੨੬ ਚੇਤ ੨੦੧੯ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛੌਣੀ
ਸੋ ਪੁਰਖ ਨਿਰੰਜਣ ਖੇਲ ਕਰੌਣਾ, ਹਰਿ ਬੇਅੰਤ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਵੇਸ ਵਟੌਣਾ, ਇਕ ਇਕੱਲਾ ਭੇਵ ਨਾ ਰਾਈਆ। ਏਕੰਕਾਰਾ ਨਾਉਂ ਧਰੌਣਾ, ਅਲੱਖ ਅਗੋਚਰ ਅਗੰਮ ਅਥਾਹ ਸੱਚਾ ਸ਼ਹਿਨਸ਼ਾਹੀਆ। ਆਦਿ ਨਿਰੰਜਣ ਨੂਰ ਪਰਗਟੌਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਖੇਲ ਕਰੌਣਾ, ਭੇਵ ਅਭੇਦ ਆਪ ਖੁਲ੍ਹਾਈਆ। ਸ੍ਰੀ ਭਗਵਾਨ ਸਚ ਨਿਸ਼ਾਨ ਝੁਲੌਣਾ, ਸਤਿ ਸਤਿਵਾਦੀ ਆਪਣੇ ਹੱਥ ਰਖਾਈਆ। ਪਾਰਬ੍ਰਹਮ ਪ੍ਰਭ ਹੁਕਮ ਵਰਤੌਣਾ, ਧੁਰ ਫ਼ਰਮਾਣਾ ਆਪ ਸੁਣਾਈਆ। ਸਚਖੰਡ ਦੁਆਰਾ ਇਕ ਸੁਹੌਣਾ, ਸਾਚੇ ਬੰਕ ਸੋਭਾ ਪਾਈਆ। ਤਖ਼ਤ ਨਿਵਾਸੀ ਸਾਚਾ ਤਖ਼ਤ ਆਪ ਵਡਿਔਣਾ, ਪਾਵਾ ਚੂਲ ਨਾ ਕੋਇ ਬਣਾਈਆ। ਸ਼ਾਹੋ ਭੂਪ ਹਰਿ ਆਸਣ ਲੌਣਾ, ਰਾਜ ਰਾਜਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਹਰਿ ਕਰੌਣਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਨੂਰ ਆਪ ਪਰਗਟੌਣਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਚਖੰਡ ਦੁਆਰਾ ਆਪ ਸੁਹੌਣਾ, ਸਚ ਸਿੰਘਾਸਣ ਆਸਣ ਲਾਇੰਦਾ। ਆਪਣੀ ਇਛਿਆ ਪੂਰ ਕਰੌਣਾ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੋਲ੍ਹੇ ਨਿਰੰਕਾਰ, ਦਿਸ ਕਿਸੇ ਨਾ ਆਈਆ। ਵਸਣਹਾਰਾ ਸਚਖੰਡ ਦੁਆਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਣਾ ਆਪ ਜਣਾਈਆ। ਘਰ ਵਿਚ ਘਰ ਕਰ ਤਿਆਰ, ਥਿਰ ਘਰ ਘਾੜਨ ਲਏ ਘੜਾਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਸ੍ਰੀ ਭਗਵੰਤ, ਆਦਿ ਜੁਗਾਦਿ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਨਾਰ ਕੰਤ, ਕੰਤ ਕੰਤੂਹਲ ਵੇਸ ਵਟਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਸਚਖੰਡ ਦੁਆਰੇ ਸੋਭਾਵੰਤ, ਦਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਧਾਰ ਬਣਾਏ ਬਣਤ, ਸ਼ਬਦੀ ਸੁਤ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਆਪੇ ਰੱਖ, ਨਿਰਗੁਣ ਆਪਣਾ ਖੇਲ ਕਰਾਇੰਦਾ। ਨਿਰਾਕਾਰ ਨਿਰਵੈਰ ਹੋ ਪਰਤੱਖ, ਰੂਪ ਅਨੂਪ ਆਪ ਵਖਾਇੰਦਾ। ਸਾਚੇ ਮੰਦਰ ਆਪੇ ਵਸ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਨਿਰਗੁਣ ਮਾਰਗ ਨਿਰਗੁਣ ਦੱਸ, ਨਿਰਗੁਣ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਕਰੇ ਕਰਤਾਰ, ਕਰਤਾ ਪੁਰਖ ਵਡੀ ਵਡਿਆਈਆ। ਜੋਤੀ ਜਾਤਾ ਬੇਪਰਵਾਹ ਪਰਵਰਦਿਗਾਰ, ਨੂਰ ਨੁਰਾਨਾ ਸ਼ਹਿਨਸ਼ਾਹੀਆ। ਮੁਕਾਮੇ ਹੱਕ ਕਰ ਪਸਾਰ, ਨੂਰੀ ਜਲਵਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਆਦਿ ਅੰਤ ਹਰਿ ਜੂ ਆਪੇ ਆਪ ਚੁਕਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ। ਆਦਿ ਅਨਾਦੀ ਏਕਾ ਮੰਤ, ਮੰਤਰ ਨਾਮ ਆਪ ਦ੍ਰਿੜਾਇੰਦਾ। ਲੱਖ ਚੁਰਾਸੀ ਬਣਾਏ ਬਣਤ, ਘੜਨ ਭੰਨਣਹਾਰ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਹਰਿ ਜਣੌਣਾ, ਨਿਸ਼ਅੱਖਰ ਕਰੇ ਪੜ੍ਹਾਈਆ। ਪੁਰਖ ਅਬਿਨਾਸ਼ੀ ਹੁਕਮ ਵਰਤੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦੀ ਸੁਤ ਸੇਵਾ ਲੌਣਾ, ਸਾਚੀ ਸੇਵਾ ਇਕ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠੌਣਾ, ਆਲਸ ਨਿੰਦਰਾ ਨਾ ਕੋਇ ਰਖਾਈਆ। ਸੁਰਪਤ ਇੰਦ ਕਰੋੜ ਤਤੀਸ ਆਪ ਜਗੌਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੂਰਜ ਚੰਨ ਦਰ ਬਹੌਣਾ, ਹੁਕਮੀ ਹੁਕਮ ਹੁਕਮ ਵਰਤਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰਾ ਪੌਣਾ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਮੰਡਲ ਮੰਡਪ ਆਪ ਸੁਹੌਣਾ, ਤਖ਼ਤ ਨਿਵਾਸੀ ਸੋਭਾ ਪਾਈਆ। ਜ਼ਿਮੀਂ ਅਸਮਾਨਾਂ ਵੇਖ ਵਖੌਣਾ, ਦੋ ਜਹਾਨਾਂ ਰੰਗ ਰੰਗਾਈਆ। ਚੌਦਾਂ ਤਬਕ ਨੈਣ ਉਠੌਣਾ, ਚੌਦਾਂ ਲੋਕ ਚਰਨਾਂ ਹੇਠ ਰਖਾਈਆ। ਅਵਣ ਗਵਣ ਵੇਖ ਵਖੌਣਾ, ਤ੍ਰੈ ਭਵਨ ਆਪਣਾ ਭੇਵ ਚੁਕਾਈਆ। ਨਿਰਗੁਣ ਸਰਗੁਣ ਰਾਹ ਵਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਾਚਾ ਭੇਵ ਜਣਾਏ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਆਦਿ ਜੁਗਾਦੀ ਸਾਚੀ ਕਾਰ, ਕਰਤਾ ਪੁਰਖ ਆਪ ਕਰਾਈਆ। ਨਿਰਗੁਣ ਸਰਗੁਣ ਜਾਣੇ ਧਾਰ, ਵਡ ਦਾਤਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲਾ ਆਪ ਸੁਣਾਈਆ। ਸਚ ਸੰਦੇਸ਼ਾ ਇਕ ਸੁਣੌਣਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਨਾਲ ਮਿਲੌਣਾ, ਨਜ਼ਰ ਕਿਸੇ ਨਾ ਆਇੰਦਾ। ਏਕੰਕਾਰ ਪੱਲੂ ਆਪ ਫੜੌਣਾ, ਏਕਾ ਆਪਣੀ ਗੰਢ ਬੰਧਾਇੰਦਾ। ਆਦਿ ਨਿਰੰਜਣ ਦੀਪਕ ਇਕ ਜਗੌਣਾ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਹੁਕਮ ਵਰਤੌਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸ੍ਰੀ ਭਗਵਾਨ ਧੁਰ ਫ਼ਰਮਾਣਾ ਇਕ ਜਣੌਣਾ, ਬੋਧ ਅਗਾਧੀ ਆਪੇ ਗਾਇੰਦਾ। ਪਾਰਬ੍ਰਹਮ ਪ੍ਰਭ ਭੇਵ ਖੁਲੌਣਾ, ਆਪਣਾ ਪਰਦਾ ਆਪੇ ਲਾਹਿੰਦਾ। ਬ੍ਰਹਮ ਲੇਖਾ ਆਪ ਚੁਕੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸਾਚਾ ਰਾਹ ਵਿਚ ਸੰਸਾਰ, ਵਡ ਸੰਸਾਰੀ ਆਪ ਚਲਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਅਪਰੰਪਰ ਵੇਖ ਵਖਾਈਆ। ਜੁਗ ਚੌਕੜੀ ਦਏ ਅਧਾਰ, ਏਕਾ ਬੰਧਨ ਨਾਮ ਪਾਈਆ। ਸੇਵਾ ਲਾ ਗੁਰ ਅਵਤਾਰ, ਗੁਰ ਗੁਰ ਬੂਝ ਬੁਝਾਈਆ। ਨਾਦ ਸ਼ਬਦ ਧੁਨ ਧੁਨਕਾਰ, ਅਨਾਦੀ ਅਨਹਦ ਆਪ ਵਜਾਈਆ। ਅੰਮ੍ਰਿਤ ਸਰੋਵਰ ਠੰਡਾ ਠਾਰ, ਗ੍ਰਹਿ ਝਿਰਨਾ ਆਪ ਝਿਰਾਈਆ। ਜੋਤ ਨਿਰੰਜਣ ਕਰ ਉਜਿਆਰ, ਆਦਿ ਨਿਰੰਜਣ ਵੇਖੇ ਚਾਈਂ ਚਾਈਂਆ। ਬ੍ਰਹਮ ਪਾਰਬ੍ਰਹਮ ਦਏ ਆਧਾਰ, ਘਰ ਮੇਲਾ ਸਹਿਜ ਸੁਭਾਈਆ। ਆਤਮ ਪਰਮਾਤਮ ਇਕ ਪਿਆਰ, ਏਕਾ ਸੇਜ ਸੁਹਾਈਆ। ਈਸ਼ ਜੀਵ ਦਏ ਆਧਾਰ, ਜਗਦੀਸ਼ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਆਪਣਾ ਲੇਖਾ ਆਪ ਚੁਕੌਣਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਵਿਸ਼ਨੂੰ ਪਰਦਾ ਆਪੇ ਲੌਹੁਣਾ, ਵਿਸ਼ਵ ਧਾਰ ਵੇਖ ਵਖਾਇੰਦਾ। ਬ੍ਰਹਮੇ ਬ੍ਰਹਮ ਭੇਵ ਖੁਲੌਣਾ, ਅਭੇਦ ਆਪਣੀ ਦਇਆ ਕਮਾਇੰਦਾ। ਸ਼ੰਕਰ ਸੀਸ ਜਗਦੀਸ਼ ਝੁਕੌਣਾ, ਨਿਉਂ ਨਿਉਂ ਏਕਾ ਅਲਖ ਜਗਾਇੰਦਾ। ਪੁਰਖ ਅਬਿਨਾਸ਼ੀ ਹੁਕਮ ਵਰਤੌਣਾ, ਆਪ ਆਪਣਾ ਹੁੁਕਮ ਸਮਝਾਇੰਦਾ। ਚਾਰ ਵੇਦਾਂ ਭੇਵ ਖੁਲੌ੍ਹਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਅਗੰਮ ਅਪਾਰ, ਏਕਾ ਏਕ ਜਣਾਈਆ। ਸੋ ਪੁਰਖ ਨਿਰੰਜਣ ਹੋਇਆ ਖ਼ਬਰਦਾਰ, ਹਰਿ ਪੁਰਖ ਨਿਰੰਜਣ ਦਏ ਸਾਲਾਹੀਆ। ਏਕੰਕਾਰਾ ਹੋਇਆ ਬੇਦਾਰ, ਗ਼ਫ਼ਲਤ ਰੂਪ ਨਾ ਕੋਇ ਵਖਾਈਆ। ਆਦਿ ਨਿਰੰਜਣ ਨੂਰ ਉਜਿਆਰ, ਜਲਵਾ ਨੂਰ ਇਕ ਦਰਸਾਈਆ। ਅਬਿਨਾਸ਼ੀ ਕਰਤਾ ਪਰਵਰਦਿਗਾਰ, ਮੁਕਾਮੇ ਹੱਕ ਡੇਰਾ ਲਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਪਾਰਬ੍ਰਹਮ ਧੁਰ ਫ਼ਰਮਾਣ ਹੋ ਮਿਹਰਵਾਨ, ਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਜੁਗ ਚੌਕੜੀ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਦਾਨ, ਧਰਤ ਧਵਲ ਗੋਦ ਸੁਹਾਈਆ। ਨਾਮ ਨਿਧਾਨਾ ਧੁਰ ਫ਼ਰਮਾਣ, ਅੱਖਰ ਵੱਖਰ ਕਰੇ ਪੜ੍ਹਾਈਆ। ਲੇਖਾ ਜਾਣ ਸ਼ਾਸਤਰ ਸਿਮਰਤ ਵੇਦ ਪੁਰਾਨ, ਪੁਰਾਨ ਪੁਰਾਨੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਪੁਰਖ ਅਗੰਮ, ਆਦਿ ਅੰਤ ਜਣਾਇੰਦਾ। ਕਰਤਾ ਪੁਰਖ ਜਾਣੇ ਆਪਣਾ ਕੰਮ, ਕਰਨੀ ਕਰਤਾ ਕਿਰਤ ਕਮਾਇੰਦਾ। ਆਦਿ ਜੁਗਾਦਿ ਬੇੜਾ ਬੰਨ੍ਹ, ਦੋ ਜਹਾਨ ਖੇਲ ਕਰਾਇੰਦਾ। ਕਰ ਪ੍ਰਕਾਸ਼ ਸੂਰਜ ਚੰਨ, ਦਿਵਸ ਰੈਣ ਵੰਡ ਵੰਡਾਇੰਦਾ। ਲੱਖ ਚੁਰਾਸੀ ਜਨਨੀ ਜਨ, ਦਾਈ ਦਾਇਆ ਸੇਵ ਕਮਾਇੰਦਾ। ਲੇਖਾ ਜਾਣੇ ਪੰਜ ਤਤ ਤਨ, ਤ੍ਰੈਗੁਣ ਮਾਇਆ ਬੰਧਨ ਪਾਇੰਦਾ। ਆਪੇ ਘੜੇ ਆਪੇ ਲਏ ਭੰਨ, ਭੇਵ ਅਭੇਦ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਹਰਿ ਸਮਝੌਣਾ, ਭੁੱਲ ਕੋਇ ਨਾ ਜਾਈਆ। ਨਿਰਗੁਣ ਜੋਤੀ ਨੂਰ ਧਰੌਣਾ, ਨੂਰ ਨੁਰਾਨਾ ਡਗਮਗਾਈਆ। ਜੁਗ ਚੌਕੜੀ ਪੰਧ ਮੁਕੌਣਾ, ਨਵ ਨੌਂ ਚਾਰ ਰਹਿਣ ਨਾ ਪਾਈਆ। ਸਚ ਸੰਦੇਸ਼ਾ ਇਕ ਸੁਣੌਣਾ, ਧੁਰ ਫ਼ਰਮਾਣਾ ਆਪ ਅਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਅੰਤਮ ਚੌਕੜ ਪੰਧ ਮੁਕੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਈ ਅਵਤਾਰਾਂ ਆਪ ਉਠੌਣਾ, ਇਕ ਇਕ ਨਾਲ ਮਿਲਾਈਆ। ਈਸਾ ਮੂਸਾ ਸੰਗ ਮੁਹੰਮਦ ਨਬੀ ਰਸੂਲ ਆਪਣਾ ਬੰਧਨ ਪੌਣਾ, ਸਾਚੀ ਡੋਰ ਹੱਥ ਰਖਾਈਆ। ਨਾਨਕ ਗੋਬਿੰਦ ਜੋਤੀ ਧਾਰ ਵਖੌਣਾ, ਦਸ ਦਸ ਦਇਆ ਕਮਾਈਆ। ਸਚ ਦਵਾਰ ਆਪ ਸੁਹੌਣਾ, ਸਚਖੰਡ ਵਾਸੀ ਆਪਣੀ ਦਇਆ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਆਪਣੀ ਝੋਲੀ ਪੌਣਾ, ਸਾਚੀ ਝੋਲੀ ਇਕ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਹਰਿ ਵੇਖ ਵਖੌਣਾ, ਜੇਰਜ ਅੰਡਜ ਉਤਭੁਜ ਸੇਤਜ ਪਰਦਾ ਲਾਹੀਆ। ਸ਼ਬਦੀ ਨਾਦ ਡੰਕ ਵਜੌਣਾ, ਬ੍ਰਹਮ ਬ੍ਰਹਿਮਾਦ ਆਪ ਸੁਣੌਣਾ, ਪੁਰੀਆਂ ਲੋਆਂ ਆਪ ਹਿਲਾਈਆ। ਨਾਮ ਭੰਡਾਰ ਇਕ ਵਰਤੌਣਾ, ਦੋ ਜਹਾਨਾਂ ਆਪ ਵਖੌਣਾ, ਚੌਦਾਂ ਤਬਕ ਫੇਰਾ ਪੌਣਾ, ਚੌਦਾਂ ਲੋਕ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਏਕਾ ਵਾਰ ਸੁਣਾਈਆ। ਸਚ ਸੰਦੇਸ਼ਾ ਅੰਤਮ ਵਾਰ, ਆਦਿ ਪੁਰਖ ਜਣਾਇੰਦਾ। ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਮਾਤ ਪਿਤ ਨਾ ਕੋਇ ਪਿਆਰ, ਸਾਕ ਸੱਜਣ ਸੈਣ ਨਾ ਕੋਇ ਜਣਾਇੰਦਾ। ਮਹੱਲ ਅਟੱਲ ਉਚ ਨਾ ਕੋਇ ਮਨਾਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਰੂਪ ਰੰਗ ਰੇਖ ਨਾ ਕੋਇ ਵਿਚ ਸੰਸਾਰ, ਵਰਨ ਬਰਨ ਜ਼ਾਤ ਨਾ ਵੰਡ ਵੰਡਾਇੰਦਾ। ਕਿਲਾ ਕੋਟ ਨਾ ਕੋਈ ਮਨਾਰ, ਜਗਤ ਆਸਣ ਸੇਜ ਨਾ ਕੋਇ ਹੰਢਾਇੰਦਾ। ਸ਼ਸਤਰ ਬਸਤਰ ਨਾ ਕੋਈ ਕਟਾਰ, ਤੇਜ਼ ਧਾਰ ਤਲਵਾਰ ਨਾ ਕੋਇ ਬਣਾਇੰਦਾ। ਅਸਵ ਘੋੜਾ ਨਾ ਕੋਇ ਅਸਵਾਰ, ਸੋਲਾਂ ਕਲੀਆਂ ਆਸਣ ਨਾ ਕੋਇ ਵਿਛਾਇੰਦਾ। ਸਰਗੁਣ ਰੂਪ ਨਾ ਕੋਇ ਆਧਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਕੋਇ ਰਖਾਇੰਦਾ। ਗੁਰ ਪੀਰ ਨਾ ਕੋਇ ਅਵਤਾਰ, ਪੀਰ ਪੈਗ਼ੰਬਰ ਮੁਲਾਂ ਸ਼ੇਖ਼ ਮੁਸਾਇਕ ਰੂਪ ਨਾ ਕੋਇ ਵਖਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਚਾਰ ਜੁਗ ਗਏ ਹਾਰ, ਹਰਿ ਕਾ ਅੰਤ ਕਿਸੇ ਨਾ ਆਇੰਦਾ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਪੁਕਾਰ, ਨਿਉਂ ਨਿਉਂ ਸਯਦਾ ਸੀਸ ਸਰਬ ਝੁਕਾਇੰਦਾ। ਭਿਖਕ ਬਣ ਬਣ ਮੰਗਦੇ ਗਏ ਭਿਖਾਰ, ਪ੍ਰਭ ਅੱਗੇ ਸਰਬ ਝੋਲੀ ਡਾਹਿੰਦਾ। ਕਲਜੁਗ ਅੰਤਮ ਆਵੇ ਨਿਹਕਲੰਕ ਨਰਾਇਣ ਨਰ ਅਵਤਾਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਆਪ ਸੁਣਾਇੰਦਾ। ਸਚ ਸੰਦੇਸ਼ਾ ਏਕੰਕਾਰ, ਅਕਲ ਕਲਾ ਜਣਾਈਆ। ਸਚਖੰਡ ਨਿਵਾਸੀ ਹੋ ਤਿਆਰ, ਕਰੇ ਖੇਲ ਬੇਪਰਵਾਹੀਆ। ਨੂਰੀ ਜਲਵਾ ਨੂਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਵੇਖੇ ਵਿਗਸੇ ਪਾਵੇ ਸਾਰ, ਘਟ ਘਟ ਆਪਣਾ ਖੇਲ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਗਏ ਦੀਦਾਰ, ਦੋਏ ਜੋੜ ਜੋੜ ਸ਼ਰਨਾਈਆ। ਪੁਰਖ ਪੁਰਖੋਤਮ ਕਰ ਨਿਮਸਕਾਰ, ਸਜਦਾ ਸੀਸ ਝੁਕਾਈਆ। ਵਾਹ ਵਾ ਤੇਰੀ ਕੁਦਰਤ ਪਰਵਰਦਿਗਾਰ, ਬੇਅੰਤ ਤੇਰੀ ਵਡਿਆਈਆ। ਤੇਰਾ ਅੰਤ ਨਾ ਪਾਰਾਵਾਰ, ਕਥਨੀ ਕਹਿ ਨਾ ਸਕੇ ਰਾਈਆ। ਲਿਖ ਲਿਖ ਲੇਖਕ ਲੇਖ ਗਏ ਹਾਰ, ਕਾਤਬ ਆਪਣਾ ਬਲ ਧਰਾਈਆ। ਮੁਖ਼ਾਤਬ ਹੋ ਕੇ ਕਰੇ ਨਾ ਕੋਈ ਗੁਫ਼ਤਾਰ, ਨਿਉਂ ਨਿਉਂ ਸੀਸ ਸਰਬ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਵਰਤਾਈਆ। ਏਕਾ ਹੁਕਮ ਅੰਤਮ ਵਾਰ, ਹਰਿ ਜੂ ਹਰਿ ਹਰਿ ਆਪ ਵਰਤਾਇੰਦਾ। ਨਿਰਗੁਣ ਨਿਰਗੁਣ ਲੈ ਅਵਤਾਰ, ਸਰਗੁਣ ਸਿਖਿਆ ਇਕ ਸਮਝਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਜੈ ਜੈਕਾਰ ਇਕ ਅਲਾਇੰਦਾ। ਲਹਿਣਾ ਦੇਣਾ ਪੂਰਬ ਕਰਜ਼ਾ ਦਏ ਉਤਾਰ, ਮਕਰੂਜ਼ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਸ੍ਰ਼ੀ ਭਗਵਾਨਾ, ਆਦਿ ਆਦਿ ਜਣਾਈਆ। ਅੰਤਮ ਪਰਗਟ ਹੋ ਵਾਲੀ ਦੋ ਜਹਾਨਾਂ, ਦੋਏ ਦੋਏ ਆਪਣੀ ਧਾਰ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਏਕਾ ਦੇਵੇ ਧੁਰ ਫ਼ਰਮਾਣਾ, ਸਚ ਸੰਦੇਸ਼ਾ ਆਪ ਅਲਾਈਆ । ਵੇਖ ਵਖਾਏ ਤਖ਼ਤ ਨਿਵਾਸੀ ਰਾਜਾ ਰਾਣਾ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ । ਸਾਚਾ ਹੁਕਮ ਧੁਰ ਦਰਬਾਰ, ਧੁਰ ਦਰਬਾਰੀ ਆਪ ਵਰਤਾਇੰਦਾ। ਲੋਕਮਾਤ ਖੇਲ ਅਪਾਰ, ਖ਼ਾਲਕ ਖ਼ਲਕ ਆਪ ਕਰਾਇੰਦਾ। ਸਚਖੰਡ ਦਾ ਸਚ ਵਿਹਾਰ, ਧਰਤ ਧਵਲ ਉਪਰ ਕਰਾਇੰਦਾ। ਨਵ ਨੌਂ ਲਹਿਣਾ ਦੇਣਾ ਕਰੇ ਪਾਰ, ਚਾਰ ਚਾਰ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇੰਦਾ। ਸਾਚੀ ਧਾਰਾ ਏਕਾ ਵਾਰ, ਹਰਿ ਏਕਾ ਏਕ ਚਲਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਵਿਸ਼ਨੂੰ ਢਹਿ ਢਹਿ ਪਏ ਦੁਆਰ, ਮੰਗੇ ਚਰਨ ਸਰਨ ਸਰਨਾਈਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸ਼ੰਕਰ ਕਰੇ ਹਾਹਾਕਾਰ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਤ੍ਰੈਗੁਣ ਮਾਇਆ ਕਰੇ ਗਿਰਿਆਜ਼ਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਪੰਜ ਤਤ ਡਿਗਾ ਮੂੰਹ ਦੇ ਭਾਰ, ਬਲ ਆਪਣਾ ਨਾ ਕੋਇ ਧਰਾਈਆ। ਨੇਤਰ ਵੇਖਣ ਤੇਈ ਅਵਤਾਰ, ਹਰਿ ਜੂ ਕੀ ਖੇਲ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਜਿਸ ਕਰਿਆ ਪਾਰ, ਕਲਜੁਗ ਅੰਤਮ ਫੇਰਾ ਪਾਈਆ। ਈਸਾ ਮੂਸਾ ਕਹੇ ਮੇਰਾ ਪਰਵਰਦਿਗਾਰ, ਮੇਰੇ ਪਿਛੇ ਹੋਏ ਸਹਾਈਆ। ਮੁਹੰਮਦ ਧਾਹਾਂ ਰਿਹਾ ਮਾਰ, ਅੱਧ ਵਿਚ ਬੈਠਾ ਰਿਹਾ ਕੁਰਲਾਈਆ। ਬੌਹੜੀ ਬੌਹੜੀ ਨਾਤਾ ਤੁਟਾ ਚਾਰ ਯਾਰ, ਸਗਲਾ ਸੰਗ ਨਾ ਕੋਇ ਵਖਾਈਆ। ਅੱਲਾ ਰਾਣੀ ਦਿਸੇ ਨਾ ਨਾਰ ਮੁਟਿਆਰ, ਆਪਣਾ ਮੁਖ ਗਈ ਛੁਪਾਈਆ। ਚਾਰੋਂ ਕੁੰਟ ਧੂਆਂਧਾਰ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਚੌਦਾਂ ਤਬਕ ਗਿਰਿਆਜ਼ਾਰ, ਧੀਰਜ ਧੀਰ ਨਾ ਕੋਇ ਰਖਾਈਆ। ਕਲਮਾ ਕਾਇਨਾਤ ਨਾ ਕੋਇ ਪਿਆਰ, ਨਬੀ ਰਸੂਲ ਦੇਵੇ ਨਾ ਕੋਇ ਗਵਾਹੀਆ। ਹੁਕਮ ਦੇਵੇ ਪਰਵਰਦਿਗਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਵਡ ਅਮਾਮ ਸੱਚਾ ਸਿਕਦਾਰ, ਹਜ਼ਰਤ ਆਪਣਾ ਫੇਰਾ ਪਾਈਆ। ਕਰੇ ਖੇਲ ਅਗੰਮ ਅਪਾਰ, ਬੇਅੰਤ ਬੇਅੰਤ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸਮਝਾਈਆ। ਸਚ ਸੰਦੇਸ਼ਾ ਸਚਖੰਡ, ਸਤਿ ਸਤਿਵਾਦੀ ਆਪ ਜਣਾਇੰਦਾ। ਨਿਰਗੁਣ ਨਾਨਕ ਸਰਗੁਣ ਕਰ ਕੇ ਗਿਆ ਵੰਡ, ਧੁਰ ਫ਼ਰਮਾਣਾ ਇਕ ਸਮਝਾਇੰਦਾ। ਗੋਬਿੰਦ ਗੀਤ ਸੁਹਾਗੀ ਗਾਇਆ ਛੰਦ, ਪੁਰਖ ਅਕਾਲ ਇਕ ਮਨਾਇੰਦਾ। ਅੰਤਮ ਤੋੜੇ ਬੰਦੀ ਬੰਦ, ਕਲ ਕਲਕੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਏਕਾ ਵਾਰ, ਆਪ ਸੁਣਾਏ ਹਰਿ ਨਿਰੰਕਾਰ, ਦੂਜਾ ਸੰਗ ਨਾ ਕੋਇ ਰਖਾਇੰਦਾ। ਦੂਜਾ ਸੰਗ ਨਾ ਕੋਈ ਸਾਥ, ਸਗਲਾ ਸੰਗ ਆਪ ਹੋ ਜਾਈਆ। ਕਰੇ ਖੇਲ ਪੁਰਖ ਸਮਰਾਥ, ਸਮਰਥ ਪੁਰਖ ਵੱਡ ਵਡਿਆਈਆ। ਜੁਗ ਚੌਕੜੀ ਚਲੌਂਦਾ ਰਿਹਾ ਰਥ, ਬਣ ਰਥਵਾਹੀ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਗ ਦੱਸ, ਲੋਕਮਾਤ ਮਾਤ ਸਮਝਾਈਆ। ਕਾਇਆ ਮੰਦਰ ਅੰਦਰ ਆਪੇ ਵਸ, ਪੰਜ ਤਤ ਦਏ ਵਡਿਆਈਆ । ਏਕਾ ਨੂਰ ਜੋਤ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਏਕਾ ਸ਼ਬਦ ਨਾਦ ਧਰਵਾਸ, ਧੁਰ ਫ਼ਰਮਾਣਾ ਆਪ ਸੁਣਾਈਆ। ਸਾਰੇ ਰੱਖਦੇ ਗਏ ਆਸ, ਏਕਾ ਓਟ ਤਕਾਈਆ । ਕਲਜੁਗ ਅੰਤਮ ਆਵੇ ਪੁਰਖ ਅਬਿਨਾਸ਼, ਨਿਰਗੁਣ ਆਪਣਾ ਰੂਪ ਵਟਾਈਆ। ਲੱਖ ਚੁਰਾਸੀ ਵੇਖੇ ਖੇਲ ਤਮਾਸ਼, ਖੇਲਣਹਾਰਾ ਆਪ ਹੋ ਜਾਈਆ। ਘਰ ਘਰ ਮੰਦਰ ਅੰਦਰ ਡੂੰਘੀ ਕੰਦਰ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਆਪ ਨਚਾਈਆ। ਭਗਤ ਭਗਵੰਤ ਪੂਰੀ ਕਰੇ ਆਸ, ਆਸਾ ਆਸਾ ਨਾਲ ਮਿਲਾਈਆ। ਸਾਚੇ ਸੰਤਾਂ ਵਸੇਂ ਪਾਸ, ਸਤਿਗੁਰ ਆਪਣਾ ਨਾਉਂ ਧਰਾਈਆ। ਗੁਰਮੁਖਾਂ ਕਰੇ ਬੰਦ ਖ਼ੁਲਾਸ, ਲੱਖ ਚੁਰਾਸੀ ਦਏ ਕਟਾਈਆ। ਗੁਰਸਿਖਾਂ ਨਜ਼ਰੀ ਆਏ ਸਾਖਯਾਤ, ਸਵਛ ਸਰੂਪੀ ਰੂਪ ਧਰਾਈਆ। ਕਰੇ ਖੇਲ ਕਮਲਾਪਾਤ, ਕਵਲ ਨੈਣ ਵਡੀ ਵਡਿਆਈਆ। ਕਲਜੁਗ ਮੇਟੇ ਅੰਧੇਰੀ ਰਾਤ, ਧੂਆਂਧਾਰ ਰਹਿਣ ਨਾ ਪਾਈਆ। ਮਨਮਤ ਨਾ ਰਹੇ ਨਾਰ ਕਮਜ਼ਾਤ, ਸਾਚੀ ਸਿਖਿਆ ਦਏ ਸਮਝਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨਾਂ ਦੇਵੇ ਸਾਥ, ਬਰਨ ਅਠਾਰਾਂ ਗੰਢ ਪੁਆਈਆ। ਸਰ ਸਰੋਵਰ ਅਠਸਠ ਵਖਾਏ ਤੀਰਥ ਤਾਟ, ਤੱਟ ਕਿਨਾਰਾ ਇਕ ਪਰਗਟਾਈਆ। ਲਹਿਣਾ ਦੇਣਾ ਜਾਣੇ ਮੰਦਰ ਮਸਜਦ ਮਾਠ, ਸ਼ਿਵਦੁਆਲੇ ਆਪੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਸੁਨੇਹੁੜਾ ਇਕ ਘਲਾਈਆ। ਸਚ ਸੁਨੇਹੁੜਾ ਦੇਵੇ ਘੱਲ, ਪਰਦਾ ਕੋਇ ਰਹਿਣ ਨਾ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੋ ਕਰਦਾ ਰਿਹਾ ਵਲ ਛਲ, ਲੁਕ ਲੁਕ ਆਪਣਾ ਹੁਕਮ ਸੁਣਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਸਚਖੰਡ ਨਿਵਾਸੀ ਫੇਰਾ ਪਾਈਆ। ਪਾਵੇ ਸਾਰ ਜਲ ਥਲ, ਮਹੀਅਲ ਆਪਣਾ ਰੂਪ ਵਖਾਈਆ। ਨਿਰਗੁਣ ਦੀਪਕ ਜੋਤੀ ਜਾਏ ਬਲ, ਜਗਤ ਅਗਿਆਨ ਅੰਧੇਰ ਦਏ ਮਿਟਾਈਆ। ਲੱਖ ਚੁਰਾਸੀ ਦੂਈ ਦਵੈਤੀ ਮੇਟੇ ਸਲ, ਦੁਰਮਤ ਮੈਲ ਧੁਵਾਈਆ। ਘਰ ਘਰ ਅੰਦਰ ਬਣ ਕਿਰਸਾਣਾ ਚਲਾਏ ਹੱਲ, ਸਾਚਾ ਬੀਜ ਨਾਮ ਬਜਾਈਆ। ਸਤਿਜੁਗ ਲਾਏ ਸਾਚਾ ਫਲ, ਫੁੱਲ ਫੁੱਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸੁਣ ਭਗਵਾਨ, ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਹਉਂ ਬਾਲੀ ਬੁੱਧ ਨਾਦਾਨ, ਤੇਰਾ ਭੇਵ ਕੋਇ ਨਾ ਆਈਆ। ਤੇਰੇ ਹੁਕਮੇ ਅੰਦਰ ਗਾਇਆ ਗਾਣ, ਲੋਕਮਾਤ ਸੇਵ ਕਮਾਈਆ। ਤੇਰਾ ਦੱਸ ਕੇ ਆਏ ਸਚ ਨਿਸ਼ਾਨ, ਜੀਵ ਜੰਤ ਸਮਝਾਈਆ। ਸਚਖੰਡ ਵਸੇ ਸ੍ਰੀ ਭਗਵਾਨ, ਸਾਚੇ ਤਖ਼ਤ ਸੋਭਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਦੇਵੇ ਦਾਨ, ਨਾਮ ਅਮੋਲਕ ਝੋਲੀ ਪਾਈਆ। ਆਤਮ ਪਰਮਾਤਮ ਕਰ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਧੁਰਦਰਗਾਹੀ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਕਾਇਆ ਕਾਅਬਾ ਕਰ ਪਰਵਾਨ, ਸਾਚਾ ਹੁਜਰਾ ਦਏ ਸੁਹਾਈਆ। ਸਤਿ ਸਤਿਵਾਦੀ ਇਕ ਈਮਾਨ, ਸ਼ਰਅ ਹਦੀਸ ਇਕ ਪੜ੍ਹਾਈਆ। ਬਿਸਮਿਲ ਰੂਪ ਅੰਜੀਲ ਕੁਰਾਨ, ਕਰਨੀ ਕਰਤਾ ਆਪ ਕਰਾਈਆ। ਮੁਕਾਮੇ ਹੱਕ ਹੋ ਪਰਧਾਨ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਆਪ ਸਮਝਾਈਆ। ਦੇਵਣਹਾਰ ਸਚ ਪੈਗ਼ਾਮ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਸਦੀ ਚੌਧਵੀਂ ਅੰਤਮ ਇਕੋ ਵਾਰ ਸਭ ਨੂੰ ਕਰੇ ਸਲਾਮ, ਸਲਾਮਾਂਲੈਕਮ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸਮਝਾਈਆ। ਸਚ ਸੁਨੇਹੁੜਾ ਸ਼ਬਦੀ ਧੁਨ, ਹਰਿ ਅਨਾਦੀ ਨਾਦ ਵਜਾਇੰਦਾ। ਬਿਨ ਕੰਨਾਂ ਗੁਰ ਅਵਤਾਰ ਲੈਣ ਸੁਣ, ਬਿਨ ਰਸਨਾ ਜਿਹਵਾ ਗਾਇੰਦਾ। ਨੇਤਰ ਪੇਖ ਲੱਖ ਚੁਰਾਸੀ ਕਰੇ ਛਾਣ ਪੁਣ, ਘਟ ਘਟ ਆਪਣਾ ਫੇਰਾ ਪਾਇੰਦਾ। ਨਵ ਨੌਂ ਵੇਖੇ ਗੁਣ ਅਵਗੁਣ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੁਰਮੁਖ ਸੱਜਣ ਲਏ ਚੁਣ, ਆਪ ਆਪਣੀ ਵੰਡ ਵੰਡਾਇੰਦਾ। ਖੋਲ੍ਹਣਹਾਰ ਸਮਾਧੀ ਸੁੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਵਰਤੇ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਉਤਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਰਾਜ ਰਾਜਾਨ ਕਰੇ ਖ਼ੁਵਾਰ, ਸ਼ਾਹ ਪਾਤਸ਼ਾਹ ਸੀਸ ਤਾਜ ਨਾ ਕੋਇ ਟਿਕਾਈਆ। ਵਰਨ ਬਰਨ ਆਏ ਹਾਰ, ਜ਼ਾਤ ਪਾਤ ਨਾ ਕੋਇ ਰਖਾਈਆ। ਨੌਂ ਖੰਡ ਪ੍ਰਿਥਮੀ ਦੇਵੇ ਇਕ ਆਧਾਰ, ਸੱਤ ਦੀਪ ਵਡੀ ਵਡਿਆਈਆ। ਏਕਾ ਨਾਮ ਬੋਲ ਜੈਕਾਰ, ਜੈ ਜੈਕਾਰ ਦਏ ਸਮਝਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਇਕ ਅਖਵਾਈਆ। ਘਟ ਘਟ ਅੰਤਰ ਕਰ ਪਸਾਰ, ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਅਲਾਈਆ। ਧੁਰ ਫ਼ਰਮਾਣਾ ਏਕਾ ਏਕ, ਏਕੰਕਾਰਾ ਆਪ ਸੁਣਾਇੰਦਾ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਸਾਚੀ ਟੇਕ, ਸ੍ਰਿਸ਼ਟ ਸਬਾਈ ਆਪ ਜਣਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕਰਨਹਾਰਾ ਬੁੱਧ ਬਬੇਕ, ਵਵੇਕੀ ਆਪਣਾ ਰਾਹ ਵਖਾਇੰਦਾ। ਭਗਤ ਭਗਵੰਤ ਕਰੇ ਹੇਤ, ਨਿਤ ਨਵਿਤ ਮੇਲ ਮਿਲਾਇੰਦਾ। ਸਾਚੇ ਸੰਤਾਂ ਆਪੇ ਵੇਖ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਲਹਿਣਾ ਆਪ ਮੁਕਾਇੰਦਾ। ਕਲਜੁਗ ਲਹਿਣਾ ਝੋਲੀ ਪਾ, ਪਿਛਲਾ ਮੂਲ ਚੁਕਾਈਆ। ਨਵ ਨੌਂ ਚਾਰ ਪੰਧ ਮੁਕਾ, ਆਪਣਾ ਖੇਲ ਦਏ ਵਖਾਈਆ। ਚਾਰ ਜੁਗ ਦੀ ਵੰਡ ਵੰਡਾ, ਚਾਰ ਯਾਰੀ ਅੰਤ ਕਰਾਈਆ। ਕਰੇ ਖੇਲ ਬੇਪਰਵਾਹ, ਦਿਸ ਕਿਸੇ ਨਾ ਆਈਆ। ਨਿਰਗੁਣ ਨੂਰ ਜੋਤੀ ਵੇਸ ਵਟਾ, ਨਿਹਕਲੰਕਾ ਨਾਉਂ ਰਖਾਈਆ। ਗੋਬਿੰਦ ਮੇਲਾ ਸਹਿਜ ਸੁਭਾ, ਮੇਲ ਮਿਲਾਵਾ ਸਾਚੇ ਥਾਈਂਆ। ਸੰਬਲ ਡੇਰਾ ਏਕਾ ਲਾ, ਬੰਕ ਦੁਆਰਾ ਦਏ ਵਡਿਆਈਆ। ਖੜਗ ਖੰਡਾ ਇਕ ਚਮਕਾ, ਬ੍ਰਹਿਮੰਡਾਂ ਰਿਹਾ ਡਰਾਈਆ। ਨਵ ਨਵ ਖੰਡਾਂ ਵੰਡਾਂ ਆਪੇ ਪਾ, ਜਨ ਭਗਤਾਂ ਵੰਡ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਵਿਚੋਂ ਲਏ ਜਗਾ, ਨੇਤਰ ਨੈਣ ਇਕ ਖੁਲ੍ਹਾਈਆ। ਆਤਮ ਦਰਸੀ ਦਰਸ ਦਏ ਕਰਾ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜਾਤਾ ਪੁਰਖ ਬਿਧਾਤਾ, ਆਪਣਾ ਖੇਲ ਕਰਾਇੰਦਾ। ਜਨ ਭਗਤਾਂ ਬੰਨ੍ਹੇ ਸਾਚਾ ਨਾਤਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਲਹਿਣਾ ਦੇਣ ਚੁਕਾਏ ਜ਼ਾਤਾਂ ਪਾਤਾਂ, ਵਰਨ ਗੋਤ ਨਾ ਕੋਇ ਰਖਾਇੰਦਾ। ਦਰਸ ਦਖਾਏ ਇਕ ਇਕਾਂਤਾ, ਨੂਰੋ ਨੂਰ ਡਗਮਗਾਇੰਦਾ। ਅੰਮ੍ਰਿਤ ਦੇਵੇ ਬੂੰਦ ਸਵਾਂਤਾ, ਨਿਝਰ ਝਿਰਨਾ ਆਪ ਝਿਰਾਇੰਦਾ। ਬੋਧ ਅਗਾਧ ਸੁਣਾਏ ਗਾਥਾ, ਅਨਹਦ ਨਾਦੀ ਨਾਦ ਵਜਾਇੰਦਾ। ਅੰਦਰ ਬਾਹਰ ਦੇਵੇ ਸਾਥਾ, ਗੁਪਤ ਜ਼ਾਹਰ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਜਗਾਇੰਦਾ। ਸਾਚੇ ਭਗਤਾਂ ਹਰਿ ਜੂ ਮੀਤਾ, ਮਿੱਤਰ ਪਿਆਰਾ ਆਪ ਅਖਵਾਇੰਦਾ। ਜੁਗ ਚੌਕੜੀ ਜਾਣੇ ਰੀਤਾ, ਸਾਚਾ ਮਾਰਗ ਆਪ ਚਲਾਇੰਦਾ। ਲੇਖਾ ਜਾਣੇ ਮੰਦਰ ਮਸੀਤਾ, ਸ਼ਿਵਦੁਆਲੇ ਮੱਠ ਬੰਧਨ ਪਾਇੰਦਾ। ਬੈਠਾ ਰਹੇ ਇਕ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਲੇਖਾ ਜਾਣੇ ਹਸਤ ਕੀਟਾ, ਕੀਟ ਹਸਤ ਆਪ ਸਮਾਇੰਦਾ। ਜਨ ਭਗਤਾਂ ਦੇਵੇ ਨਾਮ ਅਨਡੀਠਾ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਮਿੱਠਾ ਕਰੇ ਕੌੜਾ ਰੀਠਾ, ਜਿਸ ਜਨ ਆਪਣੇ ਅੰਗ ਲਗਾਇੰਦਾ। ਗੁਰਮੁਖ ਗੁਰ ਗੁਰ ਠਾਂਡਾ ਸੀਤਾ, ਘਰ ਆਪਣੇ ਆਪ ਬਹਾਇੰਦਾ। ਚਰਨ ਕਵਲ ਬੰਧਾਏ ਪ੍ਰੀਤਾ, ਸਾਚੀ ਰੀਤੀ ਮਾਤ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਆਪ ਮਿਲਾਇੰਦਾ। ਗੁਰਮੁਖ ਮੇਲਾ ਏਕਾ ਘਰ, ਘਰ ਸਾਚੇ ਵੱਜੀ ਵਧਾਈਆ। ਜਗਤ ਭੈ ਚੁਕੇ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਆਤਮ ਨੁਹਾਏ ਸਾਚੇ ਸਰ, ਦੁਰਮਤ ਮੈਲ ਆਪ ਧੁਵਾਈਆ। ਬਜ਼ਰ ਕਪਾਟੀ ਤੋੜ ਗੜ੍ਹ, ਦੂਈ ਦਵੈਤੀ ਦਏ ਮਿਟਾਈਆ। ਨਿਰਮਲ ਨੂਰ ਆਪੇ ਕਰ, ਅੰਧ ਅੰਧੇਰ ਦਏ ਗਵਾਈਆ। ਆਤਮ ਸੇਜਾ ਆਪੇ ਚੜ੍ਹ, ਕਰੇ ਖੇਲ ਬੇਪਰਵਾਹੀਆ। ਸੁਰਤੀ ਸ਼ਬਦੀ ਲਏ ਫੜ, ਡੋਰੀ ਨਜ਼ਰ ਕਿਸੇ ਨਾ ਆਈਆ। ਆਪ ਬੰਨ੍ਹਾਏ ਆਪਣੇ ਲੜ, ਨਾਰੀ ਕੰਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਈਆ। ਕਲਜੁਗ ਅੰਤਮ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਲੱਖ ਚੁਰਾਸੀ ਕਰੇ ਪਾਰ ਕਿਨਾਰਾ, ਨੌਂ ਖੰਡ ਪ੍ਰਿਥਮੀ ਆਪਣੇ ਘਾਟ ਰਖਾਇੰਦਾ। ਰਾਏ ਧਰਮ ਦਏ ਲਲਕਾਰਾ, ਉਚੀ ਕੂਕ ਕੂਕ ਸੁਣਾਇੰਦਾ। ਕਾਲ ਬੋਲੇ ਇਕ ਜੈਕਾਰਾ, ਚਾਰੋਂ ਕੁੰਟ ਰਾਗ ਅਲਾਇੰਦਾ। ਚਿਤਰ ਗੁਪਤ ਬਣ ਲਿਖਾਰਾ, ਲੇਖਾ ਸਭ ਦਾ ਆਪ ਵਖਾਇੰਦਾ। ਮਹਾਕਾਲ ਵਰਤੇ ਵਰਤਾਰਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤੇਈ ਅਵਤਾਰ ਇਕੋ ਬੋਲ ਜੈਕਾਰਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਕਰਾਇੰਦਾ। ਹੁਕਮੇ ਅੰਦਰ ਗੁਰ ਅਵਤਾਰ, ਗੁਰ ਗੁਰ ਸੇਵ ਕਮਾਈਆ। ਹੁਕਮੇ ਅੰਦਰ ਸ਼ਬਦ ਜੈਕਾਰ, ਧੁਨ ਅਨਾਦ ਨਾਦ ਸ਼ਨਵਾਈਆ। ਹੁਕਮੇ ਅੰਦਰ ਵੇਦ ਚਾਰ, ਸ਼ਾਸਤਰ ਸਿਮਰਤ ਹੁਕਮੇ ਵਿਚ ਪਰਗਟਾਈਆ। ਹੁਕਮੇ ਅੰਦਰ ਜੁਗ ਚਾਰ, ਜੁਗ ਜੁਗ ਆਪਣਾ ਵੇਸ ਧਰਾਈਆ। ਹੁਕਮੇ ਅੰਦਰ ਪੀਰ ਪੈਗ਼ੰਬਰ ਦਏ ਆਧਾਰ, ਹੁਕਮੇ ਅੰਦਰ ਧਰਤ ਧਵਲ ਭੁਵਾਈਆ। ਹੁਕਮੇ ਅੰਦਰ ਕਰੇ ਪਾਰ ਕਿਨਾਰ, ਥਿਰ ਕੋਇ ਰਹਿਣ ਨਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਹੁਕਮੇ ਅੰਦਰ ਘੱਲਦਾ ਰਿਹਾ ਗੁਰ ਅਵਤਾਰ, ਸਾਚੀ ਸੇਵਾ ਸੇਵ ਸਮਝਾਈਆ। ਕਲਜੁਗ ਅੰਤਮ ਪ੍ਰਗਟ ਹੋ ਆਪ ਨਿਰੰਕਾਰ, ਬਲ ਆਪਣਾ ਆਪ ਰਖਾਈਆ। ਪਿਛਲਾ ਲਹਿਣਾ ਸਭ ਦਾ ਦਏ ਨਵਾਰ, ਬਾਕੀ ਕੋਇ ਨਜ਼ਰ ਨਾ ਆਈਆ। ਨੌਂ ਖੰਡ ਪ੍ਰਿਥਮੀ ਬੰਨ੍ਹੇ ਏਕਾ ਧਾਰ, ਬ੍ਰਹਿਮੰਡ ਖੰਡ ਕਰੇ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਾਰ ਕਿਨਾਰ, ਆਸਣ ਸਿੰਘਾਸਣ ਦੇਣ ਤਜਾਈਆ। ਸੁਰਪਤ ਲਹਿਣਾ ਦੇਣਾ ਝੋਲੀ ਦੇਵੇ ਡਾਰ, ਇੰਦ ਇੰਦਰਾਸਣ ਨਾ ਕੋਇ ਸੁਹਾਈਆ। ਗੁਰਮੁਖ ਸਾਚੇ ਲਏ ਉਠਾਲ, ਆਪ ਬਣਾਏ ਆਪਣੇ ਲਾਲ, ਲਾਲਣ ਆਪਣਾ ਰੰਗ ਰੰਗਾਈਆ। ਸਵਾਮੀ ਠਾਕਰ ਹੋਏ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਤ੍ਰੈਗੁਣ ਤੋੜ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪ ਵਖਾਏ ਸੱਚੀ ਧਰਮਸਾਲ, ਧੁਰ ਦਰਬਾਰਾ ਇਕ ਸੁਹਾਈਆ। ਏਥੇ ਓਥੇ ਚਲੇ ਨਾਲ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਅਗਲਾ ਲੇਖਾ ਰੱਖੇ ਹੱਥ, ਦੂਸਰ ਅਵਰ ਨਾ ਕੋਇ ਵਡਿਆਇੰਦਾ। ਆਪਣੀ ਮਹਿਮਾ ਗਾਏ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਨਵ ਨੌਂ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਆਤਮ ਪਰਮਾਤਮ ਮਾਰਗ ਦੱਸ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਘਟ ਘਟ ਅੰਤਰ ਆਪੇ ਵਸ, ਆਪਣਾ ਭੇਵ ਖੁਲ੍ਹਾਇੰਦਾ। ਸ਼ਬਦੀ ਤੀਰ ਨਿਰਾਲਾ ਮਾਰੇ ਕਸ, ਅਣਯਾਲਾ ਆਪ ਚਲਾਇੰਦਾ। ਜਨ ਭਗਤਾਂ ਗਾਵੇ ਆਪੇ ਜਸ, ਜਸ ਭਗਤਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਈਆ। ਪਰਗਟ ਹੋ ਇਕ ਇਕੱਲਾ, ਅਕਲ ਕਲ ਆਪਣੀ ਧਾਰ ਰਖਾਈਆ। ਸਚ ਸੰਦੇਸ਼ ਏਕਾ ਘੱਲਾ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਬ੍ਰਹਮ ਫੜਾਏ ਪੱਲਾ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਚਾਰ ਵਰਨ, ਹਰਿ ਸਤਿਗੁਰ ਆਪ ਜਣਾਇੰਦਾ। ਖੋਲ੍ਹਣਹਾਰਾ ਨੇਤਰ ਹਰਨ ਫਰਨ, ਭੇਵ ਅਭੇਦ ਆਪ ਸਮਝਾਇੰਦਾ। ਨਾਤਾ ਤੋੜ ਮਰਨ ਡਰਨ, ਜੀਵਣ ਮੁਕਤ ਆਪ ਕਰਾਇੰਦਾ। ਕਰਤਾ ਪੁਰਖ ਕਰਨੀ ਕਰਨ, ਮੰਗਣ ਕਿਸੇ ਦਰ ਨਾ ਜਾਇੰਦਾ। ਨਿਰਭੌ ਚੁਕਾਏ ਭੈ ਡਰਨ, ਸਿਰ ਆਪਣਾ ਹੱਥ ਟਿਕਾਇੰਦਾ। ਗੁਰਸਿਖ ਸਾਚੇ ਸਰਨੀ ਪੜਨ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਸਚਖੰਡ ਦੁਆਰੇ ਸਾਚੇ ਵੜਨ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਅੰਤਮ ਜੋਤੀ ਜੋਤ ਰਲਣ, ਜੋਤੀ ਜੋਤ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚਾ ਚਲੇ ਜਗ, ਜਗ ਜੀਵਣ ਦਾਤਾ ਆਪ ਚਲਾਈਆ। ਕਰੇ ਖੇਲ ਸੂਰਾ ਸਰਬੱਗ, ਬਲ ਆਪਣਾ ਆਪ ਵਖਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਲੱਭ, ਜੁਗ ਜਨਮ ਵਿਛੜੇ ਲਏ ਮਿਲਾਈਆ। ਅੰਮ੍ਰਿਤ ਜਾਮ ਪਿਆਏ ਮਧ, ਰਸਨਾ ਰਸ ਦਏ ਤਜਾਈਆ। ਨੌਂ ਦੁਆਰੇ ਕਰੇ ਪਾਰ ਹੱਦ, ਘਰ ਦਸਵਾਂ ਇਕ ਵਖਾਈਆ। ਅਨਹਦ ਵੱਜੇ ਸਾਚਾ ਨਦ, ਅਨਰਾਗੀ ਰਾਗ ਅਲਾਈਆ। ਡੂੰਘੀ ਭਵਰੀ ਆਪੇ ਕੱਢ, ਟੇਢੀ ਬੰਕ ਡੇਰਾ ਢਾਹੀਆ। ਆਪਣੀ ਸੇਜਾ ਆਪੇ ਸੱਦ, ਆਪੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਦੇਵੇ ਵੱਡਾ ਮਾਣ, ਨਿਮਾਣਿਆਂ ਗਲੇ ਲਗਾਇੰਦਾ । ਆਤਮ ਅੰਤਰ ਇਕ ਪਹਿਚਾਨ, ਬਿਨ ਨੇਤਰ ਆਪ ਵਖਾਇੰਦਾ। ਬਿਨ ਰਸਨਾ ਸੁਣਾਏ ਗਾਨ, ਬਿਨ ਤੰਦੀ ਤੰਦ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਗ਼ਰੀਬ ਨਿਵਾਜ਼ਾ, ਏਕਾ ਘਰ ਕਰਾਈਆ। ਗ੍ਰਹਿ ਮੰਦਰ ਖੁਲ੍ਹਾਏ ਆਪ ਦਰਵਾਜ਼ਾ, ਦਰਦੀ ਆਪਣਾ ਦਰਦ ਵੰਡਾਈਆ। ਘਰ ਨਜ਼ਰੀ ਆਏ ਰਾਜਨ ਰਾਜਾ, ਸ਼ਾਹੋ ਭੂਪ ਸਾਚੇ ਤਖ਼ਤ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਫੜ, ਗੁਰ ਗੁਰ ਏਕਾ ਬੂਝ ਬੁਝਾਈਆ। ਏਕਾ ਗੁਰ ਇਕ ਨਿਸ਼ਾਨ, ਏਕਾ ਘਰ ਵਖਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਆਸਣ ਲਾਇੰਦਾ। ਏਕਾ ਸ਼ਾਹ ਇਕ ਸੁਲਤਾਨ, ਏਕਾ ਹੁਕਮ ਮਨਾਇੰਦਾ। ਏਕਾ ਵੇਖੇ ਦੋ ਜਹਾਨ, ਜੁਗ ਜੁਗ ਏਕਾ ਵੇਸ ਵਟਾਇੰਦਾ। ਏਕਾ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਏਕਾ ਗੁਰ ਅਵਤਾਰ ਆਪ ਪਰਗਟਾਇੰਦਾ। ਏਕਾ ਖਾਣੀ ਬਾਣੀ ਕਰੇ ਪਰਧਾਨ, ਏਕਾ ਪਰਾ ਪਸੰਤੀ ਮਧਮ ਬੈਖ਼ਰੀ ਆਪੇ ਗਾਇੰਦਾ। ਏਕਾ ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਏਕਾ ਅੰਤਮ ਪੰਧ ਮੁਕਾਏ ਆਣ, ਬਣ ਪਾਂਧੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੇ ਖਾਤੇ ਪਾਇੰਦਾ। ਕਲਜੁਗ ਲਹਿਣਾ ਡੂੰਘਾ ਸਾਗਰ, ਖਾਤਾ ਨਜ਼ਰ ਕਿਸੇ ਨਾ ਆਈਆ। ਕਲਜੁਗ ਜੀਵ ਭਰਮੇ ਭੁੱਲੇ ਕਾਇਆ ਗਾਗਰ, ਗ੍ਰਹਿ ਮੰਦਰ ਖੋਜ ਨਾ ਕੋਇ ਖੁਜਾਈਆ। ਨੌਂ ਖੰਡ ਪ੍ਰਿਥਮੀ ਸਾਚਾ ਬਣਿਆ ਨਾ ਕੋਇ ਸੌਦਾਗਰ, ਜਗਤ ਵਣਜਾਰਾ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਉਠਾਏ ਹਰਿ ਜੂ ਆਪ, ਦੀਨ ਦਿਆਲ ਦਇਆ ਕਮਾਇੰਦਾ। ਕੋਟਨ ਕੋਟ ਜਨਮ ਉਤਾਰੇ ਪਾਪ, ਪਤਤ ਪੁਨੀਤ ਆਪ ਕਰਾਇੰਦਾ। ਮੇਟ ਮਿਟਾਏ ਤ੍ਰੈਗੁਣ ਤਾਪ, ਤੀਨੋਂ ਤਾਪ ਨੇੜ ਨਾ ਆਇੰਦਾ। ਆਤਮ ਪਰਮਾਤਮ ਸਾਚਾ ਜਾਪ, ਸੋਹੰ ਅੱਖਰ ਆਪ ਪੜ੍ਹਾਇੰਦਾ। ਲਹਿਣਾ ਦੇਣਾ ਚੁੱਕੇ ਪੂਜਾ ਪਾਠ, ਜੋ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਇੰਦਾ। ਕਾਇਆ ਮੰਦਰ ਅੰਦਰ ਮਿਟੇ ਅੰਧੇਰੀ ਰਾਤ, ਦਿਵਸ ਰੈਣ ਸਾਚਾ ਨੂਰੀ ਚੰਦ ਚੜ੍ਹਾਇੰਦਾ। ਨਾਮ ਅਨਮੁਲੀ ਦੇਵੇ ਦਾਤ, ਠੱਗ ਚੋਰ ਯਾਰ ਕਦੇ ਲੁੱਟ ਕੋਇ ਨਾ ਜਾਇੰਦਾ। ਆਪ ਉਤਾਰੇ ਆਪਣੇ ਘਾਟ, ਘਾਟਾ ਪਿਛਲਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਵਰ, ਆਪ ਆਪਣਾ ਬੰਧਨ ਪਾਇੰਦਾ। ਬੰਧਨ ਪਾਏ ਨਾਮ ਡੋਰ, ਸੋਹੰ ਤੰਦੀ ਤੰਦ ਬੰਧਾਈਆ। ਬੰਧ ਵਖਾਏ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਇ ਹਲਕਾਈਆ। ਆਸਾ ਤ੍ਰਿਸ਼ਨਾ ਹਉਂਮੇ ਹੰਗਤਾ ਦੇਵੇ ਹੋੜ, ਸੱਸੇ ਉਪਰ ਹੋੜਾ ਲਾਈਆ। ਆਤਮ ਪਰਮਾਤਮ ਦੇਵੇ ਜੋੜ, ਹੰ ਬ੍ਰਹਮ ਆਪ ਸਮਝਾਈਆ। ਸਤਿ ਸਤਿਵਾਦੀ ਪੁਰਖ ਅਬਿਨਾਸ਼ੀ ਆਦਿ ਜੁਗਾਦੀ ਚੜ੍ਹਿਆ ਰਹੇ ਅਗੰਮੀ ਘੋੜ, ਦੋ ਜਹਾਨਾਂ ਫੇਰਾ ਪਾਈਆ। ਗੁਰਮੁਖ ਸਾਚੇ ਜਾਏ ਬੌਹੜ, ਨਜ਼ਰ ਕਿਸੇ ਨਾ ਆਈਆ। ਪੂਰਬ ਜਨਮ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਸਚਖੰਡ ਦੁਆਰੇ ਵਖਾਏ ਏਕਾ ਪੌੜ, ਚੌਥੇ ਡੰਡੇ ਆਪ ਚੜ੍ਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਤਿਗੁਰ ਪੂਰੇ ਨੂੰ ਗੁਰਸਿਖਾਂ ਦੀ ਸਦਾ ਲੋੜ, ਬਿਨ ਗੁਰਮੁਖਾਂ ਹਰਿ ਜੂ ਕੰਮ ਕਿਸੇ ਨਾ ਆਈਆ। ਭਗਤਾਂ ਪਿਛੇ ਰਿਹਾ ਦੌੜ, ਬਣ ਕੇ ਪਾਂਧੀ ਜਗਤ ਰਾਹੀਆ। ਸਾਚੇ ਸੰਤਾਂ ਵੇਖੇ ਕਰ ਕੇ ਗ਼ੌਰ, ਆਪਣਾ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਸਰਗੁਣ ਕਰੇ ਪਿਆਰ, ਗੁਰ ਚੇਲਾ ਖੇਲ ਕਰਾਈਆ। ਪਰਗਟ ਹੋ ਅਗੰਮ ਅਪਾਰ, ਅਗੰਮੜੀ ਕਾਰ ਕਰਾਈਆ। ਅਲੱਖ ਨਿਰੰਜਣ ਬੋਲ ਅਲੱਖ ਜੈਕਾਰ, ਜੈ ਜੈਕਾਰ ਦਏ ਸੁਣਾਈਆ। ਗੁਰਮੁਖਾਂ ਤੋੜ ਗੜ੍ਹ ਹੰਕਾਰ, ਕੂੜੀ ਕਿਰਿਆ ਦਏ ਮਿਟਾਈਆ। ਘਰ ਵਿਚ ਘਰ ਮੰਦਰ ਦਏ ਵਖਾਲ, ਬਾਹਰ ਲੱਭਣ ਕੋਇ ਨਾ ਜਾਈਆ। ਘਟ ਤੀਰਥ ਦਏ ਨੁਹਾਲ, ਅਠਸਠ ਫੇਰਾ ਕੋਇ ਨਾ ਪਾਈਆ। ਗ੍ਰਹਿ ਦੀਪਕ ਜੋਤੀ ਦੇਵੇ ਬਾਲ, ਤੇਲ ਬਾਤੀ ਨਾ ਕੋਇ ਮਿਲਾਈਆ। ਆਪੇ ਪੁਛੇ ਆ ਕੇ ਹਾਲ, ਮੁਰੀਦ ਮੁਰਸ਼ਦ ਵੇਖੇ ਚਾਈਂ ਚਾਈਂਆ। ਨਾਤਾ ਤੋੜ ਕਾਲ ਮਹਾਕਾਲ, ਦੀਨ ਦਿਆਲ ਆਪਣੀ ਗੋਦ ਬਹਾਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਦਰਗਹਿ ਸਾਚੀ ਆਪ ਬਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਆਪਣਾ ਦਰਸ ਦਿਖਾਈਆ।
