੫ ਚੇਤ ੨੦੧੮ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਕੌਮੀ ਫ਼ਾਰਮ ਜ਼ਿਲਾ ਕਰਨਾਲ
ਸਚਖੰਡ ਦਵਾਰਾ ਸੋਹੇ ਘਰ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪ ਸੁਹਾਇੰਦਾ। ਥਿਰ ਘਰ ਨਿਵਾਸੀ ਨਿਰਾਕਾਰ ਅੰਦਰ ਬੈਠਾ ਵੜ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਵੇਸ ਧਰ, ਧਰਨੀ ਧਰਤ ਧਵਲ ਲੋਕਮਾਤ ਵੇਖ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਇੰਦਾ। ਲੱਖ ਚੁਰਾਸੀ ਘਾੜਨ ਘੜ, ਘਟ ਘਟ ਆਪਣੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਚ ਸੁਹੰਜਣਾ, ਹਰਿ ਸਾਚਾ ਸਚ ਸੁਹਾਏ। ਜੋਤ ਜਗਾਏ ਆਦਿ ਨਿਰੰਜਣਾ, ਦੀਵਾ ਬਾਤੀ ਨਾ ਕੋਇ ਰਖਾਏ। ਜੁਗਾ ਜੁਗੰਤਰ ਦਰਦ ਦੁਖ ਭੈ ਭੰਜਣਾ, ਭਵ ਸਾਗਰ ਵੇਖ ਵਖਾਏ। ਹਰਿਜਨ ਵੇਖੇ ਸਾਚੇ ਸੱਜਣਾ, ਨਿਤ ਨਵਿਤ ਖੇਲ ਖਿਲਾਏ। ਭਗਤ ਭਗਵੰਤ ਨੇਤਰ ਨਾਮ ਪਾਏ ਕੱਜਲਾ, ਅਗਿਆਨ ਅੰਧੇਰ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਾਨ ਥਨੰਤਰ ਇਕ ਸੁਹਾਏ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਆਪਣੀ ਬਣਤ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਣਾਏ ਏਕਾ ਮੰਤ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਤ੍ਰੈਗੁਣ ਅਤੀਤਾ ਬਣੇ ਕੰਤ, ਸ਼ਾਹੋ ਭੂਪ ਸੱਚਾ ਸ਼ਹਿਨਸ਼ਾਹੀਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਕਰਤਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਈਆ। ਦਰ ਘਰ ਸਾਚਾ ਹਰਿ ਵਡਿਆਇੰਦਾ, ਆਦਿ ਜੁਗਾਦੀ ਸਾਚੀ ਕਾਰ। ਸਚਖੰਡ ਦਵਾਰੇ ਸੋਭਾ ਪਾਇੰਦਾ, ਨਿਰਗੁਣ ਨੂਰ ਨੂਰ ਉਜਿਆਰ। ਥਿਰ ਘਰ ਆਪਣਾ ਬੰਕ ਸੁਹਾਇੰਦਾ, ਪੁਰਖ ਅਕਾਲ ਖੋਲ੍ਹ ਕਿਵਾੜ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਆਸਣ ਲਾਇੰਦਾ, ਗਗਨ ਪਾਤਾਲਾਂ ਪਾਵੇ ਸਾਰ। ਲੱਖ ਚੁਰਾਸੀ ਵੇਖ ਵਖਾਇੰਦਾ, ਜੁਗਾ ਜੁਗੰਤਰ ਲੈ ਅਵਤਾਰ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਧੁਰ ਦਰਗਾਹੀ ਬੇਐਬ ਪਰਵਰਦਿਗਾਰ। ਵੇਦ ਕਤੇਬ ਸ਼ਾਸਤਰ ਸਿਮਰਤ ਆਪਣੀ ਕਾਰੇ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚਖੰਡ ਦਵਾਰੇ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਆਸਣ ਲਾਈਆ। ਸਤਿ ਸਰੂਪੀ ਸ਼ਾਹੋ ਭੂਪੀ ਬਣ ਮਲਾਹ, ਜੁਗ ਜੁਗ ਆਪਣਾ ਬੇੜਾ ਆਪ ਚਲਾਈਆ। ਨਿਰਗੁਣ ਸਰਗੁਣ ਖੇਲ ਖਿਲਾ, ਮੇਲ ਮਿਲਾਵਾ ਸਹਿਜ ਸੁਭਾ, ਆਪਣੇ ਹੱਥ ਰੱਖੇ ਵਡਿਆਈਆ। ਸ਼ਬਦ ਅਨਾਦੀ ਨਾਦ ਵਜਾ, ਧੁਰ ਦੀ ਬਾਣੀ ਬਾਣ ਲਗਾ, ਬੋਧ ਅਗਾਧ ਕਰੇ ਪੜ੍ਹਾਈਆ । ਭਗਤ ਭਗਵੰਤ ਲਏ ਉਠਾ, ਆਤਮ ਅੰਤਰ ਬੂਝ ਬੁਝਾ, ਦੂਈ ਦਵੈਤੀ ਪਰਦਾ ਦਏ ਚੁਕਾਈਆ। ਸੰਤ ਕੰਤ ਲਏ ਮਿਲਾ, ਅੰਮ੍ਰਿਤ ਆਤਮ ਜਾਮ ਪਿਆ, ਨਿਝਰ ਝਿਰਨਾ ਦਏ ਝਿਰਾਈਆ। ਗੁਰਮੁਖ ਗੁਰ ਗੁਰ ਵੇਖੇ ਥਾਉਂ ਥਾਂ, ਦੋ ਜਹਾਨਾਂ ਫੇਰਾ ਪਾ, ਨਵ ਸਤ ਫੇਰਾ ਪਾਈਆ। ਗੁਰਮੁਖ ਗੁਰਸਿਖ ਲੇਖਾ ਜਾਣੇ ਪਿਤਾ ਮਾਂ, ਹਰਿਜਨ ਉਠਾਏ ਪਕੜ ਬਾਂਹ, ਆਲਸ ਨਿੰਦਰਾ ਦਏ ਮਿਟਾਈਆ। ਇਕ ਜਪਾਏ ਆਪਣਾ ਨਾਂ, ਹੋਏ ਸਹਾਈ ਸਭਨਾ ਥਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਲੋਕਮਾਤ ਵੇਸ ਧਰਾਈਆ। ਲੋਕਮਾਤ ਵੇਸ ਅਵੱਲਾ, ਸੋ ਪੁਰਖ ਨਿਰੰਜਨ ਆਪ ਕਰਾਇੰਦਾ। ਸਚਖੰਡ ਨਿਵਾਸੀ ਇਕ ਇਕੱਲਾ, ਆਦਿ ਅੰਤ ਮਧ ਆਪਣੀ ਖੇਲ ਖਿਲਾਇੰਦਾ। ਜਨ ਭਗਤ ਫੜਾਏ ਆਪਣਾ ਪੱਲਾ, ਨਾਮ ਪੱਲੂ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਇੰਦਾ, ਸਚਖੰਡ ਨਿਵਾਸੀ ਏਕੰਕਾਰ। ਭਗਤ ਭਗਵੰਤ ਵੇਖ ਵਖਾਇੰਦਾ, ਸੰਤ ਸਾਜਣ ਮੀਤ ਮੁਰਾਰ। ਗੁਰਮੁਖ ਗੁਰ ਗੁਰ ਰੰਗ ਰੰਗਾਇੰਦਾ, ਸ਼ਬਦੀ ਸ਼ਬਦ ਕਰ ਪਿਆਰ। ਗੁਰਸਿਖ ਏਕਾ ਨਾਮ ਦ੍ਰਿੜਾਇੰਦਾ, ਅੰਤਰ ਆਤਮ ਕਰ ਉਜਿਆਰ। ਰਸਨਾ ਜੇਹਵਾ ਆਪ ਹਿਲਾਇੰਦਾ, ਪਰਾ ਪਸੰਤੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੇਲਣਹਾਰਾ ਦਿਸ ਨਾ ਆਇੰਦਾ। ਜੁਗ ਜੁਗ ਖੇਲ ਅਵੱਲੜਾ, ਕਰਤਾ ਪੁਰਖ ਕਰੇ ਕਰਤਾਰ। ਵਸਣਹਾਰਾ ਸਾਚੇ ਧਾਮ ਸਚ ਮਹੱਲੜਾ, ਸਚਖੰਡ ਦਵਾਰਾ ਵੇਖੇ ਠਾਂਡਾ ਦਰਬਾਰ। ਜੋਤੀ ਸ਼ਬਦੀ ਨੂਰ ਨੁਰਾਨਾ ਆਪੇ ਬਲੜਾ, ਆਦਿ ਜੁਗਾਦੀ ਕਰ ਉਜਿਆਰ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਮਹੱਲ ਅਟਲ ਉਚ ਮੁਨਾਰ ਆਪੇ ਮੱਲੜਾ, ਆਪ ਆਪਣੀ ਕਿਰਪਾ ਧਾਰ। ਲੋਕਮਾਤ ਜਨ ਭਗਤ ਦਵਾਰ ਕਿਰਪਾਨਿਧ ਗਹਿਰ ਗੁਣ ਠਾਕਰ ਨਿਤ ਨਵਿਤ ਖਲ੍ਹੜਾ, ਸਿਰ ਹੱਥ ਰੱਖ ਸਮਰਥ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰੀ ਪਾਰਬ੍ਰਹਮ, ਪਰਮ ਪੁਰਖ ਵਡਿਆਈਆ। ਜੁਗ ਕਰਤਾ ਜਾਣੇ ਆਪਣਾ ਕੰਮ, ਨੇਹ ਕਰਮੀ ਕਰਮ ਕਮਾਈਆ। ਭਗਤ ਭਗਵੰਤ ਵੇਖੇ ਸਾਚੇ ਜਨ, ਹਰਿ ਪ੍ਰਕਾਸ਼ ਪ੍ਰਕਾਸ਼ ਵਿਚ ਟਿਕਾਈਆ। ਸ਼ਬਦੀ ਡੋਰ ਬੰਨ੍ਹੇ ਮਨ, ਮਨ ਵਾਸ਼ਨਾ ਰਹਿਣ ਨਾ ਪਾਈਆ। ਏਕਾ ਰਾਗ ਸੁਣਾਏ ਕੰਨ, ਛੱਤੀ ਰਾਗ ਰਹੇ ਜਸ ਗਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਜਿਸ ਜਨ ਆਪਣੀ ਬੂਝ ਬੁਝਾਈਆ। ਲੇਖਾ ਜਾਣੇ ਕਾਇਆ ਛੱਪਰ ਛੰਨ, ਸਾਡੇ ਤਿੰਨ ਹੱਥ ਵੰਡ ਵੰਡਾਈਆ। ਨਾਮ ਵਸਤ ਦੇਵੇ ਧੰਨ, ਠਗ ਚੋਰ ਯਾਰ ਲੁਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਵਖਾਈਆ। ਦਰ ਦਵਾਰਾ ਏਕੰਕਾਰਾ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਭਗਤਾਂ ਅੰਦਰ ਖੋਲ੍ਹ ਕਿਵਾੜਾ, ਘਰ ਘਰ ਵਿਚ ਆਪ ਪ੍ਰਗਟਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਦਿਵਸ ਰੈਣ ਡਗਮਗਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਅਨਹਦ ਸ਼ਬਦ ਸੁਣਾਏ ਸੱਚੀ ਧੁਨਕਾਰਾ, ਰਸਨਾ ਜੇਹਵਾ ਨਾ ਆਪ ਹਿਲਾਇੰਦਾ। ਘਰ ਮੰਦਰ ਵਖਾਏ ਗੁਰੂ ਦਵਾਰਾ, ਘਰ ਗੋਬਿੰਦ ਮੇਲ ਮਿਲਾਇੰਦਾ। ਘਰ ਕਮਲਾਪਾਤੀ ਮੀਤ ਮੁਰਾਰਾ, ਘਰ ਸਾਚਾ ਸਾਕੀ ਦੇਵੇ ਨਾਮ ਅਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਡਿਆਇੰਦਾ। ਸਾਚਾ ਘਰ ਕਾਇਆ ਮੰਦਰ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਅੰਧ ਅੰਧੇਰ ਫੋਲ ਫੁਲਾਇੰਦਾ। ਤੋੜਨਹਾਰਾ ਬਜਰ ਕਪਾਟੀ ਜੰਦਰ, ਸ਼ਬਦ ਖੰਡਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਜਣਾਇੰਦਾ। ਸਾਚਾ ਮੰਦਰ ਗੁਰਮੁਖ ਕਾਇਆ ਬੰਕ, ਬੰਕ ਦਵਾਰੀ ਵੇਖ ਵਖਾਈਆ। ਨਾਤਾ ਤੋੜੇ ਰਾਓ ਰੰਕ, ਊਚ ਨੀਚ ਨਾ ਕੋਈ ਵਡਿਆਈਆ। ਨਾਮ ਜਣਾਏ ਮਣੀਆ ਮਣਤ, ਮਨ ਮਣਕਾ ਆਪ ਭਵਾਈਆ। ਗੜ੍ਹ ਤੋੜੇ ਹਉਮੇ ਹੰਗਤ, ਆਸਾ ਤ੍ਰਿਸਨਾ ਮੇਟ ਮਿਟਾਈਆ । ਕਾਇਆ ਚੋਲੀ ਚਾੜ੍ਹੇ ਰੰਗ ਰੰਗਤ, ਰੰਗ ਰੰਗੀਲਾ ਸਾਚਾ ਮਾਹੀਆ। ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਆਪਣੇ ਹੱਥ ਰਖਾਈਆ। ਧੰਨ ਵਡਿਆਈ ਸਾਚੇ ਸੰਤ, ਜੋ ਜਨ ਆਪਣਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਦਰ ਦਏ ਸੁਹਾਈਆ। ਸਾਚਾ ਮੰਦਰ ਸਾਢੇ ਤਿੰਨ ਹੱਥ, ਘਰ ਘਰ ਵਿਚ ਆਪ ਉਪਾਇਆ। ਅੰਦਰ ਵੜ ਪੁਰਖ ਸਮਰਥ, ਆਤਮ ਸੇਜਾ ਆਸਣ ਲਾਇਆ। ਨਾਮ ਅਗੰਮੀ ਦੇਵੇ ਵੱਥ, ਲਿਖਣ ਪੜ੍ਹਨ ਵਿਚ ਨਾ ਆਇਆ। ਸ਼ਬਦ ਅਨਾਦੀ ਮਾਰੇ ਸੱਟ, ਨਾਦ ਅਨਾਦੀ ਨਾਦ ਵਜਾਇਆ। ਚੌਦਾਂ ਲੋਕ ਵਖਾਏ ਹੱਟ, ਘਰ ਵਣਜਾਰਾ ਵਣਜ ਕਰਾਇਆ। ਲੇਖਾ ਚੁੱਕੇ ਤੀਰਥ ਅਠਸਠ, ਅੰਮ੍ਰਿਤ ਸਰੋਵਰ ਤਾਲ ਵਹਾਇਆ। ਦੂਈ ਦਵੈਤੀ ਮੇਟੇ ਫੱਟ, ਮਾਇਆ ਮਮਤਾ ਮੋਹ ਚੁਕਾਇਆ। ਘਰ ਵਿਚ ਘਰ ਕਰ ਪ੍ਰਗਟ, ਗ੍ਰਹਿ ਮੰਦਰ ਦਏ ਸੁਹਾਇਆ। ਜੋਤ ਜਗਾਏ ਲਟ ਲਟ, ਅੰਧ ਅੰਧੇਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਲਏ ਦ੍ਰਿੜਾਇਆ। ਘਰ ਵਿਚ ਘਰ ਘਰ ਮਹੱਲਾ, ਘਰ ਘਰ ਵਿਚ ਸੋਭਾ ਪਾਇੰਦਾ। ਘਰ ਵਿਚ ਮੇਲਾ ਇਕ ਅਕੱਲਾ, ਘਰ ਘਰ ਵਿਚ ਵੇਖ ਵਖਾਇੰਦਾ। ਘਰ ਵਿਚ ਫੜਾਏ ਸਾਜਣ ਪੱਲਾ, ਘਰ ਘਰ ਵਿਚ ਸੋਭਾ ਪਾਇੰਦਾ। ਘਰ ਵਿਚ ਜੋਤੀ ਸ਼ਬਦੀ ਰਲਾ, ਘਰ ਘਰ ਵਿਚ ਆਪਣੀ ਅਲਖ ਜਗਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਵਸਣਹਾਰਾ ਜਲਾਂ ਥਲਾਂ, ਜਲ ਥਲ ਮਹੀਅਲ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਸ ਹਰਿ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਧਾਰ, ਹਰਿ ਬਿਨ ਅਵਰ ਨਾ ਕੋਇ ਜਣਾਇੰਦਾ। ਸਤਿਜੁਗ ਤਰੇਤਾ ਦਵਾਪਰ ਕਰਿਆ ਪਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਨਵ ਨੌ ਚਾਰ ਗਿਆ ਹਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਧਰਨੀ ਧਵਲ ਰੋਵੇ ਜ਼ਾਰੋ ਜ਼ਾਰ, ਲੱਖ ਚੁਰਾਸੀ ਸਰਬ ਕੁਰਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰਾਹ ਤੱਕਣ ਪਰਵਰਦਿਗਾਰ, ਨੇਤਰ ਨੈਣ ਸਰਬ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਭੇਖ ਅਪਾਰਾ, ਏਕੰਕਾਰਾ ਆਪ ਕਰਾਈਆ। ਜੋਤ ਸਰੂਪੀ ਵਸਣਹਾਰਾ ਸਚਖੰਡ ਦਵਾਰਾ, ਥਿਰ ਘਰ ਸਾਚੇ ਸ਼ਬਦ ਧੁਨ ਸ਼ਨਵਾਈਆ। ਸੁੰਨ ਅਗੰਮੀ ਪਾਰ ਕਿਨਾਰਾ, ਸੁਨ ਸਮਾਧ ਵੇਖ ਵਖਾਈਆ। ਲੋਕਮਾਤ ਹੋ ਉਜਿਆਰਾ, ਕਲਜੁਗ ਅੰਤਮ ਵੇਸ ਵਟਾਈਆ। ਸਾਚਾ ਮੰਦਰ ਸੁਹਾਏ ਸਚ ਦਵਾਰਾ, ਬੰਕ ਦਵਾਰੀ ਬੇਪਰਵਾਹੀਆ। ਸਾਢੇ ਤਿੰਨ ਹੱਥ ਵੇਖੇ ਇਕ ਮੁਨਾਰਾ, ਉਚ ਅਟੱਲਾ ਦਏ ਵਡਿਆਈਆ। ਨਿਰਗੁਣ ਸਰਗੁਣ ਅੰਦਰ ਕਰ ਪਸਾਰਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਧਾਰ ਆਪ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਘਰ ਇਕ ਵਖਾਈਆ। ਸਾਚਾ ਘਰ ਸਚ ਸਿੰਘਾਸਣ, ਸਤਿਗੁਰ ਪੂਰਾ ਆਸਣ ਲਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਗ੍ਰਹਿ ਗ੍ਰਹਿ ਮੰਦਰ ਅੰਦਰ ਪਾਵੇ ਰਾਸਣ, ਮੰਡਲ ਮੰਡਪ ਆਪ ਸੁਹਾਇੰਦਾ। ਭਗਤ ਭਗਵੰਤ ਦਾਸੀ ਦਾਸਨ, ਜੁਗ ਜੁਗ ਸੇਵ ਕਮਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸਨ, ਨਵ ਨੌਂ ਚਾਰ ਪੜਦਾ ਲਾਹਿੰਦਾ। ਗੁਰਮੁਖਾਂ ਕਰੇ ਪੂਰੀ ਆਸਨ, ਆਤਮ ਅੰਤਰ ਮੇਲ ਮਿਲਾਇੰਦਾ। ਨਿਜ ਗ੍ਰਹਿ ਕਰ ਕਰ ਵਾਸਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਸਾਇੰਦਾ। ਸਾਚਾ ਘਰ ਵਸੰਦੜਾ, ਸੋ ਪੁਰਖ ਨਿਰੰਜਣ ਮੀਤ ਮੁਰਾਰ। ਜੁਗ ਜੁਗ ਹਰਿਜਨ ਵੇਖ ਵਖੰਦੜਾ, ਕਰੇ ਕਰਾਏ ਸਾਚੀ ਕਾਰ। ਸੀਸ ਜਗਦੀਸ ਹੱਥ ਰਖੰਦੜਾ, ਨਾਤਾ ਤੋੜ ਸਰਬ ਸੰਸਾਰ। ਸਵੱਛ ਸਰੂਪੀ ਰੂਪ ਵਖੰਦੜਾ, ਜੋਤੀ ਜੋਤ ਨੂਰ ਉਜਿਆਰ। ਥ਼ਾਨ ਧਨੰਤਰ ਸੋਭਾਵੰਤ ਆਪ ਸੁਹੰਦੜਾ, ਆਪ ਆਪਣੀ ਕਿਰਪਾ ਧਾਰ। ਜੁਗ ਜੁਗ ਵਿਛੜੇ ਮੇਲ ਮਿਲੰਦੜਾ, ਕਲਜੁਗ ਪਾਵਣਹਾਰਾ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੰਕ ਦਵਾਰ। ਬੰਕ ਦਵਾਰ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਧਰਨੀ ਧਰਤ ਧਵਲ ਦਏ ਵਡਿਆਇਆ, ਕਰ ਕਿਰਪਾ ਹਰਿ ਮਿਹਰਵਾਨ। ਚਰਨ ਸਰਨ ਸਰਨ ਚਰਨ ਏਕਾ ਰਾਹ ਵਖਾਇਆ, ਮੇਲ ਮਿਲਾਵਾ ਦੋ ਜਹਾਨ। ਮਾਣਸ ਜਨਮ ਲੇਖੇ ਲਾਇਆ, ਗੁਰਮੁਖ ਸਾਚਾ ਕਰ ਪਰਵਾਨ। ਲੱਖ ਚੁਰਾਸੀ ਫੰਦ ਕਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਪਛਾਣ। ਦਰ ਘਰ ਸਾਚਾ ਜਾਣਿਆ, ਹਰਿ ਗੋਬਿੰਦ ਮੀਤ ਮੁਰਾਰ। ਆਦਿ ਜੁਗਾਦਿ ਚਲੇ ਚਲਾਏ ਆਪਣੇ ਭਾਣਿਆ, ਜੁਗਾ ਜੁਗੰਤਰ ਸਾਚੀ ਕਾਰ। ਤਖ਼ਤੋ ਲਾਹੇ ਰਾਜੇ ਰਾਣਿਆਂ, ਗਰੀਬ ਨਿਮਾਣਿਆਂ ਜਾਏ ਤਾਰ। ਜਿਸ ਜਨ ਬਖਸ਼ੇ ਚਰਨ ਧਿਆਨਿਆ, ਦੇਵੇ ਦਰਸ ਅਗੰਮ ਅਪਾਰ। ਨਿਜ ਆਤਮ ਪਰਮਾਤਮ ਦੇਵੇ ਬ੍ਰਹਮ ਗਿਆਨਿਆ, ਬ੍ਰਹਮ ਪਾਰਬ੍ਰਹਮ ਆਧਾਰ। ਈਸ਼ ਜੀਵ ਹੋਏ ਪਰਵਾਨਿਆ, ਘਰ ਮੇਲਾ ਕੰਤ ਭਤਾਰ। ਸ਼ਬਦ ਅਗੰਮੀ ਗਾਏ ਗਾਨਿਆ, ਇਕ ਇਕੱਲਾ ਬੋਲ ਜੈਕਾਰ। ਗੁਰਮੁਖ ਗੁਰਸਿਖ ਗ੍ਰਹਿ ਦਰ ਕਰੇ ਪਰਵਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ। ਕਲਜੁਗ ਅੰਤਮ ਖੇਲ ਅਪਾਰਾ, ਨਿਰਗੁਣ ਨਿਰਵੈਰ ਆਪ ਕਰਾਈਆ। ਜੁਗ ਜਨਮ ਦੇ ਵਿਛੜੇ ਮੇਲੇ ਮੀਤ ਮੁਰਾਰਾ, ਕੋਟਨ ਕੋਟ ਜਨਮ ਦਾ ਲੇਖਾ ਰਿਹਾ ਮੁਕਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਸਮੁੰਦ ਸਾਗਰ ਨੇਤਰ ਨੀਰ ਵਹਾਏ ਸਾਰ ਨਾ ਪਾਏ ਕੋਇ ਸ਼ਾਹੀਆ। ਗੁਰਮੁਖ ਗੁਰਸਿਖ ਤੇਰਾ ਸਤਿ ਦਵਾਰਾ, ਸਤਿ ਸਤਿਵਾਦੀ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਜਨ ਭਗਤਾਂ ਬੁਝਾਏ ਲੱਗੀ ਬਸੰਤਰ, ਨਾਮ ਜਣਾਏ ਏਕਾ ਮੰਤਰ, ਤ੍ਰੈਗੁਣ ਅਗਨੀ ਰਹੇ ਨਾ ਰਾਈਆ। ਤ੍ਰੈਗੁਣ ਨਾਤਾ ਦੇਵੇ ਤੋੜ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦ ਅਗੰਮੀ ਚਾੜ੍ਹੇ ਘੋੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਇੰਦਾ। ਚਰਨ ਪ੍ਰੀਤੀ ਲੱਗੀ ਨਿਭਾਏ ਤੋੜ, ਅਧਵਿਚਕਾਰ ਨਾ ਕੋਇ ਤੁੜਾਇੰਦਾ। ਗੁਰਮੁਖ ਗੁਰਸਿਖ ਨਾਤਾ ਤੁਟੇ ਮੜ੍ਹੀ ਗੋਰ, ਖ਼ਾਕੀ ਖ਼ਾਕ ਨਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਸੁਹੰਜਣਾ ਹਰਿ ਸੁਹਾਇੰਦਾ। ਹਰਿ ਘਰ ਪਾਇਆ ਏਕੰਕਾਰ, ਗੁਰਮੁਖ ਵੱਜੀ ਵਧਾਈਆ। ਨਾਤਾ ਤੁਟਾ ਸਰਬ ਸੰਸਾਰ, ਸਤਿਗੁਰ ਪੂਰਾ ਨਜ਼ਰੀ ਆਈਆ। ਮਾਣਸ ਜਨਮ ਨਾ ਜਾਏ ਹਾਰ, ਮਾਤ ਗਰਭ ਫੇਰ ਨਾ ਆਈਆ। ਲੱਖ ਚੁਰਾਸੀ ਹੋਏ ਖ਼ਵਾਰ, ਜਮ ਕੀ ਫਾਸੀ ਦਏ ਤੁੜਾਈਆ। ਸਚਖੰਡ ਨਿਵਾਸੀ ਕਰ ਪਿਆਰ, ਸਚਖੰਡ ਦਵਾਰੇ ਲਏ ਮਿਲਾਈਆ। ਜੋਤ ਪ੍ਰਕਾਸੀ ਵਿਚ ਸੰਸਾਰ, ਅਬਿਨਾਸ਼ੀ ਕਰਤਾ ਕਰ ਰੁਸ਼ਨਾਈਆ। ਗ਼ਰੀਬ ਨਿਮਾਣੇ ਪਾਵੇ ਸਾਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਪੂਰਬ ਜਨਮਾਂ ਰਿਹਾ ਵਿਚਾਰ, ਜਨਮ ਕਰਮ ਆਪਣੇ ਹੱਥ ਰਖਾਈਆ। ਜਿਸ ਦਰ ਜਿਸ ਘਰ ਚਰਨ ਛੁਹਾਏ ਦਇਆ ਕਮਾਏ ਦੀਨਨ ਦਏ ਸਹਾਰ, ਦੀਨਾਂ ਨਾਥ ਵਡੀ ਵਡਿਆਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਭਗਤ ਭਗਵੰਤ ਏਕਾ ਧਾਰ, ਸੰਤ ਸਤਿਗੁਰ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਵੇਖੇ ਸਾਚਾ ਘਰ, ਘਰ ਮੇਲਾ ਸਹਿਜ ਸੁਭਾਈਆ।
