Granth 09 Likhat 136: Pahili Harh 2017 Bikarmi Jethuwal Darbar Wich

ਪਹਿਲੀ ਹਾੜ ੨੦੧੭ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਧੰਨ ਭਾਗ ਦਿਹਾੜਾ ਪਹਿਲੀ ਹਾੜ, ਹਰਿ ਆਪਣੀ ਏਕਮ ਵੇਖ ਵਖਾਈਆ। ਮਾਤਲੋਕ ਵੇਖੇ ਪੁਰਖ ਅਬਿਨਾਸ਼ੀ ਇਕ ਅਖਾੜ, ਦੋ ਜਹਾਨਾਂ ਵੇਸ ਵਟਾਈਆ। ਸ਼ਾਹ ਸੁਲਤਾਨਾ ਸਾਚਾ ਲਾੜ, ਤ੍ਰੈ ਤ੍ਰੈ ਆਪਣਾ ਭੇਵ ਖੁਲ੍ਹਾਈਆ। ਲੱਖ ਚੁਰਾਸੀ ਟੋਹੇ ਨਾੜ ਨਾੜ, ਚੌਥੇ ਘਰ ਕਰੇ ਖੇਲ ਬੇਪਰਵਾਹੀਆ। ਪੰਚ ਵਿਕਾਰਾ ਦੇਵੇ ਸਾੜ, ਪੰਚਮ ਸ਼ਬਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਏਕਮ ਵੇਖ ਵਖਾਈਆ। ਹਰਿ ਏਕਮ ਅਪਾਰ, ਵਦੀ ਸੁਦੀ ਨਾ ਕੋਇ ਰਖਾਇੰਦਾ। ਰਵ ਸਸ ਨਾ ਪਾਇਣ ਸਾਰ, ਪੁੰਨਿਆ ਅਮਾਵਸ ਨਾ ਰੂਪ ਵਟਾਇੰਦਾ। ਬਰਸ ਮਾਸ ਨਾ ਕੋਈ ਧਾਰ, ਦਿਵਸ ਰੈਣ ਨਾ ਕੋਇ ਜਣਾਇੰਦਾ। ਘੜੀ ਪਲ ਨਾ ਕੋਇ ਪਿਆਰ, ਵੇਲਾ ਵਕਤ ਨਾ ਕੋਇ ਵਖਾਇੰਦਾ। ਆਪਣੀ ਇਛਿਆ ਆਪੇ ਧਾਰ, ਆਪਣੀ ਕਲ ਵਰਤਾਇੰਦਾ। ਨਾ ਕੋਈ ਸਿਖਿਆ ਸਿਖੇ ਵਿਚ ਸੰਸਾਰ, ਬੇਪਰਵਾਹ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਏਕਮ ਆਪ ਸੁਹਾਇੰਦਾ। ਸਾਚੀ ਏਕਮ ਹਰਿ ਨਿਰੰਕਾਰ, ਆਪਣੀ ਆਪ ਉਪਾਈਆ। ਸਚਖੰਡ ਦਵਾਰੇ ਬੈਠ ਸੱਚੀ ਸਰਕਾਰ, ਸਾਚੀ ਵੰਡਣ ਵੰਡ ਵੰਡਾਈਆ। ਲੋਆਂ ਪੁਰੀਆਂ ਹੋਇਆ ਬਾਹਰ, ਗਗਨ ਪਤਾਲ ਨਾ ਕੋਇ ਵਖਾਈਆ। ਮੰਡਲ ਮੰਡਪ ਨਾ ਕੋਇ ਸਹਾਰ, ਜ਼ਿਮੀ ਅਸਮਾਨ ਨਾ ਰੂਪ ਦਰਸਾਈਆ। ਜਲ ਬਿੰਬ ਨਾ ਕੋਇ ਅਕਾਰ, ਮਹੀਅਲ ਰੂਪ ਨਾ ਕੋਇ ਵਟਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਵਣਜਾਰ, ਚੌਦਾਂ ਲੋਕ ਨਾ ਹੱਟ ਖੁਲ੍ਹਾਈਆ। ਤ੍ਰੈਭਵਨ ਨਾ ਕੋਇ ਆਧਾਰ, ਅਵਣ ਗਵਣ ਨਾ ਕੋਇ ਫਿਰਾਈਆ। ਉਣੰਜਾ ਪਵਣ ਨਾ ਕੋਇ ਹੁਲਾਰ, ਰੂਪ ਰੇਖ ਨਾ ਕੋਇ ਵਖਾਈਆ। ਸਾਚੇ ਮੰਦਰ ਬੈਠ ਸੱਚੀ ਸਰਕਾਰ, ਦਰ ਘਰ ਸਾਚਾ ਆਪ ਸੁਹਾਈਆ। ਆਪਣੀ ਇਛਿਆ ਕਰ ਵਿਚਾਰ, ਆਪਣੀ ਭਿਛਿਆ ਝੋਲੀ ਪਾਈਆ। ਸਾਚਾ ਨਾਮ ਭੰਡਾਰਾ ਕਰ ਤਿਆਰ, ਦਾਤਾ ਦਾਨੀ ਆਪਣੇ ਹੱਥ ਰਖਾਈਆ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਮੰਗੇ ਨਾ ਕੋਇ ਛਾਹੀਆ। ਜਗਤ ਜੁਗਤ ਨਾ ਕੋਇ ਵਿਚਾਰ, ਭਗਤ ਭਗਵੰਤ ਨਾ ਕੋਇ ਸਾਲਾਹੀਆ। ਨਾਰ ਕੰਤ ਨਾ ਕੋਇ ਪਿਆਰ, ਸੇਜ ਸੁਹੰਜਣੀ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਏਕਮ ਆਪ ਬਣਾਈਆ। ਏਕਾ ਏਕਮ ਹਰਿ ਭਗਵਾਨ, ਆਪਣੀ ਆਪ ਉਪਾਇੰਦਾ। ਦੂਸਰ ਨਾ ਕੋਈ ਦਿਸੇ ਨਿਸ਼ਾਨ, ਨਾ ਕੋਈ ਰਚਨ ਰਚਾਇੰਦਾ। ਮਹੱਲ ਅਟੱਲ ਨਾ ਕੋਇ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਧੁਨ ਨਾਦ ਨਾ ਕੋਇ ਗਾਨ, ਰਾਗਨੀ ਰਾਗ ਨਾ ਕੋਇ ਸੁਣਾਇੰਦਾ। ਪਵਣ ਪਾਣੀ ਨਾ ਕੋਇ ਮਸਾਣ, ਅਗਨੀ ਤਤ ਨਾ ਕੋਇ ਰਖਾਇੰਦਾ। ਵਿਦਿਆ ਮੰਤਰ ਨਾ ਕੋਇ ਗਿਆਨ, ਸਿਖਿਆ ਸਿਖ ਨਾ ਕੋਇ ਸਮਝਾਇੰਦਾ। ਸਰਵਣ ਸੁਣੇ ਨਾ ਕੋਇ ਕਾਨ, ਅੰਤਰ ਧਿਆਨ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਏਕਮ ਆਪ ਉਪਜਾਇੰਦਾ। ਆਪਣੀ ਏਕਮ ਹਰਿ ਕਰਤਾਰ, ਦਰ ਘਰ ਸਾਚੇ ਆਪ ਬਣਾਈਆ। ਸੋ ਪੁਰਖ ਨਿਰਜਣ ਕਰ ਤਿਆਰ, ਹਰਿ ਪੁਰਖ ਨਿਰੰਜਣ ਮੇਲ ਮਿਲਾਈਆ। ਏਕੰਕਾਰਾ ਬਣ ਬਣ ਮੀਤ ਮੁਰਾਰ, ਆਦਿ ਨਿਰੰਜਣ ਅੰਗ ਰਖਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਸ੍ਰੀ ਭਗਵਾਨ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਕਰ ਤਿਆਰ, ਏਕਾ ਏਕ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਇਕ ਸਮਝਾਈਆ। ਏਕਾ ਏਕ ਇਕ ਕਰਤਾਰਾ, ਏਕਾ ਘਰ ਸੁਹਾਇੰਦਾ। ਏਕਾ ਜੋਤ ਨੂਰ ਉਜਿਆਰਾ, ਏਕਾ ਦੀਪ ਜਗਾਇੰਦਾ। ਏਕਾ ਨਾਮ ਬੋਲ ਜੈਕਾਰਾ, ਆਪ ਆਪਣਾ ਘਰ ਸੁਹਾਇੰਦਾ। ਏਕਾ ਵਸਤ ਨਾਮ ਹਰਿ ਥਾਰਾ, ਥਿਰ ਘਰ ਸਾਚੇ ਆਪ ਟਿਕਾਇੰਦਾ। ਏਕਾ ਵਣਜ ਕਰੇ ਵਣਜਾਰਾ, ਏਕਾ ਹੱਟ ਖੁਲ੍ਹਾਇੰਦਾ। ਏਕਾ ਕੀਮਤ ਪਾਏ ਪਾਵਣਹਾਰਾ, ਏਕਾ ਮੁਲ ਚੁਕਾਇੰਦਾ। ਏਕਾ ਮੰਗੇ ਬਣ ਭਿਖਾਰਾ, ਏਕਾ ਭਿਛਿਆ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਏਕਮ ਆਪਣੇ ਰੰਗ ਰੰਗਾਇੰਦਾ। ਏਕਾ ਏਕਮ ਸਚਖੰਡ, ਹਰਿ ਸਾਚੇ ਸਚ ਉਪਜਾਈਆ। ਨਾ ਕੋਈ ਦਿਸੇ ਬ੍ਰਹਮ ਬ੍ਰਹਿਮੰਡ, ਜੇਰਜ ਅੰਡ ਨਾ ਕੋਇ ਵਡਿਆਈਆ। ਨਾ ਕੋਈ ਸੁਣਾਏ ਸੁਹਾਗੀ ਛੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਾ ਕੋਈ ਜਾਣੇ ਦੋ ਜਹਾਨਾਂ ਪੰਧ, ਆਪਣਾ ਡਗ ਨਾ ਕੋਇ ਉਠਾਈਆ। ਨਾ ਕੋਈ ਵੇਖੇ ਪਰਮਾਨੰਦ, ਨਿਜ਼ਾਨੰਦ ਨਾ ਕੋਇ ਵਡਿਆਈਆ। ਨਾ ਕੋਈ ਅੰਮ੍ਰਿਤ ਧਾਰਾ ਸਾਗਰ ਸਿੰਧ, ਭਰ ਪਿਆਲਾ ਜਾਮ ਨਾ ਕੋਇ ਪਿਆਈਆ। ਨਾ ਕੋਈ ਮਾਤ ਪਿਤ ਉਪਜਾਏ ਪੂਤ ਸਪੂਤ ਆਪਣੀ ਬਿੰਦ, ਰਕਤ ਬੂੰਦ ਨਾ ਕੋਇ ਵਖਾਈਆ। ਸ਼ਾਹ ਪਾਤਸ਼ਾਹ ਨਰਿੰਦ, ਮਰਗਿੰਦ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਉਂ ਧਰਾਈਆ। ਏਕਾ ਆਪਣਾ ਨਾਉਂ ਧਰ, ਹਰਿ ਏਕਮ ਰੂਪ ਦਰਸਾਇਆ। ਸਚਖੰਡ ਦੁਆਰੇ ਖੇਲ ਕਰ, ਨਿਸ਼ਅੱਖਰ ਆਪਣਾ ਹੁਕਮ ਚਲਾਇਆ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਅੱਗੇ ਧਰ, ਅੱਖਰ ਵਿਦਿਆ ਨਾ ਕੋਇ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਰੂਪ ਵਟਾਇਆ। ਏਕਾ ਏਕਮ ਪੁਰਖ ਅਕਾਲ, ਆਦਿ ਆਦਿ ਆਦਿ ਆਪਣੀ ਆਪ ਬਣਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਘਰ ਸਾਚੇ ਖ਼ੁਸ਼ੀ ਮਨਾਈਆ। ਅੰਤਮ ਵੇਖੇ ਖੇਲੇ ਜੁਗਾਦਿ, ਜੁਗ ਜੁਗ ਵੱਡੀ ਵਡਿਆਈਆ। ਇਕ ਉਪਜਾਏ ਆਪਣੀ ਔਲਾਦ, ਮਾਤ ਪਿਤ ਇਕ ਅਖਵਾਈਆ। ਏਕਾ ਰੂਪ ਸੰਤ ਸਾਧ, ਏਕਾ ਨੈਣ ਦਰਸ ਦਖਾਈਆ। ਏਕਾ ਸ਼ਬਦ ਬੋਧ ਅਗਾਧ, ਏਕਾ ਨਾਮ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਮ ਆਪਣਾ ਨਾਉਂ ਰਖਾਈਆ। ਏਕਮ ਆਪਣਾ ਨਾਉਂ ਰੱਖ, ਹਰਿ ਸਾਚੇ ਖੇਲ ਖਿਲਾਇਆ। ਸਚਖੰਡ ਦਵਾਰੇ ਹੋ ਪਰਤੱਖ, ਨਿਰਗੁਣ ਆਪਣਾ ਰੂਪ ਵਟਾਇਆ। ਲੇਖਾ ਲੇਖ ਅਲਖਣਾ ਅਲੱਖ, ਲੇਖੇ ਵਿਚ ਨਾ ਕਿਸੇ ਗਣਾਇਆ। ਆਪਣਾ ਮਾਰਗ ਆਪੇ ਦੱਸ, ਆਪਣੀ ਵੰਡਣ ਆਪ ਵੰਡਾਇਆ। ਆਪੇ ਅੰਦਰ ਜਾਏ ਵਸ, ਆਪ ਆਪਣਾ ਬੰਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਏਕਾ ਆਪਣਾ ਨਾਮ ਧਰਾਇਆ। ਏਕਾ ਨਾਮ ਹਰਿ ਮਿਹਰਵਾਨ, ਆਪਣਾ ਆਪ ਜਣਾਈਆ। ਆਪੇ ਵੇਖੇ ਮਾਰ ਧਿਆਨ, ਆਪਣੇ ਹੱਥ ਰੱਖੇ ਵਡਿਆਈਆ। ਆਪ ਵਖਾਏ ਏਕਾ ਸਚ ਨਿਸ਼ਾਨ, ਸਚਖੰਡ ਦਵਾਰੇ ਆਪ ਉਠਾਈਆ। ਸਤ ਰੰਗ ਲੇਖਾ ਜੋਤ ਮਹਾਨ, ਸੋ ਪੁਰਖ ਨਿਰੰਜਣ ਦਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪਰਦਾ ਆਪੇ ਲਾਹੀਆ। ਇਕ ਨਿਸ਼ਾਨਾ ਕਰ ਤਿਆਰ, ਸਚਖੰਡ ਦੁਆਰੇ ਆਪ ਸੁਹਾਇਆ। ਸਾਚਾ ਖੇਲ ਅਗੰਮ ਅਪਾਰ, ਪੁਰਖ ਅਕਾਲ ਦੀਨ ਦਿਆਲ ਆਪ ਵਖਾਇਆ। ਫਲ ਲਗਾਏ ਆਪਣੇ ਡਾਲ੍ਹ, ਆਪੇ ਚਲੇ ਅਵੱਲੜੀ ਚਾਲ, ਆਪ ਆਪਣਾ ਵੇਸ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦੁਆਰਾ ਇਕ ਵਡਿਆਇਆ। ਸਚਖੰਡ ਦੁਆਰਾ ਵਸਿਆ, ਪੁਰਖ ਅਬਿਨਾਸ਼ੀ ਆਪ ਵਸਾਇੰਦਾ। ਏਕੰਕਾਰਾ ਬਹਿ ਬਹਿ ਹੱਸਿਆ, ਆਪ ਆਪਣਾ ਖੇਲ ਖਿਲਾਇੰਦਾ। ਆਪਣੀ ਨਗਰੀ ਫਿਰੇ ਨੱਸਿਆ, ਸਚ ਸਮਗਰੀ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮਾ ਅਗੰਮੜੀ ਕਾਰ ਕਮਾਇੰਦਾ। ਅਗੰਮੜੀ ਕਾਰ ਕਰਨਹਾਰਾ, ਆਪਣੀ ਕਲ ਵਰਤਾਇੰਦਾ। ਨਿਰਗੁਣ ਅੰਦਰ ਨਿਰਗੁਣ ਧਾਰਾ, ਨਿਰਗੁਣ ਆਪ ਟਿਕਾਇੰਦਾ। ਨਿਰਗੁਣ ਨਿਰਗੁਣ ਕਰੇ ਪਿਆਰਾ, ਨਿਰਗੁਣ ਸੰਗ ਸਮਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰਾ, ਨਿਰਗੁਣ ਰੂਪ ਅਨੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਏਕਮ ਆਪ ਬਣਾਇੰਦਾ। ਨਿਰਗੁਣ ਖੇਲ ਕਰ ਕਰਤਾਰ, ਘਰ ਬੰਕ ਆਪ ਸੁਹਾਇਆ। ਆਪਣੀ ਦਿਸ਼ਾ ਆਪ ਵਿਚਾਰ, ਆਪਣਾ ਹਿੱਸਾ ਆਪੇ ਪਾਇਆ। ਆਪਣਾ ਲੇਖਾ ਲਿਖਣਹਾਰ, ਲੇਖਾ ਲੇਖ ਨਾ ਕੋਇ ਜਣਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚਾ ਸਗਨ ਆਪ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣੀ ਰਚਨ ਰਚਾਇਆ। ਆਪਣੀ ਰਚਨਾ ਰਚਣਹਾਰਾ, ਆਪਣੀ ਬਣਤ ਬਣਾਇੰਦਾ। ਆਪਣੀ ਏਕਮ ਕਰ ਤਿਆਰਾ, ਨਿਰਾਕਾਰਾ ਸਾਕਾਰ ਰੂਪ ਵਟਾਇੰਦਾ। ਵਿਸ਼ਨੂੰ ਵਿਸ਼ਵ ਹੋ ਤਿਆਰਾ, ਦੀਪ ਉਜਿਆਰਾ ਆਪ ਕਰਾਇੰਦਾ। ਆਪਣੇ ਮੰਦਰ ਰੱਖੀ ਆਪਣੀ ਧਾਰਾ, ਆਪਣੀ ਵੰਡਣ ਹਰਿ ਵਡਿਆਇੰਦਾ। ਆਪੇ ਬਰਸ ਮਾਸ ਦਿਵਸ ਰੈਣ ਘੜੀ ਪਲ ਕਰ ਵਿਚਾਰਾ, ਆਪ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪਰਦਾ ਆਪੇ ਪਾਇੰਦਾ। ਵਿਸ਼ਨੂੰ ਕਰ ਹਰਿ ਤਿਆਰ, ਆਪਣੀ ਏਕਮ ਆਪ ਸੁਣਾਈਆ। ਨਿਰਗੁਣ ਮਾਸ ਬਰਸ ਨਿਰਗੁਣ ਕਰੇ ਵਿਚਾਰ, ਨਿਰਗੁਣ ਦਿਵਸ ਰੈਣ ਆਪਣੇ ਵਿਚ ਟਿਕਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਕਰੇ ਕਰਾਏ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਦਏ ਲਿਖਾਈਆ। ਏਕਾ ਲੇਖਾ ਲਿਖਣਹਾਰਾ, ਦੂਜਾ ਅਵਰ ਨਾ ਕੋਇ ਜਣਾਇੰਦਾ। ਪਹਿਲੀ ਹਾੜ ਦਿਵਸ ਵਿਚਾਰਾ, ਹਰਿ ਨਿਰੰਕਾਰਾ ਵਿਸ਼ਨੂੰ ਜਨਮ ਦਵਾਇੰਦਾ। ਆਪਣੇ ਅੰਦਰੋਂ ਕfਢਆ ਬਾਹਰਾ, ਮਾਤ ਪਿਤ ਨਾ ਕੋਇ ਵਖਾਇੰਦਾ। ਰੰਗਿਆ ਰੰਗ ਰੰਗ ਕਰਤਾਰਾ, ਦੂਸਰ ਰੰਗ ਨਾ ਕੋਇ ਚੜ੍ਹਾਇੰਦਾ। ਆਪ ਵਖਾਇਆ ਦਰ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਆਪੇ ਅੰਮ੍ਰਿਤ ਭਰਿਆ ਅਮਰ ਭੰਡਾਰਾ, ਆਪ ਆਪਣੀ ਧਾਰ ਚੁਆਇੰਦਾ। ਝਿਰਨਾ ਝਿਰੇ ਅਪਰ ਅਪਾਰਾ, ਬੂੰਦ ਬੂੰਦ ਆਪ ਬਰਸਾਇੰਦਾ। ਏਕਾ ਏਕਮ ਨਿਉਂ ਨਿਉਂ ਕਰੇ ਨਿਮਸਕਾਰਾ, ਅਗਲਾ ਰਾਹ ਨਾ ਕੋਇ ਸਮਝਾਇੰਦਾ। ਏਕਾ ਸਾਤਾ ਹੋ ਉਜਿਆਰਾ, ਸੋ ਪੁਰਖ ਨਿਰੰਜਣ ਹਰਿ ਪੁਰਖ ਨਿਰੰਜਣ ਏਕੰਕਾਰਾ ਮੇਲ ਮਿਲਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਚਰਨ ਧੂੜ ਮਜਨ, ਪਾਰਬ੍ਰਹਮ ਮੂਲ ਚੁਕਾਇੰਦਾ। ਵਿਸ਼ਨੂੰ ਨੇਤਰ ਪਾਇਆ ਅੰਜਣ, ਅੰਧ ਅੰਧੇਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਇਕ ਸੱਤ ਕਰ ਪਿਆਰ, ਅੰਮ੍ਰਿਤ ਬੂੰਦ ਸਵਾਂਤੀ ਆਪ ਚੁਆਈਆ। ਵਿਸ਼ਨੂੰ ਅੰਦਰ ਭਰ ਭੰਡਾਰ, ਕਵਲ ਕਵਲਾ ਆਪ ਟਿਕਾਈਆ। ਆਦਿ ਜੁਗਾਦੀ ਬਣਿਆ ਠੰਡਾ ਠਾਰ, ਵਿਸਮਾਦੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਅੰਦਰ ਆਪਣੀ ਵਸਤ ਆਪ ਟਿਕਾਈਆ। ਵਿਸ਼ਨੂੰ ਅੰਦਰ ਨਾਭੀ ਧਾਰ, ਪੁਰਖ ਅਬਿਨਾਸ਼ੀ ਆਪ ਚਲਾਇੰਦਾ। ਚਰਨ ਕਵਲ ਹਰਿ ਅੰਮ੍ਰਿਤ ਕਰ ਪਿਆਰ, ਨਿਰਾਕਾਰ ਸਾਕਾਰ ਝੋਲੀ ਪਾਇੰਦਾ। ਸਾਢੇ ਤਿੰਨ ਕਰੋੜ ਬੂੰਦ ਕਰ ਤਿਆਰ, ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਵਿਸ਼ਨੂੰ ਅੰਦਰ ਅੰਮ੍ਰਿਤ ਧਾਰਾ, ਹਰਿ ਸਾਚੇ ਆਪ ਟਿਕਾਈਆ। ਏਕਾ ਏਕਮ ਦਏ ਹੁਲਾਰਾ, ਸਤਿ ਸਤਿਵਾਦੀ ਬੇਪਰਵਾਹੀਆ। ਆਪਣਾ ਜਾਣੇ ਆਪ ਦਿਹਾੜਾ, ਦੂਸਰ ਹੱਥ ਨਾ ਕੋਇ ਵਡਿਆਈਆ। ਤਤ ਨਾ ਦਿਸੇ ਬਹੱਤਰ ਨਾੜਾ, ਰਕਤ ਬੂੰਦ ਨਾ ਮੇਲ ਮਿਲਾਈਆ। ਕਮਲਾਪਤ ਮੀਤ ਮੁਰਾਰਾ, ਮਿਲ ਆਪਣੀ ਸੇਜ ਹੰਢਾਈਆ। ਬੀਜੇ ਬੀਜ ਅਗੰਮ ਅਪਾਰਾ, ਪਤ ਡਾਲ੍ਹੀ ਆਪ ਮਹਿਕਾਈਆ। ਸਤਾਰਾਂ ਦਿਵਸ ਸਚ ਵਿਹਾਰਾ, ਨਿਰਗੁਣ ਨਿਰਗੁਣ ਨਿਰਗੁਣ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਈਆ। ਸਤਾਰਾਂ ਦਿਵਸ ਵਿਸ਼ਵ ਰਸ, ਹਰਿ ਹਰੀ ਆਪ ਪਿਆਇੰਦਾ। ਨਿਰਗੁਣ ਰੂਪ ਅੰਦਰ ਵਸ, ਨਿਰਾਕਾਰ ਖੇਲ ਖਿਲਾਇੰਦਾ। ਆਪਣਾ ਮਾਰਗ ਦੇਵੇ ਦੱਸ, ਬੋਧ ਅਗਾਧ ਗਿਆਨ ਦ੍ਰਿੜਾਇੰਦਾ। ਮੇਰਾ ਰੂਪ ਹੋਏ ਪਰਕਾਸ਼, ਤੇਰੀ ਨਾਭੀ ਫੁੱਲ ਖਲਾਇੰਦਾ। ਨਿਰਗੁਣ ਜੋਤ ਹੋਏ ਪਰਕਾਸ਼, ਅੰਧ ਅੰਧੇਰ ਨਾ ਕੋਇ ਜਣਾਇੰਦਾ। ਆਪਣੀ ਪੂਰੀ ਕਰੇ ਆਸ, ਆਪਣੀ ਭਿਛਿਆ ਝੋਲੀ ਪਾਇੰਦਾ। ਤੇਰੇ ਅੰਦਰ ਕਰਿਆ ਵਾਸ, ਮੁਖ ਮੁਖੀ ਬਾਹਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਇੰਦਾ। ਆਪਣੀ ਬਣਤ ਬਣਾਵਣਹਾਰਾ, ਆਦਿ ਜੁਗਾਦਿ ਸਮਾਇੰਦਾ। ਵਿਸ਼ਨੂੰ ਨਾਭੀ ਕਵਲ ਕਰ ਤਿਆਰਾ, ਸਚ ਵਣਜਾਰਾ ਵੇਖ ਵਖਾਇੰਦਾ। ਕਵਲ ਕਵਲਾ ਕਰ ਤਿਆਰਾ, ਜਲ ਜਲ ਆਪ ਟਿਕਾਇੰਦਾ। ਆਪੇ ਪੰਖੜੀਆਂ ਬਣ ਖੋਲ੍ਹੇ ਮੁਖ ਕਿਵਾੜਾ, ਆਪ ਆਪਣਾ ਪਰਦਾ ਲਾਹਿੰਦਾ। ਆਪੇ ਪਾਰਬ੍ਰਹਮ ਰੂਪ ਕਰ ਪਿਆਰਾ, ਬ੍ਰਹਮ ਆਪਣਾ ਰੂਪ ਵਟਾਇੰਦਾ। ਧੰਨ ਸੁਭਾਗ ਹੋਏ ਸਤਾਰਾਂ ਹਾੜਾ, ਬ੍ਰਹਮਾ ਵਿਸ਼ਨੂੰ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਅਖਵਾਇੰਦਾ। ਬ੍ਰਹਮਾ ਵਿਸ਼ਨ ਕਰ ਤਿਆਰ, ਇਛਿਆ ਇਛਿਆ ਵਿਚ ਰਖਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਲੇਖਾ ਲਿਖਿਆ ਦਏ ਸਮਝਾਈਆ। ਅੰਦਰੇ ਅੰਦਰ ਸਚ ਪਿਆਰ, ਸਤਿ ਸਿਤਾਰ ਦਏ ਵਜਾਈਆ। ਖਿਚਣਹਾਰਾ ਵਾਰੋ ਵਾਰ, ਦਿਸ ਕਿਸੇ ਨਾ ਆਈਆ। ਪਾਵੇ ਸਾਰ ਧੂਆਂਧਾਰ, ਸੁੰਨ ਅਗੰਮ ਡੇਰਾ ਲਾਈਆ। ਆਪੇ ਸ਼ੰਕਰ ਕਰ ਉਜਿਆਰ, ਆਪਣਾ ਸੰਸਾ ਲਏ ਚੁਕਾਈਆ। ਸਾਚਾ ਬੰਸ ਕਰ ਤਿਆਰ, ਆਪਣੀ ਅੰਸ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕਮ ਦਏ ਵਧਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਤ੍ਰੈਗੁਣ ਮਾਇਆ ਆਪ ਉਪਜਾਇੰਦਾ। ਪੰਜ ਤਤ ਭਰ ਭੰਡਾਰ, ਲੱਖ ਚੁਰਾਸੀ ਜੋੜ ਜੁੜਾਇੰਦਾ। ਪਵਣ ਸਵਾਸੀ ਕਰ ਸ਼ਿੰਗਾਰ, ਮਨਮਤ ਬੁੱਧ ਨਾਲ ਰਲਾਇੰਦਾ। ਆਤਮ ਬ੍ਰਹਮ ਦਏ ਆਧਾਰ, ਈਸ਼ ਜੀਵ ਵੇਖ ਵਖਾਇੰਦਾ। ਕਰਮ ਕੁਕਰਮ ਭਰ ਭੰਡਾਰ, ਆਸਾ ਤ੍ਰਿਸ਼ਨਾ ਵਿਚ ਟਿਕਾਇੰਦਾ। ਜਨਮ ਮਰਨ ਵਿਚ ਸੰਸਾਰ, ਰੀਤੀ ਨੀਤੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਚਲਾਇੰਦਾ। ਹੁਕਮ ਚਲਾਏ ਧੁਰ ਫ਼ਰਮਾਣਾ, ਸ਼ਾਹੋ ਭੂਪ ਵੱਡੀ ਵਡਿਆਈਆ। ਇਕ ਇਕੱਲਾ ਏਕੰਕਾਰਾ ਸਾਚਾ ਰਾਣਾ, ਆਪਣੀ ਰੱਯਤ ਵੇਖ ਵਖਾਈਆ। ਆਪ ਜਣਾਏ ਆਪਣਾ ਭਾਣਾ, ਤ੍ਰੈ ਤ੍ਰੈ ਲੇਖਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਰੱਖੇ ਵਡਿਆਈਆ। ਹੁਕਮੇ ਅੰਦਰ ਸੂਰਜ ਚੰਨ, ਮੰਡਲ ਮੰਡਪ ਆਪ ਭਵਾਇੰਦਾ। ਹੁਕਮੇ ਅੰਦਰ ਬ੍ਰਹਮਾ ਵਿਸ਼ਨ ਸ਼ਿਵ ਬੇੜੇ ਬੰਨ੍ਹ, ਲੱਖ ਚੁਰਾਸੀ ਨੱਯਾ ਆਪ ਵਖਾਇੰਦਾ। ਹੁਕਮੇ ਅੰਦਰ ਵਸਾਏ ਛੱਪਰੀ ਛੰਨ, ਹੁਕਮੇ ਜੰਗਲ ਜੂਹ ਉਜਾੜ ਪਹਾੜ ਫਿਰਾਇੰਦਾ। ਹੁਕਮੇ ਅੰਦਰ ਦੇਵੇ ਮਾਲ ਧਨ, ਹੁਕਮ ਹੁਕਮੀ ਭਿਖ ਮੰਗਾਇੰਦਾ । ਹੁਕਮੇ ਅੰਦਰ ਦੇਵਣਹਾਰਾ ਡੰਨ, ਸਿਰ ਸਿਰ ਆਪਣਾ ਹੁਕਮ ਮਨਾਇੰਦਾ। ਹੁਕਮੇ ਅੰਦਰ ਰਾਗ ਸੁਣਾਏ ਕੰਨ, ਸੋਇਆ ਕੋਇ ਰਹਿਣ ਨਾ ਪਾਇੰਦਾ। ਹੁਕਮੇ ਅੰਦਰ ਜਨਨੀ ਜਣੇ ਜਨ, ਹੁਕਮੇ ਅੰਦਰ ਜੋ ਘੜਿਆ ਭੰਨ ਵਖਾਇੰਦਾ। ਹੁਕਮੇ ਅੰਦਰ ਰੱਖੇ ਨੇਤਰ ਅੰਨ੍ਹ, ਹੁਕਮੇ ਅੰਦਰ ਗਿਆਨ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸਮਝਾਇੰਦਾ। ਹੁਕਮੇ ਅੰਦਰ ਕਰ ਉਤਪਤ, ਹੁਕਮੀ ਹੁਕਮ ਫਿਰਾਈਆ। ਹੁਕਮੇ ਅੰਦਰ ਮੇਲ ਮਿਲਾਏ ਬੂੰਦ ਰਕਤ, ਹੁਕਮੇ ਅੰਦਰ ਜੇਰਜ ਅੰਡ ਉਤਭੁਜ ਸੇਤਜ ਲਏ ਉਪਜਾਈਆ। ਹੁਕਮੇ ਅੰਦਰ ਰੱਖੇ ਬ੍ਰਹਮ ਮਤ, ਹੁਕਮੇ ਅੰਦਰ ਏਕਾ ਤਤ ਵਖਾਈਆ। ਹੁਕਮੇ ਅੰਦਰ ਬੰਧਾਏ ਨਤ, ਹੁਕਮੇ ਅੰਦਰ ਤੋੜ ਤੁੜਾਈਆ। ਹੁਕਮੇ ਅੰਦਰ ਸੁਣਾਈ ਗਾਥ, ਬ੍ਰਹਮਾ ਚਾਰ ਵੇਦ ਕਰੇ ਪੜ੍ਹਾਈਆ। ਹੁਕਮੇ ਅੰਦਰ ਵਿਸ਼ਨੂੰ ਜਣਾਇਆ ਆਪਣਾ ਪਾਠ, ਸੋਹੰ ਪੂਜਾ ਇਕ ਸਮਝਾਈਆ। ਹੁਕਮੇ ਅੰਦਰ ਸ਼ੰਕਰ ਪੂਰਾ ਕਰੇ ਘਾਟ, ਕੰਠ ਮਾਲਾ ਗਲ ਲਟਕਾਈਆ। ਹੁਕਮੇ ਅੰਦਰ ਵੇਖੇ ਚੌਦਾਂ ਹਾਟ, ਹੁਕਮੇ ਅੰਦਰ ਜ਼ਿਮੀਂ ਅਸਮਾਨ ਦੇਣ ਦੁਹਾਈਆ। ਹੁਕਮੇ ਅੰਦਰ ਜੁਗ ਜੁਗ ਨੇੜੇ ਰੱਖੇ ਵਾਟ, ਹੁਕਮੇ ਅੰਦਰ ਪੰਧ ਮੁਕਾਈਆ। ਹੁਕਮੇ ਅੰਦਰ ਉਪਜਾਏ ਦਿਵਸ ਰਾਤ, ਮਾਸ ਬਰਸ ਹੁਕਮੇ ਆਪ ਬਣਾਈਆ। ਹੁਕਮੇ ਅੰਦਰ ਆਪੇ ਬੈਠਾ ਰਹੇ ਇਕ ਇਕਾਂਤ, ਆਪਣਾ ਹੁਕਮ ਨਾ ਤੋੜੇ ਨਾ ਕੋਇ ਤੁੜਾਈਆ। ਹੁਕਮੇ ਅੰਦਰ ਵੇਖੇ ਮਾਰ ਝਾਤ, ਹੁਕਮੇ ਅੰਦਰ ਬੈਠਾ ਮੁਖ ਛੁਪਾਈਆ। ਹੁਕਮੇ ਅੰਦਰ ਬਣਾਈ ਜ਼ਾਤ ਪਾਤ, ਹੁਕਮੇ ਅੰਦਰ ਦਏ ਖਪਾਈਆ। ਹੁਕਮੇ ਅੰਦਰ ਨਿਭਾਏ ਸਾਥ, ਹੁਕਮੇ ਅੰਦਰ ਸਗਲਾ ਸੰਗ ਤਜਾਈਆ। ਹੁਕਮੇ ਅੰਦਰ ਚਲਾਏ ਰਾਥ, ਹੁਕਮੇ ਅੰਦਰ ਰਥ ਰਥਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕਮ ਦਏ ਸਮਝਾਈਆ। ਏਕਾ ਏਕਮ ਹਰਿ ਕਰਤਾਰਾ, ਆਪਣਾ ਆਪ ਸਮਝਾਇੰਦਾ। ਨਿਰਗੁਣ ਘਰ ਨਿਰਗੁਣ ਲੈ ਅਵਤਾਰਾ, ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਸ਼ਾਹ ਨਿਰਗੁਣ ਸਿਕਦਾਰਾ, ਨਿਰਗੁਣ ਹੁਕਮ ਸੁਣਾਇੰਦਾ। ਨਿਰਗੁਣ ਦਰ ਦਰਬਾਨ ਬਣੇ ਦਵਾਰਾ, ਨਿਰਗੁਣ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪੇ ਹੱਥ ਰਖਾਇੰਦਾ। ਲੋਕਮਾਤ ਵੰਡ ਵੰਡਾਏ, ਰਵ ਸਸ ਹਿੱਸਾ ਆਪ ਵੰਡਾਈਆ। ਵਦੀ ਸੁਦੀ ਝੋਲੀ ਪਾਏ, ਬ੍ਰਹਮਾ ਲੇਖਾ ਦਏ ਲਿਖਾਈਆ। ਬਾਰਾਂ ਮਾਸ ਜੋੜ ਜੁੜਾਏ, ਤੀਸ ਬਤੀਸ ਏਕਾ ਗਾਈਆ। ਪੁਰਖ ਅਬਿਨਾਸ਼ੀ ਭੇਵ ਨਾ ਰਾਏ, ਕਵਣ ਰੁੱਤੜੀ ਹਰਿ ਸੁਹਾਈਆ। ਕਵਣ ਮਾਸ ਆਪ ਵਡਿਆਏ, ਕਵਣ ਦਿਵਸ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਈਆ। ਬਣਤ ਬਣਾ ਹਰਿ ਬਨਵਾਰੀ, ਆਪਣੇ ਵਿਚ ਟਿਕਾਇੰਦਾ। ਆਪਣਾ ਲੇਖਾ ਲਿਖ ਲਿਖਾਰੀ, ਸੱਚਖੰਡ ਦਵਾਰੇ ਆਪ ਟਿਕਾਇੰਦਾ। ਚਾਰੇ ਵੇਦਾਂ ਲੋਕਮਾਤ ਯਾਰੀ, ਲੱਖ ਚੁਰਾਸੀ ਆਪ ਬੰਧਾਇੰਦਾ। ਵੰਡੇ ਵੰਡ ਵਡ ਸੰਸਾਰੀ, ਜਗਤ ਸਾਗਰ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਬੰਨ੍ਹੀ ਧਾਰੀ, ਦੁਆਪਰ ਆਪਣੀ ਖੇਲ ਖਿਲਾਇੰਦਾ। ਕਲਜੁਗ ਬਣਿਆ ਜਗਤ ਜੁਆਰੀ, ਆਪਣਾ ਪੇਸ਼ਾ ਆਪ ਕਮਾਇੰਦਾ। ਨੌ ਨੌ ਗਈ ਵਾਰੀ, ਚਾਰ ਚਾਰ ਚਾਰ ਕੁਰਲਾਇੰਦਾ। ਚਾਰ ਚਾਰ ਟੁੱਟੀ ਯਾਰੀ, ਚਾਰ ਚਾਰ ਮੁਖ ਭਵਾਇੰਦਾ। ਚਾਰ ਚਾਰ ਨਾਰ ਵਿਭਚਾਰੀ, ਸਚ ਸ਼ਿੰਗਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਇੰਦਾ। ਨਵ ਨੌ ਚਾਰ ਪਾਰ ਕਿਨਾਰਾ, ਚਾਰ ਨੌ ਨਵ ਵੇਖ ਵਖਾਈਆ। ਨਵ ਨੱਯਾ ਵੇਖੇ ਮੰਝਧਾਰਾ, ਨੌ ਦਵਾਰੇ ਦੇਣ ਦੁਹਾਈਆ। ਚਾਰ ਵਰਨ ਰੋਵਨ ਜ਼ਾਰੋ ਜ਼ਾਰਾ, ਚਾਰ ਯਾਰੀ ਨਾ ਸੰਗ ਵਖਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਜੁਗ ਚੌਕੜੀ ਰਿਹਾ ਭਵਾਈਆ। ਕਲਜੁਗ ਅੰਤਮ ਖੇਲ ਕਰੇ ਕਰਤਾਰਾ, ਖ਼ਲਕ ਸਮਝ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਏਕਮ ਆਪ ਸਮਝਾਈਆ। ਆਪਣੀ ਏਕਮ ਹਰਿ ਨਿਰੰਕਾਰ, ਆਪੇ ਆਪ ਸਮਝਾਇੰਦਾ। ਵਿਸ਼ਨੂੰ ਸੁਹਾਏ ਤੇਰਾ ਦੁਆਰ, ਤੇਰਾ ਜਨਮ ਖ਼ੁਸ਼ੀਆਂ ਨਾਲ ਮਨਾਇੰਦਾ। ਬ੍ਰਹਮਾ ਤੇਰਾ ਪੂਰਾ ਕਰੇ ਵਿਹਾਰ, ਤੇਰਾ ਲੇਖਾ ਲੇਖ ਚੁਕਾਇੰਦਾ। ਸ਼ੰਕਰ ਤੇਰਾ ਕਰੇ ਪਿਆਰ, ਤੇਰਾ ਤੇਰੀ ਗੋਦ ਸੁਹਾਇੰਦਾ। ਏਕਾ ਸਾਤਾ ਏਕੰਕਾਰ, ਨਿਰਾਕਾਰ ਘਰ ਵਸਾਇੰਦਾ। ਸਚਖੰਡ ਨਿਵਾਸੀ ਖੋਲ੍ਹ ਕਿਵਾੜ, ਧੁਰ ਦਰਬਾਰਾ ਡੇਰਾ ਲਾਇੰਦਾ। ਕਲਜੁਗ ਵਾਓ ਤੱਤੀ ਹਾੜ, ਸ੍ਰਿਸ਼ਟ ਸਬਾਈ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਏਕਾ ਕਲ ਅਕਲ ਕਲ ਧਾਰ, ਧਰ ਧਰਨੀ ਵੇੇਖ ਵਖਾਇੰਦਾ। ਆਕਾਸ਼ ਪਰਕਾਸ਼ ਹੋ ਉਜਿਆਰ, ਸਚ ਨਿਵਾਸੀ ਨਿਵਾਸ ਕਰਾਇੰਦਾ। ਆਪੇ ਵਸੇ ਅੱਧਵਿਚਕਾਰ, ਮਧ ਆਪਣਾ ਡੇਰਾ ਲਾਇੰਦਾ। ਆਪੇ ਲੋਕਮਾਤ ਲਏ ਅਵਤਾਰ, ਨੌ ਸੌ ਚੁਰਾਨਵੇਂ ਚੌਕੜੀ ਜੁਗ ਭਵਾਇੰਦਾ। ਆਪੇ ਕਲਜੁਗ ਅੰਤਮ ਹੋ ਤਿਆਰ, ਪੰਜ ਤਤ ਨਾ ਕੋਇ ਰਖਾਇੰਦਾ। ਆਪੇ ਨਿਰਗੁਣ ਨੂਰ ਹੋ ਉਜਿਆਰ, ਆਪਣਾ ਦੀਪਕ ਆਪ ਜਗਾਇੰਦਾ। ਆਪੇ ਸ਼ਬਦ ਰੂਪ ਵਰਤੇ ਵਿਚ ਸੰਸਾਰ, ਸਤਿਗੁਰ ਸਾਚਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਤਕਾਇੰਦਾ। ਜੁਗ ਜੁਗ ਰਾਹ ਤੱਕਦਾ ਆਇਆ, ਤੱਕਣਹਾਰਾ ਬੇਪਰਵਾਹ। ਜੁਗ ਜੁਗ ਭਗਤਾਂ ਪੈਜ ਰੱਖਦਾ ਆਇਆ, ਨਿਰਗੁਣ ਸਰਗੁਣ ਬਣ ਮਲਾਹ। ਜੁਗ ਜੁਗ ਗੁਰਸਿਖਾਂ ਪਰਦੇ ਢਕਦਾ ਆਇਆ, ਢਾਕਣ ਕੋ ਪਤ ਆਪਣਾ ਨਾਉਂ ਰਖਾ। ਜੁਗ ਜੁਗ ਮਨਮੁਖਾਂ ਅਗਨੀ ਸਾੜਦਾ ਆਇਆ, ਆਪਣਾ ਲੰਬੂ ਆਪੇ ਲਾ। ਜੁਗ ਜੁਗ ਸਾਚੇ ਪੌੜ੍ਹੇ ਚੜ੍ਹ ਚੜ੍ਹ ਦਰਸ ਦਖਾਇਆ, ਉਚ ਮਹੱਲ ਅਟੱਲ ਡੇਰਾ ਲਾ। ਜੁਗ ਜੁਗ ਜੀਵਾਂ ਜੰਤਾਂ ਮਾਇਆ ਮਮਤਾ ਰੌਲਾ ਵਿਚ ਰਖਾਇਆ, ਆਪਣਾ ਪਰਦਾ ਉਹਲਾ ਨਾ ਸਕੇ ਚੁਕਾ। ਜੁਗ ਜੁਗ ਆਪਣਾ ਢੋਲਾ ਗੌਂਦਾ ਆਇਆ, ਸਤਿਜੁਗ ਤ੍ਰੇਤਾ ਦਵਾਪਰ ਬਾਵਨ ਰਾਮਾ ਕ੍ਰਿਸ਼ਨਾ ਦਏ ਸਲਾਹ। ਜੁਗ ਜੁਗ ਆਪਣਾ ਬੋਲਾ ਗੌਂਦਾ ਆਇਆ, ਆਪਣਾ ਕਲਮਾ ਨਬੀ ਪੜ੍ਹਾ। ਜੁਗ ਜੁਗ ਡੁਬਦੇ ਤਰੌਂਦਾ ਆਇਆ, ਸਤਿਨਾਮ ਮੰਤਰ ਇਕ ਪੜ੍ਹਾ। ਜੁਗ ਜੁਗ ਆਪਣੀ ਫ਼ਤਿਹ ਗਜੌਂਦਾ ਆਇਆ, ਵਾਹਿਗੁਰੂ ਆਪਣਾ ਨਾਉਂ ਰਖਾ। ਜੁਗ ਜੁਗ ਵਿਛੜੇ ਮੇਲ ਮਿਲੌਂਦਾ ਆਇਆ, ਸੋਹੰ ਆਪਣਾ ਰੂਪ ਵਟਾ। ਜੁਗ ਜੁਗ ਆਪਣਾ ਨਾਂ ਧਰੌਂਦਾ ਆਇਆ, ਕਲਜੁਗ ਅੰਤਮ ਦਏ ਸਮਝਾ। ਪਹਿਲੀ ਹਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕਮ ਦਏ ਵਖਾਇਆ। ਏਕਾ ਏਕਮ ਆਈ ਜਗ, ਹਰਿ ਸਾਚਾ ਆਪ ਲਿਆਇੰਦਾ। ਇਕ ਸੱਤ ਵਸੇ ਉਪਰ ਸ਼ਾਹ ਰਗ, ਘਰ ਸਾਚੇ ਡੇਰਾ ਲਾਇੰਦਾ। ਇਕ ਸੱਤ ਬੰਨ੍ਹੇ ਸਤਿ ਤਗ, ਤ੍ਰੈਗੁਣ ਮਾਇਆ ਫੰਦ ਕਟਾਇੰਦਾ। ਇਕ ਸੱਤ ਪਿਆਏ ਮਦਿ ਪਾਰ ਕਰਾਏ ਹੱਦ, ਰਾਏ ਧਰਮ ਨਾ ਮੁਖ ਵਖਾਇੰਦਾ। ਪਹਿਲੀ ਹਾੜ ਵਿਸ਼ਨੂੰ ਤੇਰੀ ਵੇਖੀ ਯਦ, ਤੇਰਾ ਬੰਸ ਆਪ ਉਪਾਇੰਦਾ। ਗੁਰਮੁਖ ਸੱਜਣ ਸਾਚੇ ਸੱਦ, ਆਪ ਆਪਣੇ ਅੰਗ ਲਗਾਇੰਦਾ। ਬ੍ਰਹਮਾ ਤੇਰੇ ਗੇੜੇ ਵਿਚੋਂ ਕੱਢ, ਆਪਣੀ ਝੋਲੀ ਪਾਇੰਦਾ। ਸ਼ੰਕਰ ਤੇਰੀ ਲਾੜੀ ਮੌਤ ਨਾ ਲਡਾਏ ਕੋਈ ਲਡ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਦਰਗਹਿ ਸਾਚੀ ਸਚਖੰਡ ਦਵਾਰੇ ਸਚ ਨਿਸ਼ਾਨਾ ਦਿਤਾ ਗੱਡ, ਨਾ ਕੋਈ ਜੜ੍ਹ ਉਖੜਾਇੰਦਾ। ਕਲਜੁਗ ਤੇਰਾ ਕੂੜ ਕੁੜਿਆਰਾ ਫਾਹ ਦਿਤਾ ਵੱਢ, ਨਾਮ ਖੰਡਾ ਆਪ ਚਲਾਇੰਦਾ। ਸਤਾਰਵੇਂ ਦਿਨ ਹਰਿ ਸੰਗਤ ਕਰ ਦੇਣੀ ਅੱਡ, ਸੰਮਤ ਸਤਾਰਾਂ ਆਪ ਸੁਹਾਇੰਦਾ। ਗੁਰਸਿਖਾਂ ਅੰਦਰ ਵੜ ਵੇਖੇ ਅੰਧੇਰੀ ਖੱਡ, ਦੂਈ ਦਵੈਤੀ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਰੂਪ ਆਪ ਵਖਾਇੰਦਾ। ਵਿਸ਼ਨੂੰ ਤੇਰਾ ਸਚ ਤਿਵਹਾਰ, ਹਰਿ ਸਾਚਾ ਸਗਨ ਮਨਾਇੰਦਾ। ਗੁਰਮੁਖਾਂ ਕਰੇ ਸਚ ਪਿਆਰ, ਸਾਚੀ ਸੇਵਾ ਆਪ ਕਮਾਇੰਦਾ। ਤ੍ਰੈਗੁਣ ਮਾਇਆ ਬਣੇ ਪਨਿਹਾਰ, ਜਗਤ ਪਨਿਹਾਰੀ ਦਰ ਦੁਰਕਾਇੰਦਾ। ਤੇਰਾ ਕਾਇਆ ਕੰਚਨ ਗੜ੍ਹ ਬਣਾਏ ਆਪ ਸੁਨਿਆਰ, ਸਚ ਕੁਠਾਲੀ ਆਪੇ ਪਾਇੰਦਾ। ਵਿਸ਼ਨੂੰ ਬਣਿਆ ਭਗਵਨ ਯਾਰ, ਭਗਤ ਸਾਚੇ ਮੇਲ ਮਿਲਾਇੰਦਾ। ਚਾਰ ਕੁੰਟ ਕਰਾਏ ਜੈ ਜੈ ਜੈਕਾਰ, ਏਕਾ ਡੰਕਾ ਨਾਮ ਵਜਾਇੰਦਾ। ਸਤਾਰਾਂ ਦਿਵਸ ਰਾਤੀਂ ਸੁਤਿਆਂ ਗੁਰਸਿਖਾਂ ਗਲ ਜਾ ਜਾ ਪਾਏ ਹਾਰ, ਔਂਦਾ ਜਾਂਦਾ ਦਿਸ ਨਾ ਆਇੰਦਾ। ਨਾਰੀ ਕੰਤ ਕਰੇ ਪਿਆਰ, ਆਤਮ ਸੇਜਾ ਆਪ ਹੰਢਾਇੰਦਾ। ਆਪ ਆਪਣਾ ਉਤੋਂ ਵਾਰ, ਹੌਲਾ ਭਾਰ ਸਰਬ ਕਰਾਇੰਦਾ। ਦੁੱਖ ਭੰਜਣ ਮਿਲਿਆ ਮੀਤ ਮੁਰਾਰ, ਨੇਤਰ ਅੰਜਣ ਨਾਮ ਪਾਇੰਦਾ। ਸਾਚਾ ਸੱਜਣ ਵਿਚ ਸੰਸਾਰ, ਵਿਛੜ ਕਦੇ ਨਾ ਜਾਇੰਦਾ। ਡੁੱਬਦੇ ਪਾਥਰ ਦੇਵੇ ਤਾਰ, ਪਾਹਨ ਆਪਣਾ ਚਰਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕਮ ਰੰਗ ਰੰਗਾਇੰਦਾ। ਏਕਮ ਹਰਿ ਰੰਗ ਰੰਗਿਆ, ਰੰਗਣਹਾਰ ਨਿਰੰਕਾਰਾ। ਵਿਸ਼ਨੂੰ ਦਵਾਰਾ ਏਕਾ ਮੰਗਿਆ, ਪ੍ਰਭ ਸਾਚਾ ਸਿਰਜਣਹਾਰਾ। ਆਦਿ ਜੁਗਾਦਿ ਨਾ ਭੁੱਖਾ ਨੰਗਿਆ, ਭਰਿਆ ਰਹੇ ਸਦ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਿਚ ਸੰਸਾਰਾ। ਖੇਲ ਅਪਾਰਾ ਵਿਚ ਸੰਸਾਰਾ, ਹਰਿ ਨਿਰੰਕਾਰਾ ਆਪ ਕਰਾਇੰਦਾ। ਨਿਰਗੁਣ ਨਿਰਗੁਣ ਲੈ ਅਵਤਾਰਾ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਆਪਣੀ ਰੁੱਤੜੀ ਕਰ ਪਿਆਰਾ, ਰੁੱਤੀ ਰੁੱਤ ਆਪ ਸੁਹਾਇੰਦਾ। ਆਪਣੀ ਫੁੱਲ ਫੁਲਵਾੜੀ ਪਾਏ ਸਾਰਾ, ਪਤ ਡਾਲ੍ਹੀ ਵੇਖ ਵਖਾਇੰਦਾ। ਮਾਲੀ ਬਣੇ ਹਰਿ ਨਿਰੰਕਾਰਾ, ਮਾਲਣ ਜੋਤ ਅਕਾਲਣ ਨਾਉਂ ਧਰਾਇੰਦਾ। ਸਚ ਖਾਰੀ ਸੀਸ ਉਠਾਏ ਸੇਵਾ ਕਰੇ ਅਗੰਮ ਅਪਾਰਾ, ਲੋਕਮਾਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕੰਕਾਰ, ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਆਪਣਾ ਨਾਉਂ ਧਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤਤ ਨਾ ਕੋਇ ਨਿਸ਼ਾਨ, ਜਗਤ ਵਿਦਿਆ ਨਾ ਕੋਇ ਗਿਆਨ, ਪੁਤਰ ਧੀਆਂ ਨਾ ਕੋਇ ਮਾਣ, ਗੁਰਸਿਖ ਬਣਾਏ ਸਚ ਨਿਸ਼ਾਨ, ਦੋ ਜਹਾਨ ਆਪ ਝੁਲਾਇੰਦਾ।