ ਹੰਕਾਰਾ, ਏਕਾ ਨਿਵਣ ਸੁ ਅੱਖਰ ਕਰੇ ਪੜ੍ਹਾਈਆ। ਏਕਾ ਰੰਗ ਰਲੀਆ ਮਾਣੇ ਵਿਚ ਸੰਸਾਰਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਇਕ ਅਖਵਾਈਆ। ਏਕਾ ਰਥ ਰਥਵਾਹੀ ਬਣੇ ਗਿਰਵਰ ਗਿਰਧਾਰਾ, ਗ੍ਰਹਿ ਆਪਣਾ ਪੰਧ ਮੁਕਾਈਆ। ਏਕਾ ਵੇਦ ਪੁਰਾਨਾਂ ਬਣੇ ਲਿਖਾਰਾ, ਅਠ ਦਸ ਆਪਣਾ ਗੁਣ ਜਣਾਈਆ। ਏਕਾ ਸਭ ਤੋਂ ਵਸੇ ਬਾਹਰਾ, ਸਚਖੰਡ ਬੈਠਾ ਸੇਜ ਸੁਹਾਈਆ। ਏਕਾ ਨੂਰ ਹੋ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਏਕਾ ਮੁਕਾਮੇ ਹੱਕ ਹੋਇਆ ਖ਼ਬਰਦਾਰਾ, ਏਕਾ ਖ਼ਾਲਕ ਖ਼ਲਕ ਵੇਖ ਵਖਾਈਆ। ਏਕਾ ਉਚੀ ਕੂਕ ਕਰੇ ਪੁਕਾਰਾ, ਐਨਲਹਕ ਹਕ ਸੁਣਾਈਆ। ਏਕਾ ਈਸਾ ਮੂਸਾ ਬਣੇ ਸਹਾਰਾ, ਏਕਾ ਸ਼ਾਹ ਸੁਲਤਾਨ ਵੱਡੀ ਵਡਿਆਈਆ। ਏਕਾ ਲੇਖਾ ਜਾਣੇ ਮੁਹੰਮਦੀ ਯਾਰਾ, ਚਾਰ ਯਾਰੀ ਕਰੇ ਕੁੜਮਾਈਆ। ਏਕਾ ਅੰਜੀਲ ਕੁਰਾਨਾ ਦਏ ਅਧਾਰਾ, ਤੀਸ ਬਤੀਸਾ ਏਕਾ ਗਾਈਆ। ਏਕਾ ਅੱਲਾ ਰਾਣੀ ਕਰੇ ਪਿਆਰਾ, ਮੁਹੰਮਦ ਇਛਿਆ ਇਕ ਪਰਨਾਈਆ। ਏਕਾ ਵੇਖੇ ਸਚ ਦਰਬਾਰਾ, ਸਚਖੰਡ ਦਵਾਰਾ ਸੋਭਾ ਪਾਈਆ। ਏਕਾ ਨਿਰਗੁਣ ਜੋਤ ਕਰ ਉਜਿਆਰਾ, ਪੰਜ ਤਤ ਵੇਖ ਵਖਾਈਆ। ਏਕਾ ਪੰਜ ਤਤ ਬੋਲੇ ਸਚ ਜੈਕਾਰਾ, ਸਾਚਾ ਸ਼ਬਦੀ ਨਾਦ ਵਜਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਨਾਨਕ ਨਾਉਂ ਧਰਾਈਆ। ਏਕਾ ਨਾਮ ਸਤਿ ਵਰਤਾਰਾ, ਸਤਿ ਸਤਿਵਾਦੀ ਇਕ ਅਖਵਾਈਆ। ਏਕਾ ਚਾਰ ਵਰਨ ਬਹਾਏ ਸਚ ਦਵਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਈਆ। ਏਕਾ ਜੋਤੀ ਦਸ ਅਵਤਾਰਾ, ਸੁਤ ਦੁਲਾਰਾ ਏਕਾ ਜਾਈਆ। ਏਕਾ ਕਲਗੀ ਤੋੜਾ ਸੀਸ ਦਸਤਾਰਾ, ਸਾਚਾ ਘੋੜਾ ਇਕ ਦੁੜਾਈਆ। ਏਕਾ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਇਕ ਚਮਕਾਈਆ। ਏਕਾ ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਏਕਾ ਅੰਮ੍ਰਿਤ ਜਾਮ ਪਿਆਈਆ। ਏਕਾ ਊਚਾਂ ਨੀਚਾਂ ਰਾਓ ਰੰਕਾਂ ਕਰੇ ਪਾਰ ਕਿਨਾਰਾ, ਏਕਾ ਸ਼ਾਹ ਸੁਲਤਾਨਾ ਦਏ ਵਡਿਆਈਆ। ਏਕਾ ਏਕ ਅੱਖਰ ਕਰੇ ਵਿਚਾਰਾ, ਏਕਾ ਪੈਂਤੀਸ ਅੱਖਰ ਪੜ੍ਹਾਈਆ। ਏਕਾ ਰੂਪ ਬਾਵਨ ਰੂਪ ਬਣੇ ਧਾਰਾ, ਬਾਵਨ ਆਪਣਾ ਵੇਸ ਵਟਾਈਆ। ਏਕਾ ਲੋਕਮਾਤ ਮੰਗੇ ਬਣ ਭਿਖਾਰਾ, ਪੁਰਖ ਅਬਿਨਾਸ਼ੀ ਅੱਗੇ ਝੋਲੀ ਡਾਹੀਆ। ਏਕਾ ਸਤਿਜੁਗ ਕਰੇ ਪਾਰ ਕਿਨਾਰਾ, ਏਕਾ ਤ੍ਰੇਤਾ ਪੰਧ ਮੁਕਾਈਆ। ਏਕਾ ਦੁਆਪਰ ਕਰੇ ਖ਼ਵਾਰਾ, ਏਕਾ ਕਲਜੁਗ ਵੇਖ ਵਖਾਈਆ। ਏਕਾ ਅੰਤਮ ਨਿਹਕਲੰਕ ਲਏ ਅਵਤਾਰਾ, ਗੁਰ ਪੀਰ ਅਵਤਾਰ ਦੇਣ ਗਵਾਹੀਆ। ਸ਼ਾਸਤਰ ਸਿਮਰਤ ਬਣ ਲਿਖਾਰਾ, ਉਚੀ ਕੂਕ ਗਿਆ ਸੁਣਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਇਕ ਇਕੱਲਾ ਸਾਚਾ ਮਾਹੀਆ। ਸੰਬਲ ਨਗਰ ਵਸਾਏ ਧਾਮ ਨਿਆਰਾ, ਉਚ ਮਹੱਲਾ ਡੇਰਾ ਲਾਈਆ। ਸ਼ਬਦ ਅਨਾਦੀ ਨਾਦ ਬੋਲੇ ਇਕ ਜੈਕਾਰਾ, ਚਾਰ ਬਾਣੀ ਭੇਵ ਨਾ ਰਾਈਆ। ਛੱਤੀ ਰਾਗਾਂ ਵਸੇ ਬਾਹਰਾ, ਰਾਗ ਰਾਗਨੀ ਰਹੇ ਕੁਰਲਾਈਆ। ਕਾਗਦ ਕਲਮ ਨਾ ਲਿਖਣਹਾਰਾ, ਸਤ ਸਮੁੰਦਰ ਰੋਵੇ ਮਸ ਛਾਹੀਆ । ਕਲਮ ਨਾ ਲਿਖੇ ਅਠਾਰਾਂ ਭਾਰ ਬਨਾਸਪਤ ਵਿਚ ਸੰਸਾਰਾ, ਪ੍ਰਭ ਵੱਡਾ ਵਡ ਵਡਿਆਈਆ। ਕਲਜੁਗ ਕਰੇ ਪਾਰ ਕਿਨਾਰਾ, ਥਿਰ ਘਰ ਕੋਇ ਰਹਿਣ ਨਾ ਪਾਈਆ। ਵਿਸ਼ਨੂੰ ਆਇਆ ਚਲ ਦਵਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਬ੍ਰਹਮਾ ਨੇਤਰ ਰੋਵੇ ਜ਼ਾਰੋ ਜ਼ਾਰਾ, ਗਿਰਿਆਜ਼ਾਰੀ ਇਕ ਵਖਾਈਆ। ਸ਼ੰਕਰ ਮੰਗੇ ਮੰਗ ਇਕ ਦਵਾਰਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਤ੍ਰੈਗੁਣ ਤੇਰਾ ਤਤ ਵਰਤਾਰਾ, ਪਾਰਬ੍ਰਹਮ ਸੱਚੀ ਸਰਨਾਈਆ। ਲੱਖ ਚੁਰਾਸੀ ਭਾਂਡਾ ਘੜਿਆ ਅਪਰ ਅਪਾਰਾ, ਵੇਖਣਹਾਰਾ ਥਾਉਂ ਥਾਈਂਆ। ਕਲਜੁਗ ਅੰਤਮ ਕੂੜ ਪਸਾਰਾ, ਕੂੜੀ ਰੈਣ ਅੰਧੇਰੀ ਛਾਈਆ। ਸਾਚਾ ਨਾਮ ਨਾ ਕੋਈ ਉਜਿਆਰਾ, ਧੂਆਂਧਾਰ ਸਰਬ ਲੋਕਾਈਆ। ਕਿਸੇ ਹੱਥ ਨਾ ਆਏ ਰਾਮ ਪਿਆਰਾ, ਕਾਹਨਾ ਕ੍ਰਿਸ਼ਨਾ ਸਾਚੀ ਸਖ਼ੀ ਨਾ ਅੰਗ ਲਗਾਈਆ। ਈਸਾ ਮੂਸਾ ਮਿਲਿਆ ਨਾ ਪਰਵਰਦਿਗਾਰਾ, ਮੁਲਾਂ ਸ਼ੇਖ਼ ਮੁਸਾਇਕ ਦੇਣ ਦੁਹਾਈਆ। ਕਾਇਨਾਤ ਬਣਿਆ ਝੂਠ ਅਖਾੜਾ, ਅਜਰਾਈਲ êਰਾਈਲ ਅਸਰਾਫੀਲ ਮੇਕਾਈਲ ਵੇਖੇ ਥਾਉਂ ਥਾਈਆ। ਨਾਨਕ ਨਿਰਗੁਣ ਮਿਲਿਆ ਨਾ ਧੁਰ ਦਰਬਾਰਾ, ਕਲਜੁਗ ਜੀਵ ਮਾਨਸ ਜਨਮ ਰਹੇ ਗਵਾਈਆ। ਗੁਰ ਗੋਬਿੰਦ ਅੰਮ੍ਰਿਤ ਜਾਮ ਪਿਆਏ ਨਾ ਠੰਡੀ ਠਾਰਾ, ਨੀਲੇ ਵਾਲਾ ਨਾ ਸੇਵ ਕਮਾਈਆ। ਘਰ ਘਰ ਦਰ ਦਰ ਹੋਏ ਵਿਭਚਾਰਾ, ਨਾਰ ਦੁਹਾਗਣ ਸ੍ਰਿਸ਼ਟ ਸਬਾਈਆ। ਪੁਰਖ ਅਕਾਲ ਮਿਲਿਆ ਨਾ ਕੰਤ ਪਿਆਰਾ, ਸਾਚੀ ਸੇਜ ਨਾ ਕੋਇ ਸੁਹਾਈਆ। ਧਰਤ ਧਵਲ ਰੋਵੇ ਜ਼ਾਰੋ ਜ਼ਾਰਾ, ਪੁਰਖ ਅਬਿਨਾਸ਼ੀ ਅੱਗੇ ਆਪਣਾ ਸੀਸ ਝੁਕਾਈਆ। ਖੁਲੜੇ ਕੇਸ ਕਰੇ ਪੁਕਾਰਾ, ਮਹਿੰਡੀ ਸੁਹਾਗ ਨਾ ਕੋਈ ਗੁੰਦਾਈਆ। ਕਲਜੁਗ ਆਈ ਅੰਤਮ ਵਾਰਾ, ਮਾਤ ਪਿਤ ਸੇਜ ਹੰਢਾਈਆ। ਭੈਣਾ ਭਈਆ ਨਾ ਕੋਈ ਪਿਆਰਾ, ਸਾਚਾ ਸਈਆ ਨਾਰ ਨਾ ਕੋਈ ਸੁਹਾਈਆ। ਹਰਿ ਕਾ ਨਾਉਂ ਨਾ ਕਿਸੇ ਵਿਚਾਰਾ, ਰਸਨਾ ਜਿਹਵਾ ਜਗਤ ਪੜ੍ਹਾਈਆ। ਗੜ੍ਹ ਤੋੜੇ ਨਾ ਕੋਈ ਹੰਕਾਰਾ, ਹਰਿ ਕੇ ਪੌੜੇ ਨਾ ਕੋਈ ਚੜ੍ਹਾਈਆ। ਮਨ ਮਤ ਰੰਗ ਰਲੀਆਂ ਮਾਣੇ ਵਿਚ ਸੰਸਾਰਾ, ਗੁਰਮਤ ਬੈਠੀ ਮੁਖ ਛੁਪਾਈਆ। ਵਰਨਾਂ ਬਰਨਾਂ ਜਗਤ ਅਖਾੜਾ, ਸਾਚੀ ਸਰਨ ਨਾ ਕੋਈ ਰਖਾਈਆ। ਕਲਜੁਗ ਅਗਨੀ ਤੱਤੀ ਹਾੜਾ, ਜੀਵਾਂ ਜੰਤਾਂ ਰਹੀ ਜਲਾਈਆ। ਪੰਜ ਵਿਕਾਰਾ ਲੱਗਾ ਚਿਕੜ ਗਾਰਾ, ਦੁਰਮਤ ਮੈਲ ਨਾ ਕੋਈ ਧੁਆਈਆ। ਸਾਚਾ ਮਿਲਿਆ ਨਾ ਕੋਈ ਦਰਬਾਰਾ, ਦਵੈਤੀ ਪਰਦਾ ਨਾ ਕੋਈ ਉਠਾਈਆ। ਹਰਿ ਕਾ ਰੂਪ ਕਿਸੇ ਦਿਸ ਨਾ ਆਏ ਵਿਚ ਸੰਸਾਰਾ, ਮੰਦਰ ਮਸਜਿਦ ਮਠ ਗੁਰੂਦਵਾਰ ਚਾਰ ਦਵਾਰੀ ਬੈਠੇ ਰਾਹ ਤਕਾਈਆ। ਨਿਰਗੁਣ ਨਿਰਵੈਰ ਨਿਰਾਕਾਰ, ਆਦਿ ਜੁਗਾਦਿ ਸਦਾ ਸਦ ਵਸਿਆ ਪੰਜ ਤਤ ਕਾਇਆ ਮੁਨਾਰਾ, ਘਰ ਘਰ ਵਿਚ ਸੇਜ ਹੰਢਾਈਆ। ਗੁਰਮੁਖ ਸਾਚੇ ਲਏ ਉਭਾਰਾ, ਜਿਸ ਜਨ ਆਪਣੀ ਦਇਆ ਕਮਾਈਆ। ਮੇਲ ਮਿਲਾਏ ਧੁਰ ਦਰਬਾਰਾ, ਘਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਗੁਰਮੁਖਾਂ ਰੱਖੇ ਉਤਮ ਜਾਤਾ, ਵਰਨ ਬਰਨ ਨਾ ਕੋਈ ਰਖਾਈਆ। ਵਰਨ ਬਰਨ ਪ੍ਰਭ ਨਾਤਾ ਤੋੜ, ਏਕਾ ਸਰਨ ਜਣਾਇੰਦਾ। ਸ਼ਬਦ ਅਗੰਮੀ ਚਾੜ੍ਹੇ ਘੋੜ, ਸੁਰਤ ਸਵਾਣੀ ਆਪ ਬਹਾਇੰਦਾ। ਲੱਗੀ ਪ੍ਰੀਤੀ ਨਿਭੇ ਤੋੜ, ਅਧਵਿਚਕਾਰ ਨਾ ਕੋਈ ਤੁੜਾਇੰਦਾ। ਜੁਗ ਜੁਗ ਗੁਰ ਪੂਰੇ ਨੂੰ ਗੁਰਸਿਖਾਂ ਦੀ ਸਦਾ ਲੋੜ, ਬਿਨ ਸਤਿਗੁਰ ਨਾ ਕੋਈ ਅਖਵਾਇੰਦਾ। ਦੋ ਜਹਾਨਾ ਪੰਧ ਮੁਕਾਏ ਦੌੜ ਦੌੜ, ਇਕ ਇਕੱਲਾ ਫੇਰਾ ਪਾਇੰਦਾ। ਜਨ ਭਗਤਾਂ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਕਲਜੁਗ ਲੱਖ ਚੁਰਾਸੀ ਬੂਟਾ ਫਲ ਵੇਖੇ ਮਿਠਾ ਕੌੜ, ਰਸ ਰਸੀਆ ਆਪਣਾ ਰਸ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਚਰਨ ਰਖਾਏ ਕਾਲ ਮਹਾਂਕਾਲਾ, ਗੁਰਮੁਖਾਂ ਵਿਖਾਏ ਸੱਚੀ ਧਰਮਸਾਲਾ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਘਰ ਇਕ ਸੁਹੰਜਣਾ, ਹਰਿ ਸਤਿਗੁਰ ਆਪ ਸੁਹਾਏ। ਕਿਰਪਾ ਕਰੇ ਦਰਦ ਦੁਖ ਭੈ ਭੰਜਨਾ, ਗੁਰਸਿਖ ਭਵ ਸਾਗਰ ਪਾਰ ਤਰਾਏ। ਨੇਤਰ ਪਾਏ ਨਾਮ ਅੰਜਨਾ, ਅਗਿਆਨ ਅੰਧੇਰ ਮਿਟਾਏ। ਚਰਨ ਧੂੜ ਕਰਾਏ ਸਾਚਾ ਮਜਨਾ, ਜੋ ਜਨ ਸਰਨਾਈ ਆਏ। ਆਦਿ ਅੰਤ ਸਤਿਗੁਰ ਪੂਰੇ ਪਰਦਾ ਕੱਜਣਾ, ਕਾਚਾ ਗੁਰ ਜਗਤ ਹੱਟ ਵਕਾਏ। ਘਰ ਘਰ ਹਰਿ ਹਰਿ ਤਾਲ ਵੱਜਣਾ, ਪੁਰਖ ਅਕਾਲ ਆਪ ਵਜਾਏ। ਜੋ ਘੜਿਆ ਸੋ ਭੱਜਣਾ, ਥਿਰ ਕੋਈ ਰਹਿਣ ਨਾ ਪਾਏ। ਰਾਜ ਰਾਜਾਨਾ ਸ਼ਾਹ ਸੁਲਤਾਨਾ ਜਗਤ ਮੰਦਰ ਸਭ ਨੇ ਤਜਣਾ, ਕਾਲ ਡੋਰੂ ਰਿਹਾ ਵਜਾਏ। ਗੁਰਸਿਖ ਉਠ ਪਿਆਰੇ ਸੱਜਣਾ, ਪਾਰਬ੍ਰਹਮ ਸਤਿਗੁਰ ਪੂਰਾ ਆਪ ਉਠਾਏ। ਬਿਨ ਹਰਿ ਪਰਦਾ ਕਿਸੇ ਨਾ ਕੱਜਣਾ, ਖ਼ਾਲੀ ਹੱਥ ਸ੍ਰਿਸ਼ਟ ਸਬਾਈ ਰਿਹਾ ਵਖਾਏ। ਗੁਰਸਿਖ ਗੁਰਮੁਖ ਗੁਰ ਚਰਨ ਦਵਾਰੇ ਬਹਿ ਬਹਿ ਸਜਣਾ, ਮਨਮੁਖਾਂ ਰਾਏ ਧਰਮ ਦਏ ਸਜਾਏ। ਕੁੰਭੀ ਨਰਕ ਫੜ ਫੜ ਕੁਸਣਾ, ਅਗਨੀ ਤਤ ਆਪ ਜਲਾਏ। ਅੱਗੇ ਹੋ ਕਿਸੇ ਨਾ ਪੁੱਛਣਾ, ਨਾਤਾ ਤੁਟੇ ਮਾਤ ਪਿਤ ਭਾਈ ਭੈਣ ਸਾਕ ਸੈਣ ਨਾ ਕੋਈ ਛੁਡਾਏ। ਕਲਜੁਗ ਅੰਤਮ ਗੁਰਸਿਖ ਕਿਸੇ ਨਾ ਰੁੱਸਣਾ, ਕਲਜੁਗ ਰੋਸਾ ਰਿਹਾ ਵਖਾਏ। ਝੂਠਾ ਰਾਜ ਜਗ ਚੋਂ ਕੁਸਣਾ, ਸੀਸ ਤਾਜ ਨਾ ਕੋਈ ਟਿਕਾਏ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਅੰਦਰ ਵੜ ਕਿਸੇ ਨਾ ਲੁਕਣਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਹਰਿ ਹਰਿ ਫੇਰੀ ਪਾਏ। ਨਿਰਗੁਣ ਨਿਰਵੈਰ ਸਿੰਘ ਸ਼ੇਰ ਏਕਾ ਬੁੱਕਣਾ, ਕਲਜੁਗ ਝੱਲ ਰਹੀ ਕੁਰਲਾਏ। ਅਠਸਠ ਤੀਰਥ ਪਾਣੀ ਸੁੱਕਣਾ, ਜਮਨਾ ਸੁਰਸਤੀ ਗੰਗਾ ਗੋਦਾਵਰੀ ਕੋਈ ਨਾ ਨੁਹਾਏ। ਚਾਰ ਵੇਦਾਂ ਪੈਂਡਾ ਮੁੱਕਣਾ, ਵੇਦ ਅਥਰਬਣ ਰਿਹਾ ਕੁਰਲਾਏ। ਪੁਰਾਨ ਅਠਾਰਾਂ ਭਾਰ ਕਿਸੇ ਨਾ ਚੁੱਕਣਾ, ਵੇਦ ਵਿਆਸ ਰਿਹਾ ਸਮਝਾਏ। ਅੰਜੀਲ ਕੁਰਾਨਾਂ ਅੰਤਮ ਲੁਕਣਾ, ਕਾਲਾ ਸੂਸਾ ਨਾ ਕੋਈ ਰੰਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਬੇਪਰਵਾਹ ਏਕੰਕਾਰਾ ਆਦਿ ਜੁਗਾਦਿ ਸਮਾਏ।
