Granth 10 Likhat 101: 13 Jeth 2018 Bikarmi Fagga Singh de Greh Pind Dhingali Jammu

੧੩ ਜੇਠ ੨੦੧੮ ਬਿਕ੍ਰਮੀ ਫੱਗਾ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਜੀਵ ਜਗਤ ਹੈ ਜੋਬਨ ਜਵਾਨੀ, ਲੋਕਮਾਤ ਹੰਢਾਈਆ। ਵਰਨ ਬਰਨ ਰਾਓ ਰੰਕ ਦਿਸੇ ਫ਼ਾਨੀ, ਅੰਤ ਕੋਇ ਰਹਿਣ ਨਾ ਪਾਈਆ। ਥਿਰ ਨਾ ਰਹੇ ਰਾਜਾ ਰਾਣੀ, ਰਈਅਤ ਰੰਗ ਨਾ ਕੋਇ ਵਖਾਈਆ। ਜੁਗ ਜੁਗ ਚਲਦੀ ਰਹੇ ਕਹਾਣੀ, ਚਾਰ ਕੁੰਟ ਵਡਿਆਈਆ। ਗੁਰਮੁਖ ਵਿਰਲੇ ਮਿਲੇ ਨਾਮ ਨਿਸ਼ਾਨੀ, ਹਰਿ ਸਤਿਗੁਰ ਆਪ ਦਵਾਈਆ। ਸ਼ਬਦ ਜਣਾਏ ਸਾਚੀ ਬਾਣੀ, ਏਕਾ ਅੱਖਰ ਕਰ ਪੜ੍ਹਾਈਆ। ਭੇਵ ਨਾ ਪਾਏ ਕੋਈ ਵਿਦਵਾਨੀ, ਵਿਦਿਆ ਵਿਦਤ ਸਾਰ ਨਾ ਰਾਈਆ। ਭਗਤ ਵਛਲ ਗੁਣ ਨਿਧਾਨੀ, ਗੁਣਵੰਤਾ ਬੇਪਰਵਾਹੀਆ। ਹਰਿਜਨ ਬਖ਼ਸ਼ੇ ਚਰਨ ਧਿਆਨੀ, ਕਵਲ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਜੀਵ ਜਗਤ ਜੋਬਨ ਰੰਗ, ਲੋਕਮਾਤ ਹੰਢਾਇੰਦਾ। ਜਗਤ ਸੇਜਾ ਵੇਖ ਪਲੰਘ, ਝੂਠੇ ਬਸਤਰ ਆਸਣ ਲਾਇੰਦਾ। ਤੰਬੂਰ ਸਤਾਰ ਵਜਾਏ ਮਰਦੰਗ, ਪ੍ਰੀਤ ਗੀਤ ਗਾਇੰਦਾ। ਭੈਣਾਂ ਭਈਆ ਗਾਏ ਛੰਦ, ਸਾਕ ਸੱਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਜਗਤ ਜੋਬਨ ਜੀਵ ਜੰਤ, ਲੋਕਮਾਤ ਹੰਢਾਈਆ। ਨਾਤਾ ਜੁੜਿਆ ਨਾਰੀ ਕੰਤ, ਕੰਤ ਨਾਰ ਖ਼ੁਸ਼ੀ ਮਨਾਈਆ। ਜਗਤ ਵਾਸਨਾ ਬਣਾਉਂਦੇ ਰਹੇ ਬਣਤ, ਛੱਪਰ ਛੰਨ ਛੁਹਾਈਆ। ਆਪਣਾ ਵੇਲਾ ਨਾ ਕੋਈ ਜਾਣਾਏ ਅੰਤ, ਅੰਤ ਕੌਣ ਹੋਏ ਸਹਾਈਆ। ਮਿਲ ਮਿਲ ਸਖ਼ੀਆਂ ਗਾਉਂਦੇ ਰਹੇ ਛੰਦ, ਜੀਵਣ ਢੋਲਾ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਰਖਾਈਆ। ਜਗਤ ਜੋਬਨ ਮਸਤ ਅਲਮਸਤ, ਲੱਖ ਚੁਰਾਸੀ ਖੇਲ ਖਿਲਾਇੰਦਾ। ਰੂਪ ਰੰਗ ਕੀਟ ਹਸਤ, ਜੂਨ ਅਜੂਨੀ ਆਪ ਵਖਾਇੰਦਾ। ਭੂਸ਼ਨ ਤਨ ਪਹਿਨਾਏ ਸੁਹਾਏ ਬਸਤ, ਜਗਤ ਸ਼ਿੰਗਾਰ ਕਰਾਇੰਦਾ। ਖਾਣਾ ਪੀਣਾ ਪਹਿਨਣ ਦੇਵੇ ਰਸਤ, ਜਗਤ ਧਰਵਾਸ ਧਰਾਇੰਦਾ। ਸਾਜਣ ਮੀਤ ਮਿਲਾਏ ਦਸਤ, ਏਕਾ ਦੂਜਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਖੇਲ ਆਪ ਖਿਲਾਇੰਦਾ। ਜਗਤ ਜੋਬਨ ਜੋਰੂ ਜ਼ਰ, ਚਾਰ ਕੁੰਟ ਵਡਿਆਈਆ। ਘਰ ਘਰ ਖ਼ੁਸ਼ੀਆਂ ਰਹੇ ਕਰ, ਜਗਤ ਵਾਸਨਾ ਸੰਗ ਮਿਲਾਈਆ। ਏਕਾ ਭੁੱਲਿਆ ਅਬਿਨਾਸ਼ੀ ਹਰਿ, ਜਿਸ ਜਨ ਬਣਤ ਬਣਾਈਆ। ਨਿਰਭੌ ਚੁੱਕਿਆ ਭੈ ਡਰ, ਭਿਆਨਕ ਆਪਣਾ ਮੁਖ ਛੁਪਾਈਆ। ਜੀਵ ਜਗਤ ਆਪਣੀ ਕਰਨੀ ਰਹੇ ਕਰ, ਸਾਚੀ ਕਿਰਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੰਧਨ ਏਕਾ ਪਾਈਆ। ਜਗਤ ਬੰਧਨ ਜਗਤ ਕੁਟੰਬ, ਕੂੜ ਕੁੜਿਆਰਾ ਖੇਲ ਖਿਲਾਇਆ। ਨਾਤਾ ਬਿਧਾਤਾ ਪਾਏ ਬੰਦ, ਬੰਦੀ ਬੰਦ ਨਾ ਕੋਇ ਤੁੜਾਇਆ। ਹੱਸ ਹੱਸ ਮੇਲਾ ਬੱਤੀ ਦੰਦ, ਨੇਤਰ ਨੈਣਾਂ ਦਰਸ਼ਨ ਪਾਇਆ। ਕੋਇ ਨਾ ਗਾਏ ਸੁਹਾਗੀ ਛੰਦ, ਹਿਰਦੇ ਹਰਿ ਨਾ ਕੋਇ ਵਸਾਇਆ। ਕੋਈ ਉਪਜੇ ਜੇਰਜ ਅੰਡ, ਉਤਭੁਜ ਸੇਤਜ ਕੋਇ ਧਰਾਇਆ। ਪਾਰਬ੍ਰਹਮ ਪ੍ਰਭ ਵੰਡੀ ਵੰਡ, ਲੱਖ ਚੁਰਾਸੀ ਖੇਲ ਖਿਲਾਇਆ, ਮਾਨਸ ਜਨਮ ਹੋ ਬਖ਼ਸ਼ਿੰਦ, ਆਪਣਾ ਭੇਵ ਚੁਕਾਇਆ। ਧਰ ਧਰ ਨੂਰ ਨਿਰਗੁਣ ਚੰਦ, ਸਾਚਾ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਇਆ। ਜਗਤ ਜੋਬਨ ਚੰਦ ਚਕੋਰ, ਏਕਾ ਰੰਗ ਸਮਾਈਆ। ਝੂਠਾ ਨਾਤਾ ਬੱਧੀ ਡੋਰ, ਮਾਇਆ ਮਮਤਾ ਸੰਗ ਰਖਾਈਆ। ਕਰੇ ਵਾਸ ਅੰਧ ਘੋਰ, ਪਰਕਾਸ਼ ਨਾ ਕੋਇ ਧਰਾਈਆ। ਅੰਦਰ ਰੱਖੇ ਪੰਜ ਚੋਰ, ਦਿਵਸ ਰੈਣ ਲੁੱਟ ਲੁੱਟ ਰਹੇ ਖਾਈਆ। ਕੋਈ ਨਾ ਸਕੇ ਮਾਤ ਹੋੜ, ਆਪਣਾ ਬਲ ਨਾ ਕੋਇ ਵਖਾਈਆ। ਜਗਤ ਵਾਸਨਾ ਰੱਖੀ ਲੋੜ, ਜਗਤ ਜੁਗਤ ਕਰਨ ਕੁੜਮਾਈਆ। ਬਿਨ ਸਵਾਂਗ ਵਜਾਇਣ ਢੋਲ, ਚਾਰ ਕੁੰਟ ਸ਼ਨਵਾਈਆ। ਆਪਣਾ ਮੰਦਰ ਨਾ ਸਕੇ ਕੋਇ ਫੋਲ, ਪਰਦਾ ਸਕੇ ਨਾ ਕੋਇ ਉਠਾਈਆ। ਕੌਣ ਵਸਤ ਜਨ ਮਿਲੀ ਅਨਤੋਲ, ਤੇਰੇ ਹੱਟ ਰਖਾਈਆ। ਕੌਣ ਕੰਡੇ ਤੋਲੇ ਤੋਲ, ਧੜੀ ਸੇਰ ਨਾ ਵੱਟਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜਗਤ ਦਏ ਵਡਿਆਈਆ। ਜੀਵਣ ਜਗਤ ਜੋਬਨ ਮਲਾਹ, ਲੋਕਮਾਤ ਬੇੜਾ ਰਿਹਾ ਚਲਾਈਆ। ਰੂਪ ਰੰਗ ਦਏ ਸਾਲਾਹ, ਕਾਮ ਕਾਮਨਾ ਖੇਲ ਖਿਲਾਈਆ। ਮਾਪਿਆਂ ਖ਼ੁਸ਼ੀ ਖ਼ੁਸ਼ੀ ਰਖਿਆ ਏਕਾ ਨਾਂ, ਨਾਂ ਲੈ ਲੈ ਰਹੇ ਜਸ ਗਾਈਆ। ਕੋਈ ਨਰਾਇਣ ਕੋਈ ਰਾਮ ਕਹੇ ਮਾਂ, ਕੋਈ ਕ੍ਰਿਸ਼ਨ ਅਵਾਜ਼ ਲਗਾਈਆ। ਕੋਈ ਨਾਨਕ ਸੱਦਾ ਦੇਵੇ ਥਾਂ ਥਾਂ, ਕੋਈ ਗੋਬਿੰਦ ਰਿਹਾ ਸੁਣਾਈਆ। ਬਿਨ ਗੋਬਿੰਦ ਖ਼ਾਲੀ ਦਿਸਣ ਸਾਰੇ ਥਾਂ, ਝੂਠੀ ਖ਼ਾਕ ਨਜ਼ਰੀ ਆਈਆ। ਪੰਜ ਤੱਤ ਦਿਸੇ ਨਿਸ਼ਾਂ, ਹੱਡ ਮਾਸ ਨਾੜੀ ਰਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤਨ ਵੇਖ ਵਖਾਈਆ। ਜਗਤ ਜੀਵ ਜੋਬਨ ਆਸ, ਜੁਗ ਜੁਗ ਇਕ ਰਖਾਇੰਦਾ। ਆਪਣਾ ਨੂਰ ਕਰ ਪਰਕਾਸ਼, ਚਾਰੋਂ ਕੁੰਟ ਚਮਕਾਇੰਦਾ। ਸ਼ਾਹ ਪਾਤਸ਼ਾਹ ਬਣ ਬਣ ਗ਼ਰੀਬ ਨਿਮਾਣਿਆਂ ਕਰੇ ਦਾਸੀ ਦਾਸ, ਦਾਸ ਰੂਪ ਨਾ ਆਪ ਵਟਾਇੰਦਾ। ਗ਼ਰੀਬ ਨਿਮਾਣਾ ਬਣ ਬਣ ਬਣਿਆ ਰਹੇ ਨਿਰਾਸ, ਆਸਾ ਪੂਰ ਨਾ ਕੋਇ ਕਰਾਇੰਦਾ। ਲੇਖਾ ਗਿਣ ਗਿਣ ਥੱਕੇ ਪਵਣ ਸਵਾਸ, ਲੇਖਾ ਲੇਖ ਨਾ ਕੋਇ ਰਖਾਇੰਦਾ। ਨੇਤਰ ਉਠ ਉਠ ਤੱਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਖ ਵਖਾਇੰਦਾ। ਸੂਰਜ ਚੰਨ ਵੇਖ ਪਰਕਾਸ਼, ਆਪਣਾ ਜਗਤ ਕਾਜ ਰਚਾਇੰਦਾ। ਰੈਣ ਅੰਧੇਰੀ ਅਮਾਵਸ ਮਾਸ, ਸੋਇਆ ਵਕ਼ਤ ਗਵਾਇੰਦਾ। ਅੱਠੇ ਪਹਿਰ ਰਹੇ ਪਰਭਾਸ, ਜੂਹ ਉਜਾੜ ਜੰਗਲ ਫੇਰਾ ਪਾਇੰਦਾ। ਡੂੰਘੀ ਕੰਦਰ ਸੋਚ ਹੌਕਾ ਭਰੇ ਏਕਾ ਕਾਸ਼, ਹਾਏ ਹਾਏ ਸਰਬ ਕੁਰਲਾਇੰਦਾ। ਨਾਤਾ ਜੁੜਿਆ ਮਾਸ ਮਾਸ, ਮਾਸ ਮਾਸ ਖੇਲ ਖਿਲਾਇੰਦਾ। ਪਿਤਾ ਪੁਤ ਕਹੇ ਸ਼ਾਬਾਸ਼, ਜੋਰੂ ਜ਼ਰ ਜੋ ਘਰ ਲਿਆਇੰਦਾ। ਲੁੱਟੇ ਧਨ ਜੋ ਹਾਥੋ ਹਾਥ, ਤਿਸ ਜਗਤ ਵਡਿਆਇੰਦਾ। ਕੋਈ ਨਾ ਜਾਣੇ ਪੈਂਡਾ ਘਾਟ, ਘਾਟਾ ਨਜ਼ਰ ਕਿਸੇ ਨਾ ਆਇੰਦਾ। ਕੋਈ ਨਾ ਜਾਣੇ ਵਿਕਣਾ ਅੰਤਮ ਹਾਟ, ਸਾਚਾ ਸ਼ਾਹ ਲੇਖਾ ਨਾ ਕਦੇ ਮੁਕਾਇੰਦਾ। ਹੋਏ ਗ਼ਾਫ਼ਲ ਸੁੱਤਾ ਖਾਟ, ਜਗਤ ਵਿਛੌਣਾ ਆਪ ਵਛਾਇੰਦਾ। ਮੂਰਖ ਮੁਗਧ ਭੁੱਲਾ ਲੱਖ ਚੁਰਾਸੀ ਫਿਰਨਾ ਆਣ ਬਾਟ, ਮੁੜ ਮੁੜ ਗੇੜਾ ਗਰਭਵਾਸ ਵਖਾਇੰਦਾ। ਫਸਿਆ ਰਿਹਾ ਜ਼ਾਤ ਪਾਤ, ਆਪਣੀ ਜ਼ਾਤ ਸਫਾਤ ਨਾ ਕੋਇ ਕਰਾਇੰਦਾ। ਵਾਂਹਦਾ ਰਿਹਾ ਆਫ਼ਤਾਬ, ਮਸ਼ਰਕ ਮਗ਼ਰਬ ਰੂਪ ਵਟਾਇੰਦਾ। ਨਾ ਕੋਈ ਜਾਣੇ ਪੁੰਨ ਸਵਾਬ, ਸੁਹਬਤ ਜਗਤ ਸਰਬ ਸਾਲਾਹਿੰਦਾ। ਏਕਾ ਵੇਖੇ ਮਾਈ ਬਾਪ, ਜਨਮ ਜਨਮ ਜੋ ਮਾਤ ਦਵਾਇੰਦਾ। ਕੋਈ ਨਾ ਜਾਣੇ ਆਪਣਾ ਘਾਟ, ਪਾਰ ਕਿਨਾਰਾ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੋਬਨ ਜਗਤ ਵਾਸ ਜੁਗ ਜੁਗ ਆਪ ਧਰਾਇੰਦਾ। ਜਗਤ ਜੋਬਨ ਚੜ੍ਹਿਆ ਚਾਅ, ਨਿਵ ਨਿਵ ਖ਼ੁਸ਼ੀ ਮਨਾਈਆ। ਆਪਣੀਆਂ ਭੁਜਾਂ ਲਏ ਉਠਾ, ਆਪਣਾ ਬਲ ਆਪ ਵਖਾਈਆ। ਨਜ਼ਰ ਨਾ ਆਏ ਬੇਪਰਵਾਹ, ਜਿਸ ਜਨ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੁਗ ਗੇੜਾ ਆਪ ਚਲਾਈਆ। ਜਗਤ ਜੁਗ ਗੇੜਾ ਗੇੜ, ਲੱਖ ਚੁਰਾਸੀ ਕੋਲੂ ਚੱਕੀ ਚੱਕ ਭੁਆਈਆ। ਲੇਖਾ ਜਾਣੇ ਨਗਰ ਖੇੜ, ਜੁਗਾ ਜੁਗੰਤਰ ਬੇਪਰਵਾਹੀਆ। ਆਪ ਉਪਾਏ ਆਪੇ ਦਏ ਨਬੇੜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਵਾਰ ਜੜ੍ਹ ਦਏ ਉਖੇੇੜ, ਬੂਟਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਲਟਾ ਬਿਰਛ ਦਏ ਸਮਝਾਈਆ। ਉਲਟਾ ਬਿਰਛ ਮਾਨਸ ਜ਼ਾਤ, ਪੁਰਖ ਅਬਿਨਾਸ਼ੀ ਆਪ ਸਮਝਾਇੰਦਾ। ਦਸ ਦਸ ਮਾਸ ਰੱਖਿਆ ਵਾਸ, ਗਰਭ ਜੂਨੀ ਆਪ ਭਵਾਇੰਦਾ। ਅੱਠੇ ਪਹਿਰ ਦੇਵੇ ਧਰਵਾਸ, ਆਪ ਆਪਣੀ ਦਇਆ ਕਮਾਇੰਦਾ। ਘਟ ਅੰਦਰ ਵਖਾਏ ਪ੍ਰਿਥਮੀ ਆਕਾਸ਼, ਨੂਰ ਨੁਰਾਨਾ ਨੂਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰਮ ਆਪ ਕਮਾਇੰਦਾ। ਆਪਣਾ ਕਰਮ ਕਮਾਵਣਹਾਰਾ, ਜੜ੍ਹ ਚੋਟੀ ਨਾ ਕੋਇ ਜਣਾਇੰਦਾ। ਫਲ ਲਗਾਏ ਅਧਵਿਚਕਾਰਾ, ਮਾਤ ਗਰਭ ਆਪ ਟਿਕਾਇੰਦਾ। ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਰਾ ਵੇਖ ਵਖਾਇੰਦਾ। ਪੰਜ ਤੱਤ ਕਾਇਆ ਕਰ ਉਜਿਆਰਾ, ਤਨ ਮਾਟੀ ਖੇਲ ਖਿਲਾਇੰਦਾ। ਜੋਬਨ ਜਵਾਨੀ ਵਿਚ ਸੰਸਾਰਾ, ਬਾਲ ਜਵਾਨਾ ਰੂਪ ਵਟਾਇੰਦਾ। ਤਤਵ ਤਤ ਭਰ ਭੰਡਾਰਾ, ਆਸਾ ਤ੍ਰਿਸ਼ਨਾ ਸੰਗ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰਾ, ਤਨ ਬਸਤਰ ਆਪ ਸਜਾਇੰਦਾ। ਲੱਖ ਚੁਰਾਸੀ ਕਰ ਪਿਆਰਾ, ਜਗਤ ਵਾਸਨਾ ਮੇਲ ਮਿਲਾਇੰਦਾ। ਮਰੇ ਮਰ ਜੰਮੇ ਵਾਰੋ ਵਾਰਾ, ਜਨਮ ਮਰਨ ਵੇਖ ਵਖਾਇੰਦਾ। ਈਸ਼ ਜੀਵ ਜੀਵ ਈਸ਼ ਨਾ ਦੇਵੇ ਕੋਈ ਸਹਾਰਾ, ਜਗਦੀਸ਼ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਵਖਾਇੰਦਾ। ਲੱਖ ਚੁਰਾਸੀ ਚਲੇ ਧਾਰ, ਜੁਗ ਜੁਗ ਗੇੜਾ ਆਪ ਦਵਾਈਆ। ਆਪ ਉਪਾਏ ਆਪੇ ਲਏ ਸੰਘਾਰ, ਮਾਰਨਹਾਰਾ ਦਿਸ ਨਾ ਆਈਆ। ਰੋਗ ਸੋਗ ਚਿੰਤਾ ਦੁੱਖ ਅਨਿਕ ਪਰਕਾਰ ਰੱਖੇ ਬੁਖਾਰ, ਦੁੱਖ ਦਰਦ ਪੀੜ ਨਾਲ ਰਲਾਈਆ। ਤਨ ਮਾਸ ਹਾਡੀ ਰਤ ਸੁੱਕੇ ਵਿਚ ਸੰਸਾਰ, ਅਗਨੀ ਤੱਤ ਤੱਤ ਜਲਾਈਆ। ਨੇਤਰਹੀਣ ਕਰੇ ਖਿਚੇ ਜੋਤ ਆਪ ਕਰਤਾਰ, ਜੋਤੀ ਜੋਤ ਨਾ ਕੋਈ ਰੁਸ਼ਨਾਈਆ। ਸ਼ਾਹ ਸੁਲਤਾਨਾ ਕਰ ਖੁਆਰ, ਅੰਤਮ ਬਿਸਤਰ ਮਰਗ ਦਏ ਵਖਾਈਆ। ਚਾਰੋਂ ਕੁੰਟ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਪਰਾਣ ਪਾਵੇ ਨਾ ਕੋਈ ਸਾਰ, ਵੇਖ ਪਰਾਣੀ ਸੁੱਤਾ ਸੇਜ ਹੰਢਾਈਆ। ਵੇਲੇ ਅੰਤਮ ਕੱਢਣ ਬਾਹਰ, ਯਾਰ ਸੰਗ ਨਾ ਕੋਇ ਨਿਭਾਈਆ। ਸਾਕ ਸੱਜਣ ਭੈਣ ਭਾਈ ਧੀਆਂ ਪੁੱਤਰ ਧੱਕਾ ਦੇਵਣ ਮਾਰ, ਅੱਧਵਿਚਕਾਰ ਮੁਖੜਾ ਦੇਣ ਭਵਾਈਆ। ਦੂਜੀ ਵਾਰ ਨਾ ਆਏ ਫੇਰਾ ਮਾਰ, ਜਿਨ ਭੂਤ ਪ੍ਰੇਤ ਰਹੇ ਕੁਰਲਾਈਆ। ਅੰਤਮ ਲੇਖਾ ਕਟੇ ਵਿਚ ਸੰਸਾਰ, ਪੰਜ ਤੱਤ ਕਾਇਆ ਨਜ਼ਰ ਨਾ ਆਈਆ। ਰੂਹ ਨਿਮਾਣੀ ਕਰੇ ਗਿਰਿਆਜ਼ਾਰ, ਵੇਲੇ ਅੰਤ ਨਾ ਕੋਇ ਛੁਡਾਈਆ। ਇਕ ਘਰ ਛੱਡਿਆ ਦੂਜੇ ਘਰ ਦਿਤਾ ਵਾੜ, ਬੰਧਨ ਬੈਠਾ ਏਕਾ ਪਾਈਆ। ਕਦੇ ਪੁਰਖ ਕਦੇ ਨਾਰ, ਕਦੇ ਵੇਸਵਾ ਰੂਪ ਧਰਾਈਆ। ਕਦੇ ਹੀਜੜਾ ਬਣੇ ਵਿਚ ਸੰਸਾਰ, ਲਾਨਤ ਦੋ ਜਹਾਨ ਵਖਾਈਆ। ਕਦੇ ਪੰਛੀ ਪੰਖੀ ਬਣ ਬਣ ਮਾਰੇ ਉਡਾਰ, ਕਦੇ ਜਲ ਧਾਰਾ ਡੇਰਾ ਲਾਈਆ। ਕਦੇ ਦੁਸ਼ਟਾਂ ਅੰਦਰ ਕਰ ਪਸਾਰ, ਆਪਣੀ ਜੂਨ ਰਿਹਾ ਵਖਾਈਆ। ਪੁਰਖ ਅਬਿਨਾਸ਼ੀ ਖੇਲ ਨਿਆਰ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਅਚਰਜ ਰੀਤ ਚਲਾਈਆ। ਅਚਰਜ ਰੀਤ ਹਰਿ ਨਿਰੰਕਾਰ, ਜੁਗ ਜੁਗ ਆਪ ਚਲਾਇੰਦਾ। ਭਗਤ ਭਗਵੰਤ ਲਏ ਉਭਾਰ, ਸਾਚੇ ਸੰਤ ਮੇਲ ਮਿਲਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਆਪ ਆਪਣੀ ਬੂਝ ਬੁਝਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੈ ਅਵਤਾਰ, ਆਪ ਆਪਣਾ ਮਾਰਗ ਲਾਇੰਦਾ। ਕਿਰਿਆ ਕਰਮ ਦੱਸ ਸੰਸਾਰ, ਰਾਮ ਨਾਮ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧੰਦੇ ਆਪ ਲਗਾਇੰਦਾ । ਸਾਚਾ ਧੰਦਾ ਜੁਗ ਜੁਗ ਕਾਰ, ਜਨ ਭਗਤਾਂ ਆਪ ਜਣਾਈਆ। ਅੱਠੇ ਪਹਿਰ ਇਕ ਧਿਆਨ, ਏਕਾ ਗੁਰ ਸਮਝਾਈਆ। ਏਕਾ ਦੇਵੇ ਧੁਰ ਫ਼ਰਮਾਨ, ਸ਼ਬਦ ਸ਼ਬਦੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਭਗਤ ਭਗਵੰਤ ਆਪਣੀ ਸੇਵਾ ਲਾਈਆ। ਜੁਗ ਜੁਗ ਆਪਣੀ ਸੇਵਾ ਲਾ, ਆਪਣਾ ਨਾਮ ਜਪਾਇੰਦਾ। ਵੇਲੇ ਅੰਤ ਹੋਏ ਸਹਾ, ਲੋਕਮਾਤ ਆਪ ਤਰਾਇੰਦਾ। ਸਾਚੇ ਬੇੜੇ ਲਏ ਚੜ੍ਹਾ, ਏਕਾ ਬੇੜਾ ਨਾਮ ਰਖਾਇੰਦਾ। ਖੇਵਟ ਖੇਟਾ ਬਣ ਮਲਾਹ, ਦੋ ਜਹਾਨਾਂ ਆਪ ਵਖਾਇੰਦਾ। ਗੁਰਮੁਖ ਵਿਰਲੇ ਲਏ ਤਰਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਬਾਹਰ ਕਢਾ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਕਲਜੁਗ ਅੰਤਮ ਬੰਨ੍ਹੇ ਧਾਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਗੁਰਮੁਖਾਂ ਕਰੇ ਸਚ ਪਿਆਰ, ਹਰਿਜਨ ਸਾਚੇ ਲਏ ਮਿਲਾਈਆ। ਆਪੇ ਲੱਭੇ ਆਪਣੀ ਵਾਰ, ਦੂਰ ਦੁਰਾਡਾ ਫੇਰਾ ਪਾਈਆ। ਦੇਵੇ ਦਰਸ ਦਰ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਏਕਾ ਨਾਮ ਕਰਾਏ ਜੈਕਾਰ, ਸੋਹੰ ਸ਼ਬਦ ਆਪ ਸੁਣਾਈਆ। ਆਤਮ ਪਰਮਾਤਮ ਮੇਲਾ ਮੇਲੇ ਆਪ ਕਰਤਾਰ, ਮਿਲਿਆ ਮੇਲ ਵਿਛੜ ਨਾ ਜਾਈਆ। ਜਗਤ ਜੋਬਨ ਕਰ ਖਵਾਰ, ਆਪਣਾ ਜੋਬਨ ਲਏ ਹੰਢਾਈਆ। ਬਿਰਧ ਬਾਲ ਜਵਾਨਾ ਜਾਏ ਤਾਰ, ਜਗਤ ਬੜੇਪਾ ਪੰਧ ਮੁਕਾਈਆ। ਅੰਤਮ ਦੇਵੇ ਦਰਸ ਆਪ ਨਿਰੰਕਾਰ, ਘਰ ਘਰ ਹਰਿਜਨ ਫੇਰਾ ਪਾਈਆ। ਕਰਿਆ ਤਰਸ ਸਿਰਜਣਹਾਰ, ਦੀਨਣ ਦੀਨ ਹੋਏ ਸਹਾਈਆ। ਗੁਰਮੁਖ ਸਾਚੇ ਲਏ ਸੰਭਾਲ, ਵੇਲੇ ਅੰਤ ਗੋਦ ਬਹਾਈਆ। ਹੋਣ ਦੇਵੇ ਨਾ ਵਿੰਗਾ ਵਾਲ, ਰਾਏ ਧਰਮ ਨਾ ਦਏ ਸਜ਼ਾਈਆ। ਆਪਣਾ ਫਲ ਵੇਖੇ ਆਪਣੇ ਡਾਲ੍ਹ, ਅੰਮ੍ਰਿਤ ਫਲ ਆਪ ਲਗਾਈਆ। ਨਾਤਾ ਤੋੜ ਕਾਲ ਮਹਾਕਾਲ, ਧਰਮਸਾਲ ਇਕ ਵਖਾਈਆ । ਸਾਚੇ ਮੰਦਰ ਦੀਨ ਦਿਆਲ, ਸਚ ਸਿੰਘਾਸਣ ਸੋਭਾ ਪਾਈਆ। ਹਰਿਜਨ ਮੇਲੇ ਆਪਣੇ ਲਾਲ, ਲਾਲ ਅਨਮੁਲੜੇ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਆਪਣੇ ਲਾਲ ਆਪ ਉਠਾਏ, ਨਿਤ ਨਿਤ ਸੇਵ ਕਮਾਇੰਦਾ। ਦਰਸ ਦੀਦਾਰੀ ਦਰਸ ਵਖਾਏ, ਦਰਸ ਦਰਸ ਆਪ ਕਰਾਇੰਦਾ। ਸੰਸਾਰੀ ਹਿਰਸ ਸਰਬ ਮਿਟਾਏ, ਅਰਸ਼ ਫ਼ਰਸ਼ ਪੰਧ ਮੁਕਾਇੰਦਾ। ਅੰਮ੍ਰਿਤ ਮੇਘ ਬਰਸ ਅਗਨੀ ਤੱਤ ਬੁਝਾਏ, ਸਾਂਤਕ ਸਤਿ ਸਤਿ ਵਰਤਾਇੰਦਾ। ਬ੍ਰਹਮ ਮਤ ਇਕ ਵਖਾਏ, ਸਾਚਾ ਮਾਰਗ ਆਪ ਜਣਾਇੰਦਾ। ਗੁਰਸਿਖ ਗੁਰ ਗੁਰ ਕਮਲਾਪਤਿ ਏਕਾ ਰੰਗ ਸਮਾਏ, ਜੋਤੀ ਜੋਤ ਜੋਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਧਾਮ ਬਹਾਇੰਦਾ। ਹਰਿਜਨ ਦੇਵੇ ਸਾਚਾ ਧਾਮ, ਬੈਕੁੰਠ ਨਿਵਾਸੀ ਦਇਆ ਕਮਾਇੰਦਾ। ਮੇਲ ਮਿਲਾਵਾ ਜਿਉਂ ਸੀਤਾ ਰਾਮ, ਸੁਰਤੀ ਸੀਤਾ ਰਾਮ ਮਿਲਾਇੰਦਾ। ਜੋੜ ਜੁੜਾਏ ਕ੍ਰਿਸ਼ਨਾ ਕਾਹਨ, ਘਨਈਆ ਆਪਣੇ ਰੰਗ ਰੰਗਾਇੰਦਾ। ਏਕਾ ਮੰਦਰ ਇਕ ਮਕਾਨ, ਪੂਜਾ ਪਾਠ ਇਕ ਕਰਾਇੰਦਾ। ਆਵਣ ਜਾਵਣ ਮੇਟੇ ਜੀਵ ਜਹਾਨ, ਜੀਵ ਈਸ਼ ਵਿਚ ਸਮਾਇੰਦਾ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਅੰਤਰ ਜਾਮ ਪਿਆਇੰਦਾ। ਹਰਿਜਨ ਮਿਲੇ ਸ੍ਰੀ ਭਗਵਾਨ, ਭਗਵਨ ਆਪਣਾ ਮੇਲ ਮਿਲਾਇੰਦਾ। ਜਗਤ ਕਟੁੰਬ ਨਾ ਰੋਵੇ ਦੇਵੇ ਕੋਇ ਮੁਕਾਣ, ਪੁਰਖ ਅਬਿਨਾਸ਼ੀ ਆਪਣਾ ਖੇਲ ਖਿਲਾਇੰਦਾ। ਜਿਸ ਉਪਜਾਇਆ ਤਿਸ ਕਰਿਆ ਪਰਵਾਨ, ਪਿਤਾ ਪੂਤ ਆਪਣੇ ਗਲੇ ਲਗਾਇੰਦਾ। ਜੂਠੇ ਝੂਠੇ ਸਾਕ ਸੱਜਣ ਸੈਣ ਲੋਕਮਾਤ ਰਹਿ ਜਾਣ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਚੜ੍ਹਾਏ ਸਚ ਬਬਾਨ, ਧੁਰ ਧਾਮ ਨਾ ਕੋਇ ਪੁਚਾਇੰਦਾ। ਗੁਰਸਿਖ ਵੇਲੇ ਅੰਤ ਖ਼ੁਸ਼ੀ ਸਰਬ ਮਨਾਣ, ਘਰ ਕੰਤ ਸੁਹਾਗੀ ਆਇੰਦਾ। ਹੋਏ ਧੰਨ ਭਾਗ ਛੁਟਿਆ ਜਹਾਨ, ਘਰ ਸਾਚਾ ਨਜ਼ਰੀ ਆਇੰਦਾ। ਨਾ ਕੋਈ ਸੂਰਜ ਚੰਦ ਤੇਜ ਕਰੇ ਰਵ ਸਸ ਭਾਨ, ਜੋਤੀ ਨੂਰ ਡਗਮਗਾਇੰਦਾ। ਤ੍ਰਿਸ਼ਨਾ ਮੁੱਕੀ ਪੀਣ ਖਾਣ, ਅੰਮ੍ਰਿਤ ਫਲ ਇਕ ਖਵਾਇੰਦਾ। ਅੱਠੇ ਪਹਿਰ ਏਕਾ ਗਾਣ, ਏਕਾ ਨਾਦ ਧੁਨ ਵਜਾਇੰਦਾ। ਚਾਰੋਂ ਕੁੰਟ ਨਜ਼ਰ ਆਏ ਸ੍ਰੀ ਭਗਵਾਨ, ਜੋਤੀ ਜੋਤ ਡਗਮਗਾਇੰਦਾ। ਗੁਰਸਿਖ ਗੁਰ ਗੁਰ ਮਿਲਿਆ ਆਣ, ਗੁਰ ਸਤਿਗੁਰ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵਣ ਜੁਗਤ ਭੁਗਤ ਭਗਤ ਭਗਵੰਤ ਆਪਣੇ ਹੱਥ ਰਖਾਇੰਦਾ। ਸਤਿਗੁਰ ਪੂਰਾ ਦਇਆ ਕਰੇ, ਦਇਆਵਾਨ ਅਖਵਾਈਆ। ਦੁੱਖ ਦਲਿਦ੍ਰ ਜਗਤ ਹਰੇ, ਹਰਿ ਚਰਨ ਮਿਲੀ ਵਡਿਆਈਆ। ਖ਼ਾਲੀ ਭੰਡਾਰੇ ਆਪ ਭਰੇ, ਦੇਂਦਿਆਂ ਤੋਟ ਨਾ ਆਈਆ। ਕੱਖੋਂ ਲੱਖ ਆਪ ਕਰੇ, ਕਰਤਾ ਕ਼ੀਮਤ ਆਪੇ ਪਾਈਆ। ਖੋਟੇ ਖਰੇ ਕਰੇ ਆਪਣੇ ਦਰੇ, ਨਾਮ ਟਕਸਾਲ ਲਏ ਟਣਕਾਈਆ। ਜੀਵਣ ਮੁਕਤ ਦੇਵੇ ਵਰੇ, ਵਰ ਮੁਕਤੀ ਦਾਸੀ ਰੂਪ ਵਖਾਈਆ। ਆਪਣੀ ਹੱਥੀਂ ਪੱਲੂ ਫੜੇ, ਦਾਮਨਗੀਰ ਬੇਪਰਵਾਹੀਆ। ਦੇਵਣ ਦੇਣ ਆਇਆ ਘਰੇ, ਘਰ ਦੇ ਕੇ ਜਾਏ ਸਾਚਾ ਮਾਹੀਆ । ਨਿਰਭੌ ਚੁਕਾਏ ਜਗਤ ਡਰੇ, ਡਰ ਭੈ ਕੋਇ ਰਹਿਣ ਨਾ ਪਾਈਆ। ਸੁੱਕੇ ਕਾਸ਼ਟ ਕਰੇ ਹਰੇ, ਹਰਿਆਵਲ ਆਪਣਾ ਰੰਗ ਰੰਗਾਈਆ। ਗੁਰਸਿਖ ਗੁਰਚਰਨ ਲਾਗ ਨਾ ਮਾਤ ਫਿਰੇ, ਫਾਂਦਕੀ ਫੰਦ ਦਏ ਤੁੜਾਈਆ। ਕਲਜੁਗ ਬਾਜ਼ੀ ਲਾਈ ਸਿਰ ਧੜੇ, ਧੜ ਚਾਰੋਂ ਕੁੰਟ ਬੈਠਾ ਰਾਹ ਤਕਾਈਆ। ਗੁਰਮੁਖ ਵਿਰਲਾ ਬਲ ਧਰੇ, ਗੁਰ ਸਤਿਗੁਰ ਓਟ ਤਕਾਈਆ। ਸਤਿਗੁਰ ਪੂਰਾ ਕਲਜੁਗ ਕੂੜਾ ਆਪ ਫੜੇ, ਗੁਰਸਿਖਾਂ ਚਰਨਾਂ ਹੇਠ ਰਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰਸਿਖ ਰੱਖਦਾ ਆਇਆ ਆਪਣੇ ਧੜੇ, ਲੱਖ ਚੁਰਾਸੀ ਜੀਵ ਜੰਤ ਲੜਾਈਆ। ਆਪ ਸੁਖੀ ਵਸਦਾ ਰਹੇ ਆਪਣੇ ਘਰੇ, ਗੁਰਮੁਖਾਂ ਸਾਚਾ ਸੁਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦਲਿਦ੍ਰ ਦਏ ਗਵਾਈਆ। ਜਗਤ ਦਲਿਦ੍ਰ ਹੋਏ ਦੂਰ, ਦੁਖੀ ਦਰਦ ਰਹਿਣ ਨਾ ਪਾਈਆ। ਸਤਿਗੁਰ ਪੂਰਾ ਕੱਢੇ ਘੂਰ, ਨਾਮ ਡਰਾਵਾ ਇਕ ਰਖਾਈਆ। ਜੂਠ ਝੂਠ ਰੋਵੇ ਕੂੜ, ਕੂੜ ਕੁੜਿਆਰਾ ਦਏ ਦੁਹਾਈਆ। ਸਚ ਸੁੱਚ ਮਿਲੀ ਜਿਸ ਮਸਤਕ ਲਾਈ ਧੂੜ, ਮੈਨੂੰ ਬਾਹਰ ਦਿਤਾ ਕਢਾਈਆ। ਮੈਂ ਕਰਦਾ ਰਿਹਾ ਗਰੂਰ, ਆਪਣਾ ਬਲ ਆਪਣੇ ਵਿਚ ਟਿਕਾਈਆ। ਘਰ ਘਰ ਮਚੌਂਦਾ ਰਿਹਾ ਫ਼ਤੂਰ, ਫ਼ਤਵਾ ਆਪਣਾ ਏਕਾ ਲਾਈਆ। ਜਗਤ ਵਿਕਾਰਾ ਸਚ ਸਰੂਰ, ਜੀਵਾਂ ਜੰਤਾਂ ਰਿਹਾ ਸਮਝਾਈਆ। ਮੈਂ ਜਾਣਿਆਂ ਹਰਿ ਬੈਠਾ ਦੂਰ, ਨੇੜੇ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਗੁਰਸਿਖਾਂ ਫੜਿਆ ਆਪ ਹਜ਼ੂਰ, ਹਜ਼ੂਰ ਹਾਜ਼ਰ ਛੁਪ ਕਦੇ ਨਾ ਜਾਈਆ। ਜਨ ਭਗਤਾਂ ਘਰ ਸੇਵਾ ਕਰੇ ਬਣ ਮਜਦੂਰ, ਮੁਜਰਤ ਮੰਗਣ ਫੇਰ ਕਦੇ ਨਾ ਆਈਆ। ਗੁਰਸਿਖ ਤੇਰਾ ਮੰਗੇ ਏਕਾ ਪ੍ਰੇਮ ਜੋਤੀ ਨੂਰ, ਤੇਰੇ ਨੂਰ ਵੇਖੇ ਸਰਬ ਲੋਕਾਈਆ। ਤੇਰਾ ਦਰਸ ਰੱਖੇ ਸਦਾ ਸਰੂਰ, ਅੱਠੇ ਪਹਿਰ ਏਕਾ ਰੰਗ ਰੰਗਾਈਆ। ਗੁਰਮੁਖ ਤੇਰਾ ਭੰਡਾਰਾ ਸਦਾ ਭਰਪੂਰ, ਹਰਿ ਸਤਿਗੁਰ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਤਾ ਦਾਨੀ ਇਕ ਵਰਤਾਈਆ।