੮ ਜੇਠ ੨੦੧੮ ਬਿਕਰਮੀ ਬੀਬੀ ਅਮਰੋ ਦੇਵੀ ਦੇ ਗ੍ਰਹਿ ਜੰਮੂ
ਸਤਿ ਪਰਕਾਸ਼ ਸਤਿ ਸਤਿਵਾਦਾ, ਸਤਿ ਸਤਿਵਾਦੀ ਸਤਿ ਜਣਾਈਆ। ਲੇਖਾ ਜਾਣੇ ਬੋਧ ਅਗਾਧਾ, ਅਲਖ ਅਗੋਚਰ ਬੇਪਰਵਾਹੀਆ। ਰੂਪ ਅਨੂਪ ਬ੍ਰਹਮ ਬ੍ਰਹਿਮਾਦਾ, ਪਾਰਬ੍ਰਹਮ ਪ੍ਰਭ ਆਪ ਵਟਾਈਆ। ਸੰਗ ਨਿਭਾਏ ਸੰਤਨ ਸਾਧਾ, ਭਗਤ ਭਗਵੰਤ ਮੇਲ ਮਿਲਾਈਆ। ਵਸਤ ਅਮੋਲਕ ਦੇਵੇ ਦਾਦਾ, ਨਾਮ ਅਨਮੁਲੜਾ ਝੋਲੀ ਪਾਈਆ। ਵੇਸ ਵਟਾਏ ਆਦਿ ਜੁਗਾਦਾ, ਜੁਗਾ ਜੁਗੰਤਰ ਖੇਲ ਖਿਲਾਈਆ। ਸ਼ਬਦ ਵਜਾਏ ਅਨਹਦ ਨਾਦਾ, ਅਨਹਤ ਆਪਣੀ ਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਸ਼ਬਦ ਅਨਾਦ ਸਹਿਜ ਧੁਨਕਾਰਾ, ਗ੍ਰਹਿ ਮੰਦਰ ਹਰਿ ਵਜਾਇੰਦਾ। ਭਗਤ ਵਛਲ ਮੀਤ ਮੁਰਾਰਾ, ਭਗਵਨ ਭਗਤੀ ਵੇਖ ਵਖਾਇੰਦਾ। ਨਿਰਧਨ ਸਰਧਨ ਪਾਵੇ ਸਾਰਾ, ਸਾਰੰਗ ਧਰ ਭਗਵਾਨ ਬੀਠਲੋ ਆਪਣੀ ਖੇਲ ਖਿਲਾਇੰਦਾ। ਅਨਦ ਬਿਨੋਦੀ ਹੋ ਤਿਆਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਇੰਦਾ। ਸਗਲ ਸਮਗਰੀ ਕਰ ਪਸਾਰਾ, ਸਚ ਭੰਡਾਰਾ ਹਰਿ ਕਰਤਾਰਾ, ਨਿਰਾਕਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਚ ਭੰਡਾਰਾ ਨਾਮ ਅਮੋਲਕ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਤ੍ਰੈਗੁਣ ਅਤੀਤਾ ਇਕ ਰਖਾਏ ਸਾਚੀ ਗੋਲਕ, ਘਰ ਮੰਦਰ ਆਪ ਟਿਕਾਈਆ। ਸ਼ਬਦ ਜਣਾਈ ਅਨ ਅਨਬੋਲਤ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਆਦਿ ਜੁਗਾਦਿ ਰਹੇ ਅਡੋਲਤ, ਅਡੋਲ ਅਡੁਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਸਾਚਾ ਉਠਿਆ, ਹਰਿ ਸਤਿਗੁਰ ਆਪ ਉਠਾਏ। ਨਿਰਵੈਰ ਪੁਰਖ ਏਕਾ ਤੁੱਠਿਆ, ਪਾਰਬ੍ਰਹਮ ਸੱਚੀ ਸਰਨਾਏ। ਨਿਝਰ ਆਤਮ ਦੇਵੇ ਸਾਚਾ ਘੁਟਿਆ, ਅੰਮਿਉਂ ਰਸ ਆਪਣਾ ਆਪ ਪਿਆਏ। ਹਉਂਮੇ ਹੰਗਤਾ ਮਾਇਆ ਮਮਤਾ ਕੱਢੇ ਵਾਸਨਾ ਖੋਟਿਆ, ਦੂਈ ਦਵੈਤੀ ਰਹਿਣ ਨਾ ਪਾਏ। ਪਕੜ ਉਠਾਏ ਬਹਾਏ ਸਾਚੀ ਚੋਟੀਆ, ਦੋ ਜਹਾਨਾਂ ਪੰਧ ਮੁਕਾਏ। ਪੁਰਖ ਅਕਾਲ ਇਕ ਵਖਾਏ ਸਾਚੀ ਓਟਿਆ, ਦੂਸਰ ਓਟ ਨਾ ਕੋਇ ਜਣਾਏ। ਸਚ ਸੁਹੰਜਣਾ ਬਣਾਏ ਕਿਲਾ ਕੋਟਿਆ, ਕੋਟਨ ਕੋਟੀ ਗੜ੍ਹ ਤੁੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਏ। ਹਰਿਜਨ ਸਾਚਾ ਜਾਗਿਆ, ਜਾਗਰਤ ਜੋਤ ਹਰਿ ਜਗਾਏ। ਜਨਮ ਜਨਮ ਦਾ ਧੋਵੇ ਦਾਗ਼ਿਆ, ਦੁਰਮਤ ਮੈਲ ਧਵਾਏ। ਆਤਮ ਜੋਤ ਦੀਪ ਜਗੇ ਚਿਰਾਗਿਆ, ਬਿਮਲ ਰੂਪ ਦਰਸਾਏ। ਫੜ ਫੜ ਹੰਸ ਬਣਾਏ ਕਾਗਿਆ, ਸੋਹੰ ਹੰਸਾ ਚੋਗ ਚੁਗਾਏ। ਮੇਲ ਮਿਲਾਏ ਮਾਧਵ ਮਾਧਿਆ, ਆਤਮ ਪਰਮਾਤਮ ਏਕਾ ਰੰਗ ਰੰਗਾਏ। ਨਾਮ ਸੁਣਾਏ ਬੋਧ ਅਗਾਧਿਆ, ਸ਼ਬਦ ਅਨਾਦੀ ਨਾਦ ਵਜਾਏ। ਹਰਿਜਨ ਲੱਖ ਚੁਰਾਸੀ ਵਿਚੋਂ ਕਾਢਿਆ, ਬਖ਼ਸ਼ੇ ਚਰਨ ਸਰਨ ਸੱਚੀ ਸਰਨਾਏ। ਲੇਖਾ ਜਾਣੇ ਆਦਿ ਜੁਗਾਦਿਆ, ਜੁਗਾ ਜੁਗੰਤਰ ਰੂਪ ਧਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਏ। ਹਰਿਜਨ ਮੇਲ ਮਲੰਨਿਆ, ਪੁਰਖ ਪੁਰਖੋਤਮ ਕਰ ਪਿਆਰ। ਦੇਵੇ ਨਾਮ ਸੱਚਾ ਸਚ ਧੰਨਿਆ, ਧੰਨ ਖ਼ਜ਼ੀਨਾ ਏਕੰਕਾਰ। ਲੋਕਮਾਤ ਨਾ ਜਾਏ ਡੰਨਿਆ, ਰਾਏ ਧਰਮ ਨਾ ਕਰੇ ਖ਼ਵਾਰ। ਸਤਿ ਸਤਿਵਾਦ ਚੜ੍ਹਾਏ ਚੰਨਿਆ, ਸੂਰਜ ਚੰਨ ਹੋਏ ਸ਼ਰਮਸਾਰ। ਗੁਰਮੁਖ ਬੇੜਾ ਆਪੇ ਬੰਨ੍ਹਿਆ, ਗੁਰ ਸਤਿਗੁਰ ਚੁੱਕੇ ਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਚ ਉਭਾਰੀਅਨ, ਕਰ ਕਿਰਪਾ ਗੁਣ ਨਿਧਾਨ। ਜੁਗ ਕਰਤਾ ਜੁਗ ਜੁਗ ਪੈਜ ਸਵਾਰੀਅਨ, ਕਰੇ ਕਰਾਏ ਸਚ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਪਾਰ ਕਿਨਾਰਾ ਡੂੰਘਾ ਸਾਗਰ, ਕਲਜੁਗ ਧਾਰ ਆਪ ਵਖਾਈਆ। ਹਰਿਜਨ ਵੇਖੇ ਕਾਇਆ ਗਾਗਰ, ਗ੍ਰਹਿ ਮੰਦਰ ਖੋਜ ਖੁਜਾਈਆ। ਕਰੇ ਕਰਾਏ ਨਿਰਮਲ ਕਰਮ ਉਜਾਗਰ, ਨਿਹਕਰਮੀ ਕਰਮ ਕਮਾਈਆ। ਸੰਤ ਸੁਹੇਲੇ ਦੇਵੇ ਆਦਰ, ਸੇਵਕ ਸੇਵਾ ਆਪ ਕਮਾਈਆ। ਏਕਾ ਰਾਗ ਸੁਣਾਏ ਦਾਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦੋ ਜਹਾਨਾਂ ਕਰ ਕਰ ਆਦਰ, ਹਰਿ ਭਗਤ ਦਏ ਵਡਿਆਈਆ। ਲੇਖਾ ਜਾਣੇ ਸਿਦਕ ਸਬੂਰੀ ਸਾਦਰ, ਸਤਿ ਸੰਤੋਖ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਚ ਸਮਾਈਆ। ਹਰਿਜਨ ਹਰਿ ਸਮਾਇਆ, ਨਿਰਗੁਣ ਸਰਗੁਣ ਰੂਪ ਅਗੰਮ। ਘਟ ਅੰਤਰ ਡੇਰਾ ਲਾਇਆ, ਨਾ ਮਰੇ ਨਾ ਪਏ ਜੰਮ। ਸੁਰਤੀ ਸ਼ਬਦੀ ਮੇਲ ਮਿਲਾਇਆ, ਆਪ ਆਪਣਾ ਬੇੜਾ ਬੰਨ੍ਹ। ਸਾਚੇ ਮੰਦਰ ਸੋਭਾ ਪਾਇਆ, ਨਾ ਕੋਈ ਸੂਰਜ ਨਾ ਕੋਈ ਚੰਨ। ਜੋਤ ਪਰਕਾਸ਼ ਇਕ ਧਰਾਇਆ, ਸ਼ਬਦੀ ਨਾਦ ਵਜਾਏ ਧੁਨ। ਰਾਗੀ ਨਾਦੀ ਆਪ ਅਖਵਾਇਆ, ਆਪੇ ਜਾਣੇ ਆਪਣਾ ਗੁਣ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇਆ, ਲੱਖ ਚੁਰਾਸੀ ਛਾਣ ਪੁਣ। ਹਰਿਜਨ ਸਾਚੇ ਲਏ ਉਠਾਇਆ, ਜੀਵ ਜਹਾਨਾਂ ਆਪੇ ਚੁਣ। ਆਪ ਆਪਣਾ ਮੇਲ ਮਿਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਪੁਕਾਰ ਸੁਣ। ਸੁਣੇ ਪੁਕਾਰ ਦੀਨ ਹਰਿ ਦੀਨਨ, ਦੀਨਾ ਨਾਥ ਵਡੀ ਵਡਿਆਈਆ। ਹਰਿਜਨ ਹਰਿ ਹਰਿ ਹੋਏ ਅਧੀਨਨ, ਦਿਵਸ ਰੈਣ ਧਿਆਨ ਲਗਾਈਆ। ਜਗਤ ਵਿਛੋੜਾ ਜਿਉਂ ਜਲ ਮੀਨਨ, ਜਲ ਮੀਨ ਸਦਾ ਤ੍ਰਿਪਤਾਈਆ। ਕਾਇਆ ਚੋਲੀ ਚਾੜ੍ਹੇ ਰੰਗ ਭੀਨਨ, ਰੰਗ ਰਤੜਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਸੰਗ ਨਿਭਾਈਆ। ਸਗਲਾ ਸੰਗ ਹਰਿ ਰਘੁਨਾਥਾ, ਹਰਿਜਨ ਹਰਿ ਹਰਿ ਆਪ ਨਿਭਾਇੰਦਾ। ਲੇਖਾ ਜਾਣੇ ਮਸਤਕ ਮਾਥਾ, ਪੂਰਬ ਲਹਿਣਾ ਵੇਖ ਵਖਾਇੰਦਾ। ਨਾਮ ਚੜ੍ਹਾਏ ਸਾਚੇ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਜਨ ਆਪਣਾ ਦਰਸ ਦਖਾਇੰਦਾ। ਆਵਣ ਜਾਵਣ ਚੁੱਕੇ ਵਾਟਾ, ਦੋ ਜਹਾਨਾਂ ਪੰਧ ਮੁਕਾਇੰਦਾ। ਸਖਾ ਸਖਾਈ ਬਣੇ ਪਿਤਾ ਮਾਤਾ, ਗੁਰਸਿਖ ਆਪਣੀ ਗੋਦ ਸੁਹਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਅੰਧ ਅਗਿਆਨ ਗਵਾਇੰਦਾ। ਉਤਮ ਕਰੇ ਹਰਿਜਨ ਜ਼ਾਤਾ, ਜ਼ਾਤ ਅਜ਼ਾਤੀ ਵੇਖ ਵਖਾਇੰਦਾ। ਦਰਸ ਦਖਾਏ ਇਕ ਇਕਾਂਤਾ, ਨਿਰਗੁਣ ਜੋਤ ਡਗਮਗਾਇੰਦਾ। ਏਕਾ ਨਾਉਂ ਏਕਾ ਗਾਥਾ, ਏਕਾ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖਣਹਾਰਾ, ਜਗਤ ਜਗਦੀਸ਼ਰ ਆਪ ਅਖਵਾਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਆਪਣਾ ਰੂਪ ਵਟਾਈਆ। ਸਾਕਤ ਨਿੰਦਕ ਦੁਸ਼ਟ ਲੇਖਾ ਜਾਣੇ ਦੁਰਾਚਾਰਾ, ਅਭੁਲ ਭੁਲ ਕਦੇ ਨਾ ਜਾਈਆ। ਗੁਰਮੁਖ ਗੁਰਸਿਖ ਆਤਮ ਅੰਤਰ ਕਰੇ ਪੁਕਾਰਾ, ਦਿਵਸ ਰੈਣ ਸਦਾ ਬਿਲਲਾਈਆ। ਹਰਿਜਨ ਹਰਿ ਕਾ ਲੇਖਾ ਕਾਗਦ ਕ਼ਲਮ ਨਾ ਲਿਖਣਹਾਰਾ, ਬਨਾਸਪਤ ਦੇਵੇ ਸਚ ਗਵਾਹੀਆ। ਸੱਤ ਸਮੁੰਦਰ ਰੋਵੇ ਜ਼ਾਰੋ ਜ਼ਾਰਾ, ਮਸ ਆਪਣਾ ਰੂਪ ਵਟਾਈਆ। ਹਰਿਜਨ ਮੇਲਾ ਧੁਰ ਦਰਬਾਰਾ, ਧੁਰ ਦੀ ਬਾਣੀ ਆਪ ਪੜ੍ਹਾਈਆ। ਇਕ ਇਕੱਲਾ ਏਕੰਕਾਰਾ, ਅਕਲ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਵੇਖੇ ਥਾਨ ਥਨੰਤਰ, ਨਵ ਨਵ ਫੇਰਾ ਪਾਇਆ। ਵੇਸ ਵਟਾਏ ਗਗਨ ਗਗਨੰਤਰ ਘਟ ਘਟ ਆਪਣਾ ਨੂਰ ਧਰਾਇਆ। ਸ਼ਬਦ ਅਗੰਮੀ ਏਕਾ ਮੰਤਰ, ਲੱਖ ਚੁਰਾਸੀ ਆਪ ਪੜ੍ਹਾਇਆ। ਸਤਿ ਸਤਿਵਾਦ ਬਣਾਏ ਬਣਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇਆ। ਗੁਰਮੁਖ ਭੇਵ ਖੁਲ੍ਹਾਇੰਦਾ, ਖ਼ਾਲਕ ਖ਼ਲਕ ਰੂਪ ਮਿਹਰਵਾਨ। ਦੇਵੀ ਦੇਵ ਆਪ ਅਖਵਾਇੰਦਾ, ਇਸ਼ਟ ਦੇਵ ਸ੍ਰੀ ਭਗਵਾਨ। ਅਲਖ ਨਿਰੰਜਣ ਸੇਵ ਕਮਾਇੰਦਾ। ਅਲਖ ਅਗੋਚਰ ਹੋ ਮਿਹਰਵਾਨ। ਨਾਮ ਅੰਜਨ ਆਪਣੇ ਹੱਥ ਰਖਾਇੰਦਾ, ਦੇਵਣਹਾਰਾ ਦੋ ਜਹਾਨ। ਦਰਦ ਦੁੱਖ ਭੈ ਭੰਜਨ ਆਪਣਾ ਖੇਲ ਖਿਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸੱਚਾ ਮਾਣ। ਭੈ ਭੰਜਨ ਭਵ ਸਾਗਰ ਤਰਿਆ, ਹਰਿ ਸਤਿਗੁਰ ਵਡ ਵਡਿਆਈਆ। ਗੁਰਮੁਖ ਗੁਰਸਿਖ ਭੈ ਭਿਆਨਕ ਵਿਚ ਨਾ ਡਰਿਆ, ਨਿਰਭੌ ਭੈ ਆਪ ਚੁਕਾਈਆ। ਇਕ ਨੁਹਾਏ ਸਾਚੇ ਸਰਿਆ, ਸਰ ਸਰੋਵਰ ਇਕ ਵਖਾਈਆ। ਹਰਿਜਨ ਹਰਿ ਹਰਿ ਆਪ ਆਪਣੇ ਜੇਹਾ ਕਰਿਆ, ਦੁਰਮਤ ਮੈਲ ਧਵਾਈਆ। ਨਾਰੀ ਪੁਰਖ ਏਕਾ ਵਰਿਆ, ਏਕਾ ਘਰ ਵੱਜੀ ਵਧਾਈਆ। ਨਾਮ ਪੱਲੂ ਸਾਚਾ ਫੜਿਆ, ਛੁੱਟ ਕਦੇ ਨਾ ਜਾਈਆ। ਸਾਚੇ ਪੌੜੇ ਆਪੇ ਚੜ੍ਹਿਆ, ਚੌਥੇ ਦਰ ਮਿਲੇ ਵਡਿਆਈਆ। ਪੰਚਮ ਮੇਲਾ ਸਾਚੇ ਘਰਿਆ, ਛੇਵਾਂ ਛੱਪਰ ਛੰਨ ਨਾ ਕੋਇ ਛੁਹਾਈਆ। ਸੱਤਵਾਂ ਸਤਿ ਸਤਿਵਾਦੀ ਨਰ ਨਰਿਆ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਅੱਠਾਂ ਤੱਤਾਂ ਵਿਚ ਨਾ ਅੜਿਆ, ਨੌਂ ਦੁਆਰ ਨਾ ਫੇਰਾ ਪਾਈਆ। ਆਪਣਾ ਘਾੜਨ ਆਪੇ ਘੜਿਆ, ਘੜੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਸੁਰਤੀ ਸ਼ਬਦੀ ਮੇਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਖਾਏ ਆਪਣਾ ਘਰ, ਬੰਕ ਦੁਆਰੀ ਬੰਕ ਖੁਲ੍ਹਾਈਆ। ਗੁਰਸਿਖਾਂ ਭਾਰ ਚੁਕਿਆ ਪੀਠ, ਗੁਰਸਿਖਾਂ ਆਪ ਸਮਝਾਈਆ। ਕਰੇ ਖੇਲ ਸਾਹਿਬ ਅਨਡੀਠ, ਅਨਡਿਠੜੀ ਰੀਤ ਚਲਾਈਆ। ਜਿਸ ਬਖ਼ਸ਼ੇ ਹਿਰਦੇ ਅੰਦਰ ਪ੍ਰੀਤ, ਅਤੀਤ ਵੇਖੇ ਥਾਉਂ ਥਾਈਂਆ। ਹਰਿਜਨ ਮੀਤਾ ਠੰਡਾ ਸੀਤ, ਸਤਿ ਸਤਿਵਾਦੀ ਬੇਪਰਵਾਹੀਆ। ਗੁਰਸਿਖ ਗੁਰਮੁਖ ਬਦਲ ਨਾ ਜਾਏ ਤੇਰੀ ਨੀਤ, ਤੇਰਾ ਦੁਖੜਾ ਗੁਰ ਸਤਿਗੁਰ ਆਪਣੀ ਪੀਠ ਉਠਾਈਆ। ਤੇਰੀ ਕਾਇਆ ਕਰੇ ਪਤਤ ਪੁਨੀਤ, ਆਪਣੀ ਕਾਇਆ ਧਾਰ ਵਹਾਈਆ। ਅਚਰਜ ਚਲਾਈ ਮਾਤ ਰੀਤ, ਦੂਸਰ ਅਵਰ ਨਾ ਕੋਇ ਵਡਿਆਈਆ। ਏਕਾ ਰੰਗ ਸਮਾਇਆ ਹਸਤ ਕੀਟ, ਊਚ ਨੀਚ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਸਤਰ ਇਕ ਵਖਾਈਆ। ਨਾਮ ਨਸਤਰ ਗੁਰਸਿਖ ਹੱਥ, ਗੁਰ ਗੁਰ ਆਪ ਫੜਾਇੰਦਾ। ਆਪਣੇ ਵਿਚੋਂ ਕੱਢੇ ਗੁਰਮੁਖ ਪਿਆਰ ਰਤ, ਰਤੀ ਰਤ ਨਾ ਕੋਇ ਜਣਾਇੰਦਾ। ਬੀਜ ਬੀਜਿਆ ਆਪਣੇ ਵਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਕਮਲਾਪਤ, ਕਵਲ ਮੁਖ ਗੁਰਮੁਖ ਆਪ ਉਲਟਾਇੰਦਾ। ਗੁਰਸਿਖ ਚੀਰੇ ਚਾਰ ਧਾਰ, ਗੇੜਾ ਗੇੜੇ ਵਿਚ ਰਖਾਈਆ। ਕਰੇ ਖੇਲ ਗੁਪਤ ਜ਼ਾਹਰ, ਅੰਦਰ ਬਾਹਰ ਰੰਗ ਸਮਾਈਆ। ਹਰਿਜਨ ਹਿਰਦਾ ਹਰਿ ਵਿਚਾਰ, ਹਿਰਦਾ ਹਰਿ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪੀਠ ਆਪੇ ਰਿਹਾ ਕਟਾਈਆ। ਆਪਣੀ ਪੀਠ ਦੇਵੇ ਕੱਟ, ਗੁਰਮੁਖ ਸੇਵ ਲਗਾਇਆ, ਅੰਦਰ ਵਖਾਇਆ ਆਪਣਾ ਹੱਟ, ਹੱਟ ਹਟਵਾਣਾ ਬੈਠਾ ਡੇਰਾ ਲਾਇਆ। ਕਰੇ ਖੇਲ ਪੁਰਖ ਸਮਰਥ, ਦਰਦੀ ਦਰਦੀਆਂ ਦਰਦ ਵੰਡਾਇਆ। ਆਪਣਾ ਆਪ ਦੇਵੇ ਕੱਟ, ਗੁਰਸਿਖ ਦੁਖੜਾ ਨੇੜ ਕਦੇ ਨਾ ਆਇਆ। ਆਪਣਾ ਪਰੇਮ ਗੁਰਸਿਖ ਮੇਟੇ ਫੱਟ, ਸਚ ਜਰਾਹ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਰਖਾਇਆ।
