੧੬ ਮੱਘਰ ੨੦੧੭ ਬਿਕ੍ਰਮੀ ਕੇਸਰ ਸਿੰਘ ਤੀਰਥ ਸਿੰਘ ਦੇ ਘਰ ਪਿੰਡ ਡੱਲੇਵਾਲ ਜ਼ਿਲਾ ਜਲੰਧਰ
ਸਤਿਗੁਰ ਦਵਾਰਾ ਸਾਚਾ ਹੱਟ, ਜੁਗਾ ਜੁਗੰਤਰ ਆਪ ਵਖਾਈਆ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਸ੍ਰਿਸ਼ਟ ਸਬਾਈ ਨੇਤਰ ਰੋ ਰੋ ਨੀਰ ਵਹਾਈਆ। ਗੁਰ ਸਤਿਗੁਰ ਦੁਰਮਤ ਮੇਲ ਦੇਵੇ ਕੱਟ, ਨਿਰਮਲ ਨੀਰ ਸੀਰ ਇਕ ਪਿਲਾਈਆ। ਦੂਈ ਦਵੈਤੀ ਮੇਟੇ ਫੱਟ, ਸਾਚਾ ਮਾਰਗ ਇਕ ਦਰਸਾਈਆ। ਅਨਹਦ ਸ਼ਬਦ ਕਰ ਪਰਗਟ, ਗ੍ਰਹਿ ਮੰਦਰ ਦਏ ਵਡਿਆਈਆ। ਨਾਤਾ ਤੋੜ ਪੰਚ ਵਿਕਾਰਾ ਨਟੂਆ ਨਟ, ਆਸਾ ਤ੍ਰਿਸਨਾ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਤਮ ਖਾਟ, ਸੁਹੰਜਣੀ ਸੇਜ ਇਕ ਸੁਹਾਈਆ। ਸੇਜ ਸੁਹੰਜਣੀ ਆਤਮ ਅੰਤਰ, ਹਰਿਜੂ ਹਰਿ ਹਰਿ ਮੰਦਰ ਆਪ ਸੁਹਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਜੀਵ ਜੰਤ ਵੇਖ ਵਖਾਇੰਦਾ। ਗੁਰਮੁਖ ਜਣਾਏ ਆਪਣਾ ਮੰਤਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਅਗਨੀ ਅੱਗ ਬੁਝੇ ਬਸੰਤਰ, ਸੀਤਲ ਅੰਮ੍ਰਿਤ ਮੇਘ ਬਰਸਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਗਗਨ ਮੰਡਲ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਆਸਣ ਪੁਰਖ ਅਬਿਨਾਸਨ, ਬ੍ਰਹਮ ਲੇਖਾ ਆਪਣੇ ਹੱਥ ਰਖਾਇੰਦਾ। ਬ੍ਰਹਮ ਨਿਵਾਸਾ ਪੁਰਖ ਅਬਿਨਾਸ਼ਾ, ਪਾਰਬ੍ਰਹਮ ਵੱਡੀ ਵਡਿਆਈਆ। ਗੁਰਸਿਖਾਂ ਪਾਏ ਸਾਚੀ ਰਾਸਾ, ਨਾਮ ਬੰਸਰੀ ਇਕ ਵਜਾਈਆ। ਜੁਗਤ ਜਗਤ ਜਗ ਭਗਤ ਦਏ ਦਿਲਾਸਾ, ਚਰਨ ਭਰਵਾਸਾ ਇਕ ਸਮਝਾਈਆ। ਜਨ ਹਰਿ ਹਰਿਜਨ ਮਾਤਲੋਕ ਨਾ ਹੋਏ ਨਿਰਾਸਾ, ਨਿਰਧਨ ਸਰਧਨ ਵੇਖੇ ਥਾਉਂ ਥਾਈਆ। ਜੋ ਜਨ ਦਰਸ ਦਰਸਨ ਰਹੇ ਪਿਆਸਾ, ਦੇ ਦਰਸ ਤ੍ਰਿਖਾ ਬੁਝਾਈਆ। ਕਾਇਆ ਮੰਦਰ ਕਰ ਕਰ ਵਾਸਾ, ਰਸਨ ਸਵਾਸਾ ਲੇਖੇ ਲਾਈਆ। ਕਦੇ ਨਾ ਆਏ ਹਾਰ ਪਾਸਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਕਰੇ ਬੰਦ ਖ਼ੁਲਾਸਾ, ਬੰਦੀ ਛੋੜ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਲਾਈਆ। ਹਰਿਜਨ ਹਰਿ ਹਰਿ ਜਾਣਿਆ, ਜਾਨਣਹਾਰ ਇਕ ਕਰਤਾਰ। ਆਦਿ ਜੁਗਾਦਿ ਚਲੇ ਆਪਣੇ ਭਾਣਿਆ, ਭਾਣਾ ਵਰਤੇ ਸਰਬ ਸੰਸਾਰ। ਗੁਰਮੁਖ ਵਿਰਲੇ ਹਰਿ ਰੰਗ ਮਾਣਿਆ, ਅੰਤਰ ਆਤਮ ਕਰ ਪਿਆਰ। ਗੁਰ ਸਤਿਗੁਰ ਬਖ਼ਸ਼ੇ ਚਰਨ ਧਿਆਨਿਆ, ਚਰਨ ਕਵਲ ਦਏ ਆਧਾਰ । ਕਿਸੇ ਹੱਥ ਨਾ ਆਏ ਚਤਰ ਸੁਘੜ ਸਿਆਣਿਆ, ਮੂਰਖ ਮੂੜ੍ਹੇ ਲਾਏ ਪਾਰ। ਜਿਸ ਜਨ ਆਪਣੇ ਦਰ ਕਰੇ ਪਰਵਾਨਿਆ, ਲੋਕ ਪਰਲੋਕ ਨਾ ਹੋਏ ਖ਼ਵਾਰ। ਨਾਮ ਫੜਾਏ ਸਤਿ ਨਿਸ਼ਾਨਿਆ, ਦੋ ਜਹਾਨਾਂ ਦਏ ਹੁਲਾਰ। ਵਖਾਏ ਇਕ ਪਦ ਨਿਰਬਾਨਿਆ, ਪਰਮ ਪੁਰਖ ਆਪ ਕਰਤਾਰ। ਜਿਸ ਜਨ ਗਾਇਆ ਸੋਹੰ ਗਾਣਿਆ, ਹੰ ਬ੍ਰਹਮ ਪਾਰਬ੍ਰਹਮ ਆਪ ਸੁਣਾਏ ਆਪਣੀ ਸਚ ਗੁਫ਼ਤਾਰ। ਦਰਗਹਿ ਸਾਚੀ ਸਚਖੰਡ ਦਰ ਦਰਵਾਰ ਦੇਵੇ ਮਾਣਿਆ, ਇਕ ਇਕੱਲਾ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਉਭਾਰ। ਗੁਰ ਕਰਤਾ ਗੁਰ ਕਰਨਹਾਰ, ਗੁਰ ਗੁਰ ਆਪਣਾ ਵੇਸ ਵਟਾਇੰਦਾ। ਗੁਰ ਘਾੜਤ ਘੜੇ ਬਣ ਸੁਨਿਆਰ, ਗੁਰ ਗੁਰ ਨਾਮ ਕੁਠਾਲੀ ਏਕਾ ਤਾਇੰਦਾ। ਗੁਰ ਗੁਰ ਰੂਪ ਬਣੇ ਠਠਿਆਰ, ਗੁਰ ਗੁਰ ਗੁਰਮੁਖ ਭਾਂਡੇ ਆਪ ਬਣਾਇੰਦਾ। ਗੁਰ ਕੰਚਨ ਰੂਪ ਅਗੰਮ ਅਪਾਰ, ਨਾਮ ਪਾਰਸ ਸੰਗ ਮਿਲਾਇੰਦਾ। ਗੁਰ ਗੁਰਸਿਖ ਮਸਤਕ ਛੁਹਾਏ ਚਰਨ ਕਵਲ ਚਰਨਾਰ, ਚੇਤਨ ਰੂਪ ਸਰਬ ਦਰਸਾਇੰਦਾ। ਨੇਤਨ ਨੇਤ ਕਰੇ ਪਿਆਰ, ਨਿਤ ਨਵਿਤ ਵੇਸ ਵਟਾਇੰਦਾ । ਸਾਚਾ ਹਿਤ ਸਿਰਜਣਹਾਰ, ਹਰਿਜਨ ਆਪਣਾ ਮੇਲ ਮਿਲਾਇੰਦਾ। ਪਤਿਤ ਪਵਿਤ ਕਰ ਜਾਏ ਤਾਰ, ਪਤਿਤ ਪਾਪੀ ਆਪਣੇ ਰੰਗ ਰੰਗਾਇੰਦਾ। ਵਾਰ ਥਿਤ ਨਾ ਜਾਣੇ ਕੋਇ ਜੀਵ ਸੰਸਾਰ, ਵੇਦ ਕਤੇਬ ਸ਼ਾਸਤਰ ਸਿਮਰਤ ਖਾਣੀ ਬਾਣੀ ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦਿ ਜਾਣੇ ਆਪਣੀ ਕਾਰ, ਬ੍ਰਹਮ ਬ੍ਰਹਿਮਾਦਿ ਖੋਜ ਖੁਜਾਇੰਦਾ। ਕਲਜੁਗ ਅੰਤਮ ਵੇਸ ਅਵੱਲੜਾ ਨਿਰਾਕਾਰ, ਸਾਕਾਰ ਨਾ ਰੂਪ ਵਟਾਇੰਦਾ। ਜੁਗ ਜੁਗ ਵੇਖੇ ਵਿਛੜੇ ਯਾਰ, ਕਰ ਕਿਰਪਾ ਮੇਲ ਮਿਲਾਇੰਦਾ। ਨਾਰੀ ਪੁਰਖ ਨਾ ਕੋਇ ਵਿਚਾਰ, ਸਰਬ ਜੀਆਂ ਦਾਤਾ ਇਕ ਅਖਵਾਇੰਦਾ। ਗੁਰਸਿਖ ਡੁੱਬਦੇ ਪਾਥਰ ਲਾਏ ਪਾਰ, ਪਾਹਨ ਆਪਣਾ ਚਰਨ ਛੁਹਾਇੰਦਾ। ਗ੍ਰਹਿ ਮੰਦਰ ਘਰ ਦੇਵੇ ਦਰਸ ਦੀਦਾਰ, ਗੁਰਸਿਖ ਦੀਦ ਆਪਣੀ ਈਦ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ।
