Granth 09 Likhat 145: 27 Harh 2017 Bikarmi Gurdyal Singh de Ghar Pind Mehnian Jila Amritsar

੨੭ ਹਾੜ ੨੦੧੭ ਬਿਕ੍ਰਮੀ ਗੁਰਦਿਆਲ ਸਿੰਘ ਦੇ ਘਰ ਪਿੰਡ ਮੈਂਹਣੀਆਂ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਠਾਂਡਾ ਸੀਤ, ਆਦਿ ਜੁਗਾਦੀ ਹਰਿ ਅਖਵਾਇੰਦਾ। ਹਰਿ ਪੁਰਖ ਨਿਰੰਜਣ ਇਕ ਅਤੀਤ, ਸਚਖੰਡ ਦਵਾਰੇ ਸੋਭਾ ਪਾਇੰਦਾ। ਏਕੰਕਾਰਾ ਆਪ ਚਲਾਏ ਆਪਣੀ ਰੀਤ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਆਦਿ ਨਿਰੰਜਣ ਸਾਚਾ ਮੀਤ, ਸਗਲਾ ਸਾਥੀ ਸਗਲਾ ਸੰਗ ਨਿਭਾਇੰਦਾ। ਅਬਿਨਾਸ਼ੀ ਕਰਤਾ ਵਸੇ ਧਾਮ ਅਨਡੀਠ, ਸਚਖੰਡ ਦਵਾਰੇ ਸੋਭਾ ਪਾਇੰਦਾ। ਸ੍ਰੀ ਭਗਵਾਨ ਗਾਏ ਆਪਣਾ ਸੁਹਾਗੀ ਗੀਤ, ਆਪਣਾ ਢੋਲਾ ਆਪ ਅਲਾਇੰਦਾ। ਪਾਰਬ੍ਰਹਮ ਪ੍ਰਭ ਪਤਤ ਪੁਨੀਤ, ਰੂਪ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਸਰਬ ਗੁਣ ਦਾਤਾ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਆਪ ਬੰਧਾਏ ਆਪਣਾ ਨਾਤਾ, ਆਪ ਆਪਣਾ ਮੇਲ ਮਿਲਾਈਆ। ਏਕੰਕਾਰਾ ਚਲਾਏ ਸਾਚਾ ਰਾਥਾ, ਰਥ ਰਥਵਾਹੀ ਦਿਸ ਨਾ ਆਈਆ। ਆਦਿ ਨਿਰੰਜਣ ਜੋਤੀ ਨੂਰ ਲਲਾਟਾ, ਨੂਰੋ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਵਾਟਾ, ਆਪ ਆਪਣਾ ਪੰਧ ਮੁਕਾਈਆ। ਸ੍ਰੀ ਭਗਵਾਨ ਆਪ ਚਲਾਏ ਸਾਚਾ ਰਾਥਾ, ਜੁਗਾ ਜੁਗੰਤਰ ਸੇਵ ਕਮਾਈਆ। ਪਾਰਬ੍ਰਹਮ ਆਪਣਾ ਚੁਕਾਏ ਲਹਿਣਾ ਦੇਣਾ ਮਸਤਕ ਮਾਥਾ, ਲੇਖਾ ਲੇਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ। ਸੋ ਪੁਰਖ ਨਿਰੰਜਣ ਨੂਰ ਨੁਰਾਨਾ, ਰੂਪ ਰੰਗ ਨਾ ਕੋਇ ਵਖਾਇੰਦਾ। ਹਰਿ ਪੁਰਖ ਨਿਰੰਜਣ ਖੇਲ ਮਹਾਨਾ, ਸਤਿ ਸਤਿਵਾਦੀ ਆਪ ਕਰਾਇੰਦਾ। ਏਕੰਕਾਰਾ ਗੁਣ ਨਿਧਾਨਾ, ਗੁਣ ਅਵਗੁਣ ਨਾ ਕੋਇ ਜਣਾਇੰਦਾ। ਆਦਿ ਨਿਰੰਜਣ ਜੋਤ ਮਹਾਨਾ, ਜੁਗਾ ਜੁਗੰਤਰ ਡਗਮਗਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਆਵਣ ਜਾਣਾ, ਆਵਣ ਜਾਵਣ ਆਪਣੀ ਰਚਨ ਰਚਾਇੰਦਾ। ਅਬਿਨਾਸ਼ੀ ਕਰਤਾ ਖੇਲੇ ਖੇਲ ਦੋ ਜਹਾਨਾਂ, ਦੋ ਜਹਾਨਾਂ ਵਾਲੀ ਆਪ ਅਖਵਾਇੰਦਾ। ਪਾਰਬ੍ਰਹਮ ਸਾਚੇ ਮੰਦਰ ਹੋ ਪਰਧਾਨਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਥਿਰ ਘਰ ਵੇਖੇ ਇਕ ਟਿਕਾਣਾ, ਨਿਰਗੁਣ ਆਪਣਾ ਆਪ ਸੁਹਾਇੰਦਾ। ਸਾਚਾ ਤਖ਼ਤ ਸ਼ਾਹ ਸੁਲਤਾਨਾ, ਤਖ਼ਤ ਨਿਵਾਸੀ ਇਕ ਵਖਾਇੰਦਾ। ਭੂਪ ਸਤਿ ਸਰੂਪ ਬਣ ਰਾਜ ਰਜਾਨਾ, ਆਸਣ ਸਿੰਘਾਸਣ ਆਪੇ ਲਾਇੰਦਾ। ਅਨਾਦੀ ਨਾਦ ਧੁਰ ਫ਼ਰਮਾਨਾ, ਸ਼ਬਦ ਸ਼ਬਦੀ ਆਪ ਅਲਾਇੰਦਾ। ਆਪੇ ਹੋਏ ਦਰ ਦਰਬਾਨਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ ਅਲੱਖ ਅਗੋਚਰ ਭੇਵ ਕੋਇ ਨਾ ਪਾਇੰਦਾ। ਅਲੱਖ ਅਗੋਚਰ ਭੇਵ ਨਿਆਰਾ, ਸੋ ਪੁਰਖ ਨਿਰੰਜਣ ਵਡ ਦਾਤਾ ਬੇਪਰਵਾਹੀਆ। ਜੁਗਾ ਜੁਗੰਤਰ ਸਾਚੀ ਕਾਰਾ, ਹਰਿ ਪੁਰਖ ਨਿਰੰਜਣ ਆਪ ਕਰਾਈਆ। ਥਿਰ ਘਰ ਵਸਾਏ ਸਚ ਦਵਾਰਾ, ਏਕੰਕਾਰਾ ਆਪਣੀ ਕਲ ਵਰਤਾਈਆ। ਸਚਖੰਡ ਦਵਾਰਾ ਖੋਲ੍ਹ ਕਿਵਾੜਾ, ਨੂਰ ਨੁਰਾਨਾ ਡਗਮਗਾਈਆ। ਆਦਿ ਨਿਰੰਜਣ ਦੀਪਕ ਹੋ ਉਜਿਆਰਾ, ਦੀਵਾ ਬਾਤੀ ਨਾ ਕੋਇ ਟਿਕਾਈਆ। ਰਵ ਸਸ ਨਾ ਕੋਇ ਸਤਾਰਾ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਮੰਡਲ ਮੰਡਪ ਨਾ ਕੋਇ ਉਜਿਆਰਾ, ਦੂਸਰ ਰੰਗ ਨਾ ਕੋਇ ਰੰਗਾਈਆ। ਗਗਨ ਗਗਨੰਤਰ ਨਾ ਕੋਈ ਪਾਵੇ ਸਾਰਾ, ਮੰਡਲ ਮੰਡਪ ਨਾ ਵੇਖ ਵਖਾਈਆ। ਜ਼ਿਮੀ ਅਸਮਾਨ ਨਾ ਬੰਨ੍ਹੇ ਧਾਰਾ, ਚੌਦਾਂ ਲੋਕ ਨਾ ਹੱਟ ਖੁਲ੍ਹਾਈਆ। ਲੋਆਂ ਪੁਰੀਆਂ ਨਾ ਕੋਇ ਅਖਾੜਾ, ਬ੍ਰਹਮਾ ਵਿਸ਼ਨ ਸ਼ਿਵ ਨਾ ਰਚਨ ਰਚਾਈਆ। ਸੁਰਪਤ ਰਾਜਾ ਇੰਦ ਨਾ ਕੋਈ ਪਿਆਰਾ, ਕਰੋੜ ਤੇਤੀਸਾ ਨਾ ਮੇਲ ਮਿਲਾਈਆ। ਗਣ ਗੰਧਰਬ ਨਾ ਬੋਲੇ ਕੋਇ ਜੈਕਾਰਾ, ਰਸਨਾ ਜਿਹਵਾ ਨਾ ਕੋਇ ਹਲਾਈਆ। ਤ੍ਰੈਗੁਣ ਮਾਇਆ ਨਾ ਕੋਇ ਭੰਡਾਰਾ, ਪੰਜ ਤਤ ਨਾ ਕੋਇ ਕੁੜਮਾਈਆ। ਲੱਖ ਚੁਰਾਸੀ ਨਾ ਦਿਸੇ ਖੇਲ ਗੁਪਤ ਜ਼ਾਹਰਾ, ਅੰਦਰ ਬਾਹਰ ਨਾ ਵੇਖ ਵਖਾਈਆ। ਨਾ ਕੋਈ ਪੁਰਖ ਨਾ ਕੋਈ ਨਾਰਾ, ਨਾ ਕੋਈ ਕੰਤ ਸੇਜ ਹੰਢਾਈਆ। ਪੁੱਤਰ ਧੀਆਂ ਨਾ ਕਰੇ ਕੋਇ ਵਣਜਾਰਾ, ਮਾਤ ਪਿਤ ਨਾ ਕੋਇ ਬਣਾਈਆ। ਸਾਕ ਸੈਣ ਨਾ ਦਿਸੇ ਸੰਸਾਰਾ, ਸੱਜਣ ਠੱਗ ਨਾ ਕੋਇ ਰਖਾਈਆ। ਨਾਦ ਸ਼ਬਦ ਧੁਨ ਨਾ ਕੋਇ ਜੈਕਾਰਾ, ਬੱਤੀ ਦੰਦ ਨਾ ਕੋਇ ਹਲਾਈਆ। ਮੰਦਰ ਮਸਜਿਦ ਨਾ ਕੋਇ ਗੁਰਦਵਾਰਾ, ਸ਼ਿਵਦਵਾਲਾ ਮੱਠ ਨਾ ਕੋਇ ਸੁਹਾਈਆ। ਅਠਸਠ ਤੀਰਥ ਨਾ ਕੋਇ ਕਿਨਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾ ਧਾਰ ਵਹਾਈਆ। ਗੁਰ ਪੀਰ ਨਾ ਕੋਇ ਅਵਤਾਰਾ, ਸਾਧ ਸੰਤ ਨਾ ਰੂਪ ਵਟਾਈਆ। ਪੰਜ ਤਤ ਨਾ ਕੋਇ ਹੰਕਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਵੇਸ ਵਟਾਈਆ। ਮਨ ਮਤ ਬੁਧ ਨਾ ਕੋਇ ਸਹਾਰਾ, ਆਸਾ ਤ੍ਰਿਸ਼ਨਾ ਨਾ ਸੰਗ ਮਿਲਾਈਆ। ਆਦਿ ਜੁਗਾਦੀ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਸ੍ਰੀ ਭਗਵਾਨ ਖੇਲ ਨਿਆਰਾ, ਨਿਰਗੁਣ ਆਪਣੇ ਵਿਚ ਛੁਪਾਈਆ। ਪਾਰਬ੍ਰਹਮ ਪ੍ਰਭ ਸਾਂਝਾ ਯਾਰਾ, ਦਰ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਨੀ ਰਹਿਤ ਪੁਰਖ ਅਕਾਲਾ, ਘਰ ਸਾਚੇ ਬੈਠਾ ਸਾਚਾ ਮਾਹੀਆ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਸਾਚਾ ਕੰਤ, ਨਿਰਗੁਣ ਮੇਲਾ ਮੇਲ ਮਿਲਾਇੰਦਾ। ਏਕੰਕਾਰਾ ਬਣਾਏ ਬਣਤ, ਆਦਿ ਨਿਰੰਜਣ ਸੰਗ ਨਿਭਾਇੰਦਾ। ਅਬਿਨਾਸ਼ੀ ਕਰਤਾ ਆਪਣੀ ਮਹਿਮਾ ਆਪੇ ਜਾਣੇ ਅਗਣਤ, ਵੇਦ ਕਤੇਬ ਭੇਵ ਨਾ ਪਾਇੰਦਾ। ਅਬਿਨਾਸ਼ੀ ਕਰਤਾ ਲੇਖਾ ਜਾਣੇ ਆਦਿ ਅੰਤ, ਮਦਿ ਆਪਣੀ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਮੰਗੇ ਮੰਗਤ, ਦਰ ਆਪਣੇ ਆਪਣੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੋਲ੍ਹ ਕਿਵਾੜਾ, ਨਿਰਗੁਣ ਲਾਏ ਇਕ ਅਖਾੜਾ, ਗੋਪੀ ਕਾਹਨ ਆਪ ਨਚਾਇੰਦਾ। ਗੋਪੀ ਕਾਹਨ ਹਰਿ ਭਗਵਾਨਾ, ਦੂਸਰ ਅਵਰ ਨਾ ਕੋਇ ਜਣਾਈਆ। ਸਚਖੰਡ ਵਸੇ ਸਚ ਮਕਾਨਾ, ਥਿਰ ਘਰ ਬੈਠਾ ਜੋਤ ਜਗਾਈਆ। ਸ਼ਾਹੋ ਭੂਪ ਸ਼ਾਹ ਸੁਲਤਾਨਾ, ਰਾਜ ਰਾਜਾਨਾ ਬੇਪਰਵਾਹੀਆ। ਨੂਰੋ ਨੂਰ ਨੂਰੀ ਨੂਰ ਨੁਰਾਨਾ, ਪਰਵਰਦਿਗਾਰ ਨਾਉਂ ਧਰਾਈਆ। ਏਕਾ ਗਾਵੇ ਸਚ ਤਰਾਨਾ, ਸ਼ਬਦ ਅਨਾਦੀ ਨਾਦ ਸੁਣਾਈਆ। ਦੋ ਜਹਾਨਾ ਦੇਵਣਹਾਰਾ ਸਾਚਾ ਧੁਰ ਫ਼ਰਮਾਣਾ, ਆਪਣੀ ਇਛਿਆ ਦਏ ਵਖਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਦਰਗਹਿ ਸਾਚੀ ਸਾਚੇ ਧਾਮ ਦਏ ਵਡਿਆਈਆ। ਨਾ ਕੋਈ ਚਿੱਲਾ ਤੀਰ ਕਮਾਨਾ, ਖੜਗ ਖੰਡਾ ਨਾ ਹੱਥ ਉਠਾਈਆ। ਏਕਾ ਹੁਕਮੀ ਹੁਕਮ ਫ਼ਰਮਾਨਾ, ਲੇਖੇ ਵਿਚ ਸਰਬ ਭਵਾਈਆ। ਖੇਲੇ ਖੇਲ ਦੋ ਜਹਾਨਾਂ, ਤ੍ਰੈ ਤ੍ਰੈ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਈਆ। ਪੁਰਖ ਅਬਿਨਾਸ਼ੀ ਖੇਲ ਅਵੱਲਾ, ਭੇਵ ਕੋਇ ਨਾ ਪਾਇੰਦਾ। ਸਤਿ ਪੁਰਖ ਨਿਰੰਜਣ ਇਕ ਇਕੱਲਾ, ਨਿਰਗੁਣ ਆਪਣੀ ਕਲ ਵਰਤਾਇੰਦਾ। ਸਚਖੰਡ ਦਵਾਰੇ ਵਸੇ ਸਚ ਮਹੱਲਾ, ਉਚ ਅਟੱਲਾ ਆਪ ਵਸਾਇੰਦਾ। ਆਪਣੀ ਜੋਤੀ ਦੀਪਕ ਆਪੇ ਬੱਲਾ, ਨੂਰੋ ਨੂਰ ਡਗਮਗਾਇੰਦਾ। ਆਪਣੀ ਸ਼ਕਤੀ ਆਪੇੇ ਰੱਲਾ, ਆਦਿ ਸ਼ਕਤ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਜੋਤ ਜਗਾਏ ਆਦਿ ਨਿਰੰਜਣਾ, ਨੂਰ ਨੁਰਾਨਾ ਆਪ ਅਖਵਾਇੰਦਾ। ਨੂਰ ਨੁਰਾਨਾ ਪਾਰਬ੍ਰਹਮ, ਹਰਿ ਸੱਚਾ ਵਡ ਵਡਿਆਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਪਵਣ ਸਵਾਸ ਨਾ ਲਏ ਦਮ, ਪੰਜ ਤਤ ਨਾ ਕਰੇ ਕੁੜਮਾਈਆ। ਨਾ ਕੋਈ ਜਨਨੀ ਜਣੇ ਜਨ, ਬਾਲਕ ਗੋਦ ਨਾ ਕੋਇ ਸਖਾਈਆ। ਨਾ ਕੋਈ ਬੇੜਾ ਦੇਵੇ ਬੰਨ੍ਹ, ਸੀਸ ਭਾਰ ਨਾ ਕੋਇ ਚੁਕਾਈਆ। ਕਿਸੇ ਨਾ ਵਸਿਆ ਛੱਪਰ ਛੰਨ, ਚਾਰ ਦੀਵਾਰ ਨਾ ਬੰਦ ਵਖਾਈਆ। ਆਦਿ ਜੁਗਾਦਿ ਨਾ ਦੇਵੇ ਕੋਇ ਡੰਨ, ਜੁਗ ਜੁਗ ਆਪਣੀ ਖੇਲ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ ਥਿਰ ਘਰ ਸਾਚੇ ਦਏ ਵਡਿਆਈਆ। ਥਿਰ ਘਰ ਸਾਚਾ ਹਰਿ ਵਡਿਆਇਆ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਘਰ ਵਿਚ ਘਰ ਦਏ ਉਪਜਾਇਆ, ਸਚਖੰਡ ਦਵਾਰਾ ਨਾਉਂ ਧਰਾਇੰਦਾ। ਨਿਰਗੁਣ ਦੀਆ ਬਾਤੀ ਕਮਲਾਪਾਤੀ ਆਪ ਟਿਕਾਇਆ, ਆਪਣੀ ਸੇਵਾ ਆਪ ਕਮਾਇੰਦਾ। ਆਪਣਾ ਨਾਤੀ ਪੁਰਖ ਬਿਧਾਤਾ ਆਪ ਅਖਵਾਇਆ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਆਪਣਾ ਸਾਕੀ ਬਣ ਬਣ ਜਾਮ ਪਿਆਇਆ, ਸਚ ਪਿਆਲਾ ਹੱਥ ਉਠਾਇੰਦਾ। ਆਪਣਾ ਰਾਮ ਬਣ ਬਣ ਦਰਸ ਦਿਖਾਇਆ, ਰਾਮ ਰੂਪ ਆਪ ਹੋ ਜਾਇੰਦਾ। ਆਪਣਾ ਲੇਖਾ ਆਪ ਲਿਖਾਇਆ, ਲੇਖਾ ਆਪਣੇ ਹੱਥ ਰਖਾਇੰਦਾ। ਆਪਣਾ ਭਰਮ ਭੁਲੇਖਾ ਆਪ ਕਢਾਇਆ, ਭਰਮ ਗੜ੍ਹ ਆਪ ਤੁੜਾਇੰਦਾ। ਆਪਣੇ ਅੰਦਰ ਵੜ ਆਪਣਾ ਆਸਣ ਆਪ ਸੁਹਾਇਆ, ਸਚ ਸਿੰਘਾਸਣ ਡੇਰਾ ਲਾਇੰਦਾ। ਪੁਰਖ ਅਬਿਨਾਸ਼ੀ ਨਾਉਂ ਧਰਾਇਆ, ਜਨਮ ਮਰਨ ਵਿਚ ਨਾ ਆਇੰਦਾ। ਸਾਚੀ ਮੰਡਲ ਰਾਸ ਆਪ ਰਚਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ ਸਚਖੰਡ ਦਵਾਰਾ ਸੋਭਾਵੰਤ, ਹਰਿ ਹਰਿ ਵਸੇ ਏਕਾ ਕੰਤ, ਕੰਤ ਕੰਤੂਹਲ ਆਪ ਅਖਵਾਇੰਦਾ। ਕੰਤ ਕੰਤੂਹਲ ਲਾਲ ਗੋਪਾਲ, ਹਰਿ ਸੱਚਾ ਬੇਪਰਵਾਹੀਆ। ਸਤਿਗੁਰ ਸੱਚਾ ਦੀਨ ਦਿਆਲ, ਘਰ ਸਾਚੇ ਸੋਭਾ ਪਾਈਆ। ਚਰਨ ਭਿਖਾਰ ਬਣਾਏ ਮਹਾਂਕਾਲ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੇਲ ਨਿਆਰਾ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਬੇਐਬ ਪਰਵਰਦਿਗਾਰ, ਨੂਰੋ ਨੂਰ ਨੂਰ ਨੂਰਾਨਿਆ। ਮੁਕਾਮੇ ਹੱਕ ਏਕਾ ਯਾਰ, ਲਾਸ਼ਰੀਕ ਦੋ ਜਹਾਨਿਆ। ਮਹਿਬਾਨ ਬੀਦੋ ਖੇਲ ਨਿਆਰ, ਰਹਿਮਤ ਰਹਿਮਾਨ ਸ੍ਰੀ ਭਗਵਾਨਿਆ। ਨੂਰੀ ਜਲਵਾ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਨਿਆ। ਤਾਲਬ ਤਲਬ ਤਾਲਬਗਾਰ, ਹੱਕ ਹਕੀਕਤ ਖੇਲ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰਗਹਿ ਸਾਚੀ ਨੌਜਵਾਨਿਆ। ਦਰਗਹਿ ਸਾਚੀ ਸਚ ਨਿਵਾਸਾ, ਹਰਿ ਸਾਚਾ ਸਚ ਸੁਹਾਈਆ। ਨਿਰਗੁਣ ਕਰੇ ਖੇਲ ਤਮਾਸ਼ਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਨਿਰਗੁਣ ਅੰਦਰ ਕਰਿਆ ਨਿਰਗੁਣ ਵਾਸਾ, ਨਿਰਗੁਣ ਨਿਰਗੁਣ ਗੋਦ ਬਹਾਈਆ। ਨਿਰਗੁਣ ਨੂਰ ਜੋਤ ਪਰਕਾਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ । ਦਰ ਦਰਵਾਜ਼ਾ ਖੋਲ੍ਹਿਆ, ਸਚਖੰਡ ਨਿਵਾਸੀ ਏਕੰਕਾਰ। ਨਿਸ਼ਅੱਖਰ ਆਪਣਾ ਆਪੇ ਬੋਲਿਆ, ਆਪ ਆਪਣੀ ਕਰ ਪੁਕਾਰ। ਆਪਣਾ ਲੇਖਾ ਆਪੇ ਤੋਲਿਆ, ਤੋਲਣਹਾਰ ਸੱਚੀ ਸਰਕਾਰ। ਆਪੇ ਬਣੇ ਹਰਿ ਵਿਚੋਲਿਆ, ਲੇਖਾ ਜਾਣੇ ਧੁਰ ਦਰਬਾਰ। ਸਚਖੰਡ ਨਾ ਕੋਈ ਪੜਦਾ ਨਾ ਕੋਈ ਉਹਲਿਆ, ਏਕਾ ਨੂਰ ਹੋਏ ਉਜਿਆਰ। ਸਾਹਿਬ ਸੁਲਤਾਨ ਨਾ ਕੋਈ ਕਲ ਦਿਸੇ ਸੋਲਿਆ, ਅਕਲ ਕਲ ਆਪ ਕਰਤਾਰ। ਏਕਾ ਨਾਮ ਸ਼ਬਦ ਅਨਮੋਲਿਆ, ਆਪ ਆਪਣਾ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਣਜ ਕਰੇ ਵਪਾਰ। ਸਚ ਵਣਜਾਰਾ ਹਰਿ ਨਿਰੰਕਾਰਾ, ਸਚਖੰਡ ਦਵਾਰਾ ਸੋਭਾ ਪਾਇੰਦਾ। ਏਕਾ ਹੱਟ ਖੋਲ੍ਹ ਕਿਵਾੜਾ, ਸਾਚੀ ਵਸਤ ਵਿਚ ਟਿਕਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਦਰ ਦਰਬਾਨ ਅਲਖ ਜਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚਾ ਹੁਕਮੀ ਹੁਕਮ ਆਪ ਅਲਾਇੰਦਾ। ਏਕਾ ਦੇਵਣਹਾਰ ਹਰਿ ਭੰਡਾਰਾ, ਸਾਚੀ ਵਸਤ ਝੋਲੀ ਪਾਇੰਦਾ। ਆਪਣਾ ਨਾਉਂ ਰੱਖ ਨਿਰੰਕਾਰਾ, ਆਪੇ ਵੇਖ ਵਖਾਇੰਦਾ। ਆਦਿ ਜੁਗਾਦੀ ਖੇਲ ਨਿਆਰਾ, ਦਿਸ ਕਿਸੇ ਨਾ ਆਇੰਦਾ। ਵੇਦ ਕਤੇਬਾਂ ਵਸੇ ਬਾਹਰਾ, ਸ਼ਾਸਤਰ ਸਿਮਰਤ ਭੇਵ ਨਾ ਪਾਇੰਦਾ। ਖਾਣੀ ਬਾਣੀ ਨਾ ਕਰੇ ਵਿਚਾਰਾ, ਤ੍ਰੈਗੁਣ ਮੇਲ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾਇੰਦਾ। ਆਪਣਾ ਨਾਉਂ ਹਰਿ ਹਰਿ ਰੱਖ, ਆਪਣੀ ਦਇਆ ਕਮਾਇੰਦਾ। ਸਾਚੇ ਮੰਦਰ ਹੋ ਪਰਤੱਖ, ਸਚਖੰਡ ਦਵਾਰੇ ਜੋਤ ਜਗਾਇੰਦਾ। ਆਪ ਆਪਣਾ ਕੀਤਾ ਵੱਖ, ਆਪ ਆਪਣਾ ਅੰਗ ਕਟਾਇੰਦਾ। ਆਪੇ ਹੋਏ ਅਲੱਖਨਾ ਅਲੱਖ, ਲੇਖਾ ਲੇਖ ਨਾ ਕੋਇ ਜਣਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਇੰਦਾ । ਆਪਣੇ ਅੱਗੇ ਆਪੇ ਹੋਇਆ ਵਸ, ਆਪ ਆਪਣਾ ਸੀਸ ਝੁਕਾਇੰਦਾ। ਆਪੇ ਰਸੀਆ ਭੋਗੇ ਰਸ, ਰਸ ਰਸ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਨਿਰਗੁਣ ਵੜ, ਨਾ ਕੋਈ ਸੀਸ ਨਾ ਕੋਈ ਧੜ, ਸਾਚੇ ਪੌੜੇ ਬੈਠਾ ਚੜ੍ਹ, ਥਿਰ ਘਰ ਸਾਚਾ ਆਪ ਸੁਹਾਇੰਦਾ। ਸਾਚੇ ਪੌੜੇ ਹਰਿ ਹਰਿ ਚੜ੍ਹਿਆ, ਆਦਿ ਆਦਿ ਵੱਡੀ ਵਡਿਆਈਆ। ਆਪਣਾ ਅੱਖਰ ਆਪੇ ਪੜ੍ਹਿਆ, ਆਪ ਆਪਣੇ ਵਿਚ ਸਮਾਈਆ। ਆਪਣਾ ਘਾੜਨ ਆਪੇ ਘੜਿਆ, ਨਾ ਕੋਈ ਭੰਨੇ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਈਆ। ਰੂਪ ਅਪਾਰਾ ਹਰਿ ਨਿਰੰਕਾਰਾ, ਆਪਣਾ ਆਪ ਵਟਾਇੰਦਾ। ਜੋਤੀ ਜੋਤ ਕਰ ਪਸਾਰਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਨਾਰੀ ਕੰਤ ਭਤਾਰਾ, ਸਾਚੀ ਸੇਜ ਹੰਢਾਇੰਦਾ। ਏਕਾ ਉਪਜੇ ਸੁੱਤ ਦੁਲਾਰਾ, ਸ਼ਬਦ ਸ਼ਬਦੀ ਨਾਉਂ ਰਖਾਇੰਦਾ। ਸ਼ਬਦੀ ਸ਼ਬਦ ਭਰੇ ਭੰਡਾਰਾ, ਅਤੋਟ ਅਤੁਟ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰੱਖ ਆਪਣੇ ਹੱਥ, ਸਮਰਥ ਆਪਣਾ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਹਰਿ ਸਮਰਥ, ਸਾਖਿਆਤ ਜੋਤ ਜਗਾਈਆ। ਏਕੰਕਾਰਾ ਚਲਾਏ ਰਥ, ਆਦਿ ਜੁਗਾਦਿ ਵੱਡੀ ਵਡਿਆਈਆ। ਏਕੰਕਾਰਾ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਆਦਿ ਨਿਰੰਜਣ ਆਪਣੀ ਦੇਵੇ ਏਕਾ ਵੱਥ, ਜੋਤ ਨਿਰੰਜਣ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਨਿਭਾਏ ਸਗਲਾ ਸਾਥ, ਸਾਚਾ ਸੰਗ ਇਕ ਖ਼ੁਦਾਈਆ। ਸ੍ਰੀ ਭਗਵਾਨ ਆਪੇ ਵਸਿਆ ਆਪਣੇ ਘਾਟ, ਦਰ ਘਰ ਸਾਚਾ ਆਪ ਸੁਹਾਈਆ। ਪਾਰਬ੍ਰਹਮ ਏਕਾ ਨਾਤਾ ਬੰਧਾਏ ਆਪਣੇ ਸੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਈਆ। ਨਿਰਗੁਣ ਮੇਲ ਮਿਲਾਇਆ, ਨਿਰਗੁਣ ਨਾਰੀ ਕੰਤ ਭਤਾਰ। ਨਿਰਗੁਣ ਸੇਜ ਹੰਢਾਇਆ, ਸੋਹੇ ਸਚਖੰਡ ਦਵਾਰ। ਥਿਰ ਘਰ ਸਾਚਾ ਵੇਖ ਵਖਾਇਆ, ਕਮਲਾਪਾਤੀ ਮੀਤ ਮੁਰਾਰ। ਸਤਿ ਪੁਰਖ ਨਿਰੰਜਣ ਦਇਆ ਕਮਾਇਆ, ਦੀਨ ਦਿਆਲਾ ਸਾਂਝਾ ਯਾਰ। ਜੋਤੀ ਜੋਤ ਜੋਤ ਰੁਸ਼ਨਾਇਆ, ਪੂਤ ਸਪੂਤਾ ਕਰ ਪਿਆਰ। ਸ਼ਬਦ ਸ਼ਬਦੀ ਨਾਉਂ ਧਰਾਇਆ, ਨਾਦ ਵਜਾਇਆ ਏਕੰਕਾਰ। ਆਪ ਆਪਣੀ ਗੋਦ ਬਹਾਇਆ, ਸਮਰਥ ਪੁਰਖ ਪ੍ਰਭ ਕਿਰਪਾ ਧਾਰ। ਸਿਰ ਆਪਣਾ ਹੱਥ ਰਖਾਇਆ, ਵਰ ਦਏ ਸੱਚੀ ਸਰਕਾਰ। ਤੇਰੀ ਸਾਚੀ ਸੇਵ ਲਗਾਇਆ, ਸੇਵਕ ਬਣਨਾ ਖ਼ਬਰਦਾਰ। ਆਲਸ ਨਿੰਦਰਾ ਵਿਚ ਨਾ ਆਇਆ, ਤ੍ਰੈਗੁਣ ਨਾ ਕੋਇ ਪਿਆਰ। ਆਪਣੀ ਕੁੱਖੋਂ ਆਪੇ ਜਾਇਆ, ਰਕਤ ਬੂੰਦ ਨਾ ਕੋਇ ਆਧਾਰ । ਮਾਣਸ ਮਾਨੁਖ ਨਾ ਰੂਪ ਵਟਾਇਆ, ਨਿਰਗੁਣ ਨਿਰਗੁਣ ਖੇਲ ਅਪਾਰ। ਸੰਸਾ ਦੁਖ ਨਾ ਕੋਇ ਜਣਾਇਆ, ਰੋਗ ਸੋਗ ਨਾ ਕੋਇ ਧਾਰ। ਦਰਸ ਅਮੋਘ ਇਕ ਕਰਾਇਆ, ਆਪ ਆਪਣਾ ਕਰ ਪਿਆਰ। ਪੁਰਖ ਅਬਿਨਾਸ਼ੀ ਅੰਮ੍ਰਿਤ ਏਕਾ ਚੋਗ ਚੁਗਾਇਆ, ਚਰਨ ਕਵਲ ਠੰਡੀ ਠਾਰ। ਸਚਖੰਡ ਦਵਾਰੇ ਸਚ ਸੰਜੋਗ ਵਖਾਇਆ, ਹੋਏ ਵਿਜੋਗ ਨਾ ਅੰਤਮ ਵਾਰ। ਏਕਾ ਆਪਣਾ ਸਲੋਕ ਸੁਣਾਇਆ, ਸੋਹੰ ਰੂਪ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਜੀ ਬੰਨ੍ਹੇ ਧਾਰ। ਏਕਾ ਏਕੰਕਾਰ ਹੈ, ਦੂਜੀ ਖੇਲ ਖਿਲਾਈਆ। ਏਕਾ ਪੁਰਖ ਅਕਾਲਾ ਮੀਤ ਮੁਰਾਰ ਹੈ, ਦੂਜੇ ਘਰ ਵੱਜੇ ਵਧਾਈਆ। ਏਕਾ ਮਾਤ ਪਿਤ ਹੋਏ ਉਜਿਆਰ ਹੈ, ਦੂਜੇ ਸੁੱਤ ਦੁਲਾਰਾ ਜਾਈਆ। ਦੋਹਾਂ ਵਿਚੋਲਾ ਆਪ ਕਰਤਾਰ ਹੈ, ਸ਼ਬਦੀ ਸ਼ਬਦ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰਾ ਵੇਖੇ ਸੁੱਤ, ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਆਪਣੀ ਰੁੱਤ ਆਪ ਸੁਹਾਈਆ। ਸਾਚੀ ਰੁੱਤੜੀ ਹਰਿ ਸੁਹਾਇਆ, ਸਚਖੰਡ ਵੱਜੀ ਵਧਾਈਆ। ਸੁੱਤ ਦੁਲਾਰਾ ਇਕ ਉਪਜਾਇਆ, ਸ਼ਬਦ ਦਾਤਾ ਬੇਪਰਵਾਹੀਆ। ਆਪ ਆਪਣੀ ਗੋਦ ਬਹਾਇਆ, ਬਾਲ ਨਿਧਾਨਾ ਗਲੇ ਲਗਾਈਆ। ਧੁਰ ਫ਼ਰਮਾਨਾ ਇਕ ਜਣਾਇਆ, ਤੇਰੀ ਸੇਵਾ ਸਚ ਲਗਾਈਆ। ਤੇਰਾ ਨਿਰਗੁਣ ਨੂਰ ਨੂਰ ਨੁਰਾਇਆ, ਨਿਰਾਕਾਰ ਆਪ ਅਖਵਾਈਆ। ਤੇਰਾ ਵੇਸ ਆਪ ਵਟਾਇਆ, ਸ਼ਾਹ ਪਾਤਸ਼ਾਹ ਸ਼ਾਹ ਕਰੇ ਸ਼ਹਿਨਸ਼ਾਹੀਆ। ਆਪਣਾ ਖੇਲ ਦਏ ਵਖਾਇਆ, ਨਿਰਗੁਣ ਨਿਰਾਕਾਰ ਆਕਾਰ ਹੋ ਜਾਈਆ। ਆਪਣਾ ਨਾਉਂ ਲਏ ਰਖਾਇਆ, ਪਰਤੱਖ ਰੂਪ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਕਰ, ਸੁੱਤ ਦੁਲਾਰੇ ਦਏ ਸਮਝਾਈਆ। ਸ਼ਬਦ ਸੁੱਤ ਹਰਿ ਸਮਝਾਇਆ, ਏਕਾ ਏਕ ਕਰੇ ਪੜ੍ਹਾਈਆ। ਤੇਰਾ ਮੇਰਾ ਭੇਵ ਨਾ ਰਾਇਆ, ਤੇਰਾ ਰੂਪ ਮੇਰੀ ਸ਼ਨਵਾਈਆ। ਤੇਰਾ ਤੇਰੀ ਸੇਵ ਕਮਾਇਆ, ਤੇਰਾ ਲੇਖਾ ਦਏ ਮੁਕਾਈਆ। ਬੋਧ ਅਗਾਧ ਭੇਵ ਅਭੇਦ ਅਲੱਖ ਨਿਰੰਜਣ ਖੇਲ ਖਿਲਾਇਆ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਦਇਆ ਕਮਾਇਆ, ਦਰਗਹਿ ਸਾਚੀ ਬੈਠਾ ਆਸਣ ਲਾਈਆ। ਆਪਣਾ ਅੰਗ ਲਏ ਕਟਾਇਆ, ਤੇਰਾ ਸੰਗ ਸੰਗ ਨਿਭਾਈਆ। ਵਿਸ਼ਨੂੰ ਰੂਪ ਆਪ ਧਰਾਇਆ, ਵਿਸ਼ਵ ਲੇਖਾ ਰਿਹਾ ਗਣਾਈਆ। ਨਾਭੀ ਕਵਲੀ ਫੁਲ ਉਪਜਾਇਆ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਸਾਚਾ ਫਲ ਆਪ ਲਗਾਇਆ, ਪੱਤ ਪੰਖੜੀਆਂ ਵੇਖ ਵਖਾਈਆ। ਗੁਲ ਗੁੰਚਾ ਆਪ ਖਿਲਾਇਆ, ਨਿਰਗੁਣ ਨੂਰ ਰੂਪ ਮਹਿਕਾਈਆ। ਬ੍ਰਹਮਾ ਵੇਤਾ  ਆਪ ਜਾਇਆ, ਪਾਰਬ੍ਰਹਮ ਸੱਚੀ ਸਰਨਾਈਆ। ਸਾਚਾ ਲੇਖਾ ਆਪ ਸਮਝਾਇਆ, ਏਕਾ ਵਿਦਿਆ ਅੱਖਰ ਪੜ੍ਹਾਈਆ। ਚਾਰੇ ਕੂਟਾਂ ਰਾਹ ਤਕਾਇਆ, ਚਾਰੇ ਮੁਖ ਦਏ ਖੁਲ੍ਹਾਈਆ। ਚਾਰੇ ਵੇਦਾਂ ਭੇਵ ਚੁਕਾਇਆ, ਚਾਰੇ ਬਾਣੀ ਦਏ ਜਣਾਈਆ। ਚਾਰੇ ਖਾਣੀ ਲੇਖ ਸਮਝਾਇਆ, ਚਾਰ ਜੁਗ ਵੱਜੇ ਵਧਾਈਆ। ਚਾਰ ਵਰਨਾਂ ਰੰਗ ਰੰਗਾਇਆ, ਚਾਰ ਯਾਰੀ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖੇ ਸਾਚਾ ਹਰਿ, ਲਿਖਣਹਾਰਾ ਦਿਸ ਨਾ ਆਈਆ। ਲੇਖਾ ਹਰਿ ਹਰਿ ਲਿਖਿਆ, ਥਿਰ ਘਰ ਬੈਠ ਸੱਚੇ ਦਰਬਾਰ। ਬ੍ਰਹਮੇ ਦੇਵੇ ਸਾਚੀ ਸਿਖਿਆ, ਨਿਰਗੁਣ ਸ਼ਬਦ ਧੁਨ ਸੁਣਾਏ ਸੱਚੀ ਧੁਨਕਾਰ। ਜੋ ਉਪਜੇ ਸੋ ਮਿਥਿਆ, ਥਿਰ ਰਹੇ ਨਾ ਵਿਚ ਸੰਸਾਰ। ਪੁਰਖ ਅਕਾਲ ਏਕਾ ਵਸੇ ਧਾਮ ਅਨਡਿਠਿਆ, ਧਾਮ ਅਵੱਲੜਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਸਾਚਾ ਰਾਣਾ, ਆਪ ਸੁਣਾਏ ਆਪਣੀ ਵਾਰ। ਬ੍ਰਹਮੇ ਸੁਣਿਆ ਸਚ ਸੰਦੇਸ਼, ਦੋਏ ਜੋੜ ਕਰੇ ਨਿਮਸਕਾਰਾ। ਪਾਰਬ੍ਰਹਮ ਪ੍ਰਭ ਸਦਾ ਆਦੇਸ਼, ਹਉਂ ਸੇਵਕ ਸੇਵਾਦਾਰਾ। ਤੇਰਾ ਰੂਪ ਨਾ ਜਾਣਾਂ ਅਵਲੜਾ ਵੇਸ, ਤੂੰ ਸਾਹਿਬ ਸੱਚੀ ਸਰਕਾਰਾ ਤੂੰ ਵਸੇ ਸਾਚੇ ਦੇਸ, ਤੇਰਾ ਵਸਦਾ ਰਹੇ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਚ ਭੰਡਾਰਾ। ਸਚ ਭੰਡਾਰਾ ਬ੍ਰਹਮੇ ਮੰਗਿਆ, ਪ੍ਰਭ ਅੱਗੇ ਝੋਲੀ ਡਾਹ। ਦਰਗਹਿ ਸਾਚੀ ਮੂਲ ਨਾ ਸੰਗਿਆ, ਨੇਤਰ ਨੈਣਾਂ ਨੀਰ ਵਹਾ। ਪੁਰਖ ਅਕਾਲ ਸੂਰਾ ਸਰਬੰਗਿਆ, ਏਕਾ ਦੇਵੇ ਸਚ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਚੁਕਾ। ਪੁਰਖ ਅਬਿਨਾਸ਼ੀ ਪੜਦਾ ਚੁਕਿਆ, ਬ੍ਰਹਮੇ ਪਾਇਆ ਦਰਸ ਕਰਤਾਰ। ਆਸਾ ਮਨਸਾ ਸੰਸਾ ਮੁੱਕਿਆ, ਮਿਲਿਆ ਪੁਰਖ ਦੀਨ ਦਿਆਲ। ਦੋਏ ਜੋੜ ਚਰਨਾਂ ਉਤੇ ਝੁਕਿਆ, ਚਰਨ ਸੇਵਕ ਤੇਰਾ ਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਉਠਾਇਆ ਛੋਟਾ ਬਾਲ। ਛੋਟਾ ਬਾਲ ਬਾਲ ਨਿਧਾਨਾ, ਸੋ ਪੁਰਖ ਨਿਰੰਜਣ ਆਪ ਉਠਾਈਆ। ਹਰਿ ਪੁਰਖ ਨਿਰੰਜਣ ਦੇਵੇ ਮਾਣਾ, ਸਿਰ ਆਪਣਾ ਹੱਥ ਟਿਕਾਈਆ। ਏਕੰਕਾਰਾ ਕਰ ਧਿਆਨਾ, ਏਕਾ ਇਸ਼ਟ ਦਏ ਵਖਾਈਆ। ਜੋਤ ਨਿਰੰਜਣ ਜਗਾਏ ਜੋਤ ਮਹਾਨਾ, ਆਦਿ ਨਿਰੰਜਣ ਦਇਆ ਕਮਾਈਆ। ਅਬਿਨਾਸ਼ੀ ਕਰਤਾ ਹੋ ਮਿਹਰਵਾਨਾ, ਆਪਣੀ ਵੰਡਣ ਲਏ ਵੰਡਾਈਆ। ਸ੍ਰੀ ਭਗਵਾਨ ਧੁਰ ਫ਼ਰਮਾਨਾ, ਧੁਰ ਦੀਬਾਣ ਦਏ ਸਮਝਾਈਆ। ਪਾਰਬ੍ਰਹਮ ਬ੍ਰਹਮ ਕਰੇ ਪਛਾਨਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਬ੍ਰਹਮੇ ਤੇਰਾ ਹਰਿ ਨਿਸ਼ਾਨਾ, ਨਿਰਗੁਣ ਨਿਰਗੁਣ ਲਏ ਉਪਜਾਈਆ। ਏਕਾ ਦੇਵੇ ਦਾਤਾ ਦਾਨੀ ਦਾਨਾ, ਤੇਰੀ ਝੋਲੀ ਆਪ ਭਰਾਈਆ। ਤ੍ਰੈਗੁਣ ਮਾਇਆ ਤਤ ਵਖਾਨਾ, ਤਤਵ ਤਤ ਵਿਚ ਟਿਕਾਈਆ। ਬ੍ਰਹਮ ਰੱਤ ਰੰਗ ਰੰਗੇ ਦੋ ਜਹਾਨਾਂ, ਕਮਲਾਪਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਝੋਲੀ ਦਏ ਭਰਾਈਆ। ਬ੍ਰਹਮੇ ਸੁਣਿਆ ਧੁਰ ਫ਼ਰਮਾਣਾ, ਪਾਰਬ੍ਰਹਮ ਪ੍ਰਭ ਆਪ ਜਣਾਇਆ। ਸਾਚੇ ਤਖ਼ਤ ਵੇਖਿਆ ਸਾਚਾ ਰਾਣਾ, ਨਿਰਗੁਣ ਨਿਰਗੁਣ ਨਜ਼ਰੀ ਆਇਆ। ਜੁਗ ਜੁਗ ਮੰਨਣਾ ਪਏ ਭਾਣਾ, ਭਾਣੇ ਵਿਚ ਸਦ ਰਹਾਇਆ। ਏਕਾ ਦੇਵਣਹਾਰਾ ਮਾਣਾ, ਮਾਣ ਨਿਮਾਣਿਆਂ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਰ ਦਏ ਸਮਝਾਇਆ। ਵਰ ਸਮਝਾਇਆ ਹਰਿ ਕਰਤਾਰ, ਬ੍ਰਹਮੇ ਭੁੱਲ ਰਹੇ ਨਾ ਰਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਤੇਰੀ ਝੋਲੀ ਆਪ ਵਖਾਈਆ। ਵਿਸ਼ਨੂੰ ਕਰੇ ਸੇਵਕ ਸੇਵਾਦਾਰ, ਸਗਲਾ ਸੰਗ ਨਿਭਾਈਆ। ਸੁੰਨ ਅਗੰਮੀ ਧੂੰਆਂਧਾਰ, ਸ਼ੰਕਰ ਨੂਰ ਰੁਸ਼ਨਾਈਆ। ਤਿੰਨਾਂ ਮੇਲਾ ਸਿਰਜਣਹਾਰ, ਸਿਰ ਸਿਰ ਦੇਵੇ ਰਿਜ਼ਕ ਸਬਾਈਆ। ਤਾਣਾ ਤਣਿਆ ਆਪ ਕਰਤਾਰ, ਤ੍ਰੈਗੁਣ ਆਪਣੇ ਹੱਥੀਂ ਤੰਦ ਵਟਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੇ ਪਿਆਰ, ਪੰਜ ਤਤ ਰੂਪ ਵਟਾਈਆ। ਲੱਖ ਚੁਰਾਸੀ ਤੇਰਾ ਹੋਏ ਵਣਜਾਰ, ਘੜ ਭਾਂਡੇ ਆਪ ਵਖਾਈਆ। ਘਾੜਨ ਘੜੇ ਸੱਚਾ ਠਠਿਆਰ, ਨਾਮ ਕੁਠਾਲੀ ਏਕਾ ਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਲੰਬੂ ਅਗਨੀ ਲਾਈਆ। ਲੱਖ ਚੁਰਾਸੀ ਭਾਂਡਾ ਘੜਣਾ, ਜੂਨ ਅਜੂਨੀ ਆਪ ਸਮਝਾਇੰਦਾ। ਪੁਰਖ ਅਬਿਨਾਸ਼ੀ ਅੰਦਰ ਵੜਨਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਆਪਣਾ ਖੇਲ ਆਪੇ ਕਰਨਾ, ਨੌ ਦਵਾਰੇ ਖੋਲ੍ਹ ਵਖਾਇੰਦਾ। ਘਰ ਵਿਚ ਘਰ ਆਪੇ ਧਰਨਾ, ਘਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਹਰਿ ਭਗਵਾਨ, ਬ੍ਰਹਮੇ ਵਿਸ਼ਨ ਸ਼ਿਵ ਸਮਝਾਈਆ। ਖੋਲ੍ਹਣਹਾਰਾ ਹਰਿ ਦੁਕਾਨ, ਦੋ ਜਹਾਨਾਂ ਵੇਸ ਵਟਾਈਆ। ਚੌਦਾਂ ਲੋਕ ਕਰ ਪਰਧਾਨ, ਰਵ ਸਸ ਕਰੇ ਰੁਸ਼ਨਾਈਆ। ਮੰਡਲ ਮੰਡਪ ਖੇਲ ਮਹਾਨ, ਬ੍ਰਹਿਮੰਡ ਖੰਡ ਵੇਸ ਵਟਾਈਆ। ਜੇਰਜ ਅੰਡ ਹੋਏ ਪਰਧਾਨ, ਉਤਭੁਜ ਸੇਤਜ ਅੰਗ ਲਗਾਈਆ। ਪੰਜ ਤਤ ਕਾਇਆ ਵੇਖ ਮਕਾਨ, ਕਾਇਆ ਬੰਕ ਦਏ ਸੁਹਾਈਆ। ਤਖ਼ਤ ਨਿਵਾਸੀ ਹੋ ਮਿਹਰਵਾਨ, ਘਰ ਘਰ ਵਿਚ ਦਏ ਵਡਿਆਈਆ। ਆਤਮ ਸੇਜਾ ਹੋ ਪਰਧਾਨ, ਆਪਣਾ ਨੂਰ ਲਏ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਝੋਲੀ ਪਾਈਆ। ਬ੍ਰਹਮੇ ਵਿਸ਼ਨ ਸ਼ਿਵ ਕਰ ਸਲਾਹ, ਤਿੰਨਾਂ ਹਰਿ ਹਰਿ ਇਕ ਮਨਾਇਆ। ਪੁਰਖ ਅਬਿਨਾਸ਼ੀ ਤੇਰਾ ਪੰਥ ਮਾਰਗ ਸੱਚਾ ਰਾਹ, ਲੋਕਮਾਤ ਵੇਖ ਵਖਾਇਆ। ਘਟ ਘਟ ਅੰਦਰ ਬ੍ਰਹਮੇ ਤੇਰਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇਆ। ਥਾਨ ਥਨੰਤਰ ਵਸੇ ਸਾਚੇ ਥਾਂ, ਥਿਰ ਦਰਬਾਰਾ ਆਪ ਖੁਲ੍ਹਾਇਆ। ਤੂੰ ਸ੍ਰਿਸ਼ਟ ਸਬਾਈ ਪਿਤਾ ਮਾਂ, ਹਉਂ ਸੇਵਕ ਸੇਵ ਕਮਾਇਆ। ਕਵਣ ਵੇਲਾ ਕਰੇਂ ਸਚ ਨਿਆਂ, ਲੱਖ ਚੁਰਾਸੀ ਲਹਿਣਾ ਦੇਣਾ ਦਏ ਚੁਕਾਇਆ। ਕਵਣ ਵਕ਼ਤ ਪਕੜੇ ਬਾਂਹ, ਹਉਂ ਨਿਮਾਣੇ ਨਿਉਂ ਨਿਉਂ ਬੈਠੇ ਸੀਸ ਝੁਕਾਇਆ। ਤੂੰ ਸਾਹਿਬ ਸਦਾ ਸੁਹੇਲਾ ਰੱਖਣੀ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਅੰਤਮ ਕਰਨਾ ਸਚ ਨਿਆਂ, ਅਭੁੱਲ ਅਭੁੱਲ ਆਪ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦਏ ਸਮਝਾਇਆ। ਹਰਿ ਸਮਝਾਏ ਦਇਆ ਕਰ, ਆਦਿ ਪੁਰਖ ਵੱਡੀ ਵਡਿਆਈਆ। ਬ੍ਰਹਮੇ ਵਿਸ਼ਨ ਸ਼ਿਵ ਸੇਵਾ ਕਰ, ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਵੰਡ ਵੰਡਾਈਆ। ਜੁਗਾ ਜੁਗੰਤਰ ਜੋਤ ਧਰ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਪੰਜ ਤਤ ਕਾਇਆ ਚੋਲਾ ਲਏ ਵਰ, ਘਰ ਮੰਦਰ ਬੇਪਰਵਾਹੀਆ। ਸਾਚੇ ਪੌੜੇ ਆਪੇ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਮਾਣਸ ਮਾਨੁਖ ਆਪੇ ਫੜ, ਆਪ ਆਪਣੀ ਬੂਝ ਬੁਝਾਈਆ। ਨਾ ਕੋਈ ਸੀਸ ਨਾ ਕੋਈ ਧੜ, ਚੋਟੀ ਜੜ੍ਹ ਨਾ ਕੋਇ ਵਖਾਈਆ। ਨਾ ਕੋਈ ਵਿਦਿਆ ਰਿਹਾ ਪੜ੍ਹ, ਬ੍ਰਹਮੇ ਵਿਸ਼ਨ ਸ਼ਿਵ ਕਰੇ ਪੜ੍ਹਾਈਆ। ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੋਰ ਨਾ ਕਦੇ ਦਬਾਈਆ। ਹੱਥੋ ਹੱਥ ਨਾ ਸਕੇ ਕੋਈ ਫੜ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਲੱਖ ਚੁਰਾਸੀ ਭਾਂਡੇ ਰਿਹਾ ਘੜ, ਘੜਨਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤਮ ਦਏ ਸਮਝਾਈਆ। ਲੱਖ ਚੁਰਾਸੀ ਵੇਲਾ ਅੰਤਮ ਔਣਾ, ਹਰਿ ਸਾਚੇ ਸਚ ਸਮਝਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਆਪ ਦਵੌਣਾ, ਚਾਰ ਜੁਗ ਗੇੜ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਧਰੌਣਾ, ਨਾਮ ਨਾਮਾ ਆਪ ਉਪਜਾਈਆ। ਚਾਰੇ ਵੇਦਾਂ ਸੰਗ ਰਲੌਦਾ, ਚਾਰੇ ਖਾਣੀ ਵੇਖ ਵਖਾਈਆ। ਉਤਭੁਜ ਸੇਤਜ ਜੇਰਜ ਅੰਡ ਡੇਰਾ ਲੌਣਾ, ਆਪ ਆਪਣੀ ਰਚਨ ਰਚਾਈਆ। ਪਰਾ ਪਸੰਤੀ ਮਧਮ ਬੈਖਰੀ ਆਪੇ ਗੌਣਾ, ਚਾਰੇ ਬਾਣੀ ਕਰੇ ਪੜ੍ਹਾਈਆ। ਚਾਰ ਵਰਨਾਂ ਰੂਪ ਵਟੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੰਗ ਰੰਗਾਈਆ। ਜੁਗ ਜੁਗ ਆਪਣਾ ਵੇਸ ਧਰੌਣਾ, ਨਿਰਗੁਣ ਸਰਗੁਣ ਕਲ ਵਰਤਾਈਆ। ਬਲ ਬਾਵਣ ਹਰਿ ਭੇਵ ਖੁਲ੍ਹੌਣਾ, ਰਾਮ ਰਾਮਾ ਵੱਜੇ ਵਧਾਈਆ। ਲੰਕਾ ਗੜ੍ਹ ਗੜ੍ਹ ਤੁੜੌਣਾ, ਦਹਿਸਿਰ ਦੇਵੇ ਘਾਈਆ। ਭਗਤ ਭਗਵੰਤ ਮੇਲ ਮਿਲੌਣਾ, ਆਤਮ ਬ੍ਰਹਮ ਗਿਆਨ ਦ੍ਰਿੜਾਈਆ। ਸਾਚੇ ਸੰਤਾਂ ਸੰਗ ਰਖੌਣਾ, ਵਿਛੜ ਕਦੇ ਨਾ ਜਾਈਆ। ਗ਼ਰੀਬ ਨਿਮਾਣਿਆਂ ਗਲੇ ਲਗੌਣਾ, ਧੁਰ ਦੀ ਬਾਣੀ ਇਕ ਵਖਾਈਆ। ਜੁਗ ਜੁਗ ਦਾ ਪੰਧ ਮੁਕੌਣਾ, ਆਪਣਾ ਗੇੜਾ ਆਪ ਭਵਾਈਆ। ਹੱਕ ਨਬੇੜਾ ਆਪ ਕਰੌਣਾ, ਆਪ ਆਪਣੀ ਕਲ ਵਰਤਾਈਆ। ਕਾਹਨਾ ਕ੍ਰਿਸ਼ਨਾ ਰੂਪ ਵਟੌਣਾ, ਕਵਲ ਨੈਣ ਨੈਣ ਮਟਕਾਈਆ। ਸੀਸ ਤਾਜ ਇਕ ਸੁਹੌਣਾ, ਸੀਸ ਆਪਣੇ ਆਪ ਉਠਾਈਆ। ਸਾਚੀ ਸਖੀਆਂ ਮੰਗਲ ਗੌਣਾ, ਪੀਆ ਪ੍ਰੀਤਮ ਇਕ ਮਨਾਈਆ। ਰਥ ਰਥਵਾਹੀ ਫੇਰਾ ਪੌਣਾ, ਖੇਵਟ ਖੇਟ ਬਣੇ ਮਲਾਹੀਆ। ਗ਼ਰੀਬ ਨਿਮਾਣੇ ਭਗਤ ਭਗਵੰਤ ਗੋਦ ਬਹੌਣਾ, ਬਿਪਰ ਸੁਦਾਮਾ ਲਏ ਤਰਾਈਆ। ਦਰੋਪਦ ਲਜਿਆ ਆਪ ਰਖੌਣਾ, ਪੰਚਮ ਦੇਵੇ ਮਾਣ ਵਡਿਆਈਆ। ਕਲਜੁਗ ਆਪਣਾ ਗੇੜ ਗੜੌਣਾ, ਈਸਾ ਮੂਸਾ ਬਖ਼ਸ਼ੇ ਸ਼ਹਿਨਸ਼ਾਹੀਆ। ਕਾਲਾ ਸੂਸਾ ਰੰਗ ਰੰਗੌਣਾ, ਏਕਾ ਅਲਫ਼ੀ ਆਪ ਹੰਢਾਈਆ। ਸਚ ਹਦੀਸਾ ਇਕ ਪੜ੍ਹੌਣਾ, ਕਾਇਨਾਤ ਕਰੇ ਪੜ੍ਹਾਈਆ। ਆਬ ਹਯਾਤ ਜਾਮ ਪਿਔਣਾ, ਮਿਲੇ ਮਹਿਬੂਬ ਸਾਚਾ ਮਾਹੀਆ। ਅਜ਼ਮਤੋ ਕਸਮਤੋ ਅfêਵਾ ਅਤਿਲਹੇ ਭੇਵ ਖੁਲ੍ਹੌਣਾ, ਮਹਿਬਾਨ ਬੀਦੋ ਲੇਖਾ ਜਾਣੇ ਧੁਰ ਦਰਗਾਹੀਆ। ਕਲਮਾ ਕਲਮੀ ਆਪ ਪੜ੍ਹੌਣਾ, ਲੇਖਾ ਲਿਖ ਨਾ ਸਕੇ ਕਲਮ ਸ਼ਾਹੀਆ। ਸੰਗ ਮੁਹੰਮਦ ਇਕ ਨਿਭੌਣਾ, ਮੁਖ ਨਕ਼ਾਬ ਦਏ ਚੁਕਾਈਆ। ਅਹਿਬਾਬ ਰਬਾਬ ਇਕ ਵਜੌਣਾ, ਸ਼ਾਹ ਨਵਾਬ ਦਏ ਸਮਝਾਈਆ। ਮੱਕਾ ਕਾਅਬਾ ਭੇਵ ਖੁਲੌਣਾ, ਏਕਾ ਮਕਤਬ ਕਰੇ ਪੜ੍ਹਾਈਆ। ਹੱਕ ਹਕੀਕਤ ਲੇਖ ਲਿਖੌਣਾ, ਲਾਸ਼ਰੀਕ ਇਕ ਖ਼ੁਦਾਈਆ। ਸਾਲਸ ਬਣ ਬਣ ਫੇਰਾ ਪੌਣਾ, ਨੂਰੋ ਨੂਰ ਜਲਵਾ ਇਲਾਹੀਆ। ਆਪਣੀ ਕਲ ਆਪ ਵਰਤੌਣਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਜੋਤ ਜਗੌਣਾ, ਨਾਨਕ ਨਿਰਗੁਣ ਸਰਗੁਣ ਮੇਲ ਮਿਲਾਈਆ। ਸਚਖੰਡ ਦਵਾਰਾ ਇਕ ਸੁਹੌਣਾ, ਨਾਰੀ ਕੰਤ ਵੱਜੀ ਵਧਾਈਆ। ਆਪਣਾ ਘੁੰਘਟ ਆਪ ਉਠੌਣਾ, ਮੁਖ ਨੈਣ ਨੈਣ ਸ਼ਰਮਾਈਆ। ਨੇਤਰ ਲੋਚਨ ਨੈਣਾਂ ਦਰਸ਼ਣ ਪੌਣਾ, ਦਰਸ ਤਰਸ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਜੋਤੀ ਨੂਰ ਨਿਰੰਕਾਰ, ਨਿਰਗੁਣ ਨਾਨਕ ਨਾਉਂ ਧਰਾਇਆ। ਨਾਮ ਸਤਿ ਸਤਿ ਵਪਾਰ, ਸਾਚਾ ਵਣਜ ਕਰਾਇਆ। ਬ੍ਰਹਮ ਮਤ ਪਾਵੇ ਸਾਰ, ਤ੍ਰੈਗੁਣ ਤਤ ਮੇਟ ਮਿਟਾਇਆ। ਧੀਰਜ ਜਤ ਵਿਚ ਸੰਸਾਰ, ਸਤਿ ਸੰਤੋਖ ਦਏ ਦ੍ਰਿੜਾਇਆ। ਮਿਤਗਤ ਜਾਣੇ ਆਪ ਕਰਤਾਰ, ਕਰਤਾ ਪੁਰਖ ਵੇਖ ਵਖਾਇਆ। ਏਕਾ ਜੋਤੀ ਦਸ ਦਸ ਧਾਰ, ਗੋਬਿੰਦ ਸਾਚਾ ਗੜ੍ਹ ਸੁਹਾਇਆ। ਨਾਨਕ ਲੇਖਾ ਲਿਖੇ ਅਪਾਰ, ਨਾ ਕੋਈ ਸਕੇ ਮੇਟ ਮਿਟਾਇਆ। ਗੁਰ ਗੁਰ ਬਾਣੀ ਸ਼ਬਦ ਆਧਾਰ, ਗੁਰ ਕਾ ਰੂਪ ਆਪ ਦਰਸਾਇਆ। ਅੰਮ੍ਰਿਤ ਭਰ ਭਰ ਠੰਡੀ ਠਾਰ, ਭਰ ਪਿਆਲਾ ਜਾਮ ਪਿਆਇਆ। ਗੋਬਿੰਦ ਬੋਲ ਸਚ ਜੈਕਾਰ, ਵਾਹਿਗੁਰੂ ਫ਼ਤਹਿ ਇਕ ਗਜਾਇਆ। ਪੰਚਮ ਮੀਤਾ ਪੰਚਮ ਪਿਆਰ, ਪੰਚਮ ਲੇਖਾ ਦਏ ਸਮਝਾਇਆ। ਪੁਰਖ ਅਬਿਨਾਸ਼ੀ ਸੁੱਤ ਦੁਲਾਰ, ਨਿਰਾਕਾਰ ਇਕ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦੇਵੇ ਵਰ, ਲੇਖਾ ਰਹੇ ਨਾ ਰਾਇਆ। ਕਲਜੁਗ ਵੇਲਾ ਅੰਤਮ ਔਣਾ, ਨੌ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਦਏ ਭਵਾਈਆ। ਨਾਨਕ ਗੋਬਿੰਦ ਜੋਤ ਜਗੌਣਾ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਲੇਖਾ ਆਪ ਸਮਝੌਣਾ, ਲੇਖਾ ਲੇਖੇ ਲਵੇ ਪਾਈਆ। ਲੱਖ ਚੁਰਾਸੀ ਤੇਰਾ ਪੰਧ ਮੁਕੌਣਾ, ਜੋ ਘੜਿਆ ਭੰਨ ਵਖਾਈਆ। ਰਾਏ ਧਰਮ ਆਪ ਉਠੌਣਾ, ਚਿਤਰ ਗੁਪਤ ਸੋਇਆ ਰਹਿਣ ਨਾ ਪਾਈਆ। ਲਾੜੀ ਮੌਤ ਹੁਕਮ ਸੁਣੌਣਾ, ਧੁਰ ਦੀ ਬਾਣ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਇਸ਼ਟ ਦਏ ਸਮਝਾਈਆ। ਬ੍ਰਹਮੇ ਵਿਸ਼ਨ ਸ਼ਿਵ ਹਰਿ ਇਸ਼ਟ ਸਮਝਾਇਆ, ਨਿਰਗੁਣ ਇਕ ਇਸ਼ਟ ਅਖਵਾਇੰਦਾ। ਆਦਿ ਪੁਰਖ ਆਪ ਆਪਣਾ ਆਪ ਉਪਜਾਇਆ, ਦੂਜੀ ਕੁਦਰਤ ਵੇਖ ਵਖਾਇੰਦਾ। ਤੀਜਾ ਨੇਤਰ ਇਕ ਖੁਲ੍ਹਾਇਆ, ਚੌਥੇ ਪਦ ਮੇਲ ਮਿਲਾਇੰਦਾ। ਪੰਚਮ ਢੋਲਾ ਸਾਚਾ ਗਾਇਆ, ਘਰ ਘਰ ਸ਼ਬਦ ਅਨਾਦ ਸੁਣਾਇੰਦਾ। ਛੇਵੇਂ ਛਪਰ ਛੰਨ ਨਾ ਕੋਇ ਵਖਾਇਆ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਤਿ ਪੁਰਖ ਨਿਰੰਜਣ ਨਾਉਂ ਧਰਾਇਆ, ਆਦਿ ਜੁਗਾਦੀ ਵੇਸ ਵਟਾਇੰਦਾ। ਅੱਠਾਂ ਤੱਤਾਂ ਵਿਚ ਕਦੇ ਨਾ ਆਇਆ, ਨੌ ਦਵਾਰੇ ਖੋਜ ਖੋਜਾਇੰਦਾ। ਦਸਮ ਦਵਾਰੀ ਲੋਕਮਾਤ ਵੰਡ ਵੰਡਾਇਆ, ਅਧਵਿਚਕਾਰੇ ਡੇਰਾ ਲਾਇੰਦਾ। ਬ੍ਰਹਮ ਰੂਪ ਸ਼ਾਹੋ ਭੂਪ ਕਰੇ ਰੁਸ਼ਨਾਇਆ, ਈਸ਼ ਜੀਵ ਆਪ ਅਖਵਾਇੰਦਾ। ਜਗਤ ਜਗਦੀਸ ਭੇਵ ਨਾ ਆਇਆ, ਛਤਰ ਸੀਸ ਇਕ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦੇਵੇ ਏਕਾ ਵਰ, ਆਪਣਾ ਲੇਖਾ ਆਪ ਲਖਾਇੰਦਾ। ਬ੍ਰਹਮੇ ਕਰੇ ਸ਼ਬਦ ਜਣਾਈ, ਤ੍ਰੈ ਤ੍ਰੈ ਆਪ ਸਮਝਾਇਆ। ਜੁਗਾ ਜੁਗੰਤਰ ਪੰਧ ਮੁਕਾਈ, ਗੇੜਾ ਗੇੜਾ ਦਏ ਭਵਾਇਆ। ਗੁਰ ਪੀਰ ਅਵਤਾਰ ਸਾਧ ਸੰਤ ਸੇਵਾ ਲਾਈ, ਧੁਰ ਫ਼ਰਮਾਨਾ ਦਏ ਜਣਾਇਆ। ਭਗਤ ਭਗਵੰਤ ਕਰੇ ਕੁੜਮਾਈ, ਆਪ ਆਪਣਾ ਬੰਧਨ ਪਾਇਆ। ਸੰਤ ਕੰਤ ਮਿਲੇ ਚਾਈਂ ਚਾਈਂ, ਸਾਚੀ ਨਾਰੀ ਸੇਜ ਹੰਢਾਇਆ। ਗੁਰਮੁਖ ਵੇਖੇ ਥਾਉਂ ਥਾਈਂ, ਨੌ ਖੰਡ ਪ੍ਰਿਥਮੀ ਫੋਲ ਫੋਲਾਇਆ। ਗੁਰਸਿਖਾਂ ਪਕੜ ਉਠਾਏ ਬਾਂਹੀਂ, ਜੋ ਜਨ ਅੰਤਰ ਆਤਮ ਰਹੇ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਵੇਲਾ ਦਏ ਸਮਝਾਇਆ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚਾ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਜਾਮਾ ਪੌਣਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਨਿਹਕਲੰਕਾ ਨਾਉਂ ਧਰੌਣਾ, ਮਾਤ ਪਿਤ ਨਾ ਕੋਇ ਬਣਾਇੰਦਾ। ਸਾਕ ਸੈਣ ਨਾ ਨਜ਼ਰੀ ਔਣਾ, ਭਾਈ ਭੈਣ ਨਾ ਕੋਇ ਵਖਾਇੰਦਾ। ਮੰਦਰ ਮਸਜਿਦ ਮੱਠ ਨਾ ਡੇਰਾ ਲੌਣਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸੰਬਲ ਨਗਰੀ ਧਾਮ ਸੁਹੌਣਾ, ਗੁਰ ਗੋਬਿੰਦ ਵੇਖ ਵਖਾਇੰਦਾ। ਸਾਢੇ ਤਿੰਨ ਹੱਥ ਬਣਤ ਬਣੌਣਾ, ਸਾਢੇ ਤਿੰਨ ਤਿੰਨ ਮੂਲ ਚੁਕਾਇੰਦਾ। ਰਵਿਦਾਸ ਚੁਮਾਰਾ ਨਾਲ ਰਲੌਣਾ, ਸਾਚੀ ਸੀਆਂ ਵੰਡ ਵਖਾਇੰਦਾ। ਸ਼ਬਦ ਅਨਾਦੀ ਢੋਲਾ ਏਕਾ ਗੌਣਾ, ਚਾਰ ਵਰਨਾਂ ਇਹ ਸਮਝਾਇੰਦਾ। ਪੁਰਖ ਅਕਾਲ ਇਸ਼ਟ ਇਕ ਮਨੌਣਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਕਲਜੁਗ ਕੂੜਾ ਪੰਧ ਮੁਕੌਣਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਤਿਜੁਗ ਸਾਚਾ ਸੁਹਾਗੀ ਛੰਦ ਸੁਣੌਣਾ, ਸੋਹੰ ਢੋਲਾ ਏਕਾ ਗਾਇੰਦਾ। ਗੁਰਮੁਖਾਂ ਪਰਮਾਨੰਦ ਵਖੌਣਾ, ਨਿਜ ਆਤਮ ਮੇਲ ਮਿਲਾਇੰਦਾ। ਅੰਮ੍ਰਿਤ ਜਾਮ ਭਰ ਪਿਔਣਾ, ਕਾਇਆ ਸਰੋਵਰ ਇਕ ਨੁਹਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਗਵੌਣਾ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਡੂੰਘੀ ਕੰਦਰ ਸਚ ਪਰਕਾਸ਼ ਕਰੌਣਾ, ਜੋਤ ਨਿਰੰਜਣ ਆਪ ਜਗਾਇੰਦਾ। ਅਨਹਦ ਸ਼ਬਦ ਤਾਲ ਵਜੌਣਾ, ਤਲਵਾੜਾ ਆਪਣੇ ਹੱਥ ਰਖਾਇੰਦਾ। ਸਾਚੀ ਸਖੀਆਂ ਬਹਿ ਬਹਿ ਮੰਗਲ ਗੌਣਾ, ਗੀਤ ਸੁਹਾਗੀ ਆਪ ਅਲਾਇੰਦਾ। ਬਜਰ ਕਪਾਟੀ ਤੋੜ ਤੁੜੌਣਾ, ਦੂਈ ਦਵੈਤੀ ਪੜਦਾ ਲਾਹਿੰਦਾ। ਸੁਖਮਨ ਅੰਧੇਰ ਆਪ ਗਵੌਣਾ, ਆਪ ਆਪਣਾ ਰੂਪ ਦਰਸਾਇੰਦਾ। ਈੜਾ ਪਿੰਗਲ ਮੁਖ ਸ਼ਰਮੌਣਾ, ਸਤਿਗੁਰ ਪੂਰਾ ਵੇਖ ਵਖਾਇੰਦਾ। ਗੁਰਸਿਖਾਂ ਆਪਣਾ ਪੱਲਾ ਆਪ ਫੜੌਣਾ, ਦੋ ਜਹਾਨਾਂ ਨਾ ਕੋਇ ਤੁੜਾਇੰਦਾ। ਸਾਚੇ ਪੌੜੇ ਆਪ ਚੜ੍ਹੌਣਾ, ਦਸਮ ਦਵਾਰੀ ਕੁੰਡਾ ਲਾਹਿੰਦਾ। ਆਤਮ ਸੇਜਾ ਜੋਤ ਜਗੌਣਾ, ਨੂਰ ਨੁਰਾਨਾ ਡਗਮਗਾਇੰਦਾ। ਨਾਰੀ ਕੰਤ ਇਕ ਮਨੌਣਾ, ਵਿਭਚਾਰ ਨਾ ਕੋਇ ਵਖਾਇੰਦਾ। ਸਚ ਸਵਾਣੀ ਸਾਚੇ ਧਾਮ ਬਹੌਣਾ, ਧੁਰ ਦੀ ਰਾਣੀ ਵੇਖ ਵਖਾਇੰਦਾ। ਸ਼ਬਦ ਹਾਣੀ ਮੇਲ ਮਿਲੌਣਾ, ਵਿਛੜ ਕਦੇ ਨਾ ਜਾਇੰਦਾ। ਧੁਰ ਦੀ ਬਾਣੀ ਸ਼ਬਦ ਸੁਣੌਣਾ, ਬੋਧ ਅਗਾਧ ਅਲਾਇੰਦਾ। ਨਿਜ ਆਤਮ ਨਿਜ ਘਰ ਨਿਜ ਵੇਸ ਕਰੌਣਾ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਕਲਜੁਗ ਵੇਲਾ ਅੰਤ ਸੁਹਾਵਣਾ, ਬ੍ਰਹਮੇ ਵਿਸ਼ਨ ਸ਼ਿਵ ਸਮਝਾਇਆ। ਨਿਹਕਲੰਕ ਜਾਮਾ ਪਾਵਣਾ, ਵੇਦ ਵਿਆਸਾ ਰਿਹਾ ਲਿਖਾਇਆ। ਈਸਾ ਏਕਾ ਅੱਖਰ ਪੜ੍ਹਾਵਣਾ, ਨੂਰੋ ਨੂਰ ਕਰੇ ਰੁਸ਼ਨਾਇਆ। ਨਾਨਕ ਏਕਾ ਰਾਹ ਤਕਾਵਣਾ, ਨਿਹਕਲੰਕੀ ਫੇਰਾ ਪਾਇਆ। ਗੋਬਿੰਦ ਆਪਣੀ ਕਲ ਵਰਤਾਵਣਾ, ਕਲ ਕਲਕੀ ਵੇਸ ਵਟਾਇਆ। ਸੰਬਲ ਨਗਰੀ ਧਾਮ ਸੁਹਾਵਣਾ, ਪੁਰੀ ਘਨਕੀ ਜੋਤ ਜਗਾਇਆ। ਏਕਾ ਡੰਕ ਸ਼ਬਦ ਵਜਾਵਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਏ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਕਲਜੁਗ ਅੰਤਮ ਬਣੇ ਮਲਾਹ, ਸਤਿਜੁਗ ਬੇੜਾ ਦਏ ਚਲਾ, ਏਕਾ ਚੱਪੂ ਨਾਮ ਲਗਾਇਆ। ਸਤਿਜੁਗ ਬੇੜਾ ਆਪ ਚਲਾਵਣਾ, ਸਤਿਗੁਰ ਸਾਚੇ ਹੱਥ ਵਡਿਆਈਆ। ਕਲਜੁਗ ਕੂੜਾ ਕੂੜ ਮਿਟਾਵਣਾ, ਰੈਣ ਅੰਧੇਰੀ ਰਹਿਣ ਨਾ ਪਾਈਆ। ਸਤਿਜੁਗ ਸਾਚਾ ਚੰਦ ਚੜ੍ਹਾਵਣਾ, ਚਾਰ ਕੁੰਟ ਹੋਏ ਰੁਸ਼ਨਾਈਆ। ਕਲਜੁਗ ਕੂੜਾ ਪੰਧ ਮੁਕਾਵਣਾ, ਵੇਲਾ ਅੰਤ ਦਏ ਦੁਹਾਈਆ। ਸਤਿਜੁਗ ਸਾਚਾ ਛੰਦ ਸੁਣਾਵਣਾ, ਸੋਹੰ ਅੱਖਰ ਇਕ ਪੜ੍ਹਾਈਆ। ਕਲਜੁਗ ਭਰਮਾਂ ਕੰਧ ਢਾਹਵਣਾ, ਦੂਈ ਦਵੈਤੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸ਼ਾਹ ਪਾਤਸ਼ਾਹ ਗੁਰ ਸ਼ਬਦ ਇਕ ਬਣਾਈਆ। ਹਰਿ ਪਾਤਸ਼ਾਹ ਸ਼ਾਹ ਸੁਲਤਾਨ, ਤਖ਼ਤ ਨਿਵਾਸੀ ਆਪ ਅਖਵਾਇੰਦਾ। ਲੇਖਾ ਜਾਣੇ ਦੋ ਜਹਾਨ, ਲੋਕਮਾਤ ਵੇਸ ਵਟਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਜੁਗ ਜੁਗ ਆਪਣਾ ਹੁਕਮ ਜਣਾਇੰਦਾ। ਲੇਖਾ ਜਾਣੇ ਸ੍ਰੀ ਭਗਵਾਨ, ਭਗਵਨ ਭਗਤਨ ਆਪਣੇ ਰਾਹ ਚਲਾਇੰਦਾ। ਦਾਤਾ ਦੇਵੇ ਦਾਨੀ ਦਾਨ, ਚਰਨ ਧੂੜ ਇਕ ਅਸ਼ਨਾਨ, ਆਤਮ ਅੰਤਰ ਬ੍ਰਹਮ ਗਿਆਨ, ਮਾਇਆ ਮਮਤਾ ਮੋਹ ਚੁਕਾਇੰਦਾ। ਧਰਮ ਵਖਾਏ ਸਚ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚਖੰਡ ਨਿਵਾਸੀ ਖੋਲ੍ਹ ਦਰ, ਦਰ ਘਰ ਸਾਚਾ ਇਕ ਵਖਾਇੰਦਾ। ਦਰ ਘਰ ਸਾਚਾ ਥਿਰ ਦਰਬਾਰਾ, ਹਰਿ ਸਾਚਾ ਸਚ ਸੁਹਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਫੇਰੀ ਪਾਇੰਦਾ। ਕਲਜੁਗ ਆਈ ਅੰਤਮ ਵਾਰਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸ੍ਰਿਸ਼ਟ ਸਬਾਈ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਸਾਧ ਸੰਤ ਰੋਵਣ ਜ਼ਾਰੋ ਜ਼ਾਰਾ, ਨੇਤਰ ਨੀਰ ਸਰਬ ਵਹਾਇੰਦਾ। ਹਰਿ ਮਿਲੇ ਨਾ ਸਾਚਾ ਕੰਤ ਭਤਾਰਾ, ਸੁੰਞੀ ਸੇਜ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਆਪਣੇ ਹੱਥ ਰਖਾਇੰਦਾ। ਕਲਜੁਗ ਲੇਖਾ ਮੁੱਕਣਾ, ਆਈ ਅੰਤਮ ਵਾਰ। ਲੱਖ ਚੁਰਾਸੀ ਬੂਟਾ ਸੁੱਕਣਾ, ਹਰਿਆ ਹੋਏ ਨਾ ਵਿਚ ਸੰਸਾਰ। ਸ਼ਾਹ ਸੁਲਤਾਨਾਂ ਜੰਗਲ ਜੂਹ ਉਜਾੜ ਬਹਿ ਬਹਿ ਲੁਕਣਾ, ਤਖ਼ਤ ਤਾਜ ਨਾ ਕੋਇ ਸਿਕਦਾਰ। ਉਜਲ ਹੋਏ ਨਾ ਮਾਤ ਮੁਖਣਾ, ਨੌ ਖੰਡ ਹੋਏ ਖ਼ਵਾਰ। ਨਾ ਕੋਈ ਪੂਜਾ ਨਾ ਕੋਈ ਸੁਖਣਾ, ਨਾ ਕੋਈ ਦਿਸੇ ਤਟ ਕਿਨਾਰ। ਸਿੰਘ ਸ਼ੇਰ ਸ਼ਬਦ ਏਕਾ ਬੁੱਕਣਾ, ਆਦਿ ਜੁਗਾਦੀ ਗੁਰ ਅਵਤਾਰ। ਨੌ ਖੰਡ ਪ੍ਰਿਥਮੀ ਪੁਰਖ ਅਬਿਨਾਸ਼ੀ ਅੱਗੇ ਝੁਕਣਾ, ਨਾ ਕੋਈ ਝੱਲੇ ਪਹਿਲਾ ਵਾਰ। ਡੂੰਘੀ ਕੰਦਰ ਕਿਸੇ ਨਾ ਲੁਕਣਾ, ਸਮੁੰਦ ਸਾਗਰ ਪਾਵੇ ਸਾਰ। ਹਰਿ ਕਾ ਤੀਰ ਕਦੇ ਨਾ ਉਕਣਾ, ਨਿਸ਼ਾਨਾ ਮਾਰੇ ਆਪਣੀ ਵਾਰ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਪੈਂਡਾ ਮੁੱਕਣਾ, ਨੌ ਸੌ ਚੁਰਾਨਵੇ ਚੌਕੜੀ ਜੁਗ ਰਿਹਾ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਲੈ ਕਲ ਕਲਕੀ ਅਵਤਾਰ। ਨਿਰਗੁਣ ਸ਼ਬਦ ਅਪਾਰ ਹੈ, ਗੁਰ ਗੁਰ ਰੂਪ ਸਮਾਇਆ। ਜੁਗਾ ਜੁਗੰਤਰ ਸਾਚੀ ਕਾਰ ਹੈ, ਲੋਕਮਾਤ ਵੇਸ ਵਟਾਇਆ। ਗੁਰ ਪੀਰ ਬਣ ਅਵਤਾਰ ਹੈ, ਲੱਖ ਚੁਰਾਸੀ ਦਏ ਸਮਝਾਇਆ। ਸ਼ਬਦ ਅਨਾਦੀ ਬੋਲ ਜੈਕਾਰ ਹੈ, ਬਾਣੀ ਬਾਣ ਦਏ ਲਗਾਇਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ ਹੈ, ਆਦਿ ਜੁਗਾਦੀ ਰਚਨ ਰਚਾਇਆ। ਬੋਧ ਅਗਾਧੀ ਨਾਮ ਧੁਨ ਧੁਨ ਜੈਕਾਰ ਹੈ, ਧੁਰ ਤਰਾਨਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਸ਼ਬਦ ਵਜਾਇਆ। ਡੰਕਾ ਸ਼ਬਦ ਵੱਜਿਆ, ਲੋਆਂ ਪੁਰੀਆਂ ਹੋਇਆ ਜੈਕਾਰ। ਬ੍ਰਹਮਾ ਵਿਸ਼ਨ ਸ਼ਿਵ ਉਠ ਉਠ ਭੱਜਿਆ, ਸੋਇਆ ਦਿਸੇ ਨਾ ਵਿਚ ਸੰਸਾਰ। ਕਵਣ ਕੂਟੇ ਨਿਰਗੁਣ ਰੂਪ ਹੋ ਹੋ ਗੱਜਿਆ, ਨਿਹਕਲੰਕਾ ਲੈ ਅਵਤਾਰ। ਕਵਣ ਮੰਦਰ ਬਹਿ ਬਹਿ ਸਜਿਆ, ਨਿਰਗੁਣ ਜੋਤ ਕਰ ਉਜਿਆਰ। ਕਾਲ ਨਗਾਰਾ ਸਭ ਦੇ ਸਿਰ ਤੇ ਵੱਜਿਆ, ਰਾਏ ਧਰਮ ਉਚੀ ਕੂਕ ਕਰੇ ਪੁਕਾਰ। ਜੋ ਘੜਿਆ ਸੋ ਭੱਜਿਆ, ਥਿਰ ਰਹੇ ਨਾ ਵਿਚ ਸੰਸਾਰ। ਜਨ ਭਗਤਾਂ ਰੱਖੇ ਹਰਿ ਜੂ ਲੱਜਿਆ, ਵੇਲੇ ਅੰਤ ਕਰੇ ਸੰਭਾਲ। ਦੋ ਜਹਾਨਾਂ ਫਿਰੇ ਭੱਜਿਆ, ਚਤੁਰਭੁਜ ਅਸਵ ਅਸਵਾਰ । ਗੁਰਮੁਖਾਂ ਪੜਦਾ ਅੰਤਮ ਕੱਜਿਆ, ਸ਼ਬਦ ਦੋਸ਼ਾਲਾ ਏਕਾ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰਾ ਖੇਲ ਨਿਆਰਾ, ਨਿਰਗੁਣ ਤਤ ਨਾ ਕੋਇ ਵਖਾਇੰਦਾ। ਅਲੱਖ ਅਗੋਚਰ ਸਾਚੀ ਧਾਰਾ, ਧਰਤ ਧਵਲ ਆਪ ਟਿਕਾਇੰਦਾ। ਅਲੱਖ ਨਿਰੰਜਣ ਬੋਲ ਜੈਕਾਰਾ, ਆਪਣੀ ਅਲਖ ਆਪ ਜਗਾਇੰਦਾ। ਸਚਖੰਡ ਸਚ ਸਾਚੀ ਪਾਵੇ ਸਾਰਾ, ਸਾਚੀ ਵਸਤ ਆਪ ਉਠਾਇੰਦਾ। ਥਿਰ ਘਰ ਖੋਲ੍ਹੇ ਬੰਦ ਕਿਵਾੜਾ, ਆਪਣਾ ਪੜਦਾ ਆਪੇ ਲਾਹਿੰਦਾ। ਸੁੰਨ ਅਗੰਮੀ ਪਾਰ ਕਿਨਾਰਾ, ਧੂੰਆਂਧਾਰ ਨਾ ਕੋਇ ਵਖਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਦਸਮ ਦਵਾਰਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮੂਰਤ ਅਕਾਲ ਅਕਾਲ ਮੂਰਤ, ਨਾਦ ਵਜਾਏ ਸਾਚੀ ਤੂਰਤ, ਤੁਰੀਆ ਰਾਗ ਆਪ ਅਲਾਇੰਦਾ। ਤੁਰੀਆ ਰਾਗ ਹਰਿ ਤਰਾਨਾ, ਲਿਖਣ ਪੜ੍ਹਣ ਵਿਚ ਨਾ ਆਈਆ। ਤੁਰੀਆ ਰਾਗ ਅਗੰਮੀ ਗਾਣਾ, ਪੁਰਖ ਅਬਿਨਾਸ਼ੀ ਆਪੇ ਗਾਈਆ। ਤੁਰੀਆ ਰਾਗ ਵਸੇ ਸਚ ਮਕਾਨਾ, ਥਿਰ ਘਰ ਸਾਚੇ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਵਰ, ਘਰ ਮੰਦਰ ਮੇਲ ਮਿਲਾਈਆ। ਘਰ ਮੰਦਰ ਹਰਿ ਗੁਰਸਿਖ ਮੇਲਣਾ, ਕਲਜੁਗ ਤੇਰੀ ਅੰਤਮ ਵਾਰ। ਲੇਖਾ ਚੁੱਕੇ ਗੁਰੂ ਗੁਰ ਚੇਲਣਾ, ਗੁਰ ਚੇਲਾ ਇਕ ਦਵਾਰ। ਪ੍ਰਭ ਮਿਲੇ ਸੱਜਣ ਸੁਹੇਲਣਾ, ਸੰਸਾ ਮੁੱਕੇ ਵਿਚ ਸੰਸਾਰ। ਸਤਿਗੁਰ ਪੂਰਾ ਚਾੜ੍ਹੇ ਤੇਲਨਾ, ਸਗਨ ਮਨਾਏ ਆਪਣੀ ਵਾਰ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਣਾ, ਚਾਰੇ ਵੇਦ ਨਾ ਪਾਇਣ ਸਾਰ। ਗੁਰਸਿਖਾਂ ਗੁਰਮੁਖਾਂ ਲੱਖ ਚੁਰਾਸੀ ਧਰਮ ਰਾਏ ਦੀ ਕੱਟੇ ਜੇਲਣਾ, ਆਵਣ ਜਾਵਣ ਗੇੜ ਨਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਸਾਚਾ ਪਾਰ ਉਤਾਰਨਾ, ਬੇੜਾ ਆਪਣੇ ਕੰਧ ਉਠਾਈਆ। ਮਾਣਸ ਜਨਮ ਪੈਜ ਸੁਆਰਨਾ, ਵੇਲੇ ਅੰਤ ਹੋਏ ਸਹਾਈਆ। ਕਾਗੋਂ ਹੰਸ ਆਪ ਬਣਾਵਣਾ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਦਰਗਹਿ ਸਾਚੀ ਆਪ ਬਹਾਵਣਾ, ਆਪ ਆਪਣੀ ਗੋਦ ਉਠਾਈਆ। ਪਤਤ ਪਾਪੀ ਆਪ ਤਰਾਵਣਾ, ਜੋ ਚਲ ਆਏ ਸਰਨਾਈਆ। ਪੂਰਬ ਲਹਿਣਾ ਆਪ ਚੁਕਾਵਣਾ, ਪਿਛਲਾ ਲੇਖਾ ਰਹਿਣ ਨਾ ਪਾਈਆ। ਅੱਗੇ ਮਾਰਗ ਇਕ ਵਖਾਵਣਾ, ਚਾਰ ਵਰਨ ਬਣਾਏ ਭੈਣਾਂ ਭਾਈਆ। ਅਠਾਰਾਂ ਬਰਨਾਂ ਪੰਧ ਮੁਕਾਵਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਖ਼ਾਕ ਮਿਲਾਵਣਾ, ਸੀਸ ਤਾਜ ਨਾ ਕੋਇ ਟਿਕਾਈਆ। ਊਚਾਂ ਨੀਚਾਂ ਏਕਾ ਧਾਮ ਬਹਾਵਣਾ, ਰਾਓ ਰੰਕਾਂ ਮੇਲ ਮਿਲਾਈਆ। ਸੋਹੰ ਢੋਲਾ ਸ੍ਰਿਸ਼ਟ ਸਬਾਈ ਗਾਵਣਾ, ਬੀਸ ਬੀਸਾ ਕੂਕੇ ਦਏ ਦੁਹਾਈਆ। ਜਗਤ ਜਗਦੀਸਾ ਇਕ ਮਨਾਵਣਾ, ਪੁਰਖ ਅਕਾਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੁਗ ਜੁਗ ਵਿਛੜੇ ਲਏ ਮਿਲਾਈਆ। ਜੁਗ ਜੁਗ ਵਛੋੜਾ ਕੱਟਿਆ, ਕਲਜੁਗ ਤੇਰੀ ਅੰਤਮ ਵਾਰ। ਗੁਰਮੁਖ ਮੇਟੇ ਦੂਈ ਦਵੈਤੀ ਫੱਟਿਆ, ਅੰਮ੍ਰਿਤ ਆਤਮ ਉਪਰ ਡਾਰ। ਚੌਦਾਂ ਲੋਕ ਵਖਾਏ ਏਕਾ ਹੱਟਿਆ, ਗੁਰ ਚਰਨ ਦਵਾਰ ਭਿਖਾਰ। ਲੇਖਾ ਚੁੱਕੇ ਤੀਰਥ ਤਟਿਆ, ਪਾਇਆ ਪੁਰਖ ਇਕ ਨਿਰੰਕਾਰ। ਗੁਰਮੁਖ ਵਿਰਲੇ ਲਾਹਾ, ਖਟਿਆ, ਸ੍ਰਿਸ਼ਟ ਸਬਾਈ ਸੁੱਤੀ ਪੈਰ ਪਸਾਰ। ਕਲਜੁਗ ਸੀਸ ਪਾਵੇ ਘੱਟਿਆ, ਧ੍ਰਿਗ ਜੀਵਣ ਦੱਸੇ ਕਰੇ ਧ੍ਰਿਗ ਧ੍ਰਿਗ ਧ੍ਰਿਗ ਕਾਰ। ਗੁਰਮੁਖ ਦਵਾਰੇ ਆਏ ਨੱਠਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਨਿਰਗੁਣ ਸਰਗੁਣ ਜੋਤ ਧਰ, ਜੋਤੀ ਜਾਮਾ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੇਵੇ ਇਕ ਆਧਾਰ ।