Granth 09 Likhat 062: 8 Chet 2017 Bikarmi Santa Singh de Ghar Pind Babu Pur

੮ ਚੇਤ ੨੦੧੭ ਬਿਕਰਮੀ ਸੰਤਾ ਸਿੰਘ ਦੇ ਘਰ ਪਿੰਡ ਬਾਬੂ ਪੁਰ

ਹਰਿ ਸ਼ਬਦ ਸੰਤ ਹਰਿ ਸ਼ਬਦ ਗੁਰ, ਹਰਿ ਹਰਿ ਨਾਮਾ ਵਡ ਵਡਿਆਈਆ। ਹਰਿ ਸ਼ਬਦ ਕੰਤ ਹਰਿ ਸ਼ਬਦ ਮੇਲਾ ਧੁਰ, ਹਰਿ ਸਾਚਾ ਆਪ ਮਿਲਾਈਆ। ਹਰਿ ਸ਼ਬਦ ਆਦਿ, ਹਰਿ ਸ਼ਬਦ ਅੰਤ, ਹਰਿ ਸ਼ਬਦ ਚਾੜ੍ਹੇ ਰੰਗ ਬਸੰਤ, ਰੰਗ ਰੰਗੀਲਾ ਇਕ ਅਖਵਾਈਆ। ਹਰਿ ਸ਼ਬਦ ਜੀਵ ਹਰਿ ਸ਼ਬਦ ਜੰਤ, ਹਰਿ ਸ਼ਬਦੀ ਸ਼ਬਦ ਜਣਾਈਆ। ਹਰਿ ਸ਼ਬਦ ਮਣੀਆ ਹਰਿ ਸ਼ਬਦ ਮੰਤ, ਹਰਿ ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਦਏ ਵਡਿਆਈਆ। ਹਰਿ ਸ਼ਬਦ ਬਿਬਾਣ ਹਰਿ ਸਾਚਾ ਰਾਣਾ, ਤਖ਼ਤ ਤਾਜ ਸੁਹਾਇੰਦਾ। ਹਰਿ ਸ਼ਬਦ ਰਾਗ ਧੁਨ ਤਰਾਨਾ, ਹਰਿ ਸ਼ਬਦ ਹੋਏ ਪਵਣ ਮਸਾਣਾ, ਦੋ ਜਹਾਨਾਂ ਫੇਰਾ ਪਾਇੰਦਾ। ਹਰਿ ਸ਼ਬਦ ਗੋਪੀ ਹਰਿ ਸ਼ਬਦ ਕਾਹਨਾ, ਹਰਿ ਸ਼ਬਦ ਸੀਤਾ ਹਰਿ ਸ਼ਬਦ ਰਾਮਾ, ਰੂਪ ਅਨੂਪ ਆਪ ਵਟਾਇੰਦਾ। ਹਰਿ ਸ਼ਬਦ ਭੂਮਕਾ ਹਰਿ ਸ਼ਬਦ ਅਸਥਾਨਾ, ਹਰਿ ਸ਼ਬਦ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇੰਦਾ। ਹਰਿ ਸ਼ਬਦ ਹਰਿ ਤਾਲ, ਹਰਿ ਸ਼ਬਦ ਮਰਦੰਗ ਹਰਿ ਸਾਚਾ ਸਚ ਵਜਾਇੰਦਾ। ਹਰਿ ਸ਼ਬਦ ਘਾਲਣ ਰਿਹਾ ਘਾਲ, ਆਪੇ ਮੰਦਰ ਆਪੇ ਲੰਘ, ਆਪੇ ਵੇਖ ਵਖਾਇੰਦਾ। ਹਰਿ ਸ਼ਬਦ ਸਰੋਵਰ ਇਕ ਉਛਾਲ, ਹਰਿ ਸ਼ਬਦ ਸਾਚਾ ਸਚ ਪਲੰਘ, ਹਰਿ ਸਾਚਾ ਆਸਣ ਲਾਇੰਦਾ। ਹਰਿ ਸ਼ਬਦ ਵਸੇ ਸਦਾ ਨਾਲ, ਹਰਿ ਸ਼ਬਦ ਧਾਰ ਗੰਗ, ਹਰਿ ਸਾਚਾ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅਨਾਦੀ ਆਪ ਅਖਵਾਇੰਦਾ। ਹਰਿ ਸ਼ਬਦ ਦੀਵਾਰ ਹਰਿ ਸ਼ਬਦ ਧਾਰ ਹਰਿ ਸਚ ਪਸਾਰ, ਹਰਿ ਸ਼ਬਦੀ ਦਏ ਭੇਵ ਖੁਲ੍ਹਾਈਆ। ਹਰਿ ਸ਼ਬਦ ਪੁਰਖ ਹਰਿ ਸ਼ਬਦ ਨਾਰ, ਹਰਿ ਸ਼ਬਦ ਪੈਜ ਰਿਹਾ ਸਵਾਰ, ਹਰਿ ਸ਼ਬਦ ਵਡ ਵਡਿਆਈਆ। ਹਰਿ ਸ਼ਬਦ ਰਾਜ ਜੋਗ ਸਿਕਦਾਰ, ਹਰਿ ਸ਼ਬਦ ਭੋਗੇ ਭੋਗ ਵਿਚ ਸੰਸਾਰ, ਭਸਮੜ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਰਤਾਈਆ। ਹਰਿ ਸ਼ਬਦ ਸੰਜੋਗ ਹਰਿ ਸ਼ਬਦ ਵਿਜੋਗ, ਹਰਿ ਸ਼ਬਦ ਮੇਲ ਮਿਲਾਈਆ। ਹਰਿ ਸ਼ਬਦ ਵਸੇ ਤਿੰਨਾਂ ਲੋਕ, ਹਰਿ ਸ਼ਬਦ ਸੁਣਾਏ ਇਕ ਸਲੋਕ, ਆਪਣਾ ਢੋਲਾ ਆਪੇ ਗਾਈਆ। ਹਰਿ ਸ਼ਬਦ ਮੁਕਤ ਹਰਿ ਸ਼ਬਦ ਮੋਖ, ਹਰਿ ਸ਼ਬਦੀ ਸ਼ਬਦ ਭਵਾਈਆ। ਹਰਿ ਸ਼ਬਦ ਹਰਖ਼ ਹਰਿ ਸ਼ਬਦ ਸੋਗ, ਹਰਿ ਸ਼ਬਦ ਹੰਗਤਾ ਦੁੱਖ ਗਵਾਈਆ। ਹਰਿ ਸ਼ਬਦ ਲੱਖ ਚੁਰਾਸੀ ਦੇਵੇ ਝੋਕ, ਆਦਿ ਜੁਗਾਦਿ ਨਾ ਸਕੇ ਕੋਈ ਰੋਕ, ਜੂਨੀ ਜੂਨ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਹਰਿ ਸ਼ਬਦ ਪੂਜਾ ਹਰਿ ਸ਼ਬਦ ਪਾਠ, ਹਰਿ ਸ਼ਬਦ ਸਰੋਵਰ ਹਰਿ ਸ਼ਬਦ ਠਾਠ, ਹਰਿ ਸ਼ਬਦ ਅਗਨੀ ਹਰਿ ਸ਼ਬਦ ਕਾਠ, ਹਰਿ ਸ਼ਬਦ ਜੋਤੀ ਲਾਟ ਲਿਲਾਟ ਹਰਿ ਸ਼ਬਦੀ ਡਗਮਗਾਈਆ। ਹਰਿ ਸ਼ਬਦ ਵਣਜਾਰਾ ਹਰਿ ਸ਼ਬਦ ਹਾਟ, ਹਰਿ ਸ਼ਬਦ ਚੌਦਾਂ ਲੋਕਾਂ ਏਕਾ ਰੰਗ ਵਖਾਈਆ। ਹਰਿ ਸ਼ਬਦ ਹੋਏ ਤ੍ਰਲੋਕੀ ਨਾਥ, ਹਰਿ ਸ਼ਬਦ ਨਿਭਾਏ ਸਗਲਾ ਸਾਥ, ਦੋ ਜਹਾਨਾਂ ਫੇਰਾ ਪਾਈਆ। ਹਰਿ ਸ਼ਬਦ ਚਲਾਏ ਜੁਗ ਜੁਗ ਰਾਥ, ਹਰਿ ਸ਼ਬਦ ਮਹਿਮਾ ਅਕਥਨਾ ਅਕਥ, ਚਾਰੇ ਵੇਦ ਨਾ ਸਕੇ ਗਾਈਆ। ਹਰਿ ਸ਼ਬਦ ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਹਰਿ ਸ਼ਬਦ ਵੇਖ ਵਖਾਏ ਮਸਤਕ ਮਾਥ, ਅੰਦਰ ਮੰਦਰ ਖੋਜ ਖੁਜਾਈਆ। ਹਰਿ ਸ਼ਬਦ ਮਿਲਾਵਾ ਕਮਲਾਪਾਤ, ਮੇਟ ਮਿਟਾਏ ਅੰਧੇਰੀ ਰਾਤ, ਏਕਾ ਸਾਚਾ ਚੰਦ ਚੜ੍ਹਾਈਆ। ਹਰਿ ਸ਼ਬਦ ਨਾ ਰਖਾਏ ਕੋਈ ਜ਼ਾਤ ਪਾਤ, ਦੇਵਣਹਾਰਾ ਸਾਚੀ ਦਾਤ, ਏਕਾ ਵਸਤ ਹੱਥ ਰਖਾਈਆ। ਹਰਿ ਸ਼ਬਦ ਵਡ ਕਰਾਮਾਤ, ਲੇਖਾ ਜਾਣੇ ਦੋ ਜਹਾਨਾ ਖਾਤ, ਲਿਖਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਵਡ ਵਡਿਆਈਆ। ਸ਼ਬਦ ਗੁਰ ਸ਼ਬਦ ਗੁਰਦੇਵ, ਸ਼ਬਦ ਕਰਾਏ ਸਾਚੀ ਸੇਵ, ਸ਼ਬਦ ਮਹਿਮਾ ਆਪ ਜਣਾਇੰਦਾ। ਸ਼ਬਦ ਦਾਤਾ ਅਲਖ ਅਭੇਵ, ਸ਼ਬਦ ਨਿਰੰਜਣ ਸਦਾ ਅਭੇਵ, ਨਿਰਮਲ ਆਪਣਾ ਥਾਉਂ ਸੁਹਾਇੰਦਾ। ਸ਼ਬਦ ਮਾਤ ਸ਼ਬਦ ਪਿਤ, ਸ਼ਬਦ ਕਰੇ ਸਾਚਾ ਹਿੱਤ, ਆਦਿ ਜੁਗਾਦਿ ਜੁਗ ਜੁਗ ਆਪਣਾ ਵੇਸ ਵਟਾਇੰਦਾ। ਸ਼ਬਦ ਵਾਰ ਸ਼ਬਦ ਥਿਤ, ਸ਼ਬਦ ਪ੍ਰਗਟੇ ਨਿਤ ਨਵਿਤ, ਬਰਸ ਮਾਸ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਆਪ ਅਖਵਾਇੰਦਾ। ਸ਼ਬਦ ਤੀਰ ਸ਼ਬਦ ਤਰੰਗ, ਸ਼ਬਦ ਗੁਰ ਸੂਰਾ ਸਰਬੰਗ, ਸ਼ਬਦ ਲਾਏ ਆਪਣੇ ਅੰਗ, ਸ਼ਬਦ ਵਜਾਏ ਨਾਮ ਮਰਦੰਗ, ਲੋਆਂ ਪੁਰੀਆਂ ਆਪ ਸੁਣਾਇੰਦਾ। ਸ਼ਬਦ ਸੇਜਾ ਸ਼ਬਦ ਪਲੰਘ, ਸ਼ਬਦ ਰੂਪ ਦਿਸੇ ਅਨਰੰਗ, ਸ਼ਬਦ ਸ਼ਬਦੀ ਮੰਗੇ ਮੰਗ, ਹਰਿ ਸ਼ਬਦੀ ਵੰਡ ਵੰਡਾਇੰਦਾ। ਸ਼ਬਦ ਲੋਆਂ ਪੁਰੀਆਂ ਰਿਹਾ ਲੰਘ, ਸ਼ਬਦ ਸ਼ਬਦੀ ਕਸਿਆ ਤੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਸ਼ਬਦ ਚਲਾਇੰਦਾ। ਸ਼ਬਦ ਨਿਰਾਲੀ ਧਾਰ, ਹਰਿ ਚਲਾਈਆ। ਸਤਿਜੁਗ ਸਾਚੇ ਕਰ ਤਿਆਰ, ਸੋ ਪੁਰਖ ਸਿਫ਼ਤ ਸਾਲਾਹੀਆ। ਹਰਿ ਪੁਰਖ ਨਿਰੰਜਣ ਮੀਤ ਮੁਰਾਰ, ਆਪ ਆਪਣਾ ਗੀਤ ਸੁਣਾਈਆ। ਏਕੰਕਾਰਾ ਹੋਇਆ ਖ਼ਬਰਦਾਰ, ਮੁਖ ਨਕਾਬ ਪਰਦਾ ਲਾਹੀਆ। ਆਦਿ ਨਿਰੰਜਣ ਕਰ ਉਜਿਆਰ, ਦੀਪਕ ਜੋਤ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸਾਂਝਾ ਯਾਰ, ਸਗਲਾ ਸੰਗ ਆਪ ਰਖਾਈਆ। ਅਬਿਨਾਸ਼ੀ ਕਰਤਾ ਬਣ ਸਿਕਦਾਰ, ਲੋਕਮਾਤ ਫੇਰਾ ਪਾਈਆ। ਪਾਰਬ੍ਰਹਮ ਪ੍ਰਭ ਦਰ ਦਰਬਾਨ, ਦਰ ਦਰਵੇਸ਼ ਅਲੱਖ ਜਗਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰੇ ਪਛਾਣ, ਹਰਿ ਸਾਚਾ ਵਡ ਵਡਿਆਈਆ। ਸਚ ਦਵਾਰੇ ਧਰਮ ਨਿਸ਼ਾਨ, ਸਚ ਦਵਾਰੇ ਆਪ ਝੁਲਾਈਆ। ਏਕਾ ਦੇਵੇ ਬ੍ਰਹਮ ਗਿਆਨ, ਹੰ ਬ੍ਰਹਮ ਮੇਟ ਮਿਟਾਈਆ। ਲੇਖਾ ਜਾਣੇ ਕੋਟਨ ਭਾਨ, ਰਵ ਸਸ ਰਿਹਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਕਰੇ ਪੜ੍ਹਾਈਆ। ਏਕਾ ਸ਼ਬਦ ਏਕਾ ਜਾਪ, ਏਕਾ ਅੱਖਰ ਪੜ੍ਹਾਇੰਦਾ। ਏਕਾ ਬੂਝੇ ਆਪਣਾ ਆਪ, ਆਪ ਆਪਾ ਵਿਚ ਪ੍ਰਗਟਾਇੰਦਾ। ਏਕਾ ਮਾਈ ਏਕਾ ਬਾਪ, ਏਕਾ ਪੁੱਤ ਹਿੱਤ ਕਰਾਇੰਦਾ। ਏਕਾ ਸਤਿ ਇਕ ਸੰਤਾਪ, ਏਕਾ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸ਼ਬਦ ਉਪਜਾਇੰਦਾ। ਆਪੇ ਸ਼ਬਦ ਰਾਗ ਤਰਾਨਾ, ਹਰਿ ਸਾਚਾ ਸਚ ਉਪਜਾਇੰਦਾ। ਆਪੇ ਦਾਤਾ ਗੁਣ ਨਿਧਾਨਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਪੇ ਵਿਸ਼ਵ ਰੂਪ ਹੋ ਪਰਧਾਨਾ, ਘਰ ਘਰ ਰਿਜ਼ਕ ਪੁਚਾਇੰਦਾ। ਆਪੇ ਬ੍ਰਹਮਾ ਬ੍ਰਹਮ ਪਛਾਣਾ, ਅੰਸ ਬੰਸ ਰੰਗ ਰੰਗਾਇੰਦਾ। ਆਪੇ ਸ਼ੰਕਰ ਹੋ ਨਿਮਾਣਾ, ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਤ੍ਰੈਗੁਣ ਮਾਇਆ ਬੱਧਾ ਗਾਨਾ, ਆਪਣਾ ਸਗਨ ਮਨਾਇੰਦਾ। ਆਪੇ ਪੰਜ ਤਤ ਕਰ ਨਿਸ਼ਾਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਇੰਦਾ। ਆਪੇ ਮਨ ਮਤ ਬੁੱਧ ਦੇਵੇ ਦਾਨਾ, ਘਰ ਘਰ ਵਿਚ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਮੁਖ ਸਾਲਾਹਿੰਦਾ। ਹਰਿ ਸ਼ਬਦ ਅਪਾਰ ਏਕੰਕਾਰ, ਨਿਰਗੁਣ ਨਿਰਗੁਣ ਆਪ ਉਪਾਇਆ। ਸਚਖੰਡ ਵਜਾਏ ਸਚ ਸਤਾਰ, ਸਚ ਸਾਰੰਗ ਨਾਉਂ ਧਰਾਇਆ। ਏਕਾ ਰੰਗ ਰਵੇ ਕਰਤਾਰ, ਰਾਗ ਰਾਗਨੀ ਨਾ ਕੋਇ ਵਿਖਾਇਆ। ਲੋਕਮਾਤ ਖੇਲ ਅਪਾਰ, ਜੋਤੀ ਨੂਰ ਡਗਮਗਾਇਆ। ਸਤਿਜੁਗ ਸਾਚੇ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਇਆ। ਹੰ ਬ੍ਰਹਮ ਪ੍ਰਭ ਕਰ ਪਿਆਰ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦੀ ਵੰਡ ਵੰਡਾਇਆ। ਸੋ ਪੁਰਖ ਨਿਰੰਜਣ ਵੰਡੇ ਵੰਡ, ਦਿਸ ਕਿਸੇ ਨਾ ਆਇੰਦਾ। ਚਾਰੋਂ ਕੁੰਟ ਸ਼ਬਦ ਸਰੂਪੀ ਚਾਰ ਦਵਾਰੀ ਰੱਖੇ ਕੰਧ, ਆਪ ਆਪਣਾ ਪਰਦਾ ਪਾਇੰਦਾ। ਨੌ ਦੁਆਰੇ ਕਰ ਕਰ ਬੰਦ, ਦਰ ਦਰਵਾਜ਼ਾ ਨਾ ਕੋਈ ਖੁਲ੍ਹਾਇੰਦਾ। ਆਪੇ ਜਾਣੇ ਆਪਣਾ ਦੂਰ ਦੁੁਰਾਡਾ ਪੰਧ, ਨੇੜ ਦੂਰ ਨਾ ਕੋਈ ਵਖਾਇੰਦਾ। ਆਪੇ ਗਾਏ ਸ਼ਬਦ ਸੁਹਾਗੀ ਹਰਿ ਛੰਦ, ਗੀਤ ਗੋਬਿੰਦ ਆਪ ਅਲਾਇੰਦਾ। ਆਪੇ ਜਾਣੇ ਪਰਮਾਨੰਦ, ਨਿਝ ਘਰ ਆਪਣਾ ਰਸ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਸਾਲਾਹਿੰਦਾ। ਸ਼ਬਦ ਸਲਾਹਿਆ ਹਰਿ ਭਗਵਾਨ, ਗੁਰ ਸਤਿਗੁਰ ਨਾਉਂ ਧਰਾਈਆ। ਲੋਕਮਾਤ ਕਰ ਪਰਧਾਨ, ਗੁਰ ਗੁਰ ਬੂਝ ਬੁਝਾਈਆ। ਗੁਰ ਗੁਰ ਦੇਵੇ ਏਕਾ ਦਾਨ, ਜੀਆਂ ਦਾਤਾ ਵਡ ਵਡਿਆਈਆ। ਆਪ ਆਪਣੀ ਕਰੇ ਪਛਾਣ, ਹਰਿ ਭਗਤਨ ਮੇਲ ਮਿਲਾਈਆ। ਭਗਤਨ ਪਾਏ ਸਾਚੀ ਆਨ, ਸਿਰ ਆਪਣਾ ਹੱਥ ਰਖਾਈਆ। ਸੰਤਾਂ ਦੇਵੇ ਸਤਿ ਸਤ ਦਾਨ, ਸਤਿ ਸਤਿਵਾਦੀ ਝੋਲੀ ਪਾਈਆ। ਤੀਰ ਨਿਰਾਲਾ ਮਾਰੇ ਬਾਣ, ਸ਼ਬਦੀ ਚਿੱਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਈਆ। ਸ਼ਬਦ ਚਿਲਾ ਸ਼ਬਦ ਤੀਰ, ਸ਼ਬਦ ਨਿਸ਼ਾਨਾ ਹਰਿ ਲਗਾਇੰਦਾ। ਸ਼ਬਦ ਅੰਮ੍ਰਿਤ ਸ਼ਬਦ  ਸੀਰ, ਭਰ ਪਿਆਲਾ ਜਾਮ ਪਿਆਇੰਦਾ। ਸ਼ਬਦ ਚੋਟੀ ਚਾੜ੍ਹੇ ਇਕ ਅਖੀਰ, ਸਚ ਮਹੱਲੇ ਆਪ ਬਹਾਇੰਦਾ। ਸ਼ਬਦ ਕੱਢੇ ਹਉਮੇ ਪੀੜ, ਰੋਗੀ ਰੋਗ ਮਿਟਾਇੰਦਾ। ਸ਼ਬਦ ਕੱਟੇ ਜਗਤ ਜੰਜ਼ੀਰ, ਲੱਖ ਚੁਰਾਸੀ ਫੰਦ ਮੁਕਾਇੰਦਾ। ਸ਼ਬਦ ਦੇਵਣਹਾਰਾ ਧੀਰ, ਧੀਰਜ ਧੀਰ ਇਕ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਨਾਮ ਵਡਿਆਇੰਦਾ। ਸ਼ਬਦ ਗੁਰ ਗਹਿਰ ਗੰਭੀਰ, ਹਰਿ ਸਾਚੇ ਸਚ ਉਪਜਾਇਆ। ਸ਼ਬਦ ਠਾਂਡਾ ਸਤਿਗੁਰ ਸੀਰ, ਭਰ ਪਿਆਲਾ ਜਾਮ ਪਿਆਈਆ। ਸ਼ਬਦ ਦਾਤਾ ਜੋਧਾ ਸੂਰਬੀਰ, ਵਡ ਬਲਵਾਨ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਹੁਕਮੀ ਹੁਕਮ ਆਪ ਚਲਾਇਆ। ਹੁਕਮੀ ਹੁਕਮ ਹਰਿ ਫ਼ਰਮਾਣ, ਸ਼ਬਦੀ ਸ਼ਬਦ ਸੁਣਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਲੋਕਮਾਤ ਵੇਸ ਵਟਾਇੰਦਾ। ਸੰਤ ਸਾਜਣ ਕਰ ਪਛਾਣ, ਆਪ ਆਪਣਾ ਮੇਲ ਮਿਲਾਇੰਦਾ। ਜੂਠ ਝੂਠ ਮੇਟ ਨਿਸ਼ਾਨ, ਸਚ ਸੁੱਚ ਮਾਰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸਤਿਜੁਗ ਖੇਲ ਖਿਲਾਵਣਹਾਰਾ, ਹਰੀ ਓਮ ਏਕੰਕਾਰ। ਏਕਾ ਸ਼ਬਦ ਨਾਮ ਚਲਾਵਣਹਾਰਾ, ਦੋ ਜਹਾਨ ਪਾਵੇ ਸਾਰ। ਏਕਾ ਭਗਤੀ ਭਗਤ ਵਡਿਆਵਣਹਾਰਾ, ਊਚੀ ਕੂਕੇ ਬੋਲੇ ਨਾਮ ਜੈਕਾਰ। ਏਕਾ ਮਾਰਗ ਹਰਿ ਹਰਿ ਲਾਵਣਹਾਰਾ, ਚਾਰੋਂ ਕੁੰਟ ਹੋਏ ਉਜਿਆਰ। ਏਕਾ ਸਿਖਿਆ ਸਚ ਸਮਝਾਵਣਹਾਰਾ, ਚਾਰ ਵਰਨਾ ਕਰੇ ਪਿਆਰ। ਜਗਤ ਮਿਥਿਆ ਆਪ ਵਖਾਵਣਹਾਰਾ, ਮੇਟ ਮਿਟਾਏ ਜੀਵ ਗਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਫੜ ਸ਼ਬਦ ਕਟਾਰ। ਸ਼ਬਦ ਕਟਾਰ ਦੋ ਧਾਰ ਖੰਡਾ, ਹਰਿ ਸਾਚਾ ਹੱਥ ਉਠਾਇੰਦਾ। ਪਾਵਣਹਾਰਾ ਜੁਗ ਜੁਗ ਵੰਡਾ, ਕਲਜੁਗ ਅੰਤਮ ਵੰਡ ਵੰਡਾਇੰਦਾ। ਲੱਖ ਚੁਰਾਸੀ ਜੀਵ ਜੰਤ ਰੰਡਾ, ਸਾਧ ਸੰਤ ਕੰਤ ਨਾ ਕੋਈ ਹੰਢਾਇੰਦਾ। ਮਾਇਆ ਮਮਤਾ ਮੋਹ ਭਾਗਾਂ ਮੰਦਾ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਮਦਿਰਾ ਮਾਸ ਮੁਖ ਅਹਾਰ ਰਖਾਏ ਗੰਦਾ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਜੋਤ ਨਿਰੰਜਣ ਨੂਰ ਨੁਰਾਨਾ ਚੜ੍ਹਿਆ ਚੰਦਾ, ਚੰਦ ਚਕੋਰ ਨਾ ਮੇਲ ਮਿਲਾਇੰਦਾ। ਸੰਤ ਸਤਿਗੁਰ ਵੇਖਣਹਾਰਾ ਆਪ ਆਪਣਾ ਬੰਦਾ, ਬੰਦੀਖ਼ਾਨਾ ਫੋਲ ਫੁਲਾਇੰਦਾ। ਸੁਣਾਵਣਹਾਰਾ ਸਾਚਾ ਛੰਦਾ, ਸੋਹੰ ਏਕਾ ਗਾਇੰਦਾ। ਹਰਿਜਨ ਤੋੜਿਆ ਆਪੇ ਜੰਦਾ, ਨਾਮ ਹੁਲਾਰਾ ਇਕ ਵਖਾਇੰਦਾ। ਦੂਈ ਦਵੈਤੀ ਢਾਈ ਕੰਧਾ, ਦਰ ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਮੁਖ ਰਖਾਇੰਦਾ। ਸ਼ਬਦ ਗੁਰ ਸਰਬ ਗੁਣਵੰਤ, ਆਦਿ ਜੁਗਾਦਿ ਰਖਾਇਆ। ਹਰਿ ਸ਼ਬਦ ਲੇਖਾ ਜਾਣੇ ਜੀਵ ਜੰਤ, ਭੁੱਲ ਰਹੇ ਨਾ ਰਾਇਆ। ਭਗਤਨ ਮਹਿਮਾ ਗਾਏ ਅਗਣਤ, ਜਗਤ ਲੇਖਾ ਲੇਖ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਾਣੀ ਬਾਣੀ ਰਚਨ ਰਚਾਇਆ। ਹਰਿ ਮਹਿਮਾ ਜਗਤ ਬਾਣੀਆਂ, ਚਾਰ ਵੇਦ ਕਰਨ ਪੁਕਾਰ। ਪੁਰਾਨ ਅਠਾਰਾਂ ਅਕਥ ਕਹਾਣੀਆਂ, ਏਕਾ ਗਾਇਣ ਹਰਿ ਨਿਰੰਕਾਰ। ਸ਼ਾਸਤਰ ਸਿਮਰਤ ਬਣ ਬਣ ਰਾਣੀਆਂ, ਮੰਗਣ ਮੰਗ ਬਣ ਭਿਖਾਰ। ਗੀਤਾ ਗਿਆਨ ਇਕ ਵਖਾਣੀਆਂ, ਰਸਨਾ ਬੋਲ ਕ੍ਰਿਸ਼ਨ ਮੁਰਾਰ। ਅੰਜੀਲ ਕੁਰਾਨਾਂ ਮੇਲ ਮਿਲਾਵਾ ਸਾਚੇ ਹਾਣੀਆਂ, ਕਲਮਾ ਰਸੂਲ ਧੁਰ ਫ਼ਰਮਾਣ। ਨਾਨਕ ਗਾਇਆ ਪਦ ਨਿਰਬਾਣੀਆਂ, ਮੇਲ ਮਿਲਾਵਾ ਕੰਤ ਕੰਤੂਹਲ। ਅਰਜਨ ਅੱਖਰ ਇਕ ਪਛਾਨਿਆਂ, ਤ੍ਰੈ ਲੋਕ ਬਰਸਣਹਾਰਾ ਫੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਖਾਏ ਇਕ ਅਨਭੁੱਲ। ਹਰਿ ਸ਼ਬਦ ਕਦੇ ਨਾ ਭੁੱਲਿਆ, ਜੁਗ ਜੁਗ ਖੇਲ ਖੇਲ ਅਪਾਰ। ਹਰਿ ਸ਼ਬਦ ਕਦੇ ਨਾ ਰੁਲਿਆ, ਰੁਲਣਹਾਰ ਸਰਬ ਸੰਸਾਰ। ਹਰਿ ਸ਼ਬਦ ਕਦੇ ਨਾ ਤੁਲਿਆ, ਨਾ ਕੋਈ ਤੋਲੇ ਅਗੰਮ ਅਪਾਰ। ਹਰਿ ਸ਼ਬਦ ਭੰਡਾਰਾ ਜੁਗ ਜੁਗ ਏਕਾ ਖੁਲ੍ਹਿਆ, ਵਰਤਾਵਣਹਾਰ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ। ਸ਼ਬਦ ਭੰਡਾਰਾ ਖੋਲ੍ਹਿਆ, ਹਰਿ ਸਾਜਣ ਸਤਿਗੁਰ ਮੀਤ। ਸੋਹੰ ਅੱਖਰ ਏਕਾ ਬੋਲਿਆ, ਸਤਿਜੁਗ ਤੇਰੀ ਸਾਚੀ ਰੀਤ। ਜਿਸ ਜਨ ਗਾਇਆ ਸਾਚਾ ਢੋਲਿਆ, ਲੇਖਾ ਚੁੱਕਿਆ ਮੰਦਰ ਮਸੀਤ। ਸਤਿਗੁਰ ਵਸਿਆ ਸਦਾ ਕੋਲਿਆ, ਅੱਠੇ ਪਹਿਰ ਪਰਖੇ ਨੀਤ। ਹੌਲੀ ਹੌਲੀ ਅੰਦਰ ਮੰਦਰ ਬਹਿ ਬਹਿ ਬੋਲਿਆ, ਕਾਇਆ ਕਰੇ ਠੰਡੀ ਸੀਤ। ਭਾਗ ਲਗਾਏ ਸਾਚੇ ਚੋਲਿਆ, ਮਾਨਸ ਜਨਮ ਹਰਿਜਨ ਸਾਚਾ ਜਾਏ ਜੀਤ। ਹਰਿ ਹਿਰਦੇ ਅੰਦਰ ਮੌਲਿਆ, ਏਕਾ ਰੰਗ ਰੰਗਾਏ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮਨਮੁਖਾਂ ਸੁੱਤਾ ਦੇ ਕਰ ਪੀਠ। ਮਨਮੁਖ ਜੀਵ ਅਞਾਣਿਆਂ, ਨੇਤਰ ਨੈਣ ਉਘਾੜ। ਖੇਲੇ ਖੇਲ ਸ੍ਰੀ ਭਗਵਾਨਿਆਂ, ਸ਼ਬਦ ਸਰੂਪੀ ਸਾਚੀ ਧਾਰ। ਜਨ ਭਗਤਾਂ ਕਰੇ ਮਾਤ ਪਛਾਣਿਆਂ, ਇਕ ਆਪਣਾ ਦਰਸ ਵਿਖਾਲ। ਦੇਵਣਹਾਰਾ ਧੁਰ ਫ਼ਰਮਾਣਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਰਾਹ ਸੁਖਾਲ। ਸਾਚਾ ਮਾਰਗ ਹਰਿ ਹਰਿ ਦੱਸਣਾ, ਹਰਿ ਹਿਰਦੇ ਅੰਦਰ ਵਸ। ਹਰਿਜਨ ਮੇਟੇ ਰੈਣ ਅੰਧੇਰੀ ਮਸਨਾ, ਤੀਰ ਨਿਰਾਲਾ ਮਾਰੇ ਕਸ। ਮਨਮੁਖ ਦਰ ਤੋਂ ਉਠ ਉਠ ਨੱਸਨਾ, ਕਿਸੇ ਨਾ ਚਲੇ ਕੋਈ ਵਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਰਸ।