੬ ਅੱਸੂ ੨੦੧੭ ਬਿਕ੍ਰਮੀ ਬੇਲਾ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਅਗੰਮ ਅਥਾਹ, ਅਲੱਖ ਅਗੋਚਰ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕੰਕਾਰਾ ਆਦਿ ਜੁਗਾਦੀ ਇਕ ਮਲਾਹ, ਰੂਪ ਅਨੂਪ ਦਿਸ ਨਾ ਆਈਆ। ਆਦਿ ਨਿਰੰਜਣ ਸੁਤੇ ਪਰਕਾਸ਼ ਕਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸਾਚਾ ਧਾਮ ਸੁਹਾ, ਸਚਖੰਡ ਦਵਾਰਾ ਸੋਭਾ ਪਾਈਆ। ਅਬਿਨਾਸ਼ੀ ਕਰਤਾ ਸਚ ਸਿੰਘਾਸਣ ਡੇਰਾ ਲਾ, ਥਿਰ ਘਰ ਸਾਚਾ ਵੇਖ ਵਖਾਈਆ। ਪਾਰਬ੍ਰਹਮ ਦੇਵਣਹਾਰ ਸਲਾਹ, ਸਚ ਸੁੱਚ ਇਕ ਦ੍ਰਿੜਾਈਆ। ਮਹੱਲ ਅਟੱਲ ਉਚ ਮੁਨਾਰ ਆਪ ਰਚਾ, ਨਿਰਗੁਣ ਆਪਣੀ ਬਣਤ ਬਣਾਈਆ। ਸਰਬ ਸੁਖ ਦਾਤਾ ਵਸਿਆ ਸਾਚੇ ਥਾਂ, ਦਰ ਘਰ ਸਾਚੇ ਸੋਭਾ ਪਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਨੌਜਵਾਨ ਨਾਮ ਧਰਾ, ਨਾਉਂ ਨਿਰੰਕਾਰਾ ਆਪ ਅਖਵਾਈਆ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਸਚ ਨਿਸ਼ਾਨਾ ਹੱਥ ਉਠਾ, ਦਰਗਹਿ ਸਾਚੀ ਆਪ ਝੁਲਾਈਆ। ਸਾਚਾ ਤਾਜ ਸੀਸ ਪ੍ਰਭ ਆਪ ਟਿਕਾ, ਸਚ ਸਿੰਘਾਸਣ ਦਏ ਵਡਿਆਈਆ। ਧੁਰ ਫ਼ਰਮਾਣਾ ਹੁਕਮ ਸੁਣਾ, ਸਾਚਾ ਰਾਣਾ ਦਏ ਸਲਾਹੀਆ। ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡ ਖੰਡ ਆਪਣੀ ਧਾਰ ਬੰਧਾਈਆ। ਸ਼ਬਦ ਅਗੰਮੀ ਸੁਤ ਉਠਾ, ਸਾਚੀ ਸੇਵਾ ਇਕ ਵਖਾਈਆ। ਇਛਿਆ ਭਿਛਿਆ ਝੋਲੀ ਪਾ, ਨਾਮ ਭੰਡਾਰ ਹਰਿ ਵਰਤਾਈਆ। ਦਹਿ ਦਿਸ਼ਾ ਏਕਾ ਰੰਗ ਰੰਗਾ, ਚਾਰੇ ਕੂਟਾ ਹੋਏ ਸਹਾਈਆ। ਆਪਣਾ ਬੰਸ ਆਪ ਬਣਾ, ਆਪਣੀ ਅੰਸ ਆਪ ਸੁਹਾਈਆ। ਆਪਣਾ ਵਿਸ਼ਨੂੰ ਨਾਉਂ ਧਰਾ, ਬ੍ਰਹਮ ਸੁੱਤ ਆਪ ਪਰਗਟਾਈਆ। ਲੇਖਾ ਜਾਣੇ ਬੇਪਰਵਾਹ, ਸ਼ੰਕਰ ਮੇਲਾ ਸਹਿਜ ਸੁਭਾਈਆ। ਤਿੰਨਾਂ ਜਪਾਏ ਏਕਾ ਨਾਂ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਧਾਰਾ ਆਪ ਬੰਧਾਈਆ। ਸੋ ਪੁਰਖ ਨਿਰੰਜਣ ਧਾਰ ਚਲਾਇੰਦਾ, ਅਲੱਖ ਅਗੋਚਰ ਅਗੰਮ ਅਪਾਰ। ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ, ਸਚਖੰਡ ਬੈਠ ਸੱਚੇ ਦਰਬਾਰ। ਏਕੰਕਾਰਾ ਸੋਭਾ ਪਾਇੰਦਾ, ਇਕ ਇਕੱਲਾ ਹੋ ਉਜਿਆਰ। ਆਦਿ ਨਿਰੰਜਣ ਡਗਮਗਾਇੰਦਾ, ਨੂਰ ਨੁਰਾਨਾ ਬੇਐਬ ਪਰਵਰਦਿਗਾਰ। ਅਬਿਨਾਸ਼ੀ ਕਰਤਾ ਵੇਸ ਵਟਾਇੰਦਾ, ਆਦਿ ਜੁਗਾਦੀ ਸਾਂਝਾ ਯਾਰ। ਸ੍ਰੀ ਭਗਵਾਨ ਤਖ਼ਤ ਸੁਹਾਇੰਦਾ, ਤਖ਼ਤ ਨਿਵਾਸੀ ਸ਼ਾਹ ਸੱਚਾ ਸਿਕਦਾਰ। ਪਾਰਬ੍ਰਹਮ ਆਪਣਾ ਹੁਕਮ ਆਪ ਵਰਤਾਇੰਦਾ, ਹੁਕਮੀ ਹੁਕਮ ਕਰਾਏ ਸਾਚੀ ਕਾਰ। ਬੋਧ ਅਗਾਧੀ ਸ਼ਬਦ ਜਣਾਇੰਦਾ, ਧੁਨ ਅਨਾਦੀ ਆਪ ਸੁਣਾਏ ਆਪਣੀ ਵਾਰ। ਬ੍ਰਹਮ ਬ੍ਰਹਿਮਾਦੀ ਵੇਖ ਵਖਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਦਏ ਆਧਾਰ। ਆਪਣੀ ਵੰਡਣ ਆਪ ਵੰਡਾਇੰਦਾ, ਤ੍ਰੈਗੁਣ ਮਾਇਆ ਭਰ ਭੰਡਾਰ। ਸਾਚੇ ਮੰਦਰ ਆਪ ਰਖਾਇੰਦਾ, ਥਿਰ ਘਰ ਸਾਚੇ ਖੋਲ੍ਹ ਕਿਵਾੜ। ਦੂਸਰ ਹੱਥ ਨਾ ਕੋਇ ਫੜਾਇੰਦਾ, ਨਾ ਕੋਈ ਵੇਖੇ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰਾ, ਆਦਿ ਅਨਾਦੀ ਕਰ ਪਸਾਰਾ, ਆਪਣਾ ਭੇਵ ਆਪ ਖੁਲ੍ਹਾਇੰਦਾ। ਸੋ ਪੁਰਖ ਨਿਰੰਜਣ ਭੇਵ ਖੁਲ੍ਹੌਣਾ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਵੇਸ ਵਟੌਣਾ, ਰੂਪ ਰੇਖ ਨਾ ਕੋਇ ਵਖਾਈਆ। ਏਕੰਕਾਰਾ ਸਾਚਾ ਮੰਦਰ ਆਪ ਸੁਹੌਣਾ, ਮਹੱਲ ਅਟੱਲ ਉਚ ਮੁਨਾਰੇ ਸੋਭਾ ਪਾਈਆ। ਆਦਿ ਨਿਰੰਜਣ ਜੋਤੀ ਜੋਤ ਦੀਪਕ ਇਕ ਜਗੌਣਾ, ਥਿਰ ਘਰ ਸਾਚੇ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤੇ ਸੀਸ ਤਾਜ ਟਿਕੌਣਾ, ਪੰਚਮ ਮੁਖ ਮੁਖ ਸਾਲਾਹੀਆ। ਸ੍ਰੀ ਭਗਵਾਨ ਆਪਣਾ ਹੁਕਮ ਆਪ ਫ਼ਰਮੌਣਾ, ਧੁਰ ਫ਼ਰਮਾਣਾ ਇਕ ਪੜ੍ਹਾਈਆ। ਪਾਰਬ੍ਰਹਮ ਨਿਉਂ ਨਿਉਂ ਸੀਸ ਝੁਕੌਣਾ, ਦਰ ਦਰਵੇਸ਼ ਆਪ ਹੋ ਜਾਈਆ। ਸੁਤ ਦੁਲਾਰਾ ਸ਼ਬਦ ਇਕ ਉਪਜੌਣਾ, ਏਕਾ ਏਕ ਦਏ ਵਡਿਆਈਆ। ਵਿਸ਼ਨੂੰ ਵਿਸ਼ਵ ਧਾਰ ਧਰੌਣਾ, ਦਰ ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਬ੍ਰਹਮ ਆਪ ਬਹੌਣਾ, ਭੇਵ ਅਭੇਦਾ ਆਪ ਖੁਲ੍ਹਾਈਆ। ਸ਼ੰਕਰ ਸੰਸਾ ਇਕ ਚੁਕੌਣਾ, ਸਾਖ਼ਯਾਤ ਰੂਪ ਪਰਟਾਈਆ। ਤਿੰਨਾਂ ਮੇਲਾ ਏਕਾ ਥਾਂ ਕਰੌਣਾ, ਚਰਨ ਕਵਲ ਵੱਡੀ ਵਡਿਆਈਆ। ਚਰਨ ਚਰਨੌਦਕ ਮੁਖ ਪਿਔਣਾ, ਅਮਰਾ ਪਦ ਇਕ ਸੁਹਾਈਆ। ਸਵਛ ਸਰੂਪੀ ਰੂਪ ਪਰਗਟੌਣਾ, ਪੰਜ ਤਤ ਨਾ ਲਏ ਕੋਇ ਅੰਗੜਾਈਆ। ਆਪਣਾ ਮੇਲਾ ਆਪ ਮਿਲੌਣਾ, ਮੇਲਣਹਾਰ ਦਿਸ ਨਾ ਆਈਆ। ਚੇਲਾ ਗੁਰ ਆਪ ਅਖਵੌਣਾ, ਏਕਾ ਮਾਈ ਕਰੇ ਕੁੜਮਾਈਆ। ਸਾਚਾ ਮਾਰਗ ਇਕ ਰਖੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਚਖੰਡ ਦਵਾਰੇ ਬਹਿ ਬਹਿ ਹੁਕਮ ਚਲੌਣਾ, ਪੁਰਖ ਅਕਾਲ ਬੇਪਰਵਾਹੀਆ। ਜੂਨੀ ਰਹਿਤ ਖੇਲ ਖਲੌਣਾ, ਜੂਨ ਅਜੂਨੀ ਵੰਡ ਵੰਡਾਈਆ। ਮੂਰਤ ਅਕਾਲ ਰੂਪ ਪਰਗਟੌਣਾ, ਅਕਲ ਕਲ ਆਪ ਧਰਾਈਆ। ਇਕ ਇਕੱਲਾ ਖੇਲ ਖਲੌਣਾ, ਓਅੰਕਾਰਾ ਵੇਸ ਧਰਾਈਆ। ਬ੍ਰਹਮਾ ਵਿਸ਼ਨ ਸ਼ਿਵ ਸਾਚੀ ਸੇਵਾ ਲੌਣਾ, ਸੇਵਕ ਸੇਵਾ ਇਕ ਜਣਾਈਆ। ਤ੍ਰੈਗੁਣ ਮੇਲਾ ਮੇਲ ਮਿਲੌਣਾ, ਏਕਾ ਵਸਤ ਝੋਲੀ ਪਾਈਆ। ਏਕਾ ਅੱਖਰ ਆਪ ਪੜ੍ਹੌਣਾ, ਬ੍ਰਹਮ ਮੁਖ ਕਰੇ ਪੜ੍ਹਾਈਆ। ਚਾਰੇ ਵੇਦਾਂ ਆਪ ਅਲੌਣਾ, ਚਾਰ ਬਾਣੀ ਖੋਜ ਖੋਜਾਈਆ। ਚਾਰੇ ਜੁਗ ਖੇਲ ਖਲ੍ਹੌਣਾ, ਚਾਰੇ ਖਾਣੀ ਵੇਖੇ ਥਾਉਂ ਥਾਈਆ। ਚੌਥੇ ਪਦ ਰੰਗ ਚੜ੍ਹੌਣਾ, ਚਤਰਭੁਜ ਭੇਵ ਨਾ ਰਾਈਆ। ਆਦਿ ਸ਼ਕਤ ਰੂਪ ਪਰਗਟੌਣਾ, ਬਿਮਲ ਜੋਤ ਕਰ ਰੁਸ਼ਨਾਈਆ। ਆਪਣੀ ਵੰਡਣ ਆਪ ਵੰਡੌਣਾ, ਬ੍ਰਹਿਮੰਡ ਖੰਡ ਆਪਣਾ ਹਿਸਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਏਕਾ ਤਤ ਸਮਝਾਈਆ। ਵਿਸ਼ਨ ਹਰਿ ਸਮਝਾਇਆ, ਪਾਰਬ੍ਰਹਮ ਖੇਲ ਅਪਾਰ। ਅਗੰਮ ਅਗੰਮੜਾ ਰੂਪ ਵਟਾਇਆ, ਰੂਪ ਰੰਗ ਰੇਖ ਨਾ ਕੋਇ ਕਰੇ ਵਿਚਾਰ। ਅੰਮੀ ਅੰਮੜਾ ਨਾ ਕੋਇ ਬਣਾਇਆ, ਮਾਤ ਪਿਤ ਨਾ ਕੋਇ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਬੋਲੇ ਸ਼ਬਦ ਜੈਕਾਰ। ਵਿਸ਼ਨੂੰ ਸ਼ਬਦ ਜਣਾਇਆ, ਪੁਰਖ ਅਬਿਨਾਸ਼ੀ ਏਕਾ ਬੋਲ। ਆਪਣੇ ਕੰਡੇ ਆਪ ਤੁਲਾਇਆ, ਆਪੇ ਬੈਠਾ ਰਹੇ ਅਡੋਲ। ਤੇਰੀ ਸਾਚੀ ਸੇਵ ਵਖਾਇਆ, ਜੁਗਾ ਜੁਗੰਤਰ ਪੂਰਾ ਕਰਨਾ ਕੌਲ। ਧਰਨੀ ਧਰਤ ਧਵਲ ਲਏ ਉਪਾਇਆ, ਜਲ ਬਿੰਬ ਆਪੇ ਜਾਏ ਮੌਲ। ਤੇਰੇ ਅੰਦਰ ਕਾਇਆ ਕਵਲਾ ਨਾਭੀ ਆਪ ਭਰਾਇਆ, ਆਪਣੀ ਫਲਵਾੜੀ ਆਪੇ ਜਾਏ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰ ਦਰਵਾਜ਼ਾ ਸਾਚਾ ਖੋਲ੍ਹ। ਦਰ ਦਰਵਾਜ਼ਾ ਖੋਲ੍ਹਿਆ, ਸਚਖੰਡ ਦਵਾਰ ਨਿਰੰਕਾਰ। ਸ਼ਬਦ ਅਗੰਮੀ ਏਕਾ ਬੋਲਿਆ, ਨਿਰਗੁਣ ਖੇਲ ਅਪਰ ਅਪਾਰ। ਵਿਸ਼ਨੂੰ ਮੇਲ ਆਪੇ ਮੇਲਿਆ, ਮੇਲ ਮਿਲਾਵਾ ਧਾਮ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਕਰੇ ਵਰਤਾਰ। ਏਕਾ ਹੁਕਮ ਧੁਰ ਫ਼ਰਮਾਣਾ, ਤਖ਼ਤ ਨਿਵਾਸੀ ਆਪ ਸੁਣਾਇੰਦਾ। ਜੁਗ ਜੁਗ ਮੰਨਣਾ ਪਏ ਭਾਣਾ, ਸਦ ਭਾਣੇ ਆਪ ਰਹਾਇੰਦਾ। ਪੁਰਖ ਅਕਾਲ ਏਕਾ ਰਾਣਾ, ਦੂਜਾ ਤਖਤ ਨਾ ਕੋਇ ਵਖਾਇੰਦਾ। ਮੇਰਾ ਨਾਉਂ ਅਗੰਮੀ ਗਾਣਾ, ਧੁਨੀ ਨਾਦ ਨਾਦ ਵਜਾਇੰਦਾ। ਮੇਰਾ ਬੰਸ ਸੁਘੜ ਸਿਆਣਾ, ਮਨ ਮਤ ਬੁਧ ਨਾ ਕੋਇ ਵਖਾਇੰਦਾ। ਚਰਨ ਕਵਲ ਬਖ਼ਸ਼ੇ ਮਾਣਾ, ਇਕ ਧਿਆਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਸਾਚੀ ਭਿਛਿਆ ਏਕਾ ਵਸਤ ਝੋਲੀ ਪਾਇੰਦਾ। ਏਕਾ ਵਸਤ ਨਾਮ ਅਮੁਲਾ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਆਪਣੀ ਕਰਨੀ ਕਰਤਾ ਕਦੇ ਨਾ ਭੁੱਲਾ, ਅਭੁੱਲ ਅਭੁੱਲ ਵਡ ਬੇਪਰਵਾਹੀਆ । ਆਪਣੀ ਨਾਭੀ ਆਪਣੇ ਕਵਲ ਆਪਣੀ ਸ਼ਕਤੀ ਆਪੇ ਮੌਲਾ, ਆਪਣੀ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਏਕਾ ਘਰ ਵਖਾਈਆ। ਵਿਸ਼ਨ ਵਖਾਇਆ ਸਚ ਘਰ, ਚਾਰ ਦੀਵਾਰ ਨਾ ਕੋਇ ਬਣਾਈਆ। ਛੱਪਰ ਛੰਨ ਨਾ ਉਪਰ ਬੈਠਾ ਧਰ, ਨਾ ਕੋਈ ਬਾਢੀ ਸੰਗ ਰਖਾਈਆ। ਇਕ ਇਕੱਲਾ ਆਪਣਾ ਘਾੜਨ ਘੜ, ਅੰਦਰ ਵੜਿਆ ਸ਼ਹਿਨਸ਼ਾਹੀਆ। ਸਚਖੰਡ ਦਵਾਰੇ ਸਾਚੇ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਆਪਣਾ ਅੱਖਰ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਆਪੇ ਹੁਕਮ ਸੁਣਾਏ ਦਰ ਦਵਾਰੇ ਖੜ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਨਿਰਗੁਣ ਵਿਸ਼ਨੂੰ ਬਾਹੋਂ ਫੜ, ਮੇਲ ਮਿਲਾਏ ਸਹਿਜ ਸੁਭਾਈਆ। ਆਪੇ ਭੇਵ ਖੁਲਾਏ ਹਰੀ ਹਰਿ, ਹਰੀ ਹਰਿ ਬਹਿ ਏਕਾ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਾਚਾ ਹਰਿ, ਹਰੀ ਵਿਸ਼ਨੂੰ ਨਾਉਂ ਧਰਾਈਆ। ਹਰੀ ਹਰਿ ਏਕਾ ਮੇਲਾ, ਪੁਰਖ ਅਬਿਨਾਸ਼ੀ ਆਪ ਕਰਾਇਆ। ਏਕਾ ਧਾਮ ਵਸਿਆ ਗੁਰ ਚੇਲਾ, ਚੇਲਾ ਗੁਰ ਰੂਪ ਵਟਾਇਆ। ਧੁਰ ਦਰਗਾਹੀ ਸੱਜਣ ਸੁਹੇਲਾ, ਸਤਿ ਸਤਿਵਾਦੀ ਵੇਖ ਵਖਾਇਆ। ਆਪਣੀ ਖੇਲ ਪਾਰਬ੍ਰਹਮ ਪ੍ਰਭ ਆਪੇ ਖੇਲਾ, ਦੂਸਰ ਭੇਵ ਕੋਇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਵਖਾਏ ਏਕਾ ਘਰ, ਘਰ ਸੁਹੰਜਣਾ ਸੋਭਾ ਪਾਇਆ। ਘਰ ਸੁਹੰਜਣਾ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਇਕ ਇਕੱਲਾ ਬੈਠਾ ਹਰਿ ਹਰਿ ਕੰਤ, ਸੇਜ ਸੁਹੰਜਣੀ ਆਪ ਹੰਢਾਈਆ। ਨਿਰਗੁਣ ਨਿਰਵੈਰ ਬਣਾਈ ਬੰਤ, ਆਪਣਾ ਘਾੜਨ ਆਪ ਘੜਾਈਆ। ਥਿਰ ਘਰ ਵੇਖੇ ਮਹਿਮਾ ਅਗਣਤ, ਜੋਤੀ ਜੋਤ ਜੋਤ ਰੁਸ਼ਨਾਈਆ। ਨਾ ਕੋਈ ਸਾਧ ਨਾ ਕੋਈ ਸੰਤ, ਗੁਰ ਪੀਰ ਅਵਤਾਰ ਦਿਸ ਕੋਇ ਨਾ ਆਈਆ। ਨਾ ਕੋਈ ਜੀਵ ਨਾ ਕੋਈ ਜੰਤ, ਲੱਖ ਚੁਰਾਸੀ ਰੰਗ ਨਾ ਕੋਇ ਵਖਾਈਆ। ਨਾ ਕੋਈ ਮਣੀਆ ਨਾ ਕੋਈ ਮੰਤ, ਨਾ ਕੋਈ ਅੱਖਰ ਕਰੇ ਪੜ੍ਹਾਈਆ। ਨਾ ਕੋਈ ਦਰਵੇਸ਼ ਨਾ ਦਿਸੇ ਮੰਗਤ, ਸਾਚੀ ਭਿਛਿਆ ਕੋਇ ਨਾ ਝੋਲੀ ਪਾਈਆ। ਇਕ ਇਕੱਲਾ ਏਕੰਕਾਰਾ ਸਾਚੇ ਧਾਮ ਸੋਭਾਵੰਤ, ਸਚਖੰਡ ਬੈਠਾ ਆਸਣ ਲਾਈਆ। ਆਪ ਬਣਾਏ ਆਪਣੀ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਵਖਾਏ ਸਾਚਾ ਘਰ, ਆਪਣਾ ਬੰਕ ਆਪ ਖੁਲ੍ਹਾਈਆ। ਵਿਸ਼ਨ ਘਰ ਸੁਹਾਵਣਾ, ਹਰਿ ਸਾਚਾ ਸਚ ਦ੍ਰਿੜਾਇੰਦਾ। ਆਦਿ ਜੁਗਾਦੀ ਆਸਣ ਲਾਵਣਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਜੁਗਾ ਜੁਗੰਤਰ ਹੁਕਮ ਚਲਾਵਣਾ, ਧੁਰ ਫ਼ਰਮਾਣਾ ਆਪ ਅਲਾਇੰਦਾ। ਆਪਣਾ ਭਾਣਾ ਆਪ ਵਰਤਾਵਣਾ, ਸਦ ਭਾਣੇ ਰਹਿਣਾ ਇਕ ਸਮਝਾਇੰਦਾ। ਜੁਗ ਜੁਗ ਆਪਣਾ ਗਾਣਾ ਆਪੇ ਗਾਵਣਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਵਖਾਏ ਸਾਚਾ ਘਰ, ਦਰਗਹਿ ਸਾਚੀ ਆਪ ਸੁਹਾਇੰਦਾ। ਦਰਗਹਿ ਸਾਚੀ ਥਾਨ ਸੁਹੰਤਰ, ਹਰਿ ਪੁਰਖ ਨਿਰੰਜਣ ਆਪ ਸੁਹਾਇਆ। ਵਿਸ਼ਨੂੰ ਤੇਰੀ ਬਿਧ ਜਾਣੇ ਅੰਤਰ, ਤੇਰੀ ਜੋਤੀ ਮੇਰੀ ਰੁਸ਼ਨਾਇਆ। ਮੇਰਾ ਨਾਉਂ ਤੇਰਾ ਗੁਰ ਮੰਤਰ, ਸੋ ਪੁਰਖ ਨਿਰਜਣ ਏਕਾ ਜਾਪ ਦਿਸਾਈਆ। ਹੰ ਬ੍ਰਹਮ ਬਣਾਏ ਬਣਤਰ, ਅੰਸ ਬੰਸ ਰੂਪ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਦਰ, ਦਰ ਘਰ ਸਾਚਾ ਆਪ ਸੁਹਾਇਆ। ਦਰ ਘਰ ਸਾਚਾ ਹਰਿ ਸੁਹਾਇੰਦਾ, ਦਰਗਹਿ ਸਾਚੀ ਧਾਮ ਅਨਡੀਠ। ਆਪਣੀ ਤਾਕੀ ਆਪੇ ਲਾਹਿੰਦਾ, ਕਰੇ ਖੇਲ ਪੁਰਖ ਸਮਰਥ। ਸਾਚਾ ਸਾਕੀ ਜਾਮ ਪਿਆਇੰਦਾ, ਕਿਰਪਾ ਕਰੇ ਸਿਰ ਰੱਖੇ ਦੇ ਕਰ ਹੱਥ। ਆਪਣਾ ਲਹਿਣਾ ਦੇਣਾ ਬਾਕੀ ਸਰਬ ਸਮਝਾਇੰਦਾ, ਨਾਮ ਦੇਵੇ ਅਗੰਮੀ ਵਥ। ਜੋਤੀ ਜੋਤ ਡਗਮਗਾਇੰਦਾ, ਵਿਸ਼ਨੂੰ ਵਿਸ਼ਵ ਚਲਾਏ ਰਥ। ਸਚ ਭੰਡਾਰਾ ਹੱਥ ਫੜਾਇੰਦਾ, ਮਹਿਮਾ ਜਣਾਏ ਅਕਥਨਾ ਅਕਥ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਸੇਵਾ ਸਚ ਲਗਾਇੰਦਾ, ਲੋਕਮਾਤ ਰੱਖਣਾ ਹਠ। ਬ੍ਰਹਿਮੰਡ ਤੇਰੀ ਵੰਡ ਵੰਡਾਇੰਦਾ, ਪੰਧ ਮੁਕਾਏ ਨੱਠ ਨੱਠ। ਦੋ ਜਹਾਨਾਂ ਖੇਲ ਖਿਲਾਇੰਦਾ, ਵਸਣਹਾਰਾ ਘਟ ਘਟ। ਤੇਰਾ ਲੇਖਾ ਆਪਣੇ ਹੱਥ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਏਕਾ ਨਾਮ ਸਾਚੀ ਵਥ। ਨਾਮ ਵਥ ਸਾਚੀ ਦਾਤ, ਹਰਿ ਹਰਿ ਝੋਲੀ ਪਾਈਆ। ਚਰਨ ਕਵਲ ਬੰਧਾਏ ਨਾਤ, ਨੌਂ ਨੌਂ ਚਾਰ ਲੇਖਾ ਦਏ ਸਮਝਾਈਆ। ਚਾਰ ਚਾਰ ਲੇਖਾ ਕਮਲਾਪਾਤ, ਕਵਲ ਨੈਣ ਨੈਣ ਮਿਲਾਈਆ। ਆਪੇ ਵੇਖੇ ਸਾਚੀ ਖਾਟ, ਸਾਚੀ ਸੇਜ ਆਪ ਸੁਹਾਈਆ। ਜੁਗ ਚੌਕੜੀ ਮੁਕਾਏ ਤੇਰੀ ਵਾਟ, ਗੇੜਾ ਆਪਣਾ ਆਪ ਭਵਾਈਆ। ਲੇਖਾ ਵੇਖੇ ਮਸਤਕ ਮਾਥ, ਜੋ ਲਿਖਿਆ ਬੇਪਰਵਾਹੀਆ। ਏਕਾ ਪੂਜਾ ਏਕਾ ਪਾਠ, ਇਸ਼ਟ ਦੇਵ ਗੁਰ ਇਕ ਜਣਾਈਆ। ਏਕਾ ਤੀਰਥ ਏਕਾ ਤਾਟ, ਸਰ ਸਰੋਵਰ ਇਕ ਨੁਹਾਈਆ। ਏਕਾ ਬਸਤਰ ਏਕਾ ਖਾਟ, ਏਕਾ ਭੂਸ਼ਨ ਤਨ ਪਹਿਨਾਈਆ। ਏਕਾ ਵਣਜ ਵਣਜਾਰਾ ਕਰਾਏ ਸਾਚਾ ਹਾਟ, ਏਕਾ ਕਰਤਾ ਕੀਮਤ ਪਾਈਆ। ਏਕਾ ਖੇਲੇ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਏਕਾ ਰੂਪ ਦਰਸਾਈਆ। ਵਿਸ਼ਨ ਰੂਪ ਹਰਿ ਦਰਸਾਇਆ, ਰੂਪ ਰੇਖ ਨਾ ਕੋਇ ਵਖਾਇੰਦਾ। ਅਨਭਵ ਪਰਕਾਸ਼ ਡਗਮਗਾਇਆ, ਨੂਰ ਨੁਰਾਨਾ ਡਗਮਗਾਇੰਦਾ । ਦਰਗਹਿ ਸਾਚੀ ਧਾਮ ਸੁਹਾਇਆ, ਸਚ ਸਿੰਘਾਸਣ ਇਕ ਵਿਛਾਇੰਦਾ। ਸਚਖੰਡ ਦਵਾਰੇ ਚਰਨ ਟਿਕਾਇਆ, ਸਾਚੇ ਮੰਦਰ ਸੋਭਾ ਪਾਇੰਦਾ। ਥਿਰ ਘਰ ਸਾਚੇ ਬੰਦ ਕਿਵਾੜਾ ਆਪ ਖੁਲ੍ਹਾਇਆ, ਆਪ ਆਪਣਾ ਵੇਸ ਵਟਾਇੰਦਾ। ਵਿਸ਼ਨੂੰ ਮੇਲਾ ਸਹਿਜ ਸੁਭਾਇਆ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਤੇਰੀ ਸੇਵਾ ਸਚ ਸੁਣਾਇਆ, ਲੱਖ ਚੁਰਾਸੀ ਘਰ ਘਰ ਰਿਜ਼ਕ ਪੁਚਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਗੇੜਾ ਦਏ ਦਵਾਇਆ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਵਿਸ਼ਨੂੰ ਸੁਣਿਆ ਕਰ ਧਿਆਨ, ਹਰਿ ਜੂ ਸਾਚਾ ਛੰਦ ਸੁਣਾਈਆ। ਨਿਰਗੁਣ ਨਿਰਵੈਰ ਤੇਰਾ ਇਕ ਗਿਆਨ, ਨਿਸ਼ਅੱਖਰ ਮੇਰੀ ਪੜ੍ਹਾਈਆ। ਹਉਂ ਯਾਚਕ ਭਿਖਕ ਮੰਗੇ ਦਾਨ, ਤੂੰ ਦੇਵਣਹਾਰ ਬੇਪਰਵਾਹੀਆ। ਜੁਗ ਜੁਗ ਤੇਰਾ ਦਰਸ ਨੇਤਰ ਲੋਚਣ ਨੈਣ ਪੇਖਾਂ ਆਣ, ਚਰਨ ਧਿਆਨ ਲਗਾਈਆ। ਲੋਕਮਾਤ ਕਰੇ ਆਪ ਪਛਾਣ, ਤੇਰਾ ਤੇਰੇ ਅਗੇ ਸੀਸ ਝੁਕਾਈਆ। ਕਵਣ ਸੁ ਵੇਲਾ ਚੁੱਕੇ ਕਾਣ, ਥਿਤ ਵਾਰ ਵਾਰ ਸਮਝਾਈਆ। ਜੋਤ ਮਿਲੇ ਜੋਤੀ ਆਣ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੋਟ ਰਹੇ ਨਾ ਰਾਈਆ। ਵਿਸ਼ਨੂੰ ਮੰਗੇ ਦਾਨ, ਪ੍ਰਭ ਅੱਗੇ ਝੋਲੀ ਡਾਹਿੰਦਾ। ਹਉਂ ਸੇਵਕ ਬਾਲ ਨਿਧਾਨ, ਤੇਰਾ ਅੰਤ ਕੋਇ ਨਾ ਪਾਇੰਦਾ। ਜੁਗ ਜੁਗ ਮੰਗਾਂ ਚਰਨ ਧਿਆਨ, ਨੇਤਰ ਨੈਣਾਂ ਤੇਰਾ ਰਾਹ ਦਿਸਾਇੰਦਾ। ਹਉਂ ਸਖੀ ਤੂੰ ਸਾਚਾ ਕਾਹਨ, ਘਰ ਸਾਚੇ ਸੋਭਾ ਪਾਾਇੰਦਾ। ਆਦਿ ਅੰਤ ਜੁਗਾਂ ਜੁਗੰਤ ਰੱਖਣਾ ਮੇਰਾ ਮਾਣ, ਹੋਏ ਨਿਮਾਣਾ ਸੀਸ ਝੁਕਾਇੰਦਾ। ਏਕਾ ਦੇਣਾ ਧੁਰ ਫ਼ੁਰਮਾਣ, ਸ਼ਬਦ ਸੰਦੇਸ਼ਾ ਇਕ ਅਲਾਇੰਦਾ। ਤੇਰੀ ਲੱਖ ਚੁਰਾਸੀ ਕਰਾਂ ਪਰਵਾਨ, ਘਰ ਘਰ ਤੇਰੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਦੇਣਾ ਏਕਾ ਵਰ, ਦੂਜਾ ਦਰ ਮੰਗਣ ਕੋਈ ਨਾ ਜਾਇੰਦਾ। ਏਕਾ ਦਰ ਤੇਰਾ ਸ਼ਾਹ ਸੁਲਤਾਨ, ਵਡ ਵਡਿਆਇੰਦਾ। ਆਦਿ ਜੁਗਾਦਿ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਖਿਲਾਇੰਦਾ। ਵਿਸ਼ਨੂੰ ਚਰਨ ਡਿਗਾ ਆਣ, ਨੇਤਰ ਨੈਣਾ ਨੀਰ ਵਹਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਕਵਣ ਰੂਪ ਕਰਾਂ ਪਛਾਣ, ਕਵਣ ਵੇਲਾ ਵਕਤ ਸੁਹਾਇੰਦਾ। ਕਵਣ ਮਹੱਲਾ ਕਵਣ ਕੂਚਾ ਕਵਣ ਗੜ੍ਹੀ ਦਰਸ ਦੇਵੇ ਆਣ, ਕਵਣ ਮੰਦਰ ਸੋਭਾ ਪਾਇੰਦਾ। ਕਵਣ ਵੇਲਾ ਕਵਣ ਘੜੀ ਕਵਣ ਪਲ ਵਖਾਏ ਸਚ ਨਿਸ਼ਾਨ, ਕਵਣ ਰੁਤੀ ਰੁਤ ਵਡਿਆਇੰਦਾ। ਕਵਣ ਮਾਸ ਕਵਣ ਬਰਖ ਕਵਣ ਪੁਰਖ ਕਰੇ ਵਾਲੀ ਦੋ ਜਹਾਨ, ਕਵਣ ਕਸਵੱਟੀ ਹੱਥ ਰਖਾਇੰਦਾ। ਕਵਣ ਰੂਪ ਮਿਲੇ ਸਾਚਾ ਕਾਹਨ, ਕਵਣ ਨਾਦ ਧੁਨ ਸੁਣਾਇੰਦਾ। ਕਵਣ ਧਾਰ ਹਰਿ ਨਿਰੰਕਾਰ ਸੁਣਾਏ ਧੁਰ ਫ਼ਰਮਾਣ, ਕਵਣ ਤਾਰ ਸਤਾਰ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਵੇਲਾ ਦੇਣਾ ਵਰ, ਕਵਣ ਰੰਗ ਰੰਗ ਰੰਗਾਇੰਦਾ। ਕਵਣ ਰੰਗ ਹਰਿ ਚੜ੍ਹੌਣਾ, ਰੰਗ ਰੰਗੀਲਾ ਹਰਿ ਸਮਝਾਈਆ। ਕਵਣ ਮਰਦੰਗ ਨਾਮ ਵਜੌਣਾ, ਕਵਣ ਢੋਲਾ ਏਕਾ ਗਾਈਆ। ਕਵਣ ਸਗਲਾ ਸੰਗ ਨਿਭੌਣਾ, ਦੋ ਜਹਾਨਾ ਹੋਵੇ ਕਵਣ ਸਹਾਈਆ। ਕਵਣ ਅੰਗੀ ਅੰਗਕਾਰ ਕਰੌਣਾ, ਕਵਣ ਆਪਣੀ ਗੋਦ ਬਹਾਈਆ। ਕਵਣ ਮੰਗੀ ਮੰਗ ਪੂਰ ਕਰੌਣਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਈਆ। ਕਵਣ ਸ਼ਬਦ ਨਾਮ ਜਪੌਣਾ, ਕਵਣ ਅੱਖਰ ਕਰੇ ਪੜ੍ਹਾਈਆ। ਕਵਣ ਫਰਜ਼ੰਦ ਗਲੇ ਲਗੌਣਾ, ਸੁਤ ਦੁਲਾਰਾ ਕਵਣ ਜਣਾਈਆ। ਕਵਣ ਸਦ ਬਖ਼ਸ਼ਿੰਦ ਪੂਰਬ ਲਹਿਣਾ ਝੋਲੀ ਪੌਣਾ, ਬਾਕੀ ਕੋਇ ਰਹਿਣ ਨਾ ਪਾਈਆ। ਕਵਣ ਤੰਦ ਤੰਦ ਬੰਧੌਣਾ, ਕਵਣ ਡੋਰੀ ਹੱਥ ਰਖਾਈਆ। ਕਵਣ ਰੂਪ ਬੰਦੀ ਤੋੜ ਨਾਮ ਧਰੌਣਾ, ਮਾਇਆ ਬੰਧਨ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਮੰਗੇ ਏਕਾ ਵਰ, ਨੇਤਰ ਨੈਣਾ ਨੀਰ ਵਹਾਈਆ। ਨੇਤਰ ਨੈਣਾ ਨੀਰ ਵਹਾਇਆ, ਚਰਨ ਕਵਲ ਧਿਆਨ ਲਗਾਇੰਦਾ। ਏਕਾ ਪੱਲੂ ਗਲ ਵਿਚ ਪਾਇਆ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਹਉਂ ਭਿਖਾਰੀ ਬਣਕੇ ਆਇਆ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਘਰ ਏਕਾ ਮੋਹੇ ਭਾਇੰਦਾ। ਦਰ ਘਰ ਏਕਾ ਰਹਿਣਾ ਹਰਿ ਕਰਤਾਰ, ਤੇਰਾ ਤੇਰੇ ਅੱਗੇ ਸੀਸ ਝੁਕਾਇੰਦਾ। ਤੂੰ ਪੁਰਖ ਕਰਤਾ ਹਉਂ ਚਰਨ ਦਾਸੀ ਨਾਰ, ਸੇਵਕ ਸੇਵਾ ਸਚ ਕਮਾਇੰਦਾ। ਤੂੰ ਸ਼ਾਹੋ ਭੂਪ ਸੱਚਾ ਸਿਕਦਾਰ, ਹਉਂ ਦਰ ਦਰਵੇਸ਼ ਸੀਸ ਨਿਵਾਇੰਦਾ । ਤੂੰ ਦਰਗਹਿ ਸਾਚੀ ਵਸੇ ਧਾਮ ਨਿਆਰ, ਹਉਂ ਚਰਨ ਕਵਲ ਰਾਹ ਤਕਾਇੰਦਾ। ਤੂੰ ਧੁਰ ਦਰਗਾਹੀ ਦੇਵੇ ਧੁਰ ਫ਼ਰਮਾਣ, ਹਉਂ ਹਉਂ ਹੁਕਮੀ ਹੁਕਮ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸਾਚਾ ਦਰ, ਨੇਹਕਰਮੀ ਆਪਣਾ ਕਰਮ ਕਮਾਇੰਦਾ। ਪਾਰਬ੍ਰਹਮ ਪ੍ਰਭ ਕਰੇ ਜਣਾਈ, ਭੇਵ ਅਭੇਦ ਰਹੇ ਨਾ ਰਾਈਆ। ਵਿਸ਼ਨੂੰ ਤੇਰੇ ਅੰਦਰ ਆਪਣੀ ਧਾਰ ਟਿਕਾਈ, ਅੰਮ੍ਰਿਤ ਰਸ ਇਕ ਵਖਾਈਆ। ਨਾਭੀ ਕਵਲਾ ਫੁਲ ਉਪਜਾਈ, ਰੂਪ ਅਨੂਪ ਬੇਪਰਵਾਹੀਆ। ਬ੍ਰਹਮ ਪਾਰਬ੍ਰਹਮ ਲਏ ਪਰਗਟਾਈ, ਆਪ ਆਪਣੀ ਵੰਡ ਵੰਡਾਈਆ। ਏਕਾ ਅੱਖਰ ਕਰੇ ਪੜ੍ਹਾਈ, ਚਾਰ ਵੇਦਾਂ ਕਰੇ ਲਿਖਾਈਆ। ਸ੍ਰਿਸ਼ਟ ਸਬਾਈ ਲਏ ਰਚਾਈ, ਤ੍ਰੈਗੁਣ ਮਾਇਆ ਝੋਲੀ ਪਾਈਆ। ਪੰਜ ਤਤ ਕਰੇ ਕੁੜਮਾਈ, ਘੜ ਭਾਂਡੇ ਵੇਖ ਵਖਾਈਆ। ਸ਼ੰਕਰ ਧਾਰ ਲਏ ਜਣਾਈ, ਨਿਰਾਕਾਰ ਬੇਪਰਵਾਹੀਆ। ਸਾਚੀ ਮਤ ਇਕ ਦਰਸਾਈ, ਇਕ ਤ੍ਰਸੂਲ ਹੱਥ ਵਖਾਈਆ। ਜੋ ਘੜਿਆ ਸੋ ਭੰਨੇ ਚਾਈਂ ਚਾਈਂ, ਥਿਰ ਕੋਇ ਰਹਿਣ ਨਾ ਪਾਈਆ। ਤਿੰਨਾਂ ਵਿਚੋਲਾ ਏਕਾ ਮਾਹੀ, ਪਾਰਬ੍ਰਹਮ ਸੱਚੀ ਸਰਨਾਈਆ। ਆਦਿ ਅੰਤ ਪਕੜੇ ਬਾਂਹੀ, ਆਪਣਾ ਮੇਲ ਮਿਲਾਏ ਸਹਿਜ ਸੁਭਾਈਆ। ਵਿਸ਼ਨੂੰ ਖੇਲ ਕਰਨਾ ਚਾਈਂ ਚਾਈਂ, ਲੋਕਮਾਤ ਭੁੱਲ ਰਹੇ ਨਾ ਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੇੜਾ ਰਿਹਾ ਦਵਾਈ, ਜੁਗ ਜੁਗ ਆਪਣਾ ਗੇੜਾ ਰਿਹਾ ਭਵਾਈਆ। ਗੁਰ ਪੀਰ ਅਵਤਾਰ ਸਾਧ ਸੰਤ ਨਾਉਂ ਧਰਾਈ, ਭਗਤ ਭਗਵੰਤ ਸੇਜ ਹੰਢਾਈਆ। ਚਾਰੇ ਜੁਗ ਕਰੇ ਕੁੜਮਾਈ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਅੰਗ ਲਗਾਈਆ। ਚਾਰੇ ਖਾਣੀ ਵੱਜੇ ਵਧਾਈ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਚਾਰ ਜੁਗ ਵੇਖੇ ਜੀਵ ਪਰਾਨੀ, ਈਸ਼ ਜੀਵ ਬੇਪਰਵਾਹੀਆ। ਆਪੇ ਗਾਏ ਅਕਥ ਕਹਾਣੀ, ਮਹਿਮਾ ਅਕਥ ਕਥੀ ਨਾ ਜਾਈਆ। ਆਪੇ ਲੇਖਾ ਜਾਣੇ ਦੋ ਜਹਾਨੀ, ਦੋਹਾਂ ਵਿਚੋਲਾ ਆਪ ਅਖਵਾਈਆ। ਆਪੇ ਲੇਖਾ ਜਾਣੇ ਧੁਰ ਦੀ ਬਾਣੀ, ਆਪਣੀ ਇਛਿਆ ਮਾਤ ਪਰਗਟਾਈਆ। ਆਪੇ ਹੋਏ ਸੁਘੜ ਸਵਾਣੀ, ਸੀਤਾ ਸੁਰਤੀ ਰਾਮ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਏਕਾ ਵਰ, ਅਭੇਦ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦ ਖੁਲ੍ਹਾਇੰਦਾ, ਕਰ ਕਿਰਪਾ ਗਿਰਵਰ ਗਿਰਧਾਰ। ਸਤਿਜੁਗ ਸਾਖ਼ਯਾਤ ਰੂਪ ਪਗਟਾਇੰਦਾ, ਨਿਰਗੁਣ ਸਰਗੁਣ ਲਏ ਅਵਤਾਰ। ਤ੍ਰੇਤਾ ਤ੍ਰੈਗੁਣ ਪਾਰ ਕਰਾਇੰਦਾ, ਰਾਮ ਨਾਮ ਹੋ ਉਜਿਆਰ। ਪਾਰਬ੍ਰਹਮ ਆਪਣੀ ਵੰਡ ਵੰਡਾਇੰਦਾ, ਵੇਦ ਵਿਆਸਾ ਬਣੇ ਲਿਖਾਰ। ਕਾਹਨਾ ਕ੍ਰਿਸ਼ਨਾ ਰੂਪ ਪਰਗਟਾਇੰਦਾ, ਗੀਤਾ ਗਿਆਨ ਕਰੇ ਉਜਿਆਰ। ਰਥ ਰਥਵਾਹੀ ਰਥ ਚਲਾਇੰਦਾ, ਸੇਵਾ ਕਰੇ ਵਿਚ ਸੰਸਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਆਪਣਾ ਚੋਲਾ ਆਪ ਬਦਲਾਇੰਦਾ, ਕਾਲਾ ਸੂਸਾ ਤਨ ਸ਼ੰਗਾਰ। ਈਸਾ ਮੂਸਾ ਰੰਗ ਰੰਗਾਇੰਦਾ, ਮੇਲ ਮਿਲਾਵਾ ਮੁਹੰਮਦੀ ਯਾਰ। ਏਕਾ ਨਾਅਰਾ ਹੱਕ ਸੁਣਾਇੰਦਾ, ਐਨਲਹਕ ਕਰੇ ਪਿਆਰ। ਮੁਲਾਂ ਸ਼ੇਖ਼ ਮੁਸਾਇਕ ਪੀਰ ਸਮਝਾਇੰਦਾ, ਆਪ ਆਪਣੀ ਕਿਰਪਾ ਧਾਰ। ਬੇਪਰਵਾਹ ਪਰਵਰਦਿਗਾਰ ਆਪ ਅਖਵਾਇੰਦਾ, ਨੂਰ ਅਲਾਹੀ ਹੋ ਉਜਿਆਰ। ਸਚ ਤਰਾਨਾ ਇਕ ਸੁਣਾਇੰਦਾ, ਅੰਜੀਲ ਕੁਰਾਨਾ ਕਰ ਤਿਆਰ। ਵਡ ਅਮਾਮਾ ਆਪ ਹੋ ਜਾਇੰਦਾ, ਨਬੀ ਰਸੂਲਾਂ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾਂ ਜੁਗੰਤਰ ਜਾਣੇ ਸਾਚੀ ਕਾਰ। ਜੁਗਾਂ ਜੁਗੰਤਰ ਕਾਰ ਕਮਾਵੰਦਾ, ਇਕ ਇਕੱਲਾ ਏਕੰਕਾਰ। ਨਿਰਗੁਣ ਸਰਗੁਣ ਰੂਪ ਪਰਗਟਾਵੰਦਾ, ਨਾਨਕ ਪੰਜ ਤਤ ਕਰੇ ਪਿਆਰ। ਦਰਗਹਿ ਸਾਚੀ ਸਚਖੰਡ ਦਵਾਰੇ ਆਪ ਬਹਾਵੰਦਾ, ਏਕਾ ਵਣਜ ਕਰਾਏ ਸਚ ਵਣਜਾਰ। ਸਚ ਨਾਮ ਵਸਤ ਅਮੋਲਕ ਝੋਲੀ ਪਾਵੰਦਾ, ਚਾਰ ਵਰਨ ਬਣੇ ਵਰਤਾਰ। ਊਚ ਨੀਚ ਰਾਓ ਰੰਕ ਰਾਜ ਰਾਜਾਨ ਆਪ ਸੁਹਾਵੰਦਾ, ਅੰਮ੍ਰਿਤ ਆਤਮ ਸਰੋਵਰ ਠੰਡਾ ਠਾਰ। ਸਾਚਾ ਸਾਕੀ ਭਰ ਭਰ ਜਾਮ ਪਿਆਇੰਦਾ, ਲੇਖਾ ਜਾਣੇ ਡੂੰਘੀ ਗਾਰ। ਬੰਦ ਤਾਕੀ ਆਪ ਖੁਲ੍ਹਾਇੰਦਾ, ਕਾਇਆ ਮੰਦਰ ਖੋਲ੍ਹ ਕਿਵਾੜ। ਪਾਕਨ ਪਾਕੀ ਰੂਪ ਪਰਗਟਾਇੰਦਾ, ਖ਼ਾਕੀ ਖ਼ਾਕ ਨਾ ਦਿਸੇ ਕੋਇ ਛਾਰ। ਏਕਾ ਮੰਤਰ ਨਾਮ ਦ੍ਰਿੜਾਇੰਦਾ, ਉਚੀ ਕੂਕ ਕਰੇ ਪੁਕਾਰ। ਸ੍ਰਿਸ਼ਟ ਸਬਾਈ ਆਪ ਸਮਝਾਇੰਦਾ, ਛੱਤੀ ਰਾਗ ਕਰੇ ਪਿਆਰ। ਛੱਤੀ ਜੁਗ ਮੂਲ ਚੁਕਾਇੰਦਾ, ਨਾਰਦ ਸੁਰਸਤੀ ਜਾਏ ਹਾਰ। ਅਥਰਬਨ ਵੇਦ ਬਹਿ ਕੁਰਲਾਇੰਦਾ, ਉਚੀ ਕੂਕਾਂ ਰਿਹਾ ਮਾਰ। ਏਕਾ ਜੋਤੀ ਜੋਤ ਜਗਾਇੰਦਾ, ਗੋਬਿੰਦ ਸੁਤ ਆਪ ਉਠ, ਜੋਧਾ ਸੂਰਬੀਰ ਬਲੀ ਬਲਕਾਰ। ਸਾਚਾ ਖੰਡਾ ਤਨ ਚਮਕਾਇੰਦਾ, ਲੇਖਾ ਜਾਣੇ ਗੁਪਤ ਜ਼ਾਹਰ। ਵਿਸ਼ਨੂੰ ਲੇਖਾ ਇਕ ਵਖਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ ਪਰਵਰਦਿਗਾਰ। ਨੂਰ ਨੁਰਾਨਾ ਡਗਮਗਾਇੰਦਾ, ਸਰਬ ਜੀਆਂ ਦਾ ਸਾਂਝਾ ਯਾਰ। ਕਲਜੁਗ ਅੰਤਮ ਚੌਥੇ ਜੁਗ ਫੇਰਾ ਪਾਇੰਦਾ, ਵੇਸ ਅਵੱਲੜਾ ਰੂਪ ਕਰਤਾਰ। ਨੌਂ ਨੌਂ ਲੇਖਾ ਪੰਧ ਮੁਕਾਇੰਦਾ, ਚਾਰ ਯਾਰੀ ਕਰੇ ਖ਼ਵਾਰ। ਚਾਰ ਵਰਨ ਨਾ ਕੋਇ ਦਸਾਇੰਦਾ, ਅਠਾਰਾਂ ਬਰਨਾਂ ਮਾਰੇ ਮਾਰ। ਚਾਰੇ ਵੇਦਾਂ ਪੰਧ ਮੁਕਾਇੰਦਾ, ਪੰਡਤ ਪਾਂਧੇ ਗਏ ਹਾਰ। ਸਾਚਾ ਹੁਕਮ ਆਪ ਸੁਣਾਇੰਦਾ, ਧੁਰ ਦੀ ਬਾਣੀ ਧੁਰ ਦੀ ਕਾਰ। ਅਗਲਾ ਲੇਖਾ ਆਪਣੇ ਹੱਥ ਰਖਾਇੰਦਾ, ਗੁਰ ਪੀਰ ਅਵਤਾਰ ਉਚੀ ਕੂਕ ਵਾਜਾਂ ਰਹੇ ਮਾਰ। ਪ੍ਰਭ ਕਾ ਭੇਵ ਕੋਇ ਨਾ ਪਾਇੰਦਾ, ਬੇਅੰਤ ਬੇਅੰਤ ਬੇਅੰਤ ਸੱਚੀ ਸਰਕਾਰ। ਵਿਸ਼ਨੂੰ ਤੇਰਾ ਰੰਗ ਰੰਗਾਇੰਦਾ, ਰੰਗਣਹਾਰਾ ਸਿਰਜਣਹਾਰ। ਕਲਜੁਗ ਅੰਤਮ ਆਪਣਾ ਨਾਉਂ ਧਰਾਇੰਦਾ, ਪਰਗਟ ਹੋ ਵਿਚ ਸੰਸਾਰ। ਨਿਰਗੁਣ ਨਿਰਗੁਣ ਜੋਤ ਜਗਾਇੰਦਾ, ਜੋਤੀ ਜਗੇ ਅਗੰਮ ਅਪਾਰ। ਸ਼ਬਦੀ ਸ਼ਬਦ ਡੰਕ ਵਜਾਇੰਦਾ, ਸੁਣੇ ਸੁਣਾਏ ਸੁਣਨੇਹਾਰ। ਬ੍ਰਹਮਾ ਸ਼ੰਕਰ ਸੀਸ ਝੁਕਾਇੰਦਾ, ਤੇਰੀ ਆਏ ਅੰਤਮ ਵਾਰ। ਤੇਰਾ ਮੇਲਾ ਮੇਲ ਮਿਲਾਇੰਦਾ, ਗੁਰ ਚੇਲਾ ਸੋਹੇ ਇਕ ਦਵਾਰ। ਤੇਰਾ ਬਸਤਰ ਤਨ ਭੂਸ਼ਨ ਚੋਲਾ ਆਪ ਹੰਢਾਇੰਦਾ, ਅੰਦਰ ਬੈਠ ਹਰਿ ਨਿਰੰਕਾਰ। ਤੇਰਾ ਢੋਲਾ ਆਪ ਅਲ੍ਹਾਇੰਦਾ, ਉਚੀ ਕੂਕ ਕਰੇ ਪੁਕਾਰ। ਲੱਖ ਚੁਰਾਸੀ ਪੰਧ ਮੁਕਾਇੰਦਾ, ਗੇੜਾ ਰਹੇ ਨਾ ਦੂਜੀ ਵਾਰ। ਤੀਜਾ ਨੈਣ ਆਪ ਵਖਾਇੰਦਾ, ਚੌਥੇ ਪਦ ਕਰੇ ਪਿਆਰ। ਪੰਚਮ ਲੇਖਾ ਬਹਿ ਸਮਝਾਇੰਦਾ, ਛੇਵੇਂ ਛੱਪਰ ਛੰਨ ਨਾ ਕੋਇ ਆਧਾਰ। ਸਤਵੇਂ ਸਤਿ ਪੁਰਖ ਨਿਰੰਜਣ ਸੋਭਾ ਪਾਇੰਦਾ, ਅੱਠਾਂ ਤੱਤਾਂ ਵਸਿਆ ਬਾਹਰ। ਲੱਖ ਚੁਰਾਸੀ ਨੌਂ ਦਵਾਰੇ ਖੋਜ ਖੁਜਾਇੰਦਾ, ਦਸਵੇਂ ਖੇਲ ਕਰੇ ਸੱਚੀ ਸਰਕਾਰ। ਭਗਤ ਭਗਵੰਤ ਮੇਲ ਮਿਲਾਇੰਦਾ, ਜੁਗਾ ਜੁਗੰਤਰ ਪਾਵੇ ਸਾਰ। ਆਪ ਆਪਣੀ ਗੋਦ ਬਹਾਇੰਦਾ, ਦਰਗਹਿ ਸਾਚੀ ਕਰੇ ਪਿਆਰ। ਕਾਗੋਂ ਹੰਸ ਆਪ ਉਡਾਇੰਦਾ, ਹੰਸ ਰਲੇ ਨਾ ਕਾਗਾਂ ਡਾਰ। ਮਾਣਕ ਮੋਤੀ ਚੋਗ ਚੁਗਾਇੰਦਾ, ਸੋਹੰ ਹੰਸਾ ਕਰ ਪਿਆਰ। ਕੋਟਨ ਕੋਟੀ ਜੀਵ ਜੰਤ ਲੱਖ ਚੁਰਾਸੀ ਜੂਨ ਭਵਾਇੰਦਾ, ਰਾਏ ਧਰਮ ਕਰੇ ਖ਼ਵਾਰ। ਕੋਟਨ ਕੋਟੀ ਚਿਤਰ ਗੁਪਤ ਲੇਖ ਵਖਾਇੰਦਾ, ਮਾਣਸ ਜਨਮ ਗਏ ਹਾਰ। ਕੋਟਨ ਕੋਟੀ ਜੀਵ ਲਾੜੀ ਮੌਤ ਨਾਲ ਪਰਨਾਇੰਦਾ, ਅੰਤਮ ਅੰਤ ਕਰੇ ਸ਼ੰਗਾਰ। ਗੁਰਮੁਖ ਵਿਰਲੇ ਵੇਖ ਵਖਾਇੰਦਾ, ਆਪ ਆਪਣਾ ਖੋਲ੍ਹ ਕਿਵਾੜ। ਦਰਗਹਿ ਸਾਚੀ ਸੋਭਾ ਪਾਇੰਦਾ, ਸਾਚੇ ਤਖ਼ਤ ਸੱਚੀ ਸਰਕਾਰ। ਕਲਜੁਗ ਵੇਲਾ ਅੰਤਮ ਆਇੰਦਾ, ਗੁਰ ਪੀਰ ਰਹੇ ਪੁਕਾਰ। ਨਾਨਕ ਗੋਬਿੰਦ ਰਸਨਾ ਗਾਇੰਦਾ, ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ। ਕਲਜੁਗ ਕੂੜਾ ਮੇਟ ਮਿਟਾਇੰਦਾ, ਸਤਿਜੁਗ ਵਰਤੇ ਸਾਚੀ ਧਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ, ਊਚਾਂ ਨੀਚਾਂ ਕਰੇ ਇਕ ਪਿਆਰ। ਵਰਨ ਬਰਨ ਗੋਤ ਨਾ ਕੋਇ ਰਖਾਇੰਦਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਬਹਾਏ ਸੱਚੇ ਦਰਬਾਰ। ਸਾਚਾ ਹੁਕਮ ਆਪ ਸੁਣਾਇੰਦਾ, ਚਾਰੋਂ ਕੁੰਟ ਬੋਲ ਜੈਕਾਰ। ਜੋ ਘੜਿਆ ਭੰਨ ਵਖਾਇੰਦਾ, ਸ਼ੰਕਰ ਰਹਿਣਾ ਖ਼ਬਰਦਾਰ। ਬ੍ਰਹਮੇ ਤੇਰਾ ਤਤ ਤੇਰੇ ਵਿਚ ਰਲਾਇੰਦਾ, ਬ੍ਰਹਮ ਰੂਪ ਆਪ ਨਿਰੰਕਾਰ। ਵਿਸ਼ਨ ਭੰਡਾਰ ਨਾ ਕੋਇ ਵਰਤਾਇੰਦਾ, ਕਲਜੁਗ ਅੰਤਮ ਜਾਏ ਹਾਰ। ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ, ਨਿਰਗੁਣ ਨਿਰਵੈਰ ਲੈ ਅਵਤਾਰ। ਵਿਸ਼ਨੂੰ ਲਹਿਣਾ ਲਹਿਣਾ ਆਪ ਮੁਕਾਇੰਦਾ, ਤਨ ਗਹਿਣਾ ਬਸਤਰ ਕਰ ਸ਼ੰਗਾਰ। ਸਾਚੀ ਪੁਰੀ ਫੇਰਾ ਪਾਇੰਦਾ, ਪੂਰਨ ਗੁਰ ਆਪ ਕਰਤਾਰ। ਆਪਣਾ ਰੂਪ ਆਪ ਪਰਗਟਾਇੰਦਾ, ਸਵਛ ਸਰੂਪੀ ਹੋ ਉਜਿਆਰ। ਜੋਤ ਉਜਾਲਾ ਦੀਪ ਡਗਮਗਾਇੰਦਾ, ਪੁਰਖ ਅਕਾਲਾ ਭੇਵ ਨਿਆਰ। ਦੀਨ ਦਿਆਲਾ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਕਰੇ ਵਿਚਾਰ। ਰਾਜ਼ਕ ਰਿਜ਼ਕ ਰਹੀਮ ਆਪ ਅਖਵਾਇੰਦਾ, ਦਾਤਾ ਦਾਨੀ ਸਿਰਜਣਹਾਰ। ਕਲਜੁਗ ਅੰਤਮ ਪੰਧ ਮੁਕਾਇੰਦਾ, ਕਾਗਦ ਕਲਮ ਨਾ ਲਿਖਣਹਾਰ। ਸੱਤ ਸਮੁੰਦਰ ਸਰਬ ਕੁਰਲਾਇੰਦਾ, ਮਸ ਛਾਹੀ ਰੋਵੇ ਜ਼ਾਰੋ ਜ਼ਾਰ। ਬਨਾਸਪਤ ਧੀਰ ਨਾ ਕੋਇ ਧਰਾਇੰਦਾ, ਅਠਾਰਾਂ ਤੁਲੇ ਨਾ ਕੋਇ ਭਾਰ। ਪ੍ਰਭ ਕਾ ਭੇਵ ਕਿਸੇ ਨਾ ਆਇੰਦਾ, ਚਾਰ ਵੇਦ ਕਰਨ ਪੁਕਾਰ। ਸਤਿਜੁਗ ਤ੍ਰੇਤਾ ਦਵਾਪਰ ਪੰਧ ਮੁਕਾਇੰਦਾ, ਕਲਜੁਗ ਆਈ ਅੰਤਮ ਵਾਰ। ਨਿਹਕਲੰਕਾ ਜਾਮਾ ਪਾਇੰਦਾ, ਸ਼ਬਦ ਡੰਕਾ ਵੱਜੇ ਵਿਚ ਸੰਸਾਰ। ਸੰਬਲ ਨਗਰੀ ਧਾਮ ਸੁਹਾਇੰਦਾ, ਸਾਢੇ ਤਿੰਨ ਹੱਥ ਮੰਦਰ ਕਰ ਤਿਆਰ। ਪੂਤ ਸਪੂਤਾ ਬ੍ਰਹਿਮਣ ਗੌੜਾ ਡੇਰਾ ਲਾਇੰਦਾ, ਉਚੇ ਟਿੱਲੇ ਪਰਬਤ ਚੜ੍ਹ ਸੱਚੀ ਸਰਕਾਰ। ਵਿਸ਼ਨੂੰ ਤੇਰਾ ਵੇਲਾ ਵਕਤ ਸੁਹਾਇੰਦਾ, ਵਿਸ਼ਵ ਰੂਪ ਕਰੇ ਸੰਸਾਰ। ਬ੍ਰਹਮ ਤੇਰਾ ਬ੍ਰਹਮ ਰੂਪ ਸਰਬ ਦਸਾਇੰਦਾ, ਪਾਰਬ੍ਰਹਮ ਕਰੇ ਪਸਾਰ। ਸ਼ੰਕਰ ਤੇਰੀ ਤ੍ਰਸੂਲ ਲੇਖੇ ਲਾਇੰਦਾ, ਬਾਸ਼ਕ ਤਸ਼ਕਾ ਸੋਹੇ ਕੰਠ ਹਾਰ। ਅੰਤ ਵੇਲਾ ਵਕਤ ਮੁਕਾਇੰਦਾ, ਨੌਂ ਨੌਂ ਚਾਰ ਉਤਰੇ ਪਾਰ। ਜੋਤੀ ਜੋਤ ਜੋਤ ਮਿਲਾਇੰਦਾ, ਜੋਤੀ ਜਾਤਾ ਇਕ ਆਧਾਰ। ਗੁਰਮੁਖ ਸਾਚੇ ਆਪ ਪਰਗਟਾਇੰਦਾ, ਕਲਜੁਗ ਅੰਤਮ ਕਰ ਵਿਚਾਰ। ਸਤਿਜੁਗ ਸਾਚਾ ਮਾਰਗ ਲਾਇੰਦਾ, ਪੁਰੀ ਲੋਅ ਕਰੇ ਖ਼ਬਰਦਾਰ। ਬ੍ਰਹਿਮੰਡ ਖੰਡ ਆਪਣਾ ਹੁਕਮ ਸੁਣਾਇੰਦਾ, ਦੂਸਰ ਅਵਰ ਨਾ ਕੋਇ ਵਰਤਾਰ। ਪੁਰਖ ਅਕਾਲ ਸ੍ਰਿਸ਼ਟ ਸਬਾਈ ਇਸ਼ਟ ਜਣਾਇੰਦਾ, ਸੋ ਪੁਰਖ ਨਿਰੰਜਣ ਹੋ ਤਿਆਰ। ਹੰ ਬ੍ਰਹਮ ਨਾਉਂ ਰਖਾਇੰਦਾ, ਸੋਹੰ ਸ਼ਬਦ ਸਾਚੀ ਧਾਰ। ਓਅੰ ਸੋਹੰ ਏਕਾ ਰੰਗ ਰੰਗਾਇੰਦਾ, ਸੋਇਮ ਰੂਪ ਨਿਰਾਕਾਰ। ਦੂਜੀ ਕੁਦਰਤ ਵੇਖ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵਿਸ਼ਨੂੰ ਲੇਖਾ ਚੁਕਾਏ ਦਰ ਦਰ, ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਹਰਿ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਕਲਜੁਗ ਅੰਤਮ ਵੇਖ ਵਖਾਇਆ, ਨੌਂ ਖੰਡ ਪ੍ਰਿਥਮੀ ਕੂੜ ਦੁਕਾਨ। ਸੱਤ ਦੀਪ ਰਹੇ ਕੁਰਲਾਇਆ, ਚਾਰ ਕੁੰਟ ਹੋਇਆ ਵੈਰਾਨ। ਚਾਰ ਵਰਨ ਰਹੇ ਬਿਲਲਾਇਆ, ਘਰ ਘਰ ਵੜਿਆ ਪੰਜ ਸ਼ੈਤਾਨ। ਸਾਚਾ ਰੰਗ ਨਾ ਕੋਇ ਰੰਗਾਇਆ, ਕਲਜੁਗ ਲਲਾਰੀ ਬੇਈਮਾਨ। ਨਾਮ ਦਾਨ ਭਿਛਿਆ ਕੋਇ ਨਾ ਪਾਇਆ, ਸਾਧਾਂ ਸੰਤਾਂ ਟੁੱਟਾ ਮਾਣ। ਮਨ ਕਾ ਮਣਕਾ ਨਾ ਕੋਇ ਭਵਾਇਆ, ਧੂੜੀ ਬਖ਼ਸ਼ੇ ਨਾ ਕੋਇ ਅਸ਼ਨਾਨ। ਜਨਕਾ ਜਨ ਲੇਖੇ ਨਾ ਕੋਇ ਲਾਇਆ, ਲੇਖਾ ਚੁੱਕੇ ਨਾ ਆਵਣ ਜਾਣ। ਕਲਜੁਗ ਗਨਕਾ ਰੂਪ ਵਟਾਇਆ, ਘਰ ਘਰ ਹੋਏ ਪਰਧਾਨ। ਕੂੜੀ ਕਿਰਿਆ ਮੁਖ ਘੁੰਗਟ ਇਕ ਉਠਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਗੁਰਮੁਖ ਸਾਚੇ ਮੇਲ ਮਿਲਾਇੰਦਾ, ਲੱਖ ਚੁਰਾਸੀ ਵਿਚੋਂ ਕਰ ਪਿਆਰ। ਪੂਰਬ ਲਹਿਣਾ ਝੋਲੀ ਪਾਇੰਦਾ, ਮਾਣਸ ਜਨਮ ਲਏ ਸੁਧਾਰ। ਨੇਤਰ ਨੈਣਾਂ ਦਰਸ ਦਿਖਾਇੰਦਾ, ਜੋਤੀ ਜੋਤ ਹੋ ਉਜਿਆਰ। ਜੁਗ ਜੁਗ ਦੀ ਹਰਸ ਮਿਟਾਇੰਦਾ, ਕਰ ਤਰਸ ਬੇਐਬ ਪਰਵਰਦਿਗਾਰ। ਅੰਮ੍ਰਿਤ ਮੇਘ ਇਕ ਬਰਸਾਇੰਦਾ, ਨਿਝਰ ਝਿਰਨਾ ਠੰਡਾ ਠਾਰ। ਗ਼ਰੀਬ ਨਿਮਾਣੇ ਗਲੇ ਲਗਾਇੰਦਾ, ਕਲ ਕਾਤੀ ਕਰ ਖ਼ਵਾਰ। ਜਮ ਕੀ ਫ਼ਾਸੀ ਆਪ ਕਟਾਇੰਦਾ, ਰਾਏ ਧਰਮ ਨਾ ਮਾਰੇ ਮਾਰ। ਰਸਨ ਸਵਾਸੀ ਜੋ ਜਨ ਗਾਇੰਦਾ, ਚਰਨ ਦਾਸੀ ਬਣੇ ਨਿਰੰਕਾਰ। ਪੂਰੀ ਆਸੀ ਆਪ ਕਰਾਇੰਦਾ, ਗੁਰਮੁਖ ਨਿਰਾਸਾ ਰਹੇ ਨਾ ਵਿਚ ਸੰਸਾਰ। ਜੋਤ ਪਰਕਾਸ਼ੀ ਦੀਪ ਜਗਾਇੰਦਾ, ਮੇਟ ਮਿਟਾਏ ਅੰਧ ਅੰਧਿਆਰ। ਘਨਕ ਪੁਰ ਵਾਸੀ ਸੰਗ ਨਿਭਾਇੰਦਾ, ਸ਼ਾਹੋ ਸ਼ਾਬਾਸੀ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਗੁਰਮੁਖ ਗੁਰ ਗੁਰ ਸੱਜਣ ਜਾਏ ਤਾਰ।
