Granth 11 Likhat 158: 18 Chet 2019 Bikarmi Kartar Singh de Greh Pind Bhojian Jila Amritsar

੧੮ ਚੇਤ ੨੦੧੯ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੋਜੀਆਂ ਜ਼ਿਲਾ ਅੰਮ੍ਰਿਤਸਰ

ਸਚਖੰਡ ਨਿਵਾਸੀ ਸਾਚੀ ਕਾਰਾ, ਹਰਿ ਕਰਤਾ ਆਪ ਕਰਾਇੰਦਾ। ਤਖ਼ਤ ਨਿਵਾਸੀ ਬਣ ਸਿਕਦਾਰਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਦੋ ਜਹਾਨਾਂ ਆਪ ਜਣਾਇੰਦਾ। ਜੁਗਾ ਜੁਗੰਤਰ ਹੋ ਉਜਿਆਰਾ, ਦੋ ਜਹਾਨਾਂ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਪਾਵੇ ਸਾਰਾ, ਲੋਆਂ ਪੁਰੀਆਂ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਲੱਖ ਚੁਰਾਸੀ ਡੇਰਾ ਲਾਇੰਦਾ। ਸ਼ਬਦੀ ਸ਼ਬਦ ਗੁਰ ਅਵਤਾਰਾ, ਪੁਰਖ ਅਕਾਲ ਖੇਲ ਕਰਾਇੰਦਾ। ਵੰਡਣ ਵੰਡ ਵੰਡੇ ਅਗੰਮ ਅਪਾਰਾ, ਭੇਵ ਅਭੇਦ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਆਦਿ ਜੁਗਾਦਿ ਆਪ ਕਰਾਈਆ। ਸਚਖੰਡ ਵਸਣਹਾਰਾ ਸਚ ਮਕਾਨ, ਸਾਚੇ ਮੰਦਰ ਸੋਭਾ ਪਾਈਆ। ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਇਕ ਅਖਵਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਜੂ ਏਕਾ ਏਕ ਕਰਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਦੋਏ ਦੋਏ ਆਪਣਾ ਖੇਲ ਵਖਾਇੰਦਾ। ਲੱਖ ਚੁਰਾਸੀ ਵੇਖੇ ਵਿਗਸੇ ਵੇਖਣਹਾਰਾ, ਨੇਤਰ ਲੋਚਣ ਨੈਣ ਨਾ ਕੋਇ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਬਣ ਸੇਵਕ ਸੇਵ ਕਮਾਇੰਦਾ। ਤ੍ਰੈਗੁਣ ਮਾਇਆ ਜਗਤ ਅਖਾੜਾ, ਪੰਚਮ ਤੱਤ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਪੁਰਖ ਅਬਿਨਾਸ਼, ਆਦਿ ਜੁਗਾਦਿ ਆਪਣੇ ਹੱਥ ਰਖਾਈਆ। ਸਚਖੰਡ ਦੁਆਰੇ ਕਰ ਪਰਕਾਸ਼, ਥਿਰ ਘਰ ਆਪਣਾ ਨੂਰ ਵਖਾਈਆ। ਮੰਡਲ ਮੰਡਪ ਪਾਵੇ ਰਾਸ, ਬ੍ਰਹਿਮੰਡਾਂ ਖੰਡਾਂ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਈਆ। ਧੁਰ ਦੀ ਧਾਰ ਸਾਹਿਬ ਸੁਲਤਾਨ, ਸਾਹਿਬ ਆਪਣੇ ਹੱਥ ਰਖਾਇੰਦਾ। ਸਾਚੇ ਤਖ਼ਤ ਬੈਠ ਸੁਲਤਾਨ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਨਿਰਗੁਣ ਨਿਰਗੁਣ ਕਰ ਪਰਵਾਨ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਨਾਮ ਸ਼ਬਦ ਧੁਨਕਾਨ, ਨਿਰਗੁਣ ਨਾਦੀ ਨਾਦ ਸੁਣਾਇੰਦਾ। ਨਿਰਗੁਣ ਥਿਰ ਘਰ ਵਸੇ ਮਕਾਨ, ਪੂਤ ਸਪੂਤਾ ਵੇਸ ਵਟਾਇੰਦਾ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਨਿਰਗੁਣ ਲੱਖ ਚੁਰਾਸੀ ਹੋ ਪਰਧਾਨ, ਤੱਤਵ ਤੱਤ ਖੇਲ ਕਰਾਇੰਦਾ। ਨਿਰਗੁਣ ਵੰਡੇ ਵੰਡ ਮਹਾਨ, ਆਪਣੀ ਵੰਡ ਆਪ ਕਰਾਇੰਦਾ। ਜੇਰਜ ਅੰਡਜ ਉਤਭੁਜ ਸੇਤਜ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਸ਼ਬਦ ਅਗੰਮੀ ਇਕ ਬਬਾਣ, ਪੁਰਖ ਅਬਿਨਾਸ਼ੀ ਆਪ ਵਖਾਇੰਦਾ। ਨਾਉਂ ਨਿਰੰਕਾਰਾ ਕਰ ਪਰਧਾਨ, ਗ੍ਰਹਿ ਗ੍ਰਹਿ ਆਪਣਾ ਡੰਕ ਵਜਾਇੰਦਾ। ਪਰਾ ਪਸੰਤੀ ਮਧਮ ਬੈਖਰੀ ਦੇਵੇ ਗਾਨ, ਚਾਰੇ ਖਾਣੀ ਸੋਭਾ ਪਾਇੰਦਾ। ਚਾਰੇ ਵੇਦ ਕਰ ਪਰਧਾਨ, ਚਾਰੇ ਮੁਖ ਮੁਖ ਸਾਲਾਹਿੰਦਾ । ਚਾਰੋਂ ਕੁੰਟ ਕੁੰਟ ਨਿਸ਼ਾਨ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਇੰਦਾ। ਨਿਰਗੁਣ ਸਰਗੁਣ ਬਣ ਕਾਹਨ, ਆਤਮ ਪਰਮਾਤਮ ਆਪਣਾ ਬੰਧਨ ਪਾਇੰਦਾ। ਪਾਰਬ੍ਰਹਮ ਲੇਖਾ ਜਾਣੇ ਈਸ਼ ਜੀਵ ਜਗਤ ਮਹਾਨ, ਜੋਤੀ ਜਾਤਾ ਪੁਰਖ ਬਿਧਾਤਾ ਨੂਰ ਨੂਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਕਲ ਆਪ ਵਰਤਾਇੰਦਾ। ਆਪਣੀ ਕਲ ਅਕਲ ਕਲ ਧਾਰ, ਭੇਵ ਅਭੇਦ ਜਣਾਈਆ। ਨਿਰਗੁਣ ਸਰਗੁਣ ਕਰ ਪਸਾਰਾ, ਆਪੇ ਵੇਖੇ ਚਾਈਂ ਚਾਈਂਆ। ਕਾਇਆ ਮਹੱਲ ਅਟੱਲ ਮੁਨਾਰ, ਘਰ ਘਰ ਵਿਚ ਸੋਭਾ ਪਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਗ੍ਰਹਿ ਮੰਦਰ ਕਰੇ ਰੁਸ਼ਨਾਈਆ । ਬੂੰਦ ਸਵਾਂਤੀ ਠੰਡੀ ਠਾਰ, ਅੰਮ੍ਰਿਤ ਰਸ ਚੁਆਈਆ। ਬੋਧ ਅਗਾਧੀ ਏਕਾ ਧੁੰਨਕਾਰ, ਧੁੰਨ ਆਤਮਕ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਬੰਧਨ ਪਾਈਆ। ਨਿਰਗੁਣ ਬੰਧਨ ਸਰਗੁਣ ਤੰਦ, ਭੇਵ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਸੂਰਾ ਸਰਬੰਗ, ਦੋ ਜਹਾਨਾਂ ਵੇਸ ਵਟਾਇੰਦਾ। ਵੇਖਣਹਾਰਾ ਖੰਡ ਬ੍ਰਹਿਮੰਡ, ਲੋਅ ਪੁਰੀ ਗਗਨ ਪਤਾਲ ਬ੍ਰਹਿਮਾਂਡ ਆਪਣਾ ਨਾਦ ਵਜਾਇੰਦਾ। ਲੇਖਾ ਜਾਣੇ ਆਦਿ ਜੁਗਾਦਿ, ਮਧ ਆਪਣੀ ਖੇਲ ਕਰਾਇੰਦਾ। ਸੁਤ ਦੁਲਾਰੇ ਦੇਵੇ ਦਾਦ, ਸ਼ਬਦੀ ਸ਼ਬਦ ਗੁਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਆਪਣਾ ਮਾਰਗ ਨਿਰਗੁਣ ਧਾਰ, ਸਰਗੁਣ ਕਰੇ ਮਾਤ ਕੁੜਮਾਈਆ। ਗੁਰ ਸ਼ਬਦ ਕਰ ਤਿਆਰ, ਸਤਿਗੁਰ ਸਾਚੀ ਸੇਵ ਸਮਝਾਈਆ। ਲਹਿਣਾ ਦੇਣਾ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਹਰਿ, ਆਪਣਾ ਪੜਦਾ ਆਪ ਉਠਾਈਆ। ਸਾਚਾ ਪੜਦਾ ਪੁਰਖ ਅਗੰਮ, ਆਪਣਾ ਆਪ ਉਠਾਇੰਦਾ। ਨਾ ਮਰੇ ਨਾ ਪਏ ਜੰਮ, ਨੇਤਰ ਲੋਚਣ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਕਰੇ ਆਪਣਾ ਕੰਮ, ਕਰਤਾ ਪੁਰਖ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਬੇੜਾ ਬੰਨ੍ਹ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਸਮਝਾਇੰਦਾ। ਧੁਰ ਦੀ ਧਾਰ ਏਕੰਕਾਰ, ਆਪਣੇ ਹੱਥ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਸ਼ਬਦੀ ਬੰਧਨ ਏਕਾ ਪਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤੱਤ ਕਰੇ ਕੁੜਮਾਈਆ। ਲੱਖ ਚੁਰਾਸੀ ਤਨ ਸ਼ਿੰਗਾਰ, ਤੱਤਵ ਤੱਤ ਮੇਲ ਮਿਲਾਈਆ। ਚਾਰੇ ਖਾਣੀ ਕਰ ਉਜਿਆਰ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ। ਚਾਰੇ ਬਾਣੀ ਬੋਲ ਜੈਕਾਰ, ਨਾਉਂ ਨਿਰੰਕਾਰਾ ਦਏ ਸਮਝਾਈਆ। ਵੇਸ ਕਰੇ ਅਪਰ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਨਿਰਗੁਣ ਸਰਗੁਣ ਲੈ ਅਵਤਾਰ, ਜੀਵ ਜੰਤ ਕਰੇ ਪੜ੍ਹਾਈਆ। ਪੁਰਖ ਅਬਿਨਾਸ਼ੀ ਹੁਕਮੀ ਹੁਕਮ ਕਰੇ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਏਕਾ ਦਏ ਵਡਿਆਈਆ। ਸ਼ਬਦ ਗੁਰ ਕਰ ਪਰਧਾਨ, ਲੋਕਮਾਤ ਸੇਵ ਲਗਾਇੰਦਾ। ਚੌਦਾਂ ਲੋਕ ਦੇ ਗਿਆਨ, ਤ੍ਰੈਭਵਣ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਪਾਏ ਆਣ, ਸੂਰਜ ਚੰਨ ਹੁਕਮੇ ਵਿਚ ਫਿਰਾਇੰਦਾ। ਨਾਉਂ ਨਿਰੰਕਾਰਾ ਧੁਰ ਫ਼ਰਮਾਣ, ਜੀਵ ਜੰਤ ਜੰਤ ਜਣਾਇੰਦਾ। ਆਪਣੀ ਵੰਡ ਵੰਡੇ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਰਖਾਇੰਦਾ। ਦੇਵਣਹਾਰਾ ਜੀਆ ਦਾਨ, ਜੀਵਣ ਜੁਗਤ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਨਾਉਂ ਨਿਰੰਕਾਰਾ ਆਪੇ ਰੱਖ, ਸਚਖੰਡ ਸਾਚੀ ਖ਼ੁਸ਼ੀ ਮਨਾਈਆ। ਥਿਰ ਘਰ ਦੁਆਰੇ ਹੋ ਪਰਤੱਖ, ਆਪਣਾ ਰੂਪ ਵਟਾਈਆ। ਪੁਰਖ ਅਬਿਨਾਸ਼ੀ ਟੇਕ ਮੱਥ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਸਾਹਿਬ ਸੁਲਤਾਨ ਸਮਰਥ, ਬੇਅੰਤ ਤੇਰੀ ਵਡਿਆਈਆ। ਤੇਰੇ ਦੁਆਰੇ ਗਿਆ ਢੱਠ, ਗੁਰ ਸ਼ਬਦੀ ਮੰਗ ਮੰਗਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਇਕ ਤੇਰੀ ਓਟ ਰਖਾਈਆ। ਮੈਂ ਆਦਿ ਜੁਗਾਦਿ ਗਾਵਾਂ ਤੇਰਾ ਜਸ, ਤੇਰਾ ਨਾਉਂ ਸਿਫ਼ਤ ਸਾਲਾਹੀਆ। ਤੂੰ ਮੇਰੇ ਅੰਤਰ ਜਾਣਾ ਵਸ, ਮੈਂ ਇਕੋ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੇਵੇ ਮਾਣ ਵਡਿਆਈਆ। ਥਿਰ ਘਰ ਵਸੇ ਸੁਤ ਦੁਲਾਰਾ, ਸ਼ਬਦੀ ਨਾਉਂ ਧਰਾਇੰਦਾ। ਸਚਖੰਡ ਵਸੇ ਹਰਿ ਨਿਰੰਕਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਪੁਰਖ ਬਿਧਾਤਾ ਆਪਣਾ ਹੁਕਮ ਵਰਤਾਇੰਦਾ। ਛੋਟਾ ਬਾਲਾ ਸ਼ਬਦੀ ਸੁਤ ਚਰਨ ਕਵਲ ਬੰਧਾਏ ਨਾਤਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਦਰਸ ਦਿਖਾਏ ਇਕ ਇਕਾਂਤਾ, ਅਨਭਵ ਆਪਣਾ ਰੂਪ ਵਖਾਇੰਦਾ। ਆਪੇ ਪਿਤਾ ਆਪੇ ਮਾਤਾ, ਪੂਤ ਸਪੂਤਾ ਆਪਣੀ ਗੋਦ ਬਹਾਇੰਦਾ। ਪੁਰਖ ਅਬਿਨਾਸ਼ੀ ਦੇਵਣਹਾਰਾ ਦਾਤਾ, ਸਾਚੀ ਵਸਤ ਆਪ ਵਰਤਾਇੰਦਾ। ਸਾਚੇ ਸੁਤ ਛੋਟੇ ਬਾਲੇ ਚਾਰ ਜੁਗ ਗਾਉਂਣੀ ਗਾਥਾ, ਗੁਰ ਅਵਤਾਰ ਰੂਪ ਵਟਾਇੰਦਾ। ਧੁਰ ਦੀ ਬਾਣੀ ਧੁਰ ਦਾ ਸਾਕਾ, ਧੁਰ ਦਰਬਾਰੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਸ਼ਬਦੀ ਸੁਤ ਸਮਝਾਇੰਦਾ। ਸ਼ਬਦੀ ਸੁਤ ਸੁਣ ਛੋਟੇ ਬਾਲ, ਹਰਿ ਸਾਚਾ ਸਚ ਜਣਾਈਆ। ਸਰਗੁਣ ਬਣਾਏ ਤੇਰੀ ਧਰਮਸਾਲ, ਨਿਰਗੁਣ ਆਪਣੀ ਵੰਡ ਵੰਡਾਈਆ। ਕਰੇ ਖੇਲ ਦੀਨ ਦਿਆਲ, ਆਪਣੀ ਦਇਆ ਆਪ ਕਮਾਈਆ। ਆਪੇ ਚਲੇ ਅਵੱਲੜੀ ਚਾਲ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਕਰੇ ਪੜ੍ਹਾਈਆ। ਸ਼ਬਦੀ ਗੁਰ ਜਾਣਾ ਪੜ੍ਹ, ਨਿਸ਼ਅੱਖਰ ਹਰਿ ਪੜ੍ਹਾਇੰਦਾ। ਲੱਖ ਚੁਰਾਸੀ ਅੰਦਰ ਜਾਣਾ ਵੜ ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਰਗੁਣ ਰੂਪ ਲੈਣਾ ਵਰ, ਨਿਰਗੁਣ ਬੰਧਨ ਪਾਇੰਦਾ। ਜੋਤ ਪਰਕਾਸ਼ ਏਕਾ ਕਰ, ਨੂਰ ਨੁਰਾਨਾ ਨੂਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਆਦਿ ਪੁਰਖ ਏਕੰਕਾਰ, ਏਕਾ ਵਾਰ ਸੁਣਾਇੰਦਾ। ਏਕਾ ਵਾਰ ਹਰਿ ਜੂ ਮੀਤ, ਸ਼ਬਦੀ ਸ਼ਬਦ ਸ਼ਬਦ ਪੜ੍ਹਾਈਆ। ਦੋ ਜਹਾਨਾਂ ਚਲੇ ਰੀਤ, ਸਾਚੀ ਰੀਤ ਇਕ ਵਖਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਬੈਠਾ ਰਹਾਂ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਤੇਰੀ ਕਰੇ ਪ੍ਰੀਤ, ਪ੍ਰੀਤੀਵਾਨ ਪ੍ਰੀਤ ਸਿਖਾਈਆ। ਤੂੰ ਗਾਉਣਾ ਢੋਲਾ ਗੀਤ, ਏਕਾ ਰਾਮ ਨਾਮ ਪੜ੍ਹਾਈਆ। ਤੇਰਾ ਮੇਲਾ ਕਰ ਅਨਡੀਠ, ਗ੍ਰਹਿ ਮੰਦਰ ਨਜ਼ਰ ਕਿਸੇ ਨਾ ਆਈਆ। ਤੂੰ ਵਸਣਾ ਹਸਤ ਕੀਟ, ਰਾਓ ਰੰਕ ਏਕਾ ਰੰਗ ਰੰਗਾਈਆ। ਤੂੰ ਰਹਿਣਾ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦਏ ਵਡਿਆਈਆ। ਸ਼ਬਦ ਗੁਰ ਵੱਡਾ ਵਡ, ਹਰਿ ਜੂ ਆਪਣਾ ਆਪ ਪਰਗਟਾਇੰਦਾ। ਆਪਣੀ ਕੁੱਖੋ ਆਪੇ ਕੱਢ, ਬ੍ਰਹਿਮੰਡ ਖੰਡ ਆਪ ਵਸਾਇੰਦਾ। ਦੋ ਜਹਾਨ ਲਡਾਏ ਲਡ, ਸਿਰ ਆਪਣਾ ਹੱਥ ਟਿਕਾਇੰਦਾ। ਪਾਰ ਕਿਨਾਰਾ ਨਾ ਕੋਈ ਜਾਣੇ ਹੱਦ, ਬੇਅੰਤ ਆਪਣਾ ਨਾਉਂ ਰਖਾਇੰਦਾ। ਪੂਤ ਸਪੂਤਾ ਆਪੇ ਸਦ, ਧੁਰ ਫ਼ਰਮਾਣਾ ਆਪ ਜਣਾਇੰਦਾ। ਲੋਕਮਾਤ ਬਣਾਉਣੀ ਸਾਚੀ ਯਦ, ਭਗਤ ਭਗਵੰਤ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸੇਵਾ ਇਕ ਸਮਝਾਇੰਦਾ। ਸਾਚੇ ਸੁਤ ਸੇਵਾ ਕਰ, ਹਰਿ ਕਰਤਾ ਆਪ ਜਣਾਈਆ। ਸਚਖੰਡ ਨਿਵਾਸੀ ਦੇਵੇ ਵਰ, ਥਿਰ ਘਰ ਤੇਰੀ ਝੋਲੀ ਭਰਾਈਆ। ਨਿਰਭੌ ਚੁਕਾਏ ਭੈ ਡਰ, ਭੈ ਆਪਣਾ ਇਕ ਵਖਾਈਆ। ਅਜੁੂਨੀ ਰਹਿਤ ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਨਾ ਕੋਇ ਰਖਾਈਆ। ਸਾਚੇ ਤਖ਼ਤ ਬਹਿਣਾ ਚੜ੍ਹ, ਤਖ਼ਤ ਏਕਾ ਸੋਭਾ ਪਾਈਆ। ਜੁਗ ਚੌਕੜੀ ਖੇਲ ਕਰ, ਨਿਰਗੁਣ ਸਰਗੁਣ ਰੂਪ ਧਰਾਈਆ। ਗੁਰ ਅਵਤਾਰ ਆਪਣਾ ਖੇਲ ਕਰ, ਜੀਵ ਜੰਤ ਜੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦਏ ਵਡਿਆਈਆ। ਗੁਰ ਸ਼ਬਦ ਹੋ ਤਿਆਰ, ਹਰਿ ਸਾਚਾ ਸਚ ਜਣਾਇੰਦਾ। ਲੋਕਮਾਤ ਲੈ ਅਵਤਾਰ, ਗੁਰ ਗੁਰ ਤੇਰਾ ਵੇਸ ਵਟਾਇੰਦਾ। ਪੀਰ ਪੈਗ਼ੰਬਰ ਤੇਰੀ ਧਾਰ, ਧਾਰ ਧਾਰ ਨਾਲ ਮਿਲਾਇੰਦਾ। ਭਗਤ ਭਗਵੰਤ ਤੇਰਾ ਖੇਲ ਨਿਆਰ, ਭਗਵਨ ਆਪਣਾ ਵੇਸ ਵਟਾਇੰਦਾ। ਸਾਚੇ ਸੰਤ ਕਰ ਤਿਆਰ, ਤ੍ਰੈਗੁਣ ਅਤੀਤਾ ਆਪ ਬੁਝਾਇੰਦਾ। ਗੁਰਮੁਖਾਂ ਖੋਲ੍ਹ ਮਾਤ ਕਿਵਾੜ, ਸਾਚੀ ਹਾਟੀ ਆਪ ਜਣਾਇੰਦਾ। ਗੁਰਸਿਖਾਂ ਮਾਰਗ ਦੱਸ ਸੁਖਾਲ, ਸਾਚਾ ਰਾਹ ਆਪ ਚਲਾਇੰਦਾ। ਆਦਿ ਜੁਗਾਦੀ ਇਕ ਅਵਤਾਰ ਗੁਰ ਸਤਿਗੁਰ ਬੂਝ ਬੁਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਰੂਪ ਅਨੂਪ ਵੇਸ ਵਟਾਇੰਦਾ। ਨਾਮ ਨਿਧਾਨਾ ਬੋਲ ਜੈਕਾਰ, ਖਾਣੀ ਬਾਣੀ ਰਾਹ ਚਲਾਇੰਦਾ। ਵੇਦ ਸ਼ਾਸਤਰ ਸਿਮਰਤ ਕਰ ਤਿਆਰ, ਪੁਰਾਨ ਪੁਰਾਨੀ ਪੁਰਾਨ ਮਿਲਾਇੰਦਾ। ਗੀਤਾ ਗਿਆਨ ਇਕ ਅਧਾਰ, ਅਠ ਦਸ ਬੰਧਨ ਆਪੇ ਪਾਇੰਦਾ। ਅੰਜੀਲ ਕੁਰਾਨ ਬੋਲ ਨਾਅਰਾ, ਸਚ ਹਦੀਸ ਆਪ ਜਣਾਇੰਦਾ। ਲਾਸ਼ਰੀਕ ਪਰਵਰਦਿਵਾਰ, ਸ਼ਰਅ ਵਿਚ ਕਦੇ ਨਾ ਆਇੰਦਾ। ਸਤਿ ਨਾਮ ਬੋਲ ਜੈਕਾਰ, ਨਾਮ ਸੰਦੇਸਾ ਸਰਬ ਸਮਝਾਇੰਦਾ। ਏਕਾ ਡੰਕਾ ਵੱਜੇ ਸੰਸਾਰ, ਆਦਿ ਪੁਰਖ ਆਪ ਵਜਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਰਹਿਣਾ ਖ਼ਬਰਦਾਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਇੰਦਾ। ਕਰੋੜ ਤੇਤੀਸਾ ਪਣਹਾਰ, ਇੰਦ ਨਿਉਂ ਨਿਉਂ ਸੀਸ ਝੁਕਾਇੰਦਾ। ਮਰਗਿੰਦ ਖੇਲ ਕਰੇ ਅਪਾਰ, ਗੁਣੀ ਗਹਿੰਦ ਭੇਵ ਕੋਇ ਨਾ ਪਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚਖੰਡ ਸਾਚੇ ਆਸਣ ਲਾਇੰਦਾ। ਹੁਕਮੀ ਹੁਕਮ ਕਰੇ ਵਰਤਾਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਲੱਖ ਚੁਰਾਸੀ ਪਾਉਣੀ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇੰਦਾ। ਸਾਚੀ ਸੇਵਾ ਜਾਣਾ ਲੱਗ, ਹਰਿ ਜੂ ਹਰਿ ਹਰਿ ਆਖ ਸੁਣਾਇਆ। ਕਰਾਏ ਖੇਲ ਸੂਰਾ ਸਰਬੱਗ, ਧੁਰ ਫ਼ਰਮਾਣਾ ਹੁਕਮ ਜਣਾਇਆ। ਨਿਰਗੁਣ ਨਿਰਗੁਣ ਹੋਏ ਅਲੱਗ, ਨਿਰਗੁਣ ਸਰਗੁਣ ਜੋੜ ਜੁੜਾਇਆ। ਨਾਮ ਨਗਾਰਾ ਜਾਏ ਵੱਜ, ਵਜਾਵਣਹਾਰਾ ਰਿਹਾ ਸਮਝਾਇਆ। ਲੋਕਮਾਤ ਹੋ ਪਰਗਟ, ਗੁਰ ਅਵਤਾਰ ਨਾਉਂ ਧਰਾਇਆ। ਸਾਚਾ ਖੋਲ੍ਹਣਾ ਏਕਾ ਹੱਟ, ਬਣ ਵਣਜਾਰਾ ਹੱਟ ਚਲਾਇਆ। ਇਕ ਵਖਾਉਣਾ ਸਾਚਾ ਤਟ, ਹਰਿ ਚਰਨ ਦੁਆਰਾ ਸੋਭਾ ਪਾਇਆ। ਏਕਾ ਨਾਮ ਲੈਣਾ ਰਟ, ਨਾਉਂ ਨਿਰੰਕਾਰਾ ਕਰੇ ਪੜ੍ਹਾਇਆ। ਏਕਾ ਮੇਲਾ ਕਮਲਾਪਤ, ਪੁਰਖ ਅਬਿਨਾਸ਼ੀ ਕੰਤ ਹੰਢਾਇਆ। ਚਾਰ ਜੁਗ ਗਾੳਣਾ ਜਸ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾਲ ਮਿਲਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨਾ ਖੇਲ ਹੱਸ ਹੱਸ, ਹੰਸ ਮੁਖ ਆਪ ਸੁਣਾਇਆ। ਅੰਤਮ ਬੋਲ ਇਕ ਅਲੱਖ, ਅਲੱਖ ਅਲੱਖਣਾ ਲੈਣਾ ਮਨਾਇਆ। ਸਿਰ ਚਰਨਾਂ ਹੇਠਾਂ ਰੱਖ, ਪੁਰਖ ਅਬਿਨਾਸ਼ੀ ਲੈਣਾ ਧਿਆਇਆ। ਕਰੇ ਖੇਲ ਹਰਿ ਸਮਰਥ, ਸਮਰਥ ਆਪਣਾ ਰਾਹ ਚਲਾਇਆ। ਜੁਗ ਚੌਕੜੀ ਦੇਵੇ ਮੱਥ, ਮਥਣਹਾਰਾ ਭੇਵ ਨਾ ਆਇਆ। ਲੱਖ ਚੁਰਾਸੀ ਪਾਏ ਨੱਥ, ਨਾਮ ਡੋਰੀ ਹੱਥ ਉਠਾਇਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਰਿਹਾ ਸਮਾਇਆ। ਕਰੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਵਰਤਾਇਆ। ਸਾਚਾ ਮਾਰਗ ਹਰਿ ਜੂ ਦੱਸ, ਸੁਤ ਸ਼ਬਦੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰਾਹ ਆਪ ਚਲਾਇਆ। ਚਲੇ ਰਾਹ ਵਿਚ ਸੰਸਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਕਰੇ ਸਾਚੀ ਕਾਰ, ਕਰਤਾ ਪੁਰਖ ਸੇਵ ਕਮਾਈਆ। ਏਕੰਕਾਰਾ ਕਰ ਪਸਾਰ, ਅਕਲ ਕਲ ਧਾਰੀ ਵੇਖ ਵਖਾਈਆ। ਆਦਿ ਨਿਰੰਜਣ ਹੋ ਉਜਿਆਰ ਦੋ ਜਹਾਨ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰ, ਸਚਖੰਡ ਸਿੰਘਾਸਣ ਇਕ ਸੁਹਾਈਆ। ਸ੍ਰੀ ਭਗਵਾਨ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਪਾਰਬ੍ਰਹਮ ਬ੍ਰਹਮ ਦੇਵੇ ਇਕ ਗਿਆਨ, ਆਤਮ ਅੰਤਰ ਕਰ ਪੜ੍ਹਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਗੁਰ ਅਵਤਾਰ ਨਾਉਂ ਧਰਾਈਆ। ਧੁਰਦਰਗਾਹੀ ਗਾਏ ਗਾਨ, ਅੱਖਰ ਅੱਖਰ ਨਾਲ ਮਿਲਾਈਆ। ਸ਼ਬਦੀ ਸ਼ਬਦ ਕਰ ਪਰਵਾਨ, ਸਾਚਾ ਢੋਲਾ ਇਕ ਸੁਣਾਈਆ। ਬਣ ਵਿਚੋਲਾ ਸ੍ਰੀ ਭਗਵਾਨ, ਪੜਦਾ ਉਹਲਾ ਦਏ ਉਠਾਈਆ। ਜੁਗ ਚੌਕੜੀ ਵੇਖੇ ਆਣ, ਰੂਪ ਅਨੂਪ ਆਪ ਵਟਾਈਆ। ਸਾਚੇ ਭਗਤ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਸਾਚੇ ਸੰਤਾਂ ਵੇਖੇ ਆਣ, ਨਿਰਗੁਣ ਸਰਗੁਣ ਮੇਲ ਮਿਲਾਈਆ। ਗੁਰਮੁਖ ਚਰਨ ਕਵਲ ਰਹੇ ਧਿਆਨ, ਧਿਆਨ ਧਿਆਨ ਵਿਚ ਮਿਲਾਈਆ। ਗੁਰਸਿਖ ਵੇਖੇ ਬਾਲ ਅੰਞਾਣ, ਫੜ ਬਾਂਹੋਂ ਗੋਦ ਬਹਾਈਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਕਰੇ ਮਹਾਨ, ਜੁਗ ਚੌਕੜੀ ਪੰਧ ਮੁਕਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਅੰਤ ਮਿਟੇ ਨਿਸ਼ਾਨ, ਸਤਿਗੁਰ ਸਾਚਾ ਹਰਿ ਸਮਝਾਈਆ । ਸ਼ਬਦੀ ਸੁਤ ਵੇਖਣਾ ਮਾਰ ਧਿਆਨ, ਅਬਿਨਾਸ਼ੀ ਅਚੁੱਤ ਖੇਲ ਕਰਾਈਆ। ਰੁੱਤ ਬਸੰਤੀ ਹੋਏ ਜਹਾਨ, ਫੁਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸਾ ਸੱਜਣ ਸੁਹੇਲਾ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਹਰਿ ਕਾ ਅੰਤ ਨਾ ਜਾਣੇ ਕੋਈ ਵੇਲਾ, ਬੇਅੰਤ ਬੇਅੰਤ ਸਰਬ ਗੁਣ ਗਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵਸਣਹਾਰਾ ਧਾਮ ਨਵੇਲਾ, ਦਰ ਘਰ ਸਾਚੇ ਆਸਣ ਲਾਇੰਦਾ। ਅੰਤ ਕਰੇ ਖੇਲ ਗੁਰੂ ਗੁਰ ਚੇਲਾ, ਅਵਤਾਰ ਪੀਰ ਪੈਗ਼ੰਬਰ ਜੋਤੀ ਸ਼ਬਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਆਪ ਵਖਾਇੰਦਾ। ਸ਼ਬਦ ਦੁਲਾਰ ਵੇਖ ਨੇਤ, ਹਰਿ ਨੈਣ ਨੈਣ ਜਣਾਈਆ। ਕੋਟਨ ਕੋਟ ਜੁਗ ਝੂਜਣ ਆਪਣੇ ਖੇਤ, ਅੰਤ ਕੋਇ ਰਹਿਣ ਨਾ ਪਾਈਆ। ਬਿਨ ਪੁਰਖ ਅਕਾਲ ਕੋਏ ਨਾ ਕਰੇ ਸਾਚਾ ਹੇਤ, ਸਾਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੰਧ ਆਪ ਸਮਝਾਈਆ। ਸ਼ਬਦ ਸੁਤ ਬਣ ਪਾਂਧੀ, ਹਰਿ ਸਾਚਾ ਸਚ ਜਣਾਇੰਦਾ। ਲੱਖ ਚੁਰਾਸੀ ਢੋਲਾ ਤੇਰਾ ਗਾਂਦੀ, ਗੀਤ ਗੀਤ ਨਾਲ ਮਿਲਾਇੰਦਾ। ਸੁਰਤ ਸਵਾਣੀ ਹੋਈ ਆਂਧੀ, ਅੰਧ ਅੰਧੇਰ ਨਾ ਕੋਇ ਗਵਾਇੰਦਾ। ਲੱਖ ਚੁਰਾਸੀ ਭੌਂਦੀ ਥੱਕੀ ਮਾਂਦੀ, ਅੰਤਮ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਆਪ ਲਗਾਇੰਦਾ। ਸਾਚੀ ਸੇਵ ਕਰਾਂ ਭਗਵਾਨ, ਸੁਤ ਸ਼ਬਦ ਕਰੇ ਅਰਜ਼ੋਈਆ। ਤੇਰਾ ਝੁਲਾਵਾਂ ਸਚ ਨਿਸ਼ਾਨ, ਦੋ ਜਹਾਨਾਂ ਦੇਵਾਂ ਢੋਈਆ। ਤੇਰਾ ਨਾਉਂ ਕਰਾਂ ਪਰਧਾਨ, ਬ੍ਰਹਿਮੰਡ ਖੰਡ ਤ੍ਰੈ ਲੋਈਆ। ਲੱਖ ਚੁਰਾਸੀ ਹੋਣਾ ਪਰਧਾਨ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਚਾਰੇ ਬਾਣੀ ਬੋਲ ਗਾਣ, ਪਰਾ ਪਸੰਤੀ ਮਧਮ ਬੈਖਰੀ ਦਿਆਂ ਸੁਣਾਈਆ। ਚਾਰੇ ਕੁੰਟ ਵੇਖਾਂ ਮਾਰ ਧਿਆਨ, ਦਹਿ ਦਿਸ਼ਾ ਫੋਲ ਫੋਲਾਈਆ। ਸਰਗੁਣ ਅੰਦਰ ਕਰਾਂ ਆਪਣਾ ਆਪ ਮਕਾਮ, ਨਿਰਗੁਣ ਹੋ ਹੋ ਡੇਰਾ ਲਾਈਆ। ਧੁਰ ਸੰਦੇਸਾ ਦੇਵਾਂ ਆਣ, ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਧਰਾਈਆ। ਸਾਚਾ ਕਲਮਾ ਪੜ੍ਹਾਵਾਂ ਆਣ, ਕਾਇਨਾਤ ਕਰਾਂ ਸ਼ੁਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਇਕੋ ਤੇਰੀ ਓਟ ਰਖਾਈਆ। ਇਕੋ ਰੱਖੀ ਤੇਰੀ ਓਟ, ਸੁਤ ਸ਼ਬਦ ਸੀਸ ਝੁਕਾਇੰਦਾ । ਨੌਂ ਖੰਡ ਪ੍ਰਿਥਮੀ ਸੱਤ ਦੀਪ, ਘਰ ਘਰ ਆਪਣਾ ਫੇਰਾ ਪਾਇੰਦਾ। ਤੇਰੀ ਵੰਡ ਨਿਰਮਲ ਜੋਤ, ਜੋਤੀ ਜਾਤਾ ਨੂਰ ਧਰਾਇੰਦਾ। ਮੇਰਾ ਛੰਦ ਇਕ ਸਰੋਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਝੋਲੀ ਡਾਹਿੰਦਾ। ਦੇਣਾ ਵਰ ਮੇਰੇ ਨਿਰੰਕਾਰ, ਸੁਤ ਸ਼ਬਦੀ ਮੰਗ ਮੰਗਾਈਆ। ਸੇਵਾ ਕਰਾਂ ਬਣ ਸੇਵਾਦਾਰ, ਸਾਚੀ ਚਾਕਰੀ ਆਪ ਨਿਭਾਈਆ। ਅੰਤਮ ਚੌਕੜ ਵੇਖਾਂ ਵਿਚ ਸੰਸਾਰ, ਲੋਕਮਾਤ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਜਾਣਾ ਤੇਈ ਅਵਤਾਰ, ਤਰਫ਼ ਬਤਰਫ਼ ਨਾ ਕੋਇ ਬਣਾਈਆ। ਭਗਤ ਅਠਾਰਾਂ ਦਏ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮਾਰਗ ਸਾਚਾ ਲਾਈਆ। ਤੇਰਾ ਮਾਰਗ ਗੁਰ ਅਵਤਾਰ, ਲੋਕਮਾਤ ਮਾਤ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖਾਂ ਵਾਰੋ ਵਾਰ, ਵੇਸ ਅਨੇਕ ਵਟਾਇੰਦਾ। ਰਾਮਾ ਕ੍ਰਿਸ਼ਨਾ ਦਏ ਅਧਾਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਕਲਜੁਗ ਖੇਲ ਕਰਾਂ ਅਪਾਰ, ਤੇਰਾ ਹੁਕਮ ਇਕ ਸੁਣਾਇੰਦਾ। ਮੁਕਾਮੇ ਹੱਕ ਹੋ ਤਿਆਰ, ਲਾਸ਼ਰੀਕ ਨਾਉਂ ਧਰਾਇੰਦਾ। ਤੇਰਾ ਰੂਪ ਪਰਵਰਦਿਗਾਰ, ਪਾਰਬ੍ਰਹਮ ਆਪ ਵਟਾਇੰਦਾ। ਸਾਚਾ ਕਲਮਾ ਕਰ ਤਿਆਰ, ਨਬੀ ਰਸੂਲਾਂ ਆਪ ਪੜ੍ਹਾਇੰਦਾ। ਬਿਸਮਲ ਰਹੇ ਆਪ ਨਿਰੰਕਾਰ, ਆਪਣਾ ਬਲ ਨਾ ਕੋਇ ਧਰਾਇੰਦਾ। ਪੰਜ ਤੱਤ ਕਾਇਆ ਕਰ ਸ਼ਿੰਗਾਰ, ਈਸਾ ਮੂਸਾ ਸੋਭਾ ਪਾਇੰਦਾ। ਕਾਲਾ ਸੂਸਾ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਵੰਡ ਵੰਡਾਇੰਦਾ। ਸ਼ਬਦੀ ਗੁਰ ਵਡ ਬਲਵਾਨਾ, ਪ੍ਰਭ ਅੱਗੇ ਸੀਸ ਝੁਕਾਈਆ। ਕਲਜੁਗ ਕਰਾਂ ਖੇਲ ਮਹਾਨਾ, ਭੇਵ ਕੋਇ ਨਾ ਪਾਈਆ। ਧੁਰ ਧੁਰਗਾਹੀ ਇਕ ਤਰਾਨਾ, ਤੇਰਾ ਰਾਗ ਸੁਣਾਈਆ। ਸਚ ਸੰਦੇਸਾ ਦਿਆਂ ਪੈਗ਼ਾਮਾ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਬਣ ਕੇ ਬਹਿਵਾਂ ਸਚ ਅਮਾਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਇਕ ਤੇਰੀ ਆਸ ਤਕਾਈਆ। ਤੇਰੀ ਆਸ ਰੱਖੀ ਮੀਤ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਮੈਂ ਖੇਲ ਕਰਾਵਾਂ ਮੰਦਰ ਮਸੀਤ, ਸ਼ਿਵਦਵਾਲੇ ਮੱਠ ਬਣਤ ਬਣਾਇੰਦਾ। ਲੱਖ ਚੁਰਾਸੀ ਪਰਖਾਂ ਨੀਤ, ਘਟ ਘਟ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਸੀਸ ਝੁਕਾਇੰਦਾ। ਤੇਰੇ ਅੱਗੇ ਸੀਸ ਜਾਏ ਝੁਕ, ਮੇਰੇ ਸਾਹਿਬ ਸੱਚੇ ਸੁਲਤਾਨਾ ਜੁਗ ਚੌਕੜੀ ਪੈਂਡਾ ਜਾਏ ਮੁੱਕ, ਰਹਿਣ ਨਾ ਪਾਏ ਵਿਚ ਜਹਾਨਾ। ਕਵਣ ਵੇਲਾ ਪਏ ਉਠ, ਬਣੇ ਮਰਦ ਮਰਦ ਮਰਦਾਨਾ। ਪੂਤ ਸਪੂਤੇ ਉਪਰ ਜਾਏਂ ਤੁੱਠ, ਕਰੇਂ ਖੇਲ ਦੋ ਜਹਾਨਾਂ। ਨਾਉਂ ਰਖਾਏਂ ਅਬਿਨਾਸ਼ੀ ਅਚੁੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਸੀਸ ਝੁਕਾਨਾ। ਦੇਣਾ ਵਰ ਮੇਰੇ ਗੋਬਿੰਦ, ਤੇਰੇ ਅੱਗੇ ਝੋਲੀ ਡਾਹੀਆ। ਕਵਣ ਵੇਲਾ ਮੇਟੇਂ ਚਿੰਦ, ਸਗਲੀ ਚਿੰਦ ਗਵਾਈਆ। ਪਰਗਟ ਹੋਏਂ ਗੁਣੀ ਗੁਹਿੰਦ, ਗਹਿਰ ਗੰਭੀਰ ਆਪਣਾ ਪੜਦਾ ਦਏਂ ਉਠਾਈਆ। ਆਪਣਾ ਨਾਉਂ ਰਖਾਏਂ ਸਾਗਰ ਸਿੰਧ, ਸਾਗਰ ਇਕ ਦਏਂ ਸਮਝਾਈਆ। ਲਹਿਣਾ ਦੇਣਾ ਚੁਕਾਏਂ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ, ਕਰੋੜ ਤੇਤੀਸਾ ਰਹਿਣ ਨਾ ਪਾਈਆ। ਭਗਤ ਭਗਵਾਨ ਬਣਾਏਂ ਆਪਣੀ ਬਿੰਦ, ਸੁਤ ਅਨਾਦੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਜ਼ਰ ਕੋਇ ਨਾ ਆਈਆ। ਦੇ ਵਰ ਮੇਰੇ ਨਿਰੰਕਾਰ, ਹਉਂ ਬਾਲਕ ਮੰਗ ਮੰਗਾਇੰਦਾ। ਸੇਵਾ ਕਰਾਂ ਜੁਗ ਚੌਕੜੀ ਵਾਰੋ ਵਾਰ, ਕੋਟਨ ਕੋਟ ਕਾਲ ਬਿਤਾਇੰਦਾ। ਅੰਤਮ ਚੌਕੜ ਖੇਲ ਅਪਾਰ, ਤੇਈ ਅਵਤਾਰ ਸੇਵ ਲਗਾਇੰਦਾ। ਭਗਤ ਅਠਾਰਾਂ ਦੇ ਅਧਾਰ, ਈਸਾ ਮੂਸਾ ਮੁਹੰਮਦ ਜੋੜ ਜੁੜਾਇੰਦਾ। ਏਕਾ ਜੋਤੀ ਦਸ ਅਵਤਾਰ, ਗੁਰ ਗੁਰ ਨਾਦ ਵਜਾਇੰਦਾ। ਭੇਵ ਖੁਲ੍ਹਾ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਸਮਝਾਇੰਦਾ। ਨਾਮ ਸੱਤ ਪਾਈ ਦਾਦ, ਨਿਰਗੁਣ ਨਾਨਕ ਸਰਗੁਣ ਆਪ ਪੜ੍ਹਾਇੰਦਾ। ਚਾਰ ਵਰਨਾਂ ਏਕਾ ਹਾਟ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਵਖਾਇੰਦਾ । ਮਿਟੇ ਰੈਣ ਅੰਧੇਰੀ ਰਾਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਪੁਰਖ ਅਬਿਨਾਸ਼ੀ ਸੱਜਣ ਸਾਕ, ਹਰਿਜਨ ਸਾਚੇ ਮੇਲ ਮਿਲਾਇੰਦਾ। ਕਰੇ ਕਰਾਏ ਪਾਕੀ ਪਾਕ, ਪਤਿਤ ਪੁਨੀਤ ਆਪ ਕਰਾਇੰਦਾ। ਨਿਰਧਨ ਸਰਧਨ ਪੁਛੇ ਵਾਤ, ਸਿਰ ਆਪਣਾ ਹੱਥ ਟਿਕਾਇੰਦਾ। ਸਾਚਾ ਢੋਲਾ ਸਾਚੀ ਗਾਥ, ਗੁਰ ਸੂਰਾ ਆਪ ਜਣਾਇੰਦਾ। ਏਥੇ ਓਥੇ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਏਕਾ ਮੰਗਾਂ ਸਾਚੀ ਦਾਤ, ਮੇਰੇ ਸਾਹਿਬ ਸੱਚੇ ਗੁਸਾਈਂਆ। ਕਵਣ ਵੇਲਾ ਵੇਖੇਂ ਮਾਰ ਝਾਤ, ਮੇਰੇ ਸਾਹਿਬ ਬੇਪਰਵਾਹੀਆ। ਕਵਣ ਵੇਲਾ ਲੱਖ ਚੁਰਾਸੀ ਦਏਂ ਨਜ਼ਾਤ, ਨਿਝ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਅੱਗੋਂ ਪਿਆ ਹੱਸ, ਸੁਤ ਸ਼ਬਦੀ ਆਪ ਜਣਾਇੰਦਾ। ਗੁਰ ਅਵਤਾਰਾਂ ਮਾਰਗ ਦੇਵਾਂ ਦੱਸ, ਆਪਣੀ ਬੂਝ ਆਪ ਬੁਝਾਇੰਦਾ। ਵੇਦ ਵਿਆਸਾ ਜਾਏ ਲਿਖ, ਮੂਸਾ ਨੈਣ ਨੈਣ ਉਠਾਇੰਦਾ। ਈਸਾ ਵੰਡ ਕੇ ਜਾਏ ਹਿਸ, ਮੁਹੰਮਦ ਸ਼ਰਅ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਜਾਣੀ ਜਾਣ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਨਾਨਕ ਨਿਰਗੁਣ ਦੱਸ ਕੇ ਜਾਏ ਪਦ ਨਿਰਬਾਣ, ਬੇਅੰਤ ਵਡ ਵਡਿਆਈਆ। ਮਹਾਂਬਲੀ ਉਤਰੇ ਅੰਤਮ ਆਣ, ਮਾਤ ਪਿਤ ਨਾ ਕੋਇ ਬਣਾਈਆ। ਸੁਤ ਦੁਲਾਰਾ ਏਕਾ ਓਟ ਰੱਖੇ ਅਕਾਲ, ਪੁਰਖ ਅਬਿਨਾਸ਼ੀ ਇਕ ਮਨਾਈਆ। ਗੋਬਿੰਦ ਸੂਰਾ ਨੌਜਵਾਨ, ਨੌਂ ਖੰਡ ਡੇਰਾ ਆਪੇ ਢਾਹੀਆ। ਸਾਚਾ ਚਿੱਲਾ ਤੀਰ ਕਮਾਨ, ਦੋੋ ਜਹਾਨਾਂ ਆਪ ਵਖਾਈਆ। ਏਕਾ ਮੰਗੇ ਸਾਚਾ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਕਲਜੁਗ ਅੰਤ ਆਏ ਸ੍ਰੀ ਭਗਵਾਨ, ਕਲ ਕਲਕੀ ਵੇਸ ਵਟਾਈਆ। ਸੰਬਲ ਵਸੇ ਸਚ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਨਾਤਾ ਤੋੜੇ ਜ਼ਿਮੀਂ ਅਸਮਾਨ, ਗਗਨ ਮੰਡਲ ਭੇਵ ਚੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਅੰਤ ਕੁਰਲਾਣ, ਨੇਤਰ ਨੈਣਾਂ ਨੀਰ ਵਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਧਿਆਨ, ਪ੍ਰਭ ਚਰਨ ਧਿਆਨ ਲਗਾਈਆ। ਭਗਤ ਸੰਤ ਮੰਨਣ ਆਣ, ਦਰ ਬੈਠਣ ਸੀਸ ਝੁਕਾਈਆ। ਨੌਂ ਖੰਡ ਪ੍ਰਿਥਮੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਜੀਵ ਜੰਤ ਹੋਣ ਸ਼ੈਤਾਨ, ਪੰਜ ਚੋਰ ਕਰੇ ਲੜਾਈਆ। ਵਰਨ ਬਰਨ ਕਰੇ ਬੇਈਮਾਨ, ਬੇਐਬ ਖ਼ੁਦਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਆਪਣਾ ਭੇਵ ਦੱਸੇ ਭੇਤ, ਅਨਭਵ ਆਪਣੀ ਖੇਲ ਕਰਾਇੰਦਾ। ਸੁਤ ਦੁਲਾਰੇ ਲੈਣਾ ਵੇਖ, ਕਲਜੁਗ ਅੰਤਮ ਚਾਰੋਂ ਕੁੰਟ ਅੰਧੇਰਾ ਛਾਇੰਦਾ। ਕਿਸੇ ਨਾ ਕਰੇ ਕੋਈ ਹੇਤ, ਪਿਤਾ ਪੂਤ ਬੰਧਨ ਨਾ ਕੋਇ ਵਖਾਇੰਦਾ। ਕੂੜੀ ਕਿਰਿਆ ਖੇਡੇ ਖੇਡ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਨਾਚ ਨਚਾਇੰਦਾ। ਗੁਰ ਕਾ ਦਰਸ ਨਾ ਸਕੇ ਕੋਈ ਪੇਖ, ਜਗਤ ਨੇਤਰ ਜਗਤ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਆਪਣਾ ਭੇਵ ਦੱਸੇ ਗੋਪਾਲ, ਪ੍ਰਭ ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਹੋਏ ਬੇਹਾਲ, ਬਹਿਬਲ ਰੋਵੇ ਦਏ ਦੁਹਾਈਆ। ਕੋਈ ਨਾ ਕਰੇ ਕਿਸੇ ਪ੍ਰਿਤਪਾਲ, ਰਾਜ ਰਾਜਾਨ ਨਾ ਹੋਏ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਈਆ। ਸਾਚਾ ਲੇਖਾ ਸਾਹਿਬ ਸੁਲਤਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਅੰਤਮ ਕੂੜ ਕੁੜਿਆਰ ਹੋਏ ਬਲਵਾਨ, ਆਪਣਾ ਬਲ ਰਖਾਇੰਦਾ। ਸਾਚਾ ਮੰਦਰ ਦਿਸੇ ਨਾ ਕੋਇ ਮਕਾਨ, ਗੁਰ ਦਰ ਹੱਟ ਨਾ ਕੋਇ ਚਲਾਇੰਦਾ। ਨਾਮ ਵਣਜ ਨਾ ਕੋਇ ਜਹਾਨ, ਜੀਵਣ ਜੁਗਤ ਨਾ ਕੋਇ ਸਮਝਾਇੰਦਾ। ਗੁਰ ਕਾ ਸ਼ਬਦ ਨਾ ਕੋਇ ਧਿਆਨ, ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ। ਕੂੜ ਕੁੜਿਆਰਾ ਰਸਨਾ ਜਿਹਵਾ ਪੀਣ ਖਾਣ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਧੀਆਂ ਭੈਣਾਂ ਸਰਬ ਤਕਾਣ, ਨੇਤਰ ਨੈਣ ਨਾ ਕੋਇ ਸ਼ਰਮਾਇੰਦਾ। ਮੰਦਰ ਮਸਜਦ ਮੱਠ ਸ਼ਿਵਦਵਾਲੇ ਸਾਰੇ ਰੋਵਣ ਜ਼ਾਰੋ ਜ਼ਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਇਹ ਸਮਝਾਇੰਦਾ। ਗੁਰ ਸ਼ਬਦੀ ਰੱਖਣਾ ਯਾਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਤੇਰੀ ਕਿਸੇ ਕੋਲ ਨਾ ਰਹੇ ਦਾਦ, ਸੁੰਝੀ ਹੋਏ ਜਗਤ ਲੋਕਾਈਆ। ਸਾਧ ਸੰਤ ਕਰਨ ਅਪਰਾਧ, ਜੂਠੀਆਂ ਝੂਠੀਆਂ ਧੂਣੀਆਂ ਤਾਈਆ। ਕਿਸੇ ਗ੍ਰਹਿ ਨਾ ਵੱਜੇ ਸਾਚਾ ਨਾਦ, ਆਤਮ ਧੁੰਨ ਨਾ ਕੋਇ ਸੁਣਾਈਆ। ਰਸਨਾ ਜਿਹਵਾ ਸਾਰੇ ਰਹੇ ਅਰਾਧ, ਅੰਤਰ ਆਤਮ ਨਾ ਕੋਇ ਵਸਾਈਆ। ਮੇਟ ਮਿਟਾਏ ਨਾ ਕੋਇ ਵਾਦ ਵਿਵਾਦ, ਜਗਤ ਵਾਸਨਾ ਹੋਏ ਹਲਕਾਈਆ। ਕਾਮ ਕਰੋਧ ਕੋਈ ਨਾ ਸਕੇ ਵਿਚੋਂ ਕਾਢ, ਆਸਾ ਤ੍ਰਿਸਨਾ ਪੱਲੂ ਨਾ ਕੋਇ ਛੁਡਾਈਆ। ਸਤਿਗੁਰ ਸ਼ਬਦ ਕਰੇ ਨਾ ਕੋਈ ਲਾਡ, ਨਾਨਕ ਗੋਬਿੰਦ ਜਾਣ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਦੱਸੇ ਖੋਲ੍ਹ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਤੋਲਣਹਾਰਾ ਸਾਚਾ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਜੁਗਾ ਜੁਗੰਤਰ ਲੱਖ ਚੁਰਾਸੀ ਲਏ ਫੋਲ, ਪੜਦਾ ਉਹਲਾ ਆਪ ਚੁਕਾਇੰਦਾ। ਜਨ ਭਗਤਾਂ ਵਸੇ ਸਦਾ ਕੋਲ ਵਿਛੜ ਕਦੇ ਨਾ ਜਾਇੰਦਾ। ਗੁਰਮੁਖ ਸੱਜਣ ਲਏ ਵਿਰੋਲ, ਲੱਖ ਚੁਰਾਸੀ ਆਪਣਾ ਨਾਮ ਮਧਾਣਾ ਪਾਇੰਦਾ। ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਵਜਾਏ ਢੋਲ, ਸਮੁੰਦ ਸਾਗਰ ਡੂੰਘੀ ਕੰਦਰ ਆਪਣਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਸਾਚੀ ਵਸਤ ਰਹੇ ਨਾ ਕਿਸੇ ਕੋਲ, ਖਾਲੀ ਭਾਂਡੇ ਸਰਬ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਲੇਖਾ ਆਪ ਸਮਝਾਇੰਦਾ। ਅੰਤਮ ਲੇਖਾ ਲਿਖੇ ਲੇਖ, ਲਿਖਣਹਾਰ ਕਰਤਾਰਾ। ਗੁਰ ਸ਼ਬਦੀ ਨੇਤਰ ਨੈਣ ਪੇਖ, ਕਲਜੁਗ ਧੰਦੂਕਾਰਾ। ਸਚ ਸੁੱਚ ਮਿਟੇ ਰੇਖ, ਜੂਠ ਝੂਠ ਹੋਏ ਪਸਾਰਾ। ਪਿਤਾ ਪੂਤ ਧੀਆਂ ਰਿਹਾ ਵੇਖ, ਨਾਰ ਕੰਤ ਕਰੇ ਵਿਭਚਾਰਾ। ਕੋਈ ਨਾ ਦਿਸੇ ਮੁੱਲਾਂ ਸ਼ੇਖ਼, ਮੁਸਾਇਕ ਪੀਰ ਦਸਤਗੀਰ ਕੋਈ ਨਾ ਹੋਏ ਜ਼ਾਹਰਾ। ਬਿਨ ਸਤਿਗੁਰ ਪੂਰੇ ਕੋਈ ਨਾ ਦੱਸੇ ਭੇਤ, ਪੜ੍ਹ ਪੜ੍ਹ ਥੱਕੇ ਜੀਵ ਗਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰਾ ਅੰਤਮ ਅੰਤ, ਹਰਿ ਜੂ ਆਪਣਾ ਖੇਲ ਕਰਾਈਆ। ਵੇਖਣਹਾਰਾ ਸਾਧ ਸੰਤ, ਲੱਖ ਚੁਰਾਸੀ ਫੋਲ ਫੋਲਾਈਆ । ਆਪਣੀ ਮਾਇਆ ਪਾ ਬੇਅੰਤ, ਬੇਅੰਤ ਦਏ ਭੁਲਾਈਆ। ਘਰ ਘਰ ਬਣਾਏ ਗੜ੍ਹ ਹਉਮੇ ਹੰਗਤ, ਮਾਣ ਅਭਿਮਾਨ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹਰਿ ਕਾ ਨਾਉਂ ਭੁੱਲੇ ਸਰਬ ਲੋਕਾਈਆ। ਸਰਬ ਲੋਕਾਈ ਜਾਣਾ ਭੁੱਲ, ਅਭੁੱਲ ਆਪ ਭੁਲਾਇੰਦਾ। ਕੋਈ ਨਾ ਤੁਲੇ ਸਾਚਾ ਤੁਲ, ਕਲਜੁਗ ਆਪਣਾ ਹਿੱਸਾ ਆਪ ਵੰਡਾਇੰਦਾ। ਭਾਗ ਲੱਗੇ ਗੁਰਮੁਖ ਕੁਲ, ਜਿਸ ਜਨ ਹਰਿ ਜੂ ਆਪਣਾ ਭੇਵ ਖੁਲ੍ਹਾਇੰਦਾ। ਏਕਾ ਦੇਵੇ ਨਾਮ ਅਨਮੁਲ, ਤੇਰਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਤੇਰਾ ਲਹਿਣਾ ਦੇਣਾ ਆਪ ਮੁਕਾਇੰਦਾ। ਲਹਿਣਾ ਦੇਣਾ ਸ਼ਬਦੀ ਸੁਤ, ਤੇਰਾ ਆਪ ਚੁਕਾਈਆ। ਪਰਗਟ ਹੋ ਅਬਿਨਾਸ਼ੀ ਅਚੁੱਤ, ਨਿਰਗੁਣ ਆਪਣਾ ਰੂਪ ਵਟਾਈਆ। ਸਚਖੰਡ ਨਿਵਾਸੀ ਆਪੇ ਪਏ ਉਠ, ਮਾਤ ਪਿਤਾ ਨਾ ਕੋਇ ਬਣਾਈਆ। ਆਪ ਸੁਹਾਏ ਸਾਚੀ ਰੁੱਤ, ਰੁੱਤ ਰੁੱਤੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਖੋਲ੍ਹੇ ਭੇਵ ਹਰਿ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਇੰਦਾ। ਕਲਜੁਗ ਆਏ ਅੰਤਮ ਵਾਰਾ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਨਿਰਗੁਣ ਨੂਰ ਕਰੇ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਨਾਉਂ ਰੱਖ ਨਿਹਕਲੰਕ ਨਰਾਇਣ ਨਰ ਅਵਤਾਰਾ, ਲੋਕਮਾਤ ਫੇਰਾ ਪਾਇੰਦਾ। ਸਚਖੰਡ ਬਣਾਏ ਸਚ ਦਰਬਾਰਾ, ਧੁਰ ਦਰਬਾਰੀ ਆਸਣ ਲਾਇੰਦਾ। ਲਹਿਣਾ ਦੇਣਾ ਚੁਕਾਏ ਤੇਈ ਅਵਤਾਰਾ, ਭਗਤ ਅਠਾਰਾਂ ਨਾਲ ਮਿਲਾਇੰਦਾ। ਲੇਖਾ ਜਾਣੇ ਦਸ ਗੁਰੂ ਗੁਰ ਧਾਰਾ, ਗੁਰ ਸ਼ਬਦੀ ਵੰਡ ਵੰਡਾਇੰਦਾ। ਪੁਰਖ ਅਬਿਨਾਸ਼ੀ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਹੁਕਮ ਆਪ ਵਰਤਾਇੰਦਾ। ਪੂਰਬ ਲਹਿਣਾ ਕਰਮ ਵਿਚਾਰਾ, ਨਿਹਕਰਮੀ ਕਰਮ ਕਮਾਇੰਦਾ। ਪਰਗਟ ਹੋ ਵਿਚ ਸੰਸਾਰਾ, ਆਪਣਾ ਮਾਰਗ ਆਪੇ ਲਾਇੰਦਾ। ਏਕਾ ਨਾਮ ਬੋਲ ਜੈਕਾਰਾ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਇਕ ਕਰਾਏ ਵਣਜ ਵਪਾਰਾ, ਸਾਚਾ ਹੱਟ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਇੰਦਾ। ਆਪਣਾ ਪੜਦਾ ਚੁੱਕੇ ਉਹਲਾ, ਭੇਦ ਅਭੇਦ ਖੁਲ੍ਹਾਈਆ। ਨੌਂ ਖੰਡ ਪ੍ਰਿਥਮੀ ਚਾਰ ਕੁੰਟ ਲੱਖ ਚੁਰਾਸੀ ਆਪੇ ਮੌਲਾ, ਘਟ ਘਟ ਆਪਣਾ ਨੂਰ ਧਰਾਈਆ। ਸ਼ਬਦ ਅਨਾਦ ਸੁਣਾਏ ਬ੍ਰਹਿਮਾਦ ਆਪੇ ਗਾਏ ਆਪਣਾ ਢੋਲਾ, ਢੋਲਾ ਸਾਚਾ ਆਪ ਸੁਣਾਈਆ। ਸਚ ਦੁਆਰਾ ਏਕੰਕਾਰਾ ਆਦਿ ਜੁਗਾਦਿ ਏਕਾ ਖੋਲ੍ਹਾ, ਗੁਰ ਅਵਤਾਰਾਂ ਰਿਹਾ ਦਸਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਪਾਇਣ ਰੌਲਾ, ਅੰਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਆਪ ਜਣਾਈਆ। ਕਲਜੁਗ ਆਏ ਅੰਤਮ ਅੰਤ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਪਰਗਟ ਹੋਏ ਸ੍ਰੀ ਭਗਵੰਤ, ਨਿਹਕਲੰਕ ਨਾਉਂ ਰਖਾਇੰਦਾ। ਸਤਿਜੁਗ ਬਣਾਏ ਸਾਚੀ ਬਣਤ, ਕਲਜੁਗ ਕੂੜਾ ਮੇਟ ਮਿਟਾਇੰਦਾ। ਚਾਰ ਵਰਨ ਇਕੋ ਮੰਤ, ਹਰਿ ਆਪਣਾ ਨਾਉਂ ਦ੍ਰਿੜਾਇੰਦਾ। ਭਗਤ ਭਗਵੰਤ ਵੇਖੇ ਸੰਤ, ਸੰਤ ਸਾਜਣ ਮੇਲ ਮਿਲਾਇੰਦਾ। ਸੁਰਤੀ ਸ਼ਬਦੀ ਮੇਲਾ ਨਾਰੀ ਕੰਤ, ਆਤਮ ਸੇਜਾ ਆਪ ਹੰਢਾਇੰਦਾ। ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਮਾਨਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਫੇਰਾ ਫੇਰ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਜੋਤੀ ਮੇਲਾ ਆਪ ਮਿਲਾਇੰਦਾ। ਸ਼ਬਦੀ ਜੋਤੀ ਸਾਚਾ ਮੇਲਾ, ਹਰਿ ਜੂ ਹਰਿ ਹਰਿ ਆਪ ਮਿਲਾਈਆ । ਗੋਬਿੰਦ ਮੇਲਾ ਗੁਰੂ ਗੁਰ ਚੇਲਾ, ਗੁਰ ਸਤਿਗੁਰ ਆਪ ਜਣਾਈਆ। ਨਿਰਗੁਣ ਸਰਗੁਣ ਸੱਜਣ ਸੁਹੇਲਾ, ਸਾਚਾ ਸੰਗ ਨਿਭਾਈਆ। ਕਲਜੁਗ ਆਇਆ ਅੰਤਮ ਵੇਲਾ, ਭੇਵ ਕੋਇ ਨਾ ਪਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਦਿਸ ਕਿਸੇ ਨਾ ਆਈਆ। ਗੁਰਮੁਖ ਵਿਰਲੇ ਚੜ੍ਹੇ ਤੇਲਾ, ਜਿਸ ਸਾਚਾ ਸਗਨ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪਣਾ ਨਾਉਂ ਡੰਕ ਵਜਾਈਆ। ਸਾਚਾ ਡੰਕਾ ਵੱਜੇ ਮਾਤ, ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤ, ਜਗਤ ਅੰਧੇਰਾ ਰਹਿਣ ਨਾ ਪਾਇੰਦਾ। ਸਤਿਜੁਗ ਸਾਚੇ ਬੰਨ੍ਹੇ ਨਾਤ, ਧਰਤ ਮਾਤ ਗੋਦ ਬਹਾਇੰਦਾ। ਕਿਰਪਾ ਕਰੇ ਕਮਲਾਪਾਤ, ਕਵਲ ਨੈਣ ਆਪ ਖੁਲ੍ਹਾਇੰਦਾ। ਜਨ ਭਗਤ ਬਣਾਏ ਸਾਚੇ ਸਾਕ, ਭਗਤ ਦੁਆਰਾ ਆਪ ਸੁਹਾਇੰਦਾ। ਨਾਤਾ ਤੁਟੇ ਜਾਤ ਪਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਸਰਬ ਜੀਆਂ ਵਖਾਏ ਇਕੋ ਘਾਟ, ਤੀਰਥ ਤਟ ਸਰ ਸਰੋਵਰ ਅਵਰ ਨਾ ਕੋਇ ਵਡਿਆਇੰਦਾ। ਆਤਮ ਪਰਮਾਤਮ ਸਾਚਾ ਪਾਠ, ਇਸ਼ਟ ਦੇਵ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਕਰੇ ਖੇਲ ਪੁਰਖ ਅਕਾਲ, ਕਲਜੁਗ ਅੰਤਮ ਵੇਖ ਵਖਾਈਆ। ਨਾਉਂ ਰੱਖ ਦੀਨ ਦਿਆਲ, ਦੀਨਨ ਹੋਏ ਸਹਾਈਆ। ਸੇਵਾ ਲਾਏ ਕਲਜੁਗ ਕਾਲ, ਲੱਖ ਚੁਰਾਸੀ ਦਏ ਮਿਟਾਈਆ। ਰਾਏ ਧਰਮ ਲੇਖਾ ਦਏ ਵਖਾਲ, ਚਿਤਰ ਗੁਪਤ ਨਾਲ ਮਿਲਾਈਆ। ਲਾੜੀ ਮੌਤ ਕਰੇ ਸ਼ਿੰਗਾਰ, ਨੇਤਰ ਨੈਣਾਂ ਕਜਲਾ ਪਾਈਆ। ਚਾਰੋਂ ਕੁੰਟ ਵੇਖੇ ਵਾਰੋ ਵਾਰ, ਬਚਿਆ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਆਈ ਹਾਰ, ਜੀਵ ਜੰਤ ਦੇਣ ਦੁਹਾਈਆ। ਉਮਤ ਉਮਤੀ ਗਈ ਹਾਰ, ਨਬੀ ਰਸੂਲ ਦਏ ਨਾ ਕੋਇ ਗਵਾਹੀਆ। ਅੱਲਾ ਰਾਣੀ ਨੇਤਰ ਰੋਵੇ ਜ਼ਾਰੋ ਜ਼ਾਰ, ਖੁਲੜੇ ਕੇਸ ਰਹੀ ਵਖਾਈਆ। ਚੌਦਾਂ ਤਬਕ ਕਰਨ ਪੁਕਾਰ, ਸਚ ਤਬਲੀਗ਼ ਨਾ ਕੋਇ ਸੁਣਾਈਆ। ਖ਼ਾਲਕ ਖ਼ਲਕ ਵੇਖੇ ਵੇਖਣਹਾਰ, ਬੇਐਬ ਪਰਵਰਦਿਗਾਰ ਸਾਚਾ ਮਾਹੀਆ। ਸਦੀ ਚੌਧਵੀ ਆਈ ਹਾਰ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਲਹਿਣਾ ਦੇਣਾ ਚੁੱਕੇ ਚਾਰ ਯਾਰ, ਚੌਥੇ ਜੁਗ ਵੰਡ ਵੰਡਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪੰਚਮ ਪੰਚ ਕਰੇ ਪਰਵਾਨ, ਦਰਗਾਹ ਸਾਚੀ ਵੱਜੇ ਵਧਾਈਆ। ਪੰਜਾਂ ਦੇਵੇ ਏਕਾ ਮਾਣ, ਪੰਚ ਬਣਾਏ ਸਚ ਵਿਧਾਨ, ਜਗਤ ਵਿਦਿਆ ਨਾ ਕੋਇ ਵਡਿਆਈਆ। ਸਤਿ ਸਤਿਵਾਦੀ ਫੜਾਏ ਹੱਥ ਨਿਸ਼ਾਨ, ਸੱਤਰੰਗਾ ਆਪ ਝੁਲਾਈਆ। ਸੱਤ ਦੀਪ ਮੰਨਣ ਆਣ, ਨਿਉਂ ਨਿਉਂ ਸੀਸ ਝੁਕਾਈਆ। ਸ਼ਾਹੋ ਭੂਪ ਬਣੇ ਭਗਵਾਨ, ਸੀਸ ਜਗਦੀਸ ਤਾਜ ਟਿਕਾਈਆ। ਲੱਖ ਚੁਰਾਸੀ ਵੇਖੇ ਕਾਹਨ, ਮੁਕੰਦ ਮਨੋਹਰ ਲੱਖਮੀ ਨਰਾਇਣ ਰੂਪ ਵਟਾਈਆ। ਸਰਬ ਜੀਆਂ ਦੇਵੇ ਇਕ ਗਿਆਨ, ਆਤਮ ਪਰਮਾਤਮ ਮੇਲ ਮਿਲਾਈਆ। ਸੋਹੰ ਅੱਖਰ ਕਰ ਪਰਧਾਨ, ਸਤਿਜੁਗ ਪਰਧਾਨਗੀ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਚਾਰ ਵਰਨਾਂ ਏਕਾ ਗੁਣ ਸਮਝਾਈਆ। ਏਕਾ ਗੁਣ ਚਾਰ ਵਰਨ, ਨਰ ਹਰਿ ਨਰਾਇਣ ਆਪ ਜਣਾਇੰਦਾ। ਖੋਲਣਹਾਰਾ ਹਰਨ ਫਰਨ, ਨੇਤਰ ਗਿਆਨ ਆਪ ਖੁਲ੍ਹਾਇੰਦਾ। ਨਾਤਾ ਤੋੜੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਇੰਦਾ। ਕਿਰਪਾ ਕਰੇ ਕਰਨੀ ਕਰਨ, ਕਰਤਾ ਪੁਰਖ ਦਇਆ ਕਮਾਇੰਦਾ। ਤ੍ਰੈਗੁਣ ਅਗਨੀ ਗੁਰਮੁਖ ਕਦੇ ਨਾ ਸੜਨ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਦਰਗਾਹ ਸਾਚੀ ਸਾਚੇ ਵੜਨ, ਹਰਿ ਸਾਚਾ ਮੇਲ ਮਿਲਾਇੰਦਾ। ਸਤਿਗੁਰ ਚਰਨ ਜੋ ਜਨ ਫੜਨ, ਪੁਰਖ ਅਕਾਲ ਗੋਦ ਸੁਹਾਇੰਦਾ। ਸੋਹੰ ਅੱਖਰ ਜੋ ਜਨ ਪੜ੍ਹਨ, ਜਨਮ ਮਰਨ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦੇਵੇ ਦਾਨ, ਦਾਤਾ ਦਾਨੀ ਆਪਣੀ ਵਸਤ ਆਪ ਵਰਤਾਇੰਦਾ।