੫ ਚੇਤ ੨੦੧੯ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਹੁਕਮੇ ਅੰਦਰ ਬਣ ਦਲੇਰ, ਦਹਿ ਦਿਸ਼ਾ ਹੁਕਮ ਵਰਤਾਈਆ। ਹੁਕਮੇ ਅੰਦਰ ਬਣ ਸ਼ੇਰ, ਸਿੰਘ ਆਪਣਾ ਰੂਪ ਵਟਾਈਆ। ਹੁਕਮੇ ਅੰਦਰ ਨੌਂ ਸੌ ਚੁਰਾਨਵੇ ਚੌਕੜੀ ਜੁਗ ਲਿਆ ਘੇਰ, ਦੋ ਜਹਾਨ ਫੇਰਾ ਪਾਈਆ। ਹੁਕਮੇ ਅੰਦਰ ਕਰਦਾ ਰਿਹਾ ਹੇਰ ਫੇਰ, ਜੁਗ ਜੁਗ ਵੇਸ ਵਟਾਈਆ। ਹੁਕਮੇ ਅੰਦਰ ਸਭ ਦਾ ਲਹਿਣਾ ਦੇਣਾ ਦਏ ਨਬੇੜ, ਲੇਖਾ ਲੇਖ ਨਾ ਕੋਇ ਰਖਾਈਆ। ਹੁਕਮੇ ਅੰਦਰ ਲੱਖ ਚੁਰਾਸੀ ਗੇੜੇ ਗੇੜ, ਗੇੜਾ ਆਪਣੇ ਹੱਥ ਰਖਾਈਆ। ਹੁਕਮੇ ਅੰਦਰ ਖੇਡਾਂ ਰਿਹਾ ਖੇਡ, ਬਿਰਧ ਬਾਲ ਜਵਾਨ ਰੂਪ ਨਜ਼ਰ ਕੋਇ ਨਾ ਆਈਆ। ਹੁਕਮੇ ਅੰਦਰ ਛੇੜਾਂ ਰਿਹਾ ਛੇੜ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਲੇਰੀ ਇਕ ਰਖਾਈਆ। ਹੋਏ ਦਲੇਰ ਸ਼ਾਹ ਸੁਲਤਾਨਾ, ਜੋਰ ਆਪਣਾ ਆਪ ਵਖਾਇੰਦਾ। ਮੇਲ ਮਿਲਾਏ ਸ੍ਰੀ ਭਗਵਾਨਾ, ਭਗਵਨ ਆਪਣਾ ਰੂਪ ਵਟਾਇੰਦਾ। ਬਲ ਬਾਵਨ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਪੰਚਮ ਪੰਚ ਕਰ ਪਰਵਾਨਾ, ਪੰਚਮ ਆਪਣੀ ਗੋਦ ਬਹਾਇੰਦਾ। ਪੰਚਮ ਦੇਵੇ ਸਾਚਾ ਦਾਨਾ, ਵਸਤ ਅਮੋਲਕ ਝੋਲੀ ਪਾਇੰਦਾ। ਪੰਚਮ ਹੱਥ ਸਚ ਨਿਸ਼ਾਨਾ, ਦਰਗਹਿ ਸਾਚੀ ਆਪ ਝੁਲਾਇੰਦਾ। ਪੰਚਮ ਏਕਾ ਰਾਗ ਤਰਾਨਾ, ਗੀਤ ਗੋਬਿੰਦ ਆਪ ਸੁਣਾਇੰਦਾ। ਪੰਚਮ ਦੇਵੇ ਇਕ ਧਿਆਨਾ, ਚਰਨ ਕਵਲ ਬੂਝ ਬੁਝਾਇੰਦਾ। ਪੰਚਮ ਖੇਲ ਕਰੇ ਮਹਾਨਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਲੇਰੀ ਇਕ ਰਖਾਇੰਦਾ। ਸਚ ਦਲੇਰੀ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪ ਰਖਾਈਆ। ਆਦਿ ਜੁਗਾਦਿ ਚਲਾਉਂਦਾ ਰਿਹਾ ਰਾਹ, ਬਣ ਰਹਿਬਰ ਮਾਰਗ ਲਾਈਆ। ਸਦਾ ਸੁਹੇਲਾ ਇਕ ਇਕੇਲਾ ਦੇਂਦਾ ਰਿਹਾ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਗੁਰੂ ਗੁਰ ਬਣਦਾ ਰਿਹਾ ਮਲਾਹ, ਖੇਵਟ ਖੇਟ ਬੇੜਾ ਮਾਤ ਚਲਾਈਆ। ਜੁਗੋ ਜੁਗ ਜਪਾਉਂਦਾ ਰਿਹਾ ਨਾਂ, ਨਾਉਂ ਨਿਰੰਕਾਰਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਈਆ। ਆਪਣਾ ਬਲ ਰੱਖੇ ਨਿਰੰਕਾਰ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਕੋਇ ਨਾ ਪਾਇੰਦਾ। ਜੋਧਾ ਸੂਰਬੀਰ ਬਲਕਾਰ, ਬਲ ਆਪਣਾ ਆਪ ਪਰਗਟਾਇੰਦਾ। ਵੇਖਣਹਾਰ ਸਰਬ ਸੰਸਾਰ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਚਾਰੇ ਖਾਣੀ ਬਾਣੀ ਪੜਦਾ ਦਏ ਉਘਾੜ, ਆਪ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਲ ਆਪ ਜਣਾਇੰਦਾ। ਸਾਚਾ ਬਲ ਆਪੇ ਰੱਖ, ਬਲੀ ਬਲਵਾਨ ਖੇਲ ਕਰਾਇਆ। ਨਿਰਗੁਣ ਨੂਰ ਹੋ ਪਰਤੱਖ, ਸਰਗੁਣ ਹਰਿ ਸਮਝਾਇਆ। ਏਕਾ ਢੋਲਾ ਅਗੰਮੀ ਅਲੱਖ, ਸੋਹੰ ਬੋਲਾ ਆਪੇ ਗਾਇਆ। ਸਤਿ ਸਤਿਵਾਦੀ ਮਾਰਗ ਦੱਸ, ਗੁਰਮੁਖ ਸੱਜਣ ਲਏ ਜਗਾਇਆ। ਭਗਤ ਭਗਵੰਤ ਕਰ ਕਰ ਵੱਖ, ਲੱਖ ਚੁਰਾਸੀ ਬੰਧਨ ਮਾਤ ਤੁੜਾਇਆ। ਇਕ ਖੁਲ੍ਹਾਈ ਆਪਣੀ ਅੱਖ, ਆਪਣਾ ਭੇਵ ਜਣਾਇਆ। ਮੇਲ ਮਿਲਾਇਆ ਹੱਸ ਹੱਸ, ਪੂਤ ਸਪੂਤਾ ਗੋਦ ਬਹਾਇਆ। ਅੰਮ੍ਰਿਤ ਆਤਮ ਇਕੋ ਰਸ, ਬਿਨ ਰਸਨਾ ਜਿਹਵਾ ਆਪ ਛਕਾਇਆ। ਅੱਠੇ ਪਹਿਰ ਜਨ ਭਗਤਾਂ ਗਾਏ ਜਸ, ਬਣ ਸੇਵਕ ਸੇਵ ਕਮਾਇਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਆਇਆ ਨੱਸ, ਹਰਿ ਜੂ ਪੱਲੂ ਆਪ ਛੁਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਦਲੇਰ ਲੋਕਮਾਤ ਫੇਰਾ ਪਾਇਆ। ਬਣ ਦਲੇਰ ਸ੍ਰੀ ਭਗਵਾਨਾ, ਆਪਣੀ ਦਇਆ ਆਪ ਕਮਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣਾ, ਸਿਰ ਆਪਣੇ ਭਾਰ ਉਠਾਈਆ। ਭਗਤਾਂ ਬੰਨ੍ਹੇ ਸਾਚਾ ਗਾਨਾ, ਦਰਗਹਿ ਸਾਚੀ ਸਗਨ ਮਨਾਈਆ। ਬਿਨ ਰਸਨਾ ਜਿਹਵਾ ਗਾਏ ਤਰਾਨਾ, ਤ੍ਰੈਗੁਣ ਅਤੀਤਾ ਰੰਗ ਵਖਾਈਆ। ਆਦਿ ਜੁਗਾਦਿ ਨੌਜਵਾਨਾ, ਸਦਾ ਸੁਹੇਲਾ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਣ ਦਲੇਰ ਆਇਆ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਏਕੋ ਦੀਪਕ ਗਿਆ ਜਗ, ਬਾਕੀ ਦੀਵੇ ਗੁਲ ਕਰਾਈਆ। ਕੋਈ ਨਾ ਚੜ੍ਹੇ ਉਪਰ ਸ਼ਾਹ ਰਗ, ਸਭ ਮੂੰਹ ਦੇ ਭਾਰ ਸੁਟਾਈਆ। ਭਗਤ ਭਗਵੰਤ ਕਰ ਕਿਰਪਾ ਕੀਤੇ ਅੱਡ, ਬਿਨ ਪੜ੍ਹਿਆਂ ਆਪਣੇ ਨਾਲ ਮਿਲਾਈਆ। ਲੱਖ ਚੁਰਾਸੀ ਦਿਤੀ ਛੱਡ, ਸੱਜਣ ਕੋਇ ਨਜ਼ਰ ਨਾ ਆਈਆ। ਸਭ ਦੇ ਖਾਲੀ ਦਿਸਣ ਹੱਡ, ਕਾਇਆ ਤੱਤ ਤੱਤ ਕੁਰਲਾਈਆ। ਲੋਕਮਾਤ ਨਿਸ਼ਾਨਾ ਸਾਚਾ ਗੱਡ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਦਰ ਆ ਸੀਸ ਝੁਕਾਈਆ। ਪਾਰਬ੍ਰਹਮ ਤੇਰੀ ਲੱਭਦੇ ਰਹੇ ਹੱਦ, ਤੇਰਾ ਅੰਤ ਕੋਇ ਨਾ ਪਾਈਆ। ਕਲਜੁਗ ਅੰਤਮ ਤੂੰ ਭਗਤ ਬਣਾਏ ਆਪਣੀ ਯੱਦ, ਸਾਚਾ ਬੰਸ ਇਕ ਵਖਾਈਆ। ਕੋਟਨ ਕੋਟ ਗੁਰ ਪੀਰ ਅਵਤਾਰ ਲੋਕਮਾਤ ਭਾਰ ਗਏ ਲਦ, ਥਿਰ ਕੋਇ ਰਹਿਣ ਨਾ ਪਾਈਆ। ਤੇਰਾ ਭੇਵ ਨਾ ਜਾਣੇ ਕੋਇ ਤੂੰ ਰੱਖੇ ਕਿਹੜੀ ਖੱਡ, ਕਵਣ ਕੂਟੇ ਦਏ ਬਹਾਈਆ। ਕਰਿਆ ਖੇਲ ਅੰਤ ਸਮਰਥ, ਸਮਰਥ ਤੇਰੀ ਵਡਿਆਈਆ। ਸਤਿ ਸਤਿਵਾਦੀ ਇਕ ਨਿਸ਼ਾਨਾ ਸਾਢੇ ਤਿੰਨ ਹੱਥ, ਅੱਗੇ ਪਿਛੇ ਏਥੇ ਓਥੇ ਦੋ ਜਹਾਨ ਬਣਾਈਆ। ਤੇਰੀ ਵਸਤ ਤੇਰੇ ਹੱਥ, ਦੂਸਰ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਬਣ ਦਲੇਰ ਜਨ ਭਗਤਾਂ ਰਿਹਾ ਦੱਸ, ਹਰਿਜਨ ਤੇਰੀ ਵਡ ਵਡਿਆਈਆ। ਮੈਂ ਤੇਰਾ ਤੇਰੇ ਹੋਇਆ ਵਸ, ਮੇਰੀ ਚਲੇ ਨਾ ਕੋਇ ਚਤੁਰਾਈਆ। ਤੇਰੇ ਅੰਦਰ ਵੜ ਕੇ ਮੂੰਹ ਦੇ ਭਾਰ ਗਿਆ ਢੱਠ, ਉਪਰ ਤੇਰਾ ਭਾਰ ਟਿਕਾਈਆ। ਤੇਰੇ ਵਿਕਾਰ ਆਪਣੀ ਹੱਥੀਂ ਕਰ ਇਕੱਠ, ਬਿਨ ਅਗਨੀ ਦਿਆਂ ਜਲਾਈਆ। ਤੇਰਾ ਪ੍ਰੇਮ ਵੇਖਾਂ ਰੱਤੀ ਰੱਤ, ਰੱਤੀ ਰੱਤ ਵਿਚ ਸਮਾਈਆ। ਤੇਰੀ ਆਸ ਧੀਰਜ ਜਤ, ਸਤਿ ਸੰਤੋਖ ਨੇਤਰ ਨੈਣਾਂ ਦਰਸਨ ਪਾਈਆ। ਤੇਰੀ ਇਕੋ ਬ੍ਰਹਮ ਮਤ, ਪੁਰਖ ਅਕਾਲ ਓਟ ਰਖਾਈਆ। ਸਾਹਿਬ ਸੁਲਤਾਨ ਜਾਣੇ ਮਿਤ ਗਤ, ਸਿਰ ਆਪਣਾ ਹੱਥ ਟਿਕਾਈਆ। ਕਰ ਕਿਰਪਾ ਬੀਜਿਆ ਨਾਮ ਆਪਣੇ ਵਤ, ਬਣ ਕਿਰਸਾਣਾ ਹਲ ਚਲਾਈਆ। ਆਪ ਮਹਿਕਾਏ ਡਾਲ੍ਹੀ ਪਤ, ਫੁਲ ਫੁਲਵਾੜੀ ਆਪਣੇ ਹੱਥ ਰਖਾਈਆ। ਦੋ ਜਹਾਨਾਂ ਲਏ ਰੱਖ, ਤੱਤੀ ਵਾ ਨਾ ਲਾਗੇ ਰਾਈਆ। ਕੋਟਨ ਕੋਟ ਰਵ ਸਸ, ਗੁਰਮੁਖ ਤੇਰੇ ਚਰਨਾਂ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕਾਇਆ ਨੱਸ ਨੱਸ, ਦੂਰ ਦੁਰਾਡੇ ਪਹਿਲੀ ਚੇਤ ਆ ਆ ਦਰਸਨ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਤ ਸਾਨੂੰ ਨਾ ਜਾਣਾ ਛੱਡ, ਦਰ ਤੇਰੇ ਦੇਣ ਦੁਹਾਈਆ। ਬਿਨ ਭਗਤਾਂ ਮੈਂ ਸਭ ਨੂੰ ਕੀਤਾ ਰੱਦ, ਹੁਕਮੀ ਹੁਕਮ ਇਕ ਜਣਾਈਆ। ਅੰਤਮ ਸਭ ਦਾ ਪੜਦਾ ਲੈਣਾ ਕਜ਼, ਸ਼ਬਦ ਦੁਸ਼ਾਲਾ ਉਪਰ ਰਖਾਈਆ। ਕੋਝਾ ਕਮਲਾ ਪੁਰਖ ਅਬਿਨਾਸ਼ੀ ਨਾ ਕੋਈ ਆਚਾਰ ਨਾ ਕੋਈ ਚੱਜ਼, ਸਚ ਪ੍ਰੀਤੀ ਗੁਰਸਿਖਾਂ ਕੋਲੋਂ ਸਿਖਣ ਆਈਆ। ਬਿਨ ਨਗਾਰਿਉਂ ਗਿਆ ਵੱਜ, ਨੌਬਤ ਗੁਰਸਿਖ ਨਾਮ ਵਜਾਈਆ। ਬਿਨ ਡੋਰਿਉਂ ਗਿਆ ਬੱਝ, ਪ੍ਰੇਮ ਤੰਦੀ ਇਕ ਰਖਾਈਆ। ਹਰਿਜਨ ਹਰਿ ਜੂ ਤੇਰਾ ਕਰਕੇ ਹੱਜ, ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬਣ ਦਲੇਰ ਸਿੰਘ ਸ਼ੇਰ ਆਪਣਾ ਬਲ ਰਖਾਈਆ।
