੨੬ ਚੇਤ ੨੦੧੯ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਮਨਾਵਾਂ ਜ਼ਿਲਾ ਫ਼ਿਰੋਜ਼ਪੁਰ
ਜਨਮ ਮਰਨ ਦਏ ਸੁਆਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਰਾਏ ਧਰਮ ਨਾ ਕਰੇ ਖ਼ੁਵਾਰ, ਜਗਤ ਖ਼ੁਵਾਰੀ ਆਪ ਚੁਕਾਇੰਦਾ। ਮਾਣਸ ਜਨਮ ਨਾ ਆਏ ਹਾਰ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਏਥੇ ਓਥੇ ਦਏ ਸਹਾਰ, ਦੋ ਜਹਾਨਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਜਨਮ ਮਰਨ ਦੁੱਖ ਦੇਵੇ ਕੱਟ, ਲੱਖ ਚੁਰਾਸੀ ਫੰਦ ਕਟਾਈਆ। ਏਕਾ ਦੇਵੇ ਨਾਮ ਸਤਿ, ਸਤਿ ਸਤਿ ਕਰੇ ਪੜ੍ਹਾਈਆ। ਏਕਾ ਦੇਵੇ ਬ੍ਰਹਮ ਮਤ, ਪਾਰਬ੍ਰਹਮ ਬੇਪਰਵਾਹੀਆ। ਲੇਖਾ ਜਾਣੇ ਪੰਜ ਤਤ, ਤਤਵ ਆਪਣੇ ਰੰਗ ਰੰਗਾਈਆ। ਚਰਨ ਕਵਲ ਸਾਚਾ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਆਦਿ ਅੰਤ ਪੁਛੇ ਵਾਤ, ਅਭੁਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਲੇਖਾ ਆਪਣੇ ਹੱਥ ਰਖਾਈਆ। ਜਨਮ ਮਰਨ ਦੁੱਖ ਜਾਏ ਲੱਥ, ਗੇੜਾ ਗੇੜ ਨਾ ਕੋਇ ਭੁਆਈਆ। ਜਿਸ ਜਨ ਦੇਵੇ ਨਾਮ ਵਥ, ਵਸਤ ਅਮੋਲਕ ਝੋਲੀ ਪਾਈਆ। ਆਤਮ ਪਰਮਾਤਮ ਸਾਚੀ ਗਾਥ, ਸੋਹੰ ਅੱਖਰ ਇਕ ਪੜ੍ਹਾਈਆ। ਕਿਰਪਾ ਕਰੇ ਪੁਰਖ ਸਮਰਾਥ, ਸਮਰਥ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਝੇੜਾ ਦਏ ਚੁਕਾਈਆ। ਜਨਮ ਮਰਨ ਹੋਏ ਦੂਰ, ਪੰਜ ਤਤ ਬੰਧਨ ਨਾ ਕੋਇ ਰਖਾਈਆ। ਏਕਾ ਦੇਵੇ ਸਤਿ ਸਰੂਰ, ਸਤਿ ਸਤਿਵਾਦੀ ਦਇਆ ਕਮਾਈਆ। ਅੰਤਮ ਮੇਲਾ ਜੋਤੀ ਨੂਰ, ਨੂਰ ਨੂਰ ਵਿਚ ਮਿਲਾਈਆ। ਜਨਮ ਜਨਮ ਦੇ ਬਖ਼ਸ਼ੇ ਕਸੂਰ, ਮਿਹਰਵਾਨ ਮਿਹਰ ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਮਰਨ ਭੌ ਚੁਕਾਈਆ। ਜਨਮ ਮਰਨ ਭੌ ਦੇਵੇ ਲਾਹ, ਲਹਿਣਾ ਆਪਣੇ ਹੱਥ ਰਖਾਇੰਦਾ। ਸਤਿ ਸਤਿਵਾਦੀ ਬਣ ਮਲਾਹ, ਸਾਚਾ ਬੇੜਾ ਆਪ ਉਠਾਇੰਦਾ। ਏਕਾ ਨਾਉਂ ਦੇਵੇ ਸਲਾਹ, ਦੂਜੀ ਸਿਖਿਆ ਨਾ ਕੋਇ ਸਮਝਾਇੰਦਾ। ਅੰਤ ਪਕੜਨਹਾਰਾ ਬਾਂਹ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਦੋ ਜਹਾਨਾਂ ਸਿਰ ਰੱਖੇ ਠੰਡੀ ਛਾਂ, ਛਹਿਬਰ ਆਪਣੇ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਪਾਰ ਕਰਾਇੰਦਾ। ਆਵਣ ਜਾਵਣ ਪੈਂਡਾ ਜਾਏ ਮੁੱਕ, ਜੂਨੀ ਜੂਨ ਨਾ ਕੋਇ ਭੁਆਈਆ। ਸਤਿਗੁਰ ਪੂਰਾ ਦੀਨ ਦਿਆਲ ਆਪਣੀ ਗੋਦੀ ਲਏ ਚੁੱਕ, ਗੁਰਮੁਖ ਦੇਵੇ ਮਾਣ ਵਡਿਆਈਆ। ਚਰਨ ਕਵਲ ਏਕਾ ਓਟ, ਏਕਾ ਮੰਦਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਮੇਲਾ ਗੁਰ ਗੁਰ ਚੇਲਾ, ਹਰਿ ਹਰਿ ਖੇਲ ਕਰਾਇੰਦਾ। ਨਿਰਗੁਣ ਸਰਗੁਣ ਸੱਜਣ ਸੁਹੇਲਾ, ਸਗਲਾ ਸੰਗ ਆਪ ਹੋ ਆਇੰਦਾ। ਆਤਮ ਪਰਮਾਤਮ ਚਾੜ੍ਹੇ ਤੇਲਾ, ਬ੍ਰਹਮ ਪਾਰਬ੍ਰਹਮ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਘਰ ਘਰ ਆਪਣਾ ਆਪ ਵਖਾਇੰਦਾ।
