੬ ਚੇਤ ੨੦੧੯ ਬਿਕ੍ਰਮੀ ਊਧਮ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਤੇਰਾ ਹੁਕਮ ਜੁਗ ਚਾਰ, ਹਰਿ ਜੂ ਮੰਨ ਮੰਨ ਸੀਸ ਝੁਕਾਇਆ। ਤੇਰੀ ਸੇਵਾ ਜੁਗ ਚਾਰ, ਬਣ ਬਣ ਸੇਵਕ ਮਾਤ ਕਮਾਇਆ। ਤੇਰਾ ਲੇਖਾ ਜੁਗ ਚਾਰ, ਬਣ ਬਣ ਲੇਖਣੀ ਲੇਖ ਵਖਾਇਆ। ਤੇਰੀ ਰੇਖਾ ਜੁਗ ਚਾਰ, ਨਿਰਗੁਣ ਸਰਗੁਣ ਰੂਪ ਵਟਾਇਆ। ਤੇਰਾ ਆਦੇਸਾ ਜੁਗ ਚਾਰ, ਨਿਉਂ ਨਿਉਂ ਸਯਦਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤ ਮੰਗ ਮੰਗਾਇਆ। ਜੁਗ ਚਾਰ ਤੇਰਾ ਰਾਗ, ਬਣ ਰਾਗਨੀ ਮਾਤ ਅਲਾਇਆ। ਜੁਗ ਚਾਰ ਤੇਰਾ ਵੈਰਾਗ, ਬਣ ਵੈਰਾਗਣ ਆਪ ਹੰਢਾਇਆ। ਜੁਗ ਚਾਰ ਤੇਰਾ ਸਾਕ, ਗੁਰ ਅਵਤਾਰਾਂ ਨਾਲ ਰਲਾਇਆ। ਜੁਗ ਚਾਰ ਤੇਰਾ ਨਾਤ, ਬਣ ਨਿਮਾਣੀ ਤੋੜ ਨਿਭਾਇਆ। ਜੁਗ ਚਾਰ ਤੇਰਾ ਘਾਟ, ਲੱਖ ਚੁਰਾਸੀ ਇਕ ਵਖਾਇਆ। ਜੁਗ ਚਾਰ ਤੇਰੀ ਯਾਦ, ਢੋਲਾ ਸੋਹਲਾ ਆਪ ਸੁਣਾਇਆ। ਜੁਗ ਚਾਰ ਸਚ ਫ਼ਰਯਾਦ, ਸਾਧਾ ਸੰਤਾਂ ਝੋਲੀ ਪਾਇਆ। ਜੁਗ ਚਾਰ ਤੇਰਾ ਨਾਦ, ਅਨਹਦ ਨਾਦੀ ਨਾਦ ਵਜਾਇਆ। ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇਆ। ਜੁਗ ਚਾਰ ਤੇਰੀ ਧਾਰ, ਲਿਖ ਲਿਖ ਮਾਤ ਸਮਝਾਈਆ। ਜੁਗ ਚਾਰ ਸੁਣੇ ਭਗਤ ਪੁਕਾਰ, ਭਗਤਨ ਨਾਲ ਸਲਾਹੀਆ। ਜੁਗ ਚਾਰ ਹੋ ਉਜਿਆਰ, ਨਿਰਗੁਣ ਸਰਗੁਣ ਵੰਡਣ ਵੰਡ ਵੰਡਾਈਆ। ਜੁਗ ਚਾਰ ਦੇ ਅਧਾਰ, ਬ੍ਰਹਮੇ ਪਾਰਬ੍ਰਹਮ ਉਪਜਾਈਆ। ਜੁਗ ਚਾਰ ਇਕ ਜੈਕਾਰ, ਵੇਦ ਨਾਦ ਸੁਣਾਈਆ। ਜੁਗ ਚਾਰ ਕਰ ਖ਼ਬਰਦਾਰ, ਛੱਤੀ ਰਾਗ ਰਾਗ ਉਪਜਾਈਆ। ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਸੇਵ ਕਮਾਈਆ। ਜੁਗ ਚਾਰ ਤੇਰਾ ਨਾਉਂ ਹਰਿ ਨਿਰੰਕਾਰੇ ਏਕਾ ਗਾਇਆ। ਜੁਗ ਚਾਰ ਤੇਰਾ ਥਾਉਂ, ਲੋਕਮਾਤ ਮਾਤ ਸੁਹਾਇਆ। ਜੁਗ ਚਾਰ ਫੜ ਫੜ ਬਾਂਹੋਂ ਜੀਵ ਜੰਤ ਮਾਤ ਉਠਾਇਆ। ਜੁਗ ਚਾਰ ਕਰੇ ਸਚ ਨਿਆਉਂ, ਸਚ ਸੁਨੇਹੜਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੇਰੀ ਓਟ ਰਖਾਇਆ। ਜੁਗ ਚਾਰ ਘਾਲੀ ਘਾਲ, ਕੀਤੀ ਘਾਲ ਕਹਿਣ ਨਾ ਜਾਈਆ। ਜੁਗ ਚਾਰ ਬਣ ਦਲਾਲ, ਜਗਤ ਦਲਾਲੀ ਸੇਵ ਕਮਾਈਆ। ਜੁਗ ਚਾਰ ਹੋ ਨਿਰਾਲ, ਨਿਰਮਲ ਆਪਣਾ ਰੂਪ ਦਰਸਾਈਆ। ਜੁਗ ਚਾਰ ਅਵੱਲੜੀ ਚਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਧਨ ਪਾਈਆ। ਜੁਗ ਚਾਰ ਤੇਰੀ ਕਰਦੀ ਰਹੀ ਭਾਲ, ਦਿਵਸ ਰੈਣ ਰੈਣ ਦਿਵਸ ਬਣ ਬਣ ਪਾਂਧੀ ਰਾਹੀਆ। ਜੁਗ ਚਾਰ ਮੇਰਾ ਹੱਲ ਨਾ ਹੋਇਆ ਸਵਾਲ, ਲੇਖਾ ਲਿਖ ਨਾ ਕੋਇ ਮੁਕਾਈਆ। ਬਣ ਵੈਰਾਗਣ ਹੋਈ ਬੇਹਾਲ, ਬਿਰਹੋਂ ਰੋਗ ਰਿਹਾ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਮੇਰੀ ਵਡਿਆਈਆ। ਮੈਂ ਨਿਮਾਣੀ ਕਮਲੀ ਕੋਝੀ, ਗੁਣ ਅਵਗੁਣ ਨਾ ਕੋਇ ਰਖਾਈਆ। ਤੁਧ ਬਿਨ ਆਵੇ ਨਾ ਕੋਈ ਸੋਝੀ, ਬਾਲੀ ਬੁਧ ਰਹੀ ਕੁਰਲਾਈਆ। ਚਰਨ ਦੁਆਰੇ ਤੇਰੇ ਝੂਜੀ, ਆਪਣਾ ਆਪ ਆਪ ਮਿਟਾਈਆ। ਮੈਂ ਭੇਵ ਕੀ ਦੱਸਾਂ ਤੇਰਾ ਗੋਝੀ, ਬੋਧ ਅਗਾਧ ਤੇਰੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਭਿਖਕ ਫੇਰਾ ਪਾਈਆ। ਭਿਖਕ ਦਰ ਆਏ ਨਿਮਾਣੀ, ਹਰਿ ਚਰਨਾਂ ਸੀਸ ਝੁਕਾਇਆ। ਚਾਰ ਜੁਗ ਮੈਨੂੰ ਕਹਿੰਦੇ ਰਹੇ ਬਾਣੀ, ਬਾਣ ਨਿਰਾਲਾ ਤੀਰ ਚਲਾਇਆ। ਕਲਜੁਗ ਅੰਤਮ ਆਈ ਹਾਨੀ, ਮਾਣ ਮੋਹ ਨਾ ਕੋਇ ਰਖਾਇਆ। ਨਾਤਾ ਤੁਟਾ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਮੇਲਾ ਮੇਲ ਨਾ ਕੋਇ ਰਖਾਇਆ। ਮੈਂ ਲੱਖ ਚੁਰਾਸੀ ਜੀਵਾਂ ਜੰਤਾਂ ਦੱਸਦੀ ਰਹੀ ਪਦ ਨਿਰਬਾਣੀ, ਨਿਰਬਾਣ ਪਦ ਹੱਥ ਕਿਸੇ ਨਾ ਆਇਆ। ਸਾਧਾਂ ਸੰਤਾਂ ਤੇਰੀ ਬਣਾਈ ਇਕ ਕਹਾਣੀ, ਕਹਿ ਕਹਿ ਰਸਨਾ ਵਾਦ ਵਧਾਇਆ। ਕੋਈ ਚੜ੍ਹ ਕੇ ਵੇਖੇ ਨਾ ਤੇਰੀ ਸਚ ਨਿਸ਼ਾਨੀ, ਸਚ ਮਹੱਲੇ ਫੇਰਾ ਪਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਤੂੰ ਸਾਹਿਬ ਸੱਚਾ ਸੁਲਤਾਨੀ, ਤੇਰਾ ਭੇਵ ਕਿਸੇ ਨਾ ਆਇਆ। ਪੀਰ ਪੈਗ਼ੰਬਰ ਗੁਰ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਰੱਖ ਹੱਥ ਸਮਰਥ ਏਕਾ ਓਟ ਤੇਰੀ ਤਕਾਇਆ। ਏਕਾ ਓਟ ਰੱਖੀ ਆਸ, ਚੌਥੇ ਜੁਗ ਜੁਗ ਕੁਰਲਾਈਆ । ਕਲਮ ਸ਼ਾਹੀ ਨਾ ਬੁਝੀ ਪਿਆਸ, ਲਿਖ ਲਿਖ ਆਪਣਾ ਲੇਖ ਚੁਕਾਈਆ। ਗੁਰ ਗੁਰ ਰਸਨਾ ਜਿਹਵਾ ਕਰ ਕਰ ਗਏ ਬਿਲਾਸ, ਬੋਲ ਬੋਲ ਸਮਝਾਈਆ। ਚਾਰ ਵੇਦ ਅੰਤ ਹੋਏ ਨਿਰਾਸ, ਪੁਰਾਨ ਅਠਾਰਾਂ ਦੇਣ ਦੁਹਾਈਆ। ਸ਼ਾਸਤਰ ਸਿਮਰਤ ਕਰੇ ਨਾ ਕੋਈ ਬੰਦ ਖੁਲਾਸ, ਗੀਤਾ ਗਿਆਨ ਨਾ ਕੋਇ ਦ੍ਰਿੜਾਈਆ। ਅੰਜ਼ੀਲ ਕੁਰਾਨ ਨਾ ਕੱਟੇ ਜਮ ਫਾਸ, ਤੀਸ ਬਤੀਸਾ ਨਾ ਕੋਇ ਸਹਾਈਆ। ਖਾਣੀ ਬਾਣੀ ਹੋਈ ਨਿਰਾਸ, ਆਸਾ ਕੋਇ ਨਜ਼ਰ ਨਾ ਆਈਆ। ਸਰਗੁਣ ਨਿਰਗੁਣ ਵਸੇ ਕਿਸੇ ਨਾ ਪਾਸ, ਖਾਲੀ ਹੱਥ ਫਿਰੇ ਸਰਬ ਲੋਕਾਈਆ। ਜਿਸ ਦੇ ਹੁਕਮੇ ਅੰਦਰ ਲੋਕਮਾਤ ਬਣੀ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਜਿਸ ਦੇ ਹੁਕਮੇ ਅੰਦਰ ਪ੍ਰਿਥਮੀ ਆਕਾਸ਼, ਸੂਰਜ ਚੰਦ ਸੇਵ ਕਮਾਈਆ। ਸੋ ਸਾਹਿਬ ਪੁਰਖ ਅਬਿਨਾਸ਼, ਲੋਕਮਾਤ ਭੇਵ ਨਾ ਕਿਸੇ ਜਣਾਈਆ। ਮੈਂ ਆਦਿ ਫੁੱਟੀ ਉਸਦੀ ਸ਼ਾਖ਼, ਫਲ ਆਪਣਾ ਜੀਵਾਂ ਜੰਤਾਂ ਰਹੀ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਦਰ ਤੇਰੇ ਓਟ ਰਖਾਈਆ। ਇਕੋ ਓਟ ਪੁਰਖ ਸਮਰਥ, ਜਗਤ ਬਾਣੀ ਨੈਣ ਉਠਾਇਆ। ਜੁਗ ਜੁਗ ਚਲਾਇਆ ਤੇਰਾ ਰਥ, ਤੇਰਾ ਹੁਕਮ ਹੁਕਮ ਮਨਾਇਆ। ਤੇਰੀ ਮਹਿਮਾ ਅਕਥਨਾ ਅਕਥ, ਕਥ ਕਥ ਜੀਵ ਜੰਤ ਪੜ੍ਹਾਇਆ। ਅੱਖਰ ਅੱਖਰ ਭੇਤ ਦੱਸ, ਵੱਖਰ ਵੱਖਰ ਪੰਧ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਕੋਇ ਨਾ ਆਇਆ। ਤੇਰਾ ਅੰਤ ਨਾ ਦੱਸੇ ਕੋਈ ਭਗਵਾਨ, ਚਾਰੇ ਬਾਣੀ ਰਹੀ ਕੁਰਲਾਈਆ। ਪਰਾ ਪਸੰਤੀ ਨਿਗਹ ਵਿਚ ਆਏ ਤੇਰਾ ਨਿਸ਼ਾਨ, ਅਨਡਿਠੜੇ ਧਾਮ ਬੈਠੀ ਆਸਣ ਲਾਈਆ। ਮਧਮ ਆਵੇ ਨਾ ਕੋਇ ਗਿਆਨ, ਗਿਆਨ ਗਿਆਨ ਨਾ ਕੋਇ ਚਤੁਰਾਈਆ। ਬੈਖਰੀ ਸਕੇ ਗਾ ਨਾ ਤੇਰਾ ਗਾਨ, ਗਾ ਗਾ ਗੀਤ ਨਾ ਕੋਇ ਮੁਕਾਈਆ। ਮੈਂ ਚਾਰ ਜੁਗ ਤੇਰਾ ਸੁਨੇਹੜਾ ਦੇ ਦੇ ਹੋਈ ਹੈਰਾਨ, ਜੁਗ ਜੁਗ ਤੇਰਾ ਹੁਕਮ ਅਲਾਈਆ। ਕੋਈ ਕਹੇ ਮੇਰਾ ਇਸ਼ਟ ਵੇਦ ਪੁਰਾਨ, ਕੋਈ ਗੀਤਾ ਗਿਆਨ ਰਿਹਾ ਮਨਾਈਆ। ਕੋਈ ਕਹੇ ਮੇਰਾ ਲਹਿਣਾ ਦੇਣਾ ਚੁਕਾਏ ਅੰਜੀਲ ਕੁਰਾਨ, ਸਾਚਾ ਮਸਲਾ ਇਕ ਪੜ੍ਹਾਈਆ। ਕੋਈ ਕਹੇ ਬਾਣੀ ਮਾਰੇ ਨਿਰਾਲਾ ਬਾਣ, ਤਿੰਨ ਪੰਜ ਪੈਂਤੀਸ ਅੱਖਰ ਕਰੇ ਕੁੜਮਾਈਆ। ਖਾਣੀ ਬਾਣੀ ਅੰਜੀਲ ਕੁਰਾਨ ਵੇਦ ਪੁਰਾਨ ਕਹਿਣ ਪੁਕਾਰ, ਬਿਨ ਹਰਿ ਭਗਵਾਨ, ਦੂਸਰ ਹੋਰ ਨਾ ਕੋਇ ਸਹਾਈਆ। ਅਸੀਂ ਸੇਵਕ ਬਣ ਕੇ ਆਏ ਵਿਚ ਜਹਾਨ, ਹਰਿ ਕਾ ਨਾਉਂ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਤ ਮਿਤ ਆਪਣੇ ਹੱਥ ਰਖਾਈਆ। ਖਾਣੀ ਬਾਣੀ ਜਗਤ ਸੰਦੇਸਾ, ਸਦੀ ਸਦੀ ਸਦੀ ਸੁਣਾਇਆ। ਕਰੇ ਖੇਲ ਇਕ ਨਰੇਸ਼ਾ, ਨਰ ਨਰਾਇਣ ਵੇਸ ਵਟਾਇਆ। ਅਸੀਂ ਜੁਗ ਜੁਗ ਕਰਦੇ ਉਸਦਾ ਪੇਸਾ, ਪੇਸ਼ਵਾ ਇਕੋ ਇਕ ਬੇਪਰਵਾਹੀਆ। ਆਦਿ ਜੁਗਾਦਿ ਰਹੇ ਹਮੇਸਾ, ਨਾ ਮਰੇ ਨਾ ਜਾਇਆ। ਤਿਸ ਸਾਹਿਬ ਸਦਾ ਆਦੇਸਾ, ਨਿਉਂ ਨਿਉਂ ਚਰਨੀਂ ਸੀਸ ਝੁਕਾਇਆ। ਕਲਜੁਗ ਅੰਤਮ ਧਰਿਆ ਵੇਸਾ, ਲੋਕਮਾਤ ਫੇਰਾ ਪਾਇਆ। ਜੁਗ ਚੌਕੜੀ ਮੁਕਾਏ ਲੇਖਾ, ਪੂਰਬ ਲਹਿਣਾ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਕਰੇ ਖ਼ਬਰਦਾਰ, ਸਚ ਸੁਨੇਹੜਾ ਇਕ ਸੁਣਾਈਆ। ਉਠੋ ਸਾਰੇ ਹੋ ਤਿਆਰ, ਚਾਰ ਜੁਗ ਦੀ ਯੁਕਤੀ ਰਿਹਾ ਜਣਾਈਆ। ਪਹਿਲੋਂ ਭਰਦਾ ਰਿਹਾ ਭੰਡਾਰ, ਅੰਤ ਖਾਲੀ ਦਏ ਕਰਾਈਆ। ਥਿਰ ਰਹੇ ਨਾ ਕੋਇ ਵਿਚ ਸੰਸਾਰ, ਜੋ ਘੜਿਆ ਭੰਨ ਵਖਾਈਆ। ਚਾਰ ਜੁਗ ਜਿਸ ਦੀ ਗੌਂਦੇ ਰਹੇ ਵਾਰ, ਸੋ ਗਾਵਣਹਾਰਾ ਆਪੇ ਆਈਆ। ਜਿਸ ਦੇ ਅੱਗੇ ਕਰਦੇ ਰਹੇ ਪੁਕਾਰ, ਸੋ ਪੁਰਖ ਨਿਰੰਜਣ ਫੇਰਾ ਪਾਈਆ। ਜਿਸ ਦੀ ਦੱਸਦੇ ਰਹੇ ਗ਼ੁਫ਼ਤਾਰ, ਗੁਫਤ ਸ਼ੁਨੀਦ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦਏ ਮੁਕਾਈਆ। ਲਹਿਣਾ ਲੈਣਾ ਹਰਿ ਮੁਕੌਣਾ, ਹਰਿ ਜੂ ਹਰਿ ਹਰਿ ਜਣਾਇੰਦਾ। ਅੱਖਰ ਅੱਖਰ ਆਪਣੀ ਝੋਲੀ ਪੌਣਾ, ਅਗਲਾ ਲੇਖਾ ਪੂਰ ਕਰਾਇੰਦਾ। ਕਾਗ਼ਜ਼ ਸ਼ਾਹੀ ਤੇਰਾ ਪੰਧ ਆਪ ਮੁਕੌਣਾ, ਸਿਰ ਤੇਰੇ ਹੱਥ ਟਿਕਾਇੰਦਾ। ਚੌਦਾਂ ਵਿਦਿਆ ਮਾਣ ਗਵੌਣਾ, ਚੌਦਾਂ ਲੋਕ ਖੋਜ ਖੋਜਾਇੰਦਾ। ਚੌਦਾਂ ਤਬਕ ਡੇਰਾ ਢਾਹੁਣਾ, ਢਾਹ ਢਾਹ ਢੇਰ ਵੇਖ ਵਖਾਇੰਦਾ। ਰਾਗ ਰਾਗਨੀ ਮੋਹ ਚੁਕੌਣਾ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਬੋਧ ਅਗਾਧੀ ਏਕਾ ਨਾਮ ਜਪੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਦੋ ਜਹਾਨ, ਨਿਰਗੁਣ ਸਰਗੁਣ ਹੋ ਪਰਧਾਨ, ਪਰਮ ਪੁਰਖ ਪੂਰੀ ਸਭ ਦੀ ਆਸ ਕਰਾਇੰਦਾ।
