Granth 12 Likhat 007: 25 Chet 2019 Bikarmi Sardara Singh de Greh Pind Manava Jila Ferozepur

੨੫ ਚੇਤ ੨੦੧੯ ਬਿਕ੍ਰਮੀ ਸਰਦਾਰਾ ਸਿੰਘ ਦੇ ਘਰ ਪਿੰਡ ਮਨਾਵਾਂ ਜ਼ਿਲਾ ਫ਼ਿਰੋਜ਼ਪੁਰ

ਸਚਖੰਡ ਨਿਵਾਸੀ ਸ੍ਰੀ ਭਗਵਾਨਾ, ਸਤਿ ਸਤਿ ਆਪਣੀ ਧਾਰ ਚਲਾਇੰਦਾ। ਨਿਰਗੁਣ ਨੂਰ ਜੋਤ ਮਹਾਨਾ, ਪਰਕਾਸ਼ ਪਰਕਾਸ਼ ਆਪ ਧਰਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਸ਼ਹਿਨਸ਼ਾਹ ਆਪਣੀ ਖੇਲ ਕਰਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨਾ, ਰਹਿਮਤ ਆਪਣੀ ਆਪ ਕਰਾਇੰਦਾ। ਪਰਵਰਦਿਗਾਰ ਨੂਰ ਨੁਰਾਨਾ, ਜਲਵਾ ਨੂਰ ਆਪ ਧਰਾਇੰਦਾ। ਅਜੂਨੀ ਰਹਿਤ ਖੇਲ ਮਹਾਨਾ, ਮਾਤ ਪਿਤ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਕਰਤਾਰ, ਆਦਿ ਅੰਤ ਇਕ ਕਰਾਈਆ। ਸਚਖੰਡ ਨਿਵਾਸੀ ਹੋ ਤਿਆਰ, ਦਰਗਹਿ ਸਾਚੀ ਧਾਮ ਸੁਹਾਈਆ। ਧੁਰ ਫ਼ਰਮਾਣਾ ਏਕਾ ਵਾਰ, ਏਕੰਕਾਰਾ ਆਪ ਜਣਾਈਆ। ਅਗੰਮ ਅਗੰਮੜੀ ਕਰੇ ਕਾਰ, ਕਰਤਾ ਪੁਰਖ ਭੇਵ ਨਾ ਆਈਆ। ਆਪਣੀ ਇਛਿਆ ਕਰ ਵਿਚਾਰ, ਆਸਾ ਏਕਾ ਏਕ ਪਰਗਟਾਈਆ। ਸਾਚੀ ਭਿਛਿਆ ਦੇਵਣਹਾਰ, ਵਸਤ ਅਮੋਲਕ ਆਪ ਵਰਤਾਈਆ। ਨਿਰਗੁਣ ਨਿਰਗੁਣ ਨਿਰਗੁਣ ਕਰ ਪਿਆਰ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਮਹੱਲ ਅਟੱਲ ਉਚ ਮਨਾਰ, ਨਿਹਚਲ ਧਾਮ ਆਪ ਸੁਹਾਈਆ। ਵੇਖੇ ਵਿਗਸੇ ਵੇਖਣਹਾਰ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਆਪ ਵਸਾਈਆ। ਸਚ ਮਹੱਲਾ ਸ੍ਰੀ ਭਗਵੰਤ, ਸਚਖੰਡ ਦੁਆਰਾ ਆਪ ਵਸਾਇੰਦਾ। ਆਪੇ ਮਹਿਮਾ ਜਾਣ ਅਗਣਤ, ਲੇਖਾ ਲੇਖ ਨਾ ਕੋਇ ਜਣਾਇੰਦਾ। ਵੇਸ ਵਟਾਏ ਨਾਰ ਕੰਤ, ਨਿਰਗੁਣ ਰੂਪ ਅਨੂਪ ਰਖਾਇੰਦਾ। ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰ ਸ੍ਰੀ ਭਗਵਾਨ, ਇਕ ਇਕੱਲਾ ਆਪ ਸੁਹਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਸੋ ਪੁਰਖ ਨਿਰੰਜਣ ਨੌਜਵਾਨ, ਬਿਰਧ ਬਾਲ ਨਾ ਰੂਪ ਧਰਾਈਆ। ਹਰਿ ਪੁਰਖ ਨਿਰੰਜਣ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਰਖਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਖੇਲ ਮਹਾਨ, ਖੇਲਣਹਾਰਾ ਨਜ਼ਰ ਨਾ ਆਈਆ। ਸ੍ਰੀ ਭਗਵਾਨ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਪਾਰਬ੍ਰਹਮ ਪ੍ਰਭ ਵਸੇ ਸਚ ਮਕਾਨ, ਸਚ ਦੁਆਰਾ ਇਕ ਸੁਹਾਈਆ। ਛੱਪਰ ਛੰਨ ਨਾ ਕੋਇ ਨਿਸ਼ਾਨ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਇਕ ਇਕੱਲਾ ਵਡ ਮਿਹਰਵਾਨ, ਆਪਣੀ ਦਇਆ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਈਆ। ਸਚਖੰਡ ਦੁਆਰਾ ਏਕਾ ਏਕ, ਏਕੰਕਾਰਾ ਆਪ ਸੁਹਾਇੰਦਾ। ਨਿਰਗੁਣ ਨਿਰਵੈਰ ਆਪੇ ਵੇਖ, ਪੇਖਤ ਪੇਖਤ ਆਪਣੀ ਖ਼ੁਸ਼ੀ ਮਨਾਇੰਦਾ। ਆਪੇ ਵਸੇ ਸਾਚੇ ਦੇਸ, ਦੂਜਾ ਦਰ ਨਾ ਕੋਇ ਵਡਿਆਇੰਦਾ। ਨਰ ਨਿਰੰਕਾਰਾ ਬਣ ਨਰੇਸ਼, ਨਿਰਗੁਣ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਨਿਰਗੁਣ ਧਾਰ, ਨਿਰੰਕਾਰ ਆਪ ਕਰਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਨਿਰਮਲ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਸਾਚਾ ਸਾਥੀ ਪਰਵਰਦਿਗਾਰ, ਸਗਲਾ ਸੰਗ ਆਪ ਹੋ ਜਾਈਆ। ਪੁਰਖ ਅਬਿਨਾਸ਼ੀ ਹੋ ਤਿਆਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵੇ ਮਾਣ ਵਡਿਆਈਆ। ਸਚਖੰਡ ਦੁਆਰਾ ਸਾਚਾ ਘਰ, ਹਰਿ ਜੂ ਹਰਿ ਹਰਿ ਆਪ ਸੁਹਾਇੰਦਾ। ਪੁਰਖ ਅਕਾਲ ਅੰਦਰ ਵੜ, ਸਚ ਸਿੰਘਾਸਣ ਆਸਣ ਲਾਇੰਦਾ। ਨਿਰਗੁਣ ਨਿਰਗੁਣ ਘਾੜਨ ਘੜ, ਘੜ ਘੜ ਆਪੇ ਵੇਖ ਵਖਾਇੰਦਾ। ਕਰਨੀ ਕਿਰਤ ਕਰਤਾ ਪੁਰਖ ਆਪੇ ਕਰ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਨਾ ਜਨਮੇ ਨਾ ਜਾਏ ਮਰ, ਅਜੂਨੀ ਰਹਿਤ ਵੇਸ ਅਨੇਕ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰਾ ਘਾੜਨ ਘੜ, ਹਰਿ ਘੜ ਘੜ ਖ਼ੁਸ਼ੀ ਮਨਾਈਆ। ਨਾ ਕੋਈ ਦਿਸੇ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਇਕ ਇਕੱਲਾ ਅੰਦਰ ਵੜ, ਹਰਿ ਜੂ ਆਪਣਾ ਆਸਣ ਲਾਈਆ। ਨਾ ਕੋਈ ਦੂਸਰ ਮੀਤ ਮੁਰਾਰ, ਲਾਸ਼ਰੀਕ ਇਕ ਅਖਵਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਆਪਣੀ ਇਛਿਆ ਬੋਲ ਜੈਕਾਰ, ਜੈ ਜੈਕਾਰ ਇਕ ਸੁਣਾਈਆ। ਆਪਣਾ ਨਾਉਂ ਰੱਖ ਨਿਰੰਕਾਰ, ਨਿਰਗੁਣ ਆਪਣਾ ਨਾਮ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵੇਖੇ ਚਾਈਂ ਚਾਈਂਆ। ਸਚਖੰਡ ਦੁਆਰੇ ਚਾਓ ਘਨੇਰਾ, ਸਤਿ ਪੁਰਖ ਨਿਰੰਜਣ ਆਪ ਰਖਾਇੰਦਾ। ਆਪੇ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਨਾ ਕੋਇ ਜਣਾਇੰਦਾ। ਆਪ ਸੁਹਾਏ ਸਾਚਾ ਖੇੜਾ, ਬੰਕ ਦੁਆਰੀ ਸੋਭਾ ਪਾਇੰਦਾ। ਆਪਣਾ ਨਾਉਂ ਰੱਖੇ ਮੇਰਾ ਤੇਰਾ, ਤੇਰਾ ਮੇਰਾ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਪਰਗਟਾਇੰਦਾ। ਸਚਖੰਡ ਦੁਆਰੇ ਆਪੇ ਪਰਗਟ, ਹਰਿ ਜੂ ਆਪਣੀ ਧਾਰ ਚਲਾਇੰਦਾ। ਏਕੰਕਾਰਾ ਖੋਲ੍ਹ ਹੱਟ, ਬਣ ਵਣਜਾਰਾ ਸੇਵ ਕਮਾਇੰਦਾ। ਨਿਰਮਲ ਨੂਰ ਜੋਤ ਲਟ ਲਟ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਇੰਦਾ। ਸਚਖੰਡ ਦੁਆਰਾ ਊਚੋ ਊਚ, ਅਗੰਮ ਅਥਾਹ ਆਪ ਬਣਾਈਆ। ਨਾ ਕੋਈ ਵੰਡ ਚਾਰ ਕੂਟ, ਦਹਿ ਦਿਸ਼ਾ ਨਾ ਕੋਇ ਰਖਾਈਆ। ਨਾ ਕੋਈ ਪਿਤਾ ਨਾ ਕੋਈ ਪੂਤ, ਨਾ ਕੋਇ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪਣਾ ਖੇਲ ਖਲਾਈਆ। ਸਚਖੰਡ ਦੁਆਰਾ ਕਰ ਤਿਆਰ, ਹਰਿ ਜੂ ਆਪਣਾ ਖੇਲ ਕਰਾਇੰਦਾ। ਆਪਣਾ ਬਲ ਆਪੇ ਧਾਰ, ਬਲ ਆਪਣਾ ਵੇਖ ਵਖਾਇੰਦਾ। ਆਪਣੀ ਦਿਸ਼ਾ ਪਾਵੇ ਸਾਰ, ਦੂਜਾ ਹਿੱਸਾ ਨਾ ਕੋਇ ਵੰਡਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਇੰਦਾ। ਸਾਚੀ ਇਛਿਆ ਆਪੇ ਰੱਖ, ਆਪਣਾ ਭੇਵ ਖੁਲ੍ਹਾਈਆ। ਨਿਰਗੁਣ ਨਿਰਗੁਣ ਹੋ ਪਰਤੱਖ, ਪਰਤੱਖ ਨੂਰ ਵਖਾਈਆ। ਸਚਖੰਡ ਦੁਆਰੇ ਬੋਲ ਅਲੱਖ, ਏਕਾ ਨਾਅਰਾ ਲਾਈਆ। ਆਪੇ ਵਿਚੋਂ ਕਰ ਕੇ ਆਪਾ ਵੱਖ, ਆਪ ਆਪਣੀ ਬਣਤ ਬਣਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਪੁਰਖ ਵਡੀ ਵਡਿਆਈਆ। ਸਚਖੰਡ ਦੁਆਰੇ ਆਪੇ ਵਸ, ਸਾਚਾ ਘਾੜਨ ਲਏ ਘੜਾਈਆ। ਪੂਰੀ ਕਰੇ ਆਪਣੀ ਆਸ, ਆਸਾ ਆਸਾ ਵਿਚ ਮਿਲਾਈਆ। ਆਪੇ ਖੇਲੇ ਖੇਲ ਤਮਾਸ਼, ਖੇਲਣਹਾਰਾ ਆਪ ਹੋ ਜਾਈਆ। ਆਪੇ ਵਸੇ ਆਪਣੇ ਪਾਸ, ਸਾਚਾ ਸੰਗ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਇਛਿਆ ਆਪ ਧਰਾਈਆ। ਆਪਣੀ ਇਛਿਆ ਏਕੰਕਾਰ, ਆਦਿ ਪੁਰਖ ਆਪ ਜਣਾਇੰਦਾ। ਸਚਖੰਡ ਦੁਆਰੇ ਖੇਲ ਅਪਾਰ, ਅਪਰੰਪਰ ਆਪ ਕਰਾਇੰਦਾ। ਜੋਤੀ ਜਾਤਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਤਖ਼ਤ ਨਿਵਾਸੀ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਹੁਕਮੀ ਹੁਕਮ ਦੇਵੇ ਏਕਾ ਵਾਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਭੂਪਤ ਭੂਪ ਕਰ ਤਿਆਰ, ਰਾਜ ਰਾਜਾਨ ਵੇਸ ਵਟਾਇੰਦਾ। ਘਰ ਮੰਦਰ ਸੋਹੇ ਬੰਕ ਦੁਆਰ, ਅੰਦਰ ਆਪਣਾ ਆਸਣ ਲਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਸਾਚੀ ਖ਼ੁਸ਼ੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਜਣਾਇੰਦਾ। ਸਾਚੀ ਇਛਿਆ ਸ੍ਰੀ ਭਗਵਾਨ, ਆਪਣੀ ਆਪ ਪਰਗਟਾਈਆ। ਇਕ ਇਕੱਲਾ ਬੈਠਾ ਵਿਚ ਮਕਾਨ, ਕੰਮ ਕਿਸੇ ਨਾ ਆਈਆ। ਨਿਰਗੁਣ ਨੂਰ ਨਾ ਕੋਈ ਨਿਸ਼ਾਨ, ਰੂਪ ਰੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਤਾ ਆਪ ਪਕਾਈਆ। ਆਪਣੇ ਨਾਲ ਕਰੇ ਸਲਾਹ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਨਿਰਗੁਣ ਨਿਰਗੁਣ ਲਏ ਮਿਲਾ, ਮੇਲ ਮਿਲਾਵਾ ਆਪ ਬਣਾਇੰਦਾ। ਪੂਤ ਸਪੂਤਾ ਲਏ ਜਾ, ਜਨਨੀ ਜਨ ਆਪ ਅਖਵਾਇੰਦਾ। ਦਾਈ ਦਾਇਆ ਬੇਪਰਵਾਹ, ਦਿਸ ਕਿਸੇ ਨਾ ਆਇੰਦਾ। ਘਰ ਵਿਚ ਘਰ ਲਏ ਬਣਾ, ਥਿਰ ਘਰ ਆਪਣੀ ਬਣਤ ਬਣਾਇੰਦਾ। ਛੋਟਾ ਬਾਲਾ ਵਿਚ ਵਸਾ, ਸ਼ਬਦੀ ਨਾਉਂ ਧਰਾਇੰਦਾ। ਸੀਸ ਆਪਣਾ ਹੱਥ ਟਿਕਾ, ਸਮਰਥ ਦਇਆ ਕਮਾਇੰਦਾ। ਮਹਿਮਾ ਅਕੱਥ ਆਪ ਪੜ੍ਹਾ, ਅੱਖਰ ਵੱਖਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਸਮਝਾਇੰਦਾ। ਸਾਚੀ ਇਛਿਆ ਸ਼ਬਦੀ ਧਾਰ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਘਰ ਘਰ ਵਿਚ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਕਰ ਪਸਾਰ, ਪਸਰ ਪਸਾਰੀ ਵੇਖ ਵਖਾਈਆ। ਧੁਰ ਫ਼ਰਮਾਣਾ ਏਕਾ ਵਾਰ, ਹਰਿ ਹੁਕਮੀ ਹੁਕਮ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈ ਤ੍ਰੈ ਮੇਲਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪੇ ਲਏ ਜਣਾਈਆ। ਸਾਚੀ ਇਛਿਆ ਸ਼ਬਦੀ ਸੁਤ, ਪਿਤਾ ਪੂਤ ਆਪ ਜਣਾਇੰਦਾ। ਸਚਖੰਡ ਦੁਆਰੇ ਸੋਹੇ ਰੁੱਤ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਬਾਲ ਨਿਧਾਨੇ ਜਾਣਾ ਉਠ, ਸਾਚੀ ਸਿਖਿਆ ਹਰਿ ਸਮਝਾਇੰਦਾ। ਪੁਰਖ ਅਬਿਨਾਸ਼ੀ ਰਿਹਾ ਤੁਠ, ਦੀਨਨ ਆਪਣੀ ਦਇਆ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਹਾਏ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਬਹਿ ਬਹਿ ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਤਖ਼ਤ ਨਿਵਾਸੀ ਆਪ ਜਣਾਈਆ। ਤ੍ਰੈਗੁਣ ਮੇਲਾ ਮੇਲ ਮਿਲਾਨਾ, ਪੰਚਮ ਪੰਚ ਕਰੇ ਕੁੜਮਾਈਆ। ਬ੍ਰਹਿਮੰਡ ਖੰਡ ਪੁਰੀ ਲੋਆਂ ਆਕਾਸ਼ ਬਣਾਨਾ, ਆਕਾਸ਼ ਆਕਾਸ਼ਾਂ ਨਾਲ ਮਿਲਾਈਆ। ਜਲ ਥਲ ਮਹੀਅਲ ਖੇਲ ਮਹਾਨਾ, ਧਰਨੀ ਧਰਤ ਧਵਲ ਵਡਿਆਈਆ। ਇਕ ਇਕੱਲਾ ਦੇਵੇ ਦਾਨਾ, ਸਾਚੀ ਇਛਿਆ ਪੂਰ ਕਰਾਈਆ। ਵਿਸ਼ਨੂੰ ਦੇਵੇ ਵਿਸ਼ਵ ਗਿਆਨਾ, ਏਕਾ ਬੂਝ ਰਖਾਈਆ। ਬ੍ਰਹਮੇ ਬ੍ਰਹਮ ਇਕ ਵਖਾਨਾ, ਪਾਰਬ੍ਰਹਮ ਵੰਡ ਵੰਡਾਈਆ। ਸ਼ੰਕਰ ਖੇਲ ਹੋਏ ਮਹਾਨਾ, ਖ਼ਾਲਕ ਖ਼ਲਕ ਦਏ ਸਮਝਾਈਆ। ਤਿੰਨਾਂ ਵਿਚੋਲਾ ਸ਼ਬਦੀ ਸੁਤ ਅਖਵਾਨਾ, ਬੰਧਨ ਏਕਾ ਡੋਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਲਏ ਸਮਝਾਈਆ। ਸਾਚੀ ਇਛਿਆ ਸ੍ਰੀ ਭਗਵਾਨ, ਆਪਣੀ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਹੁਕਮੀ ਹੁਕਮ ਆਪ ਸੁਣਾਇੰਦਾ। ਨਿਰਗੁਣ ਸਰਗੁਣ ਕਰ ਪਰਧਾਨ, ਜਗਤ ਪਰਧਾਨਗੀ ਆਪ ਬਣਾਇੰਦਾ। ਲੱਖ ਚੁਰਾਸੀ ਘਾੜਨ ਘੜ ਵਿਚ ਜਹਾਨ, ਦੋ ਜਹਾਨਾਂ ਵਾਲੀ ਖੇਲ ਕਰਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਨ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਘਰ ਵਿਚ ਘਰ ਸਚ ਮਕਾਨ, ਬੇਮੁਕਾਮ ਆਪ ਬਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਵਸਤ ਅਮੋਲਕ ਇਕ ਵਖਾਇੰਦਾ। ਸ਼ਬਦ ਅਨਾਦ ਸਚੀ ਧੁਨਕਾਨ, ਧੁਰ ਦਰਬਾਰੀ ਆਪ ਸੁਣਾਇੰਦਾ। ਆਤਮ ਜੋਤੀ ਨੂਰ ਮਹਾਨ, ਬ੍ਰਹਮ ਪਾਰਬ੍ਰਹਮ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਸ਼ਬਦੀ ਝੋਲੀ ਪਾਇੰਦਾ। ਸ਼ਬਦੀ ਸੁਤ ਉਠ ਬਲਵਾਨ, ਹਰਿ ਸਾਚੇ ਆਦਿ ਜਗਾਇਆ। ਲੱਖ ਚੁਰਾਸੀ ਇਕ ਨਿਸ਼ਾਨ, ਲੋਕਮਾਤ ਵਖਾਇਆ। ਬੋਧ ਅਗਾਧਾ ਦੇ ਗਿਆਨ, ਬ੍ਰਹਮਾ ਵੇਤਾ ਆਪ ਪੜ੍ਹਾਇਆ। ਚਾਰੇ ਵੇਦਾਂ ਦੇਵੇ ਮਾਣ, ਵਿਦਤ ਆਪਣਾ ਖੇਲ ਕਰਾਇਆ। ਵੰਡੇ ਵੰਡ ਸ੍ਰੀ ਭਗਵਾਨ, ਚਾਰੋਂ ਕੁੰਟ ਵੇਖ ਵਖਾਇਆ। ਉਤਰ ਪੂਰਬ ਪੱਛਮ ਦੱਖਣ ਰਵ ਸਸ ਸੂਰਜ ਚੰਨ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਦੇਵੇ ਦਾਨ, ਦੀਨਨ ਆਪਣੀ ਦਇਆ ਕਮਾਇਆ। ਚਾਰੇ ਖਾਣੀ ਖੋਲ੍ਹ ਦੁਕਾਨ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਵਰਤਾਇਆ। ਚਾਰੇ ਬਾਣੀ ਮਾਰੇ ਬਾਣ, ਪਰਾ ਪਸੰਤੀ ਮਧਮ ਬੈਖ਼ਰੀ ਆਪੇ ਗਾਇਆ। ਚਾਰ ਵਰਨ ਖੇਲ ਮਹਾਨ, ਜੁਗ ਚੌਕੜੀ ਵੰਡ ਵੰਡਾਇਆ। ਚਾਰ ਯਾਰੀ ਮੇਲੇ ਆਣ, ਮੇਲ ਮਿਲਾਵਾ ਸਹਿਜ ਸੁਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਸ਼ਬਦੀ ਸੁਤ ਦਏ ਸਮਝਾਇਆ। ਸਾਚੀ ਇਛਿਆ ਝੋਲੀ ਪਾ, ਭਿਛਿਆ ਆਪਣਾ ਨਾਮ ਰਖਾਈਆ। ਲੱਖ ਚੁਰਾਸੀ ਘਾੜਨ ਲਏ ਘੜਾ, ਘੜ ਭਾਂਡੇ ਵੇਖ ਵਖਾਈਆ। ਨਿਰਗੁਣ ਸਰਗੁਣ ਬਣ ਮਲਾਹ, ਲੋਕਮਾਤ ਬੇੜਾ ਆਪ ਚਲਾਈਆ। ਸ਼ਬਦ ਅਗੰਮੀ ਦੇ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਸਾਚਾ ਗੀਤ, ਹਰਿ ਗੋਪਾਲ ਆਪ ਸੁਣਾਇੰਦਾ। ਜੁਗ ਚੌਕੜੀ ਚਲੇ ਰੀਤ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪਰਮ ਪੁਰਖ ਸਮਰਥ ਸਵਾਮੀ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਘਰ ਘਰ ਮੰਦਰ ਅੰਦਰ ਵੜ ਵੜ ਲੱਖ ਚੁਰਾਸੀ ਪਰਖੇ ਨੀਤ, ਸਚ ਸਿੰਘਾਸਣ ਸੋਭਾ ਪਾਇੰਦਾ। ਲੇਖਾ ਜਾਣੇ ਹਸਤ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਸਮਝਾਇੰਦਾ। ਸਾਚੀ ਧਾਰ ਪੁਰਖ ਅਕਾਲ, ਆਦਿ ਆਦਿ ਜਣਾਈਆ। ਨਿਰਗੁਣ ਸਰਗੁਣ ਬਣੇ ਦਲਾਲ, ਜਗਤ ਦਲਾਲੀ ਇਕ ਵਖਾਈਆ। ਪਰਮ ਪੁਰਖ ਪਤਿਪਰਮੇਸ਼ਵਰ ਹੋ ਦਿਆਲ, ਦੀਨਨ ਆਪਣਾ ਭੇਵ ਖੁਲ੍ਹਾਈਆ। ਸੇਵਾ ਲਾਏ ਕਾਲ ਮਹਾਕਾਲ, ਸਾਚੀ ਸੇਵਾ ਇਕ ਸਮਝਾਈਆ। ਨਵ ਨੌਂ ਬਣਾਏ ਸੱਚੀ ਧਰਮਸਾਲ, ਸਤ ਸਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਈਆ। ਸਾਚਾ ਮਾਰਗ ਜਾਏ ਲੱਗ, ਸਚਖੰਡ ਨਿਵਾਸੀ ਆਪ ਜਣਾਇੰਦਾ। ਕਰੇ ਖੇਲ ਸੂਰਾ ਸਰਬੱਗ, ਦੂਸਰ ਸੰਗ ਨਾ ਕੋਇ ਰਖਾਇੰਦਾ। ਲੱਖ ਚੁਰਸੀ ਤ੍ਰੈਗੁਣ ਬੰਨ੍ਹੇ ਤਗ, ਤੰਦਨ ਤੰਦ ਨਾ ਕੋਇ ਤੁੜਾਇੰਦਾ। ਨੌਂ ਖੰਡ ਪ੍ਰਿਥਮੀ ਖੇਲੇ ਖੇਲ ਜੀਵਣ ਜਗ, ਜੁਗਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਏਕਾ ਗੁਣ ਸਮਝਾਇੰਦਾ। ਸ਼ਬਦ ਦੁਲਾਰੇ ਸੁਣਿਆ ਕੰਨ, ਪ੍ਰਭ ਅੱਗੇ ਸੀਸ ਝੁਕਾਈਆ। ਤੇਰਾ ਹੁਕਮ ਲਵਾਂ ਮੰਨ, ਦੋਏ ਜੋੜ ਪਿਆ ਸਰਨਾਈਆ। ਤੇਰੀ ਵਡਿਆਈ ਤੇਰਾ ਨਾਉਂ ਮੇਰਾ ਧਨ, ਵਸਤ ਅਮੋਲਕ ਇਕ ਰਖਾਈਆ। ਮੈਂ ਬਾਲਕ ਤੂੰ ਜਨਨੀ ਜਨ, ਤੂੰ ਪਿਤਾ ਮੇਰੀ ਮਾਈਆ। ਤੂੰ ਆਦਿ ਬੇੜਾ ਦਿਤਾ ਬੰਨ੍ਹ, ਮੈਂ ਜੁਗ ਜੁਗ ਸੇਵ ਕਮਾਈਆ। ਸੇਵਾ ਲਾਵਾਂ ਸੂਰਜ ਚੰਨ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਮੇਰੇ ਸਾਹਿਬ ਸੱਚੇ ਗੁਸਾਈਂਆ। ਸ਼ਬਦੀ ਸੁਤ ਚੜ੍ਹਿਆ ਚਾਅ, ਥਿਰ ਘਰ ਆਪਣੀ ਖ਼ੁਸ਼ੀ ਮਨਾਇੰਦਾ। ਜੁਗ ਚੌਕੜੀ ਸੇਵਾ ਲਵਾਂ ਕਮਾ, ਸਾਚੀ ਸੇਵਾ ਝੋਲੀ ਪਾਇੰਦਾ। ਨਿਰਗੁਣ ਸਰਗੁਣ ਬਣਾਂ ਮਲਾਹ, ਲੋਕਮਾਤ ਫੇਰਾ ਪਾਇੰਦਾ। ਨਿਤ ਨਵਿਤ ਦੇਵਾਂ ਸਚ ਸਲਾਹ, ਸਿਫ਼ਤ ਸਲਾਹ ਤੇਰਾ ਨਾਉਂ ਵਖਾਇੰਦਾ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੰਡਣ ਵੰਡਾਂ ਥਾਉਂ ਥਾਂ, ਥਾਨ ਥਨੰਤਰ ਆਪਣਾ ਭੇਵ ਖੁਲ੍ਹਾਇੰਦਾ। ਬ੍ਰਹਿਮੰਡ ਖੰਡ ਅਨਾਦੀ ਨਾਦ ਦਿਆਂ ਵਜਾ, ਲੋਆਂ ਪੁਰੀਆਂ ਰਾਗ ਅਲਾਇੰਦਾ। ਜ਼ਿਮੀ ਅਸਮਾਨਾਂ ਵੇਖਾਂ ਆ, ਧਰਤ ਧਵਲ ਡੇਰਾ ਲਾਇੰਦਾ। ਪੰਜ ਤਤ ਹੰਡਾਵਾਂ ਜਗਤ ਮਕਾਂ, ਸਚ ਮਕਾਨ ਇਕ ਵਖਾਇੰਦਾ। ਨਿਰਗੁਣ ਸਰਗੁਣ ਰੂਪ ਧਰਾ, ਧਰਨੀ ਧਰਤ ਧਵਲ ਵਡਿਆਇੰਦਾ। ਆਤਮ ਪਰਮਾਤਮ ਮੇਲ ਮਿਲਾ, ਗੁਰ ਗੁਰ ਆਪਣਾ ਨਾਉਂ ਰਖਾਇੰਦਾ। ਦੋ ਜਹਾਨਾਂ ਦੇਵੇ ਸਚ ਸਲਾਹ, ਸਲਾਹਗੀਰ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਮਿਲਾਇੰਦਾ। ਤੁਧ ਬਿਨ ਅਵਰ ਨਾ ਕੋਈ ਓਟ, ਸੁਤ ਦੁਲਾਰਾ ਰਿਹਾ ਸੁਣਾਈਆ। ਤੂੰ ਪੁਰਖ ਅਕਾਲ ਨਿਰਮਲ ਜੋਤ, ਸਚਖੰਡ ਵਸੇਂ ਸਾਚੇ ਮਾਹੀਆ। ਸਚ ਦੁਆਰਾ ਕਿਲਾ ਕੋਟ, ਬੰਕ ਗੜ੍ਹ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਮੇਰੀ ਸੇਵਾ ਲੇਖੇ ਲਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸਤਿ ਸਤਿਵਾਦੀ ਦਇਆ ਕਮਾਇੰਦਾ। ਆਦਿ ਆਦਿ ਦਿਤਾ ਦਾਨ, ਅੰਤ ਆਪਣੇ ਹੱਥ ਰਖਾਇੰਦਾ। ਸ਼ਬਦ ਸੁਤ ਬਾਲ ਨਿਧਾਨ, ਸਾਚੀ ਸਿਖਿਆ ਹਰਿ ਸਮਝਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਤੇਰਾ ਹੁਕਮ ਵਰਤਾਇੰਦਾ। ਨਿਰਗੁਣ ਸਰਗੁਣ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਗੁਰ ਅਵਤਾਰ ਦੇ ਦੇ ਦਾਨ, ਲੋਕਮਾਤ ਆਪ ਵਡਿਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਨ, ਕਲਜੁਗ ਆਪਣਾ ਵੇਸ ਵਟਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਸੇਵਾ ਲਗਾਏ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੁਗ ਜੁਗ ਸਚ ਸੰਦੇਸ਼ਾ ਦੇਵੇ ਆਣ, ਸ਼ਾਸਤਰ ਸਿਮਰਤ ਵੇਦ ਪੁਰਾਨ ਆਪ ਪੜ੍ਹਾਇੰਦਾ। ਲੇਖਾ ਜਾਣੇ ਦੋ ਜਹਾਨ, ਜੀਵ ਆਤਮ ਆਤਮ ਗਿਆਨ ਅਠਾਰਾਂ ਧਿਆਏ ਅੱਠ ਦੱਸ ਭੇਵ ਚੁਕਾਇੰਦਾ। ਮੁਕਾਮੇ ਹੱਕ ਸਚ ਈਮਾਨ, ਇਸਮ ਆਜ਼ਮ ਰੂਪ ਧਰਾਇੰਦਾ। ਪਰਵਰਦਿਗਾਰ ਹੋ ਮਿਹਰਵਾਨ, ਰਹਿਮਤ ਆਪਣੀ ਆਪ ਕਮਾਇੰਦਾ। ਪੀਰ ਪੈਗ਼ੰਬਰ ਦੇਵੇ ਦਾਨ, ਹਜ਼ਰਤ ਆਪਣੀ ਖੇਲ ਕਰਾਇੰਦਾ। ਨਬੀ ਰਸੂਲਾਂ ਰੱਖੇ ਆਣ, ਧੁਰ ਫ਼ਰਮਾਣਾ ਹੁਕਮ ਵਰਤਾਇੰਦਾ। ਸਾਚਾ ਕਲਮਾ ਇਕ ਕਲਾਮ, ਨੂਰ ਇਲਾਹੀ ਆਪ ਜਣਾਇੰਦਾ। ਨਿਰਗੁਣ ਰੂਪ ਸਚ ਅਮਾਮ, ਨਜ਼ਰ ਕਿਸੇ ਨਾ ਆਇੰਦਾ। ਈਸਾ ਮੂਸਾ ਮੁਹੰਮਦ ਦਏ ਪੈਗ਼ਾਮ, ਸਚ ਸੰਦੇਸ਼ਾ ਇਕ ਸੁਣਾਇੰਦਾ। ਲੇਖਾ ਲਿਖ ਲਿਖ ਅੰਜੀਲ ਕੁਰਾਨ, ਕਾਇਆ ਕੁਰਾ ਖੋਜ ਖੁਜਾਇੰਦਾ। ਸਤਿ ਸਤਿਵਾਦੀ ਸਾਚਾ ਨਾਮ, ਨਾਮ ਸਤਿ ਸਤਿ ਪੜ੍ਹਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਾਨਕ ਗੋਬਿੰਦ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਇੰਦਾ। ਕੋਟਨ ਕੋਟ ਜੁਗ ਕਰੇ ਖੇਲ ਮਹਾਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਾਣੀ ਬਾਣੀ ਕਰ ਪਰਧਾਨ, ਏਕਾ ਆਪਣਾ ਨਾਉਂ ਵਡਿਆਇੰਦਾ। ਸਾਚੇ ਸੁਤ ਰੱਖਣਾ ਯਾਦ, ਹਰਿ ਸਾਚਾ ਸਚ ਜਣਾਈਆ। ਤੇਰੀ ਸੇਵਾ ਲਾਈ ਆਦਿ, ਅੰਤ ਭੁੱਲ ਕਦੇ ਨਾ ਜਾਈਆ। ਪੁਰਖ ਅਬਿਨਾਸ਼ੀ ਸੁਣੇ ਫ਼ਰਯਾਦ, ਨਿਰਗੁਣ ਆਪਣਾ ਵੇਸ ਵਟਾਈਆ। ਘਰ ਘਰ ਵੇਖੇ ਤੇਰਾ ਨਾਦ, ਨਾਦ ਧੁਨ ਜਗਤ ਸ਼ਨਵਾਈਆ। ਭੇਵ ਚੁਕਾਏ ਬ੍ਰਹਮ ਬ੍ਰਹਿਮਾਦ, ਬ੍ਰਹਮ ਖੋਜੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਈਆ। ਆਪਣਾ ਲੇਖਾ ਦੱਸੇ ਆਪ ਨਿਰੰਕਾਰ, ਆਦਿ ਪੁਰਖ ਸਮਝਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਉਤਰੇ ਪਾਰ, ਥਿਰ ਕੋਇ ਰਹਿਣ ਨਾ ਪਾਇਆ। ਅੰਤਮ ਚੌਕੜ ਵੇਖੇ ਆਪ ਕਰਤਾਰ, ਕਰਤਾ ਪੁਰਖ ਖੇਲ ਕਰਾਇਆ। ਧੁਰ ਦਾ ਹੁਕਮ ਏਕਾ ਵਾਰ, ਸਚ ਸੰਦੇਸ਼ਾ ਦਏ ਸੁਣਾਇਆ। ਪਰਗਟ ਕਰੇ ਤੇਈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਲ ਮਿਲਾਇਆ। ਮੇਲ ਮਿਲਾਵਾ ਈਸਾ ਮੂਸਾ ਮੁਹੰਮਦ ਯਾਰ, ਅੱਲਾ ਰਾਣੀ ਪੱਲੂ ਆਪ ਫੜਾਇਆ। ਨਿਰਗੁਣ ਜੋਤੀ ਗੁਰ ਗੁਰ ਧਾਰ, ਇਕ ਦਸ ਵੰਡ ਵੰਡਾਇਆ। ਨਾਨਕ ਗੋਬਿੰਦ ਪੈਜ ਸੁਆਰ, ਦੋ ਜਹਾਨਾਂ ਖੇਲ ਵਖਾਇਆ। ਸਚ ਸੰਦੇਸ਼ਾ ਏਕਾ ਵਾਰ, ਨਰ ਨਰੇਸ਼ਾ ਦਏ ਸਮਝਾਇਆ। ਆਵੇ ਜਾਵੇ ਅਗੰਮ ਅਪਾਰ, ਰੂਪ ਰੰਗ ਰੇਖ ਨਾ ਕੋਇ ਰਖਾਇਆ। ਲਿਖ ਲਿਖ ਲੇਖਾ ਸਰਬ ਵਿਚਾਰ, ਸਚ ਸੰਦੇਸ਼ਾ ਗਏ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਰਿਹਾ ਜਣਾਇਆ। ਸਾਚਾ ਭੇਵ ਦੇਵੇ ਖੋਲ੍ਹ, ਹਰਿ ਵੱਡਾ ਵਡ ਵਡਿਆਈਆ। ਆਦਿ ਕਰਿਆ ਸਾਚਾ ਕੌਲ, ਅੰਤ ਦਏ ਨਿਭਾਈਆ। ਪਰਗਟ ਹੋਏ ਉਪਰ ਧੌਲ, ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰੌਣਾ, ਸ਼ਬਦੀ ਸੁਤ ਸੁਤ ਜਣਾਇਆ। ਜੋਤੀ ਜਾਮਾ ਵੇਸ ਵਟੌਣਾ, ਨੂਰੋ ਨੂਰ ਡਗਮਗਾਇਆ। ਸਚਖੰਡ ਦੁਆਰਾ ਲੋਕਮਾਤ ਵਸੌਣਾ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਉਠਾਇਆ। ਸਾਚਾ ਪਰਦਾ ਦੇਵੇ ਚੁੱਕ, ਹਰਿ ਜੂ ਆਪਣੀ ਦਇਆ ਕਮਾਈਆ। ਜੁਗ ਚੌਕੜੀ ਪੈਂਡਾ ਜਾਏ ਮੁੱਕ, ਪਾਂਧੀ ਕੋਇ ਰਹਿਣ ਨਾ ਪਾਈਆ। ਕਲਜੁਗ ਹੋਏ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸਚ ਸੁਚ ਜਾਏ ਛੁਪ, ਕੂੜੀ ਕਿਰਿਆ ਮਿਲੇ ਵਡਿਆਈਆ। ਨਾ ਕੋਈ ਮਾਤ ਪਿਤ ਦਿਸੇ ਪੁੱਤ, ਭੈਣ ਭਾਈ ਸਾਕ ਸੱਜਣ ਸੈਣ ਨਾ ਕੋਇ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਾਵਣ ਰੁੱਠ, ਲੋਕਮਾਤ ਸਕੇ ਨਾ ਕੋਇ ਮਨਾਈਆ। ਸਾਧਾਂ ਸੰਤਾਂ ਕਾਇਆ ਭਾਂਡੇ ਖ਼ਾਲੀ ਹੋਵਣ ਠੁੱਠ, ਨਾਮ ਵਸਤ ਨਾ ਕੋਇ ਰਖਾਈਆ। ਨੌਂ ਖੰਡ ਪ੍ਰਿਥਮੀ ਪਏ ਲੁੱਟ, ਚੋਰ ਯਾਰ ਘੇਰਾ ਪਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਬੁੱਤ, ਕਾਇਆ ਮੰਦਰ ਅੰਦਰ ਵੱਜੇ ਨਾ ਕੋਇ ਵਧਾਈਆ। ਫੁੱਲ ਫਲਵਾੜੀ ਨਾ ਮੌਲੇ ਰੁੱਤ, ਰੁੱਤ ਬਸੰਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਪੁਰਖ ਅਬਿਨਾਸ਼ੀ ਹਰਿ ਜੂ ਦੱਸੇ, ਆਪਣੀ ਖ਼ੁਸ਼ੀ ਮਨਾਇੰਦਾ। ਸਚਖੰਡ ਦੁਆਰੇ ਬਹਿ ਬਹਿ ਹੱਸੇ, ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਜੀਵ ਜੰਤ ਮਾਇਆ ਅੰਤਰ ਫਸੇ, ਫਾਂਦੀ ਫੰਦ ਨਾ ਕੋਇ ਕਟਾਇੰਦਾ। ਘਰ ਘਰ ਨਾਗਣੀ ਵੜ ਵੜ ਡੱਸੇ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਕਲਜੁਗ ਚਾਰੋਂ ਕੁੰਟ ਉਠ ਉਠ ਨੱਠੇ, ਆਪਣਾ ਬਲ ਧਰਾਇੰਦਾ। ਮਾਣ ਗਵਾਏ ਤੀਰਥ ਅਠਸਠੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦੁਰਮਤ ਮੈਲ ਨਾ ਕੋਇ ਧੁਵਾਇੰਦਾ। ਘਰ ਘਰ ਦਰ ਦਰ ਕੂੜ ਕੁੜਿਆਰਾ ਸੱਥਰ ਘੱਤੇ, ਜਗਤ ਸਫ਼ਾ ਨਾ ਕੋਇ ਉਠਾਇੰਦਾ। ਹਰਿ ਕਾ ਨਾਮ ਨਾ ਬੀਜੇ ਕੋਇ ਵੱਤੇ, ਬਣ ਕਿਰਸਾਣਾ ਹੱਲ ਨਾ ਕੋਇ ਚਲਾਇੰਦਾ। ਲਾੜੀ ਮੌਤ ਚਾਰ ਕੁੰਟ ਨੱਚੇ, ਘੁੰਗਟ ਮੁਖ ਨਾ ਕੋਇ ਵਖਾਇੰਦਾ। ਰਾਏ ਧਰਮ ਕੋਲੋਂ ਕੋਈ ਨਾ ਬਚੇ, ਅੱਗੇ ਹੋ ਨਾ ਕੋਇ ਛੁਡਾਇੰਦਾ। ਚਿੱਤਰ ਗੁਪਤ ਵਖਾਏ ਸਫ਼ੇ, ਲਿਖ ਲਿਖ ਲੇਖਾ ਅੱਗੇ ਧਰਾਇੰਦਾ। ਮੰਦਰ ਮਸਜਿਦ ਗੁਰੂਦੁਆਰ ਸ਼ਿਵਦੁਆਲੇ ਮੱਠ ਜਗਤ ਮਾਇਆ ਖਾਦੇ ਗੱਫ਼ੇ, ਅੰਮ੍ਰਿਤ ਨਾਮ ਹੱਥ ਕਿਸੇ ਨਾ ਆਇੰਦਾ। ਰਸਨਾ ਕਹਿਣ ਪੁਰਖ ਅਕਾਲ ਦੇ ਅਸੀਂ ਸਕੇ, ਅੰਦਰੋਂ ਮੇਲ ਨਾ ਕੋਇ ਮਿਲਾਇੰਦਾ। ਧੀਆਂ ਭੈਣਾਂ ਸਾਰੇ ਤੱਕੇ, ਨੇਤਰ ਨੈਣ ਗਿਆਨ ਨਾ ਕੋਇ ਖੁਲ੍ਹਾਇੰਦਾ । ਚੌਦਾਂ ਤਬਕ ਕੋਈ ਨਾ ਮੇਟੇ ਫੱਟੇ, ਸ਼ਰਅ ਸ਼ਰੀਅਤ ਸਚ ਨਾ ਕੋਇ ਸਮਝਾਇੰਦਾ। ਚੌਦਾਂ ਲੋਕ ਲਾਹਾ ਕੋਈ ਨਾ ਖੱਟੇ, ਚੌਦਾਂ ਵਿਦਿਆ ਮਾਣ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਦੱਸੇ ਭਗਵੰਤ, ਆਪਣੀ ਦਇਆ ਕਮਾਈਆ। ਕਲਜੁਗ ਵੇਲਾ ਆਏ ਅੰਤ, ਨਰ ਨਰਾਇਣ ਹੋਏ ਸਹਾਈਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਜਗਤ ਸਾਧ ਸੰਤ ਨਾਲ ਮਿਲਾਈਆ। ਆਪ ਬਣਾਏ ਸਾਚੀ ਬਣਤ, ਘਾੜਨ ਘੜੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਲੇਖਾ ਦਏ ਮੁਕਾਈਆ। ਜੁਗ ਚੌਕੜੀ ਲੇਖਾ ਅੰਤ ਮੁਕੌਣਾ, ਹਰਿ ਜੂ ਹਰਿ ਹਰਿ ਆਖ ਸੁਣਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਹਿਣਾ ਦੇਣਾ ਝੋਲੀ ਪੌਣਾ, ਬਾਕੀ ਕੋਇ ਨਜ਼ਰ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਪੰਧ ਮੁਕੌਣਾ, ਬਣ ਪਾਂਧੀ ਰਾਹ ਨਾ ਕੋਇ ਚਲਾਇੰਦਾ। ਨਾਨਕ ਗੋਬਿੰਦ ਲੇਖਾ ਲਿਖਿਆ ਪੂਰ ਕਰੌਣਾ, ਵੇਦ ਵਿਆਸ ਧਿਆਨ ਲਗਾਇੰਦਾ। ਈਸਾ ਮੂਸਾ ਨੇਤਰ ਨੈਣ ਵਖੌਣਾ, ਮੁਹੰਮਦ ਏਕਾ ਓਟ ਤਕਾਇੰਦਾ। ਨਿਹਕਲੰਕ ਜਾਮਾ ਪੌਣਾ, ਨਾਮ ਡੰਕਾ ਇਕ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕੌਣਾ, ਜਗਦੀਸ਼ ਆਪਣੀ ਖੇਲ ਕਰਾਇੰਦਾ। ਚਾਰ ਵਰਨ ਆਪ ਉਠੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੇ ਅੰਗ ਲਗਾਇੰਦਾ। ਸਾਚਾ ਮੰਤਰ ਨਾਮ ਦ੍ਰਿੜੌਣਾ, ਹੰ ਬ੍ਰਹਮ ਪਾਰਬ੍ਰਹਮ ਆਪਣੇ ਰੰਗ ਰੰਗਾਇੰਦਾ। ਸਤਿਜੁਗ ਸਾਚਾ ਮਾਰਗ ਲੌਣਾ, ਸਤਿ ਸਤਿਵਾਦੀ ਖੇਲ ਕਰਾਇੰਦਾ। ਸ਼ਬਦੀ ਤੇਰਾ ਢੋਲਾ ਗੌਣਾ, ਸਾਚਾ ਸੋਹਲਾ ਆਪ ਸੁਣਾਇੰਦਾ। ਗੋਬਿੰਦ ਖੇੜਾ ਇਕ ਵਸੌਣਾ, ਸੰਬਲ ਆਪਣਾ ਆਸਣ ਲਾਇੰਦਾ। ਗੁਰਮੁਖਾਂ ਬੇੜਾ ਬੰਨ੍ਹ ਚਲੌਣਾ, ਏਕਾ ਚੱਪੂ ਨਾਮ ਜਣਾਇੰਦਾ। ਕਲਜਗ ਕੂੜਾ ਮੋਹ ਤੁੜੌਣਾ, ਸਚ ਸੁਚ ਨਾਤਾ ਆਪ ਬੰਧਾਇੰਦਾ। ਕਲ ਕਲਕੀ ਅਵਤਾਰ ਅਖਵੌਣਾ, ਕਲ ਆਪਣੀ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਵਰਤੇ ਕਲ, ਕਲ ਕਲਕੀ ਭੇਵ ਨਾ ਆਈਆ। ਕਰੇ ਖੇਲ ਅਛਲ ਅਛੱਲ, ਵਲ ਛਲ ਧਾਰੀ ਬੇਪਰਵਾਹੀਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਏਕੰਕਾਰਾ ਏਕਾ ਮੱਲ, ਦੋ ਜਹਾਨਾਂ ਫੇਰਾ ਪਾਈਆ। ਸਚ ਸੰਦੇਸ਼ ਨਰ ਨਰੇਸ਼ ਨਿਰਗੁਣ ਸਰਗੁਣ ਦੇਵੇ ਘਲ, ਚਾਰ ਵਰਨ ਕਰੇ ਪੜ੍ਹਾਈਆ। ਨੌਂ ਖੰਡ ਪ੍ਰਿਥਮੀ ਸਾਚਾ ਦੀਪਕ ਜਾਏ ਬਲ, ਏਕਾ ਗਿਆਨ ਨੂਰ ਰੁਸ਼ਨਾਈਆ। ਧਾਮ ਵਖਾਏ ਇਕ ਅਬਚਲ, ਸਾਚੀ ਨਗਰੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੇਲ ਮਿਲਾਈਆ। ਕਲਜੁਗ ਅੰਤਮ ਮਿਲਣਾ ਮਾਤ, ਮਾਤ ਪਿਤ ਖੇਲ ਕਰਾਇੰਦਾ। ਸਤਿ ਸਵਾਮੀ ਦੇਵੇ ਦਾਤ, ਨੇਹਕਾਮੀ ਝੋਲੀ ਆਪ ਭਰਾਇੰਦਾ। ਅੰਤਰਜਾਮੀ ਪੁਛੇ ਵਾਤ, ਸਿਰ ਆਪਣਾ ਹੱਥ ਟਿਕਾਇੰਦਾ। ਦੋ ਜਹਾਨਾਂ ਵੇਖੇ ਡੂੰਘਾ ਖਾਤ, ਖਾਤਾ ਆਪਣੇ ਚਰਨਾਂ ਹੇਠ ਰਖਾਇੰਦਾ। ਚਾਰ ਜੁਗ ਦੀ ਜਾਣੇ ਗਾਥ, ਬੋਧ ਅਗਾਧ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੰਤਮ ਆਪਣਾ ਨਾਉਂ ਧਰਾਇੰਦਾ। ਨਿਹਕਲੰਕ ਰੱਖੇ ਨਾਉਂ, ਨਰ ਨਿਰੰਕਾਰ ਵਡੀ ਵਡਿਆਈਆ। ਵਸਣਹਾਰਾ ਹਰ ਘਟ ਥਾਉਂ, ਲੱਖ ਚੁਰਾਸੀ ਰਿਹਾ ਸਮਾਈਆ। ਗੁਰਮੁਖ ਪਕੜੇ ਆਪੇ ਬਾਹੋਂ, ਗੁਰਸਿਖ ਸਾਚੇ ਲਏ ਮਿਲਾਈਆ। ਕਰੇ ਕਰਾਏ ਸਚ ਨਿਆਉਂ, ਤਖ਼ਤ ਨਿਵਾਸੀ ਸੱਚਾ ਮਾਹੀਆ। ਸਦਾ ਸੁਹੇਲਾ ਇਕ ਇਕੇਲਾ ਸਮਰਥ ਪੁਰਖ ਦੇਵੇ ਠੰਡੀ ਛਾਉਂ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਮਿਲਾਵਾ ਚਾਈਂ ਚਾਈਂਆ। ਸ਼ਬਦੀ ਜੋਤੀ ਏਕਾ ਮੇਲਾ, ਮਿਲ ਮਿਲ ਖ਼ੁਸ਼ੀ ਮਨਾਇੰਦਾ। ਗੋਬਿੰਦ ਢੋਲਾ ਗੁਰ ਗੁਰ ਚੇਲਾ, ਗੁਰ ਚੇਲਾ ਵੇਸ ਵਟਾਇੰਦਾ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਸਾਚੀ ਸਖੀ ਮਿਲ ਮਿਲ ਮੰਗਲ ਗਾਇੰਦਾ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਵਖਾਇੰਦਾ। ਕਰੇ ਖੇਲ ਇਕ ਇਕੇਲਾ, ਆਦਿ ਅੰਤ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੁਆਰਾ ਇਕ ਵਖਾਇੰਦਾ। ਸ਼ਬਦ ਦੁਆਰਾ ਏਕਾ ਏਕ, ਸੋ ਪੁਰਖ ਨਿਰੰਜਣ ਆਪ ਸਮਝਾਈਆ। ਪੁਰਖ ਅਕਾਲ ਸਾਚੀ ਟੇਕ, ਦੂਸਰ ਹੋਰ ਨਾ ਕੋਇ ਸਹਾਈਆ। ਨਿਰਗੁਣ ਸਰਗੁਣ ਲਏ ਵੇਖ, ਬਣੇ ਵਿਚੋਲਾ ਸੱਚਾ ਮਾਹੀਆ। ਨਾ ਕੋਈ ਰੂਪ ਰੰਗ ਨਾ ਰੇਖ, ਜੋਤੀ ਜਾਤਾ ਡਗਮਗਾਈਆ। ਕਰਿਆ ਆਪ ਅਵੱਲੜਾ ਵੇਸ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸਾਚਾ ਹਰਿ, ਕਲਜੁਗ ਆਪਣੀ ਖੇਲ ਕਰਾਈਆ। ਕਲਜੁਗ ਅੰਤਮ ਖੇਲ ਕਰਨਾ, ਕਰਨਹਾਰ ਕਰਤਾਰਾ। ਲੱਖ ਚੁਰਾਸੀ ਆਪੇ ਵਰਨਾ, ਚਾਰ ਵਰਨਾਂ ਇਕ ਆਧਾਰਾ। ਅੱਖਰ ਵੱਖਰ ਢੋਲਾ ਏਕਾ ਪੜ੍ਹਨਾ, ਸੋਹੰ ਸ਼ਬਦ ਨਾਮ ਜੈਕਾਰਾ। ਸਚਖੰਡ ਦੁਆਰੇ ਗੁਰਮੁਖ ਚੜ੍ਹਨਾ, ਗੁਰ ਕਿਰਪਾ ਉਤਰੇ ਪਾਰਾ। ਨਾਤਾ ਤੁਟੇ ਜੰਮਣ ਮਰਨਾ, ਮਰਨ ਜਨਮ ਨਾ ਹੋਏ ਵਿਚ ਸੰਸਾਰਾ। ਨੇਤਰ ਖੁਲ੍ਹੇ ਹਰਨਾ ਫਰਨਾ, ਨਜ਼ਰੀ ਆਏ ਏਕੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੌਂ ਖੰਡ ਪ੍ਰਿਥਮੀ ਸੁਣਾਏ ਇਕ ਜੈਕਾਰਾ। ਇਕ ਜੈਕਾਰਾ ਜੈ ਜੈ ਜੈਕਾਰ, ਦੋ ਜਹਾਨਾਂ ਦਏ ਜਣਾਈਆ। ਪੁਰਖ ਅਕਾਲ ਹੋ ਤਿਆਰ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਨਵ ਨੌਂ ਸੱਚੀ ਧਰਮਸਾਲ, ਧਰਮ ਦੁਆਰਾ ਦਏ ਵਖਾਈਆ। ਨਾਤਾ ਤੋੜ ਸ਼ਾਹ ਕੰਗਾਲ, ਬਖ਼ਸ਼ੇ ਚਰਨ ਸਰਨ ਸਰਨਾਈਆ। ਗੁਰਸਿਖਾਂ ਕਰੇ ਆਪ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਆਪ ਉਠਾਏ ਆਪਣੇ ਲਾਲ, ਕਰਤਾ ਕੀਮਤ ਆਪੇ ਪਾਈਆ। ਨਿਰਗੁਣ ਸਰਗੁਣ ਬਣ ਦਲਾਲ, ਜਗਤ ਦਲਾਲੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਜੋਤੀ ਮੇਲਾ ਵਿਚ ਜਹਾਨ, ਪੰਜ ਤਤ ਤਤ ਨਾ ਕੋਇ ਵਡਿਆਈਆ।

Leave a Reply

This site uses Akismet to reduce spam. Learn how your comment data is processed.