Granth 09 Likhat 059: 8 Chet 2017 Bikarmi Mela Singh de Ghar Pind Babu Pura Jila Gurdaspur

੮ ਚੇਤ ੨੦੧੭ ਬਿਕਰਮੀ ਮੇਲਾ ਸਿੰਘ ਦੇ ਘਰ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਸਤਿਗੁਰ ਪੂਰਾ ਹਰਿ ਭਗਵੰਤ, ਹਰੀ ਹਰਿ ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣਾ ਵੇਸ ਵਟਾਇਆ। ਆਪ ਬਣਾਏ ਆਪਣੀ ਬਣਤ, ਨਿਰਗੁਣ ਸਰਗੁਣ ਜੋੜ ਜੁੜਾਇਆ। ਸ਼ਬਦ ਜਣਾਈ ਮਹਿਮਾ ਅਗਣਤ, ਨਾਦ ਅਨਾਦੀ ਨਾਦ ਵਜਾਇਆ। ਸਚਖੰਡ ਨਿਵਾਸੀ ਸਾਚਾ ਕੰਤ, ਹਰਿ ਸੱਜਣ ਨਾਉਂ ਧਰਾਇਆ। ਸਾਚਾ ਚਾੜ੍ਹੇ ਰੰਗ ਬਸੰਤ, ਨਾਮ ਨਿਧਾਨਾ ਉਤਰ ਨਾ ਜਾਇਆ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਵੇਸ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਕਲ ਕਲਧਾਰੀ ਖੇਲ ਖਿਲਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਰੰਗ ਸਮਾਇੰਦਾ। ਸਤਿਗੁਰ ਪੂਰਾ ਵਾਲੀ ਦੋ ਜਹਾਨ, ਇਕ ਇਕੱਲਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਗੁਣ ਨਿਧਾਨ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਸਤਿਗੁਰ ਪੂਰਾ ਸਾਚਾ ਕਾਹਨ, ਸਮਰਥ ਪੁਰਖ ਆਪ ਆਪਣਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਵਡ ਮਿਹਰਵਾਨ, ਦੀਨ ਦਿਆਲ ਦਇਆ ਕਮਾਇੰਦਾ। ਸਤਿਗੁਰ ਪੂਰਾ ਸਚ ਨਿਸ਼ਾਨ, ਨਾਮ ਨਿਸ਼ਾਨਾ ਆਪ ਝੁਲਾਇੰਦਾ। ਸਤਿਗੁਰ ਪੂਰਾ ਧੁਰ ਫ਼ਰਮਾਣ, ਆਦਿ ਜੁਗਾਦੀ ਆਪ ਸੁਣਾਇੰਦਾ। ਸਤਿਗੁਰ ਪੂਰਾ ਦੇਵੇ ਮਾਣ, ਮਾਣ ਨਿਮਾਣਿਆਂ ਆਪ ਹੋ ਆਇੰਦਾ। ਸਤਿਗੁਰ ਪੂਰਾ ਪਾਏ ਆਣ, ਹੁਕਮ ਹੁਕਮ ਆਪ ਸੁਣਾਇੰਦਾ। ਸਤਿਗੁਰ ਪੂਰਾ ਜਾਣੀ ਜਾਣ, ਹਰ ਘਟ ਅੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਸ਼ਬਦ ਵਡਿਆਇੰਦਾ। ਸਤਿਗੁਰ ਸਾਚਾ ਸੂਰ, ਸੂਰਬੀਰ ਆਪ ਅਖਵਾਇੰਦਾ। ਸਤਿਗੁਰ ਪੂਰਾ ਏਕਾ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਸਤਿਗੁਰ ਪੂਰਾ ਏਕਾ ਤੂਰ, ਨਾਦ ਅਨਾਦੀ ਆਪ ਵਜਾਇੰਦਾ। ਸਤਿਗੁਰ ਪੂਰਾ ਹਾਜ਼ਰ ਹਜ਼ੂਰ, ਜੁਗ ਜੁਗ ਆਪਣੀ ਜੋਤ ਜਗਾਇੰਦਾ। ਸਤਿਗੁਰ ਪੂਰਾ ਸਰਬ ਕਲਾ ਭਰਪੂਰ, ਸਮਰਥ ਪੁਰਖ ਆਪ ਅਖਵਾਇੰਦਾ। ਸਤਿਗੁਰ ਪੂਰਾ ਆਪੇ ਨੇੜੇ ਆਪੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਸਤਿਗੁਰ ਪੂਰਾ ਨਾਤਾ ਤੋੜੇ ਕੂੜੋ ਕੂੜ, ਸਾਚਾ ਜੋੜਾ ਜੋੜ ਜੁੜਾਇੰਦਾ। ਸਤਿਗੁਰ ਪੂਰਾ ਮਸਤਕ ਲਾਏ ਸਾਚੀ ਧੂੜ, ਦੁਰਮਤ ਮੈਲ ਆਪ ਗਵਾਇੰਦਾ। ਸਤਿਗੁਰ ਪੂਰਾ ਚਤੁਰ ਸੁਘੜ ਬਣਾਏ ਮੂਰਖ ਮੂੜ, ਜਿਸ ਸਿਰ ਆਪਣਾ ਹੱਥ ਰਖਾਇੰਦਾ। ਸਤਿਗੁਰ ਪੂਰਾ ਏਕਾ ਬਖ਼ਸ਼ੇ ਜੋਤੀ ਨੂਰ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਏਕਾ ਏਕੰਕਾਰਿਆ। ਸਤਿਗੁਰ ਪੂਰਾ ਨੌਜਵਾਨ, ਬਾਲ ਬਿਰਧ ਨਾ ਰੂਪ ਵਟਾ ਰਿਹਾ। ਸਤਿਗੁਰ ਪੂਰਾ ਸ੍ਰੀ ਭਗਵਾਨ, ਸ਼ਬਦ ਭਗੌਤੀ ਹੱਥ ਉਠਾ ਰਿਹਾ। ਸਤਿਗੁਰ ਪੂਰਾ ਸਤਿ ਨਾਮ, ਨਿਸ਼ਾਨਾ ਏਕਾ ਏਕ ਝੁਲਾ ਰਿਹਾ। ਸਤਿਗੁਰ ਪੂਰਾ ਸਚ ਗਿਆਨ, ਆਤਮ ਅੰਤਰ ਇਕ ਧਿਆ ਰਿਹਾ। ਸਤਿਗੁਰ ਪੂਰਾ ਸਤਿ ਬਿਬਾਨ, ਸਤਿ ਸਤਿਵਾਦੀ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦੀ ਬਣ ਮਲਾਹ, ਸਾਚਾ ਬੇੜਾ ਆਪ ਚਲਾ ਰਿਹਾ। ਸਤਿਗੁਰ ਪੂਰਾ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਸਤਿਗੁਰ ਪੂਰਾ ਆਦਿ ਜੁਗਾਦੀ ਕਹੇ ਧੰਨ ਧੰਨ ਧੰਨ, ਨਾਮਾ ਹੱਟ ਵਿਕਾਇੰਦਾ। ਸਤਿਗੁਰ ਪੂਰਾ ਏਕਾ ਰਾਗ ਸੁਣਾਏ ਕੰਨ, ਛੱਤੀ ਰਾਗ ਦਿਸ ਨਾ ਆਇੰਦਾ। ਸਤਿਗੁਰ ਪੂਰਾ ਭਾਗ ਲਗਾਏ ਕਾਇਆ ਤਨ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਅਖਵਾਇੰਦਾ। ਕਰੇ ਕਰਾਏ ਸਦਾ ਪ੍ਰਿਤਪਾਲ, ਆਪ ਆਪਣੇ ਰੰਗ ਰੰਗਾਇੰਦਾ। ਸਤਿਗੁਰ ਪੂਰਾ ਦੇਵਣਹਾਰ ਸੱਚਾ ਧਨ ਮਾਲ, ਨਾਮ ਖ਼ਜ਼ਾਨਾ ਹੱਟ ਵਿਕਾਇੰਦਾ। ਸਤਿਗੁਰ ਪੂਰਾ ਤੋੜਣਹਾਰ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਸਤਿਗੁਰ ਪੂਰਾ ਸਤਿ ਸਰੂਪੀ ਬਣ ਦਲਾਲ, ਸਾਚਾ ਮੇਲਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਆਪ ਵਜਾਏ ਆਪਣਾ ਤਾਲ, ਤਾਰ ਸਤਾਰ ਆਪ ਹਿਲਾਇੰਦਾ। ਸਤਿਗੁਰ ਪੂਰਾ ਫਲ ਲਗਾਏ ਕਾਇਆ ਡਾਲ੍ਹ, ਫੁੱਲ ਫੁਲਵਾੜੀ ਵੇਖ ਵਖਾਇੰਦਾ। ਸਤਿਗੁਰ ਪੂਰਾ ਆਪੇ ਚਲੇ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਪਾਇੰਦਾ। ਆਪ ਆਪਣੀ ਘਾਲੇ ਘਾਲ, ਘੋਲੀ ਘੋਲ ਆਪ ਘੁਮਾਇੰਦਾ। ਸਤਿਗੁਰ ਪੂਰਾ ਚਲੇ ਨਾਲ ਨਾਲ, ਹਰਿਜਨ ਸਾਚੇ ਆਪ ਚਲਾਇੰਦਾ। ਸਤਿਗੁਰ ਪੂਰਾ ਦੀਪਕ ਜੋਤੀ ਦੇਵੇ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਸਤਿਗੁਰ ਪੂਰਾ ਅਨਹਦ ਵਜਾਏ ਸਾਚਾ ਤਾਲ, ਅਨਹਦ ਅਨਾਹਤ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਤਿਗੁਰ ਪੂਰਾ ਆਪ ਅਖਵਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰ, ਭੇਵ ਕਿਸੇ ਨਾ ਪਾਇਆ। ਸਤਿਗੁਰ ਪੂਰਾ ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ, ਹਰਿਜਨ ਸਾਚੇ ਮੁਖ ਚੁਆਇਆ। ਸਤਿਗੁਰ ਪੂਰਾ ਸ਼ਬਦ ਨਿਰਾਲਾ ਮਾਰੇ ਤੀਰ, ਆਰ ਪਾਰ ਆਪ ਕਰਾਇਆ। ਸਤਿਗੁਰ ਪੂਰਾ ਹਉਮੇ ਹੰਗਤਾ ਦੂਈ ਦਵੈਤੀ ਕੱਢੇ ਪੀੜ, ਮਾਇਆ ਮਮਤਾ ਮੋਹ ਚੁਕਾਇਆ। ਸਤਿਗੁਰ ਪੂਰਾ ਚੋਟੀ ਚਾੜ੍ਹੇ ਇਕ ਅਖੀਰ, ਦਰ ਮੰਦਰ ਆਪ ਖੁਲ੍ਹਾਇਆ। ਸਤਿਗੁਰ ਪੂਰਾ ਵਡ ਪੀਰਨ ਪੀਰ, ਗੁਰ ਪੀਰ ਅਵਤਾਰ ਆਪਣੀ ਸੇਵਾ ਲਾਇਆ। ਸਤਿਗੁਰ ਪੂਰਾ ਆਦਿ ਜੁਗਾਦੀ ਲੱਖ ਚੁਰਾਸੀ ਕੱਟਣਹਾਰਾ ਪੀੜ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਬੰਕ ਸੁਹਾਇਆ। ਸਤਿਗੁਰ ਪੂਰਾ ਸਰਬ ਗੁਣ ਸਾਗਰ, ਹਰਿ ਸਤਿਗੁਰ ਨਾਉਂ ਧਰਾਇੰਦਾ। ਜੁਗ ਜੁਗ ਜਨ ਭਗਤਾਂ ਕਰੇ ਕਰਮ ਉਜਾਗਰ, ਦੁਰਮਤ ਮੈਲ ਧੁਆਇੰਦਾ। ਆਪੇ ਬਣੇ ਸਚ ਸੁਦਾਗਰ, ਹਰਿਜਨ ਸਾਚੇ ਆਪਣਾ ਵਣਜ ਵਖਾਇੰਦਾ। ਏਕਾ ਨਾਮ ਰੱਤੀ ਰਤਨਾਗਰ, ਚੌਦਾਂ ਲੋਕਾਂ ਏਕਾ ਹੱਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਏਕੰਕਾਰ, ਅਕਲ ਕਲ ਵਰਤਾਈਆ। ਸਤਿਗੁਰ ਪੂਰਾ ਕਰ ਪਸਾਰ, ਆਦਿ ਜੁਗਾਦਿ ਵੇਖ ਵਖਾਈਆ। ਦੇਵੇ ਜੋਤ ਰਵ ਸਸ ਸੂਰਜ ਚੰਨ ਸਤਾਰ, ਨੂਰ ਨੂਰ ਵਿਚ ਰਖਾਈਆ। ਸਤਿਗੁਰ ਪੂਰਾ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ, ਡੂੰਘੇ ਸਾਗਰ ਹਉਂ ਤਰਾਈਆ। ਸਤਿਗੁਰ ਪੂਰਾ ਮੱਛ ਕੱਛ ਦੇਵੇ ਤਾਰ, ਲੱਖ ਲੱਖ ਆਪਣਾ ਗੇੜ ਭਵਾਈਆ। ਸਤਿਗੁਰ ਪੂਰਾ ਸਾਚਾ ਮਾਰਗ ਦੇਵੇ ਦੱਸ, ਜੁਗ ਦਾਤਾ ਬੇਪਰਵਾਹੀਆ। ਸਤਿਗੁਰ ਪੂਰਾ ਦੋ ਜਹਾਨਾ ਪੰਧ ਮੁਕਾਏ ਨੱਸ, ਆਪਣਾ ਡੇਰਾ ਸੂਰਾ ਸਰਬੰਗ ਆਪ ਉਠਾਈਆ। ਸਤਿਗੁਰ ਪੂਰਾ ਹਿਰਦੇ ਅੰਦਰ ਜਾਏ ਵਸ, ਹਰਿਜਨ ਸਾਚੇ ਆਪ ਜਗਾਈਆ। ਸਤਿਗੁਰ ਪੂਰਾ ਰੈਣ ਅੰਧੇਰੀ ਮੇਟੇ ਮਸ, ਅੰਧ ਅੰਧੇਰ ਗਵਾਈਆ। ਸਤਿਗੁਰ ਪੂਰਾ ਜਗਤ ਵਿਕਾਰਾ ਦੇਵੇ ਝੱਸ, ਗੁਰਸਿਖ ਤੇਰੇ ਚਰਨ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਂਆ। ਸਤਿਗੁਰ ਸਾਜਣ ਮੀਤ, ਏਕਾ ਰੂਪ ਦਰਸਾਇਆ। ਇਕ ਸੁਣਾਏ ਸੁਹਾਗੀ ਗੀਤ, ਲਿਖਣ ਪੜ੍ਹਣ ਵਿਚ ਨਾ ਆਇਆ। ਬ੍ਰਹਮੇ ਚਾਰੇ ਵੇਦ ਏਕਾ ਅੱਖਰ ਲਿਆ ਜੀਤ, ਹਰਿ ਕਾ ਰੂਪ ਹਰਿ ਹਰਿ ਹੀ ਵਿਚ ਟਿਕਾਇਆ। ਬਿਨ ਹਰਿ ਭਗਤ ਕੋਇ ਨਾ ਕਰੇ ਕਾਇਆ ਠੰਡੀ ਸੀਤ, ਸਤਿਗੁਰ ਪੂਰਾ ਅੰਮ੍ਰਿਤ ਮੇਘ ਆਪਣਾ ਆਪ ਬਰਸਾਇਆ। ਆਦਿ ਜੁਗਾਦੀ ਪਤਿਤ ਪੁਨੀਤ, ਪਤਿਤ ਪਾਪੀ ਲਏ ਤਰਾਇਆ। ਮੇਟ ਮਿਟਾਏ ਤੇਰੀ ਰੀਤ, ਸਤਿਜੁਗ ਸਾਚਾ ਮਾਰਗ ਲਾਇਆ। ਨਾ ਕੋਈ ਦੇਹੁਰਾ ਨਾ ਮੰਦਰ ਮਸੀਤ, ਸ਼ਿਵਦੁਆਲਾ ਮੱਠ ਨਾ ਕੋਈ ਸੁਹਾਇਆ । ਨਾ ਕੋਈ ਹਸਤ ਨਾ ਕੋਈ ਕੀਟ, ਨਾ ਕੋਈ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਅਖਵਾਇਆ। ਅਬਿਨਾਸ਼ੀ ਕਰਤਾ ਕਰੇ ਖੇਲ ਇਕ ਅਨਡੀਠ, ਖਾਣੀ ਬਾਣੀ ਰਹੀ ਕੁਰਲਾਇਆ। ਸਿਰ ਤੇ ਸੋਹੇ ਪੰਚਮ ਪੀਤ, ਸਤਿ ਪੁਰਖ ਨਿਰੰਜਣ ਆਪਣੀ ਛਹਿਬਰ ਆਪੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਰਬ ਸੁੱਖਦਾਇਆ। ਸਤਿਗੁਰ ਨਾਉਂ, ਗੁਰ ਗੁਰ ਪੂਰਾ ਵੱਡੀ ਵਡਿਆਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਸਾਚੀ ਸਰਨ ਸਰਨ ਇਕ ਸਰਨਾਈਆ। ਹਰਿਜਨ ਉਠਾਏ ਫੜ ਫੜ ਬਾਹੋਂ, ਆਪ ਆਪਣੀ ਸੇਵ ਕਮਾਈਆ। ਵਸਣਹਾਰਾ ਕਾਇਆ ਨਗਰ ਗਰਾਉਂ, ਸਾਚਾ ਖੇੜਾ ਆਪ ਵਸਾਈਆ। ਸਦਾ ਸੁਹੇਲਾ ਇਕ ਇਕੇਲਾ ਰੱਖੇ ਠੰਡੀ ਛਾਉਂ, ਸਮਰਥ ਆਪਣਾ ਹੱਥ ਟਿਕਾਈਆ। ਆਪੇ ਪਿਤਾ ਆਪੇ ਮਾਉਂ, ਬਾਲ ਅਞਾਣੇ ਸਾਚਾ ਸੀਰ ਬੱਤੀ ਧਾਰ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਵਡ ਬਲਵਾਨ, ਖੇਲੇ ਖੇਲ ਦੋ ਜਹਾਨ, ਲੇਖਾ ਜਾਣੇ ਜ਼ਿਮੀ ਅਸਮਾਨ, ਰਵ ਸਸ ਹੋਏ ਹੈਰਾਨ, ਭੇਵ ਕੋਇ ਨਾ ਪਾਈਆ। ਸਤਿਗੁਰ ਪੂਰਾ ਧੁਰ ਫ਼ਰਮਾਣਾ, ਬ੍ਰਹਮੇ ਵਿਸ਼ਨ ਆਪ ਜਣਾਇੰਦਾ। ਸਤਿਗੁਰ ਪੂਰਾ ਇਕ ਤਰਾਨਾ, ਕਰੋੜ ਤੇਤੀਸਾ ਝੋਲੀ ਪਾਇੰਦਾ। ਸਤਿਗੁਰ ਪੂਰਾ ਇਕ ਗਿਆਨਾ, ਸੁਰਪਤ ਰਾਜਾ ਇੰਦ ਆਪ ਸੁਣਾਇੰਦਾ। ਸਤਿਗੁਰ ਪੂਰਾ ਇਕ ਬਿਬਾਨਾ, ਗਣ ਗੰਧਰਬ ਆਪ ਉਡਾਇੰਦਾ। ਸਤਿਗੁਰ ਪੂਰਾ ਖੇਲ ਮਹਾਨਾ, ਕਾਗਦ ਕਲਮ ਨਾ ਕੋਈ ਲਿਖਾਇੰਦਾ। ਸਤਿਗੁਰ ਪੂਰਾ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵੇਸ ਵਟਾਇਆ ਹਰਿ ਨਿਰੰਕਾਰ, ਏਕਾ ਰੰਗ ਸਮਾਇਆ। ਮਰੇ ਨਾ ਜੰਮੇ ਵਿਚ ਸੰਸਾਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਆਪਣਾ ਖੇਲ ਖਿਲਾਇਆ। ਆਵੇ ਜਾਵੇ ਵਾਰੋ ਵਾਰ, ਲੋਕਮਾਤ ਲਏ ਅਵਤਾਰ, ਧਰ ਧਰਨੀ ਵੇਖ ਵਖਾਇਆ। ਰਵ ਸਸ ਕਰਨ ਪੁਕਾਰ, ਨੇਤਰ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਈ ਧਰਾਇਆ। ਬ੍ਰਹਮਾ ਵੇਤਾ ਗਿਆ ਹਾਰ, ਲੇਖਾ ਲਿਖਿਆ ਜੁਗ ਚਾਰ, ਜੁਗ ਕਰਤਾ ਭੇਵ ਨਾ ਰਾਇਆ। ਸ਼ੰਕਰ ਕਰੇ ਗਿਰਆਜ਼ਾਰ, ਬਾਸ਼ਕ ਤਸ਼ਕਾ ਲਏ ਉਭਾਰ, ਸਹੰਸਰ ਮੁਖ ਸਾਚੀ ਸੇਜਾ ਵਿਸ਼ਨੂੰ ਆਸਣ ਲਾਇਆ। ਏਕੰਕਾਰਾ ਖੇਲ ਅਪਾਰਾ ਨਿਰਾਕਾਰ, ਬੰਨ੍ਹੇ ਧਾਰ ਵਿਚ ਸੰਸਾਰ, ਨਿਹਕਲੰਕਾ ਜਾਮਾ ਪਾਇਆ। ਸ਼ਬਦ ਡੰਕਾ ਰਾਓ ਰੰਕਾ ਵਾਸੀ ਪੁਰੀ ਘਨਕਾ, ਆਪਣਾ ਆਪ ਸੁਣਾਇਆ। ਹਰਿਜਨ ਉਠਾਏ ਜਿਉਂ ਜਨ ਜਨਕਾ, ਆਪ ਫਰਾਏ ਮਨ ਕਾ ਮਣਕਾ, ਪੂਜਾ ਪਾਠ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵਸਿਆ ਸਾਚੇ ਘਰ, ਕਾਇਆ ਮੰਦਰ ਬੰਕ ਸੁਹਾਇਆ। ਕਾਇਆ ਮੰਦਰ ਗੁਰੂਦੁਆਰ, ਹਰਿ ਸਤਿਗੁਰ ਆਪ ਸੁਹਾਇੰਦਾ। ਜਨ ਭਗਤਾਂ ਕਰੇ ਸਚ ਪਿਆਰ, ਘਰ ਸਾਚੇ ਮੇਲ ਮਿਲਾਇੰਦਾ। ਸੰਤਨ ਦੇਵੇ ਅੰਮ੍ਰਿਤ ਧਾਰ, ਨਿਝ ਰਸ ਮੁਖ ਚੁਆਇੰਦਾ। ਗੁਰਮੁਖ ਸਾਚੇ ਲਏ ਉਭਾਰ, ਕਾਇਆ ਕਵਰੀ ਫੋਲ ਫੁਲਾਇੰਦਾ। ਗੁਰਸਿਖ ਸਾਜਣ ਜਾਏ ਤਾਰ, ਤ੍ਰੈਗੁਣ ਮਾਇਆ ਫੰਦ ਕਟਾਇੰਦਾ। ਦਰਸ ਦਖਾਏ ਅਗੰਮ ਅਪਾਰ, ਪੂਰਬ ਲਹਿਣਾ ਮੂਲ ਚੁਕਾਇੰਦਾ। ਲੱਖ ਚੁਰਾਸੀ ਕਰ ਖਵਾਰ, ਬੰਦ ਖ਼ਲਾਸੀ ਆਪ ਕਰਾਇੰਦਾ। ਰਸਨ ਸਵਾਸੀ ਪਾਵੇ ਸਾਰ, ਮਦਿਰਾ ਮਾਸੀ ਦਰ ਦੁਰਕਾਇੰਦਾ। ਪੰਡਤ ਕਾਂਸ਼ੀ ਗਏ ਹਾਰ, ਹਰਿ ਕਾ ਰੂਪ ਦਿਸ ਨਾ ਆਇੰਦਾ। ਜੋਤ ਪਰਕਾਸ਼ ਇਕ ਨਿਰੰਕਾਰ, ਗੁਰਮੁਖ ਸਾਚੇ ਜੋਤ ਜਗਾਇੰਦਾ। ਘਨਕਪੁਰ ਵਾਸੀ ਹੋ ਤਿਆਰ, ਘਰ ਚੌਥੇ ਦਰ ਖੁਲ੍ਹਾਇੰਦਾ। ਸ਼ਾਹੋ ਸ਼ਾਬਾਸ਼ੀ ਮੀਤ ਮੁਰਾਰ, ਪੰਚਮ ਮੇਲਾ ਜੋੜ ਜੁੜਾਇੰਦਾ। ਪੂਰੀ ਕਰੇ ਕਰਾਏ ਆਸ, ਜਗਤ ਨਿਰਾਸ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਅੰਦਰ ਵੜ, ਹਰਿਜਨ ਸਾਚੇ ਆਪ ਉਠਾਇੰਦਾ। ਕਾਇਆ ਮੰਦਰ ਸਤਿਗੁਰ ਵੜਿਆ, ਦਿਸ ਕਿਸੇ ਨਾ ਆਇਆ। ਆਪਣੇ ਪੌੜੇ ਆਪੇ ਚੜ੍ਹਿਆ, ਸਾਚਾ ਡੰਡਾ ਹੱਥ ਰਖਾਇਆ। ਪਹਿਲੋਂ ਤੋੜੇ ਹੰਕਾਰੀ ਗੜਿਆ, ਦੂਜਾ ਤੋੜ ਤੁੜਾਈਆ। ਸੁਖਮਨ ਨਾੜੀ ਆਪੇ ਖੜਿਆ, ਟੇਢੀ ਬੰਕ ਪਾਰ ਕਰਾਇਆ। ਸਮੁੰਦ ਸਾਗਰ ਆਪਣਾ ਤਾਲ ਆਪੇ ਵੜਿਆ, ਸ਼ਬਦ ਢੋਲਾ ਆਪੇ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਵਸੇ ਏਕਾ ਘਰ, ਘਰ ਮੰਦਰ ਆਪ ਵਡਿਆਇਆ। ਘਰ ਮੰਦਰ ਹਰਿ ਸੁਹਾਇਆ, ਪੰਜ ਤਤ ਆਕਾਰ। ਸਤਿਗੁਰ ਪੂਰੇ ਡੇਰਾ ਲਾਇਆ, ਨਿਰਗੁਣ ਜੋਤ ਕਰ ਉਜਿਆਰ। ਆਪਣਾ ਢੋਲਾ ਆਪੇ ਗਾਇਆ, ਅਨਹਦ ਵਜਾਏ ਤਾਰ ਸਤਾਰ। ਹੰ ਸੋਇਆ ਆਪ ਉਠਾਇਆ, ਬ੍ਰਹਮ ਕਰਿਆ ਘਰ ਉਜਿਆਰ। ਬਾਰਾਂ ਸਸ ਰਹੇ ਸ਼ਰਮਾਇਆ, ਅਭਿਆਸ ਗਏ ਹਾਰ। ਹਰਿ ਕੀ ਕਿਰਨ ਭੇਵ ਨਾ ਰਾਇਆ, ਗੁਰਮੁਖ ਅੰਦਰ ਕਰੇ ਉਜਿਆਰ। ਕੋਟਨ ਕੋਟ ਰਵ ਸਸ ਕਰਨ ਨਿਮਸਕਾਰ, ਜਿਸ ਘਰ ਅੰਦਰ ਸਤਿਗੁਰ ਪੂਰੇ ਚਰਨ ਟਿਕਾਇਆ। ਬਜ਼ਰ ਕਪਾਟੀ ਲਾਏ  ਪਾੜ, ਬੰਦ ਕਿਵਾੜਾ ਆਪ ਖੁਲ੍ਹਾਇਆ। ਸਰ ਸਰੋਵਰ ਚਰਨ ਦੁਆਰੇ ਗੁਰਸਿਖ ਆਏ ਠੰਡਾ ਠਾਰ, ਚਰਨ ਚਰਨੋਦਕ ਮੁਖ ਲਗਾਇਆ । ਆਤਮ ਸੇਜਾ ਆਪ ਸੁਹਾਏ ਮੀਤ ਮੁਰਾਰ, ਸਤਿਗੁਰ ਪੂਰਾ ਸੇਵ ਕਮਾਇਆ। ਗੁਰਸਿਖ ਸਵਾਲੀ ਕਰ ਸ਼ਿੰਗਾਰ, ਸੋਲਾਂ ਇਛਿਆ ਭਿਛਿਆ ਝੋਲੀ ਪਾਇਆ। ਤਨ ਬਸਤਰ ਪਹਿਨਾਏ ਇਕ ਨਿਰੰਕਾਰ, ਨਾਮ ਗੀਤਾ ਇਕ ਵਖਾਇਆ। ਸਾਚਾ ਕੰਗਨ ਕਰ ਪਿਆਰ, ਕੰਤ ਕੰਤੂਹਲ ਹੱਥ ਉਠਾਇਆ। ਨਾਮ ਰੰਗਣ ਮਹਿੰਦੀ ਵਿਚ ਸੰਸਾਰ, ਹਰਿਜਨ ਸਾਚੇ ਹੱਥ ਰੰਗਾਇਆ। ਮੌਲੀ ਤੰਦਨ ਗਿਰਵਰ ਗਿਰਧਾਰ, ਦੋ ਜਹਾਨਾਂ ਬੰਧਨ ਪਾਇਆ। ਤ੍ਰੈਗੁਣ ਮਾਇਆ ਭਰਨ ਭੰਡਾਰ, ਗੁਰਮੁਖ ਸਾਚੀ ਘੋੜੀ ਆਪ ਚੜ੍ਹਾਇਆ। ਜੋਤ ਨਿਰੰਜਣ ਗੁੰਦੇ ਵਾਗ ਆਪਣੀ ਵਾਰ, ਆਪ ਆਪਣਾ ਵੱਟ ਚੜ੍ਹਾਇਆ। ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਇਕ ਅਲਾਇਆ। ਘਰ ਵਰ ਪਾਇਆ ਪੁਰਖ ਕਰਤਾਰ, ਨਾ ਮਰੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਪੂਰਾ ਇਕ ਅਖਵਾਇਆ। ਸਤਿਗੁਰ ਪੂਰਾ ਹਰਿ ਹਰਿ ਆਇਆ, ਦੂਸਰ ਅਵਰ ਨਾ ਕੋਇ ਜਣਾਇੰਦਾ। ਸਭ ਦਾ ਪਰਦਾ ਦੇਵੇ ਲਾਹਿਆ, ਮਾਇਆ ਪਰਦਾ ਨਾ ਕੋਇ ਰਖਾਇੰਦਾ। ਚੌਥਾ ਬੁਰਜ ਦੇਵੇ ਢਾਇਆ, ਗੜ੍ਹ ਹੰਕਾਰ ਨਾ ਕੋਈ ਬਣਾਇੰਦਾ। ਮਾਇਆ ਮਮਤਾ ਕਰੀ ਸਫਾਇਆ, ਸਿਫ਼ਤ ਸਾਲਾਹੀ ਆਪ ਹੋ ਜਾਇੰਦਾ। ਸ੍ਰਿਸ਼ਟ ਸਬਾਈ ਦਾਈ ਦਾਇਆ, ਹਰਿ ਸਾਚਾ ਰੂਪ ਵਟਾਇੰਦਾ। ਸਾਧਾਂ ਸੰਤਾਂ ਵੇਖੇ ਪੰਜ ਤਤ ਕਾਇਆ, ਕਾਗੀ ਕਾਗ ਆਪ ਉਡਾਇੰਦਾ। ਗੁਰਮੁਖ ਵਿਰਲੇ ਹਰਿ ਹਰਿ ਪਾਇਆ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਘਰ ਘਰ ਮੰਦਰ ਜਗਤ ਬਣਾਇਆ, ਹਰਿ ਕਾ ਮੰਦਰ ਨਾ ਕੋਈ ਵਖਾਇੰਦਾ। ਵਿਦਿਆ ਪੜ੍ਹ ਪੜ੍ਹ ਜਗਤ ਸੁਣਾਇਆ। ਆਤਮ ਵਿਦਿਆ ਨਾ ਕੋਈ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਪਾਰਬ੍ਰਹਮ, ਪਰਮ ਪੁਰਖ ਅਖਵਾਇਆ। ਹਰਿਜਨ ਤੇਰਾ ਜਾਣੇ ਆਪੇ ਕੰਮ, ਤੇਰੀ ਕਰਨੀ ਕਿਰਤ ਕਮਾਇਆ। ਜੁਗ ਜੁਗ ਬੇੜਾ ਰਿਹਾ ਬੰਨ੍ਹ, ਬੰਨ੍ਹਣਹਾਰ ਬੇਪਰਵਾਹਿਆ। ਕਿਸੇ ਨਾ ਵਸਿਆ ਛੱਪਰ ਛੰਨ, ਚਾਰ ਦਿਵਾਰ ਬੰਦ ਨਾ ਕਿਸੇ ਕਰਾਇਆ। ਜਗਤ ਰਾਗ ਨਾ ਸੁਣੇ ਆਪਣੇ ਕੰਨ, ਨਾਦ ਅਨਾਦੀ ਅਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੰਕਾਰਾ ਖੇਲ ਅਪਾਰਾ, ਨਿਰਗੁਣ ਧਾਰ ਆਪ ਚਲਾਇਆ। ਨਿਰਗੁਣ ਧਾਰ ਸੂਰਾ ਸਰਬੰਗ, ਪੁਰਖ ਨਿਰੰਜਣ ਆਪ ਚਲਾਈਆ। ਸਚਖੰਡ ਦੁਆਰ ਸਚ ਪਲੰਘ, ਦੂਸਰ ਗੁਰਮੁਖ ਸੇਜ ਸੁਹਾਈਆ। ਤ੍ਰੈ ਕਾਲ ਦਰਸੀ ਆਪੇ ਰੰਗ, ਤ੍ਰੈ ਤ੍ਰੈ ਨਾਤਾ ਤੋੜ ਤੁੜਾਈਆ। ਕਿਸੇ ਦਰੋਂ ਨਾ ਮੰਗੇ ਮੰਗ, ਦੇਵਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਸੂਰਾ ਸਰਬੰਗ, ਹਰਿਜਨ ਲਗਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਈਆ।