੧੫ ਮੱਘਰ ੨੦੧੭ ਬਿਕ੍ਰਮੀ ਲਾਲ ਸਿੰਘ ਦੇ ਘਰ ਪਿੰਡ ਡੱਲੇ ਵਾਲ ਜ਼ਿਲਾ ਜਲੰਧਰ
ਗੁਰਸਿਖ ਸਿਮਲ ਰਹੇ ਨਾ ਖ਼ਾਲੀ, ਸਤਿਗੁਰ ਪੂਰਾ ਦਇਆ ਕਮਾਇੰਦਾ। ਗੁਰ ਮਿਲਿਆ ਦੋ ਜਹਾਨਾ ਵਾਲੀ, ਲੋਕਮਾਤ ਵੇਖ ਵਖਾਇੰਦਾ। ਏਕੰਕਾਰਾ ਬਣਿਆ ਸਾਚਾ ਮਾਲੀ, ਅੰਮ੍ਰਿਤ ਸਿੰਚ ਹਰਾ ਕਰਾਇੰਦਾ। ਆਪ ਵੇਖੇ ਪਤ ਡਾਲ੍ਹੀ, ਫੁਲ ਫਲਵਾੜੀ ਵੇਖ ਵਖਾਇੰਦਾ। ਜਗਤ ਜੁਗ ਚਲੇ ਅਵੱਲੜੀ ਚਾਲੀ, ਚਾਲ ਨਿਰਾਲੀ ਇਕ ਰਖਾਇੰਦਾ। ਦੋ ਜਹਾਨ ਸ੍ਰੀ ਭਗਵਾਨ ਗੁਰਮੁਖਾਂ ਕਰੇ ਸਚ ਦਲਾਲੀ, ਵਣਜ ਵਣਜਾਰਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਗੁਰਸਿਖ ਸੁਰਤੀ ਲਏ ਹੁਲਾਰਾ, ਸਤਿਗੁਰ ਪੂਰਾ ਆਪ ਦਵਾਈਆ। ਦੋ ਜਹਾਨਾਂ ਕਰੇ ਪਾਰ ਕਿਨਾਰਾ, ਅਧਵਿਚਕਾਰ ਨਾ ਕੋਈ ਡੁਬਾਈਆ। ਇਕ ਵਖਾਏ ਸਚ ਦਰਬਾਰਾ, ਸਚਖੰਡ ਦਵਾਰਾ ਖੋਲ੍ਹ ਜਣਾਈਆ। ਜੋਤ ਜਗਾਏ ਦਇਆ ਕਮਾਏ ਉਚ ਮੁਨਾਰਾ, ਨੇਹਚਲ ਧਾਮ ਵੱਡੀ ਵਡਿਆਈਆ। ਗੁਰਸਿਖ ਗੁਰ ਗੁਰ ਕਰ ਪਿਆਰਾ, ਗੁਰ ਮੰਤਰ ਨਾਮ ਵਡਿਆਈਆ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰਾ, ਜੂਨ ਅਜੂਨੀ ਨਾ ਕੋਈ ਫਿਰਾਈਆ। ਕਾਗਦ ਕਲਮ ਨਾ ਲਿਖਣਹਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਜੁਗਾ ਜੁਗੰਤਰ ਖੇਲ ਅਪਾਰਾ, ਹਰਿ ਕਰਤਾਰਾ ਆਪ ਕਰਾਈਆ। ਭਗਤ ਭਗਵੰਤ ਬਣਿਆ ਰਹੇ ਸੇਵਾਦਾਰਾ, ਸੇਵਕ ਸਾਚੀ ਸੇਵ ਕਮਾਈਆ। ਸ਼ਬਦ ਅਗੰਮੀ ਨਾਦ ਅਨਾਦੀ ਬੋਲ ਜੈਕਾਰਾ, ਆਪਣਾ ਮੰਤਰ ਦਏ ਸਮਝਾਈਆ। ਸਿਮਲ ਰੁਖ ਗੁਰਮੁਖ ਗੁਰ ਗੁਰ ਪਾਏ ਸਾਰਾ, ਹਰਿ ਘਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਿਮਲ ਰੁਖ ਜਗਤ ਯਾਦ, ਲੱਖ ਚੁਰਾਸੀ ਦਏ ਵਡਿਆਈਆ। ਕਲਜੁਗ ਅੰਤਮ ਸਾਹਿਬ ਸਤਿਗੁਰ ਸੁਣੇ ਆਪ ਫ਼ਰਯਾਦ, ਖ਼ਾਲੀ ਕੋਇ ਰਹਿਣ ਨਾ ਪਾਈਆ। ਜਿਸ ਜਨ ਦੇਵੇ ਨਾਮ ਦਾਦ, ਵਸਤ ਅਮੋਲਕ ਆਪ ਵਰਤਾਈਆ। ਸ਼ਬਦ ਜਣਾਏ ਬੋਧ ਅਗਾਧ, ਗ੍ਰਹਿ ਮੰਦਰ ਵੱਜੇ ਵਧਾਈਆ। ਚਰਨ ਕਵਲ ਦਵਾਰ ਲਡਾਏ ਲਾਡ, ਜਨਨੀ ਜਨ ਆਪ ਅਖਵਾਈਆ। ਮੇਲ ਮਿਲਾਵਾ ਮੋਹਨ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਦਏ ਸਮਝਾਈਆ। ਗੁਰਮੁਖ ਲੇਖਾ ਹਰਿ ਦਵਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰ, ਵਿਛੜ ਕਦੇ ਨਾ ਜਾਇੰਦਾ। ਏਕੰਕਾਰਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਈ ਵਖਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਸ੍ਰੀ ਭਗਵਾਨ ਹੋ ਤਿਆਰ, ਘਰ ਮੰਦਰ ਫੋਲ ਫੁਲਾਇੰਦਾ। ਅਬਿਨਾਸ਼ੀ ਕਰਤਾ ਆਪੇ ਵੇਖੇ ਵੇਖਣਹਾਰ, ਵੇਖਣਹਾਰਾ ਦਿਸ ਨਾ ਆਇੰਦਾ। ਪਾਰਬ੍ਰਹਮ ਬ੍ਰਹਮ ਬੂਟਾ ਕਰ ਤਿਆਰ, ਲੋਕਮਾਤ ਆਪ ਲਗਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਪਾਵੇ ਸਾਰ, ਮਹਾਂ ਸਾਰਥੀ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਬੰਧਾਇੰਦਾ। ਆਪੇ ਜਾਣੇ ਸਿਮਲ ਰੁਖ, ਸਚ ਸਚ ਵੱਡੀ ਵਡਿਆਈਆ। ਆਪੇ ਮੇਟਣਹਾਰਾ ਦੁੱਖ, ਪੂਰਬ ਲੇਖਾ ਵੇਖ ਵਖਾਈਆ। ਆਪੇ ਸੁਫ਼ਲ ਕਰਾਏ ਕੁੱਖ, ਮਾਨਸ ਮਾਨੁਖ ਭੇਵ ਨਾ ਰਾਈਆ। ਆਪਣਾ ਫਲ ਆਪਣੇ ਕੋਲ ਰੱਖੇ ਗ੍ਰਹਿ ਮੰਦਰ ਬੈਠਾ ਲੁਕ, ਨੂਰ ਜ਼ਹੂਰ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲਾਈਆ। ਹਰਿ ਭੇਵ ਅਭੇਦ ਖੁਲਾਇੰਦਾ, ਕਰ ਕਿਰਪਾ ਗੁਣ ਨਿਧਾਨ। ਆਪਣੀ ਰਚਨਾ ਆਪ ਰਚਾਇੰਦਾ, ਆਦਿ ਜੁਗਾਦੀ ਖੇਲ ਮਹਾਨ। ਨਿਰਗੁਣ ਨਿਰਗੁਣ ਜੋਤ ਜਗਾਇੰਦਾ, ਜੋਤੀ ਜਾਤਾ ਵਡ ਮਿਹਰਵਾਨ। ਸਾਚੇ ਤਖ਼ਤ ਸੋਭਾ ਪਾਇੰਦਾ, ਤਖ਼ਤ ਨਿਵਾਸੀ ਸ਼ਾਹ ਸੁਲਤਾਨ। ਧੁਰ ਫ਼ਰਮਾਣਾ ਹੁਕਮ ਜਣਾਇੰਦਾ, ਧੁਰ ਦੀ ਬਾਣੀ ਏਕਾ ਬਾਣ। ਸ਼ਾਹੋ ਭੂਪ ਵਡ ਰਾਜਨ ਰਾਜ ਅਖਵਾਇੰਦਾ, ਕਰੇ ਖੇਲ ਦੋ ਜਹਾਨ। ਸ਼ਬਦ ਅਨਾਦੀ ਨਾਦ ਵਜਾਇੰਦਾ, ਆਪੇ ਸੁਣੇ ਸੁਣਾਏ ਸੁਣਨੇਹਾਰ। ਦੂਸਰ ਸੰਗ ਨਾ ਕੋਈ ਰਖਾਇੰਦਾ, ਇਕ ਇਕੱਲਾ ਏਕੰਕਾਰ। ਸਚਖੰਡ ਦਵਾਰੇ ਸੋਭਾ ਪਾਇੰਦਾ, ਥਿਰ ਖੋਲ੍ਹੇ ਇਕ ਕਿਵਾੜ। ਹਰਿ ਮੰਦਰ ਵਡ ਵਡਿਆਇੰਦਾ, ਨਾ ਕੋਈ ਦੀਸੇ ਚਾਰ ਦਿਵਾਰ। ਸੂਰਜ ਚੰਦ ਨਾ ਕੋਈ ਚੜ੍ਹਾਇੰਦਾ, ਮੰਡਲ ਮੰਡਪ ਨਾ ਕੋਈ ਅਕਾਰ। ਗੁਰ ਪੀਰ ਅਵਤਾਰ ਨਾ ਕੋਈ ਅਖਵਾਇੰਦਾ, ਸਾਧ ਸੰਤ ਕਰੇ ਨਾ ਕੋਈ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਪਰਵਰਦਿਗਾਰ। ਇਕ ਇਕੱਲਾ ਪਰਵਰਦਿਗਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਕਰੇ ਖੇਲ ਅਗੰਮ ਅਗੰਮੜਾ ਅਗੰਮੜੀ ਕਾਰਾ, ਅਲੱਖ ਅਗੋਚਰ ਰੂਪ ਵਟਾਇੰਦਾ। ਉਚੇ ਮੰਦਰ ਹੋ ਉਜਿਆਰਾ, ਆਪਣਾ ਰੂਪ ਆਪ ਪਰਗਟਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮੀ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਈਆ। ਏਕਾ ਵਸੇ ਨਰ ਹਰਿ ਨਰਾਇਣ ਕੰਤ, ਕੰਤ ਕੰਤੂਹਲ ਬੇਪਰਵਾਹੀਆ। ਆਪਣੀ ਮਹਿਮਾ ਜਾਣੇ ਬੇਅੰਤ, ਬੇਅੰਤ ਆਪਣਾ ਨਾਉਂ ਰਖਾਈਆ। ਲੇਖਾ ਜਾਣੇ ਜੁਗਾਂ ਜੁਗੰਤ, ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਵਡ ਦੇਵੀ ਦੇਵ ਆਪ ਜਣਾਈਆ। ਮਾਤ ਪਿਤ ਨਾ ਕੋਈ ਪਿਆਰ, ਜਨਨੀ ਗੋਦ ਨਾ ਕੋਈ ਸੁਹਾਇੰਦਾ। ਬਾਲ ਰੂਪ ਨਾ ਸ਼ੀਰ ਖਾਰ, ਸੀਸ ਹੱਥ ਨਾ ਕੋਇ ਟਿਕਾਇੰਦਾ। ਜਗਦੀਸ਼ ਦੇਵੇ ਨਾ ਕੋਈ ਸਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਆਪੇ ਲਏ ਉਭਾਰ। ਹਰਿ ਆਪਣਾ ਆਪ ਉਭਾਰਿਆ, ਕਰ ਕਿਰਪਾ ਗੁਣ ਨਿਧਾਨ। ਨਿਰਗੁਣ ਦੀਪ ਕਰ ਉਜਿਆਰਿਆ, ਵੇਖਣਹਾਰਾ ਆਪੇ ਹੋਏ ਨਿਗਹਬਾਨ। ਆਦਿ ਅੰਤ ਨਾ ਪਾਰਾਵਾਰਿਆ, ਹਰਿ ਸੱਚਾ ਸ਼ਾਹ ਸਿਕਦਾਰ ਵਡ ਵਡਾ ਮਿਹਰਬਾਨ। ਸਾਚਾ ਤਖ਼ਤ ਆਪ ਸੁਹਾ ਰਿਹਾ, ਭੂਪ ਬਣ ਰਾਜ ਰਾਜਾਨ। ਸੀਸ ਤਾਜ ਇਕ ਟਿਕਾ ਰਿਹਾ, ਪੰਚਮ ਰੂਪ ਗੁਣ ਨਿਧਾਨ। ਸਤਿ ਸਤਿਵਾਦੀ ਧਾਰ ਵਖਾ ਰਿਹਾ, ਨਾ ਕੋਈ ਜ਼ਿਮੀ ਨਾ ਅਸਮਾਨ। ਗਗਨ ਮੰਡਲ ਨਾ ਕੋਈ ਰਚਨ ਰਚਾ ਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਭਗਵਾਨ। ਆਪਣਾ ਲੇਖਾ ਹਰਿ ਭਗਵਾਨ ਲਿਖਾਈ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਇਆ। ਤ੍ਰੈ ਤ੍ਰੈ ਲੇਖਾ ਇਕ ਸਮਝਾਈ, ਏਕਾ ਮਾਈ ਗੋਦ ਬਹਾਇਆ। ਜਨਨੀ ਜਨ ਵੇਖੇ ਚਾਈਂ ਚਾਈਂ, ਦਾਈ ਦਾਇਆ ਹਰਿ ਰਘੁਰਾਇਆ। ਆਦਿ ਪੁਰਖ ਸੇਵ ਕਮਾਈ, ਬ੍ਰਹਮ ਬ੍ਰਹਿਮਾਦਿ ਵੇਖ ਵਖਾਇਆ। ਵਡ ਵਡਾ ਸ਼ਹਿਨਸ਼ਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਸਿਖ਼ਿਆ ਇਕ ਸਿਖਾਇਆ। ਸਾਚੀ ਸਿਖ਼ਿਆ ਕਰਨੀ ਕਰਤਾਰ, ਹਰਿ ਸ਼ਬਦੀ ਮੰਗ ਮੰਗਾਇੰਦਾ। ਕਵਣ ਰੂਪ ਵਿਸ਼ਨ ਹੋਏ ਉਜਿਆਰ, ਵਾਸਤਕ ਤੇਰਾ ਰੂਪ ਦਰਸਾਇੰਦਾ। ਕਵਣ ਬ੍ਰਹਮਾ ਕਰੇ ਪਸਾਰ, ਪਾਰਬ੍ਰਹਮ ਵੰਡ ਵੰਡਾਇੰਦਾ। ਕਵਣ ਸ਼ੰਕਰ ਕਰੇ ਖੇਲ ਨਿਆਰ, ਸਾਖ਼ਯਾਤ ਰੂਪ ਧਰਾਇੰਦਾ। ਕਵਣ ਦੇਵੇ ਅੰਤ ਅਧਾਰ, ਕਵਣ ਜੋਤੀ ਜੋਤ ਮਿਲਾਇੰਦਾ। ਕਵਣ ਭਰੇ ਸਚ ਭੰਡਾਰ, ਸਤਿ ਭੰਡਾਰੀ ਕਵਣ ਅਖਵਾਇੰਦਾ। ਕਵਣ ਲੱਖ ਚੁਰਾਸੀ ਕਰੇ ਤਿਆਰ, ਰੂਪ ਅਨੂਪ ਕਵਣ ਵਟਾਇੰਦਾ। ਕਵਣ ਅੰਤਮ ਦਏ ਸੰਘਾਰ, ਲੇਖਾ ਕਵਣ ਹੱਥ ਰਖਾਇੰਦਾ। ਕਵਣ ਖੇਲ ਕਰੇ ਵਿਚ ਸੰਸਾਰ, ਸੁਤ ਦੁਲਾਰਾ ਦੋਏ ਜੋੜ ਮੰਗ ਮੰਗਾਇੰਦਾ। ਮੰਗੇ ਭਿਖ ਢਹਿ ਢਹਿ ਪੈ ਦਵਾਰ, ਚਰਨ ਚਰਨੋਦਕ ਮਸਤਕ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਸੋ ਪੁਰਖ ਨਿਰੰਜਣ ਤੁਠਿਆ, ਸੁਤ ਦੁਲਾਰਾ ਲਏ ਉਠਾ। ਆਪਣੇ ਵਿਚੋਂ ਆਪੇ ਫੁੱਟਿਆ, ਆਪਣਾ ਰੂਪ ਲਏ ਪਰਗਟਾ। ਵਿਸ਼ਨੂੰ ਰੂਪ ਨਾ ਜਾਏ ਲੁੱਟਿਆ, ਵਿਸ਼ਨੂੰ ਆਪਣਾ ਨਾਉਂ ਰਖਾ। ਵਿਸ਼ਨੂੰ ਪਿਆਏ ਅੰਮ੍ਰਿਤ ਘੁੱਟਿਆ, ਚਰਨ ਚਰਨੋਦਕ ਮੁਖ ਚੁਵਾ। ਕਵਲ ਨਾਭੀ ਆਪੇ ਫੁੱਟਿਆ, ਪਾਰਬ੍ਰਹਮ ਹੋ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾ। ਹਰਿ ਸਾਚਾ ਭੇਵ ਖੁਲਾਇੰਦਾ, ਸੁਣ ਬਾਲਕ ਬਾਲ ਨਿਧਾਨ। ਵਿਸ਼ਨੂੰ ਆਪਣਾ ਰੂਪ ਧਰਾਇੰਦਾ, ਆਦਿ ਜੁਗਾਦੀ ਇਕ ਭਗਵਾਨ। ਬ੍ਰਹਮ ਆਪਣੀ ਅੰਸ ਉਪਾਇੰਦਾ, ਪਾਰਬ੍ਰਹਮ ਹੋ ਹੋ ਮਿਹਰਵਾਨ। ਸ਼ੰਕਰ ਆਪਣਾ ਬਲ ਧਰਾਇੰਦਾ, ਆਪੇ ਵੇਖੇ ਨਿਗਹਬਾਨ। ਤਿੰਨਾਂ ਤੇਰੀ ਗੋਦ ਸੁਹਾਇੰਦਾ, ਦਾਤਾ ਦੇਵੇ ਸਾਚਾ ਦਾਨ। ਆਪਣਾ ਭੰਡਾਰਾ ਅਤੁਟ ਨਿਖੁਟ ਰਖਾਇੰਦਾ, ਨਿਖੁਟ ਨਾ ਜਾਏ ਦੋ ਜਹਾਨ। ਵਿਸ਼ਨੂੰ ਵਰਤਾਰਾ ਆਪੇ ਲਾਇੰਦਾ, ਦੇਵੇ ਧੁਰ ਫ਼ਰਮਾਣ। ਬ੍ਰਹਮਾ ਬ੍ਰਹਮ ਰੂਪ ਧਰਾਇੰਦਾ, ਲੋਕਮਾਤ ਕਰੇ ਪਰਧਾਨ। ਸ਼ੰਕਰ ਏਕਾ ਰੰਗ ਵਖਾਇੰਦਾ, ਅੰਤਮ ਮੇਟੇ ਸਰਬ ਨਿਸ਼ਾਨ। ਤਿੰਨਾਂ ਵਿਚੋਲਾ ਤੇਰਾ ਰੂਪ ਧਰਾਇੰਦਾ, ਸ਼ਬਦ ਸ਼ਬਦੀ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦੱਸੇ ਆਪ ਪਛਾਣ। ਹਰਿ ਆਪਣੀ ਪਛਾਣ ਜਣਾਇੰਦਾ, ਭੇਵ ਅਭੇਦਾ ਖੋਲ੍ਹ । ਤ੍ਰੈਗੁਣ ਮਾਇਆ ਤਤ ਪਰਗਟਾਇੰਦਾ, ਪੰਜ ਤਤ ਕਰ ਪਰਵਾਨ। ਰਜੋ ਤਮੋ ਸਤੋ ਰੰਗ ਰੰਗਾਇੰਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੇ ਕਲਿਆਣ। ਲੱਖ ਚੁਰਾਸੀ ਘਾੜਤ ਆਪ ਘੜਾਇੰਦਾ, ਆਪੇ ਹੋਏ ਨਿਗਹਬਾਨ। ਲੋਕਮਾਤ ਖੇਲ ਖਿਲਾਇੰਦਾ, ਮੰਡਲ ਮੰਡਪ ਵੇਖੇ ਮਾਰ ਧਿਆਨ। ਰਵ ਸਸ ਜੋਤ ਜਗਾਇੰਦਾ, ਕਿਰਨੀ ਕਿਰਨ ਦਏ ਨਿਧਾਨ। ਜਲ ਬਿੰਬ ਆਪ ਸਮਾਇੰਦਾ, ਧਰਤ ਧਵਲ ਰਖਾਏ ਆਣ। ਨੌਂ ਸਤਿ ਵੰਡ ਵੰਡਾਇੰਦਾ, ਏਕਾ ਤਤ ਕਰੇ ਧਿਆਨ। ਲੱਖ ਚੁਰਾਸੀ ਜੋਤ ਜਗਾਇੰਦਾ, ਰੂਪ ਅਨੂਪ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਦਾਨ। ਸਾਚਾ ਦਾਨ ਹਰਿ ਹਰਿ ਦੀਆ, ਦੇਵਣਹਾਰ ਨਿਰੰਕਾਰਾ। ਘਰ ਘਰ ਜੀਵਤ ਜੀਏ ਜੀਆ, ਜਾਗਰਤ ਨੂਰ ਜੋਤ ਉਜਿਆਰਾ। ਬ੍ਰਹਮ ਬੀਜ ਆਪੇ ਬੀਆ, ਆਪੇ ਵੇਖੇ ਫੁਲ ਫੁਲਵਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰ ਖੇਲ ਖਿਲਾਇਆ, ਭੇਵ ਕੋਈ ਨਾ ਪਾਈਆ। ਆਪਣਾ ਅੱਖਰ ਇਕ ਪੜ੍ਹਾਇਆ, ਪਾਰਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਚਾਰੇ ਵੇਦਾਂ ਆਪੇ ਗਾਇਆ, ਚਾਰੇ ਜੁਗ ਵੰਡ ਵੰਡਾਈਆ। ਚਾਰੇ ਖਾਣੀ ਰਚਨ ਰਚਾਇਆ, ਅੰਡਜ ਜੇਰਜ ਉਤਭੁਜ ਸੇਤਜ ਵੇਖੇ ਥਾਉਂ ਥਾਈਂਆ। ਚਾਰੇ ਬਾਣੀ ਬਾਣ ਲਗਾਇਆ, ਅਨਭਵ ਰੂਪ ਆਪਣਾ ਆਪ ਬੁਝਾਈਆ। ਚਾਰੇ ਕੁੰਟਾਂ ਫੋਲ ਫੁਲਾਇਆ, ਦੂਰ ਨੇੜਾ ਪੰਧ ਮੁਕਾਈਆ। ਆਪਣਾ ਪਰਦਾ ਘਟ ਘਟ ਅੰਦਰ ਆਪ ਛੁਪਾਇਆ, ਘਰ ਘਰ ਵਿਚ ਆਸਣ ਲਾਈਆ। ਕਾਇਆ ਮੰਦਰ ਇਕ ਵਡਿਆਇਆ, ਨੌਂ ਦੁਆਰੇ ਆਪ ਖੁਲ੍ਹਾਈਆ। ਜਗਤ ਵਸਤੂ ਵਿਚ ਰਖਾਇਆ, ਜਗਤ ਤ੍ਰਿਸ਼ਨਾ ਕਰ ਕੁੜਮਾਈਆ। ਪੰਜ ਤਤ ਪੰਚ ਵਿਕਾਰਾ ਬੰਧਨ ਪਾਇਆ, ਕਾਮ ਕਰੋਧ ਲੋਭ ਮੋਹ ਹੰਕਾਰ ਇਕ ਜਣਾਈਆ। ਆਪਣਾ ਖੇਲ ਆਪਣੇ ਹੱਥ ਰਖਾਇਆ, ਦੂਸਰ ਹੱਥ ਕਿਸੇ ਨਾ ਆਈਆ। ਘਰ ਘਰ ਵਿਚ ਨਾਦ ਵਜਾਇਆ, ਅਨਹਦ ਸ਼ਬਦ ਧੁਨ ਵਜਾਈਆ। ਘਰ ਘਰ ਵਿਚ ਦੀਪ ਜਗਾਇਆ, ਜੋਤ ਨਿਰੰਜਣ ਕਰ ਰੁਸ਼ਨਾਈਆ। ਘਰ ਘਰ ਵਿਚ ਕੁੰਡਾ ਲਾਹਿਆ, ਬਜਰ ਕਪਾਟੀ ਦਏ ਤੁੜਾਈਆ। ਘਰ ਘਰ ਵਿਚ ਅੰਮ੍ਰਿਤ ਤਾਲ ਭਰਾਇਆ, ਨਾਭੀ ਅੰਮ੍ਰਿਤ ਇਕ ਵਖਾਈਆ। ਘਰ ਘਰ ਵਿਚ ਸੇਜ ਸੁਹਾਇਆ, ਆਤਮ ਸੇਜਾ ਡੇਰਾ ਲਾਈਆ। ਘਰ ਘਰ ਵਿਚ ਹਰਿ ਹਰਿ ਵੰਡ ਵੰਡਾਇਆ, ਪਾਰਬ੍ਰਹਮ ਵੇਖੇ ਚਾਈਂ ਚਾਈਆ। ਘਰ ਘਰ ਵਿਚ ਦਏ ਸਮਝਾਇਆ, ਆਪ ਆਪਣਾ ਪਰਦਾ ਲਾਹੀਆ। ਸਾਚੇ ਸੁਤ ਤੇਰੀ ਵਡਿਆਇਆ, ਤੇਰੇ ਨਾਉਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਰੂਪ ਅਨੂਪ ਇਕ ਦਰਸਾਈਆ। ਰੂਪ ਅਨੂਪ ਆਪ ਦਰਸਾਵਣਾ, ਹਰਿ ਸਾਚੀ ਸਚ ਪਛਾਣ। ਭਗਤ ਭਗਵੰਤ ਆਪ ਉਠਾਵਣਾ, ਦੇਵੇ ਧੁਰ ਫ਼ਰਮਾਣ। ਸਾਚੇ ਸੰਤਾਂ ਸੰਗ ਨਿਭਾਵਣਾ, ਹੋਏ ਸਹਾਈ ਅੰਤਮ ਆਣ। ਗੁਰਮੁਖ ਗੁਰਮੁਖ ਮੇਲ ਮਿਲਾਵਣਾ, ਚੁੱਕੇ ਜਮ ਕੀ ਕਾਨ। ਗੁਰਸਿਖ ਆਪਣੀ ਗੋਦ ਬਹਾਵਣਾ, ਦੋ ਜਹਾਨਾ ਦੇਵੇ ਮਾਣ। ਜਗ ਜੁਗ ਗੇੜਾ ਆਪ ਗਿੜਾਵਣਾ, ਲੋਕਮਾਤ ਨਾ ਰਹੇ ਨਿਸ਼ਾਨ। ਦੁਆਪਰ ਆਪਣਾ ਮੁਖ ਛੁਪਾਵਣਾ, ਸਖ਼ੀ ਮਿਲੇ ਨਾ ਸਾਚਾ ਕਾਹਨ। ਕਲਜੁਗ ਆਪਣਾ ਬਲ ਧਰਾਵਣਾ, ਚਾਰੋਂ ਕੁੰਟ ਕਰੇ ਵੈਰਾਨ। ਸ੍ਰਿਸ਼ਟ ਸਬਾਈ ਸਿਮਲ ਰੁਖ ਨਜ਼ਰੀ ਆਵਣਾ, ਫਲ ਦਿਸੇ ਨਾ ਕਿਸੇ ਟਾਹਣ। ਫਲ ਫਿਕੇ ਫੁਲ ਬਕ ਬਕੇ ਕੰਮ ਕਿਸੇ ਨਾ ਆਵਣਾ, ਭਰਮੇ ਭੁੱਲੇ ਬਣ ਨਿਧਾਨ। ਗੁਰਮੁਖ ਵਿਰਲਾ ਗੁਰ ਸਤਿਗੁਰ ਆਪ ਜਗਾਵਣਾ, ਜਿਸ ਦੇਵੇ ਧੁਰ ਫ਼ਰਮਾਣ। ਆਤਮ ਅੰਤਰ ਬ੍ਰਹਮ ਗਿਆਨ ਇਕ ਦ੍ਰਿੜਾਵਨਾ, ਨੇੜ ਨਾ ਆਇਣ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਕਲਜੁਗ ਅੰਤਮ ਸਿਮਲ ਧਾਰ, ਚਾਰ ਕੁੰਟ ਰਹੀ ਕੁਰਲਾਈਆ। ਹਰਿ ਸਤਿਗੁਰ ਸਾਹਿਬ ਕਰੇ ਨਾ ਕਿਸੇ ਪਿਆਰ, ਜੀਵ ਜੰਤ ਰਹੇ ਕੁਰਲਾਈਆ। ਅੰਮ੍ਰਿਤ ਫਲ ਨਾ ਮਿਲੇ ਕਿਸੇ ਦਵਾਰ, ਆਤਮ ਤ੍ਰਿਸਨਾ ਨਾ ਕੋਈ ਗਵਾਈਆ। ਜੂਠ ਝੂਠ ਲਏ ਹੁਲਾਰ, ਕਲਜੁਗ ਝੱਖੜ ਰਿਹਾ ਝੁਲਾਈਆ। ਗੜ੍ਹ ਹੰਕਾਰੀ ਬਣਿਆ ਉਚ ਮਿਨਾਰ, ਹਉਮੇ ਦੀਰਘ ਰੋਗ ਰਿਹਾ ਸਤਾਈਆ। ਮਾਨਸ ਜਨਮ ਰਹੇ ਹਾਰ, ਪਤ ਡਾਲ੍ਹੀ ਗਏ ਸੁਕਾਈਆ। ਲੋਕਮਾਤ ਖਿੜੀ ਨਾ ਦਿਸੇ ਕੋਈ ਗੁਲਜ਼ਾਰ, ਰੁਤ ਬਸੰਤ ਨਾ ਕੋਈ ਸੁਹਾਈਆ। ਮਨਮੁਖ ਨਾਰੀ ਨਾ ਮਿਲਿਆ ਕੰਤ ਭਤਾਰ, ਸੁਹੰਜਣੀ ਸੇਜ ਨਾ ਕੋਈ ਹੰਢਾਈਆ। ਚਾਰੋਂ ਕੁੰਟ ਦਿਸੇ ਵਿਭਚਾਰ, ਸਤਿ ਸਤਿ ਬੈਠਾ ਮੁਖ ਛੁਪਾਈਆ। ਕਲਜੁਗ ਮਨਮੁਖ ਜੀਵ ਸਿਮਲ ਰੋਵੇ ਧਾਹਾਂ ਮਾਰ, ਉਚੀ ਕੂਕ ਕੂਕ ਸੁਣਾਈਆ। ਜੜ ਉਖੜੇ ਅੰਤਮ ਵਾਰ, ਜਗਤ ਨਿਸ਼ਾਨ ਰਹਿਣ ਨਾ ਪਾਈਆ। ਸੀਸ ਧੜ ਨਾ ਕੋਈ ਪਿਆਰ, ਪੰਜ ਤਤ ਖ਼ਾਕੀ ਮਾਟੀ ਖ਼ਾਕ ਮਿਲਾਈਆ। ਨਾਤਾ ਤੁੱਟੇ ਸਾਕ ਸੱਜਣ ਸੈਣ ਯਾਰ, ਨਾ ਕੋਈ ਸਹਾਈ ਪਿਤਾ ਮਾਈਆ। ਨਾਰੀ ਕੰਤ ਨਾ ਕੋਈ ਪਿਆਰ, ਸਗਲਾ ਸੰਗ ਨਾ ਕੋਈ ਰਖਾਈਆ। ਉਠ ਜੀਵ ਕਲ ਹੋ ਤਿਆਰ, ਵੇਲਾ ਅੰਤਮ ਅੰਤ ਸਮਝਾਈਆ। ਝੂਠਾ ਦਿਸੇ ਤਨ ਸ਼ੰਗਾਰ, ਜਗਤ ਵਿਕਾਰ ਰਹੇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸੁਰਾਇਰਾ ਸਿਮਲ ਰੁਖ, ਮਾਇਆ ਮਮਤਾ ਤ੍ਰਿਸਨਾ ਨਾ ਲੱਥੀ ਭੁੱਖ, ਸੁਫ਼ਲ ਹੋਈ ਨਾ ਮਾਤ ਕੁੱਖ, ਮਾਨਸ ਜਨਮ ਰਹੇ ਗਵਾਈਆ। ਗੁਰਮੁਖ ਬੂਟਾ ਸਿਮਲ ਜਾਏ ਫੁੱਲ, ਰੁਤ ਬਸੰਤ ਅੰਤਮ ਆਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣੀ ਜੋਤੀ ਜਾਏ ਮਵਲ, ਪਤ ਟਹਿਣੀ ਆਪ ਮਹਿਕਾਈਆ। ਅੰਤਮ ਅੰਤ ਹਰਿ ਭਗਵੰਤ ਕਰਤਾ ਕੀਮਤ ਪਾਏ ਮੁਲ, ਲੱਖ ਕਰੋੜੀ ਨਾ ਕੋਇ ਚੁਕਾਈਆ। ਗੁਰਸਿਖ ਸਾਚੇ ਕੰਡੇ ਜਾਏ ਤੁਲ, ਅਠਾਰਾਂ ਭਾਰ ਚਰਨਾਂ ਹੇਠ ਦਬਾਈਆ। ਦੇਵੇ ਨਾਮ ਨਾਮ ਅਨਮੁਲ, ਕਰਤਾ ਕੀਮਤ ਕੋਇ ਨਾ ਲਾਈਆ। ਜੋ ਜਨ ਦਵਾਰੇ ਆਏ ਭੁੱਲ, ਸਿੰਮਲ ਰੂਪ ਨਾ ਕੋਇ ਵਖਾਈਆ। ਭਾਗ ਲਗਾਏ ਸਾਚੀ ਕੁੱਲ, ਕਾਲਖ ਟਿੱਕਾ ਮੇਟੇ ਸ਼ਾਹੀਆ। ਸਚ ਨਿਸ਼ਾਨਾ ਜਾਏ ਝੁੱਲ, ਸਤਿਗੁਰ ਪੂਰਾ ਆਪ ਝੁਲਾਈਆ। ਗੁਰਸਿਖ ਤ੍ਰੈਗੁਣ ਮਾਇਆ ਵਿਚ ਨਾ ਜਾਏ ਰੁਲ, ਜਗਤ ਜੰਜਾਲਾ ਆਪ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਫੜ, ਔਦਾਂ ਜਾਂਦਾ ਦਿਸ ਨਾ ਆਈਆ। ਨਿਰਗੁਣ ਸਰਗੁਣ ਆਪੇ ਫੜ, ਸਰਗੁਣ ਨਿਰਗੁਣ ਵਿਚ ਮਿਲਾਇੰਦਾ। ਆਪਣੇ ਪੌੜੇ ਆਪੇ ਚੜ੍ਹ, ਸਾਚਾ ਮੰਦਰ ਖੋਜ ਖੁਜਾਇੰਦਾ। ਕਰ ਪਰਕਾਸ਼ ਬਹੱਤਰ ਨੜ, ਅੰਧ ਅੰਧੇਰ ਗਵਾਇੰਦਾ। ਸ਼ਬਦ ਅਗੰਮੀ ਆਪੇ ਪੜ੍ਹ, ਤੁਰਯਾ ਰਾਗ ਸੁਣਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਜੋਤ ਡਗਮਗਾਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਆਪਣਾ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬਨ੍ਹਾਏ ਆਪਣੇ ਲੜ, ਬੰਦੀਖ਼ਾਨਾ ਆਪ ਤੁੜਾਇੰਦਾ। ਗੁਰਸਿਖ ਗੁਰ ਏਕਾ ਜਾਣਿਆ, ਗ੍ਰਹਿ ਮੰਦਰ ਕਰ ਵਿਚਾਰ। ਗੁਰ ਸਤਿਗੁਰ ਆਪ ਪਛਾਣਿਆ, ਏਕਾ ਬਖ਼ਸ਼ੇ ਚਰਨ ਪਿਆਰ। ਦੇਵੇ ਨਾਮ ਗੁਣ ਨਿਧਾਨਿਆ, ਅੰਮ੍ਰਿਤ ਬਰਖੇ ਠੰਡਾ ਠਾਰ। ਲੱਖ ਚੁਰਾਸੀ ਪੁਣ ਛਾਣਿਆ, ਕਲਜੁਗ ਤੇਰੀ ਅੰਤਮ ਵਾਰ। ਕੂੜੀ ਕਿਰਿਆ ਚੋਲਾ ਹੋਇਆ ਪੁਰਾਨਿਆ, ਅੰਤਮ ਚੀਥੜਾ ਦੇਵੇ ਹਾਰ। ਪੁੱਛੇ ਵਾਤ ਨਾ ਕੋਇ ਰਾਜੇ ਰਾਣਿਆ, ਰਾਏ ਧਰਮ ਕਰੇ ਖ਼ਵਾਰ। ਲਾੜੀ ਮੌਤ ਪਰਨਾਏ ਚਤਰ ਸੁਘੜ ਸਿਆਣਿਆ, ਆਲਮ ਉਲਮਾ ਮਾਰੇ ਮਾਰ। ਫੜ ਫੜ ਖਾਏ ਵਡ ਜਰਵਾਣਿਆ, ਤੋੜੇ ਗੜ੍ਹ ਹੰਕਾਰ। ਗੁਰਮੁਖ ਵਿਰਲਾ ਚਲੇ ਸਤਿਗੁਰ ਭਾਣਿਆ, ਜਿਸ ਸਿਰ ਹੱਥ ਧਰੇ ਕਰਤਾਰ। ਕਲਜੁਗ ਜੀਵ ਬਾਲ ਅਞਾਣਿਆ, ਸਿਮਲ ਰੁੱਖ ਲਏ ਹੁਲਾਰ। ਲਾੜੀ ਮੌਤ ਭੰਨੇ ਡਾਹਣਿਆ, ਅੰਤਮ ਕਰੇ ਛਾਰ ਛਾਰ। ਜਿਸ ਜਨ ਸਤਿਗੁਰ ਪੂਰਾ ਮਿਲਿਆ ਸ੍ਰੀ ਭਗਵਾਨਿਆ, ਨਾਤਾ ਤੋੜੇ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਏ ਪਾਰ। ਗੁਰਸਿਖ ਪਾਰ ਉਤਾਰਿਆ, ਕਰ ਕਿਰਪਾ ਹਰਿ ਕਰਤਾਰ। ਜਨਮ ਜਨਮ ਦਾ ਰੋਗ ਨਿਵਾਰਿਆ, ਲੱਖ ਚੁਰਾਸੀ ਗੇੜ ਨਿਵਾਰ। ਮਾਣਸ ਜਨਮ ਪੈਜ ਸੁਆਰਿਆ, ਮਾਤ ਗਰਭ ਨਾ ਆਏ ਦੂਜੀ ਵਾਰ। ਘਰ ਮੰਦਰ ਇਕ ਵਖਾ ਲਿਆ, ਸਚਖੰਡ ਦਵਾਰਾ ਖੋਲ੍ਹ ਕਿਵਾੜ। ਆਪਣੀ ਗੋਦੀ ਆਪ ਬਹਾ ਲਿਆ, ਜਿਉਂ ਮਾਤਾ ਬਾਲਕ ਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸਦਾ ਕਰੇ ਪ੍ਰਿਤਪਾਲ। ਗੁਰਸਿਖਾਂ ਪ੍ਰਿਤਪਾਲਦਾ, ਆਦਿ ਜੁਗਾਦਿ ਸਮਾਏ। ਗੁਰਮੁਖਾਂ ਆਪ ਉਠਾਲਦਾ, ਜੁਗਾ ਜੁਗੰਤਰ ਸੇਵ ਕਮਾਏ। ਸੰਤਨ ਘਾਲ ਆਪੇ ਘਾਲਦਾ, ਵੇਸ ਅਨੇਕਾ ਰੂਪ ਪਰਗਟਾਏ। ਭਗਤਨ ਭਗਵਨ ਰਾਹ ਵਖਾਲ ਦਾ, ਸਾਚੇ ਮਾਰਗ ਆਪੇ ਪਾਏ। ਲੇਖਾ ਜਾਣੇ ਦੋ ਜਹਾਨ ਦਾ, ਕਾਲ ਮਹਾਂਕਾਲ ਆਪਣੇ ਹੁਕਮ ਫਿਰਾਏ। ਗੁਰਮੁਖ ਸਾਚੇ ਸਦਾ ਸਦ ਸੁਰਤ ਸੰਭਾਲਦਾ, ਸ਼ਬਦੀ ਡੋਰੀ ਬੰਧਨ ਪਾਏ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਭੁੱਲ ਰਹੇ ਨਾ ਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਮਿਲਾਏ। ਹਰਿਜਨ ਮੇਲ ਮਲੰਨਿਆ, ਕਲ ਕੂੜਾ ਨਾਤਾ ਤੋੜ। ਦੇਵੇ ਨਾਮ ਸੱਚਾ ਧਨ ਧਨਿਆ, ਦੂਸਰ ਦਰ ਨਾ ਕੋਇ ਲੋੜ। ਦਿਸ ਨਾ ਆਏ ਨੇਤਰ ਅੰਨ੍ਹਿਆਂ, ਕਲਜੁਗ ਕਾਇਆ ਰੀਠਾ ਹੋਇਆ ਕੌੜ। ਗੁਰਮੁਖ ਵਿਰਲੇ ਹਰਿ ਹਰਿ ਮੰਨਿਆ, ਜਿਸ ਦਰਸ ਦਿਖਾਏ ਬੌਹੜ। ਲੱਖ ਚੁਰਾਸੀ ਦੇਵੇ ਡੰਨਿਆ, ਸ਼ਬਦ ਅਗੰਮੀ ਚੜ੍ਹਿਆ ਘੋੜ। ਗੁਰਮੁਖਾਂ ਬੇੜਾ ਬੰਨ੍ਹਿਆ, ਸਚਖੰਡ ਦਵਾਰੇ ਲਾਏ ਏਕਾ ਪੌੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਬੁਝਾਏ ਲੱਗੀ ਔੜ। ਹਰਿਜਨ ਬੁਝੇ ਲੱਗੀ ਪਿਆਸ, ਸਤਿਗੁਰ ਪੂਰਾ ਆਪ ਬੁਝਾਈਆ। ਦਰਸ ਦਿਖਾਏ ਦਾਸੀ ਦਾਸ, ਦਿਵਸ ਰੈਣ ਸੇਵ ਕਮਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੁਲਾਈਆ। ਗੁਰਸਿਖਾਂ ਅੰਦਰ ਕਰ ਕਰ ਵਾਸ, ਆਪਣਾ ਰੂਪ ਅਨੂਪ ਆਪ ਸਮਝਾਈਆ। ਸਤਿ ਸਰੂਪੀ ਕਰ ਪਰਕਾਸ਼, ਅੰਧ ਅੰਧੇਰ ਮਿਟਾਈਆ। ਕਰੇ ਕਰਾਏ ਬੰਦ ਖ਼ਲਾਸ, ਬੰਦੀ ਛੋੜ ਸੱਚਾ ਸ਼ਹਿਨਸ਼ਾਹੀਆ। ਅੰਤਮ ਕਲਜੁਗ ਪੂਰੀ ਕਰੇ ਆਸ, ਜੋ ਜਨ ਰਹੇ ਧਿਆਨ ਲਗਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਉਚੇ ਟਿੱਲੇ ਪਰਬਤ ਡੂੰਘੀ ਕੰਦਰ ਫੋਲ ਫੁਲਾਈਆ। ਸਤਿਗੁਰ ਪੂਰਾ ਆਦਿ ਜੁਗਾਦਿ ਨਾ ਹੋਏ ਵਿਨਾਸ, ਨਾ ਮਰੇ ਨਾ ਜਾਈਆ। ਗੁਰਮੁਖਾਂ ਸਦ ਵਸਿਆ ਪਾਸ, ਘਰ ਘਰ ਵਿਚ ਜੋਤ ਜਗਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਸਿਮਲ ਲੱਕੜੀ ਦਿਸੇ ਕਾਠ, ਕਲਜੁਗ ਅੰਤਮ ਦਏ ਜਲਾਈਆ। ਗੁਰਮੁਖ ਵਿਰਲਾ ਉਤਰੇ ਸਾਚੇ ਘਾਟ, ਜਿਸ ਸਤਿਗੁਰ ਮਿਲਿਆ ਇਕ ਮਲਾਹੀਆ। ਦੋ ਜਹਾਨਾਂ ਮੁੱਕੇ ਵਾਟ, ਪਾਂਧੀ ਆਪਣਾ ਪੰਧ ਮੁਕਾਈਆ। ਪੂਰਬ ਜਨਮਾਂ ਪੂਰਾ ਕਰੇ ਘਾਟ, ਜਿਸ ਸਿਰ ਆਪਣਾ ਹੱਥ ਰਖਾਈਆ। ਦੁਰਮਤ ਮੈਲ ਦੇਵੇ ਕਾਟ, ਨਿਰਮਲ ਨੀਰ ਇਕ ਦਰਸਾਈਆ। ਲੇਖਾ ਚੁਕਾਏ ਚੌਦਾਂ ਲੋਕ ਚੌਦਾਂ ਹਾਟ, ਚੌਦਸ ਰੂਪ ਨਾ ਕੋਇ ਵਟਾਈਆ। ਇਕ ਰਖਾਏ ਸਾਚੀ ਖਾਟ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲੇ ਆਪਣੇ ਦਰ, ਸਿਮਲ ਸਰਾਏਰਾ ਚੁੱਕੇ ਡਰ, ਘਰ ਰੁਤੜੀ ਘਰ ਬਹਾਰ, ਘਰ ਸਖ਼ੀਆਂ ਮੰਗਲਚਾਰ, ਘਰ ਮੇਲਾ ਕੰਤ ਭਤਾਰ, ਘਰ ਸੁਹੰਜਣੀ ਸੇਜ, ਘਰ ਵੱਜਦੀ ਰਹੇ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਹੋਇਆ ਆਪ ਮਿਹਰਵਾਨ, ਖ਼ਾਲੀ ਰੱਖੇ ਨਾ ਕੋਇ ਨਿਸ਼ਾਨ, ਸਤਿ ਨਿਸ਼ਾਨਾ ਆਪ ਝੁਲਾਈਆ।
