੨੩ ਫੱਗਣ ੨੦੧੬ ਬਿਕ੍ਰਮੀ ਹਰਬੰਸ ਸਿੰਘ ਦੇ ਘਰ ਪਿੰਡ ਠੀਕਰੀ ਛੰਨਾ ਜ਼ਿਲਾ ਕਰਨਾਲ
ਨਿਰਗੁਣ ਰੂਪ ਏਕੰਕਾਰ, ਅਕਲ ਕਲਾ ਵਡ ਵਡਿਆਈਆ। ਨਿਰਗੁਣ ਜੋਤ ਨੂਰ ਉਜਿਆਰ, ਪੁਰਖ ਅਬਿਨਾਸ਼ੀ ਭੇਵ ਨਾ ਰਾਈਆ। ਪੁਰਖ ਅਕਾਲਾ ਖੇਲ ਅਪਾਰ, ਖੇਲਣਹਾਰਾ ਬੇਪਰਵਾਹੀਆ। ਵਸਣਹਾਰਾ ਸਚ ਦੁਆਰ, ਸਚਖੰਡ ਬੈਠਾ ਆਸਣ ਲਾਈਆ। ਏਕਾ ਰਾਗ ਸੱਚੀ ਧੁਨਕਾਰ, ਸ਼ਬਦ ਅਨਾਦੀ ਨਾਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਰਖਾਈਆ। ਨਿਰਗੁਣ ਦਾਤਾ ਹਰਿ ਮਿਹਰਵਾਨ, ਆਦਿ ਜੁਗਾਦਿ ਸਮਾਇੰਦਾ। ਇਕ ਇਕੱਲਾ ਖੇਲ ਮਹਾਨ, ਖੇਲਣਹਾਰਾ ਦਿਸ ਨਾ ਆਇੰਦਾ। ਤਖ਼ਤ ਨਿਵਾਸੀ ਸ੍ਰੀ ਭਗਵਾਨ, ਸਚ ਸਿੰਘਾਸਣ ਆਸਣ ਲਾਇੰਦਾ। ਸਚਖੰਡ ਦੁਆਰਾ ਇਕ ਮਕਾਨ, ਥਿਰ ਘਰ ਆਪੇ ਵੇਖ ਵਖਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਸੋ ਪੁਰਖ ਨਿਰੰਜਣ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਵੇਖ ਵਖਾਇੰਦਾ। ਏਕੰਕਾਰਾ ਖੇਲ ਅਪਾਰਾ, ਲੇਖਾ ਲੇਖ ਨਾ ਕੋਇ ਜਣਾਈਆ। ਸ਼ਾਹੋ ਭੂਪ ਵਡ ਸਿਕਦਾਰਾ, ਤਖ਼ਤ ਤਾਜ ਆਪ ਹੰਢਾਈਆ। ਹੁਕਮੀ ਹੁਕਮ ਕਰ ਪਸਾਰਾ, ਹੁਕਮ ਹੁਕਮੀ ਆਪ ਚਲਾਈਆ। ਅਲੱਖ ਅਗੋਚਰ ਖੇਲ ਨਿਆਰਾ, ਬੋਧ ਅਗਾਧ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਨਿਵਾਸਾ ਪੁਰਖ ਅਬਿਨਾਸ਼ਾ ਮੰਡਲ ਰਾਸ ਆਪ ਰਚਾਈਆ। ਮੰਡਲ ਰਾਸ ਪੁਰਖ ਸੁਲਤਾਨ, ਹਰਿ ਸਾਚਾ ਸਚ ਰਚਾਇੰਦਾ। ਆਪੇ ਦੇਵੇ ਧੁਰ ਫ਼ਰਮਾਣ, ਆਪ ਆਪਣਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ ਦੀਨ ਦਿਆਲਾ, ਆਪ ਆਪਣੇ ਰੰਗ ਸਮਾਇੰਦਾ। ਰੰਗ ਰੰਗੀਲਾ ਹਰਿ ਕਰਤਾਰ, ਘਰ ਸਾਚੇ ਸੋਭਾ ਪਾਈਆ। ਰੂਪ ਰੰਗ ਨਾ ਕੋਇ ਸਕੇ ਵਿਚਾਰ, ਦਿਸ ਕਿਸੇ ਨਾ ਆਈਆ। ਸਤਿ ਸਰੂਪੀ ਸਾਚੀ ਧਾਰ, ਸਤਿ ਸਤਿਵਾਦੀ ਆਪ ਚਲਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਰਾਈਆ। ਨਾਦ ਤੂਰਤ ਇਕ ਧੁਨਕਾਰ, ਹਰਿ ਸ਼ਬਦੀ ਸ਼ਬਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸਾਏ ਸਚ ਮਹੱਲਾ ਬੈਠਾ ਰਹੇ ਇਕ ਇਕੱਲਾ, ਦੂਸਰ ਕੋਇ ਨਾ ਸੰਗ ਰਖਾਈਆ। ਇਕ ਇਕੱਲਾ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਸਗਲਾ ਸੰਗ ਰਖਾਇੰਦਾ। ਏਕੰਕਾਰਾ ਕਰੇ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸ੍ਰੀ ਭਗਵਾਨ ਬੰਨ੍ਹੇ ਧਾਰਾ, ਆਪ ਆਪਣੀ ਬਣਤ ਬਣਾਇੰਦਾ। ਅਬਿਨਾਸ਼ੀ ਕਰਤਾ ਅੰਦਰ ਬਾਹਰਾ, ਗੁਪਤ ਜ਼ਾਹਰਾ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਬਣ ਸਿਕਦਾਰਾ, ਸਾਚਾ ਦਰ ਆਪ ਸੁਹਾਇੰਦਾ। ਸਚਖੰਡ ਥਿਰ ਘਰ ਠਾਂਡਾ ਦਰਬਾਰਾ, ਆਪ ਆਪਣਾ ਆਸਣ ਲਾਇੰਦਾ। ਦਰ ਦਰਵੇਸ਼ ਬਣੇ ਚੋਬਦਾਰਾ, ਘਰ ਸਾਚੇ ਸਾਚੀ ਸੇਵ ਕਮਾਇੰਦਾ। ਖੜਗ ਖੰਡਾ ਨਾ ਕੋਈ ਕਟਾਰਾ, ਸ਼ਸਤਰ ਬਸਤਰ ਨਾ ਕੋਇ ਵਖਾਇੰਦਾ। ਪੰਜ ਤਤ ਨਾ ਕੋਇ ਆਕਾਰਾ, ਤ੍ਰੈਗੁਣ ਮੇਲ ਨਾ ਕੋਇ ਮਿਲਾਇੰਦਾ। ਰਵ ਸਸ ਨਾ ਕੋਇ ਸਤਾਰਾ, ਜ਼ਿਮੀਂ ਅਸਮਾਨ ਨਾ ਬਣਤ ਬਣਾਇੰਦਾ। ਮੰਡਲ ਮੰਡਪ ਨਾ ਕੋਇ ਅਖਾੜਾ, ਗੋਪੀ ਕਾਹਨ ਨਾ ਕੋਇ ਨਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਉਜਿਆਰਾ, ਚਾਰੇ ਮੁਖ ਨਾ ਕੋਇ ਸਾਲਾਇੰਦਾ। ਕਰੋੜ ਤੇਤੀਸ ਨਾ ਕੋਇ ਸਹਾਰਾ, ਸੁਰਪਤ ਰਾਜਾ ਇੰਦ ਨਾ ਰੂਪ ਵਟਾਇੰਦਾ। ਗੁਰ ਪੀਰ ਨਾ ਕੋਇ ਅਵਤਾਰਾ, ਸਾਧ ਸੰਤ ਨਾ ਕੋਇ ਵਖਾਇੰਦਾ। ਮਾਤ ਪਿਤ ਨਾ ਕੋਇ ਸੰਸਾਰਾ, ਭੈਣ ਭਈਆ ਨਾ ਵੇਖ ਵਖਾਇੰਦਾ। ਮਹੱਲ ਅਟੱਲ ਨਾ ਕੋਇ ਮੁਨਾਰਾ, ਮੰਦਰ ਗੁਰੂਦਵਾਰ ਨਾ ਕੋਇ ਉਪਾਇੰਦਾ। ਸਤ ਸਰੋਵਰ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਨਾ ਵੇਖ ਵਖਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰਾ, ਨਾਰੀ ਕੰਤ ਨਾ ਕੋਇ ਹੰਢਾਇੰਦਾ। ਸਚਖੰਡ ਨਿਵਾਸੀ ਏਕੰਕਾਰਾ, ਇਕ ਇਕੱਲਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਭੇਵ ਨਾ ਆਇੰਦਾ। ਅਜੂਨੀ ਰਹਿਤ ਪੁਰਖ ਅਕਾਲ, ਏਕਾ ਰੰਗ ਸਮਾਇਆ। ਆਪੇ ਚਲੇ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਰਾਇਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਚਰਨ ਭਿਖਾਰ ਬਣਾਏ ਕਾਲ ਮਹਾਂਕਾਲਾ, ਦੀਨ ਦਿਆਲ ਨਾਉਂ ਧਰਾਇਆ। ਆਪਣਾ ਦੀਪਕ ਆਪੇ ਬਾਲ, ਪਾਰਬ੍ਰਹਮ ਪ੍ਰਭ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਆਪ ਆਪਣਾ ਖੇਲ ਖਿਲਾਇਆ। ਸਚਖੰਡ ਦੁਆਰੇ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਪਾਵੇ ਸਾਰ, ਆਪ ਆਪਣੀ ਗਣਤ ਗਣਾਇੰਦਾ। ਏਕੰਕਾਰਾ ਦਏ ਆਧਾਰ, ਇਛਿਆ ਭਿਛਿਆ ਆਪ ਵਖਾਇੰਦਾ। ਆਦਿ ਨਿਰੰਜਣ ਸਾਂਝਾ ਯਾਰ, ਦੀਪਕ ਦੀਪ ਆਪ ਜਗਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਆਪ ਆਪਣਾ ਵੇਸ ਵਟਾਇੰਦਾ। ਸ੍ਰੀ ਭਗਵਾਨ ਬੋਲ ਜੈਕਾਰ, ਆਪ ਆਪਣਾ ਨਾਅਰਾ ਲਾਇੰਦਾ। ਪਾਰਬ੍ਰਹਮ ਖੋਲ੍ਹ ਕਿਵਾੜ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਹਰਿ ਸੁਹੰਜਣਾ, ਏਕਾ ਰੰਗ ਸਮਾਇਆ। ਪੁਰਖ ਅਕਾਲਾ ਆਪੇ ਬਣਿਆ ਆਪਣਾ ਸੱਜਣਾ, ਆਪ ਆਪਣਾ ਸੰਗ ਰਖਾਇਆ। ਨਾ ਘੜਿਆ ਨਾ ਭੱਜਣਾ, ਮੂਰਤ ਅਕਾਲ ਵੇਸ ਵਟਾਇਆ। ਆਦਿ ਜੁਗਾਦੀ ਆਪਣੀ ਆਪੇ ਰੱਖੇ ਲੱਜਣਾ, ਆਪ ਆਪਣਾ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਆਪਣੀ ਝੋਲੀ ਆਪ ਭਰਾਇਆ। ਆਪੇ ਬਣੇ ਦਰ ਭਿਖਾਰੀ, ਸ਼ਾਹ ਸੁਲਤਾਨ ਆਪ ਅਖਵਾਈਆ। ਆਪੇ ਕਰੇ ਸਚ ਸਿਕਦਾਰੀ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਨਿਰਗੁਣ ਜੋਤ ਕਰ ਉਜਿਆਰੀ, ਆਪੇ ਨੂਰ ਨੂਰ ਵਿਚ ਟਿਕਾਈਆ। ਆਪੇ ਬਣੇ ਵਡ ਭੰਡਾਰੀ, ਆਪਣੀ ਦਾਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਈਆ। ਆਪੇ ਮੇਲ ਮਿਲੰਦੜਾ, ਨਾਰੀ ਕੰਤ ਭਤਾਰ। ਆਪੇ ਹਰਿ ਹਰਿ ਸੇਜ ਸੁਹੰਦੜਾ, ਥਿਰ ਘਰ ਬੈਠ ਸੱਚੇ ਦਰਬਾਰ। ਆਪੇ ਆਪਣਾ ਰਸ ਭੋਗ ਬਲਾਸ ਕਰੰਦੜਾ, ਨਿਰਗੁਣ ਨਿਰਗੁਣ ਕਰ ਪਿਆਰ। ਆਪੇ ਸੁੱਤ ਦੁਲਾਰਾ ਉਪਜੰਦੜਾ, ਆਪ ਆਪਣੀ ਕਿਰਪਾ ਧਾਰ। ਆਪੇ ਧੁਰ ਫ਼ਰਮਾਣਾ ਹੁਕਮ ਸੁਨੰਦੜਾ, ਪੂਤ ਸਪੂਤਾ ਕਰ ਕਰ ਖ਼ਬਰਦਾਰ। ਲੋਆਂ ਪੁਰੀਆਂ ਰਚਨ ਰਚੰਦੜਾ, ਬ੍ਰਹਿਮੰਡ ਖੰਡ ਮਹੱਲ ਉਸਾਰ। ਤ੍ਰੈਗੁਣ ਮਾਇਆ ਹੱਥ ਵਖੰਦੜਾ, ਘਾੜਨ ਘੜੇ ਅਪਰ ਅਪਾਰ। ਨਿਰਾਕਾਰ ਸਾਕਾਰ ਰੂਪ ਆਪ ਵਟੰਦੜਾ, ਵਿਸ਼ਨ ਰੂਪ ਅਪਰ ਅਪਾਰ। ਅੰਮ੍ਰਿਤ ਨਾਭੀ ਆਪ ਸੁਹੰਦੜਾ, ਆਪੇ ਖਿੜੇ ਸੱਚੀ ਗੁਲਜ਼ਾਰ। ਆਪੇ ਪੰਖੜੀ ਮੁਖ ਵਖੰਦੜਾ, ਆਪੇ ਅੰਦਰੋਂ ਆਏ ਬਾਹਰ। ਆਪੇ ਬ੍ਰਹਮਾ ਨਾਉਂ ਰਖੰਦੜਾ, ਪਾਰਬ੍ਰਹਮ ਖੇਲ ਅਪਾਰ। ਆਪੇ ਸੁਨ ਅਗੰਮ ਰਹੰਦੜਾ, ਆਪੇ ਵਸੇ ਧੂਆਂਧਾਰ। ਆਪੇ ਸ਼ੰਕਰ ਜੋਤ ਜਗੰਦੜਾ, ਆਪਣੇ ਰੰਗ ਰਵੇ ਕਰਤਾਰ। ਸ਼ਬਦ ਦਾਤਾ ਇਕ ਵਖੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਸ਼ਬਦ ਦਾਤਾ ਬੇਪਰਵਾਹ, ਨਿਰਗੁਣ ਆਪਣਾ ਸੁੱਤ ਉਪਜਾਇੰਦਾ। ਸਚਖੰਡ ਦੁਆਰੇ ਦੇਵੇ ਸਚ ਸਲਾਹ, ਸਾਚਾ ਹੁਕਮੀ ਹੁਕਮ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਦਏ ਲਗਾ, ਸੇਵਕ ਸੇਵਾ ਸਚ ਕਰਾਇੰਦਾ। ਏਕਾ ਅੱਖਰ ਦਏ ਪੜ੍ਹਾ, ਸੋ ਪੁਰਖ ਨਿਰੰਜਣ ਨਜ਼ਰੀ ਆਇੰਦਾ। ਤਖ਼ਤ ਤਾਜ ਇਕ ਵਖਾ, ਧੁਰ ਦਰਬਾਰਾ ਆਪ ਸੁਹਾਇੰਦਾ। ਰਾਜਨ ਰਾਜ ਬੇਪਰਵਾਹ, ਪਾਰਬ੍ਰਹਮ ਆਪਣਾ ਰੂਪ ਵਟਾਇੰਦਾ। ਤਿਨ੍ਹਾਂ ਮੇਲਾ ਸਹਿਜ ਸੁਭਾ, ਤ੍ਰੈਗੁਣ ਸਾਚਾ ਰੰਗ ਰੰਗਾਇੰਦਾ। ਲੱਖ ਚੁਰਾਸੀ ਰਚਨ ਰਚਾ, ਏਕਾ ਮਤ ਤਤ ਵਖਾਇੰਦਾ। ਪੰਜ ਤਤ ਮੇਲ ਮਿਲਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਝੋਲੀ ਪਾਇੰਦਾ। ਮਨ ਮਤ ਬੁੱਧ ਵਿਚ ਟਿਕਾ, ਨਿਰਗੁਣ ਆਪਣਾ ਰੂਪ ਛੁਪਾਇੰਦਾ। ਘਰ ਵਿਚ ਘਰ ਦਏ ਸੁਹਾ, ਘਰ ਆਪਣਾ ਬੰਕ ਬਣਾਇੰਦਾ। ਨਿਰਗੁਣ ਦੀਪਕ ਇਕ ਟਿਕਾ, ਜੋਤ ਨਿਰੰਜਣ ਡਗਮਗਾਇੰਦਾ। ਸ਼ਬਦ ਅਨਾਦੀ ਧੁਨ ਉਪਜਾ, ਅਨਹਦ ਤਾਲ ਵਜਾਇੰਦਾ। ਸਰ ਸਰੋਵਰ ਇਕ ਵਖਾ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਆਤਮ ਸੇਜਾ ਡੇਰਾ ਲਾ, ਬ੍ਰਹਮ ਪਾਰਬ੍ਰਹਮ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਰਚਨਾ ਰਚ, ਆਪੇ ਅੰਦਰ ਵੜਿਆ ਸੱਚ, ਕਾਇਆ ਮਾਟੀ ਭਾਂਡਾ ਕੱਚ ਆਪ ਵਖਾਇੰਦਾ। ਕਾਇਆ ਮਾਟੀ ਕਰ ਤਿਆਰ, ਨੌ ਦਰ ਖੋਲ੍ਹ ਖੁਲ੍ਹਾਈਆ। ਪੰਚਮ ਪੰਚ ਕਰ ਪਿਆਰ, ਪੰਚਮ ਨਾਦ ਧੁਨ ਸੁਣਾਈਆ। ਪੰਚਮ ਮੇਲਾ ਵਿਚ ਸੰਸਾਰ, ਕਾਮ ਕਰੋਧ ਲੋਭ ਮੋਹ ਹੰਕਾਰ ਅੰਗ ਲਗਾਈਆ। ਪੰਚਮ ਰਾਜ ਜੋਗ ਸਿਕਦਾਰ, ਪੰਚਮ ਲੇਖਾ ਬੇਪਰਵਾਹੀਆ। ਪੰਚਮ ਵੇਖੇ ਬੰਕ ਦੁਆਰ, ਡੂੰਘੀ ਭਵਰੀ ਫੋਲ ਫੁਲਾਈਆ। ਪੰਚਮ ਤੋੜੇ ਗੜ੍ਹ ਹੰਕਾਰ, ਪੰਚਮ ਖੰਡਾ ਹੱਥ ਚਮਕਾਈਆ। ਬਣੇ ਵਿਚੋਲਾ ਆਪ ਨਿਰੰਕਾਰ, ਸ਼ਬਦ ਸ਼ਬਦੀ ਰੂਪ ਵਟਾਈਆ। ਆਸਾ ਤ੍ਰਿਸ਼ਨਾ ਕਰੇ ਪਿਆਰ, ਹਉਮੇ ਹੰਗਤਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਅੰਦਰ ਵੜ, ਨਿਰਗੁਣ ਬੈਠਾ ਮੁਖ ਛੁਪਾਈਆ। ਲੱਖ ਚੁਰਾਸੀ ਅੰਦਰ ਵੜਿਆ, ਹਰਿ ਸਾਚਾ ਦਿਸ ਨਾ ਆਇੰਦਾ। ਆਪਣੇ ਪੌੜੇ ਆਪੇ ਚੜ੍ਹਿਆ, ਮਹੱਲ ਅਟੱਲ ਆਪ ਸੁਹਾਇੰਦਾ। ਆਪਣਾ ਘਾੜਨ ਆਪੇ ਘੜਿਆ, ਆਪੇ ਭੰਨ ਵਖਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਅੱਖਰ ਵੱਖਰ ਆਪ ਜਣਾਇੰਦਾ। ਅਗਨੀ ਹਵਨ ਕਦੇ ਨਾ ਸੜਿਆ, ਤਤਵ ਤਤ ਨਾ ਕੋਇ ਰਖਾਇੰਦਾ। ਨਾ ਜਨਮੇ ਨਾ ਕਦੇ ਮਰਿਆ, ਆਵਣ ਜਾਵਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਆਪਣਾ ਰੂਪ ਦਰਸਾਇੰਦਾ। ਬ੍ਰਹਮ ਬ੍ਰਹਮ ਹਰਿ ਖੇਲ ਨਿਆਰਾ, ਦੀਪਕ ਦੀਆ ਆਪ ਜਗਾਈਆ। ਅੰਦਰ ਵੜ ਪੁਰਖ ਕਰਤਾਰਾ, ਘਟ ਬੈਠਾ ਆਸਣ ਲਾਈਆ। ਲੱਖ ਚੁਰਾਸੀ ਪਾਵੇ ਸਾਰਾ, ਭੁੱਲ ਰਹੇ ਨਾ ਰਾਈਆ। ਲੋਕਮਾਤ ਖੇਲ ਅਪਾਰਾ, ਸ਼ਬਦ ਅਨਾਦੀ ਨਾਦ ਵਜਾਈਆ। ਭਗਤਨ ਦੇਵੇ ਇਕ ਆਧਾਰਾ, ਆਤਮ ਅੰਤਰ ਬੂਝ ਬੁਝਾਈਆ। ਦਰਸ ਦਖਾਏ ਅਗੰਮ ਅਪਾਰਾ, ਨੇਤਰ ਲੋਚਣ ਨੈਣ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਉਪਜਾਈਆ। ਜੁਗ ਜੁਗ ਨਾਉਂ ਹਰਿ ਨਿਰੰਕਾਰ, ਜਨ ਭਗਤਾਂ ਆਪ ਸੁਣਾਇੰਦਾ। ਸੰਤਨ ਮੀਤਾ ਵਿਚ ਸੰਸਾਰ, ਸਚ ਸਮਗਰੀ ਝੋਲੀ ਪਾਇੰਦਾ। ਗੁਰਮੁਖ ਅਤੀਤਾ ਠਾਂਡੇ ਦਰਬਾਰ, ਘਰ ਸਾਚੇ ਆਪ ਵਡਿਆਇੰਦਾ। ਗੁਰਸਿਖ ਪਤਤ ਪੁਨੀਤਾ ਕਰੇ ਕਰਨੇਹਾਰ, ਪਤਿਤ ਪਾਪੀ ਆਪ ਤਰਾਇੰਦਾ। ਦੇਵੇ ਨਾਮ ਅਨਡੀਠਾ ਅਗੰਮ ਅਪਾਰ, ਅੱਖਰ ਵੱਖਰ ਆਪ ਪੜ੍ਹਾਇੰਦਾ। ਮਿੱਠਾ ਕਰੇ ਕੌੜਾ ਰੀਠਾ ਆਪ ਨਿਰੰਕਾਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤਨ ਅੰਦਰ ਵਸਿਆ, ਪਰਮ ਪੁਰਖ ਕਰਤਾਰ। ਸੰਤਨ ਮੇਟੇ ਅੰਧੇਰੀ ਮੱਸਿਆ, ਨਿਰਗੁਣ ਜੋਤ ਕਰ ਉਜਿਆਰ। ਗੁਰਮੁਖਾਂ ਦੁਆਰੇ ਫਿਰੇ ਨੱਸਿਆ, ਜੁਗਾ ਜੁਗੰਤਰ ਸਾਚੀ ਕਾਰ। ਗੁਰਸਿਖ ਮਾਰਗ ਏਕਾ ਦੱਸਿਆ, ਮੇਲ ਮਿਲਾਏ ਕੰਤ ਭਤਾਰ। ਤੀਰ ਨਿਰਾਲਾ ਏਕਾ ਕਸਿਆ, ਬਜ਼ਰ ਕਪਾਟੀ ਦੇਵੇ ਪਾੜ। ਤ੍ਰੈਗੁਣ ਮਾਇਆ ਮੂਲ ਨਾ ਡੱਸਿਆ, ਜਿਸ ਜਨ ਮਿਲਿਆ ਮੀਤ ਮੁਰਾਰ। ਜਗਤ ਵਿਕਾਰਾ ਚਰਨਾਂ ਹੇਠਾਂ ਝੱਸਿਆ, ਨੇੜ ਨਾ ਆਏ ਲੋਭ ਮੋਹ ਹੰਕਾਰ। ਕਰੇ ਪਰਕਾਸ਼ ਕੋਟਨ ਰਵ ਸੱਸਿਆ, ਦੀਪਕ ਦੀਆ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਏ ਮਾਤ ਅਵਤਾਰ। ਹਰਿ ਅਵਤਾਰਾ ਖੇਲ ਅਪਾਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਨਿਤ ਨਵਿਤ ਖੇਲ ਨਿਆਰਾ ਵਿਚ ਸੰਸਾਰਾ, ਹਰਿ ਸਾਚਾ ਆਪ ਕਰਾਇੰਦਾ। ਭਗਤ ਉਧਾਰਾ ਦੁਸ਼ਟ ਸੰਘਾਰਾ, ਸਾਖਯਾਤ ਰੂਪ ਵਟਾਇੰਦਾ। ਨਾਮ ਆਧਾਰਾ ਬੋਲ ਜੈਕਾਰਾ, ਹਰਿਜਨ ਸਾਚੇ ਆਪ ਉਠਾਇੰਦਾ। ਤੇਜ਼ ਕਟਾਰਾ ਮਾਰੇ ਧਾਰਾ, ਅਗੰਮ ਅਪਾਰਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵੇਸ ਅਵੱਲਾ ਇਕ ਇਕੱਲਾ, ਹਰਿ ਹਰਿ ਆਪ ਕਰਾਇੰਦਾ। ਆਦਿ ਜੁਗਾਦੀ ਅਛਲ ਅਛੱਲਾ, ਦਿਸ ਕਿਸੇ ਨਾ ਆਇੰਦਾ। ਹਰਿ ਭਗਤਨ ਜੋਤੀ ਸ਼ਬਦੀ ਰਲਾ, ਜੋਤੀ ਜੋਤ ਜੋਤ ਜਗਾਇੰਦਾ। ਸਚ ਸਿੰਘਾਸਣ ਆਤਮ ਮੱਲਾ, ਏਕਾ ਸੇਜਾ ਆਪ ਵਛਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਫੋਲ ਫੁਲਾਇੰਦਾ। ਗੁਰਮੁਖ ਫੜਾਏ ਆਪਣਾ ਪੱਲਾ, ਦੋ ਜਹਾਨ ਨਾ ਕੋਇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਅਪਾਰਾ ਹਰਿ ਸੁਲਤਾਨ, ਜੁਗ ਜੁਗ ਆਪ ਕਰਾਇੰਦਾ। ਭਗਤਨ ਦੇਵੇ ਬ੍ਰਹਮ ਗਿਆਨ, ਆਤਮ ਅੰਤਰ ਬੂਝ ਬੁਝਾਇੰਦਾ। ਸੰਤਨ ਦੇਵੇ ਸਚ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਇੰਦਾ। ਗੁਰਮੁਖ ਬਣਾਏ ਚਤੁਰ ਸੁਘੜ ਸਿਆਣ, ਚਾਤਰਕ ਤ੍ਰਿਖਾ ਆਪ ਬੁਝਾਇੰਦਾ। ਗੁਰਸਿਖਾਂ ਦੇਵੇ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸਤਿਜੁਗ ਸਾਚੇ ਹੋ ਪਰਧਾਨ, ਰੂਪ ਅਨੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਏਕਾ ਗੁਰ ਏਕਾ ਵੇਸ, ਪੁਰਖ ਅਕਾਲ ਇਕ ਅਖਵਾਈਆ। ਏਕਾ ਦਰ ਇਕ ਦਰਵੇਸ਼, ਏਕਾ ਆਪਣੀ ਅਲੱਖ ਜਗਾਈਆ। ਏਕਾ ਨਰ ਇਕ ਨਰੇਸ਼, ਨਰ ਨਰਾਇਣ ਵਡ ਵਡਿਆਈਆ। ਏਕਾ ਆਦਿ ਜੁਗਾਦੀ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਏਕਾ ਲਿਖਣਹਾਰ ਲੇਖ, ਏਕਾ ਏਕਾ ਏਕ ਵਡਿਆਈਆ। ਏਕਾ ਹੁਕਮ ਜਣਾਈ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਹੁਕਮੀ ਹੁਕਮ ਸਰਬ ਫਿਰਾਈਆ। ਏਕਾ ਏਕ ਰਿਹਾ ਵੇਖ, ਲੱਖ ਚੁਰਾਸੀ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਈਆ। ਸਤਿਜੁਗ ਰੰਗ ਸਤਿ ਸਤਿਵਾਦ, ਸੋ ਪੁਰਖ ਨਿਰੰਜਣ ਆਪ ਰੰਗਾਇਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਅੰਤ ਆਪੇ ਆਦਿ, ਮਧ ਆਪਣਾ ਖੇਲ ਖਿਲਾਇਆ। ਆਪੇ ਸ਼ਬਦ ਅਨਾਦੀ ਬੋਧ ਅਗਾਧ, ਬ੍ਰਹਮਾ ਵੇਦ ਨਾ ਕੋਇ ਅਲਾਇਆ। ਆਪੇ ਦੇਵਣਹਾਰਾ ਸਾਚੀ ਦਾਦ, ਗੁਰ ਅਵਤਾਰ ਰੂਪ ਵਟਾਇਆ। ਆਪੇ ਲੋਆਂ ਪੁਰੀਆਂ ਵਜਾਏ ਨਾਦ, ਸ਼ਬਦ ਜੈਕਾਰਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਦਰਸਾਇਆ। ਜੁਗ ਜੁਗ ਰੂਪ ਅਪਾਰ, ਨਿਰਗੁਣ ਸਰਗੁਣ ਆਪ ਵਖਾਇੰਦਾ। ਲੋਕਮਾਤ ਲੈ ਅਵਤਾਰ, ਆਪ ਆਪਣਾ ਨਾਉਂ ਧਰਾਇੰਦਾ। ਸਤਿਜੁਗ ਸਾਚੇ ਸਾਚੀ ਕਾਰ, ਕਰਨੀ ਕਰਤਾ ਆਪ ਕਰਾਇੰਦਾ। ਭਗਤਾਂ ਦੇਵੇ ਭਗਤੀ ਆਧਾਰ, ਭਗਤ ਭਗਵਨ ਮੇਲ ਮਿਲਾਇੰਦਾ। ਰੰਗ ਅਨਮੁੱਲਾ ਏਕਾ ਚਾੜ੍ਹ, ਕਾਇਆ ਚੋਲੀ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਰਚਨ ਰਚਾਵਣਹਾਰ ਗੋਪਾਲ, ਦੂਸਰ ਅਵਰ ਨਾ ਕੋਇ ਵਖਾਈਆ। ਆਪੇ ਜਾਣੇ ਆਪਣੀ ਚਾਲ, ਸਤਿਜੁਗ ਤ੍ਰੇਤਾ ਵੇਖ ਵਖਾਈਆ। ਨਿਰਗੁਣ ਸਰਗੁਣ ਬਣ ਦਲਾਲ, ਰਾਮ ਰੂਪ ਆਪ ਵਟਾਈਆ। ਆਪੇ ਰੂਪ ਹੋਏ ਕਾਲ, ਕਾਲ ਰੂਪ ਆਪ ਰਖਾਈਆ। ਆਪੇ ਰਾਵਣ ਦੇਵੇ ਘਾਲ, ਤੀਰ ਕਮਾਨ ਆਪ ਚਲਾਈਆ। ਹਰਿਜਨ ਸਾਚੇ ਲਏ ਪਛਾਣ, ਗ਼ਰੀਬ ਨਿਮਾਣੇ ਗਲੇ ਲਗਾਈਆ। ਸਰ ਸਰੋਵਰ ਤੋੜੇ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਸਤਿਜੁਗ ਤ੍ਰੇਤਾ ਪਾਰ ਕਿਨਾਰਾ, ਹਰਿ ਦੁਆਪਰ ਵੇਖ ਵਖਾਇੰਦਾ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰਾ, ਕਵਲ ਨੈਣ ਨੈਣ ਮਟਕਾਇੰਦਾ। ਪੰਚਮ ਮੀਤਾ ਸਚ ਆਧਾਰ, ਪੰਚਮ ਵੇਖ ਵਖਾਇੰਦਾ। ਦਰੋਪਦ ਸੁਤ ਪਾਏ ਸਾਰਾ, ਦਰਯੋਧਨ ਮੇਟ ਮਿਟਾਇੰਦਾ। ਰਥ ਰਥਵਾਹੀ ਸ਼ਾਹ ਸ਼ਵਾਰਾ, ਖ਼ਾਲੀ ਹੱਥ ਸ੍ਰਿਸ਼ਟ ਸਬਾਈ ਵਖਾਇੰਦਾ। ਅਠਾਰਾਂ ਧਿਆਏ ਬੋਲ ਜੈਕਾਰਾ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰਾ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਦੁਆਪਰ ਉਤਰਿਆ ਆਪਣੇ ਘਾਟ, ਹਰਿ ਸਾਚੇ ਪਾਰ ਉਤਾਰਿਆ। ਕਲਜੁਗ ਵਿਛਾਈ ਆਪਣੀ ਖਾਟ, ਲੋਕਮਾਤ ਆਸਣ ਲਾ ਲਿਆ। ਕੂੜ ਕੁੜਿਆਰਾ ਖੋਲ੍ਹ ਹਾਟ, ਜੂਠੀ ਝੂਠੀ ਵਸਤ ਵਿਚ ਟਿਕਾ ਲਿਆ। ਖੇਲੇ ਖੇਲ ਬਾਜ਼ੀਗਰ ਨਾਟ, ਘਰ ਘਰ ਆਪਣਾ ਸਵਾਂਗ ਵਰਤਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਜਣਾ ਲਿਆ। ਧੁਰ ਫ਼ਰਮਾਣਾ ਹਰਿ ਭਗਵਾਨ, ਜੁਗ ਜੁਗ ਆਪ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਪਰਧਾਨ, ਅੰਤਮ ਮੇਲ ਮਿਲਾਇੰਦਾ। ਕਲਜੁਗ ਵੇਖੇ ਜਗਤ ਨਿਸ਼ਾਨ, ਨੌ ਖੰਡ ਪ੍ਰਿਥਮੀ ਫੇਰਾ ਪਾਇੰਦਾ। ਸੱਤਾਂ ਦੀਪਾਂ ਇਕ ਗਿਆਨ, ਏਕਾ ਹੁਕਮ ਸੁਣਾਇੰਦਾ। ਮਾਇਆ ਮਮਤਾ ਮਦਿ ਪੀਣ ਖਾਣ, ਕਾਇਆ ਚੋਲੀ ਰੰਗ ਰੰਗਾਇੰਦਾ। ਹਰਿ ਕਾ ਨਾਮ ਨਾ ਸਕੇ ਕੋਈ ਪਛਾਣ, ਅੰਧ ਅੰਧੇਰ ਏਕਾ ਛਾਇੰਦਾ। ਰਵ ਸਸ ਨਾ ਚੜ੍ਹੇ ਕੋਈ ਬਿਬਾਣ, ਜੋਤ ਨਿਰੰਜਣ ਨਾ ਕੋਈ ਜਗਾਇੰਦਾ। ਸਾਚੀ ਸਖੀ ਨਾ ਮੇਲਾ ਹੋਏ ਕਾਹਨ, ਨਾਮ ਬੰਸਰੀ ਨਾ ਕੋਈ ਵਜਾਇੰਦਾ । ਸੀਤਾ ਸੁਰਤੀ ਨਾ ਮਿਲੇ ਰਾਮ, ਸ਼ਬਦ ਹਾਣੀ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇੰਦਾ। ਵੇਸ ਅਵੱਲਾ ਰਾਣੀ ਅੱਲਾ, ਹਰਿ ਸਾਚੇ ਆਪ ਵਟਾਇਆ। ਬਿਸਮਿਲ ਰੂਪ ਇਕ ਇਕੱਲਾ, ਨਿਰਗੁਣ ਬੈਠਾ ਖੇਲ ਖਿਲਾਇਆ। ਕਲਮਾ ਅਮਾਮ ਏਕਾ ਘੱਲਾ, ਸਚ ਹਦੀਸ ਇਕ ਸੁਣਾਇਆ। ਮੂਸਾ ਈਸਾ ਫੜਾਇਆ ਪੱਲਾ, ਆਪ ਆਪਣੇ ਲੜ ਬੰਧਾਇਆ। ਫ਼ਰਸ਼ ਖ਼ਾਕੀ ਇਕ ਮਸਲਾ, ਲੋਕਮਾਤ ਹੇਠ ਵਿਛਾਇਆ। ਅਰਸ਼ ਕੁਰਸ਼ ਡੇਰਾ ਮਲਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਨਾਤ ਵੇਖ ਵਖਾਇਆ। ਕਾਇਨਾਤ ਮਾਰ ਝਾਕੀ, ਪਰਵਰਦਿਗਾਰ ਵੇਖ ਵਖਾਇੰਦਾ। ਬੇਐਬ ਬਣਿਆ ਆਪ ਸਾਕੀ, ਭਰ ਪਿਆਲਾ ਜਾਮ ਪਿਆਇੰਦਾ। ਆਪੇ ਚੜ੍ਹਿਆ ਆਪਣੇ ਰਾਕੀ, ਸਾਚਾ ਅਸਵ ਆਪ ਦੌੜਾਇੰਦਾ। ਲੇਖਾ ਕੋਈ ਨਾ ਜਾਣੇ ਬੰਦਾ ਖ਼ਾਕੀ, ਖ਼ਾਕੀ ਖ਼ਾਕ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਸੁਣਾਇੰਦਾ। ਹੁਕਮੇ ਅੰਦਰ ਹਰਿ ਵਰਤਾਰਾ, ਹਰਿ ਵੱਡਾ ਵਡਿਆਈਆ । ਸ਼ਬਦ ਸਰੂਪੀ ਖੇਲ ਅਪਾਰਾ, ਕਲਮਾ ਨਬੀ ਆਪ ਜਣਾਈਆ। ਲੇਖਾ ਜਾਣੇ ਮੁਹੰਮਦੀ ਯਾਰਾ, ਦਰ ਘਰ ਸਾਚਾ ਫੋਲ ਫੁਲਾਈਆ। ਹੱਕ ਹਕੀਕਤ ਖੇਲ ਅਪਾਰਾ, ਲਾਸ਼ਰੀਕ ਵੇਖ ਵਖਾਈਆ। ਮੁਕਾਮੇ ਹੱਕ ਏਕਾ ਨਾਅਰਾ, ਐਨਲਹੱਕ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਕਲਮਾ ਆਪ ਪੜ੍ਹਾਈਆ। ਆਪਣਾ ਕਲਮਾ ਜਗਤ ਹਦੀਸ਼, ਨੂਰ ਇਲਾਹੀ ਆਪ ਅਲਾਇੰਦਾ। ਆਪੇ ਗਾਏ ਬਤੀਸ ਤੀਸ, ਤੀਸ ਬਤੀਸ ਆਪ ਸੁਣਾਇੰਦਾ। ਆਪਣਾ ਪੀਸਣ ਆਪੇ ਪੀਸ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਅਪਣਾ ਭੇਵ ਖੁਲ੍ਹਾਇੰਦਾ। ਆਪਣਾ ਭੇਵ ਆਪੇ ਖੋਲ੍ਹ, ਹਰਿ ਸਾਚਾ ਸਚ ਜਣਾਇੰਦਾ। ਏਕਾ ਕਲਮਾ ਆਪਣਾ ਬੋਲ, ਚੌਦਾਂ ਲੋਕ ਆਪ ਜਣਾਇੰਦਾ। ਅਰਸ਼ ਫ਼ਰਸ਼ ਕੁਰਸ਼ ਵੱਜੇ ਢੋਲ, ਹਰਿ ਮਰਦੰਗਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਅੰਜੀਲ ਕੁਰਾਨਾ ਬੰਨ੍ਹੀ ਧਾਰ, ਲੋਕਮਾਤ ਕੁੜਮਾਈਆ। ਸ਼ਰਅ ਸ਼ਰੀਅਤ ਕਰ ਵਿਚਾਰ, ਖ਼ਾਲਕ ਖ਼ਲਕ ਵੇਖ ਵਖਾਈਆ। ਰਾਜਾ ਰਈਅਤ ਕਰੇ ਖੁਆਰ, ਧੀਰਜ ਧੀਰ ਨਾ ਕੋਈ ਧਰਾਈਆ। ਜਗਤ ਹਕੀਕਤ ਜਾਏ ਹਾਰ, ਸ਼ਾਹ ਹਕੀਰ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਜੁਗ ਜੁਗ ਆਪਣਾ ਵੇਸ ਵਟਾਈਆ। ਵੇਸ ਵਟਾਏ ਹਰਿ ਨਿਰੰਕਾਰਾ, ਨਿਰਗੁਣ ਨਿਰਗੁਣ ਨਾਉਂ ਉਪਜਾਇੰਦਾ। ਨਾਨਕ ਮੇਲਾ ਵਿਚ ਸੰਸਾਰਾ, ਪੰਜ ਤਤ ਚੋਲਾ ਆਪ ਹੰਢਾਇੰਦਾ। ਨਾਮ ਸਤ ਬੋਲ ਜੈਕਾਰਾ, ਚਾਰ ਵਰਨਾਂ ਆਪ ਸਮਝਾਇੰਦਾ। ਊਚਾਂ ਨੀਚਾਂ ਪਾਰ ਕਿਨਾਰਾ, ਰਾਓ ਰੰਕਾਂ ਏਕਾ ਰੰਗ ਰੰਗਾਇੰਦਾ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਆਪ ਆਪਣੇ ਗਲੇ ਲਗਾਇੰਦਾ। ਹੰਕਾਰੀਆਂ ਤੋੜੇ ਗੜ੍ਹ ਹੰਕਾਰਾ, ਉਚੇ ਟਿੱਲੇ ਫੋਲ ਫੁਲਾਇੰਦਾ। ਸਾਚਾ ਵਣਜ ਕਰਾਏ ਇਕ ਵਣਜਾਰਾ, ਚੌਦਾਂ ਹੱਟਾਂ ਮਾਣ ਗਵਾਇੰਦਾ। ਚੌਦਾਂ ਤਬਕਾਂ ਕਰੇ ਕਿਨਾਰਾ, ਕੋਟ ਕੋਟਨ ਵਿਚ ਸਮਾਇੰਦਾ। ਮੇਲ ਮਿਲਾਵਾ ਇਕ ਇਕੰਕਾਰਾ, ਪੁਰਖ ਅਕਾਲ ਇਕ ਵਖਾਇੰਦਾ। ਵਰਨਾਂ ਬਰਨਾਂ ਵਸੇ ਬਾਹਰਾ, ਜ਼ਾਤ ਪਾਤ ਨਾ ਕੋਈ ਜਣਾਇੰਦਾ। ਹਰਿ ਕਾ ਸ਼ਬਦ ਇਕ ਨਿਰਾਕਾਰਾ, ਸਾਚਾ ਗੁਰ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਸ਼ਬਦ ਗੁਰ ਸੱਚਾ ਸੂਰਬੀਰ, ਨਾਨਕ ਪੰਜ ਤਤ ਸਾਲਾਹੀਆ। ਜਨ ਭਗਤਾਂ ਕੱਢੇ ਹਉਮੇ ਪੀੜ, ਆਪ ਆਪਣੀ ਦਇਆ ਕਮਾਈਆ। ਸੰਤਨ ਮਾਰੇ ਸਾਚਾ ਤੀਰ, ਤੀਰ ਨਿਰਾਲਾ ਇਕ ਚਲਾਈਆ। ਗੁਰਮੁਖ ਚੋਟੀ ਚਾੜ੍ਹੇ ਅਖੀਰ, ਅੱਧਵਿਚਕਾਰ ਨਾ ਕੋਈ ਵਡਿਆਈਆ। ਗੁਰਸਿਖਾਂ ਕੱਟੇ ਜਗਤ ਜੰਜੀਰ, ਲੱਖ ਚੁਰਾਸੀ ਫੰਦ ਕਟਾਈਆ। ਵਡ ਦਾਤਾ ਹਰਿ ਪੀਰਨ ਪੀਰ, ਗੁਰ ਗੁਰ ਏਕਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਗੁਰ ਵਡ ਬਲਵਾਨਾ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਦੋ ਜਹਾਨਾ, ਲੋਕਮਾਤ ਵੇਸ ਵਟਾਇਆ। ਨਾਨਕ ਗਾਏ ਨਾਮ ਤਰਾਨਾ, ਤਾਰ ਸਤਾਰ ਨਿਰੰਕਾਰ ਵਜਾਇਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਘਰ ਘਰ ਸਗਨ ਮਨਾਇਆ। ਸਾਚੀ ਸਖੀ ਮਿਲੇ ਕਾਹਨਾ, ਮੰਡਲ ਰਾਸ ਆਪ ਰਖਾਇਆ। ਦਰਗਹਿ ਸਾਚੀ ਦੇਵੇ ਮਾਣਾ, ਜਿਸ ਜਨ ਨਿਉਂ ਨਿਉਂ ਸੀਸ ਝੁਕਾਇਆ। ਏਕਾ ਰਾਗ ਸੁਣਾਏ ਗਾਨਾ, ਅਨਹਦ ਸਾਚੀ ਸੇਵਾ ਲਾਇਆ। ਦੇਵਣਹਾਰਾ ਧੁਰ ਫ਼ਰਮਾਣਾ, ਸ਼ਬਦ ਸ਼ਬਦੀ ਦਏ ਜਣਾਇਆ। ਕਲਜੁਗ ਅੰਤਮ ਹੋਏ ਵੈਰਾਨਾ, ਥਿਰ ਕੋਇ ਰਹਿਣ ਨਾ ਪਾਇਆ। ਜੀਵ ਜੰਤ ਨਾਤਾ ਜੁੜੇ ਪੰਜ ਸ਼ੈਤਾਨਾ, ਕਾਮ ਕਰੋਧ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਨਿਰਗੁਣ ਨਾਨਕ ਬੋਲ ਜੈਕਾਰਾ, ਲੱਖ ਚੁਰਾਸੀ ਗਿਆ ਸੁਣਾਈਆ। ਕਲਜੁਗ ਅੰਤਮ ਹੋਏ ਧੂਆਂਧਾਰਾ, ਝੂਠੀ ਰੈਣ ਅੰਧੇਰੀ ਛਾਈਆ। ਮਾਤ ਪੁਤ ਕਰੇ ਪਿਆਰਾ, ਭੈਣ ਭਈਆ ਸੇਜ ਹੰਢਾਈਆ। ਨਾ ਕੋਈ ਦਿਸੇ ਮੀਤ ਮੁਰਾਰਾ, ਸਾਕ ਸੈਣ ਨਾ ਕੋਈ ਅਖਵਾਈਆ। ਸ੍ਰਿਸ਼ਟ ਸਬਾਈ ਹੋਏ ਵਿਭਚਾਰਾ, ਹਰਿ ਹਰਿ ਕੰਤ ਨਾ ਕੋਈ ਹੰਢਾਈਆ। ਸਾਧ ਸੰਤ ਹਰਿ ਭਗਵੰਤ ਨਾ ਕਰੇ ਕੋਈ ਪਿਆਰਾ, ਤਨ ਵੇਸਵਾ ਸ਼ਿੰਗਾਰ ਕਰਾਈਆ। ਗੁਰ ਦਰ ਮੰਦਰ ਹੋਏ ਖੁਆਰਾ, ਧੀਆਂ ਭੈਣਾਂ ਰਾਹ ਤਕਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਨਿਰਗੁਣ ਵੇਖੇ ਥਾਉਂ ਥਾਈਂਆ। ਬ੍ਰਹਿਮੰਡ ਖੰਡ ਦਏ ਹੁਲਾਰਾ, ਲੋਆਂ ਪੁਰੀਆਂ ਆਪ ਮਿਲਾਈਆ। ਲੋਕਮਾਤ ਲਏ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਹਰਿ ਅਪਾਰਾ, ਸ਼ਾਹ ਸੁਲਤਾਨਾਂ ਦਏ ਜਗਾਈਆ। ਜਨ ਭਗਤਾਂ ਕਰੇ ਇਕ ਪਿਆਰਾ, ਆਪ ਆਪਣਾ ਮੇਲ ਮਿਲਾਈਆ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਚੁੱਕੇ ਸਮੁੰਦ ਸਾਗਰ ਜਗਤ ਛਾਹੀਆ। ਕਰੇ ਖੇਲ ਅਗੰਮ ਅਪਾਰਾ, ਏਕੰਕਾਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖਣਹਾਰਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਵਿਚ ਸੰਸਾਰਾ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਏਕਾ ਜੋਤੀ ਦਸ ਅਵਤਾਰਾ, ਗੁਰ ਗੋਬਿੰਦ ਮੁਖ ਸਾਲਾਹਿੰਦਾ। ਪੂਤ ਸਪੂਤਾ ਬਣ ਦੁਲਾਰਾ, ਘਰ ਸਾਚੇ ਸੋਭਾ ਪਾਇੰਦਾ। ਪੁਰਖ ਅਕਾਲ ਇਕ ਜੈਕਾਰਾ, ਰਸਨਾ ਜਿਹਵਾ ਏਕਾ ਗਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਲੇਖਾ ਲਿਖ ਧੁਰ ਸੰਸਾਰਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਕਲਜੁਗ ਅੰਤਮ ਆਏ ਵਾਰਾ, ਧੂਆਂਧਾਰ ਸਰਬ ਵਖਾਇੰਦਾ। ਪ੍ਰਗਟ ਹੋਏ ਹਰਿ ਨਿਰੰਕਾਰਾ, ਨਿਹਕਲੰਕਾ ਨਾਉਂ ਧਰਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਏਕਾ ਸ਼ਬਦ ਬੋਲ ਜੈਕਾਰਾ, ਹੰ ਬ੍ਰਹਮ ਮੇਲ ਮਿਲਾਇੰਦਾ। ਨਾਮ ਖੰਡਾ ਤੇਜ ਕਟਾਰਾ, ਦੋ ਜਹਾਨਾਂ ਆਪ ਚਮਕਾਇੰਦਾ। ਰਾਜ ਰਾਜਾਨਾ ਕਰੇ ਖਵਾਰਾ, ਸੀਸ ਤਾਜ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰ ਸੂਰਾ ਸਰਬੰਗ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕੰਕਾਰਾ ਵਡ ਵਡਿਆਈਆ। ਪ੍ਰਗਟ ਹੋਏ ਵਿਚ ਜਹਾਨ, ਦੋ ਜਹਾਨਾ ਵੇਖ ਵਖਾਈਆ। ਦੇਵਣਹਾਰਾ ਧੁਰ ਫ਼ਰਮਾਣ, ਸ਼ਬਦੀ ਢੋਲਾ ਏਕਾ ਗਾਈਆ। ਲੱਖ ਚੁਰਾਸੀ ਤੋੜੇ ਮਾਣ, ਜਗਤ ਅਭਿਮਾਣ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਖ ਵਖਾਈਆ।
