Granth 09 Likhat 196: 8 Assu 2017 Bikarmi Mangal Singh de Greh Pind Saringra Jila Amritsar

੮ ਅੱਸੂ ੨੦੧੭ ਬਿਕ੍ਰਮੀ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਾਰਿੰਗੜਾ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਹਰਿ ਸੁਲਤਾਨ, ਇਕ ਇਕੱਲਾ ਆਦਿ ਜੁਗਾਦਿ ਸਮਾਇੰਦਾ । ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਮਹਿਬਾਨ ਬੀਦੋ ਆਪਣਾ ਨਾਉਂ ਧਰਾਇੰਦਾ। ਏਕੰਕਾਰਾ ਖੇਲ ਮਹਾਨ, ਅਨਭਵ ਆਪਣਾ ਰੂਪ ਪਰਗਟਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨ, ਦਰਗਹਿ ਸਾਚੀ ਧਾਮ ਸੁਹਾਇੰਦਾ। ਸ੍ਰੀ ਭਗਵਾਨ ਉਠਾਏ ਸਚ ਨਿਸ਼ਾਨ, ਪੁਰਖ ਅਗੰਮੜਾ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਹੋਏ ਪਰਧਾਨ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਸਚਖੰਡ ਦਵਾਰੇ ਨੌਂਜਵਾਨ, ਸੂਰਬੀਰ ਆਪਣਾ ਬਲ ਧਰਾਇੰਦਾ। ਸਚ ਸਿੰਘਾਸਣ ਕਰ ਪਰਵਾਨ, ਤਖ਼ਤ ਤਾਜ ਆਪ ਵਡਿਆਇੰਦਾ। ਏਕਾ ਹੁਕਮ ਧੁਰ ਫ਼ਰਮਾਣ, ਧੁਰ ਦੀ ਬਾਣੀ ਆਪ ਅਲਾਇੰਦਾ। ਤਖ਼ਤ ਨਿਵਾਸੀ ਰਾਜ ਰਾਜਾਨ, ਸ਼ਾਹੋ ਭੂਪ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲੇ ਖੇਲ ਨਿਆਰ, ਕਰੇ ਕਰਾਏ ਕਰਨੇਹਾਰ, ਦੂਸਰ ਸੰਗ ਨਾ ਕੋਈ ਰਖਾਇੰਦਾ। ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਆਦਿ ਅੰਤ, ਇਕ ਇਕੱਲਾ ਵੇਸ ਵਟਾਈਆ। ਏਕੰਕਾਰਾ ਆਪ ਬਣਾਏ ਬਣਤ, ਸਾਚਾ ਘਾੜਨ ਆਪ ਘੜਾਈਆ। ਆਦਿ ਨਿਰੰਜਣ ਦਰ ਘਰ ਸਾਚਾ ਆਪ ਸੁਹੰਝਣਾ, ਨਿਰਮਲ ਦੀਆ ਬਾਤੀ ਜੋਤ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸਾਚਾ ਕੰਤ, ਸਚ ਸੁਹੰਜਣੀ ਸੇਜ ਹੰਢਾਈਆ। ਅਬਿਨਾਸ਼ੀ ਕਰਤਾ ਆਦਿ ਅੰਤ, ਮਧ ਆਪਣੀ ਧਾਰ ਸਮਾਈਆ। ਪਾਰਬ੍ਰਹਮ ਆਪੇ ਰੰਗੇ ਆਪਣੀ ਰੰਗਤ, ਰੂਪ ਰੰਗ ਰੇਖ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਰਾਈਆ। ਅਲੱਖ ਅਗੋਚਰ ਅਭੇਵ ਨਿਆਰਾ, ਅਕਲ ਕਲਧਾਰੀ ਆਪ ਕਰਾਇੰਦਾ। ਸਚਖੰਡ ਨਿਵਾਸੀ ਸਾਚਾ ਖੋਲ੍ਹ ਦਵਾਰਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਸ਼ਾਹ ਸਿਕਦਾਰਾ, ਸ਼ਾਹੋ ਭੂਪ ਵਡ ਵਡਿਆਇੰਦਾ। ਇਕ ਇਕੱਲਾ ਖੇਲ ਨਿਆਰਾ, ਆਦਿ ਜੁਗਾਦੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਧਾਮ ਸੁਹੰਜਣਾ ਆਪ ਸੁਹਾਇੰਦਾ। ਸਾਚਾ ਧਾਮ ਹਰਿ ਸੁਹਾਇੰਦਾ, ਏਕਾ ਰੰਗ ਰੰਗਾਇਆ। ਪੁਰਖ ਅਬਿਨਾਸ਼ੀ ਡੇਰਾ ਲਾਇੰਦਾ, ਦਰ ਘਰ ਸਾਚੇ ਸੋਭਾ ਪਾਇਆ। ਤਖ਼ਤ ਤਾਜ ਆਪ ਸੁਹਾਇੰਦਾ, ਸਤਿ ਪੁਰਖ ਨਿਰੰਜਣ ਵੇਖ ਵਖਾਇਆ। ਆਦਿ ਆਦਿ ਆਪਣੀ ਕਲ ਧਰਾਇੰਦਾ, ਜੂਨੀ ਰਹਿਤ ਅਨਭਵ ਪਰਕਾਸ਼ ਵਖਾਇਆ। ਪੁਰਖ ਅਕਾਲ ਆਪਣਾ ਨਾਉਂ ਧਰਾਇੰਦਾ, ਮਾਤ ਪਿਤ ਨਾ ਕੋਇ ਬਣਾਇਆ। ਸੁਤੇ ਪਰਕਾਸ਼ ਆਪ ਕਰਾਇੰਦਾ, ਨੂਰ ਨੁਰਾਨਾ ਡਗਮਗਾਇਆ। ਛੱਪਰ ਛੰਨ ਨਾ ਕੋਈ ਛੁਹਾਇੰਦਾ, ਅਟੱਲ ਦਵਾਰਾ ਆਪ ਵਡਿਆਇਆ। ਨਿਰਗੁਣ ਆਪਣਾ ਰੂਪ ਪਰਗਟਾਇੰਦਾ, ਨਿਰਵੈਰ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਕਰਨੀ ਕਿਰਤ ਆਪ ਕਮਾਇੰਦਾ। ਖੇਲ ਅਵੱਲਾ ਏਕੰਕਾਰ, ਆਦਿ ਜੁਗਾਦੀ ਆਪ ਕਰਾਇੰਦਾ। ਸਚ ਮਹੱਲਾ ਕਰ ਤਿਆਰ, ਸਤਿ ਸਤਿਵਾਦੀ ਆਸਣ ਲਾਇੰਦਾ। ਏਕਾ ਰੂਪ ਨਿਰਾਕਾਰ, ਨਿਰਗੁਣ ਆਪਣਾ ਆਪ ਪਰਗਟਾਇੰਦਾ। ਆਪੇ ਜਾਣੇ ਆਪਣੀ ਧਾਰ, ਤ੍ਰੈ ਤ੍ਰੈ ਵਿਚ ਸਮਾਇੰਦਾ। ਆਪੇ ਗੁਪਤ ਆਪੇ ਜ਼ਾਹਰ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਕੰਤ ਆਪੇ ਨਾਰ, ਆਪੇ ਸੁਹੰਜਣੀ ਸੇਜ ਹੰਢਾਇੰਦਾ। ਆਪੇ ਨਿਤ ਨਵਿਤ ਕਰੇ ਸਚ ਪਿਆਰ, ਦਰ ਘਰ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਉਚ ਮਹੱਲਾ, ਸੋ ਪੁਰਖ ਨਿਰੰਜਣ ਆਪ ਵਸਾਇੰਦਾ। ਹਰਿ ਪੁਰਖ ਨਿਰੰਜਣ ਬੈਠਾ ਇਕ ਇਕੱਲਾ, ਏਕੰਕਾਰਾ ਵੇਖ ਵਖਾਇੰਦਾ। ਆਦਿ ਨਿਰੰਜਣ ਨਿਰਗੁਣ ਜੋਤੀ ਦੀਪਕ ਆਪੇ ਬਲਾ, ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਸ੍ਰੀ ਭਗਵਾਨ ਸਚ ਸਿੰਘਾਸਣ ਏਕਾ ਮੱਲਾ, ਦਰਗਾਹਿ ਸਾਚੀ ਧਾਮ ਸੁਹਾਇੰਦਾ। ਅਬਿਨਾਸ਼ੀ ਕਰਤਾ ਆਪੇ ਫੜਾਏ ਆਪਣਾ ਪੱਲਾ, ਆਪਣਾ ਸੰਗ ਆਪ ਨਿਭਾਇੰਦਾ। ਪਾਰਬ੍ਰਹਮ ਆਪਣਾ ਖੇਲ ਕਰੇ ਅਛਲ ਅਛੱਲਾ, ਆਪਣੀ ਕਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਬੇਪਰਵਾਹ, ਆਦਿ ਆਦਿ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਆਦਿ ਆਦਿ ਖੇਲ ਅਪਾਰਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਆਪਣੀ ਜੋਤ ਹੋ ਉਜਿਆਰਾ, ਆਪ ਆਪਣਾ ਨੂਰ ਡਗਮਗਾਇੰਦਾ। ਆਪਣਾ ਮੰਦਰ ਕਰ ਤਿਆਰਾ, ਸਚਖੰਡ ਦਵਾਰਾ ਸੋਭਾ ਪਾਇੰਦਾ। ਥਿਰ ਘਰ ਸਾਚੇ ਖੋਲ੍ਹ ਕਿਵਾੜਾ, ਘਰ ਘਰ ਵਿਚ ਡੇਰਾ ਲਾਇੰਦਾ। ਸਚ ਸਿੰਘਾਸਣ ਕਰੇ ਪਿਆਰਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਮੇਲ ਮਿਲਾਵਾ ਨਾਰੀ ਕੰਤ ਭਤਾਰਾ, ਨਰ ਨਰਾਇਣ ਸੇਜ ਹੰਢਾਇੰਦਾ। ਨਾ ਕੋਈ ਜਾਣੇ ਸੁਤ ਦਾਰਾ, ਵੇਲਾ ਵਕਤ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਰੂਪ ਪਰਗਟਾਇੰਦਾ। ਅਨਭਵ ਰੂਪ ਪਰਕਾਸਿਆ, ਆਦਿ ਪੁਰਖ ਅਗੰਮ। ਸਚਖੰਡ ਦਵਾਰ ਕਰੇ ਖੇਲ ਤਮਾਸ਼ਿਆ, ਨਿਰਗੁਣ ਆਪਣਾ ਬੇੜਾ ਬੰਨ। ਏਕਾ ਜੋਤ ਦੀਪ ਪਰਕਾਸਿਆ, ਨਾ ਕੋਈ ਸੂਰਜ ਚੰਨ। ਨਾ ਕੋਈ ਪ੍ਰਿਥਮੀ ਨਾ ਅਕਾਸਿਆ, ਧਰਤ ਧਵਲ ਨਾ ਕਰੇ ਕੋਈ ਧੰਨ ਧੰਨ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਗਾਏ ਰਸਨ ਸਵਾਸਿਆ, ਲੱਖ ਚੁਰਾਸੀ ਜਣੇ ਨਾ ਕੋਈ ਜਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਆਪਣਾ ਬੇੜਾ ਰਿਹਾ ਬੰਨ੍ਹ। ਆਪਣਾ ਬੇੜਾ ਬੰਨਣਹਾਰਾ, ਏਕਾ ਪੁਰਖ ਅਖਵਾਇਆ। ਆਦਿਨ ਆਦਿ ਭੇਵ ਨਿਆਰਾ, ਲੇਖਾ ਲੇਖ ਨਾ ਕੋਈ ਜਣਾਇਆ। ਨਿਰਗੁਣ ਰੂਪ ਹੋ ਉਜਿਆਰਾ, ਦਰ ਘਰ ਸਾਚਾ ਆਪ ਸੁਹਾਇਆ। ਸਾਚਾ ਭੂਪ ਬਣ ਸਿਕਦਾਰਾ, ਸਾਚਾ ਸੀਸ ਤਾਜ ਟਿਕਾਇਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸਾਚਾ ਅਦਲ ਆਪ ਕਮਾਇਆ। ਆਪੇ ਹੋਏ ਚੋਬਦਾਰਾ, ਨਿਰਗੁਣ ਨਿਰਗੁਣ ਸੀਸ ਝੁਕਾਇਆ। ਆਪੇ ਮੰਗੇ ਮੰਗ ਭਿਖਾਰਾ, ਭੇਖਾਧਾਰੀ ਆਪਣਾ ਵੇਸ ਵਟਾਇਆ। ਆਪੇ ਬਣੇ ਸਚ ਵਰਤਾਰਾ, ਸਾਚੀ ਵਸਤ ਆਪਣੇ ਹੱਥ ਰਖਾਇਆ। ਸਾਚੇ ਮੰਦਰ ਨਿਰਗੁਣ ਨਰਾਇਣ ਬੈਠ ਨਿਰੰਕਾਰਾ, ਨਿਰਾਕਾਰਾ ਰੂਪ ਧਰਾਇਆ। ਮੰਡਲ ਮੰਡਪ ਨਾ ਕੋਈ ਸਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਏਕਾ ਘਰ, ਘਰ ਸੁਹੰਜਣਾ ਆਪ ਵਡਿਆਇਆ। ਘਰ ਸੁਹੰਜਣਾ ਹਰਿ ਸੁਹਾਇੰਦਾ, ਸੋਭਾਵੰਤ ਭਗਵਾਨ। ਨਿਰਗੁਣ ਆਪਣਾ ਆਸਣ ਲਾਇੰਦਾ, ਗੁਣਵੰਤ ਗੁਣ ਨਿਧਾਨ। ਦੂਸਰ ਅਵਰ ਨਾ ਕੋਈ ਰਖਾਇੰਦਾ, ਨਾ ਕੋਈ ਦੀਸੇ ਹੋਰ ਨਿਸ਼ਾਨ। ਆਪਣੀ ਕਲ ਆਪ ਵਰਤਾਇੰਦਾ, ਆਪਣੇ ਮੰਦਰ ਹੋ ਪਰਧਾਨ। ਸਚਖੰਡ ਦੁਆਰਾ ਸੋਭਾ ਪਾਇੰਦਾ, ਸਤਿ ਸਤਿਵਾਦੀ ਵੇਖੇ ਆਣ। ਬੋਧ ਅਗਾਧੀ ਖੇਲ ਖਿਲਾਇੰਦਾ, ਸ਼ਬਦ ਅਗੰਮੀ ਧੁਰ ਫ਼ਰਮਾਣ। ਨਾਦ ਅਨਾਦੀ ਆਪ ਵਜਾਇੰਦਾ, ਤੁਰੀਆ ਨਾਦ ਕਰ ਪਰਵਾਨ। ਤ੍ਰੈਗੁਣ ਰੂਪ ਨਾ ਕੋਈ ਦਰਸਾਇੰਦਾ, ਪੰਜ ਤਤ ਨਾ ਖੇਲ ਜਹਾਨ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਵੰਡ ਨਾ ਕੋਈ ਵੰਡਾਇੰਦਾ, ਬ੍ਰਹਮ ਦੇਵੇ ਨਾ ਜੀਆ ਦਾਨ। ਵਿਸ਼ਨੂੰ ਰਿਜ਼ਕ ਨਾ ਕੋਈ ਪੁਚਾਇੰਦਾ, ਬ੍ਰਹਮਾ ਬ੍ਰਹਮ ਨਾ ਕਰੇ ਕੋਈ ਪਰਵਾਨ। ਸ਼ੰਕਰ ਤ੍ਰਸੂਲ ਨਾ ਕੋਈ ਹੱਥ ਉਠਾਇੰਦਾ, ਬਾਸ਼ਕ ਤਸ਼ਕਾ ਨਾ ਕੋਈ ਨਿਸ਼ਾਨ। ਸਾਂਗੋ ਪਾਂਗ ਨਾ ਕੋਈ ਹੰਢਾਇੰਦਾ, ਕਵਲ ਨੈਣ ਨਾ ਕੋਈ ਮਟਕਾਨ। ਜੰਗਲ ਜੂਹ ਉਜਾੜ ਪਹਾੜ ਡੇਰਾ ਕੋਈ ਨਾ ਲਾਇੰਦਾ, ਨਾ ਕੋਈ ਦਿਸੇ ਸੁੰਞ ਮਸਾਣ। ਧੂਆਂਧਾਰ ਨਾ ਕੋਈ ਵਖਾਇੰਦਾ, ਸਰ ਸਰੋਵਰ ਨਾ ਕੋਈ ਧੁਨਕਾਨ। ਜੋਤ ਨਿਰੰਜਣ ਨਾ ਕੋਈ ਜਗਾਇੰਦਾ, ਆਤਮ ਬ੍ਰਹਮ ਨਾ ਕੋਈ ਗਿਆਨ। ਗੁਰ ਪੀਰ ਅਵਤਾਰ ਨਾ ਕੋਈ ਅਖਵਾਇੰਦਾ, ਸਾਧ ਸੰਤ ਨਾ ਕੋਈ ਨਿਸ਼ਾਨ। ਸੀਸ ਤਾਜ ਨਾ ਕੋਈ ਟਿਕਾਇੰਦਾ, ਸ਼ਾਹੋ ਭੂਪ ਨਾ ਕੋਇ ਰਾਜਾਨ। ਦਰ ਦਰ ਭਿਖਿਆ ਮੰਗ ਨਾ ਕੋਈ ਮੰਗਾਇੰਦਾ, ਦਾਤਾ ਦਾਨੀ ਦਾਨ ਨਾ ਦੇਵੇ ਕੋਈ ਆਣ। ਅੱਖਰ ਵੱਖਰ ਨਾ ਕੋਈ ਪੜ੍ਹਾਇੰਦਾ, ਰਸਨਾ ਜਿਹਵਾ ਨਾ ਕੋਈ ਕਲਿਆਣ। ਬੱਤੀ ਦੰਦ ਨਾ ਕੋਈ ਹਿਲਾਇੰਦਾ, ਕਰੇ ਖੇਲ ਸ੍ਰੀ ਭਗਵਾਨ। ਸਚਖੰਡ ਸਾਚੇ ਏਕਾ ਸੋਭਾ ਪਾਇੰਦਾ, ਇਕ ਇਕੱਲਾ ਨੌਜਵਾਨ। ਆਪਣਾ ਮਰਦੰਗ ਆਪ ਵਜਾਇੰਦਾ, ਆਪੇ ਖੇਲ ਕਰੇ ਮਹਾਨ। ਸੋ ਪੁਰਖ ਨਿਰੰਜਣ ਆਪਣਾ ਨਾਉਂ ਧਰਾਇੰਦਾ, ਹਰਿ ਪੁਰਖ ਨਿਰੰਜਣ ਕਰ ਪਰਵਾਨ। ਏਕੰਕਾਰਾ ਸੰਗ ਰਖਾਇੰਦਾ, ਆਦਿ ਨਿਰੰਜਣ ਮੇਲਾ ਦੋ ਜਹਾਨ। ਸ੍ਰੀ ਭਗਵਾਨ ਵੇਖ ਵਖਾਇੰਦਾ, ਅਬਿਨਾਸ਼ੀ ਕਰਤਾ ਹੋਏ ਮਿਹਰਵਾਨ। ਪਾਰਬ੍ਰਹਮ ਪ੍ਰਭ ਨਿਉਂ ਨਿਉਂ ਸੀਸ ਝੁਕਾਇੰਦਾ, ਜਗਤ ਜਗਦੀਸ ਵੇਖੇ ਮਾਰ ਧਿਆਨ। ਸਚਖੰਡ ਦਵਾਰਾ ਸੋਭਾ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਅਪਾਰਾ, ਆਦਿ ਆਦਿ ਆਪਣਾ ਕਰੇ ਆਪ ਪਸਾਰ। ਆਪਣੀ ਧਾਰ ਆਪ ਚਲਾਇੰਦਾ, ਨਿਰਗੁਣ ਰੂਪ ਪੁਰਖ ਅਕਾਲ। ਜੋਤੀ ਜੋਤ ਡਗਮਗਾਇੰਦਾ, ਇਕ ਇਕੱਲਾ ਦੀਨ ਦਿਆਲ। ਸਚਖੰਡ ਦਵਾਰਾ ਸੋਭਾ ਪਾਇੰਦਾ, ਅਬਿਨਾਸ਼ੀ ਕਰਤਾ ਅਵੱਲੜੀ ਚਾਲ। ਆਪਣੇ ਮੰਦਰ ਡਗਮਗਾਇੰਦਾ, ਦੀਪਕ ਜੋਤੀ ਏਕਾ ਬਾਲ। ਧਰਮਸਾਲ ਆਪ ਸੁਹਾਇੰਦਾ, ਦਰਗਹਿ ਸਾਚੀ ਧਾਮ ਨਿਆਰ। ਆਪ ਆਪਣਾ ਵੇਖ ਵਖਾਇੰਦਾ, ਨਿਰਾਕਾਰ ਨਿਰਾਕਾਰ ਨਿਰਾਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਆਪਣਾ ਸਚ ਪਸਾਰ। ਸਚ ਪਸਾਰਾ ਆਪ ਕਰ, ਆਪ ਆਪਣਾ ਵੇਖ ਵਖਾਈਆ। ਆਪਣੇ ਅੰਦਰ ਆਪ ਧਰ, ਆਪਣੀ ਆਪ ਕਰੇ ਕੁੜਮਾਈਆ। ਆਪਣਾ ਆਪ ਆਪੇ ਵਰ, ਆਪੇ ਸਗਨ ਮਨਾਈਆ। ਆਪੇ ਨਾਰੀ ਆਪੇ ਨਰ, ਨਰ ਹਰਿ ਵੱਡੀ ਵਡਿਆਈਆ। ਆਪਣੀ ਸੇਜਾ ਆਪੇ ਚੜ੍ਹ, ਆਪਣਾ ਰਸ ਆਪ ਹੋ ਜਾਈਆ। ਆਪਣੇ ਅੰਦਰ ਆਪੇ ਵੜ, ਆਪਣਾ ਬੰਕ ਸੁਹਾਈਆ। ਆਪੇ ਦਰਸ ਦਿਖਾਏ ਖੜ, ਵੇਖਣਹਾਰ ਆਪ ਹੋ ਜਾਈਆ। ਆਪ ਫੜਾਏ ਆਪਣਾ ਲੜ, ਆਪਣਾ ਬੰਧਨ ਆਪੇ ਪਾਈਆ। ਨਾ ਕੋਈ ਸੀਸ ਨਾ ਕੋਈ ਧੜ, ਪਾਰਬ੍ਰਹਮ ਵੱਡੀ ਵਡਿਆਈਆ। ਆਪਣਾ ਨਿਸ਼ਅੱਖਰ ਆਪੇ ਪੜ੍ਹ, ਆਪੇ ਕਰੇ ਸਚ ਪੜ੍ਹਾਈਆ। ਆਦਿ ਜੁਗਾਦਿ ਨਾ ਜਾਏ ਮਰ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ । ਆਪਣੀ ਰਚਨਾ ਆਪੇ ਰਚ, ਆਪਣਾ ਆਪ ਉਪਾਇਆ। ਆਪੇ ਵੇਖੇ ਆਪਣਾ ਆਪ ਸੱਚ, ਸੱਚਾ ਆਪ ਅਖਵਾਇਆ। ਆਪਣੇ ਮੰਦਰ ਆਪੇ ਰਿਹਾ ਨੱਚ, ਗੋਪੀ ਕਾਹਨ ਆਪ ਹੋ ਜਾਇਆ। ਆਪਣੇ ਅੰਦਰ ਆਪੇ ਰਚ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪ ਅਖਵਾਇਆ। ਆਦਿ ਪੁਰਖ ਪੁਰਖ ਅਬਿਨਾਸ਼ਾ, ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਵੇਖੇ ਆਪ ਤਮਾਸ਼ਾ, ਸ੍ਰੀ ਭਗਵਾਨ ਸੰਗ ਨਿਭਾਇੰਦਾ। ਹਰਿ ਪੁਰਖ ਨਿਰੰਜਣ ਪਾਵੇ ਰਾਸਾ, ਅਬਿਨਾਸ਼ੀ ਕਰਤਾ ਨਾਚ ਨਚਾਇੰਦਾ। ਏਕੰਕਾਰਾ ਆਪਣਾ ਬਖ਼ਸ਼ੇ ਆਪ ਭਰਵਾਸਾ, ਆਦਿ ਨਿਰੰਜਣ ਸੇਵ ਕਮਾਇੰਦਾ। ਸਚਖੰਡ ਦਵਾਰੇ ਆਪਣੀ ਪੂਰੀ ਕਰੇ ਆਪੇ ਆਸਾ, ਆਪਣੀ ਇਛਿਆ ਇਛਿਆ ਵਿਚ ਟਿਕਾਇੰਦਾ। ਆਦਿ ਅੰਤ ਨਾ ਕੋਇ ਵਿਨਾਸਾ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਥਿਰ ਘਰ ਸਾਚੇ ਕਰ ਕਰ ਵਾਸਾ, ਘਰ ਘਰ ਵਿਚ ਸੋਭਾ ਪਾਇੰਦਾ। ਅਸੁੱਤੇ ਪਰਕਾਸ਼ ਪਰਕਾਸ਼ ਪਰਕਾਸ਼ਾ, ਅਨਭਵ ਰੂਪ ਨਾ ਕੋਇ ਧਰਾਇੰਦਾ। ਆਪਣੇ ਦੁਆਰੇ ਆਪੇ ਹੋਵੇ ਦਾਸੀ ਦਾਸਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਸ਼ਾਹ ਆਪੇ ਸ਼ਬਾਸਾ, ਸ਼ਾਹ ਸੁਲਤਾਨ ਆਪਣਾ ਬਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣੀ ਖੇਲ ਆਪ ਖਲਾਇੰਦਾ। ਆਦਿ ਪੁਰਖ ਹਰਿ ਖੇਲ ਖਿਲਾਇਆ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਪਣਾ ਆਪ ਆਪ ਪਰਗਟਾਇਆ, ਮਾਤ ਪਿਤ ਨਾ ਕੋਈ ਭੈਣ ਭਾਈਆ। ਆਪ ਆਪਣਾ ਸੰਗ ਨਿਭਾਇਆ, ਸਾਕ ਸੱਜਣ ਸੈਣ ਕੋਇ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਈਆ। ਹਰਿ ਮੰਦਰ ਆਪ ਸੁਹਾਇੰਦਾ, ਸੋਭਾਵੰਤ ਗਹਿਰ ਗੰਭੀਰ। ਆਪਣੀ ਜੋਤ ਆਪ ਜਗਾਇੰਦਾ, ਆਪੇ ਚੋਟੀ ਚੜ੍ਹਿਆ ਇਕ ਅਖ਼ੀਰ। ਆਪਣਾ ਹੁਕਮ ਆਪ ਸੁਣਾਇੰਦਾ, ਵਡ ਵੱਡਾ ਪੀਰਨ ਪੀਰ। ਆਪਣੀ ਖੇਲ ਆਪ ਖਲਾਇੰਦਾ, ਆਪੇ ਸ਼ਾਹ ਬਣ ਫ਼ਕੀਰ। ਆਪਣੀ ਇਛਿਆ ਆਪ ਪਰਗਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਬਲ ਧਰਾਇੰਦਾ। ਆਪਣੀ ਇਛਿਆ ਆਪਣੇ ਅੱਗੇ ਰੱਖ, ਆਪ ਆਪਣੀ ਦਇਆ ਕਮਾਇੰਦਾ। ਨਿਰਗੁਣ ਅੱਗੇ ਨਿਰਗੁਣ ਹੋ ਪਰਤੱਖ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਰੂਪ ਅਲੱਖਨਾ ਅਲੱਖ, ਅਲੱਖ ਅਲੱਖਣਾ ਭੇਵ ਨਾ ਆਇੰਦਾ। ਆਪਣਾ ਮਾਰਗ ਆਪੇ ਦੱਸ, ਨਿਰਗੁਣ ਸਾਚਾ ਰਾਹ ਚਲਾਇੰਦਾ। ਆਪਣੇ ਅੰਦਰ ਆਪੇ ਵਸ, ਆਪਣਾ ਭੇਵ ਖੁਲਾਇੰਦਾ। ਆਪਣਾ ਪੰਧ ਮੁਕਾਏ ਨੱਸ ਨੱਸ, ਆਪ ਆਪਣੀ ਚਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ। ਏਕਾ ਧਾਰ ਕਰ ਤਿਆਰ, ਏਕੰਕਾਰਾ ਵੇਖ ਵਖਾਈਆ। ਸਾਚੇ ਮੰਦਰ ਹੋਏ ਉਜਿਆਰ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਸੋ ਪੁਰਖ ਨਿਰੰਜਣ ਬਣਿਆ ਕੰਤ ਭਤਾਰ, ਪਾਰਬ੍ਰਹਮ ਪ੍ਰਭ ਨਾਰੀ ਰੂਪ ਸਮਾਈਆ। ਦੋਹਾਂ ਵਿਚੋਲਾ ਸਿਰਜਣਹਾਰ, ਆਪਣੀ ਆਪੇ ਗੰਢ ਪੁਆਈਆ। ਆਪੇ ਖੇਲ ਕਰੇ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਈਆ। ਸਾਚਾ ਮੰਦਰ ਸਚਖੰਡ, ਸਚ ਸਾਚੇ ਆਪ ਸੁਹਾਇਆ। ਨਿਰਗੁਣ ਆਪਣੀੇ ਵੰਡੀ ਵੰਡ, ਥਿਰ ਘਰ ਹਿਸਾ ਇਕ ਰਖਾਇਆ। ਨਾ ਕੋਈ ਚਾਰ ਦਿਵਾਰੀ ਦਿਸੇ ਕੰਧ, ਨਾ ਕੋਈ ਬਾਢੀ ਬਣਤ ਬਣਾਇਆ। ਨਾ ਕੋਈ ਗਾਏ ਰਸਨਾ ਛੰਦ, ਗੀਤ ਗੋਬਿੰਦ ਨਾ ਕੋਈ ਅਲਾਇਆ। ਪੁਰਖ ਅਬਿਨਾਸ਼ੀ ਇਕ ਬਖਸ਼ਿੰਦ, ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣਾ ਹੁਕਮ ਚਲਾਇਆ। ਸਚਖੰਡ ਦਵਾਰਾ ਕਰ ਪਸਾਰਾ, ਹਰਿ ਨਿਰੰਕਾਰਾ ਖੇਲ ਖਿਲਾਇੰਦਾ। ਥਿਰ ਘਰ ਸਾਚੇ ਖੋਲ੍ਹ ਕਿਵਾੜਾ, ਨਿਰਗੁਣ ਧਾਰਾ ਜੋਤੀ ਜੋਤ ਡਗਮਾਇੰਦਾ। ਆਪਣੀ ਇਛਿਆ ਭਰ ਭੰਡਾਰਾ, ਆਪਣੀ ਦਾਤ ਆਪਣੀ ਝੋਲੀ ਆਪ ਭਰਾਇੰਦਾ। ਆਪ ਆਪਣਾ ਕਰ ਪਸਾਰਾ, ਦਰ ਦੁਆਰਾ ਆਪ ਸੁਹਾਇੰਦਾ। ਆਪ ਉਪਾਏ ਸੁਤ ਦੁਲਾਰਾ, ਹਰਿ ਸ਼ਬਦੀ ਨਾਉਂ ਧਰਾਇੰਦਾ। ਏਕਾ ਹੁਕਮ ਇਕ ਵਰਤਾਰਾ, ਇਕ ਅਖਾੜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਆਪ ਉਠਾਇੰਦਾ। ਸੁਤ ਸ਼ਬਦ ਹਰਿ ਆਪ ਉਪਾਇਆ, ਬੂੰਦ ਰਕਤ ਨਾ ਕੋਈ ਮਿਲਾਈਆ। ਜੋਤੀ ਜੋਤ ਜੋਤ ਪ੍ਰਗਟਾਇਆ, ਇਛਿਆ ਭਿਛਿਆ ਵੇਖ ਵਖਾਈਆ। ਆਪਣੀ ਧਾਰਾ ਵਿਚ ਸਮਾਇਆ, ਸਾਰ ਸ਼ਬਦ ਨਾਉਂ ਰਖਾਈਆ। ਸਾਰੰਗੀ ਸਾਰਿੰਗ ਨਾ ਕੋਈ ਤਾਰ ਰਖਾਇਆ, ਸਚ ਸਤਾਰ ਆਪ ਵਜਾਈਆ। ਨਿਰਾਕਾਰ ਹਰਿ ਖੇਲ ਖਿਲਾਇਆ, ਨਿਰਗੁਣ ਵੇਖੇ ਚਾਈਂ ਚਾਈਆ। ਧੁਰ ਫ਼ਰਮਾਣਾ ਹੁਕਮ ਜਣਾਇਆ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਬਾਲ ਉਠਿਆ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸੂਰਾ ਸਰਬੰਗ ਏਕਾ ਤੁਠਿਆ, ਆਪਣਾ ਬੰਧਨ ਇਕ ਵਖਾਈਆ। ਆਦਿ ਜੁਗਾਦਿ ਨਾ ਜਾਏ ਲੁੱਟਿਆ, ਦੋ ਜਹਾਨ ਵੱਡੀ ਵਡਿਆਈਆ। ਸਤਿ ਪੁਰਖ ਨਿਰੰਜਣ ਲਾਇਆ ਤੇਰਾ ਬੂਟਿਆ, ਪਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਸਮਝਾਈਆ। ਸ਼ਬਦ ਨਿਧਾਨਾ ਕਰ ਨਿਮਸਕਾਰ, ਪ੍ਰਭ ਅਗੇ ਸੀਸ ਝੁਕਾਇੰਦਾ। ਹਉਂ ਸੇਵਕ ਯਾਚਕ ਸੇਵਾਦਾਰ, ਤੇਰੀ ਸੇਵਾ ਸਦ ਕਮਾਇੰਦਾ। ਏਕਾ ਮੰਗਾਂ ਮੰਗ ਬਣ ਭਿਖਾਰ, ਮਸਤਕ ਧੂੜੀ ਟਿੱਕਾ ਲਾਇੰਦਾ। ਨਿਤ ਨਵਿਤ ਰਹੇ ਦਿਦਾਰ, ਤੁਧ ਬਿਨ ਅਵਰ ਨਾ ਕੋਇ ਭਾਇੰਦਾ। ਤੇਰੀ ਧਾਰ ਮੇਰਾ ਪਿਆਰ, ਪਿਆਰ ਤੇਰੀ ਗੁਫ਼ਤਾਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦ ਸ਼ਬਦੀ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਸ਼ਬਦੀ ਸ਼ਬਦ ਸਮਝਾਇਆ। ਤੇਰੀ ਸੇਵਾ ਇਕ ਲਗਾ, ਏਕਾ ਹੁਕਮ ਸੁਣਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾ, ਸੂਰਜ ਚੰਨ ਕਿਰਨ ਕਿਰਨ ਜੋਤ ਰੁਸ਼ਨਾਇਆ। ਆਪਣੀ ਭਿਛਿਆ ਤੇਰੀ ਇਛਿਆ ਦਏ ਭਰਾ, ਨਿਰਾਕਾਰ ਸਾਕਾਰ ਆਪ ਹੋ ਜਾਇਆ। ਵਿਸ਼ਨੂੰ ਆਪਣਾ ਅੰਗ ਕਟਾ, ਅੰਸਾ ਬੰਸਾ ਭੇਵ ਨਾ ਰਾਇਆ। ਜੋਤੀ ਜੋਤ ਲਏ ਪਰਗਟਾ, ਜੋਤੀ ਜਾਤਾ ਨਾਉਂ ਧਰਾਇਆ। ਏਕਾ ਹੁਕਮ ਦਏ ਸੁਣਾ, ਧੁਰ ਫ਼ਰਮਾਣਾ ਆਪ ਅਲਾਇਆ। ਆਪਣੇ ਚਰਨ ਕਵਲ ਧੁਆ, ਤੇਰੇ ਹੱਥ ਫੜਾਇਆ। ਵਿਸ਼ਨੂੰ ਆਪਣਾ ਜਾਮ ਪਿਆ, ਨਾਭੀ ਬੂਟਾ ਕਵਲ ਲਗਾਇਆ। ਕਵਲ ਕਵਲਾ ਫੁਲ ਖਿਲਾ, ਪਾਰਬ੍ਰਹਮ ਵੇਖ ਵਖਾਇਆ। ਹਰਿ ਹਰਿ ਲੇਖਾ ਲਏ ਲਿਖਾ, ਪੁਰਖ ਅਬਿਨਾਸ਼ੀ ਏਕਾ ਵੰਡ ਵੰਡਾਇਆ। ਧੁਰ ਦਾ ਲੇਖਾ ਦਏ ਸਮਝਾ, ਸ਼ਬਦ ਅਨਾਦੀ ਤਾਲ ਰਖਾਇਆ। ਸੁੰਨ ਸਮਾਧੀ ਫੋਲ ਫੁਲਾ, ਅਲੱਖ ਅਗੋਚਰ ਵੇਖ ਵਖਾਇਆ। ਧੂਆਂਧਾਰ ਦਏ ਮਿਟਾ, ਰੂਪ ਅਨੂਪ ਆਪ ਪਰਗਟਾਇਆ। ਵਿਸ਼ਨੂੰ ਮੇਲਾ ਸਹਿਜ ਸੁਭਾ, ਏਕਾ ਕਵਲ ਫੁਲ ਉਪਜਾਇਆ। ਸ਼ੰਕਰ ਆਪਣੇ ਰੰਗ ਰੰਗਾ, ਏਕਾ ਮੰਤਰ ਨਾਮ ਦ੍ਰਿੜਾਇਆ। ਤਿੰਨਾਂ ਵਿਚੋਲਾ ਬਣ ਮਲਾਹ, ਏਕਾ ਬੇੜੇ ਲਏ ਚੜ੍ਹਾਇਆ। ਸ਼ਬਦ ਸਰੂਪੀ ਚੱਪੂ ਲਾ, ਚਾਰ ਚਾਰ ਵੇਖ ਵਖਾਇਆ। ਆਦਿ ਜੁਗਾਦਿ ਖੇਲ ਖਲਾ, ਨਿਰਗੁਣ ਆਪਣੀ ਧਾਰ ਆਪ ਸਮਝਾਇਆ। ਏਕਾ ਪੁਰਖ ਅਕਾਲ ਲੈਣਾ ਮਨਾ, ਦੂਜਾ ਇਸ਼ਟ ਨਾ ਕੋਈ ਜਣਾਇਆ। ਨਿਰਗੁਣ ਵਸੇ ਹਰ ਘਟ ਥਾਂ, ਥਾਨ ਥਨੰਤਰ ਸੋਭਾ ਪਾਇਆ। ਸ਼ਬਦ ਸੁਤ ਤੇਰੀ ਪਕੜੇ ਬਾਂਹ, ਆਦਿ ਜੁਗਾਦੀ ਮੇਲ ਮਿਲਾਇਆ। ਜੁਗਾ ਜੁਗੰਤਰ ਕਰੇ ਸਚ ਨਿਆ, ਥਿਰ ਘਰ ਸਾਚੇ ਸੋਭਾ ਪਾਇਆ। ਸਚਖੰਡ ਦਵਾਰੇ ਬੈਠਾ ਜੋਤ ਜਗਾ, ਨਿਰਗੁਣ ਰੂਪ ਬੇਪਰਵਾਹਿਆ। ਏਕਾ ਹੁਕਮ ਦਏ ਵਰਤਾ, ਤੇਰੀ ਸੇਵਾ ਸਚ ਵਖਾਇਆ। ਵਿਸ਼ਨੂੰ ਲਹਿਣਾ ਦੇਣਾ ਚੁਕਾ, ਸਾਚੀ ਭਿਖਿਆ ਵੰਡ ਵੰਡਾਇਆ। ਬ੍ਰਹਮਾ ਬ੍ਰਹਮ ਮਤ ਦਏ ਸਮਝਾ, ਦੂਸਰ ਤਤ ਨਾ ਕੋਈ ਰਖਾਇਆ। ਸ਼ੰਕਰ ਆਪਣਾ ਆਪ ਉਪਜਾ, ਰਤੀ ਰਤ ਨਾਮ ਸਮਾਇਆ। ਮਤ ਤਤ ਆਪ ਜਾਣੇ ਬੇਪਰਵਾਹ, ਭੇਵ ਅਭੇਦਾ ਭੇਵ ਖੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣਾ ਰੂਪ ਧਰਾਇਆ। ਆਪਣਾ ਰੂਪ ਆਪੇ ਧਰ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਹਰਿ ਜੂ ਦਰ, ਹਰੀ ਹਰਿ ਮੰਦਰ ਸੋਭਾ ਪਾਇੰਦਾ। ਇਕ ਏਕੰਕਾਰਾ ਉਚ ਮਹੱਲ ਅਟੱਲ ਮੁਨਾਰੇ ਚੜ੍ਹ, ਆਪ ਆਪਣੀ ਸੇਜ ਸੁਹਾਇੰਦਾ। ਆਦਿ ਨਿਰੰਜਣ ਉਚ ਅਗੰਮ ਵੇਖੇ ਖੜ, ਆਪ ਆਪਣਾ ਰਾਹ ਤਕਾਇੰਦਾ। ਸ੍ਰੀ ਭਗਵਾਨ ਆਪ ਸੁਹਾਏ ਸਾਚਾ ਗੜ੍ਹ, ਥਿਰ ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਅੰਦਰ ਵੜ, ਰੂਪ ਅਨੂਪ ਆਪ ਦਰਸਾਇੰਦਾ। ਪਾਰਬ੍ਰਹਮ ਆਪਣੀ ਕਿਰਪਾ ਆਪੇ ਕਰ, ਕਰ ਕਿਰਪਾ ਖੇਲ ਖਿਲਾਇੰਦਾ। ਸ਼ਬਦ ਦੁਲਾਰੇ ਏਕਾ ਦਰ, ਧੁਰ ਦੀ ਧਾਰ ਆਪ ਬੰਧਾਇੰਦਾ। ਵਿਸ਼ਨ ਫੜੌਣਾ ਏਕਾ ਲੜ, ਸਾਚਾ ਪੱਲੂ ਹੱਥ ਉਠਾਇੰਦਾ। ਬ੍ਰਹਮ ਵਿਦਿਆ ਏਕਾ ਧਰ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਸ਼ੰਕਰ ਮੇਲਾ ਸਾਚੇ ਘਰ, ਸਹਿੰਸਾ ਰੋਗ ਨਾ ਕੋਈ ਵਖਾਇੰਦਾ। ਤਿੰਨਾਂ ਏਕਾ ਘਾੜਨ ਘੜ, ਏਕਾ ਰੰਗ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸ਼ਬਦ ਆਪ ਉਠਾਇੰਦਾ। ਸ਼ਬਦ ਉਠਾਇਆ ਕਿਰਪਾ ਨਿਧ, ਭੇਵ ਕਿਸੇ ਨਾ ਆਇਆ। ਆਪਣਾ ਕਾਰਜ ਕਰੇ ਸਿਧ, ਕਰਤਾ ਪੁਰਖ ਖੇਲ ਖਿਲਾਇਆ। ਨਿਰਗੁਣ ਰਚੀ ਆਪਣੀ ਬਿਧ, ਨਾਤਾ ਬਿਧਾਤਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਲਏ ਤਰਾਇਆ। ਵਿਸ਼ਨ ਉਪਾਇਆ ਕਿਰਪਾ ਧਾਰ, ਆਪ ਆਪਣੀ ਕਲ ਧਰਾਇਆ। ਸ਼ੰਕਰ ਕਰਿਆ ਇਕ ਪਿਆਰ, ਇਕ ਇਕੱਲਾ ਖੇਲ ਖਿਲਾਇਆ। ਏਕਾ ਅੱਖਰ ਕਰ ਤਿਆਰ, ਨਿਸ਼ਅੱਖਰ ਕਰੇ ਪੜ੍ਹਾਈਆ। ਚਾਰੇ ਕੁੰਟ ਪਾਵੇ ਸਾਰ, ਦਿਵਸ ਰਾਤ ਘੜੀ ਪਲ ਵੰਡ ਵੰਡਾਈਆ। ਵਿਸ਼ਨੂੰ ਦੇਵੇ ਏਕਾ ਦਾਤ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਬ੍ਰਹਮੇ ਸੁਣਾਈ ਸਾਚੀ ਗਾਥ, ਚਾਰ ਲੱਖ ਚਾਰ ਵੇਦ ਕਰੇ ਪੜ੍ਹਾਈਆ। ਸ਼ੰਕਰ ਉਤਾਰੇ ਏਕਾ ਘਾਟ, ਹਰਿ ਕੇ ਪੌੜੇ ਆਪ ਚੜ੍ਹਾਈਆ। ਨਿਰਗੁਣ ਨਿਰਗੁਣ ਨਿਰਗੁਣ ਬਣੇ ਖੇਵਟ ਖੇਟ, ਸਾਚਾ ਬੇੜਾ ਵੇਖ ਵਖਾਈਆ। ਲੇਖਾ ਜਾਣੇ ਮਾਤ ਪਿਤ ਬੇਟੀ ਬੇਟ, ਭੇਵ ਅਭੇਦਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਖਾਈਆ। ਸਾਚੀ ਵਸਤ ਹਰਿ ਕਰਤਾਰ, ਆਪਣੇ ਹੱਥ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈ ਤ੍ਰੈ ਮੇਲਾ ਮੇਲ ਮਿਲਾਇੰਦਾ। ਏਕਾ ਗੁਣ ਦੋਏ ਵਰਤਾਰ, ਨਿਰਗੁਣ ਭੇਵ ਕੋਈ ਨਾ ਪਾਇੰਦਾ। ਸ਼ਬਦ ਅਨਾਦੀ ਨਾਦ ਬੋਲ ਜੈਕਾਰ, ਬ੍ਰਹਮ ਬ੍ਰਹਿਮਾਦੀ ਆਪ ਸੁਣਾਇੰਦਾ। ਬੋਧ ਅਗਾਧੀ ਖੇਲ ਅਪਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤ੍ਰੈਗੁਣ ਮਾਇਆ ਆਪਣੇ ਰੰਗ ਰੰਗਾਇਆ। ਤ੍ਰੈਗੁਣ ਮਾਇਆ ਭਿਖਿਆ ਪਾ, ਰਜੋ ਤਮੋ ਸਤੋ ਵੇਖ ਵਖਾਇੰਦਾ। ਵਿਸ਼ਨੂੰ ਵਿਸ਼ਵ ਰੂਪ ਦਰਸਾ, ਸਾਂਤਕ ਸਤਿ ਸਤਿ ਝੋਲੀ ਪਾਇੰਦਾ। ਬ੍ਰਹਮੇ ਬ੍ਰਹਮ ਰੂਪ ਧਰਾ, ਆਪ ਆਪਣੇ ਰੰਗ ਰੰਗਾਇੰਦਾ। ਸ਼ੰਕਰ ਲੇਖਾ ਰਿਹਾ ਵਖਾ, ਅੰਤ ਭਗਵੰਤ ਖੇਲ ਖਿਲਾਇੰਦਾ। ਏਕਾ ਹੁਕਮ ਦਏ ਵਰਤਾ, ਹੁਕਮੀ ਹੁਕਮ ਆਪ ਸੁਣਾਇੰਦਾ। ਸਾਚੀ ਸਿਖ਼ਿਆ ਸਚ ਸਮਝਾ, ਸਾਖ਼ਯਾਤ ਆਪ ਭਵਾਇੰਦਾ। ਸਵਛ ਸਰੂਪੀ ਰੂਪ ਪਰਗਟਾ, ਰੂਪ ਅਨੂਪ ਆਪ ਧਰਾਇੰਦਾ। ਨਿਰਗੁਣ ਬਣ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਵਿਸ਼ਨੂੰ ਵੇਖੇ ਨੈਣ ਉਠਾ, ਪੁਰਖ ਅਬਿਨਾਸ਼ੀ ਨਜ਼ਰੀ ਆਇੰਦਾ। ਦੋਏ ਜੋੜ ਰਿਹਾ ਸੀਸ ਝੁਕਾ, ਚਰਨ ਕਵਲ ਧਿਆਨ ਲਗਾਇੰਦਾ। ਅੱਠੇ ਨੇਤਰ ਵੇਖ ਵਖਾ, ਚਾਰੇ ਵੇਦ ਮੁਖ ਸਲਾਹਿੰਦਾ। ਸ਼ੰਕਰ ਸੁੰਨ ਸਮਾਧ ਖੁਲ੍ਹਾ, ਕਵਣ ਨੈਣ ਡਗਮਗਾਇੰਦਾ। ਆਤਮ ਅੰਤਰ ਏਕਾ ਰੰਗ ਰੰਗਾ, ਰਸ ਰਸ ਆਪ ਹੋ ਜਾਇੰਦਾ। ਪੁਰਖ ਅਬਿਨਾਸ਼ੀ ਦੇਵੇ ਸਚ ਸਲਾਹ, ਤਿੰਨਾਂ ਏਕਾ ਗੁਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਖੇਲ ਬ੍ਰਹਿਮਾਦਿ, ਪਾਰਬ੍ਰਹਮ ਪ੍ਰਭ ਆਪ ਉਪਾਇੰਦਾ। ਪਾਰਬ੍ਰਹਮ ਪ੍ਰਭ ਖੇਲ ਖਿਲਾਇਆ, ਵਿਸ਼ਨ ਆਪਣੀ ਧਾਰ ਚਲਾਈਆ। ਬ੍ਰਹਮ ਰੂਪ ਪਾਰਬ੍ਰਹਮ ਪਰਗਟਾਇਆ, ਹਰਿ ਦਰ ਵੱਜੀ ਵਧਾਈਆ। ਸ਼ੰਕਰ ਖੇਲ ਆਪ ਖਲਾਇਆ, ਖੇਲਣਹਾਰ ਦਿਸ ਨਾ ਆਈਆ। ਏਕਾ ਮਾਤ ਗੋਦ ਬਹਾਇਆ, ਤ੍ਰੈ ਚੇਲੇ ਲਏ ਜਣਾਈਆ। ਜਾਗਰਤ ਜੋਤ ਕਰ ਰੁਸ਼ਨਾਇਆ, ਨੂਰੋ ਨੂਰ ਦਰਸਾਈਆ। ਧੁਨ ਨਾਦ ਨਾਦ ਵਜਾਇਆ, ਆਤਮਕ ਧੁਨ ਕਰੇ ਸ਼ਨਵਾਈਆ। ਸਚ ਸੁਨੇਹੜਾ ਇਕ ਅਲਾਇਆ, ਧੁਰ ਦੀ ਬਾਣੀ ਸ਼ਬਦ ਅਲਾਈਆ। ਤ੍ਰੈਗੁਣ ਮਾਇਆ ਵੰਡ ਵੰਡਾਇਆ, ਸਾਚੀ ਵਸਤ ਹੱਥ ਫੜਾਈਆ। ਲੱਖ ਚੁਰਾਸੀ ਘਾੜਨ ਘੜਿਆ, ਜੀਵ ਜੰਤ ਵੰਡ ਵੰਡਾਈਆ। ਉਤਭੁਜ ਸੇਤਜ ਆਪੇ ਵਰਨਾ, ਜੇਰਜ ਅੰਡ ਮੇਲ ਮਿਲਾਈਆ। ਪੰਜ ਤਤ ਸੁਹਾਏ ਦਰਨਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸੋਭਾ ਪਾਈਆ। ਮਨ ਮਤ ਬੁਧ ਆਪੇ ਘੜਨਾ, ਸਚ ਠਠਿਆਰਾ ਸੱਚਾ ਸ਼ਹਿਨਸ਼ਾਹੀਆ। ਨੌਂ ਦਵਾਰੇ ਖੋਲ੍ਹੇ ਦਰਨਾ, ਜਗਤ ਵਾਸਨਾ ਵਿਚ ਟਿਕਾਈਆ। ਅੰਦਰ ਰੱਖੇ ਹਰਨਾ ਫ਼ਰਨਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਰਚਨ ਰਚਾਈਆ। ਲੱਖ ਚੁਰਾਸੀ ਭਾਂਡਾ ਘੜਨਾ, ਪੁਰਖ ਅਬਿਨਾਸ਼ੀ ਆਪ ਸਮਝਾਇੰਦਾ। ਨਿਰਗੁਣ ਸਰਗੁਣ ਅੰਦਰ ਵੜਨਾ, ਆਪਣਾ ਮੰਦਰ ਆਪ ਰਖਾਇੰਦਾ। ਆਪਣੀ ਕਰਨੀ ਆਪੇ ਕਰਨਾ, ਕਰਤਾ ਪੁਰਖ ਖੇਲ ਖਿਲਾਇੰਦਾ। ਆਪਣੀ ਧਰਨੀ ਸੋਹੇ ਧਰਨਾ, ਧਰਤ ਧਵਲ ਜਲ ਬਿੰਬ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਆਪ ਉਪਾਇਆ, ਘੜ ਭਾਂਡੇ ਵੇਖ ਵਖਾਈਆ। ਨਿਰਾਕਾਰ ਸਾਕਾਰ ਰੂਪ ਪਰਗਟਾਇਆ, ਨਿਰਗੁਣ ਸਰਗੁਣ ਮੇਲ ਮਿਲਾਈਆ। ਕਾਇਆ ਮੰਦਰ ਇਕ ਬਣਾਇਆ, ਨੌਂ ਦਵਾਰੇ ਤਾਕ ਖੁਲਾਈਆ। ਘਰ ਵਿਚ ਘਰ ਰਿਹਾ ਸੁਹਾਇਆ, ਦਿਸ ਕਿਸੇ ਨਾ ਆਈਆ। ਨੌਂ ਦਵਾਰੇ ਪੰਧ ਮੁਕਾਇਆ, ਆਪਣਾ ਮਾਰਗ ਲਏ ਉਪਾਈਆ। ਸੁਖਮਨ ਟੇਢੀ ਬੰਕ ਪਾਰ ਕਰਾਇਆ, ਈੜਾ ਪਿੰਗਲ ਢੇਰੀ ਢਾਹੀਆ। ਆਤਮ ਸਰੋਵਰ ਲਏ ਨੁਹਾਇਆ, ਨਿਝਰ ਝਿਰਨਾ ਆਪ ਝਿਰਾਈਆ। ਭਰ ਪਿਆਲਾ ਜਾਮ ਪਿਆਇਆ, ਪਿਆਵਣਹਾਰਾ ਸਾਚਾ ਮਾਹੀਆ। ਜੋਤ ਨਿਰੰਜਣ ਕਰ ਰੁਸ਼ਨਾਇਆ, ਅੰਧ ਅੰਧੇਰ ਦਏ ਮਿਟਾਈਆ। ਬਜਰ ਕਪਾਟੀ ਤੋੜ ਤੁੜਾਇਆ, ਦੂਈ ਦਵੈਤੀ ਦਏ ਮਿਟਾਈਆ। ਪੰਚ ਵਿਕਾਰਾ ਸੱਥਰ ਰਿਹਾ ਵਿਛਾਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਆਸਾ ਤ੍ਰਿਸ਼ਨਾ ਦਏ ਖਪਾਇਆ, ਹਉਮੇ ਹੰਗਤਾ ਗੜ੍ਹ ਰਹਿਣ ਨਾ ਪਾਈਆ। ਬ੍ਰਹਮ ਮੰਗਤਾ ਪਾਰਬ੍ਰਹਮ ਬਣਾਇਆ, ਨਿਉਂ ਨਿਉਂ ਸੀਸ ਰਿਹਾ ਝੁਕਾਈਆ। ਸਾਚਾ ਬਰਦਾ ਸ਼ਬਦ ਅਖਵਾਇਆ, ਘਰ ਮੰਦਰ ਸੋਭਾ ਪਾਈਆ। ਅਨਹਦ ਧੁਨ ਨਾਦ ਵਜਾਇਆ, ਅਨਾਹਤ ਆਪਣੀ ਖੇਲ ਖਿਲਾਈਆ। ਆਪੇ ਸਖ਼ੀਆਂ ਮਿਲ ਮਿਲ ਮੰਗਲ ਗਾਇਆ, ਆਪੇ ਪੰਚਮ ਵੇਖੇ ਚਾਈਂ ਚਾਈਆ। ਆਪੇ ਬੈਠਾ ਮੁਖ ਛੁਪਾਇਆ, ਨੇਤਰ ਨੈਣ ਰਹੇ ਸ਼ਰਮਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਪੰਜ ਤਤ ਵੱਜੇ ਵਧਾਈਆ। ਬ੍ਰਹਮ ਤੇਰੀ ਸੇਵ ਲਗਾਇਆ, ਈਸ਼ ਜੀਵ ਰੰਗ ਰੰਗਾਈਆ। ਜਗਤ ਜਗਦੀਸ਼ ਹੋਏ ਸਹਾਇਆ, ਆਪ ਆਪਣਾ ਬੰਧਨ ਪਾਈਆ। ਰਥ ਰਥਵਾਹੀ ਬੇਪਰਵਾਹਿਆ, ਦੋ ਜਹਾਨਾ ਆਪ ਚਲਾਈਆ। ਸਾਚੀ ਗਾਥਾ ਦਏ ਜਣਾਇਆ, ਆਪਣਾ ਨਾਉਂ ਲਏ ਪਰਗਟਾਈਆ। ਸਰਬ ਕਲ ਸਮਰਾਥਾ ਆਪ ਅਖਵਾਇਆ, ਸਮਰਥ ਪੁਰਖ ਭੇਵ ਨਾ ਰਾਈਆ। ਲੱਖ ਚੁਰਾਸੀ ਵਿਚੋਂ ਮਾਨਸ ਮਨੁਖ ਕਰੇ ਵਖ, ਆਪ ਆਪਣੀ ਬੂਝ ਬੁਝਾਇਆ। ਸ਼ਬਦ ਸਰੂਪੀ ਮਾਰਗ ਦੱਸ, ਗੁਰ ਗੁਰ ਆਪਣਾ ਰੂਪ ਧਰਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਨੱਸ ਨੱਸ, ਜੇਰਜ ਅੰਡਜ ਪੰਧ ਮੁਕਾਇਆ। ਆਪਣੇ ਹਿਰਦੇ ਆਪੇ ਵਸ ਵਸ, ਹਰਿਜਨ ਸਾਚੇ ਲਏ ਸਮਝਾਇਆ। ਆਪਣਾ ਤੀਰ ਨਿਰਾਲਾ ਮਾਰੇ ਕਸ, ਤਿਖੀ ਮੁਖੀ ਨਾ ਕੋਈ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਭਾਂਡਾ ਘੜ, ਘਟ ਘਟ ਆਪਣਾ ਨੂਰ ਦਰਸਾਇਆ। ਘਟ ਘਟ ਹਰਿ ਜੋਤ ਜਗਾ, ਦੀਵਾ ਬਾਤੀ ਇਕ ਵਖਾਈਆ। ਨਿਰਗੁਣ ਸਰਗੁਣ ਕਰ ਰੁਸ਼ਨਾ, ਨਿਰਵੈਰ ਵੇਖ ਵਖਾਈਆ। ਮੂਰਤ ਅਕਾਲ ਆਪ ਧਰਾ, ਪੁਰਖ ਅਕਾਲ ਵੱਡੀ ਵਡਿਆਈਆ। ਦੀਨ ਦਿਆਲ ਬਣੇ ਪਿਤਾ ਮਾਂ, ਸ੍ਰਿਸ਼ਟ ਸਬਾਈ ਲੇਖਾ ਰਿਹਾ ਲਿਖਾਈਆ। ਵਿਸ਼ਨੂੰ ਤੇਰੀ ਪਕੜੇ ਬਾਂਹ, ਦੇਵੇ ਰਿਜ਼ਕ ਸਬਾਈਆ। ਬ੍ਰਹਮਾ ਤੇਰਾ ਬੰਸ ਸੁਹਾ, ਬ੍ਰਹਮ ਘਰ ਘਰ ਜੋਤ ਜਗਾਈਆ। ਸ਼ੰਕਰ ਤੇਰੀ ਤ੍ਰਸੂਲ ਵੇਖੇ ਥਾਉਂ ਥਾਂ, ਜੋ ਘੜਿਆ ਭੰਨ ਵਖਾਈਆ। ਆਦਿ ਅੰਤ ਆਪਣੇ ਹੱਥ ਰੱਖੇ ਨਿਆਂ, ਗੁਰ ਪੀਰ ਅਵਤਾਰ ਦੇਣ ਗਵਾਹੀਆ। ਬਿਨ ਹਰਿ ਜੂ ਸਕੇ ਨਾ ਕੋਈ ਛੁਡਾ, ਲੱਖ ਚੁਰਾਸੀ ਆਪਣਾ ਬੰਧਨ ਪਾਈਆ। ਸ਼ਬਦ ਡੋਰੀ ਗੰਢ ਰਖਾ, ਦੋ ਜਹਾਨ ਨਾ ਸਕੇ ਕੋਈ ਖੁਲ੍ਹਾਈਆ। ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਰਚਨਾ ਆਪ ਰਚਾ, ਨਿਰਗੁਣ ਸਰਗੁਣ ਬਣੇ ਮਲਾਹੀਆ। ਪੰਜ ਤਤ ਕਾਇਆ ਮਾਟੀ ਕਾਚਾ ਭਾਂਡਾ ਰਿਹਾ ਸਮਾ, ਵਸਤ ਥਾਰ ਆਪਣੀ ਆਪ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਿਹਾ ਸਮਝਾ, ਏਕਾ ਮਾਰਗ ਪਾਈਆ। ਲੋਕਮਾਤ ਧਰਨੀ ਧਰਤ ਧਵਲ ਦਏ ਸੁਹਾ, ਨੌਂ ਨੌਂ ਆਪਣੀ ਵੰਡ ਵੰਡਾਈਆ। ਸਤਿ ਸਤਿ ਗੇੜਾ ਆਪ ਦਵਾ, ਸਤਿ ਸਤਿਵਾਦੀ ਰਚਨ ਰਚਾਈਆ। ਬ੍ਰਹਿਮੰਡ ਖੰਡ ਖੇੜਾ ਲਿਆ ਵਸਾ, ਸੋਭਾਵੰਤ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪੇ ਰਿਹਾ ਕਰਾਈਆ। ਆਪਣੀ ਵੰਡੇ ਹਰਿ ਹਰਿ ਵੰਡ, ਸਾਚਾ ਖੰਡਾ ਨਾਮ ਉਠਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕ ਸੁਣਾਏ ਸੁਹਾਗੀ ਛੰਦ, ਨਾਉਂ ਨਿਰੰਕਾਰਾ ਆਪ ਉਪਾਇਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਇਆ। ਚਾਰੇ ਵੇਦ ਗਾਇਆ ਏਕਾ ਬੰਦ, ਬੰਦੀਖ਼ਾਨਾ ਆਪ ਸੁਹਾਇਆ। ਆਪਣੇ ਅੰਦਰ ਰੱਖਿਆ ਆਪਣਾ ਪਰਮਾਨੰਦ, ਪਾਰਬ੍ਰਹਮ ਸੱਚੀ ਸਰਨਾਇਆ। ਬ੍ਰਹਮ ਬਖ਼ਸ਼ੇ ਨਿਜਾਨੰਦ, ਨਿਝ ਘਰ ਸਾਚੇ ਸੋਭਾ ਪਾਇਆ। ਨਿਝ ਮੰਦਰ ਚਾੜ੍ਹੇ ਆਪਣਾ ਰੰਗ, ਰੰਗ ਮਜੀਠੀ ਇਕ ਵਖਾਇਆ। ਆਪੇ ਢਾਏ ਦਵੈਤੀ ਕੰਧ, ਦਰ ਦਰਵਾਜ਼ਾ ਦਏ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੰਡਣਹਾਰਾ ਆਪ ਹੋ ਜਾਇਆ। ਵੰਡ ਵੰਡਾਏ ਅਗੰਮ ਅਪਾਰ, ਚਾਰ ਵੇਦ ਭੇਵ ਨਾ ਰਾਈਆ। ਬ੍ਰਹਮਾ ਚਾਰੇ ਮੁਖ ਕਰੇ ਪੁਕਾਰ, ਉਚੀ ਕੂਕੇ ਦਏ ਦੁਹਾਈਆ। ਤੂੰ ਸਾਹਿਬ ਸੱਚਾ ਸੁਲਤਾਨ ਵਡ ਮਿਹਰਵਾਨ, ਤੇਰਾ ਭੇਵ ਕੋਇ ਨਾ ਪਾਈਆ। ਹਉਂ ਯਾਚਕ ਮੰਗੇ ਦਾਨ, ਢਹਿ ਪਿਆ ਸਰਨਾਈਆ। ਜੁਗ ਜੁਗ ਰੱਖਣੀ ਆਪਣੀ ਆਣ, ਸਿਰ ਆਪਣਾ ਹੱਥ ਟਿਕਾਈਆ। ਆਦਿ ਅੰਤ ਮੇਰੀ ਕਰਨੀ ਇਕ ਪਛਾਣ, ਹਉਂ ਪੂਤ ਸਪੂਤਾ ਧੂੜੀ ਖ਼ਾਕ ਰਿਹਾ ਰਮਾਈਆ। ਤੇਰਾ ਸ਼ਬਦ ਮੇਰਾ ਫ਼ਰਮਾਣ, ਤੇਰਾ ਨਾਮ ਮੇਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਬੇਪਰਵਾਹੀਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਤਤ ਸਮਝਾਇੰਦਾ। ਬ੍ਰਹਮ ਰੂਪ ਪ੍ਰਭ ਲਏ ਪਰਗਟਾ, ਪਾਰਬ੍ਰਹਮ ਖੇਲ ਖਿਲਾਇੰਦਾ। ਲੱਖ ਚੁਰਾਸੀ ਵਿਚ ਸਮਾ, ਘਟ ਘਟ ਆਪਣੀ ਜੋਤ ਜਗਾਇੰਦਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪ੍ਰਿਥਮੀ ਅਕਾਸ਼ ਰਿਹਾ ਸੁਹਾ, ਗਗਨ ਗਗਨੰਤਰ ਸੋਭਾ ਪਾਇੰਦਾ। ਰਵ ਸਸ ਜੋਤ ਚਮਕਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਕਰ ਪਸਾਰਾ, ਆਪੇ ਵੇਖੇ ਏਕੰਕਾਰਾ, ਨਿਰੰਕਾਰਾ ਆਪਣੀ ਧਾਰ ਚਲਾਇੰਦਾ। ਸਾਚੀ ਧਾਰ ਹਰਿ ਨਿਰੰਕਾਰ, ਨਿਰਗੁਣ ਦਾਤਾ ਆਪ ਚਲਾਈਆ। ਵਿਸ਼ਨੂੰ ਕਰਿਆ ਸੇਵਾਦਾਰ, ਸਾਚੀ ਸੇਵਾ ਆਪ ਸਮਝਾਈਆ। ਬ੍ਰਹਮੇ ਕਰੇ ਬ੍ਰਹਮ ਪਸਾਰ, ਪਾਰਬ੍ਰਹਮ ਵੇਖੇ ਚਾਈਂ ਚਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਦਏ ਵਡਿਆਈਆ। ਚਾਰ ਜੁਗ ਆਵੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਖੇਲ ਖਿਲਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਪੰਜ ਤਤ ਕਾਇਆ ਚੋਲਾ ਆਪ ਹੰਢਾਈਆ। ਆਪੇ ਬਣੇ ਗੁਰ ਪੀਰ ਅਵਤਾਰ, ਭਗਤ ਭਗਵੰਤ ਆਪ ਅਖਵਾਈਆ। ਆਪੇ ਸਾਚੇ ਸੰਤ ਕਰੇ ਪਿਆਰ, ਸਤਿਗੁਰ ਪੂਰਾ ਹੋਏ ਸਹਾਈਆ। ਆਪੇ ਨਾਰੀ ਕੰਤ ਰੰਗ ਰਲੀਆ ਮਾਣੇ ਸੇਜ ਭਤਾਰ, ਭਸਮੜ ਆਪਣਾ ਭੋਗੀ ਭੋਗ ਲਗਾਈਆ। ਆਪੇ ਸੁਤਾ ਰਹੇ ਪੈਰ ਪਸਾਰ, ਦਿਸ ਕਿਸੇ ਨਾ ਆਈਆ। ਆਪੇ ਪਰਗਟ ਹੋਵੇ ਵਿਚ ਸੰਸਾਰ, ਜੋਤੀ ਜਾਤਾ ਰੂਪ ਵਟਾਈਆ। ਆਪੇ ਤੋੜੇ ਗੜ੍ਹ ਹੰਕਾਰ, ਖ਼ਿਮਾਂ ਗ਼ਰੀਬੀ ਆਪੇ ਵੇਖ ਵਖਾਈਆ। ਆਪੇ ਅੰਮ੍ਰਿਤ ਮੇਘ ਬਰਸੇ ਠੰਡਾ ਠਾਰ, ਆਪੇ ਅਗਨ ਤਤ ਜਲਾਈਆ। ਆਪੇ ਸਤਿਜੁਗ ਸਾਚੇ ਲਏ ਅਵਤਾਰ, ਵਾਰ ਅਠਾਰਾਂ ਖੇਲ ਖਿਲਾਈਆ। ਆਪੇ ਤ੍ਰੇਤਾ ਕਰਿਆ ਪਾਰ, ਦੋਏ ਦੋਏ ਆਪਣਾ ਰੰਗ ਰੰਗਾਈਆ। ਆਪੇ ਰਾਮ ਰਾਮ ਕਰ ਪਸਾਰ, ਆਪੇ ਰਾਮ ਰਾਮ ਵੇਖੇ ਥਾਉਂ ਥਾਈਆ। ਆਪੇ ਦੁਆਪਰ ਕਰ ਸ਼ੰਗਾਰ, ਆਪਣਾ ਰੂਪ ਅਨੂਪ ਪਰਗਟਾਈਆ। ਆਪੇ ਸਖ਼ੀਆਂ ਮੰਗਲਚਾਰ, ਆਪੇ ਰਾਸ ਰਚਾਈਆ। ਆਪੇ ਰਥ ਰਥਵਾਹੀ ਬਣ ਸੰਸਾਰ, ਮਹਾਂਸਾਰਥੀ ਆਪ ਅਖਵਾਈਆ। ਆਪੇ ਗ਼ਰੀਬ ਨਿਮਾਣੇ ਜਾਏ ਤਾਰ, ਆਪ ਆਪਣਾ ਮੇਲ ਮਿਲਾਈਆ। ਜੁਗਾ ਜੁਗੰਤਰ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਕਲਜੁਗ ਹੋਏ ਆਪ ਉਜਿਆਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਏਕਾ ਸ਼ਬਦ ਨਾਉਂ ਜੈਕਾਰ, ਕਲਮੀ ਕਲਮਾ ਆਪ ਪੜ੍ਹਾਈਆ। ਕਾਇਨਾਤ ਵੇਖੇ ਮਾਰ ਧਿਆਨ, ਨੌਂ ਸਤ ਫੇਰਾ ਪਾਈਆ। ਈਸਾ ਮੂਸਾ ਇਕ ਨਿਸ਼ਾਨ, ਧੁਰ ਫ਼ਰਮਾਣ ਆਪ ਸਮਝਾਈਆ। ਸੰਗ ਮੁਹੰਮਦ ਵਡ ਮਿਹਰਵਾਨ, ਚਾਰ ਯਾਰੀ ਯਾਰ ਨਿਭਾਈਆ। ਏਕਾ ਦੇਵੇ ਧੁਰ ਫ਼ਰਮਾਣ, ਅੰਜੀਲ ਕੁਰਾਨਾ ਆਪੇ ਗਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰ ਅਲਾਹੀ ਡਗਮਗਾਈਆ। ਮੁਕਾਮੇ ਹੱਕ ਸਾਂਝਾ ਯਾਰ, ਐਨਲਹਕ ਰਾਹ ਤਕਾਈਆ। ਪੀਰ ਪੈਗ਼ੰਬਰ ਦਸਤਗੀਰ ਪਾਵੇ ਸਾਰ, ਲਾਸ਼ਰੀਕ ਇਕ ਖ਼ੁਦਾਈਆ। ਮੁਲਾਂ ਸ਼ੇਖ਼ ਮਸਾਇਕ ਜਾਏ ਤਾਰ, ਜੋ ਜਨ ਸਯਦਾ ਸੀਸ ਰਹੇ ਝੁਕਾਈਆ। ਸਚ ਮਸੱਲਾ ਕਰ ਤਿਆਰ, ਅਰਸ਼ ਕੁਰਸ਼ ਆਪ ਵਿਛਾਈਆ। ਏਕਾ ਕਲਮਾ ਕਰ ਉਜਿਆਰ, ਉਚੀ ਕੂਕ ਦਏ ਸੁਣਾਈਆ। ਹਕ ਹਕੀਕਤ ਕਰੇ ਵਿਚਾਰ, ਸ਼ਰਅ ਸ਼ਰੀਅਤ ਇਕ ਵਖਾਈਆ। ਆਪੇ ਸਤ ਨੌ ਵਸਿਆ ਬਾਹਰ, ਨੂਰੀ ਜਲਵਾ ਨੂਰ ਅਲਾਹੀਆ। ਦਰਗਹਿ ਸਾਚੀ ਧਾਮ ਅਪਾਰ, ਧੁਰ ਦਰਗਾਹੀ ਬੈਠਾ ਆਸਣ ਲਾਈਆ। ਚੌਦਾਂ ਤਬਕਾਂ ਕਰੇ ਵਿਚਾਰ, ਆਪਣੇ ਚਰਨਾ ਹੇਠ ਦਬਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਜੁਗ ਜੁਗ ਕਰੇ ਖੇਲ ਬੇਪਰਵਾਹੀਆ। ਸ਼ਬਦ ਗੁਰ ਹੋ ਤਿਆਰ, ਲੋਕਮਾਤ ਲਏ ਅੰਗੜਾਈਆ। ਲੱਖ ਚੁਰਾਸੀ ਪਾਵੇ ਸਾਰ, ਭੁੱਲ ਰਹੇ ਨਾ ਰਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਸਰਗੁਣ ਸਰਗੁਣ ਜੋਤ ਕਰੇ ਰੁਸ਼ਨਾਈਆ। ਨਾਨਕ ਚੋਲਾ ਕਰ ਤਿਆਰ, ਪਾਰਬ੍ਰਹਮ ਪ੍ਰਭ ਆਪਣੀ ਸੇਜ ਵਿਛਾਈਆ। ਪੁਰਖ ਅਬਿਨਾਸ਼ੀ ਮੇਲ ਮਿਲਾਇਆ ਕੰਤ ਭਤਾਰ, ਸਾਚੀ ਸਖ਼ੀਆਂ ਮੰਗਲ ਗਾਈਆ। ਸਚਖੰਡ ਸੁਹਾਇਆ ਇਕ ਦੁਆਰ, ਦਰ ਦਰਵਾਜਾ ਆਪ ਖੁਲ੍ਹਾਈਆ। ਬੰਕ ਦਵਾਰਾ ਖੋਲ੍ਹ ਕਿਵਾੜ, ਥਿਰ ਘਰ ਬੈਠਾ ਆਸਣ ਲਾਈਆ। ਨਿਰਗੁਣ ਮਿਲਿਆ ਨਿਰਗੁਣ ਕਰ ਪਿਆਰ, ਨਿਰਗੁਣ ਗੁਰ ਨਿਰਗੁਣ ਸਰਕਾਰ, ਸਤਿਗੁਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚਾ ਹਰਿ, ਲੋਕਮਾਤ ਦਏ ਵਡਿਆਈਆ। ਨਿਰਗੁਣ ਨਾਨਕ ਨਿਰਗੁਣ ਮਿਲਾਇਆ, ਏਕਾ ਘਰ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਦਰਸ਼ਨ ਪਾਇਆ, ਏਕਾ ਨੈਣ ਵੇਖੇ ਚਾਈਂ ਚਾਈਆ। ਆਪ ਆਪਣੀ ਹਰਸ ਮਿਟਾਇਆ, ਹਵਸ ਹੋਰ ਨਾ ਕੋਈ ਰਖਾਈਆ। ਦੋਏ ਜੋੜ ਸੀਸ ਝੁਕਾਇਆ, ਪੁਰਖ ਅਕਾਲ ਤੇਰੀ ਸਰਨਾਈਆ। ਤੇਰਾ ਮੇਰਾ ਭੇਵ ਨਾ ਰਾਇਆ, ਸੋਹੰ ਰੂਪ ਇਕ ਦਰਸਾਈਆ। ਹੰ ਬ੍ਰਹਮ ਪਾਰਬ੍ਰਹਮ ਸਮਾਇਆ, ਨਾਨਕ ਲਿਖਿਆ ਲੇਖਾ ਆਪ ਮੁਕਾਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਦਰ ਘਰ ਸਾਚਾ ਸਹਿਜ ਸੁਭਾਈਆ। ਨਾਨਕ ਮਿਲਿਆ ਪਾਰਬ੍ਰਹਮ, ਏਕਾ ਰੰਗ ਸਮਾਇਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਇਆ। ਹਰਖ ਸੋਗ ਨਾ ਖ਼ੁਸ਼ੀ ਗ਼ਮ, ਚਿੰਤਾ ਦੁਖ ਨਾ ਕੋਈ ਵਖਾਇਆ। ਹੱਡ ਮਾਸ ਨਾ ਦਿਸੇ ਚੰਮ, ਪੰਜ ਤਤ ਨਾ ਕੋਈ ਵਖਾਇਆ। ਤ੍ਰੈਗੁਣ ਮਾਇਆ ਨਾ ਤ੍ਰਿਸ਼ਨਾ ਤਮ, ਏਕਾ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚਾ ਮੰਤਰ ਇਕ ਦ੍ਰਿੜਾਇਆ। ਸਾਚਾ ਮੰਤਰ ਸਤਿ ਨਾਮ, ਹਰਿ ਹਰਿ ਨਾਨਕ ਝੋਲੀ ਪਾਇੰਦਾ। ਨਾਨਕ ਨਿਰਗੁਣ ਕਰੇ ਪਰਨਾਮ, ਨਿਉਂ ਨਿਉਂ ਸੀਸ ਝੁਕਾਇੰਦਾ। ਕਾਇਆ ਖੇੜਾ ਵੇਖਿਆ ਇਕ ਗਰਾਮ, ਸਾਚੇ ਮੰਦਰ ਸੋਭਾ ਪਾਇੰਦਾ। ਦੋ ਜਹਾਨਾਂ ਵਾਲੀ ਮਿਲਿਆ ਮਾਣ, ਲੋਕਮਾਤ ਆਪ ਵਡਿਆਇੰਦਾ। ਸ਼ਬਦ ਲਗਾਇਆ ਨਿਰਾਲਾ ਬਾਣ, ਅਨਿਆਲਾ ਤੀਰ ਆਪ ਚਲਾਇੰਦਾ। ਨਾਨਕ ਨਿਰੰਕਾਰ ਬੈਠ ਇਕ ਬਬਾਨ, ਕਾਇਆ ਬਬਾਨ ਆਪ ਉਡਾਇੰਦਾ। ਪੁਰਖ ਅਬਿਨਾਸ਼ੀ ਦੇਵੇ ਧੁਰ ਫ਼ਰਮਾਣ, ਬੋਧ ਅਗਾਧੀ ਸ਼ਬਦ ਸੁਣਾਇੰਦਾ। ਚਾਰ ਵਰਨ ਰਖੌਣਾ ਏਕਾ ਮਾਣ, ਊਚ ਨੀਚ ਨਾ ਵੰਡ ਵੰਡਾਇੰਦਾ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਣਾ ਇਕ ਗਿਆਨ, ਏਕਾ ਅੱਖਰ ਆਪ ਪੜ੍ਹਾਇੰਦਾ। ਸਤਿਨਾਮ ਕਰੇ ਪਰਧਾਨ, ਲੋਕਮਾਤ ਧਰਾਇੰਦਾ। ਜੋ ਜਨ ਰਸਨਾ ਜਿਹਵਾ ਗਾਣ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਏਕਾ ਜੋਤ ਹਰਿ ਹਰਿ ਧਾਰ, ਵਰਨ ਗੋਤ ਨਾ ਕੋਈ ਵਖਾਈਆ। ਨਾਨਕ ਮਿਲਿਆ ਹਰਿ ਨਿਰੰਕਾਰ, ਵਿਛੜ ਕਦੇ ਨਾ ਜਾਈਆ। ਅੰਗਦ ਕਰਿਆ ਅੰਗੀਕਾਰ, ਲਹਿਣਾ ਲਹਿਣੈ ਝੋਲੀ ਪਾਈਆ। ਅਮਰੂ ਅਮਰਾ ਪਦ ਪਾਇਆ ਇਕ ਘਰ ਬਾਰ, ਅਮਰ ਅਮਰ ਸਦਾ ਸਹਿਜ ਸੁਖਦਾਈਆ। ਰਾਮ ਦਾਸ ਦਾਸ ਹੋ ਉਜਿਆਰ, ਘਰ ਮੰਦਰ ਵਡ ਵਡਿਆਈਆ। ਗੁਰੂ ਅਰਜਨ ਬਣ ਲਿਖਾਰ, ਬੋਧ ਅਗਾਧ ਸ਼ਬਦ ਜਣਾਈਆ। ਗੁਰੂ ਗ੍ਰੰਥ ਗੁਰ ਕਰ ਤਿਆਰ, ਸ੍ਰਿਸ਼ਟ ਸਬਾਈ ਗਿਆ ਸਮਝਾਈਆ। ਸੰਤ ਭਗਤ ਭਗਵੰਤ ਸੋਹਿਣ ਇਕ ਦਵਾਰ, ਇਕਵੰਜਾ ਬਵੰਜਾ ਧਾਰ ਆਪ ਚਲਾਈਆ। ਪੈਂਤੀਸ ਅੱਖਰ ਕਰ ਵਿਚਾਰ ਸਤਾਰਾਂ ਅੱਖਰ ਆਪਣੇ ਵਿਚ ਛੁਪਾਈਆ। ਬਾਵਨ ਅੱਖਰੀ ਨਿਰਾਕਾਰ, ਨਿਰੰਕਾਰ ਕਰ ਪੜ੍ਹਾਈਆ। ਸ੍ਰਿਸ਼ਟ ਸਬਾਈ ਉਚੀ ਕੂਕ ਗਿਆ ਪੁਕਾਰ, ਗੁਰ ਸ਼ਬਦ ਦਏ ਗਵਾਹੀਆ। ਕਲਜੁਗ ਅੰਤਮ ਆਏ ਵਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਨਾਨਕ ਲੇਖਾ ਲੇਖ ਅਪਾਰ, ਬਾਲੇ ਜੱਟ ਗਿਆ ਸਮਝਾਈਆ। ਗੁਰ ਗੋਬਿੰਦ ਜੋਧਾ ਸੂਰਬੀਰ ਬਲੀ ਬਲਕਾਰ, ਏਕਾ ਜੋਤੀ ਦਸ ਦਸ ਰੂਪ ਕਰੇ ਰੁਸ਼ਨਾਈਆ। ਸਾਚਾ ਖੰਡਾ ਫੜ ਕਟਾਰ, ਨਾਮ ਚੰਡੀ ਦਏ ਚਮਕਾਈਆ। ਭੇਖ ਪਖੰਡੀ ਮਾਰੇ ਮਾਰ, ਸਾਚੀ ਡੰਡੀ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਕਰੇ ਸਾਚਾ ਹਰਿ, ਹਰਿ ਕਾ ਭੇਵ ਕੋਈ ਨਾ ਪਾਈਆ। ਨਾਨਕ ਨਿਰਗੁਣ ਬਣ ਲਿਖਾਰਾ, ਵੇਲਾ ਅੰਤ ਗਿਆ ਸਮਝਾਈਆ। ਗੁਰ ਅਰਜਨ ਉਚੀ ਬੋਲ ਦਏ ਲਲਕਾਰਾ, ਗੁਰੂ ਗ੍ਰੰਥ ਦਏ ਗਵਾਹੀਆ। ਗੁਰ ਗੋਬਿੰਦ ਆਪਣਾ ਵਰਤੇ ਸਚ ਵਰਤਾਰਾ, ਅਭੁੱਲ ਗੁਰ ਇਕ ਅਖਵਾਈਆ। ਕਲਜੁਗ ਅੰਤਮ ਉਤਰੇ ਪਾਰ ਕਿਨਾਰਾ, ਲੱਖ ਚਾਰ ਆਯੂ ਬੀਤੇ ਨਾ ਬੱਤੀ ਹਜ਼ਾਰਾ, ਅਧ ਵਿਚਕਾਰ ਤੋੜ ਤੁੜਾਈਆ। ਲੱਖ ਚੁਰਾਸੀ ਕੁਕਰਮਾਂ ਮਾਰੇ ਮਾਰਾ, ਨੇਹਕਰਮੀ ਦਏ ਸਜਾਈਆ। ਪਰਗਟ ਹੋਵੇ ਜੋਧਾ ਸੂਰਬੀਰ ਬਲੀ ਬਲਕਾਰਾ, ਬਲ ਬਾਵਨ ਰੂਪ ਧਰਾਈਆ। ਮੇਟ ਮਿਟਾਏ ਅੰਧ ਅੰਧਿਆਰਾ, ਜੂਠ ਝੂਠ ਰਹਿਣ ਨਾ ਪਾਈਆ। ਨਿਹਕਲੰਕ ਨਰਾਇਣ ਸੱਚੀ ਸਰਕਾਰਾ, ਪੁਰਖ ਅਕਾਲ ਇਕ ਅਖਵਾਈਆ। ਸਾਚਾ ਧਾਮ ਕਰੇ ਉਜਿਆਰਾ, ਸੰਬਲ ਨਗਰ ਦਏ ਵਡਿਆਈਆ। ਉਚੇ ਪਰਬਤ ਚੋਟੀ ਚੜ੍ਹ ਬੋਲੇ ਜੈਕਾਰਾ, ਪੂਤ ਸਪੂਤਾ ਬ੍ਰਹਿਮਣ ਗੌੜਾ ਨਾਉਂ ਧਰਾਈਆ। ਸਤਿਜੁਗ ਸਤਿ ਸਤਿ ਕਰੇ ਵਰਤਾਰਾ, ਚਾਰ ਵਰਨਾਂ ਕਰੇ ਪੜ੍ਹਾਈਆ। ਏਕਾ ਫ਼ਤਹਿ ਬੋਲ ਜੈਕਾਰਾ, ਸਾਚਾ ਡੰਕਾ ਦਏ ਸੁਣਾਈਆ। ਵਾਹ ਵਾਹ ਗੁਰੂ ਜੋਧਾ ਬੀਰ ਬਲੀ ਬਲਕਾਰਾ, ਸੂਰਬੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਕਰਨਹਾਰ ਕਰਤਾਰ। ਜਨ ਭਗਤਾਂ ਫੜਾਏ ਆਪਣਾ ਪੱਲੜਾ, ਨਿਰਗੁਣ ਸਰਗੁਣ ਪਾਵੇ ਸਾਰ। ਮਾਰਗ ਦੱਸੇ ਇਕ ਸੁਖ਼ਲੜਾ, ਚਰਨ ਕਵਲ ਸੱਚਾ ਪਿਆਰ। ਸੁਰਤੀ ਸ਼ਬਦੀ ਆਪੇ ਰਲੜਾ, ਆਤਮ ਬ੍ਰਹਮ ਦਏ ਅਧਾਰ। ਈਸ਼ ਜੀਵ ਫੜਾਏ ਪੱਲੜਾ, ਛੁੱਟ ਨਾ ਜਾਏ ਵਿਚ ਸੰਸਾਰ। ਦਰ ਦਰਵਾਜ਼ੇ ਅੱਗੇ ਆਪੇ ਖਲੜਾ, ਜੋ ਜਨ ਹਰਿ ਹਰਿ ਰਿਹਾ ਉਚਾਰ। ਮਾਟੀ ਖ਼ਾਕ ਕਦੇ ਨਾ ਰੁਲੜਾ, ਪਾਕੀ ਪਾਕ ਕਰੇ ਪਰਵਰਦਿਗਾਰ। ਅਗਨੀ ਹਵਨ ਕਦੇ ਨਾ ਬਲੜਾ, ਜਿਸ ਮਿਲਿਆ ਹਰਿ ਨਿਰੰਕਾਰ। ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ ਸਚ ਸੰਦੇਸ਼ਾ ਏਕਾ ਘਲੜਾ, ਧੁਰ ਦੀ ਬਾਣੀ ਸਾਚੀ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿਨ ਅੰਤਾ ਹਰਿ ਭਗਵੰਤਾ, ਜੁਗਾ ਜੁਗੰਤਾ ਜਾਣੇ ਆਪਣੀ ਕਾਰ। ਜੁਗ ਜੁਗ ਕਾਰ ਕਮਾਇੰਦਾ, ਕਰਤਾ ਪੁਰਖ ਹਰਿ ਨਿਰੰਕਾਰ। ਸਤਿਜੁਗ ਤ੍ਰੇ੍ਰਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਆਏ ਅੰਤਮ ਵਾਰ। ਗੁਰ ਗੋਬਿੰਦ ਖੇਲ ਖਿਲਾਇੰਦਾ, ਵੇਦ ਵਿਆਸਾ ਕਰੇ ਪਿਆਰ। ਨਿਹਕਲੰਕਾ ਨਾਉਂ ਧਰਾਇੰਦਾ, ਨਿਰਗੁਣ ਜੋਤ ਜੋਤ ਉਜਿਆਰ। ਸ਼ਬਦ ਡੰਕਾ ਇਕ ਵਜਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਸ਼ਾਹ ਸੁਲਤਾਨਾ ਖ਼ਾਕ ਮਿਲਾਇੰਦਾ, ਦਰ ਦਿਸੇ ਨਾ ਕੋਈ ਚੋਬਦਾਰ। ਚਾਰ ਵਰਨ ਏਕਾ ਰੰਗ ਰੰਗਾਇੰਦਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਵਖਾਏ ਸੱਚਾ ਦਰਬਾਰ। ਪੁਰਖ ਅਕਾਲ ਏਕਾ ਇਸ਼ਟ ਮਨਾਇੰਦਾ, ਗੁਰ ਸ਼ਬਦ ਕਰੇ ਪਿਆਰ । ਕਲਜੁਗ ਕੂੜਾ ਮੇਟ ਮਿਟਾਇੰਦਾ, ਰੈਣ ਅੰਧੇਰੀ ਰਹੇ ਨਾ ਧੂਆਂਧਾਰ। ਸਤਿਗੁਰ ਸਾਚਾ ਚੰਦ ਆਪ ਚੜ੍ਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾਂ ਜੁਗੰਤਰ ਖੇਲ ਕਰ, ਹਰਿਜਨ ਸੱਜਣ ਲਏ ਉਭਾਰ। ਗੁਰਮੁਖ ਆਪ ਉਠਾਇੰਦਾ, ਸਤਿਗੁਰ ਪੂਰਾ ਸਦ ਮਿਹਰਵਾਨ। ਗੁਰਮੁਖ ਆਪਣੇ ਅੰਗ ਲਗਾਇੰਦਾ, ਅੰਗੀਕਾਰ ਕਰੇ ਭਗਵਾਨ। ਸੰਤ ਸਾਚੇ ਵੇਖ ਵਖਾਇੰਦਾ, ਅੰਤਰ ਆਤਮ ਦੇਵੇ ਬ੍ਰਹਮ ਗਿਆਨ। ਭਗਤ ਭਗਵੰਤ ਮੇਲ ਮਿਲਾਇੰਦਾ, ਇਕ ਵਖਾਏ ਸਚ ਨਿਸ਼ਾਨ। ਸਤਿ ਨਿਸ਼ਾਨਾ ਆਪ ਝੁਲਾਇੰਦਾ, ਦਰਗਾਹਿ ਸਾਚੀ ਹੋ ਮਿਹਰਵਾਨ। ਸਚਖੰਡ ਦਵਾਰੇ ਸੋਭਾ ਪਾਇੰਦਾ, ਗੁਰਮੁਖ ਤੇਰੇ ਚਰਨਾ ਹੇਠ ਦਬਾਏ ਜ਼ਿਮੀ ਅਸਮਾਨ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਰਾਹ ਤਕਾਇੰਦਾ, ਜਿਸ ਜਨ ਹੋਇਆ ਆਪ ਮਿਹਰਵਾਨ। ਜੁਗ ਜੁਗ ਵਿਛੜੇ ਮੇਲ ਮਿਲਾਇੰਦਾ, ਪੂਰਬ ਜਨਮਾਂ ਕਰ ਪਛਾਣ। ਸ੍ਰਿਸ਼ਟ ਸਬਾਈ ਲੇਖਾ ਆਪ ਵਖਾਇੰਦਾ, ਏਕਾ ਓਟ ਸ੍ਰੀ ਭਗਵਾਨ। ਲੱਖ ਚੁਰਾਸੀ ਖੇੜਾ ਭੱਠ ਕਰਾਇੰਦਾ, ਅੰਤ ਦਿਸੇ ਨਾ ਕੋਈ ਨਿਸ਼ਾਨ। ਗੁਰਮੁਖ ਸਾਚੇ ਸਾਚੇ ਧਾਮ ਬਹਾਇੰਦਾ, ਦਰਗਹਿ ਸਾਚੀ ਕਰ ਪਰਵਾਨ। ਏਕਾ ਮੰਤਰ ਨਾਮ ਦ੍ਰਿੜਾਇੰਦਾ, ਨਿਰਗੁਣ ਸਰਗੁਣ ਕਰ ਪਛਾਣ। ਕਾਗੋਂ ਹੰਸ ਆਪ ਬਣਾਇੰਦਾ, ਜਿਸ ਜਨ ਦੇਵੇ ਨਾਮ ਦਾਨ। ਸੋਹੰ ਹੰਸਾ ਚੋਗ ਚੁਗਾਇੰਦਾ, ਦਰਗਹਿ ਸਾਚੀ ਕਰੇ ਪਰਵਾਨ। ਕਾਗਦ ਕਲਮ ਭੇਵ ਨਾ ਆਇੰਦਾ, ਸੱਤ ਸਮੁੰਦਰ ਮਸ ਹੋਈ ਹੈਰਾਨ। ਸਪਤ ਲੇਖਾ ਨਾ ਕੋਈ ਵਖਾਇੰਦਾ, ਅਠਾਰਾਂ ਭਾਰ ਤੋਲੇ ਨਾ ਕੋਈ ਆਣ। ਨਾਨਕ ਨਿਰਗੁਣ ਬਹਿ ਬਹਿ ਸਮਝਾਇੰਦਾ, ਬਿਨ ਗੁਰ ਸ਼ਬਦ ਨਾ ਦੀਸੇ ਕੋਈ ਹੋਰ ਨਿਸ਼ਾਨ। ਮਨ ਇਛਿਆ ਮਨ ਹੀ ਵਿਚ ਰਖਾਇੰਦਾ, ਮਨ ਕੂਕੇ ਬੇਈਮਾਨ। ਮਨ ਜੋਤ ਰੂਪ ਪਰਗਟਾਇੰਦਾ, ਮਨ ਮਨ ਹੀ ਕਰੇ ਪਛਾਣ। ਮਨ ਸਤਿਗੁਰ ਪੂਰਾ ਆਪ ਸਮਝਾਇੰਦਾ, ਜਿਸ ਉਪਰ ਹੋਏ ਆਪ ਮਿਹਰਵਾਨ। ਮਨ ਪੰਖੀ ਉਡ ਨਾ ਦਹਿ ਦਿਸ ਧਾਇੰਦਾ, ਚਾਰ ਕੁੰਟ ਨਾ ਹੋਏ ਵੈਰਾਨ। ਆਸਾ ਆਸਾ ਵਿਚ ਰਖਾਇੰਦਾ, ਮਨਸਾ ਮਨਸਾ ਮਾਰੇ ਬਾਣ। ਮਨ ਮਨ ਮੇਟ ਮਿਟਾਇੰਦਾ, ਮਨ ਰਾਵਣ ਮਿਟੇ ਸ਼ੈਤਾਨ। ਏਕਾ ਨਾਮ ਕੋਟਨ ਕੋਟ ਸਹਿੰਸ ਸਹਿੰਸਾ ਆਪ ਤਰਾਇੰਦਾ, ਜਿਸ ਜਨ ਦੇਵੇ ਗੁਣ ਨਿਧਾਨ। ਗੁਰਮੁਖ ਵਿਰਲਾ ਝੋਲੀ ਪਾਇੰਦਾ, ਲੱਖ ਚੁਰਾਸੀ ਕਾਇਆ ਹੋਈ ਵੈਰਾਨ। ਸਾਚੇ ਹੱਟ ਸਚ ਵਣਜਾਰਾ ਕੋਈ ਨਾ ਜਾਇੰਦਾ, ਕਲਜੁਗ ਲੁੱਟੀ ਜਾਏ ਦੁਕਾਨ। ਮਨ ਮਤ ਬੁਧ ਜੀਵ ਜੰਤ ਸਰਬ ਕੁਰਲਾਇੰਦਾ, ਗੁਰ ਕਾ ਚਰਨ ਨਾ ਕੋਈ ਧਿਆਨ। ਨਾਨਕ ਗੋਬਿੰਦ ਦਰਸ ਨਾ ਕੋਈ ਪਾਇੰਦਾ, ਨਾਤਾ ਜੁੜਿਆ ਪੰਜ ਸ਼ੈਤਾਨ। ਮਾਇਆ ਪਰਦਾ ਨਾ ਕੋਈ ਉਠਾਇੰਦਾ, ਅੰਦਰ ਦਿਸੇ ਨਾ ਗੁਣ ਨਿਧਾਨ। ਸਾਚੀ ਸੇਜ ਨਾ ਕੋਈ ਸੁਹਾਇੰਦਾ, ਨਾਰੀ ਕੰਤ ਨਾ ਕਰੇ ਪਰਵਾਨ। ਵਿਭਚਾਰ ਸਰਬ ਦਰਸਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਪਛਾਣ। ਗੁਰਮੁਖ ਆਪ ਪਛਾਣਦਾ, ਜੁਗਾਂ ਜੁਗੰਤਰ ਸਾਚੀ ਕਾਰ। ਲੱਖ ਚੁਰਾਸੀ ਪੁਣ ਛਾਣਦਾ, ਪਾਰਬ੍ਰਹਮ ਪ੍ਰਭ ਸਾਂਝਾ ਯਾਰ। ਸੁਰਤੀ ਸ਼ਬਦੀ ਮੇਲਾ ਹਾਣੀ ਹਾਣਦਾ, ਹਰਿ ਮੰਦਰ ਕਰੇ ਪਿਆਰ। ਸ਼ਬਦ ਸੁਣੇ ਸੁਣਾਏ ਧੁਰ ਫ਼ਰਮਾਣ ਦਾ, ਅਗੰਮ ਅਗੰਮੜੀ ਕਰੇ ਕਾਰ। ਅਠਸਠ ਤੀਰਥ ਵਰੋਲ ਆਪੇ ਛਾਣਦਾ, ਬਣ ਸਤਿਗੁਰ ਪੂਰਾ ਅੰਮ੍ਰਿਤ ਕੋਈ ਨਾ ਦੇਵੇ ਠੰਡਾ ਠਾਰ। ਜ਼ਰਾ ਜ਼ਰਾ ਕਤਰਾ ਕਤਰਾ ਆਪਣਾ ਰੰਗ ਆਪੇ ਮਾਣਦਾ, ਆਪੇ ਅੰਦਰ ਆਪੇ ਬਾਹਰ। ਬ੍ਰਹਮ ਰੂਪ ਸ੍ਰੀ ਭਗਵਾਨ ਦਾ, ਪਾਰਬ੍ਰਹਮ ਕਰਿਆ ਖੇਲ ਨਿਰਾਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਅਵਤਾਰ, ਗੁਰ ਗੁਰ ਰੂਪ ਪਰਗਟੇ ਵਿਚ ਸੰਸਾਰ, ਕਲਜੁਗ ਅੰਤਮ ਕਰੇ ਖ਼ਵਾਰ, ਨਿਹਕਲੰਕਾ ਆਪਣਾ ਨਾਉਂ ਧਰਾਇੰਦਾ।