Granth 07 Likhat 146: 24 Maghar 2015 Bikarmi Mehanga Singh de Ghar Pind Hari Pur Jila Jalandhar

੨੪ ਮੱਘਰ ੨੦੧੫ ਬਿਕ੍ਰਮੀ ਮਹਿੰਗਾ ਸਿੰਘ ਦੇ ਘਰ ਪਿੰਡ ਹਰੀ ਪੁਰ ਜ਼ਿਲਾ ਜਲੰਧਰ

ਅਜੂਨੀ ਰਹਿਤ ਮੂਰਤ ਅਕਾਲ, ਏਕਾ ਏਕੰਕਾਰਿਆ। ਆਦਿ ਪੁਰਖ ਨਿਰੰਜਣ ਦੀਨ ਦਿਆਲ, ਆਦਿ ਜੁਗਾਦੀ ਨਾਉਂ ਧਰਾ ਲਿਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਜੁਗ ਜੁਗ ਵੇਸ ਵਟਾ ਲਿਆ। ਇਕ ਇਕੱਲਾ ਕਰ ਅਕਾਰ, ਆਪ ਆਪਣਾ ਵੇਸ ਵਟਾ ਰਿਹਾ। ਮਹੱਲ ਅਟੱਲ ਉਚ ਮਿਨਾਰ, ਥਿਰ ਘਰ ਵਾਸੀ ਡੇਰਾ ਲਾ ਲਿਆ। ਜੋਤ ਪ੍ਰਕਾਸ਼ੀ ਦੀਪ ਉਜਿਆਰ, ਏਕਾ ਏਕ ਡਗਮਗਾ ਰਿਹਾ। ਸਰਬ ਘਟ ਵਾਸੀ ਹਰਿ ਨਿਰੰਕਾਰ, ਨਿਰਗੁਣ ਧਾਰਾ ਆਪ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਰਿਹਾ। ਆਦਿ ਪੁਰਖ ਸ੍ਰੀ ਭਗਵਾਨਾ, ਹਰਿ ਹਰੀ ਆਪ ਅਖਵਾਇੰਦਾ। ਆਦਿ ਜੁਗਾਦੀ ਖੇਲ ਮਹਾਨਾ, ਜੁਗ ਜੁਗ ਵੇਸ ਵਟਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਏਕਾ ਏਕ ਅਖਵਾਇੰਦਾ। ਏਕਾ ਘਰ ਇਕ ਟਿਕਾਣਾ, ਇਕ ਸਿੰਘਾਸਣ ਆਸਣ ਲਾਇੰਦਾ। ਇਕ ਮਹੱਲ ਇਕ ਮਕਾਨਾ, ਏਕਾ ਆਸਣ ਲਾਇੰਦਾ। ਖੇਲੇ ਖੇਲ ਦੋ ਜਹਾਨਾਂ, ਦੋ ਜਹਾਨੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਦਰਸਾਇੰਦਾ। ਜੋਤੀ ਨੂਰ ਹਰਿ ਅਪਾਰ, ਏਕਾ ਏਕ ਉਪਾਈਆ। ਨਿਰਗੁਣ ਨੂਰੋ ਨੂਰ ਉਜਿਆਰ, ਆਪ ਆਪਣਾ ਖੇਲ ਖਿਲਾਈਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਡ ਵਡਿਆਈਆ। ਆਦਿ ਨਿਰੰਜਣ ਹਰਿ ਭਗਵੰਤਾ, ਏਕਾ ਰੂਪ ਸਮਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇੰਦਾ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਆਪਣੀ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ। ਆਪਣੇ ਘਰ ਰਹੇ ਮੰਗਤਾ, ਆਪਣੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਆਪ ਅਖਵਾਇੰਦਾ। ਆਦਿ ਅੰਤਾ ਹਰਿ ਮਿਹਰਵਾਨਾ, ਏਕਾ ਏਕੰਕਾਰਿਆ। ਖੇਲੇ ਖੇਲ ਸ੍ਰੀ ਭਗਵਾਨਾ, ਦਿਸ ਕਿਸੇ ਨਾ ਆ ਰਿਹਾ। ਸਾਚਾ ਮੀਤ ਇਕ ਸੁਲਤਾਨਾ, ਏਕਾ ਨਾਉਂ ਉਪਾ ਰਿਹਾ। ਸ਼ਬਦੀ ਸ਼ਬਦ ਸ਼ਬਦ ਬਲਵਾਨਾ, ਆਪ ਆਪਣਾ ਆਪ ਉਠਾ ਰਿਹਾ। ਏਕਾ ਰਾਗ ਇਕ ਤਰਾਨਾ, ਏਕਾ ਘਰ ਸੁਣਾ ਰਿਹਾ। ਏਕਾ ਮਰਦ ਇਕ ਮਰਦਾਨਾ, ਏਕਾ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਉਪਾ ਰਿਹਾ। ਜੁਗ ਕਰਤਾ ਪੁਰਖ ਅਬਿਨਾਸ਼ਾ, ਏਕਾ ਰੂਪ ਸਮਾਈਆ। ਆਦਿ ਜੁਗਾਦੀ ਖੇਲ ਤਮਾਸ਼ਾ, ਜੁਗ ਜੁਗ ਬਣਤ ਬਣਾਈਆ। ਮੰਡਲ ਮੰਡਪ ਪਾਵੇ ਰਾਸਾ, ਰਵ ਸਸ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੰਡ ਖੰਡ ਜੇਰਜ ਅੰਡ ਧਰਤ ਧਵਲ ਪੁਰੀਆਂ ਲੋਆਂ ਅਕਾਸ਼ ਪ੍ਰਕਾਸ਼ ਆਪ ਰਖਾਈਆ। ਬ੍ਰਹਿਮੰਡ ਖੰਡ ਹਰਿ ਬ੍ਰਹਿਮਾਦ, ਏਕਾ ਜੋਤ ਜਗਾਇੰਦਾ। ਸ਼ਬਦ ਤੂਰ ਅਨਾਦੀ ਨਾਦ ਏਕਾ ਏਕ ਸੁਣਾਇੰਦਾ। ਦੇਵਣਹਾਰਾ ਦਾਦ, ਆਪ ਆਪਣੀ ਵੰਡ ਵੰਡਾਇੰਦਾ। ਏਕਾ ਸ਼ਬਦ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇੰਦਾ। ਆਪੇ ਜਾਣੇ ਬੋਧ ਅਗਾਧ, ਦੂਸਰ ਭੇਵ ਕੋਈ ਨਾ ਪਾਇੰਦਾ। ਏਕਾ ਜੋਬਨ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸੰਗ ਨਿਭਾਇੰਦਾ। ਸਗਲਾ ਸੰਗ ਹਰਿ ਕਰਤਾਰ, ਆਪਣਾ ਆਪ ਰਖਾਈਆ। ਆਪਣੀ ਕਿਰਿਆ ਕਰ ਵਿਚਾਰ, ਆਪਣੀ ਬੂਝ ਬੁਝਾਈਆ। ਆਪੇ ਬੰਨ੍ਹੇ ਆਪਣੀ ਧਾਰ, ਆਪਣਾ ਬੰਧਨ ਆਪੇ ਪਾਈਆ। ਆਪਣਾ ਕਰ ਸ਼ਬਦ ਜੈਕਾਰ, ਆਪੇ ਰਿਹਾ ਸੁਣਾਈਆ। ਲੋਕਮਾਤ ਹੋ ਤਿਆਰ, ਆਵੇ ਜਾਵੇ ਫੇਰਾ ਪਾਈਆ। ਕਲਜੁਗ ਅੰਤਮ ਖੇਲ ਨਿਆਰ, ਕਰਤਾ ਕਾਦਰ ਆਪ ਕਰਾਈਆ। ਨੂਰ ਇਲਾਹੀ ਬੇਐਬ ਪਰਵਰਦਿਗਾਰ, ਨੂਰੋ ਨੂਰ ਸਮਾਈਆ । ਖ਼ਲਕ ਖ਼ੁਦਾਈ ਪਾਏ ਸਾਰ, ਖ਼ਾਲਕ ਰੂਪ ਆਪ ਵਟਾਈਆ। ਹੱਕ ਹਕੀਕਤ ਵੇਖ ਵਿਚਾਰ, ਚੌਦਾਂ ਤਬਕਾਂ ਡੇਰਾ ਢਾਹੀਆ। ਲਾਸ਼ਰੀਕ ਸਾਂਝਾ ਯਾਰ, ਏਕਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਤੇਰਾ ਅੰਤਮ ਕਾਮ, ਹਰਿ ਹਰਿ ਆਪ ਕਰਾਵਣਾ। ਆਪੇ ਸੀਤਾ ਆਪੇ ਰਾਮ, ਰਾਮ ਰੂਪ ਆਪ ਸਮਝਾਵਣਾ। ਆਪੇ ਕ੍ਰਿਸ਼ਨਾ ਆਪੇ ਕਾਹਨ, ਸਾਚੀ ਗੋਪੀ ਆਪ ਨਚਾਵਣਾ। ਆਪੇ ਅੰਮ੍ਰਿਤ ਆਪੇ ਜਾਮ, ਹਰਿ ਭਗਤਾਂ ਆਪ ਪਿਆਵਣਾ। ਆਪੇ ਦੀਨ ਆਪ ਇਸਲਾਮ, ਈਸਾ ਮੂਸਾ ਆਪ ਅਖਵਾਵਣਾ। ਆਪੇ ਜਾਣੇ ਆਪਣੀ ਕਲਾਮ, ਕਲਮਾ ਨਬੀ ਆਪ ਪੜ੍ਹਾਵਣਾ। ਆਪ ਆਪਣੀ ਮੇਟੇ ਅੰਧੇਰੀ ਸ਼ਾਮ, ਸਾਚਾ ਚੰਦ ਇਕ ਚੜ੍ਹਾਵਣਾ। ਆਪੇ ਲੱਖ ਚੁਰਾਸੀ ਕਰੇ ਤਾਮ, ਜੀਵ ਜੰਤ ਆਪ ਉਪਜਾਵਣਾ। ਆਪੇ ਨਗਰ ਆਪ ਗਰਾਮ, ਕਾਇਆ ਖੇੜਾ ਆਪ ਵਸਾਵਣਾ। ਆਪੇ ਨਿਰਗੁਣ ਬੈਠਾ ਧਾਮ, ਸਰਗੁਣ ਪੰਜ ਤਤ ਆਪ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਵਣਾ। ਵੇਖਣਹਾਰਾ ਹਰਿ ਸਮਰਥ, ਏਕਾ ਏਕ ਅਖਵਾਈਆ। ਜਗਤ ਚਲਾਏ ਆਪਣਾ ਰਥ, ਹਰਿ ਵਡ ਵੱਡੀ ਵਡਿਆਈਆ। ਲੱਖ ਚੁਰਾਸੀ ਪਾਏ ਨੱਥ, ਦਹਿ ਦਿਸ਼ਾ ਆਪ ਭਵਾਈਆ। ਸ਼ਬਦ ਜਣਾਈ ਅਕੱਥਨਾ ਅਕੱਥ, ਹਰੀ ਹਰਿ ਜਗਤ ਸੁਣਾਈਆ। ਜਗਤ ਵਿਕਾਰਾ ਦੇਵੇ ਮਥ, ਨਾਮ ਖੰਡਾ ਹੱਥ ਉਠਾਈਆ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਥਿਰ ਘਰ ਵਾਸੀ ਫੇਰਾ ਪਾਈਆ। ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਪਾਈਆ। ਕਾਇਆ ਗੜ੍ਹ ਜਾਏ ਢੱਠ, ਹਉਮੇ ਰੋਗ ਰਹੇ ਨਾ ਰਾਈਆ। ਲਹਿਣਾ ਦੇਣ ਚੁਕਾਏ ਤੀਰਥ ਅਠਸਾਠ, ਕਾਇਆ ਮੰਦਰ ਇਕ ਸੁਹਾਈਆ। ਇਕ ਵਖਾਏ ਪੂਜਾ ਪਾਠ, ਇਕ ਕਰੇ ਪੜ੍ਹਾਈਆ। ਅੰਮ੍ਰਿਤ ਆਤਮ ਸਰ ਸਰੋਵਰ ਮਾਰੇ ਠਾਠ, ਜਲ ਕਵਲ ਆਪ ਭਰਾਈਆ। ਨਾਮ ਵਿਕਾਏ ਸਾਚੇ ਹਾਟ, ਏਕਾ ਵਣਜ ਕਰਾਈਆ। ਇਕ ਉਤਾਰੇ ਪਾਰ ਔਖੇ ਘਾਟ, ਕਲਜੁਗ ਬੇੜਾ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਫੇਰਾ ਪਾ, ਹਰਿ ਹਰਿ ਜੋਤ ਜਗਾਇੰਦਾ। ਧੁਨ ਅਨਾਦੀ ਸ਼ਬਦ ਜਣਾ, ਆਤਮ ਬ੍ਰਹਮ ਵਖਾਇੰਦਾ। ਦੂਈ ਦਵੈਤੀ ਪਰਦਾ ਲਾਹ, ਏਕਾ ਨੈਣ ਖੁਲ੍ਹਾਇੰਦਾ। ਨਾਨਕ ਨਿਰਗੁਣ ਮੇਲ ਮਿਲਾ, ਸਰਗੁਣ ਧਾਰ ਬੰਧਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਦਿਸ ਕਿਸੇ ਨਾ ਆਇੰਦਾ। ਹਰਿਜਨ ਵੇਖੇ ਥਾਉਂ ਥਾਂ, ਲੱਖ ਚੁਰਾਸੀ ਫੋਲ ਫੁਲਾਇੰਦਾ। ਫੜ ਫੜ ਹੰਸ ਬਣਾਏ ਕਾਂ, ਸਾਚੀ ਚੋਗ ਚੁਗਾਇੰਦਾ। ਸਦਾ ਸੁਹੇਲਾ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਪਿਤਾ ਆਪੇ ਮਾਂ, ਹਰਿਜਨ ਸਾਚੇ ਬਾਲ ਅਞਾਣੇ ਗੋਦ ਉਠਾਇੰਦਾ। ਜੁਗ ਜੁਗ ਕਰੇ ਸਚ ਨਿਆਂ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ਼ਰੀਬ ਨਿਮਾਣੇ ਪਕੜੇ ਬਾਂਹ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਕਲਜੁਗ ਮੀਤਾ ਹਰਿ ਨਿਰੰਕਾਰ, ਏਕਾ ਰੂਪ ਸਮਾਇੰਦਾ। ਜੋਤੀ ਦੀਪ ਕਰ ਉਜਿਆਰ, ਅਕਾਸ਼ ਪ੍ਰਕਾਸ਼ ਵਖਾਇੰਦਾ। ਦਿਵਸ ਰੈਣ ਏਕਾ ਧਾਰ, ਅੱਠੇ ਪਹਿਰ ਡਗਮਗਾਇੰਦਾ। ਗੋਬਿੰਦ ਮੇਲਾ ਵਿਚ ਸੰਸਾਰ, ਅੰਤਮ ਵੇਖ ਵਖਾਇੰਦਾ। ਸ਼ਬਦੀ ਸ਼ਬਦ ਸ਼ਬਦ ਕਟਾਰ, ਤਨ ਗਾਤਰੇ ਆਪ ਲਟਕਾਇੰਦਾ । ਆਪੇ ਵਸਿਆ ਸਭ ਤੋਂ ਬਾਹਿਰ, ਹਰ ਘਟ ਡੇਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਮੂਲ ਆਪ ਚੁਕਾਇੰਦਾ। ਕਲਜੁਗ ਤੇਰੀ ਅੰਤਮ ਵਰ, ਆਪਣਾ ਮੂਲ ਆਪ ਚੁਕਾਵਣਾ, ਬ੍ਰਹਮਾ ਵੇਤਾ ਚਾੜ੍ਹੇ ਫੂਲ, ਚਾਰੇ ਮੁਖ ਏਕਾ ਗਾਵਣਾ, ਸ਼ਿਵ ਸ਼ੰਕਰ ਸੁੱਟੇ ਹੱਥ ਤ੍ਰਸੂਲ, ਬਾਸ਼ਕ ਤਸ਼ਕਾ ਸੀਸ ਲਟਕਾਵਣਾ। ਵਿਸ਼ਨੂੰ ਵੰਸੀ ਆਪ ਚੁਕਾਏ ਆਪਣਾ ਮੂਲ, ਆਪ ਆਪਣਾ ਦਰ ਸੁਹਾਵਣਾ। ਸ਼ਬਦ ਸਿੰਘਾਸਣ ਨਾ ਕੋਈ ਪਾਵਾ ਨਾ ਕੋਈ ਚੂਲ, ਪੁਰਖ ਅਬਿਨਾਸ਼ੀ ਡੇਰਾ ਲਾਵਣਾ, ਸਚ ਪੰਘੂੜਾ ਰਿਹਾ ਝੂਲ, ਦੋ ਜਹਾਨਾਂ ਆਪ ਝੁਲਾਵਣਾ। ਆਪੇ ਕੰਤ ਆਪੇ ਕੰਤਹੂਲ, ਨਾਰੀ ਕੰਤ ਆਪ ਨਾਮ ਧਰਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਕਰਾਵਣਾ। ਖੇਲੇ ਖੇਲ ਖੇਲਣਹਾਰ, ਇਕ ਪੁਰਖ ਅਖਵਾਇਆ। ਜੋਤੀ ਜਾਮਾ ਭੇਖ ਨਿਆਰ, ਵੇਸ ਅਨੇਕਾ ਵੇਸ ਵਟਾਇਆ। ਸ਼ਬਦ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਉਠਾਇਆ। ਪੁਰੀਆਂ ਲੋਆਂ ਮਾਰੇ ਮਾਰ, ਨੌਂ ਸਤ ਰਿਹਾ ਜਗਾਇਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਸਾਧਾਂ ਸੰਤਾਂ ਦਏ ਹੁਲਾਰ, ਨਾਮ ਹੁਲਾਰਾ ਇਕ ਰਖਾਇਆ। ਗੁਰਮੁਖਾਂ ਕਰਿਆ ਮਾਤ ਪਿਆਰ, ਆਪ ਆਪਣਾ ਬਿਰਦ ਰਖਾਇਆ। ਸ਼ਬਦ ਜਣਾਈ ਸੱਚੀ ਧੁਨਕਾਰ, ਅਨਹਦ ਤਾਲ ਵਜਾਇਆ। ਰਾਗ ਰਾਗਨੀ ਢਹਿ ਢਹਿ ਪੈਣ ਚਰਨ ਦਵਾਰ, ਬੈਠੇ ਸੀਸ ਨਿਵਾਇਆ। ਘਰ ਸੱਜਣ ਮੇਲਾ ਮੀਤ ਮੁਰਾਰ, ਆਤਮ ਸੇਜਾ ਇਕ ਸੁਹਾਇਆ। ਨਿਰਗੁਣ ਨੂਰ ਹਰਿ Tfੁਜਆਰ, ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਆਪਣਾ ਖੇਲ ਆਪੇ ਖੇਲ, ਆਪਣੇ ਹੱਥ ਰੱਖੇ ਵਡਿਆਈਆ। ਦੋ ਜਹਾਨੀ ਸੱਜਣ ਸੁਹੇਲ, ਜੁਗ ਜੁਗ ਖੇਲ ਖਿਲਾਈਆ। ਆਪੇ ਵਸਿਆ ਰੰਗ ਨਵੇਲ, ਹਰ ਘਟ ਆਪੇ ਰਿਹਾ ਸਮਾਈਆ। ਆਪੇ ਗੁਰੂ ਗੁਰ ਚੇਲ, ਗੁਰ ਚੇਲਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਈਆ। ਆਪਣਾ ਆਪ ਆਪੇ ਵੇਖ, ਹਰਿ ਆਪਣੀ ਬਣਤ ਬਣਾਇੰਦਾ। ਆਪੇ ਲਿਖਣਹਾਰਾ ਲੇਖ, ਆਪੇ ਪੂਰ ਕਰਾਇੰਦਾ। ਆਪਣੇ ਨੇਤਰ ਆਪੇ ਪੇਖ, ਆਪਣੀ ਤ੍ਰਿਸ਼ਨਾ ਆਪ ਬੁਝਾਇੰਦਾ। ਆਪਣਾ ਧਾਰੇ ਆਪੇ ਭੇਖ, ਆਪਣੀ ਕਲ ਆਪ ਵਰਤਾਇੰਦਾ। ਆਪੇ ਮੁੱਛ ਦਾੜ੍ਹੀ ਰੱਖੇ ਕੇਸ, ਆਪੇ ਸੀਸ ਜਗਦੀਸ਼ ਮੁੰਡਾਇੰਦਾ। ਆਪੇ ਦਾਤਾ ਦਾਨੀ ਦਰ ਦਰਵੇਸ਼, ਅਲੱਖ ਨਿਰੰਜਣ ਆਪਣੀ ਅਲੱਖ ਆਪ ਜਗਾਇੰਦਾ। ਅਗੰਮ ਅਗੰਮੜਾ ਨਰ ਨਰੇਸ਼, ਹੱਡ ਮਾਸ ਨਾੜੀ ਚਮੜਾ ਨਾ ਕੋਈ ਜਣਾਇੰਦਾ। ਸ਼ਬਦੀ ਜੋਤੀ ਜੋਤ ਪ੍ਰਵੇਸ਼, ਜੋਤ ਨਿਰੰਜਣ ਆਦਿ ਨਿਰੰਜਣ ਵਿਚ ਟਿਕਾਇੰਦਾ। ਭੇਵ ਨਾ ਪਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਵੇਦ ਕਤੇਬ ਨਾ ਕੋਇ ਰਖਾਇੰਦਾ। ਪੁਰਾਨ ਅਠਾਰਾਂ ਰਹੇ ਵੇਖ, ਹਰਿ ਕਾ ਰੂਪ ਦਿਸ ਨਾ ਆਇੰਦਾ। ਅੰਜੀਲ ਕੁਰਾਨਾ ਲਿਖੇ ਲੇਖ, ਏਕਾ ਦੋਆਂ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਵਟਾਇੰਦਾ। ਆਪਣਾ ਰੰਗ ਆਪੇ ਰੰਗ, ਆਪਣੇ ਹੱਥ ਰੱਖੀ ਵਡਿਆਈਆ। ਆਪਣੀ ਮੰਗ ਆਪੇ ਮੰਗ, ਆਪੇ ਵੇਖ ਵਖਾਈਆ। ਆਪਣੀ ਸੇਜ ਮਾਣੇ ਆਪ ਪਲੰਘ, ਆਪੇ ਬੈਠਾ ਆਸਣ ਲਾਈਆ। ਆਪਣਾ ਦਰ ਦਰਵਾਜਾ ਆਪੇ ਲੰਘ, ਵਡ ਦਾਤਾ ਬੇਪਰਵਾਹੀਆ। ਆਪਣੀ ਕੱਟਣਹਾਰਾ ਭੁੱਖ ਨੰਗ, ਲੋਕਮਾਤ ਫੇਰਾ ਪਾਈਆ। ਸ਼ਬਦ ਵਜਾਏ ਇਕ ਮਰਦੰਗ, ਸ੍ਰਿਸ਼ਟ ਸਬਾਈ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਈਆ। ਨਿਹਕਲੰਕ ਹਰਿ ਨਿਰੰਕਾਰ, ਨਿਰਗੁਣ ਰੂਪ ਉਪਾਇਆ। ਮਾਤ ਪਿਤ ਨਾ ਕੋਈ ਪਿਆਰ, ਭਾਈ ਭੈਣ ਨਾ ਕੋਈ ਰਖਾਇਆ। ਸੁਤ ਗੋਦ ਨਾ ਕੋਈ ਦੁਲਾਰ, ਸਾਕ ਸੈਣ ਨਾ ਕੋਈ ਜਣਾਇਆ। ਅਬਿਨਾਸ਼ੀ ਅਚੁੱਤ ਖੇਲ ਅਪਾਰ, ਆਪ ਆਪਣਾ ਵੇਖ ਵਿਖਾਇਆ। ਆਪ ਸੁਹਾਏ ਆਪਣੀ ਰੁੱਤ, ਜੁਗ ਜੁਗ ਆਪਣਾ ਨਾਉਂ ਧਰਾਇਆ। ਆਪੇ ਹਰ ਘਟ ਬੈਠਾ ਲੁਕ, ਆਪ ਆਪਣਾ ਮੁਖ ਛੁਪਾਇਆ। ਆਪੇ ਸੰਤ ਸੁਹੇਲੇ ਆਪਣੀ ਗੋਦੀ ਲਏ ਚੁੱਕ, ਆਪ ਆਪਣਾ ਪਰਦਾ ਲਾਹਿਆ। ਕਲਜੁਗ ਪੈਂਡਾ ਰਿਹਾ ਮੁੱਕ, ਹਰਿ ਸਾਚਾ ਵੇਖ ਵਖਾਇਆ। ਮਨਮੁਖਾਂ ਮੁਖ ਪੈਣਾ ਥੁੱਕ, ਨਾ ਸਕੇ ਕੋਈ ਬਚਾਇਆ। ਹਰਿ ਕਾ ਭਾਣਾ ਨਾ ਸਕੇ ਰੁਕ, ਹਰਿ ਸਾਚੇ ਆਪ ਵਰਤਾਇਆ। ਗੁਰਮੁਖ ਵਿਰਲਾ ਕਰੇ ਸੁਫਲ ਮਾਤ ਕੁੱਖ, ਜਿਸ ਜਨ ਹਰਿ ਹਰਿ ਰਸਨਾ ਗਾਇਆ। ਦੂਈ ਦਵੈਤੀ ਮਿਟੇ ਦੁੱਖ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਖਿਲਾਇਆ।