੨੩ ਹਾੜ ੨੦੧੭ ਬਿਕ੍ਰਮੀ ਰੇਛਮ ਸਿੰਘ ਦੇ ਘਰ ਪਿੰਡ ਖਹਿਰਾ ਜ਼ਿਲਾ ਜਲੰਧਰ
ਸਤਿ ਪੁਰਖ ਨਿਰੰਜਣ ਨਿਰਗੁਣ ਧਾਰ, ਆਦਿ ਜੁਗਾਦਿ ਰਖਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰ, ਜੁਗਾ ਜੁਗੰਤ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਅਲੱਖ ਅਗੋਚਰ ਅਗੰਮ ਅਪਾਰ, ਭੇਵ ਅਭੇਦਾ ਭੇਵ ਨਾ ਆਇੰਦਾ। ਏਕੰਕਾਰਾ ਨੂਰ ਉਜਿਆਰ, ਆਦਿ ਨਿਰੰਜਣ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਸਚਖੰਡ ਦਵਾਰ, ਥਿਰ ਘਰ ਸਾਚੇ ਸੋਭਾ ਪਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣੀ ਕਾਰ, ਕਰਨੀ ਕਰਤਾ ਪੁਰਖ ਆਪ ਅਖਵਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਜੂਨੀ ਰਹਿਤ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪ ਆਪਣਾ ਵੇਸ ਵਟਾਇੰਦਾ। ਵੇਸ ਅਵੱਲਾ ਏਕੰਕਾਰਾ, ਆਦਿ ਜੁਗਾਦਿ ਵਟਾਈਆ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਨੂਰ ਡਗਮਗਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰੇ ਵਸਣਹਾਰਾ, ਥਿਰ ਘਰ ਬੈਠਾ ਸੇਜ ਹੰਢਾਈਆ। ਮਹੱਲ ਅਟੱਲ ਉਚ ਮੁਨਾਰਾ, ਹਰਿ ਮੰਦਰ ਆਪ ਸੁਹਾਈਆ। ਸ਼ਾਹੋ ਭੂਪ ਸੱਚਾ ਸਿਕਦਾਰਾ, ਰਾਜ ਰਾਜਾਨਾਂ ਹੁਕਮ ਸੁਣਾਈਆ। ਧੁਰ ਫ਼ਰਮਾਣਾ ਇਕ ਜੈਕਾਰਾ, ਸ਼ਬਦ ਅਨਾਦੀ ਨਾਦ ਵਜਾਈਆ। ਦਰ ਦਰਵੇਸ਼ ਬਣ ਭਿਖਾਰਾ, ਨਰ ਨਰੇਸ਼ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਆਪ ਆਪਣਾ ਖੇਲ ਖਿਲਾਈਆ। ਸਚਖੰਡ ਦਵਾਰਾ ਸਚ ਮਹੱਲਾ, ਸਤਿ ਪੁਰਖ ਨਿਰੰਜਣ ਆਪ ਵਸਾਇੰਦਾ। ਸੋ ਪੁਰਖ ਨਿਰੰਜਣ ਇਕ ਇਕੱਲਾ, ਆਦਿਨ ਅੰਤਾ ਆਸਣ ਲਾਇੰਦਾ। ਹਰਿ ਪੁਰਖ ਨਿਰੰਜਣ ਅਛਲ ਅਛੱਲਾ, ਵਲ ਛਲ ਆਪਣਾ ਆਪ ਵਖਾਇੰਦਾ। ਏਕੰਕਾਰਾ ਆਪਣੇ ਦੀਪਕ ਆਪੇ ਬਲਾ, ਆਦਿ ਨਿਰੰਜਣ ਡਗਮਗਾਇੰਦਾ। ਸ੍ਰੀ ਭਗਵਾਨ ਆਪਣੀ ਜੋਤੀ ਆਪੇ ਰੱਲਾ, ਦੂਸਰ ਸੰਗ ਨਾ ਕੋਇ ਵਖਾਇੰਦਾ। ਅਬਿਨਾਸ਼ੀ ਕਰਤਾ ਕਰੇ ਖੇਲ ਜਲਾਂ ਥਲਾਂ, ਜਲ ਥਲ ਮਹੀਅਲ ਡੇਰਾ ਲਾਇੰਦਾ। ਪਾਰਬ੍ਰਹਮ ਸਚ ਸਿੰਘਾਸਣ ਏਕਾ ਮੱਲਾ, ਸਾਚੀ ਸੇਜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਥਾਹ, ਪੁਰਖ ਅਬਿਨਾਸ਼ੀ ਭੇਵ ਨਾ ਰਾਈਆ। ਆਦਿ ਜੁਗਾਦੀ ਬੇਪਰਵਾਹ, ਜੁਗ ਜੁਗ ਆਪਣੀ ਰਚਨ ਰਚਾਈਆ। ਨਿਰਗੁਣ ਬਣੇ ਨਿਰਗੁਣ ਮਲਾਹ, ਨਿਰਗੁਣ ਖੇਵਟ ਖੇਟਾ ਬੇੜਾ ਆਪ ਚਲਾਈਆ। ਨਿਰਗੁਣ ਸਿਫ਼ਤੀ ਸਿਫ਼ਤ ਸਾਲਾਹ, ਬੇਐਬ ਪਰਵਰਦਿਗਾਰ ਆਪਣਾ ਨਾਉਂ ਧਰਾਈਆ। ਨਿਰਗੁਣ ਵਸੇ ਸਚਖੰਡ ਦਵਾਰੇ ਸਾਚੇ ਥਾਂ, ਥਿਰ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਕਾਰ, ਅਕਾਲ ਮੂਰਤ ਖੇਲ ਅਪਾਰ, ਅਜੂਨੀ ਰਹਿਤ ਵਡ ਵਡਿਆਈਆ। ਅਜੂਨੀ ਰਹਿਤ ਪੁਰਖ ਅਕਾਲਾ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਦੀਨ ਦਿਆਲਾ, ਦਇਆਨਿਧ ਆਪਣਾ ਨਾਉਂ ਰਖਾਇੰਦਾ। ਏਕਾ ਵਸੇ ਸਚਖੰਡ ਸੱਚੀ ਧਰਮਸਾਲਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਸਚ ਦਵਾਰਾ, ਨਿਰਮਲ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਇੰਦਾ। ਕਮਲਾਪਾਤੀ ਹਰਿ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਸਦਾ ਸੁਹੇਲਾ ਸਦ ਮਿਹਰਵਾਨ, ਅਨਭਵ ਪਰਕਾਸ਼ ਸਮਾਈਆ। ਜੁਗਾ ਜੁਗੰਤਰ ਖੇਲ ਮਹਾਨ, ਚਾਰੋਂ ਕੁੰਟ ਜੋਤ ਕਰੇ ਰੁਸ਼ਨਾਈਆ। ਇਕ ਵਖਾਏ ਸਚ ਨਿਸ਼ਾਨ, ਸ਼ਬਦ ਨਿਸ਼ਾਨਾ ਹੱਥ ਉਠਾਈਆ। ਪਾਵੇ ਸਾਰ ਦੋ ਜਹਾਨ, ਦੋ ਜਹਾਨਾਂ ਵੇਖ ਵਖਾਈਆ। ਏਕਾ ਨਾਉਂ ਕਰ ਉਜਿਆਰ, ਸ੍ਰਿਸ਼ਟ ਸਬਾਈ ਹਰਿ ਕਰਤਾਰ ਦਏ ਸੁਣਾਈਆ। ਆਪਣੇ ਘਰ ਹੋ ਪਰਧਾਨ, ਆਪਣੀ ਬਾਣੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਚ ਮਹੱਲਾ, ਪੁਰਖ ਅਬਿਨਾਸ਼ੀ ਇਕ ਇਕੱਲਾ, ਏਕੰਕਾਰਾ ਏਕਾ ਜੋਤ ਰੁਸ਼ਨਾਈਆ। ਇਕ ਅਕੱਲਾ ਕਰ ਪਸਾਰਾ, ਏਕੰਕਾਰਾ ਆਦਿ ਆਦਿ ਆਪਣਾ ਆਪ ਪ੍ਰਭ ਸਾਚਾ ਆਪ ਉਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮੀ ਹੁਕਮ ਆਪ ਚਲਾਇੰਦਾ। ਸਚ ਸਿੰਘਾਸਣ ਖੇਲ ਨਿਆਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤੰਤਾ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਰੂਪ ਸ੍ਰੀ ਭਗਵੰਤਾ, ਸਾਰੰਗ ਧਰ ਆਪ ਅਖਵਾਈਆ। ਜੁਗਾ ਜੁਗੰਤਰ ਵੇਸ ਵਟੰਤਾ, ਰੂਪ ਰੇਖ ਨਾ ਕੋਇ ਵਖਾਈਆ। ਸ਼ਬਦ ਅਨਾਦੀ ਨਾਦ ਵਜੰਤਾ, ਸੁਰ ਤਾਲ ਨਾ ਕੋਇ ਜਣਾਈਆ। ਥਿਰ ਘਰ ਸਾਚਾ ਧਾਮ ਸੁਹੰਤਾ, ਸਚਖੰਡ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਤਿੰਨਾਂ ਲੇਖਾ ਆਪਣੇ ਹੱਥ ਰਖਾਇਆ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਚਖੰਡ ਨਿਵਾਸੀ ਸਾਚੇ ਤਖ਼ਤ ਆਸਣ ਲਾਇਆ, ਸ਼ਾਹੋ ਭੂਪ ਆਪਣਾ ਹੁਕਮ ਚਲਾਇੰਦਾ । ਪੰਚਮ ਤਾਜ ਸੀਸ ਟਿਕਾਇਆ, ਪੰਚਮ ਮੁਖ ਸਾਲਾਹਿੰਦਾ। ਤਿੰਨਾਂ ਲੋਕਾਂ ਤਿੰਨਾਂ ਏਕਾ ਰੰਗ ਰੰਗਾਇਆ, ਚੌਥਾ ਗੁਣ ਆਪ ਸਮਝਾਇੰਦਾ। ਚਾਰੇ ਮੁਖ ਦਏ ਖੁਲ੍ਹਾਇਆ, ਚਾਰੇ ਵੇਦਾਂ ਆਪ ਪੜ੍ਹਾਇੰਦਾ। ਚਾਰੇ ਜੁਗ ਵੰਡ ਵੰਡਾਇਆ, ਚਾਰੇ ਖਾਣੀ ਆਪ ਉਪਜਾਇੰਦਾ। ਚਾਰੇ ਬਾਣੀ ਧੁਨ ਅਨਾਦਿ ਵਜਾਇਆ, ਸ਼ਬਦ ਅਨਾਦੀ ਇਕ ਰਖਾਇੰਦਾ । ਚਾਰੇ ਵਰਨਾਂ ਵੇਸ ਵਟਾਇਆ, ਚਾਰ ਯਾਰੀ ਮੇਲ ਮਿਲਾਇੰਦਾ। ਚਾਰੋਂ ਕੁੰਟ ਵੇਖ ਵਖਾਇਆ, ਆਪ ਆਪਣਾ ਮੁਖ ਛੁਪਾਇੰਦਾ। ਵਿਸ਼ਨੂੰ ਤੇਰੀ ਸੇਵਾ ਲਾਇਆ, ਸੇਵਕ ਤੇਰਾ ਨਾਉਂ ਧਰਾਇੰਦਾ। ਤੇਰਾ ਰੂਪ ਆਪ ਵਟਾਇਆ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਬ੍ਰਹਮਾ ਵੇਤਾ ਬ੍ਰਹਮ ਧਰਾਇਆ, ਪਾਰਬ੍ਰਹਮ ਬ੍ਰਹਮ ਆਪਣਾ ਅੰਗ ਕਟਾਇੰਦਾ। ਏਕਾ ਅੱਖਰ ਸ਼ਬਦ ਪੜ੍ਹਾਇਆ, ਨਾਮ ਨਾਮਾ ਹੱਟ ਚਲਾਇੰਦਾ। ਸ਼ੰਕਰ ਸੰਸਾ ਦਏ ਚੁਕਾਇਆ, ਨਿਰਗੁਣ ਆਪਣਾ ਰੂਪ ਦਰਸਾਇੰਦਾ। ਜੋ ਘੜਿਆ ਸੋ ਭੰਨ ਵਖਾਇਆ, ਥਿਰ ਕੋਇ ਰਹਿਣ ਨਾ ਪਾਇੰਦਾ। ਆਦਿ ਜੁਗਾਦੀ ਹਰਿ ਰਘੁਰਾਇਆ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇਆ, ਆਪ ਆਪਣਾ ਸੰਗ ਨਿਭਾਇੰਦਾ। ਉਤਭੁਜ ਸੇਤਜ ਜੇਰਜ ਅੰਡ ਪੰਜ ਤਤ ਤੇਰੀ ਝੋਲੀ ਪਾਇਆ, ਤ੍ਰੈਗੁਣ ਸਾਚਾ ਜੋੜ ਜੁੜਾਇੰਦਾ। ਲੱਖ ਚੁਰਾਸੀ ਵੰਡ ਵੰਡਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਝੋਲੀ ਪਾਇੰਦਾ। ਸਾਚੀ ਵਸਤ ਨਾਮ ਅਨਮੋਲ, ਹਰਿ ਵਿਸ਼ਨੂੰ ਝੋਲੀ ਪਾਈਆ। ਪੁਰਖ ਅਬਿਨਾਸ਼ੀ ਵਸੇ ਤੇਰੇ ਕੋਲ, ਜੀਆਂ ਦਾਤਾ ਰਿਜ਼ਕ ਸਬਾਈਆ। ਤ੍ਰੈਗੁਣ ਤੇਰਾ ਵਜਾਏ ਢੋਲ, ਰਾਜਸ ਤੇਰਾ ਰੂਪ ਦਰਸਾਈਆ। ਸਾਂਤਕ ਸਤਿ ਸਰੂਪੀ ਜਾਏ ਮੌਲ, ਕਿਰਪਾ ਕਰੇ ਬੇਪਰਵਾਹੀਆ। ਤਮੋ ਤਤ ਜਾਏ ਖੋਲ੍ਹ, ਅਗਨੀ ਤਤ ਇਕ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਣਜ ਇਕ ਵਣਜਾਰਾ, ਏਕਾ ਖੋਲ੍ਹੇ ਹੱਟ ਦਵਾਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਖੋਲ੍ਹਿਆ, ਕਰ ਕਿਰਪਾ ਆਪ ਕਰਤਾਰ। ਨਿਰਗੁਣ ਵਿਸ਼ਨੂੰ ਅੰਦਰ ਬੋਲਿਆ, ਏਕਾ ਸ਼ਬਦ ਰਾਗ ਜੈਕਾਰ। ਅਬਿਨਾਸ਼ੀ ਕਰਤਾ ਸੁਣਾਏ ਸਾਚਾ ਢੋਲਿਆ, ਤੇਰਾ ਰੂਪ ਅਗੰਮ ਅਪਾਰ। ਨਿਰਗੁਣ ਸਰਗੁਣ ਬਦਲੇ ਚੋਲਿਆ, ਸੋਹੰ ਸ਼ਬਦ ਭਰੇ ਭੰਡਾਰ। ਤੇਰੀ ਆਤਮ ਅੰਤਰ ਮੌਲਿਆ, ਅੰਮ੍ਰਿਤ ਖਿੜੀ ਸੱਚੀ ਗੁਲਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਸਤ ਇਕ ਅਪਾਰ। ਵਿਸ਼ਨੂੰ ਵਸਤ ਏਕਾ ਪਾ, ਪੁਰਖ ਅਬਿਨਾਸ਼ੀ ਸੀਸ ਝੁਕਾਇੰਦਾ। ਤੂੰ ਪਾਤਸ਼ਾਹ ਸੱਚਾ ਪਾਤਸ਼ਾਹ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਤੇਰਾ ਦਰ ਤੇਰਾ ਘਰ ਮੈਂ ਮੰਗਦਾ ਰਹਿਵਾਂ, ਸਦਾ ਸਦ ਏਕਾ ਵਰ ਦਰ ਘਰ ਸਾਚਾ ਇਕ ਸੁਹਾਇੰਦਾ। ਤੂੰ ਪਿਤਾ ਤੂੰ ਮੇਰੀ ਮਾਂ, ਬਾਲਕ ਤੇਰਾ ਨਾਉਂ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਚਰਨ ਤੇਰਾ ਕਵਲ ਤੇਰਾ ਰੂਪ ਦਰਸਾਇੰਦਾ। ਪੁਰਖ ਅਬਿਨਾਸ਼ੀ ਵਰ ਘਰ ਦੀਆ, ਵਿਸ਼ਨੂੰ ਦੇਵੇ ਵਡ ਵਡਿਆਈਆ। ਕਰਤਾ ਪੁਰਖ ਕਰ ਨਿਰਮਲ ਜੀਆ, ਜੀਆਂ ਜੋਤ ਕਰ ਰੁਸ਼ਨਾਈਆ। ਚਾਰੇ ਜੁਗ ਸੇਵਾ ਕਰਨੀ ਕਰ ਕਰ ਹੀਆ, ਨੌ ਸੌ ਚੁਰਾਨਵੇ ਚੌਕੜੀ ਜੁਗ ਦਏ ਭਵਾਈਆ। ਤੇਰਾ ਬੀਜ ਆਪੇ ਬੀਆ, ਫੁਲ ਫੁਲਵਾੜੀ ਵੇਖੇ ਸਾਚਾ ਮਾਹੀਆ। ਕਲਜੁਗ ਅੰਤਮ ਤੇਰੀ ਵੰਡ ਵੰਡਾ ਸਾਢੇ ਤਿੰਨ ਹੱਥ ਸੀਆਂ, ਧਰਤ ਧਵਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਏਕਾ ਵਰ, ਨੌ ਸੌ ਚੁਰਾਨਵੇ ਚੌਕੜੀ ਜੁਗ ਸੇਵਕ ਤੇਰੀ ਸੇਵਾ ਧਰ, ਅੰਤ ਧਰਨੀ ਧਰਤ ਧਵਲ ਸੁਹਾਈਆ। ਵਿਸ਼ਨੂੰ ਵਰ ਹਰਿ ਏਕਾ ਪਾਇਆ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਨਿਉਂ ਨਿਉਂ ਸੀਸ ਦਰ ਝੁਕਾਇਆ, ਸੀਸ ਆਪਣਾ ਭਾਰ ਆਪ ਉਠਾਇੰਦਾ। ਹਰਿ ਜਗਦੀਸ ਨਜ਼ਰੀ ਆਇਆ, ਜਾਗਰਤ ਜੋਤ ਇਕ ਜਗਾਇੰਦਾ। ਛਤਰ ਸੀਸ ਇਕ ਝੁਲਾਇਆ, ਪੰਚਮ ਮੁਖ ਤਾਜ ਬਣਾਇੰਦਾ। ਛੇਵੇਂ ਘਰ ਡੇਰਾ ਪਾਰ ਕਰਾਇਆ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸੱਤਵੇਂ ਸੱਤ ਰੰਗ ਨਿਸ਼ਾਨਾ ਇਕ ਚੜ੍ਹਾਇਆ, ਸੁੱਤੇ ਪਰਕਾਸ਼ ਵਖਾਇੰਦਾ। ਸੋ ਪੁਰਖ ਨਿਰੰਜਣ ਹੱਥ ਉਠਾਇਆ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਸਗਨ ਮਨਾਇਆ, ਆਦਿ ਨਿਰੰਜਣ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਵੇਖਣ ਆਇਆ, ਸ੍ਰੀ ਭਗਵਾਨ ਆਪਣੇ ਹੱਥ ਉਠਾਇੰਦਾ। ਪਾਰਬ੍ਰਹਮ ਪ੍ਰਭ ਦਏ ਝੁਲਾਇਆ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਸਾਚੀ ਧਾਰ ਆਪ ਚਲਾਏ ਅਗੰਮ ਅਪਾਰ, ਲੇਖਾ ਲੇਖ ਨਾ ਕੋਇ ਲਿਖਾਇਆ। ਲੇਖਾ ਕਿਸੇ ਨਾ ਲਿਖਿਆ, ਹਰਿ ਸਾਹਿਬ ਸੱਚਾ ਬੇਅੰਤ। ਨੇਤਰ ਨੈਣ ਕਿਸੇ ਨਾ ਦਿਸਿਆ, ਆਦਿ ਜੁਗਾਦੀ ਸਾਚਾ ਕੰਤ। ਬ੍ਰਹਮਾ ਵਿਸ਼ਨ ਵੰਡਾਇਆ ਆਪਣਾ ਹਿਸਿਆ, ਨਾਮ ਮਿਲਿਆ ਮਣੀਆ ਮੰਤ। ਪੁਰਖ ਅਬਿਨਾਸ਼ ਦੇਵੇ ਸਾਚੀ ਸਿਖਿਆ, ਵਡ ਦਾਤਾ ਗੁਣੀ ਵੰਤ। ਧੁਰਦਰਗਾਹੀ ਪਾਏ ਭਿਛਿਆ, ਲੱਖ ਚੁਰਾਸੀ ਉਪੌਣਾ ਜੀਵ ਜੰਤ। ਅੰਮ੍ਰਿਤ ਝਿਰਨਾ ਏਕਾ ਰਿਸਿਆ, ਅੰਮ੍ਰਿਤ ਬਖ਼ਸ਼ੇ ਸਾਚਾ ਕੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਦਰ ਬਣਾਏ ਸਾਚੀ ਬਣਤ। ਪਾਰਬ੍ਰਹਮ ਬ੍ਰਹਮ ਉਪਜਾਇਆ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਆਪਣੀ ਅੰਸ ਆਪ ਉਪਜਾਇਆ, ਰੂਪ ਅਨੂਪ ਸਤਿ ਸਰੂਪ ਸਾਹਿਬ ਸੱਚੀ ਸਰਕਾਰ। ਪਾਤੀ ਪਾਤੀ ਆਪ ਮਹਿਕਾਇਆ, ਕਮਲਾਪਾਤੀ ਮੀਤ ਮੁਰਾਰ। ਸਾਚੇ ਸਾਕੀ ਜਾਮ ਪਿਆਇਆ, ਅੰਮ੍ਰਿਤ ਭਰਿਆ ਸਚ ਭੰਡਾਰ। ਸਾਚੀ ਤਾਕੀ ਖੋਲ੍ਹ ਵਖਾਇਆ, ਆਪਣਾ ਖੋਲ੍ਹਿਆ ਆਪ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬ੍ਰਹਮ ਕਰੇ ਉਜਿਆਰ। ਪਾਰਬ੍ਰਹਮ ਬ੍ਰਹਮ ਉਪਜਾਇਆ, ਨਿਰਗੁਣ ਕਰਿਆ ਖੇਲ ਅਪਾਰਾ। ਆਪਣੀ ਕਲ ਆਪ ਵਰਤਾਇਆ, ਨਿਰਗੁਣ ਵਰਤੇ ਸਚ ਵਰਤਾਰਾ। ਜੋਤੀ ਜੋਤ ਜੋਤ ਜਗਾਇਆ, ਦੀਪਕ ਦੀਆ ਕਰ ਪਿਆਰਾ। ਮਾਤ ਪਿਤ ਨਾ ਕੋਇ ਬਣਾਇਆ, ਰਕਤ ਬੂੰਦ ਨਾ ਲਾਇਆ ਗਾਰਾ। ਹੱਡ ਮਾਸ ਨਾੜੀ ਨਾ ਜੋੜ ਜੁੜਾਇਆ, ਤ੍ਰੈਗੁਣ ਭਰਿਆ ਨਾ ਕੋਇ ਭੰਡਾਰਾ। ਮਨ ਮਤ ਬੁਧ ਨਾ ਵਿਚ ਟਿਕਾਇਆ, ਆਸਾ ਤ੍ਰਿਸਨਾ ਨਾ ਕੋਇ ਵਿਚਾਰਾ। ਆਪ ਆਪਣਾ ਅੰਗ ਕਟਾਇਆ, ਖੇਲੇ ਖੇਲ ਸੂਰਾ ਸਰਬੰਗ ਨਿਰੰਕਾਰਾ। ਘਰ ਸਾਚਾ ਸ਼ਬਦ ਵਜਾਇਆ, ਨਿਰਗੁਣ ਨਾਦ ਧੁਨ ਜੈਕਾਰਾ। ਏਕਾ ਵਿਦਿਆ ਅੱਖਰ ਪੜ੍ਹਾਇਆ, ਨਿਸ਼ਅੱਖਰ ਨਾ ਪਾਵੇ ਕੋਈ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਇਕ ਹੁਲਾਰਾ। ਬ੍ਰਹਮਾ ਉਤਪਤ ਕਮਲਾਪਾਤ, ਪਤ ਡਾਲ੍ਹੀ ਆਪ ਮਹਿਕਾਈਆ। ਨਾ ਕੋਈ ਵਰਨ ਗੋਤ ਨਾ ਦੀਸੇ ਜ਼ਾਤ, ਬਰਨ ਬਰਨ ਵਿਚ ਨਾ ਕੋਇ ਲਗਾਈਆ। ਨਾ ਕੋਈ ਭੈਣ ਨਾ ਭਰਾਤ, ਸਾਕ ਸੈਣ ਨਾ ਕੋਇ ਅਖਵਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਇਸ਼ਟ ਦੇਵ ਨਾ ਕੋਇ ਵਖਾਈਆ। ਨਾ ਕੋਈ ਤੀਰਥ ਨਾ ਕੋਈ ਘਾਟ, ਅਠਸਠ ਨਾ ਕੋਇ ਨੁਹਾਈਆ। ਨਾ ਕੋਈ ਸੇਜਾ ਨਾ ਕੋਈ ਖਾਟ, ਆਸਣ ਸਿੰਘਾਸਣ ਨਾ ਕੋਇ ਵਛਾਈਆ। ਨਾ ਕੋਈ ਚੌਦਾਂ ਲੋਕ ਦਿਸੇ ਹਾਟ, ਤ੍ਰੈਭਵਣ ਨਾ ਰਚਨ ਰਚਾਈਆ। ਨਾ ਕੋਈ ਲੇਖਾ ਜਾਣੇ ਆਨ ਬਾਟ, ਮਾਤ ਗਰਭ ਨਾ ਅਗਨ ਤਪਾਈਆ। ਨਾ ਕੋਈ ਖੇਲੇ ਖੇਲ ਬਾਜ਼ੀਗਰ ਨਾਟ, ਸਵਾਂਗੀ ਸਵਾਂਗ ਨਾ ਕੋਇ ਵਖਾਈਆ। ਨਾ ਕੋਈ ਬਜਰ ਨਾ ਕਪਾਟ, ਤੁਰੀਆ ਨਾਦ ਨਾ ਕੋਇ ਵਜਾਈਆ। ਨਾ ਕੋਈ ਜੋਤ ਨਾ ਲਲਾਟ, ਨੂਰ ਨੂਰ ਨਾ ਕੋਇ ਦਰਸਾਈਆ। ਪੁਰਖ ਅਬਿਨਾਸ਼ੀ ਆਪ ਉਤਾਰਿਆ ਆਪਣੇ ਘਾਟ, ਪਾਰਬ੍ਰਹਮ ਬ੍ਰਹਮ ਬ੍ਰਹਮ ਲਏ ਉਪਜਾਈਆ। ਆਪੇ ਜਾਣੇ ਆਪਣੀ ਵਾਟ, ਦੂਸਰ ਪੰਧ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁੱਤ ਕੀਆ ਉਤਪਤ ਆਪੇ ਦੇਵੇ ਬ੍ਰਹਮ ਮਤ, ਦੂਜਾ ਸੁੱਤ ਨਾ ਕੋਇ ਜਣਾਈਆ। ਬ੍ਰਹਮਾ ਵੇਤਾ ਆਪੇ ਜਾਇਆ, ਆਪ ਆਪਣੀ ਗੋਦੀ ਗੋਦ ਸੁਹਾਈਆ। ਦਾਈ ਦਾਇਆ ਨਾਉਂ ਧਰਾਇਆ, ਸੇਵਕ ਸੇਵਾ ਸੇਵ ਕਮਾਈਆ। ਆਪਣੀ ਗੋਦੀ ਆਪ ਉਠਾਇਆ, ਨਿਰਗੁਣ ਦਿਸ ਕਿਸੇ ਨਾ ਆਈਆ। ਸਾਚੇ ਸਾਕੀ ਸਾਚਾ ਜਾਮ ਪਿਆਇਆ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਅਲੱਖਣਾ ਲਾਖੀ ਅਲੱਖ ਆਪਣਾ ਖੇਲ ਖਿਲਾਇਆ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਨਿਜ ਘਰ ਵਾਸੀ ਡੇਰਾ ਲਾਈਆ। ਪਵਣ ਸਵਾਸ ਨਾ ਕੋਇ ਚਲਾਇਆ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵੇਤਾ ਸੁੱਤ ਦੁਲਾਰਾ, ਆਪ ਉਪਾਏ ਹਰਿ ਨਿਰੰਕਾਰਾ, ਵਿਸ਼ਨੂੰ ਸਾਚਾ ਸੰਗ ਮਿਲਾਈਆ। ਬ੍ਰਹਮਾ ਸੁੱਤ ਕਰ ਪਿਆਰ, ਨਿਰਗੁਣ ਆਪਣੀ ਦਇਆ ਕਮਾਇੰਦਾ। ਸ਼ਬਦ ਅਨਾਦੀ ਦਏ ਧੁਨਕਾਰ, ਸਾਚਾ ਨਾਦ ਵਜਾਇੰਦਾ। ਸੁਣੇ ਸੁਣਾਏ ਸੁਣਨੇਹਾਰ, ਘਰ ਮੰਦਰ ਸੋਭਾ ਪਾਇੰਦਾ। ਹਰਿ ਮੰਦਰ ਸਾਚੇ ਮੀਤ ਮੁਰਾਰ, ਆਪਣਾ ਰੂਪ ਦਰਸਾਇੰਦਾ। ਠਾਂਡਾ ਸੀਤਾ ਧੁਰ ਦਰਬਾਰ, ਦਰ ਸਾਚਾ ਘਰ ਆਪ ਵਡਿਆਇੰਦਾ। ਅਨਡੀਠਾ ਵਖਾਏ ਧਾਮ ਨਿਆਰ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਬ੍ਰਹਮੇ ਸੁਣਨਾ ਕਰ ਧਿਆਨ, ਹਰਿ ਸਾਚਾ ਸ਼ਬਦ ਸੁਣਾਇੰਦਾ। ਤੇਰਾ ਨਾਉਂ ਹੋਇਆ ਪਰਧਾਨ, ਪਾਰਬ੍ਰਹਮ ਤੇਰਾ ਰੰਗ ਆਪ ਰੰਗਾਇੰਦਾ। ਤੇਰੇ ਹੱਥ ਰਖਾਏ ਨਿਸ਼ਾਨ, ਸਚ ਨਿਸ਼ਾਨ ਆਪ ਝੁਲਾਇੰਦਾ। ਤੇਰੀ ਝੋਲੀ ਪਾਏ ਇਕ ਗਿਆਨ, ਆਪਣੀ ਭਿਛਿਆ ਵੰਡ ਵੰਡਾਇੰਦਾ। ਆਦਿ ਜੁਗਾਦਿ ਰਹੇ ਨਿਗਹਵਾਨ, ਜੁਗ ਜੁਗ ਵੇਖ ਵਖਾਇੰਦਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਰੱਖੇ ਆਪਣੀ ਆਣ, ਹੁਕਮੀ ਹੁਕਮ ਆਪ ਫਿਰਾਇੰਦਾ। ਸਿਰ ਸਿਰ ਮੰਨਣਾ ਪਏ ਭਾਣ, ਹਰਿ ਭਾਣਾ ਵਡ ਧਰਾਇੰਦਾ। ਦੋ ਜਹਾਨਾਂ ਏਕਾ ਆਣ, ਏਕਾ ਆਪਣੀ ਕਲ ਵਰਤਾਇੰਦਾ। ਤੇਰੀ ਵਸਤ ਚਾਰ ਖਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਵੰਡਣ ਆਪ ਵੰਡਾਇੰਦਾ। ਸਾਚੀ ਵੰਡਣ ਵੰਡਣਹਾਰਾ, ਪੁਰਖ ਅਕਾਲ ਅਖਵਾਇੰਦਾ। ਬ੍ਰਹਮੇ ਦੇਵੇ ਨਾਮ ਭੰਡਾਰਾ, ਆਤਮ ਅੰਤਰ ਆਪ ਟਿਕਾਇੰਦਾ। ਘਰ ਮੰਦਰ ਦੀਆ ਕਰ ਉਜਿਆਰ, ਨਿਰਗੁਣ ਜੋਤ ਜੋਤ ਜਗਾਇੰਦਾ। ਸ਼ਬਦ ਅਨਾਦਿ ਨਾਦ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਚਾਰ ਕੁੰਟ ਹੋ ਉਜਿਅਰਾ, ਦਹਿ ਦਿਸ਼ਾ ਡਗਮਗਾਇੰਦਾ। ਚਾਰ ਵੇਦਾਂ ਬਣ ਲਿਖਾਰਾ, ਚਾਰ ਯੁਗਾਂ ਝੋਲੀ ਪਾਇੰਦਾ। ਚਾਰ ਵਰਨ ਕਰ ਵਣਜਾਰਾ, ਅਠਾਰਾਂ ਬਰਨ ਵੇਖ ਵਖਾਇੰਦਾ। ਚਾਰੇ ਬਾਣੀ ਬੋਲ ਜੈਕਾਰਾ, ਚੌਥਾ ਪਦ ਆਪ ਸੁਹਾਇੰਦਾ। ਲੇਖਾ ਚੁੱਕੇ ਚਾਰ ਯਾਰਾ, ਪੰਚਮ ਜੋਤੀ ਜੋਤ ਡਗਮਗਾਇੰਦਾ। ਲੇਖਾ ਜਾਣੇ ਏਕੰਕਾਰਾ, ਆਪ ਆਪਣੀ ਕਲ ਵਰਤਾਇੰਦਾ। ਨੌ ਨੌ ਚਾਰ ਹੋਏ ਪਾਰ ਕਿਨਾਰਾ, ਕਲਜੁਗ ਵੇਲਾ ਅੰਤਮ ਆਇੰਦਾ। ਮਨਵੰਤਰ ਇਕੱਤਰ ਨਾ ਕੋਇ ਸਹਾਰਾ, ਜੁਗ ਚੌਕੜੀ ਨਾ ਕੋਇ ਵਖਾਇੰਦਾ। ਤੇਰਾ ਵੇਦ ਨਾ ਪਾਏ ਸਾਰਾ, ਆਪ ਆਪਣਾ ਆਪ ਛੁਪਾਇੰਦਾ। ਆਪੇ ਜਾਣੇ ਆਪਣੀ ਅੰਤਮ ਵਾਰਾ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਤੇਰਾ ਕਰੇ ਪਾਰ ਕਿਨਾਰਾ, ਤੇਰਾ ਲੇਖਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਏਕਾ ਤਤ ਸਮਝਾਇੰਦਾ। ਬ੍ਰਹਮੇ ਅੰਤ ਹਰਿ ਬੂਝਿਆ, ਪ੍ਰਭ ਸਾਚੇ ਦਇਆ ਕਮਾਈਆ। ਪੁਰਖ ਅਬਿਨਾਸ਼ੀ ਭੇਵ ਖੁਲ੍ਹਾਇਆ ਗੂਝਿਆ, ਭੇਵ ਰਹੇ ਨਾ ਰਾਈਆ। ਲੇਖਾ ਚੁਕੇ ਏਕਾ ਦੂਜਿਆ, ਤੀਜੇ ਨੈਣ ਹੋਏ ਰੁਸ਼ਨਾਈਆ। ਚੌਥੇ ਪਦ ਹਰਿ ਦਰਸ ਕਰ ਕਰ ਲੂਝਿਆ, ਪੰਚਮ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਦਰ ਦਏ ਸੁਹਾਈਆ। ਮੰਦਰ ਸੁਹਾਇਆ ਹਰਿ ਭਗਵਾਨ, ਨਿਰਗੁਣ ਜੋਤ ਕਰ ਰੁਸ਼ਨਾਈਆ। ਬ੍ਰਹਮੇ ਦੀਆ ਏਕਾ ਦਾਨ, ਜੀਆ ਦਾਤਾ ਆਪ ਅਖਵਾਈਆ। ਤ੍ਰੈਗੁਣ ਮਾਇਆ ਸਤਿ ਨਿਸ਼ਾਨ, ਸਤਿ ਸਤਿਵਾਦੀ ਝੋਲੀ ਪਾਈਆ। ਪੰਜ ਤਤ ਕਰ ਪਰਧਾਨ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮੇਲ ਮਿਲਾਈਆ। ਲੱਖ ਚੁਰਾਸੀ ਤੇਰੀ ਸੰਤਾਨ, ਤੇਰੀ ਅੰਸ ਆਪ ਵਖਾਈਆ। ਮਨ ਮਤ ਬੁਧ ਇਕ ਨਿਸ਼ਾਨ, ਨਿਰਗੁਣ ਆਪਣੀ ਵੰਡ ਵੰਡਾਈਆ। ਬ੍ਰਹਮ ਮਤ ਹੋਏ ਪਰਧਾਨ, ਈਸ਼ ਜੀਵ ਕਰੇ ਕੁੜਮਾਈਆ। ਨੌ ਦਵਾਰੇ ਜਗਤ ਦੁਕਾਨ, ਆਸਾ ਤ੍ਰਿਸਨਾ ਵਿਚ ਟਿਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਪੰਜ ਸ਼ੈਤਾਨ, ਪੰਚਮ ਮੇਲਾ ਲਏ ਮਿਲਾਈਆ। ਪੰਚਮ ਸ਼ਬਦ ਨਾਦ ਧੁਨਕਾਨ, ਘਰ ਘਰ ਵਿਚ ਦਏ ਵਜਾਈਆ। ਅਨਹਦ ਨਾਦ ਸੱਚੀ ਧੁਨਕਾਨ, ਹਰਿ ਮੰਦਰ ਦਏ ਸੁਣਾਈਆ। ਸੁਖਮਨ ਟੇਢੀ ਬੰਕ ਨਿਸ਼ਾਨ, ਈੜਾ ਪਿੰਗਲ ਸੰਗ ਨਿਭਾਈਆ। ਸਰ ਸਰੋਵਰ ਇਕ ਮਹਾਨ, ਅੰਮ੍ਰਿਤ ਆਤਮ ਜਲ ਭਰਾਈਆ। ਬਜਰ ਕਪਾਟੀ ਘਟ ਦੁਕਾਨ, ਆਪਣੀ ਹੱਥੀਂ ਬੰਦ ਕਰਾਈਆ। ਸ਼ਬਦ ਵਖਾਏ ਸਚ ਨਿਸ਼ਾਨ, ਘਰ ਸਾਚੇ ਆਪ ਝੁਲਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨ, ਕਾਇਆ ਬੰਕ ਗੜ੍ਹ ਆਪ ਸੁਹਾਈਆ। ਨਿਰਗੁਣ ਜੋਤ ਜਗੇ ਮਹਾਨ, ਜੋਤ ਨਿਰੰਜਣ ਡਗਮਗਾਈਆ। ਆਤਮ ਸੇਜਾ ਹੋਏ ਪਰਧਾਨ, ਦਸਮ ਦਵਾਰੀ ਦਰ ਖੁਲ੍ਹਾਈਆ। ਸੁਰਤ ਸਖੀ ਮਿਲੇ ਸਾਚਾ ਕਾਹਨ, ਘਰ ਵੱਜਦੀ ਰਹੇ ਵਧਾਈਆ। ਪੀਆ ਪ੍ਰੀਤਮ ਏਕਾ ਜਾਣ, ਪ੍ਰੇਮ ਪਿਆਲਾ ਦਏ ਪਿਆਈਆ। ਆਤਮ ਅੰਤਰ ਇਕ ਗਿਆਨ, ਨਿਸ਼ਅੱਖਰ ਵੱਖਰ ਕਰੇ ਪੜ੍ਹਾਈਆ। ਬੋਧ ਅਗਾਧਾ ਹਰਿ ਭਗਵਾਨ, ਸ਼ਬਦ ਅਨਾਦਾ ਨਾਦ ਵਜਾਈਆ। ਬ੍ਰਹਮੇ ਪੰਜ ਤਤ ਮਾਣਸ ਮਾਨੁਖ ਰੱਖੇ ਤੇਰਾ ਜਗਤ ਨਿਸ਼ਾਨ, ਹਰਿ ਦਾਤਾ ਬੇਪਰਵਾਹੀਆ । ਨਿਰਗੁਣ ਸਰਗੁਣ ਖੇਲ ਕਰੇ ਮਹਾਨ, ਆਪਣਾ ਰੂਪ ਆਪ ਵਟਾਈਆ। ਲੱਖ ਚੁਰਾਸੀ ਕਰੇ ਪੁਣ ਛਾਣ, ਆਪਣੀ ਵੰਡਣ ਵੰਡ ਵੰਡਾਈਆ। ਆਪੇ ਜੋਤੀ ਦੀਪ ਜਗੇ ਮਹਾਨ, ਆਪ ਆਪਣੀ ਕਲ ਧਰਾਈਆ। ਆਪੇ ਸ਼ਕਤੀ ਰੂਪ ਹੋਵੇ ਨੌਜਵਾਨ, ਆਦਿ ਸ਼ਕਤ ਆਪਣਾ ਜੋਬਨ ਆਪ ਹੰਢਾਈਆ। ਆਪੇ ਗੁਰ ਪੀਰ ਦੇਵੇ ਦਾਨ, ਸਾਚੀ ਵਸਤ ਝੋਲੀ ਪਾਈਆ। ਆਪੇ ਪਰਗਟ ਹੋਵੇ ਵਾਲੀ ਦੋ ਜਹਾਨ, ਚਤੁਰਭੁਜ ਆਪਣਾ ਰੂਪ ਆਪ ਵਟਾਈਆ। ਆਪੇ ਗਾਏ ਸਾਚਾ ਗਾਣ, ਧੁਰ ਫ਼ਰਮਾਣਾ ਆਪ ਸੁਣਾਈਆ। ਆਪੇ ਪਵਣ ਪਾਣੀ ਮਸਾਣ, ਸਵਾਸ ਸਵਾਸ ਆਪ ਚਲਾਈਆ। ਆਪੇ ਖਾਣੀ ਬਾਣੀ ਪਾਏ ਆਣ, ਉਤਭੁਜ ਸੇਤਜ ਜੇਰਜ ਅੰਡ ਪਰਾ ਪਸਤੀ ਮਧਮ ਬੈਖਰੀ ਆਪਣੀ ਧਾਰ ਬੰਧਾਈਆ। ਆਪੇ ਚਾਰ ਜੁਗ ਵੰਡਣ ਵੰਡੇ ਵੰਡ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਅੰਗ ਲਗਾਈਆ। ਆਪੇ ਪਾਏ ਸਾਰ ਹਰਿ ਹਰਿ ਬ੍ਰਹਿਮੰਡ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਈਆ। ਆਪੇ ਰਵ ਸਸ ਸੂਰਜ ਚੰਨ ਤਾਰਾ ਮੰਡਲ ਦੇਵੇ ਡੰਨ, ਜੋ ਘੜਿਆ ਸੋ ਭੰਨ ਵਖਾਈਆ। ਆਪੇ ਹੋਏ ਨਾਰ ਦੁਹਾਗਣ ਰੰਡ, ਆਪੇ ਸਾਚਾ ਕੰਤ ਹੰਢਾਈਆ। ਆਪੇ ਵੇਸ ਵਟਾਏ ਭੇਖ ਪਖੰਡ, ਆਪੇ ਸਚ ਸੁੱਚ ਦਏ ਦ੍ਰਿੜਾਈਆ। ਆਪੇ ਹੋਏ ਪਰਮਾਨੰਦ, ਨਿਜਾਨੰਦ ਆਪਣਾ ਡੇਰਾ ਲਾਈਆ। ਆਪੇ ਦੂਈ ਦਵੈਤੀ ਢਾਏ ਆਪਣੀ ਕੰਧ, ਆਪੇ ਹਉਮੇ ਗੜ੍ਹ ਵਸਾਈਆ। ਆਪੇ ਸੋਵੇ ਦੇ ਕਰ ਕੰਡ, ਆਪਣੀ ਕਰਵਟ ਨਾ ਦਏ ਬਦਲਾਈਆ। ਆਪੇ ਆਪਣਾ ਆਪ ਲਾਏ ਆਪਣੇ ਅੰਗ, ਬ੍ਰਹਮ ਪਾਰਬ੍ਰਹਮ ਮੇਲ ਮਿਲਾਈਆ। ਆਪੇ ਸੁਣਾਏ ਸੁਹਾਗੀ ਛੰਦ, ਜੁਗ ਜੁਗ ਢੋਲਾ ਆਪਣਾ ਆਪੇ ਗਾਈਆ। ਆਪੇ ਬ੍ਰਹਮਾ ਤੇਰਾ ਮੁਕਾਏ ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ, ਗੇੜਾ ਆਪਣੇ ਹੱਥ ਰਖਾਈਆ। ਆਪੇ ਵਸਣਹਾਰਾ ਸੱਚੇ ਸਚਖੰਡ, ਆਪੇ ਧਰਤ ਧਵਲ ਨਿਰਗੁਣ ਸਰਗੁਣ ਰੂਪ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਸਾਚੀ ਸਿਖਿਆ ਦਏ ਸਮਝਾਈਆ। ਬ੍ਰਹਮੇ ਸੁਣਿਆ ਹਰਿ ਸੰਦੇਸ਼, ਦੋਏ ਜੋੜ ਕਰੇ ਨਿਮਸਕਾਰਾ। ਤੂੰ ਸਾਹਿਬ ਸੱਚਾ ਨਰੇਸ਼, ਬੇਐਬ ਪਰਵਰਦਿਗਾਰਾ। ਹਉਂ ਠਾਕਰ ਕਰਾਂ ਆਦੇਸ਼, ਮੰਗਾਂ ਮੰਗ ਬਣ ਭਿਖਾਰਾ। ਆਦਿ ਜੁਗਾਦੀ ਤੇਰਾ ਵੇਸ, ਜੁਗਾ ਜੁਗੰਤਰ ਗੁਰ ਪੀਰ ਅਵਤਾਰਾ। ਮੇਰੀ ਕੋਈ ਨਾ ਚਲੇ ਤੇਰੇ ਅੱਗੇ ਪੇਸ਼, ਹਉਂ ਸੇਵਕ ਸੇਵਾਦਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਿਲੇ ਸਾਚਾ ਹਰਿ, ਛੁੱਟ ਜਾਏ ਨਾ ਤੇਰਾ ਦਵਾਰਾ। ਪੁਰਖ ਅਬਿਨਾਸ਼ੀ ਹੁਕਮ ਜਣਾਇਆ, ਬ੍ਰਹਮਾ ਸੁਣ ਲਏ ਅੰਗੜਾਈਆ। ਚਾਰੇ ਵੇਦ ਤੇਰੀ ਧਾਰ ਬੰਧਾਇਆ, ਚਾਰ ਜੁਗ ਕਰੇ ਕੁੜਮਾਈਆ। ਲੱਖ ਚੁਰਾਸੀ ਤੇਰੀ ਝੋਲੀ ਪਾਇਆ, ਘੜ ਭਾਂਡੇ ਆਪ ਵਖਾਈਆ। ਅੰਤਮ ਵੇਲਾ ਆਪਣੇ ਹੱਥ ਰਖਾਇਆ, ਕੋਈ ਲਿਖ ਨਾ ਸਕੇ ਰਾਈਆ। ਚੌਕੜੀ ਜੁਗ ਗੇੜਾ ਰਿਹਾ ਦਵਾਇਆ, ਤਰਤਾਲੀ ਲੱਖ ਬੀਸ ਹਜ਼ਾਰ ਏਕਾ ਰੰਗ ਵਖਾਈਆ। ਸਾਚੀ ਵੰਡਨ ਆਪ ਵੰਡਾਇਆ, ਆਪੇ ਵੇਖਣਹਾਰ ਹੋਏ ਬੇਪਰਵਾਹੀਆ। ਲੋਆਂ ਪੁਰੀਆਂ ਧਰਤ ਧਵਲ ਜੇਰਜ ਅੰਡ ਆਪਣਾ ਖੇੜਾ ਲਵਾਂ ਵਸਾਇਆ, ਵਸਦਾ ਖੇੜਾ ਲਵਾਂ ਉਜੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਵਰ ਦਾਤਾ ਆਪ ਅਖਵਾਈਆ। ਬ੍ਰਹਮੇ ਮੰਨਿਆ ਹਰਿ ਕਾ ਭਾਣਾ, ਨੇਤਰ ਨੀਰ ਵਹਾਇਆ। ਪੁਰਖ ਅਬਿਨਾਸ਼ੀ ਸਾਚਾ ਰਾਣਾ, ਸਾਚੇ ਤਖ਼ਤ ਸੁਹਾਇਆ। ਸਚਖੰਡ ਨਿਵਾਸੀ ਬੇਮੁਹਾਣਾ, ਹਰਿ ਕਿਸੇ ਨਾ ਪਾਇਆ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਦਿਸ ਨਾ ਆਇਆ। ਜੋ ਘੜਿਆ ਸੋ ਭੰਨ ਵਖਾਣਾ, ਥਿਰ ਕੋਇ ਰਹਿਣ ਨਾ ਪਾਇਆ। ਆਪੇ ਜਾਣੇ ਆਪਣਾ ਭਾਣਾ, ਹਰਿ ਭਾਣੇ ਸਦ ਸਮਾਇਆ। ਮੇਰਾ ਖੇਲ ਆਵਣ ਜਾਣਾ, ਜਾਵਣ ਆਣ ਰਚਨ ਰਚਾਇਆ। ਲੱਖ ਚੁਰਾਸੀ ਪੇਟਾ ਤਾਣਾ, ਤਾਣਾ ਪੇਟਾ ਆਪੇ ਪਾਇਆ। ਘਟ ਘਟ ਅੰਦਰ ਗਾਏ ਗਾਣਾ, ਸ਼ਬਦ ਅਨਾਦੀ ਨਾਦ ਸੁਣਾਇਆ। ਲੱਖ ਚੁਰਾਸੀ ਦੇਵੇ ਪੀਣਾ ਖਾਣਾ, ਸ੍ਰਿਸ਼ਟ ਸਬਾਈ ਰਿਜ਼ਕ ਸਬਾਇਆ। ਦਰ ਦਵਾਰੇ ਬਖ਼ਸ਼ੇ ਮਾਣਾ, ਸਚ ਸਰਨਾਈ ਇਕ ਵਖਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ ਚੌਥੇ ਆਏ ਹਾਣਾ, ਵੇਲਾ ਅੰਤ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪਣਾ ਵੇਸ, ਕਰੇ ਕਰਾਏ ਨਰ ਨਰੇਸ਼, ਨਰ ਹਰਿ ਆਪਣਾ ਖੇਲ ਖਿਲਾਇਆ। ਨਰ ਹਰਿ ਖੇਲ ਖਲੰਦੜਾ, ਜੋਧਾ ਸੂਰਬੀਰ ਬਲਵਾਨ। ਸਚਖੰਡ ਦਵਾਰਾ ਆਪ ਵਸੰਦੜਾ, ਸੱਤ ਰੰਗ ਝੁਲਾਏ ਇਕ ਨਿਸ਼ਾਨ। ਤਖ਼ਤ ਤਾਜ ਇਕ ਵਖੰਦੜਾ, ਪੁਰਖ ਅਬਿਨਾਸ਼ੀ ਵਡ ਮਿਹਰਵਾਨ। ਏਕਾ ਹੁਕਮ ਆਪ ਸੁਨੰਦੜਾ, ਜੁਗਾ ਜੁਗੰਤਰ ਧੁਰ ਫ਼ਰਮਾਨ। ਬ੍ਰਹਮਾ ਏਕਾ ਮਾਰਗ ਆਪ ਚਲੰਦੜਾ, ਚਾਰ ਜੁਗ ਕਰ ਪਰਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਾਏ ਸਾਚੀ ਆਣ। ਸਾਚੀ ਆਣ ਸ਼ਬਦ ਜਣਾਇਆ, ਬ੍ਰਹਮੇ ਭੁੱਲ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਈਆ। ਤ੍ਰੈ ਤ੍ਰੈ ਚੇਲੇ ਰੂਪ ਵਟਾਇਆ, ਏਕਾ ਮਾਤ ਗੋਦ ਬਹਾਈਆ। ਸਿਰ ਸਮਰਥ ਹੱਥ ਟਿਕਾਇਆ, ਅਨਾਥ ਅਨਾਥਾਂ ਆਪ ਹੋ ਜਾਈਆ। ਏਕਾ ਮੰਤਰ ਗਾਥ ਪੜ੍ਹਾਇਆ, ਇਸ਼ਟ ਦੇਵ ਇਕ ਜਣਾਈਆ। ਏਕਾ ਦ੍ਰਿਸ਼ਟ ਦਏ ਖੁਲ੍ਹਾਇਆ, ਸ੍ਰਿਸ਼ਟ ਸਬਾਈ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦਿਤਾ ਏਕਾ ਵਰ, ਅੰਤਮ ਲੇਖਾ ਦਏ ਚੁਕਾਈਆ। ਅੰਤਮ ਲੇਖਾ ਹਰਿ ਚੁਕਾਵਣਾ, ਪਾਰਬ੍ਰਹਮ ਬ੍ਰਹਮ ਸਮਝਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਵਣਾ, ਹੁਕਮੀ ਹੁਕਮ ਆਪ ਫਿਰਾਇੰਦਾ। ਲੱਖ ਚੁਰਾਸੀ ਭਾਂਡਾ ਭੰਨ ਵਖਾਵਣਾ, ਘੜਿਆ ਕੋਇ ਰਹਿਣ ਨਾ ਪਾਇੰਦਾ। ਬ੍ਰਹਮ ਤੇਰਾ ਪੰਧ ਮੁਕਾਵਣਾ, ਜੋਤੀ ਜੋਤ ਮੇਲ ਮਿਲਾਇੰਦਾ। ਰਵ ਸਸ ਮੁਖ ਸ਼ਰਮਾਵਣਾ, ਜਗਤ ਅੰਧੇਰਾ ਪੜਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਧੁਰ ਦਰਬਾਰ, ਵਿਸ਼ਨ ਬ੍ਰਹਮੇ ਆਪ ਸਮਝਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਿਰਪਨ ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਖੇਲ ਅਪਾਰ, ਸਰਗੁਣ ਨਿਰਗੁਣ ਵੇਖ ਵਖਾਈਆ। ਦੋਹਾਂ ਵਿਚੋਲਾ ਆਪ ਕਰਤਾਰ, ਸ਼ਬਦ ਮੇਲਾ ਸਹਿਜ ਸੁਭਾਈਆ। ਗਾਵੇ ਢੋਲਾ ਵਿਚ ਸੰਸਾਰ, ਏਕਾ ਅੱਖਰ ਕਰੇ ਪੜ੍ਹਾਈਆ। ਬਦਲੇ ਚੋਲਾ ਅਗੰਮ ਅਪਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਕਲਾ ਸੋਲਾਂ ਨਾ ਕੋਇ ਅਵਤਾਰ, ਚੌਦਾਂ ਲੋਕ ਨਾ ਹੁਕਮ ਚਲਾਈਆ। ਅਕਲ ਕਲਾ ਕਲ ਆਪੇ ਧਾਰ, ਆਪ ਆਪਣਾ ਖੇਲ ਵਰਤਾਈਆ। ਕੂੜੀ ਕਿਰਿਆ ਪਾਵੇ ਸਾਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਆਪਣਾ ਲੇਖਾ ਆਪਣੇ ਹੱਥ ਰਖੌਣਾ, ਹਰਿ ਸਾਚਾ ਲੇਖ ਲਿਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰੌਣਾ, ਕਲਜੁਗ ਅੰਤਮ ਵੇਖ ਵਖਾਇੰਦਾ। ਰਾਮਾ ਕ੍ਰਿਸ਼ਨਾ ਵੇਸ ਵਟੌਣਾ, ਰਾਵਣ ਲੰਕਾ ਗੜ੍ਹ ਤੁੜਾਇੰਦਾ। ਗ਼ਰੀਬ ਨਿਮਾਣਿਆਂ ਗਲੇ ਲਗੌਣਾ, ਬਿਦਰ ਸੁਦਾਮਾ ਆਪ ਤਰਾਇੰਦਾ। ਈਸਾ ਮੂਸਾ ਸੰਗ ਨਿਭੌਣਾ, ਕਾਲਾ ਸੂਸਾ ਤਨ ਛੁਹਾਇੰਦਾ। ਕਲਮਾ ਅਮਾਮ ਆਪ ਪੜ੍ਹੌਣਾ, ਕਾਇਨਾਤ ਆਪ ਜਗਾਇੰਦਾ। ਸ਼ਰਅ ਸ਼ਰੀਅਤ ਇਕ ਵਖੌਣਾ, ਲਾਸ਼ਰੀਕ ਖੇਲ ਖਿਲਾਇੰਦਾ। ਬੇਐਬ ਪਰਵਰਦਿਗਾਰ ਰੂਪ ਵਟੌਣਾ, ਨੂਰੋ ਨੂਰ ਡਗਮਗਾਇੰਦਾ। ਉਚੀ ਕੂਕ ਨਾਅਰਾ ਇਕ ਸੁਣੌਣਾ, ਹੱਕ ਬਹੱਕ ਵੇਖ ਵਖਾਇੰਦਾ। ਐਨਲਹਕ ਮੇਲ ਮਿਲੌਣਾ, ਹੱਕ ਹਕੀਕਤ ਜੋੜ ਜੁੜਾਇੰਦਾ। ਜਗ ਤਾਰੀਕੀ ਇਕ ਗਵੌਣਾ, ਏਕਾ ਨੂਰ ਡਗਮਗਾਇੰਦਾ। ਤੁਲਬਾ ਤਾਲਬ ਇਕ ਅਖਵੌਣਾ, ਏਕਾ ਸਬਕ ਸੁਖ਼ਨ ਜਣਾਇੰਦਾ। ਰਹਿਮਤ ਰਹਿਮਾਨ ਨਾਉਂ ਧੁਰੌਣਾ, ਅਜ਼ਮਤ ਆਪਣੇ ਹੱਥ ਰਖਾਇੰਦਾ। ਸੰਗ ਮੁਹੰਮਦ ਮੇਲ ਮਿਲੌਣਾ, ਚਾਰ ਯਾਰੀ ਜੋੜ ਜੁੜਾਇੰਦਾ। ਮੱਕਾ ਕਾਅਬਾ ਫੇਰਾ ਪੌਣਾ, ਦੋ ਦੋ ਆਬਾ ਵੇਖ ਵਖਾਇੰਦਾ। ਸ਼ਾਹ ਨਵਾਬਾ ਨਾਉਂ ਧਰੌਣਾ, ਸ਼ਾਹ ਸਵਾਰ ਅਸਵ ਘੋੜਾ ਆਪ ਦੌੜਾਇੰਦਾ। ਆਬ ਹਯਾਤਾ ਜਾਮ ਪਿਔਣਾ, ਬੇਆਬ ਨਾ ਕੋਇ ਤੜਫਾਇੰਦਾ। ਸਾਬਤ ਈਮਾਨ ਇਕ ਰਖੌਣਾ, ਅੰਜੀਲ ਕੁਰਾਨ ਆਪੇ ਗਾਇੰਦਾ। ਤੀਸ ਬ਼ਤੀਸ ਆਪ ਸੁਣੌਣਾ, ਬੀਸ ਬੀਸਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਚਾ ਵੇਖ ਵਖਾਇੰਦਾ। ਕਲਜੁਗ ਸਾਚਾ ਵੇਖਣਹਾਰਾ, ਏਕਾ ਏਕੰਕਾਰ। ਕਰੇ ਖੇਲ ਅਗੰਮ ਅਪਾਰਾ, ਲੋਕਮਾਤ ਲੈ ਅਵਤਾਰ। ਨਾਨਕ ਨਿਰਗੁਣ ਦੀਪਕ ਜੋਤ ਕਰ ਉਜਿਆਰਾ, ਲੱਖ ਚੁਰਾਸੀ ਪਾਵੇ ਸਾਰ। ਸਚਖੰਡ ਦਵਾਰੇ ਪਾਰ ਕਿਨਾਰਾ, ਦੋ ਜਹਾਨਾਂ ਇਕ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਭਰੇ ਭੰਡਾਰ। ਸਾਚੀ ਵਸਤ ਨਾਮ ਭੰਡਾਰ, ਹਰਿ ਸਾਚੇ ਹੱਥ ਰਖਾਈਆ। ਨਾਨਕ ਨਿਰਗੁਣ ਕਰਿਆ ਇਕ ਪਿਆਰ, ਵਸਤ ਅਮੋਲਕ ਝੋਲੀ ਪਾਈਆ। ਨਾਮ ਸਤਿ ਵਣਜ ਵਪਾਰ, ਨਿਰਗੁਣ ਸਰਗੁਣ ਦਏ ਕਰਾਈਆ। ਚਾਰ ਵਰਨਾਂ ਦਏ ਆਧਾਰ, ਊਚਾਂ ਨੀਚਾਂ ਮੇਲ ਮਿਲਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਖ਼ਾਲਕ ਖ਼ਲਕ ਰੂਪ ਵਟਾਈਆ। ਮਿਲਿਆ ਮੇਲ ਮੀਤ ਮੁਰਾਰ, ਇਕ ਤੌਫ਼ੀਕ ਸ਼ਹਿਨਸ਼ਾਹੀਆ। ਸਚ ਰਫ਼ੀਕ ਹਰਿ ਨਿਰੰਕਾਰ, ਬੇਐਬ ਇਕ ਅਖਵਾਈਆ। ਮਹਿਬੂਬ ਮਿਲਿਆ ਕਰ ਪਿਆਰ, ਮੈਖ਼ਾਨਾ ਇਕ ਪਰਗਟਾਈਆ। ਕਾਇਆ ਕਾਅਬਾ ਕਰ ਤਿਆਰ, ਸਚ ਮਹਿਰਾਬੇ ਬੈਠਾ ਆਸਣ ਲਾਈਆ। ਉਚੀ ਕੂਕ ਕਰੇ ਪੁਕਾਰ, ਮੁਕਾਮੇ ਹੱਕ ਇਕ ਖ਼ੁਦਾਈਆ। ਨੂਰੋ ਨੂਰ ਜਲਵਾ ਸੱਚੀ ਸਰਕਾਰ, ਸਾਖਿਆਤ ਰੂਪ ਵਟਾਈਆ। ਹਿੰਦੂ ਮੁਸਲਮ ਕਰੇ ਪਿਆਰ, ਨਾਨਕ ਨਿਰਗੁਣ ਏਕਾ ਤਤ ਸਮਝਾਈਆ। ਵਰਨ ਗੋਤ ਤੋਂ ਵਸਿਆ ਬਾਹਰ, ਕਲਮਾ ਕਲਮੀ ਸਿਫ਼ਤ ਸਾਲਾਹੀਆ। ਖਾਣੀ ਬਾਣੀ ਕਰੇ ਪੁਕਾਰ, ਹਰਿ ਹਰਿ ਸਾਚੀ ਮਹਿਮਾ ਰਹੀ ਗਾਈਆ। ਅੱਖਰ ਲਿਖਣ ਪੜ੍ਹਨ ਵਿਚ ਨਾ ਕਰੇ ਕੋਇ ਵਿਚਾਰ, ਹਰਿ ਕਾ ਨਾਉਂ ਦਿਸ ਨਾ ਆਈਆ। ਚਾਰੇ ਵੇਦ ਲਿਖ ਲਿਖ ਗਏ ਹਾਰ, ਪੁਰਾਨ ਅਠਾਰਾਂ ਦੇਣ ਗਵਾਹੀਆ। ਵੇਦ ਵਿਆਸਾ ਕਰੇ ਪੁਕਾਰ, ਚਾਰ ਲੱਖ ਸਤਾਰਾਂ ਹਜ਼ਾਰ, ਸਲੋਕ ਗਿਆ ਗਣਾਈਆ। ਸ਼ਾਸਤਰ ਸਿਮਰਤ ਬਣ ਭਿਖਾਰ, ਮੰਗਣ ਭਿਖਿਆ ਬੇਪਰਵਾਹੀਆ। ਹਰਿ ਕਾ ਨਾਮ ਅਗੰਮ ਅਪਾਰ, ਬਿਨ ਸਤਿਗੁਰ ਪੂਰੇ ਹੱਥ ਕਿਸੇ ਨਾ ਆਈਆ। ਪੰਡਤ ਕੂਕਣ ਕਰਨ ਪੁਕਾਰ, ਵਾਚਕ ਵਿਦਿਆ ਰਹੇ ਗਾਈਆ। ਯਾਚਕ ਗੁਰਮੁਖ ਮੰਗੇ ਦਾਨ, ਦੇਵਣਹਾਰਾ ਇਕ ਰਘੁਰਾਈਆ। ਨਾਮ ਸਤਿ ਕਰ ਪਰਧਾਨ, ਨਾਨਕ ਸਿਖਿਆ ਸਿਖ ਸਮਝਾਈਆ। ਏਕਾ ਬਾਣੀ ਸ਼ਬਦ ਨਿਸ਼ਾਨ, ਧੁਰ ਫ਼ਰਮਾਨਾ ਆਖ ਸੁਣਾਈਆ। ਜੁਗਾ ਜੁਗੰਤਰ ਖੇਲ ਮਹਾਨ, ਸ੍ਰੀ ਭਗਵਾਨ ਆਪ ਕਰਾਈਆ। ਅੰਤਮ ਕਲਜੁਗ ਪਰਗਟ ਹੋਵੇ ਵਾਲੀ ਦੋ ਜਹਾਨ, ਨਿਹਕਲੰਕ ਆਪਣਾ ਨਾਉਂ ਧਰਾਈਆ। ਚਾਰ ਕੁੰਟ ਵਾਜੇ ਸ਼ਬਦ ਨਿਸ਼ਾਨ, ਸਚ ਨਗਾਰੇ ਚੋਟ ਲਗਾਈਆ। ਚਾਰੇ ਵਰਨ ਹੋਣ ਹੈਰਾਨ, ਅਠਾਰਾਂ ਬਰਨ ਮੁਖ ਸ਼ਰਮਾਈਆ । ਬ੍ਰਹਿਮੰਡ ਖੰਡ ਬ੍ਰਹਮਾ ਵਿਸ਼ਨ ਸ਼ਿਵ ਰਾਹ ਤਕਾਣ, ਕਰੋੜ ਤੇਤੀਸਾ ਰਾਜਾ ਸੁਰਪਤ ਇੰਦ ਮੰਗੇ ਦਾਨ, ਆਪਣੀ ਝੋਲੀ ਅੱਗੇ ਡਾਹੀਆ। ਏਕਾ ਜੋਤ ਬਲੀ ਬਲਵਾਨ, ਨਿਰਗੁਣ ਨਿਰਗੁਣ ਲਏ ਉਪਜਾਈਆ। ਦਸ ਰੂਪ ਵਿਚ ਜਹਾਨ, ਗੋਬਿੰਦ ਆਪਣੀ ਖੇਲ ਖਿਲਾਈਆ। ਸਾਚਾ ਖੰਡਾ ਨਾਮ ਕਿਰਪਾਨ, ਤਿਖੀ ਧਾਰ ਆਪ ਉਠਾਈਆ। ਪੰਚਮ ਮੀਤਾ ਪੰਚਮ ਕਰ ਪਰਧਾਨ, ਪੰਚਮ ਅੰਮ੍ਰਿਤ ਜਾਮ ਪਿਆਈਆ। ਪੰਚਮ ਦੇਵੇ ਧੁਰ ਫ਼ਰਮਾਨ, ਸ਼ਬਦ ਸੰਦੇਸ਼ ਇਕ ਸੁਣਾਈਆ। ਕਲਜੁਗ ਮਿਟੇ ਕੂੜ ਨਿਸ਼ਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਚੌਦਾਂ ਤਬਕ ਹੋਣ ਵੈਰਾਨ, ਅਲਫ਼ੀ ਅਲਫ਼ ਨਾ ਕੋਇ ਹੰਢਾਈਆ। ਮਾਇਆ ਮੰਦਰ ਨਾ ਦਿਸੇ ਨਿਸ਼ਾਨ, ਡੂੰਘੀ ਕੰਦਰ ਵੇਖ ਵਖਾਈਆ। ਕੱਟੇ ਜੰਦਰ ਪੰਜ ਸ਼ੈਤਾਨ, ਹਉਮੇ ਗੜ੍ਹ ਦਏ ਤੁੜਾਈਆ। ਪਰਗਟ ਹੋਵੇ ਵਾਲੀ ਦੋ ਜਹਾਨ, ਸ਼ਾਹੋ ਭੂਪ ਆਪਣਾ ਬਲ ਧਰਾਈਆ। ਸੰਬਲ ਨਗਰੀ ਸਚ ਮਕਾਨ, ਸਾਚਾ ਤਖ਼ਤ ਦਏ ਸੁਹਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਏਕਾ ਖੰਡਾ ਹੱਥ ਰਖਾਈਆ। ਲੋਆਂ ਪੁਰੀਆਂ ਪਾਵੇ ਆਣ, ਨੌ ਖੰਡ ਪ੍ਰਿਥਮੀ ਏਕਾ ਹੁਕਮ ਚਲਾਈਆ। ਸੱਤਾਂ ਦੀਪਾਂ ਕਰੇ ਪਛਾਣ, ਸੱਤ ਸਮੁੰਦ ਸਾਗਰ ਏਕਾ ਗੇੜਾ ਦਏ ਦਵਾਈਆ। ਪਰਗਟ ਪਰਗਟਾਏ ਗੁਰਮੁਖ ਚਤੁਰ ਸੁਜਾਨ, ਆਪ ਆਪਣੀ ਬੂਝ ਬੁਝਾਈਆ। ਏਕਾ ਰਾਗ ਸੁਣਾਏ ਕਾਨ, ਦਿਵਸ ਰੈਣ ਨਾਦ ਧੁਨ ਸ਼ਨਵਾਈਆ। ਮਿਲੇ ਮੇਲ ਸ੍ਰੀ ਭਗਵਾਨ, ਸੰਸਾ ਰੋਗ ਰਹੇ ਨਾ ਰਾਈਆ। ਘਰ ਮੰਦਰ ਵਸਾਏ ਇਕ ਮਕਾਨ, ਆਤਮ ਸੇਜਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਪਣਾ ਖੇਲ ਆਪ ਖਲਾਈਆ। ਕਲਜੁਗ ਅੰਤਮ ਖੇਲ ਖੇਲਣਾ, ਨਿਰਗੁਣ ਨੂਰ ਹਰਿ ਨਿਰੰਕਾਰ। ਭਗਤ ਭਗਵੰਤ ਆਪ ਆਪਣਾ ਮੇਲ ਮੇਲਣਾ, ਲੱਖ ਚੁਰਾਸੀ ਕਰ ਵਿਚਾਰ। ਆਪੇ ਜਾਣੇ ਆਪਣਾ ਵਕ਼ਤ ਵੇਲਨਾ, ਥਿਤ ਵਾਰ ਨਾ ਪਾਵੇ ਸਾਰ। ਲੇਖਾ ਜਾਣੇ ਗੁਰੂ ਚੇਲਨਾ, ਚੇਲਾ ਗੁਰ ਹਰਿ ਅਵਤਾਰ। ਆਪੇ ਵਸੇ ਰੰਗ ਨਵੇਲਨਾ, ਸਚਖੰਡ ਨਿਵਾਸੀ ਥਿਰ ਦਰਬਾਰ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਣਾ, ਕਲਜੁਗ ਤੇਰੀ ਅੰਤਮ ਵਾਰ। ਗੁਰਮੁਖਾਂ ਕੱਟੇ ਧਰਮ ਰਾਏ ਦੀ ਜੇਲਣਾ, ਰਾਏ ਧਰਮ ਨਾ ਮਾਰੇ ਮਾਰ। ਜੋਤ ਨਿਰੰਜਣ ਚਾੜ੍ਹੇ ਤੇਲਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਚ ਉਭਾਰਿਆ, ਕਰ ਕਿਰਪਾ ਹਰਿ ਗੋਬਿੰਦ। ਦੇਵੇ ਦਰਸ ਅਗੰਮ ਅਪਾਰਿਆ, ਮੇਟੇ ਸਗਲੀ ਚਿੰਦ। ਕਾਇਆ ਕਪੜ ਆਪੇ ਠਾਰਿਆ, ਅੰਮ੍ਰਿਤ ਪਿਆਏ ਸਾਗਰ ਸਿੰਧ। ਆਵਣ ਜਾਵਣ ਗੇੜ ਨਵਾਰਿਆ, ਮੇਲ ਮਿਲਾਇਆ ਗੁਣੀ ਗਹਿੰਦ। ਲੱਖ ਚੁਰਾਸੀ ਪਾਰ ਕਿਨਾਰਿਆ, ਹਰਿ ਮਿਲਿਆ ਸਦ ਬਖ਼ਸ਼ਿੰਦ। ਘਰ ਮੰਦਰ ਸੋਹੇ ਦਵਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਟੇ ਸਗਲੀ ਚਿੰਦ। ਹਰਿਜਨ ਚਿੰਤਾ ਚਿਖਾ ਟੁਟਾ ਨਾਤਾ, ਰੋਗ ਸੋਗ ਰਹਿਣ ਨਾ ਪਾਈਆ। ਮਿਲਿਆ ਮੇਲ ਪੁਰਖ ਬਿਧਾਤਾ, ਆਤਮ ਅੰਤਰ ਵੱਜੀ ਵਧਾਈਆ। ਮਿਟੀ ਰੈਣ ਅੰਧੇਰੀ ਰਾਤਾ, ਸਚ ਸੁੱਚ ਕਰੇ ਰੁਸ਼ਨਾਈਆ। ਹਰਿਜਨ ਸੁਣਾਏ ਹਰਿ ਹਰਿ ਸਾਚੀ ਗਾਥਾ, ਏਕਾ ਅੱਖਰ ਕਰੇ ਪੜ੍ਹਾਈਆ। ਲੇਖ ਚੁਕਾਏ ਮਸਤਕ ਮਾਥਾ, ਧੁਰ ਮਸਤਕ ਵੇਖ ਵਖਾਈਆ। ਆਪ ਚੜ੍ਹਾਏ ਆਪਣੇ ਰਾਥਾ, ਸਤਿਗੁਰ ਪੂਰਾ ਸੇਵ ਕਮਾਈਆ। ਗੁਰਸਿਖ ਨਾ ਵਿਕੇ ਕਿਸੇ ਹਾਟਾ, ਚੌਦਾਂ ਲੋਕ ਚਰਨਾਂ ਹੇਠ ਦਬਾਈਆ। ਚਾਰ ਜੁਗ ਦਾ ਪੂਰਾ ਕਰੇ ਘਾਟਾ, ਜੋ ਜਨ ਆਏ ਸਰਨਾਈਆ। ਅੱਗੇ ਨੇੜੇ ਰੱਖੇ ਵਾਟਾ, ਪਿਛਲਾ ਪੰਧ ਮੁਕਾਈਆ। ਅੰਮ੍ਰਿਤ ਪਿਆਏ ਕਾਇਆ ਬਾਟਾ, ਸਰ ਸਰੋਵਰ ਦਏ ਨੁਹਾਈਆ। ਦੋ ਜਹਾਨਾਂ ਰੱਖੇ ਸਾਥਾ, ਸਗਲਾ ਸੰਗ ਆਪ ਨਿਭਾਈਆ। ਲਹਿਣਾ ਦੇਣਾ ਚੁਕਿਆ ਤੀਰਥ ਅਠਸਾਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਗੁਰਸਿਖ ਤੇਰੇ ਚਰਨ ਵਹਾਈਆ। ਮਸਤਕ ਜੋਤ ਜਗੇ ਲਲਾਟਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਸਚ ਭੰਡਾਰਾ ਨਾਮ ਵਰਤਾਈਆ। ਗੁਰਸਿਖ ਸੋਵੇ ਸਾਚੀ ਖਾਟਾ, ਸਤਿਗੁਰ ਪੂਰੇ ਆਪ ਵਿਛਾਈਆ। ਦੇਵਣਹਾਰਾ ਸਾਚੀ ਦਾਤਾ, ਦਾਤਾ ਦਾਨੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਤਾਰਿਆ, ਕਰ ਕਿਰਪਾ ਆਪ ਕਰਤਾਰ। ਜੁਗ ਜੁਗ ਦਾ ਕਰਮ ਨਿਵਾਰਿਆ, ਨੇਹਕਰਮੀ ਕਰਮ ਵਿਚਾਰ। ਮਾਣਸ ਜਨਮ ਆਪ ਸੁਆਰਿਆ, ਫਿਰ ਆਏ ਨਾ ਦੂਜੀ ਵਾਰ। ਸਾਚੇ ਪੌੜੇ ਆਪੇ ਚਾੜ੍ਹਿਆ, ਦਸਮ ਦਵਾਰਿਉਂ ਕੱfਢਆ ਬਾਹਰ। ਸ਼ਬਦ ਘੋੜੇ ਸ਼ਾਹ ਅਸਵਾਰਿਆ, ਆਪੇ ਬੰਨ੍ਹੇ ਆਪਣੀ ਧਾਰ। ਸਚਖੰਡ ਦਵਾਰੇ ਆਪੇ ਵਾੜਿਆ, ਥਿਰ ਘਰ ਖੋਲ੍ਹ ਆਪ ਕਿਵਾੜ। ਜੋਤੀ ਜੋਤ ਮੇਲ ਮਿਲਾ ਰਿਹਾ, ਪੰਜ ਤਤ ਨਾ ਕੋਇ ਪਿਆਰ। ਵਾਸਨਾ ਖੋਟੀ ਸਰਬ ਕਢਾ ਰਿਹਾ, ਆਤਮ ਜੋਤੀ ਕਰ ਉਜਿਆਰ। ਕੋਟਨ ਕੋਟੀ ਦਰ ਦੁਰਕਾ ਰਿਹਾ, ਗੁਰਮੁਖ ਸਾਚੇ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੈ ਅਵਤਾਰ। ਕਲਜੁਗ ਅੰਤਮ ਹਰਿ ਹਰਿ ਜਾਮਾ, ਨਿਰਗੁਣ ਜੋਤ ਜਗਾਈਆ। ਲੇਖਾ ਜਾਣੇ ਸੀਆ ਰਾਮਾ, ਰਾਧਾ ਕ੍ਰਿਸ਼ਨਾ ਵੇਖ ਵਖਾਈਆ। ਈਸਾ ਮੂਸਾ ਪਹਿਰੇ ਬਾਣਾ, ਸੰਗ ਮੁਹੰਮਦ ਕਰੇ ਰੁਸ਼ਨਾਈਆ। ਨਾਨਕ ਗੋਬਿੰਦ ਕਰ ਪਰਧਾਨਾ, ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਪਰਗਟ ਹੋਵੇ ਵਾਲੀ ਦੋ ਜਹਾਨਾਂ, ਨਿਹਕਲੰਕਾ ਨਾਉਂ ਧਰਾਈਆ। ਹੱਥ ਰਖਾਏ ਸਚ ਨਿਸ਼ਾਨਾ, ਨੌ ਖੰਡ ਪ੍ਰਿਥਮੀ ਦਏ ਝੁਲਾਈਆ। ਮੇਟ ਮਿਟਾਏ ਸ਼ਾਹ ਸੁਲਤਾਨਾ, ਸੀਸ ਤਾਜ ਨਾ ਕੋਇ ਹੰਢਾਈਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਲਾੜੀ ਮੌਤ ਲਏ ਪਰਨਾਈਆ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਜਿਸ ਜਨ ਆਪਣੀ ਬੂਝ ਬੁਝਾਈਆ। ਗੋਬਿੰਦ ਰੂਪ ਖੇਲੇ ਖੇਲ ਸ੍ਰੀ ਭਗਵਾਨਾ, ਗੋਬਿੰਦ ਆਪਣਾ ਰੂਪ ਵਟਾਈਆ। ਕਾਲ ਮਹਾਂਕਾਲ ਰਖਾਏ ਚਰਨ ਧਿਆਨਾ, ਆਦਿ ਸ਼ਕਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੁਗ ਵਿਛੜੇ ਮੇਲ ਮਿਲਾਈਆ। ਕਲਜੁਗ ਵੇਲਾ ਅੰਤਮ ਆਇਆ, ਚਾਰ ਕੁੰਟ ਕੂਕੇ ਦਏ ਦੁਹਾਈਆ। ਬ੍ਰਹਮੇ ਆਪਣਾ ਨੈਣ ਉਠਾਇਆ, ਚਾਰੇ ਕੂਟਾਂ ਵੇਖ ਵਖਾਈਆ। ਚਾਰੇ ਵੇਦਾਂ ਮੁਖ ਸ਼ਰਮਾਇਆ, ਅਥਰਬਣ ਸੰਗ ਨਾ ਕੋਇ ਨਿਭਾਈਆ। ਚਾਰੇ ਖਾਣੀ ਭੇਵ ਨਾ ਰਾਇਆ, ਤੁਰੀਆ ਨਾਦ ਨਾ ਕੋਇ ਵਜਾਈਆ। ਚਾਰੇ ਵਰਨਾਂ ਨਾਤਾ ਦਏ ਤੁੜਾਇਆ, ਸਗਲਾ ਸੰਗ ਨਾ ਕੋਇ ਨਿਭਾਈਆ। ਚੌਥੇ ਜੁਗ ਧੀਰ ਨਾ ਕੋਇ ਵਖਾਇਆ, ਚਾਰ ਯਾਰੀ ਨੇਤਰ ਨੈਣਾਂ ਨੀਰ ਰਹੇ ਵਹਾਈਆ। ਅੱਲਾ ਰਾਣੀ ਮੁਖ ਕੁਮਲਾਇਆ, ਝੂਠਾ ਘੁੰਗਟ ਰਹੀ ਵਖਾਈਆ। ਧਰਤ ਮਾਤ ਦਏ ਦੁਹਾਇਆ, ਧੀਰਜ ਜਤ ਸਤਿ ਨਾ ਕੋਇ ਧਰਾਈਆ। ਮਾਵਾਂ ਪੁਤਰਾਂ ਨੇਂਹ ਲਗਾਇਆ, ਭੈਣਾਂ ਭੱਯਾ ਸੰਗ ਰਖਾਈਆ। ਪਿਤਾ ਪੂਤ ਨਾ ਕੋਇ ਸੁਹਾਇਆ, ਲੇਖਾ ਚੁਕਿਆ ਸਰਬ ਲੋਕਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸਾਧ ਸੰਤ ਕੋਈ ਦਿਸ ਨਾ ਆਇਆ, ਕਾਇਆ ਬੰਕ ਨਾ ਕੋਇ ਵਡਿਆਈਆ। ਧੀਆਂ ਭੈਣਾਂ ਰਹੇ ਤਕਾਇਆ, ਅਠਸਠ ਤੀਰਥ ਫੇਰਾ ਪਾਈਆ। ਮਨ ਕਾ ਮਣਕਾ ਨਾ ਕਿਸੇ ਫਿਰਾਇਆ, ਮਾਲਾ ਅਠੋਤਰੀ ਰਹੇ ਚਲਾਈਆ। ਜਨ ਜਨਕਾ ਮੇਲ ਨਾ ਕਿਸੇ ਮਿਲਾਇਆ, ਸੀਤਾ ਰਾਮ ਨਾ ਕੋਇ ਕੁੜਮਾਈਆ। ਰਾਧਾ ਕ੍ਰਿਸ਼ਨ ਨਾ ਮੇਲ ਮਿਲਾਇਆ, ਨਾਮ ਬੰਸਰੀ ਨਾ ਕੋਇ ਵਜਾਈਆ। ਸਤਿ ਨਾਮ ਨਾ ਨਜ਼ਰੀ ਆਇਆ, ਨਿਰਗੁਣ ਨਿਰਾਕਾਰ ਨਾਨਕ ਨਾਮ ਨਾ ਕਿਸੇ ਦ੍ਰਿੜਾਈਆ। ਪੰਜਾਂ ਡੇਰਾ ਕਿਸੇ ਨਾ ਢਾਇਆ, ਗੁਰਦਰ ਮੰਦਰ ਪਈ ਲੜਾਈਆ। ਹਰਿ ਕਾ ਮੰਦਰ ਦਿਸ ਨਾ ਆਇਆ, ਕਲਜੁਗ ਪੜਦਾ ਰਿਹਾ ਪਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਕਲਜੁਗ ਅੰਤਮ ਵੇਸ ਵਟਾਈਆ। ਨਿਹਕਲੰਕੀ ਜਾਮਾ ਪਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੋਬਿੰਦ ਡੰਕਾ ਇਕ ਵਜਾਇਆ, ਸੰਬਲ ਨਗਰੀ ਧਾਮ ਸੁਹਾਈਆ। ਰਾਓ ਰੰਕਾਂ ਆਪ ਉਠਾਇਆ, ਸੋਇਆ ਕੋਇ ਰਹਿਣ ਨਾ ਪਾਈਆ। ਸਭ ਦਾ ਸ਼ੰਕਾ ਦਏ ਮਿਟਾਇਆ, ਸੰਮਤ ਵੀਹ ਸੌ ਸਤਾਰਾਂ ਦਏ ਗਵਾਹੀਆ। ਵਾਸੀ ਪੁਰੀ ਘਨਕਾ ਆਪ ਅਖਵਾਇਆ, ਵਾਰ ਅਨਕਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਲਏ ਉਠਾਈਆ। ਗੁਰਮੁਖ ਸਾਚਾ ਜਾਗਿਆ, ਕਲਜੁਗ ਤੇਰੀ ਅੰਤਮ ਵਾਰ। ਹਰਿ ਹਰਿ ਪਾਇਆ ਕੰਤ ਸੁਹਾਗਿਆ, ਮੇਲ ਮਿਲਾਵਾ ਕੰਤ ਭਤਾਰ। ਸੁਨ ਉਪਜੇ ਇਕ ਵੈਰਾਗਿਆ, ਦਰ ਭਗਤਨ ਹੋਏ ਖਵਾਰ। ਜੋ ਜਨ ਸਰਨਾਈ ਲਾਗਿਆ, ਸਤਿਗੁਰ ਪੂਰਾ ਖੋਲ੍ਹੇ ਬੰਦ ਕਿਵਾੜ। ਤ੍ਰੈਗੁਣ ਮਾਇਆ ਡੱਸੇ ਨਾ ਡੱਸਣੀ ਨਾਗਿਆ, ਪੰਚ ਵਿਕਾਰਾ ਦੇਵੇ ਦਰ ਦੁਰਕਾਰ। ਫੜ ਫੜ ਹੰਸ ਬਣਾਇਆ ਕਾਗਿਆ, ਸੋਹੰ ਮੋਤੀ ਚੁਗੇ ਚੋਗ ਅਪਾਰ। ਦੁਰਮਤ ਮੈਲ ਧੋਵੇ ਦਾਗ਼ਿਆ, ਨਿਰਮਲ ਅੰਮ੍ਰਿਤ ਉਪਰ ਡਾਰ। ਮਾਇਆ ਮਮਤਾ ਬੁਝੇ ਆਗਿਆ, ਕਾਇਆ ਹੋਏ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਪਾਰ ਉਤਾਰਿਆ, ਕਰ ਕਿਰਪਾ ਹਰਿ ਭਗਵਾਨ। ਅੰਤਮ ਮੇਲ ਵਿਚ ਸੰਸਾਰਿਆ, ਸ਼ਬਦ ਵਖਾਏ ਧੁਰ ਨਿਸ਼ਾਨ। ਆਵਣ ਜਾਵਣ ਗੇੜ ਨਿਵਾਰਿਆ, ਲੱਖ ਚੁਰਾਸੀ ਫੰਦ ਕਟਾਨ। ਪਾਇਆ ਪੁਰਖ ਇਕ ਕਰਤਾਰਿਆ, ਵਡ ਦਾਤਾ ਗੁਣੀ ਨਿਧਾਨ। ਮਾਣਸ ਜਨਮ ਜਨਮ ਪੈਜ ਸੁਆਰਿਆ, ਸਾਚੀ ਸਖੀ ਮਿਲਿਆ ਹਰਿ ਹਰਿ ਏਕਾ ਕਾਹਨ। ਸਚਖੰਡ ਦਵਾਰੇ ਆਪੇ ਵਾੜਿਆ, ਬ੍ਰਹਮਾ ਵਿਸ਼ਨ ਸ਼ਿਵ ਹੋਏ ਹੈਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਕਰੇ ਪਰਵਾਨ। ਗੁਰਸਿਖ ਹੋਏ ਪਰਵਾਨਿਆ, ਦਰਗਹ ਸਾਚੀ ਮੇਲ ਮਿਲਾਏ। ਅੰਤਮ ਦੇਵੇ ਸ਼ਬਦ ਬਬਾਣਿਆ, ਸਤਿਗੁਰ ਪੂਰਾ ਆਪ ਚੜ੍ਹਾਏ। ਰਾਏ ਧਰਮ ਮੁਖ ਸ਼ਰਮਾਨਿਆ, ਚਿਤਰ ਗੁਪਤ ਨਾ ਲੇਖ ਵਖਾਏ। ਬ੍ਰਹਮਾ ਨਿਉਂ ਨਿਉਂ ਸੀਸ ਝੁਕਾਨਿਆ, ਜਿਸ ਮਾਰਗ ਗੁਰਸਿਖ ਜਾਏ। ਵਿਸ਼ਨੂੰ ਦੋਏ ਜੋੜ ਕਰੇ ਧਿਆਨਿਆ, ਵਾਹ ਵਾ ਰਸਨਾ ਹਰਿ ਗੁਣ ਗਾਏ। ਪੁਰਖ ਅਬਿਨਾਸ਼ੀ ਸਦ ਮਿਹਰਵਾਨਿਆ, ਹਰਿਜਨ ਸਾਚੇ ਗੋਦ ਬਹਾਏ। ਦਰਗਹ ਸਾਚੀ ਧਾਮ ਵਖਾਨਿਆ, ਸਚਖੰਡ ਦਵਾਰਾ ਸੋਭਾ ਪਾਏ। ਤਖ਼ਤ ਨਿਵਾਸੀ ਖੇਲ ਮਹਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਧਾਮ ਵਸਾਏ। ਹਰਿ ਕਾ ਧਾਮ ਅਵਲੱੜਾ, ਸਚਖੰਡ ਦਵਾਰਾ ਸੋਭਾਵੰਤ। ਪੁਰਖ ਅਬਿਨਾਸ਼ੀ ਵਸੇ ਇਕ ਇਕੱਲੜਾ, ਖੇਲੇ ਖੇਲ ਆਦਿ ਜੁਗਾਦੀ ਜੁਗਾ ਜੁਗੰਤ। ਹਰਿਜਨ ਫੜਾਏ ਸਾਚਾ ਪਲੜਾ, ਮੇਲ ਮਿਲਾਏ ਸਾਚੇ ਸੰਤ। ਜੋਤੀ ਸ਼ਬਦੀ ਆਪੇ ਰਲੜਾ, ਆਪੇ ਮਹਿਮਾ ਜਾਣੇ ਬੇਅੰਤ। ਗੁਰਸਿਖ ਸਾਚੇ ਸਚ ਫੜਾਇਆ ਪਲੜਾ, ਲੇਖਾ ਚੁਕਾਏ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਦਰ, ਮੇਲ ਮਿਲਾਵਾ ਨਾਰੀ ਕੰਤ। ਨਾਰੀ ਕੰਤ ਹਰਿ ਪਾਇਆ, ਕੰਤ ਕੰਤੂਹਲ ਨੌਜਵਾਨ। ਸਾਚੀ ਸੇਜਾ ਇਕ ਹੰਢਾਇਆ, ਮਿਲਿਆ ਮੇਲ ਸ੍ਰੀ ਭਗਵਾਨ। ਸੰਸਾ ਰੋਗ ਰਹੇ ਨਾ ਰਾਇਆ, ਘਰ ਵਸਿਆ ਸਚ ਮਕਾਨ। ਸਤਿ ਸੰਤੋਖੀ ਏਕਾ ਪਾਇਆ, ਸਤਿ ਸਤਿਵਾਦੀ ਵਡ ਮਿਹਰਵਾਨ। ਧੁਰ ਸੰਜੋਗੀ ਮੇਲ ਮਿਲਾਇਆ, ਵਿਛੜ ਨਾ ਜਾਏ ਦੋ ਜਹਾਨ। ਹਉਂ ਰੋਗੀ ਰੋਗ ਚੁਕਾਇਆ, ਅੰਗੀਕਾਰ ਕਰ ਆਪ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਪਛਾਣ। ਗੁਰਸਿਖ ਰੇਸ਼ਮ ਸਾਚਾ ਪਟ, ਪੁਰਖ ਅਬਿਨਾਸ਼ਾ ਤੰਦ ਤੰਦ ਉਣਾਇਆ। ਸਚਖੰਡ ਦਵਾਰਾ ਖੋਲ੍ਹ ਹੱਟ, ਸਾਚੇ ਹੱਟ ਵਿਕਾਇਆ। ਬ੍ਰਹਮਾ ਵਿਸ਼ਨ ਸ਼ਿਵ ਲਾਹਾ ਰਹੇ ਖੱਟ, ਗੁਰਸਿਖ ਤੇਰਾ ਦਰਸ਼ਨ ਪਾਇਆ। ਤੇਰਾ ਕਿਨਾਰਾ ਏਕਾ ਤੀਰਥ ਤਟ, ਸਚਖੰਡ ਦਵਾਰਾ ਆਪ ਬਣਾਇਆ। ਤੇਰੀ ਜੋਤ ਜਗੇ ਲਟ ਲਟ, ਆਦਿ ਸ਼ਕਤ ਭਵਾਨੀ ਤੇਰਾ ਰੂੂਪ ਵਟਾਇਆ। ਤੇਰੀ ਕਾਇਆ ਸਾਚਾ ਮਟ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਤੇਰਾ ਲਹਿਣਾ ਦੇਣਾ ਚੁਕਿਆ ਪੂਜਾ ਪਾਠ, ਏਕਾ ਨੇਤਰ ਹਰਿ ਹਰਿ ਦਰਸ਼ਨ ਪਾਇਆ। ਤੇਰਾ ਬੇੜਾ ਉਤਰਿਆ ਪਾਰ ਘਾਟ, ਮੰਝਧਾਰ ਨਾ ਕੋਇ ਰੁੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰੇਸ਼ਮ ਤਾਣਾ ਪੇਟਾ, ਹਰਿ ਹਰਿ ਬਣਿਆ ਖੇਵਟ ਖੇਟਾ, ਮਾਤ ਪਿਤ ਲੇਖਾ ਜਾਣੇ ਬੇਟੀ ਬੇਟਾ, ਬਾਲ ਬਾਲਾ ਲਏ ਤਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਰੂਪ ਦੋ ਜਹਾਨ, ਸਰਗੁਣ ਨਿਰਗੁਣ ਆਪਣਾ ਖੇਲ ਖਿਲਾਇਆ। ਸੋ ਪੁਰਖ ਨਿਰੰਜਣ ਨਿਰਾਕਾਰ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰਾ ਹੋ ਤਿਆਰ, ਆਦਿ ਨਿਰੰਜਣ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਸਚ ਦਰਬਾਰ, ਸਚ ਸਿੰਘਾਸਣ ਆਸਣ ਲਾਇੰਦਾ। ਸ੍ਰੀ ਭਗਵਾਨ ਬਣ ਭਿਖਾਰ, ਦਰ ਦਰਵੇਸ਼ ਅਲੱਖ ਜਗਾਇੰਦਾ। ਪਾਰਬ੍ਰਹਮ ਇਕ ਭੰਡਾਰ, ਆਪਣੀ ਝੋਲੀ ਆਪੇ ਪਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਸਚਖੰਡ ਦਵਾਰੇ ਆਪ ਕਰਾਇੰਦਾ। ਘਰ ਵਿਚ ਘਰ ਖੋਲ੍ਹ ਕਿਵਾੜ, ਥਿਰ ਘਰ ਆਪਣਾ ਵੇਖ ਵਖਾਇੰਦਾ। ਆਪਣੇ ਮੰਦਰ ਹੋ ਤਿਆਰ, ਆਸਣ ਸਿੰਘਾਸਣ ਆਪ ਸੁਹਾਇੰਦਾ। ਆਪਣੀ ਸੇਜਾ ਕਰ ਵਿਚਾਰ, ਸੇਜ ਸੁਹੰਜਣੀ ਆਪ ਸੁਹਾਇੰਦਾ। ਆਪੇ ਨਾਰ ਕੰਤ ਭਤਾਰ, ਨਰ ਨਰਾਇਣ ਆਪ ਅਖਵਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਲੱਖ ਚੁਰਾਸੀ ਰਚਨ ਰਚਾਇੰਦਾ। ਆਪੇ ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤਤ ਜੋੜ ਜੁੜਾਇੰਦਾ। ਆਪੇ ਅੰਤਮ ਮਾਰੇ ਮਾਰ, ਚਾਰੇ ਖਾਣੀ ਵੇਖ ਵਖਾਇੰਦਾ। ਆਪੇ ਲੇਖਾ ਜਾਣੇ ਸਰਬ ਸੰਸਾਰ, ਲੇਖਾ ਲੇਖੇ ਆਪੇ ਪਾਇੰਦਾ। ਆਪੇ ਜੁਗ ਜੁਗ ਗੇੜਾ ਗੇੜਨਹਾਰ, ਕੋਹਲੂ ਚਰਖ਼ਾ ਚੱਕੀ ਚੱਕ ਆਪ ਭਵਾਇੰਦਾ। ਆਪੇ ਰੱਖੇ ਰੱਖਣਹਾਰ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਲੱਖ ਚੁਰਾਸੀ ਕਰੇ ਆਰ ਪਾਰ, ਜੋ ਘੜਿਆ ਸੋ ਭੰਨ ਵਖਾਇੰਦਾ। ਕਲਜੁਗ ਅੰਤਮ ਹੋਏ ਖ਼ਵਾਰ, ਧੀਰਜ ਧਰਮ ਨਾ ਕੋਇ ਧਰਾਇੰਦਾ। ਨਿਹਕਲੰਕਾ ਨਰ ਹਰਿ ਨਰਾਇਣ ਇਕ ਅਵਤਾਰ, ਲੋਕਮਾਤ ਜੋਤ ਜਗਾਇੰਦਾ। ਨੌ ਖੰਡ ਪ੍ਰਿਥਮੀ ਬਣੇ ਸੱਚਾ ਸਿਕਦਾਰ, ਸੱਤਾਂ ਦੀਪਾਂ ਇਕ ਨਿਸ਼ਾਨ ਝੁਲਾਇੰਦਾ। ਸ਼ਾਹ ਸੁਲਤਾਨਾ ਕਰ ਖ਼ਵਾਰ, ਰਾਜ ਰਾਜਾਨਾਂ ਦਰ ਦਰ ਫਿਰਾਇੰਦਾ। ਬੀਸ ਬੀਸਾ ਮਾਰੇ ਮਾਰ, ਜਗਤ ਜਗਦੀਸਾ ਆਪ ਅਖਵਾਇੰਦਾ। ਰਾਗ ਛਤੀਸਾ ਪਾਏ ਸਾਰ, ਜਗਤ ਹਦੀਸਾ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਏਕਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ।
