੨੩ ਮੱਘਰ ੨੦੧੫ ਬਿਕ੍ਰਮੀ ਗੁਰਦੇਵ ਸਿੰਘ ਦੇ ਘਰ ਪਿੰਡ ਦੋਸਾਂਝ ਜ਼ਿਲਾ ਜਲੰਧਰ
ਹਰਿ ਭਗਵਾਨ ਸਰਬ ਗੁਣਵੰਤਾ, ਏਕਾ ਏਕੰਕਾਰਿਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਲਏ ਅਵਤਾਰਿਆ। ਆਪ ਬਣਾਏ ਆਪਣੀ ਬਣਤਾ, ਅਬਿਨਾਸ਼ੀ ਪੁਰਖ ਨਾਉਂ ਧਰਾ ਲਿਆ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਰਿਹਾ। ਖੇਲਣਹਾਰ ਹਰਿ ਭਗਵਾਨ, ਏਕਾ ਏਕ ਅਖਵਾਇੰਦਾ। ਜੋਤੀ ਜੋਤ ਜੋਤ ਮਹਾਨ, ਨੂਰੋ ਨੂਰ ਸਮਾਇੰਦਾ। ਸ਼ਾਹੋ ਭੂਪ ਵਡ ਸੁਲਤਾਨ, ਰਾਜਨ ਰਾਜ ਆਪ ਹੋ ਜਾਇੰਦਾ। ਥਿਰ ਘਰ ਵਾਸੀ ਹਰਿ ਮਿਹਰਬਾਨ, ਆਪ ਆਪਣੀ ਕਲ ਵਰਤਾਇੰਦਾ। ਸ਼ਬਦੀ ਸ਼ਬਦ ਬਲਵਾਨ, ਸਾਚਾ ਸੁਤ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਸ਼ਬਦ ਸੁਤ ਵਡ ਬਲਵਾਨ, ਹਰਿ ਏਕਾ ਏਕ ਉਪਜਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਹੁਕਮ ਚਲਾਇੰਦਾ। ਆਪ ਆਪਣਾ ਦੇਵੇ ਦਾਨ, ਆਪੇ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਅਵੱਲਾ, ਏਕਾ ਏਕ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਦਿਸ ਕਿਸੇ ਨਾ ਆਇੰਦਾ। ਆਪੇ ਜਾਣੇ ਵਲ ਛਲਾ, ਅਛਲ ਅਛੱਲ ਆਪ ਜਣਾਇੰਦਾ। ਦੀਪਕ ਜੋਤੀ ਇਕ ਬਲਾ, ਪ੍ਰਕਾਸ਼ ਪ੍ਰਕਾਸ਼ ਰਖਾਇੰਦਾ। ਸ਼ਬਦ ਸੁਨੇਹੜਾ ਸਾਚਾ ਘੱਲਾ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਹਰਿ ਕਰਤਾ ਹਰਿ ਨਿਰੰਕਾਰ, ਆਪਣੀ ਬਣਤ ਬਣਾਈਆ। ਨਿਰਗੁਣ ਜੋਤੀ ਨੂਰ ਉਜਿਆਰ, ਨੂਰੋ ਨੂਰ ਸਮਾਈਆ। ਸ਼ਬਦੀ ਸ਼ਬਦ ਸ਼ਬਦ ਅਪਾਰ, ਹਰਿ ਸ਼ਬਦ ਵੱਡੀ ਵਡਿਆਈਆ। ਲੋਆਂ ਪੁਰੀਆਂ ਮਹੱਲ ਉਸਾਰ, ਰਵ ਸਸ ਸੇਵਾ ਲਾਈਆ। ਬ੍ਰਹਿਮੰਡ ਖੰਡ ਕਰ ਤਿਆਰ, ਤ੍ਰੈਗੁਣ ਬੰਧਨ ਪਾਈਆ। ਰੂਪ ਅਨੂਪ ਆਪ ਕਰਤਾਰ, ਆਪ ਆਪਣਾ ਵੇਸ ਵਟਾਈਆ। ਖੇਲੇ ਖੇਲ ਅਗੰਮ ਅਪਾਰ, ਵਿਸ਼ਨੂੰ ਰੂਪ ਆਪ ਹੋ ਜਾਈਆ। ਨਾਭੀ ਕਵਲੀ ਕਵਲ ਉਜਿਆਰ, ਫੂਲੋ ਫੂਲ ਸਮਾਈਆ। ਪਾਰਬ੍ਰਹਮ ਫੜ ਕਟਾਰ, ਆਪਣਾ ਆਪ ਕਟਾਈਆ। ਬ੍ਰਹਮ ਬ੍ਰਹਮ ਕਰ ਤਿਆਰ, ਬ੍ਰਹਮ ਬ੍ਰਹਮ ਆਪ ਹੋ ਜਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਕੋਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਬੰਧਾਈਆ। ਸ਼ਬਦ ਬੰਧਨ ਆਪੇ ਪਾ, ਤ੍ਰੈਗੁਣ ਜੋੜ ਜੁੜਾਇਆ। ਪਰਮ ਪੁਰਖ ਖੇਲ ਖਿਲਾ, ਪਾਰਬ੍ਰਹਮ ਵਡਿਆਇਆ। ਆਦਿ ਨਿਰੰਜਣ ਜੋਤ ਜਗਾ, ਜੋਤ ਨਿਰੰਜਣ ਕਰ ਰੁਸ਼ਨਾਇਆ। ਏਕਾ ਅੰਜਨ ਨੇਤਰ ਪਾ, ਏਕਾ ਅੱਖ ਖੁਲ੍ਹਾਇਆ। ਦਰਦ ਦੁੱਖ ਭੈ ਭੰਜਨ ਨਾਮ ਧਰਾ, ਆਪ ਆਪਣਾ ਮੇਲ ਮਿਲਾਇਆ। ਸਾਚਾ ਸੱਜਣ ਬਣ ਮਲਾਹ, ਦਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਪਾਰਬ੍ਰਹਮ ਹੋ ਜਾਇਆ। ਪਾਰਬ੍ਰਹਮ ਖੇਲ ਅਪਾਰ, ਬ੍ਰਹਮ ਬ੍ਰਹਮ ਆਪ ਅਖਵਾਈਆ। ਆਪੇ ਬੰਨ੍ਹੇ ਆਪਣੀ ਧਾਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਇਕ ਪਿਆਰ, ਏਕਾ ਰੰਗ ਰੰਗਾਈਆ। ਏਕਾ ਦੇਵੇ ਸ਼ਬਦ ਸਹਾਰ, ਪੰਜ ਤਤ ਕਰੇ ਕੁੜਮਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪਾਵੇ ਸਾਰ, ਤ੍ਰੈਗੁਣ ਸੇਵਾ ਲਾਈਆ। ਪੰਚਮ ਮੀਤਾ ਹਰਿ ਗਿਰਧਾਰ, ਪੰਚਮ ਖੇਲ ਖਿਲਾਈਆ। ਮਨ ਮਤ ਬੁੱਧ ਕਰ ਪਸਾਰ, ਨਿਰਗੁਣ ਜੋਤੀ ਇਕ ਜਗਾਈਆ। ਨੌਂ ਦਰ ਖੋਲ੍ਹੇ ਇਕ ਕਿਵਾੜ, ਮਾਨਸ ਮਾਨੁੱਖ ਬਣਤ ਬਣਾਈਆ। ਘਰ ਘਰ ਘਰ ਵਿਚ ਮਹੱਲ ਅਪਾਰ, ਆਪ ਆਪਣਾ ਆਪ ਉਪਾਈਆ। ਦੀਵਾ ਬਾਤੀ ਕਰ ਉਜਿਆਰ, ਦਿਵਸ ਰੈਣ ਕਰੇ ਰੁਸ਼ਨਾਈਆ। ਕਮਲਾਪਾਤੀ ਕੰਤ ਭਤਾਰ, ਬੈਠਾ ਆਸਣ ਲਾਈਆ। ਆਤਮ ਸੇਜਾ ਠੰਡੀ ਠਾਰ, ਆਪ ਆਪਣੀ ਰਿਹਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਪੰਜ ਤਤ ਹਰਿ ਭਗਵਾਨਾ, ਬ੍ਰਹਮ ਬ੍ਰਹਮ ਉਪਾਇੰਦਾ। ਏਕਾ ਸ਼ਬਦ ਇਕ ਤਰਾਨਾ, ਏਕਾ ਰਾਗ ਸੁਣਾਇੰਦਾ। ਏਕਾ ਘਰ ਇਕ ਮਕਾਨਾ, ਏਕਾ ਦਰ ਸੁਹਾਇੰਦਾ। ਏਕਾ ਪੀਣ ਏਕਾ ਖਾਣਾ, ਏਕਾ ਅੰਮ੍ਰਿਤ ਮੁਖ ਚੁਆਇੰਦਾ। ਏਕਾ ਰੰਗ ਹਰਿ ਨਿਰੰਜਣਾ, ਰੂਪ ਰੰਗ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਡੇਰਾ ਲਾਇੰਦਾ। ਲੱਖ ਚੁਰਾਸੀ ਆਪੇ ਘੜ, ਆਪਣੀ ਬਣਤ ਬਣਾਈਆ। ਨਾ ਕੋਈ ਸੀਸ ਨਾ ਕੋਈ ਧੜ, ਹਰ ਘਟ ਬੈਠਾ ਆਸਣ ਲਾਈਆ। ਜੀਵ ਜੰਤ ਨਾ ਸਕੇ ਫੜ, ਕੋਟਨ ਕੋਟ ਰਹੇ ਤਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਰੱਖ ਕਰਤਾਰ, ਆਪਣਾ ਖੇਲ ਖਿਲਾਇੰਦਾ। ਮਾਨਸ ਮਾਨੁੱਖ ਪਾਵੇ ਸਾਰ, ਆਤਮ ਬ੍ਰਹਮ ਜਣਾਇੰਦਾ। ਸੰਤ ਸੁਹੇਲੇ ਕਰ ਉਜਿਆਰ, ਆਪ ਆਪਣਾ ਦਰ ਖੁਲ੍ਹਾਇੰਦਾ। ਚੌਥੇ ਘਰ ਆਪੇ ਵੜ, ਆਪ ਆਪਣਾ ਮੇਲ ਮਿਲਾਇੰਦਾ। ਪੰਚਮ ਮੇਲਾ ਮੀਤ ਮੁਰਾਰ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਲੋਕਮਾਤ ਸਾਚਾ ਘਰ, ਹਰਿ ਹਰਿ ਵੇਖ ਵਖਾਈਆ। ਲੱਖ ਚੁਰਾਸੀ ਆਪੇ ਧਰ, ਉਤਭੁਜ ਸੇਤਜ ਜੇਰਜ ਅੰਡ ਸਮਾਈਆ। ਹਉਮੇ ਹੰਗਤਾ ਵੇਖੇ ਗੜ੍ਹ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਰਲਾਈਆ। ਆਸਾ ਤ੍ਰਿਸ਼ਨਾ ਬੱਧੀ ਲੜ, ਇਛਿਆ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਿਖਿਆ ਆਪਣੇ ਹੱਥ ਰਖਾਈਆ। ਸਾਚੀ ਸਿਖਿਆ ਹਰਿ ਕਰਤਾਰ, ਆਪਣੀ ਆਪ ਚਲਾਇੰਦਾ। ਲੋਕਮਾਤੀ ਲੈ ਅਵਤਾਰ, ਪੰਜ ਤਤ ਸਮਾਇੰਦਾ। ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਸਚ ਸੰਦੇਸ਼ ਸੁਣਾਇੰਦਾ। ਜੀਵਾਂ ਜੰਤਾਂ ਕਰੇ ਖ਼ਬਰਦਾਰ, ਸੋਏ ਮਾਤ ਉਠਾਇੰਦਾ। ਵਰਨ ਗੋਤ ਨਾ ਕੋਈ ਪਿਆਰ, ਊਚ ਨੀਚ ਨਾ ਕੋਈ ਜਣਾਇੰਦਾ। ਰਾਓ ਰੰਕ ਇਕ ਦਰਬਾਰ, ਸ਼ਾਹ ਸੁਲਤਾਨ ਵੇਖ ਵਖਾਇੰਦਾ। ਦਾਤਾ ਦਾਨੀ ਮਿਹਰਬਾਨ, ਆਪ ਆਪਣਾ ਕਰਮ ਕਮਾਇੰਦਾ। ਧੁਰਦਰਗਾਹੀ ਦੇਵੇ ਸਾਚਾ ਮਾਣ, ਜੋ ਜਨ ਰਸਨਾ ਗਾਇੰਦਾ। ਬ੍ਰਹਮ ਬ੍ਰਹਮ ਇਕ ਪਛਾਣ, ਏਕਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਹਰਿ ਨਿਰੰਕਾਰ, ਖੇਲੇ ਖੇਲ ਅਗੰਮ ਅਪਾਰ ਆਪ ਅਖਵਾਇੰਦਾ।
